ਇੱਕ ਸਵੇਰ ਇੱਕ ਰੁੱਖ ਦੀ ਛਾਂਵੇਂ ਪਾਟੀ ਚਟਾਈ 'ਤੇ ਇੱਕ ਔਰਤ ਬੈਠੀ ਹੈ, ਜਿਹਦੇ ਵਾਲ਼ ਖਿੰਡੇ ਹਨ ਅਤੇ ਉਹਦਾ ਰੰਗ ਬੱਗਾ-ਪੂਣੀ ਹੈ, ਇਹ ਔਰਤ ਅਨੁ ਹੈ। ਅਨੁ ਕੋਲ਼ੋਂ ਲੰਘ ਰਹੇ ਲੋਕ ਉਨ੍ਹਾਂ ਤੋਂ ਦੂਰੀ ਬਣਾ ਕੇ ਗੱਲ ਕਰਦੇ ਹਨ। ਨੇੜੇ ਹੀ ਡੰਗਰ ਅਰਾਮ ਕਰਦੇ ਹਨ ਅਤੇ ਉਨ੍ਹਾਂ ਦੇ ਪੱਠਿਆਂ ਦੀਆਂ ਪੰਡਾਂ ਧੁੱਪੇ ਸੁੱਕ ਰਹੀਆਂ ਹਨ।

''ਇੱਥੋਂ ਤੱਕ ਕਿ ਜਦੋਂ ਮੀਂਹ ਪੈਂਦਾ ਹੈ, ਮੈਂ ਛੱਤਰੀ ਖੋਲ੍ਹ ਲੈਂਦੀ ਹਾਂ ਪਰ ਰੁੱਖ ਹੇਠਾਂ ਹੀ ਬੈਠੀ ਰਹਿੰਦੀ ਹਾਂ ਅਤੇ ਆਪਣੇ ਘਰ ਦੇ ਅੰਦਰ ਨਹੀਂ ਜਾਂਦੀ। ਮੇਰਾ ਪਰਛਾਵਾਂ ਵੀ ਕਿਸੇ 'ਤੇ ਨਹੀਂ ਪੈਣਾ ਚਾਹੀਦਾ। ਅਸੀਂ ਆਪਣੇ ਦੇਵਤਾ ਦਾ ਗੁੱਸਾ ਝੱਲ ਨਹੀਂ ਸਕਦੇ,'' ਅਨੁ ਕਹਿੰਦੀ ਹਨ।

ਜਦੋਂ ਮਾਹਵਾਰੀ ਸ਼ੁਰੂ ਹੁੰਦੀ ਹੈ ਤਾਂ ਮਹੀਨੇ ਦੇ ਤਿੰਨ ਦਿਨਾਂ ਤੱਕ ਉਨ੍ਹਾਂ ਦੇ ਘਰ ਤੋਂ ਕਰੀਬ 100 ਮੀਟਰ ਦੂਰ ਇੱਕ ਖੁੱਲ੍ਹੇ ਮੈਦਾਨ ਵਿੱਚ ਉੱਗਿਆ ਇਹ ਰੁੱਖ ਹੀ ਉਨ੍ਹਾਂ 'ਘਰ' ਹੁੰਦਾ ਹੈ।

''ਮੇਰੀ ਧੀ ਮੇਰੇ ਲਈ ਭੋਜਨ ਦੀ ਪਲੇਟ ਲਿਆਉਂਦੀ ਹੈ,'' ਅਨੁ (ਬਦਲਿਆ ਨਾਮ) ਅੱਗੇ ਕਹਿੰਦੀ ਹਨ। ਉਹ ਆਪਣੇ ਇਨ੍ਹਾਂ ਇਕਾਂਤਵਾਸ ਦੇ ਦਿਨਾਂ ਵਾਸਤੇ ਵੱਖਰੇ ਭਾਂਡੇ ਵਰਤਦੀ ਹਨ। ''ਇੰਝ ਬਿਲਕੁਲ ਨਹੀਂ ਹੈ ਕਿ ਮੈਂ ਇੱਥੇ ਮਜ਼ੇ ਨਾਲ਼ ਅਰਾਮ ਕਰਦੀ ਹਾਂ। ਮੈਂ ਘਰੇ ਰਹਿ ਕੇ ਕੰਮ ਕਰਨਾ ਚਾਹੁੰਦੀ ਹਾਂ ਪਰ ਇੱਥੇ ਰਹਿਣਾ ਸੱਭਿਆਚਰ ਪ੍ਰਤੀ ਸਾਡੇ ਆਦਰ ਦੀ ਨਿਸ਼ਾਨੀ ਹੈ। ਇੱਥੋਂ ਤੱਕ ਕਿ ਮੈਂ ਆਪਣੇ ਖੇਤਾਂ ਵਿੱਚ ਕੰਮ ਕਰਨਾ ਵੀ ਬੰਦ ਕੀਤਾ ਹੈ ਭਾਵੇਂ ਕਿ ਅਜੇ ਬਹੁਤ ਕੰਮ ਕਰਨਾ ਬਾਕੀ ਹੈ।'' ਅਨੁ ਦਾ ਪਰਿਵਾਰ ਆਪਣੇ ਡੇਢ ਏਕੜ ਦੀ ਪੈਲੀ ਵਿੱਚ ਰਾਗੀ ਦੀ ਕਾਸ਼ਤ ਕਰਦਾ ਹੈ।

ਹਾਲਾਂਕਿ ਆਪਣੇ ਇਕਾਂਤਵਾਸ ਦੇ ਇਨ੍ਹਾਂ ਦਿਨਾਂ ਦੌਰਾਨ, ਇਸ ਦਸਤੂਰ ਨੂੰ ਨਿਭਾਉਣ ਵਿੱਚ ਅਨੁ ਇਕੱਲੀ ਨਹੀਂ ਹਨ। ਉਨ੍ਹਾਂ ਦੀਆਂ ਦੋ ਧੀਆਂ ਉਮਰ 19 ਸਾਲ ਅਤੇ 17 ਸਾਲ ਵੀ ਇਹੀ ਦਸਤੂਰ ਨਿਭਾਉਂਦੀਆਂ ਹਨ (ਅਨੁ ਦੀ 21 ਸਾਲਾ ਇੱਕ ਧੀ ਵਿਆਹੀ ਹੋਈ ਹੈ)। ਉਨ੍ਹਾਂ ਦੀ ਬਸਤੀ ਦੇ ਕਰੀਬ 25 ਪਰਿਵਾਰਾਂ ਦੀਆਂ ਕਾਡੂਗੋਲਾ ਭਾਈਚਾਰੇ ਨਾਲ਼ ਸਬੰਧ ਰੱਖਣ ਵਾਲ਼ੀਆਂ ਸਾਰੀਆਂ ਔਰਤਾਂ ਲਈ ਇਸੇ ਤਰ੍ਹਾਂ ਵੱਖਰੇ ਰਹਿਣਾ ਲਾਜ਼ਮੀ ਹੈ।

ਬੱਚੇ ਨੂੰ ਜਨਮ ਦੇਣ ਵਾਲ਼ੀਆਂ ਔਰਤਾਂ ਵੀ ਕਈ ਪਾਬੰਦੀਆਂ ਦਾ ਸਾਹਮਣਾ ਕਰਦੀਆਂ ਹਨ। ਜਿਸ ਰੁੱਖ ਹੇਠਾਂ ਅਨੁ ਨੇ ਆਸਰਾ ਲਿਆ ਹੈ ਉਹਦੇ ਆਸ-ਪਾਸ ਛੇ ਹੋਰ ਝੌਂਪੜੀਆਂ, ਜੋ ਇੱਕ ਦੂਜੇ ਤੋਂ ਥੋੜ੍ਹੀ ਵਿੱਥ 'ਤੇ ਹਨ, ਇਹ ਝੌਂਪੜੀਆਂ ਹੀ ਇਨ੍ਹਾਂ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਵਾਸਤੇ ਘਰ ਹਨ। ਬਾਕੀ ਸਮੇਂ ਇਹ ਝੌਂਪੜੀਆਂ ਖਾਲੀ ਰਹਿੰਦੀਆਂ ਹਨ। ਮਾਹਵਾਰੀ ਵਾਲ਼ੀਆਂ ਔਰਤਾਂ ਕੋਲ਼ੋਂ ਰੁੱਖਾਂ ਹੇਠ ਸਮਾਂ ਬਿਤਾਉਣ ਦੀ ਉਮੀਦ ਕੀਤੀ ਜਾਂਦੀ ਹੈ।

The tree and thatched hut in a secluded area in Aralalasandra where Anu stays during three days of her periods
PHOTO • Tamanna Naseer

ਰੁੱਖ ਹੇਠਾਂ ਵਿਛੀ ਇਹ ਚਟਾਈ ਮਹੀਨੇ ਦੇ ਤਿੰਨ ਦਿਨ ਅਨੁ ਦੀ ਠ੍ਹਾਰ ਹੁੰਦੀ ਹੈ ਅਤੇ ਨੇੜਲੀਆਂ ਝੌਂਪੜੀਆਂ ਔਰਤਾਂ ਅਤੇ ਉਨ੍ਹਾਂ ਨੇ ਨਵਜੰਮਿਆ ਲਈ ਘਰ ਹੁੰਦੀਆਂ ਹਨ

ਝੌਂਪੜੀਆਂ ਅਤੇ ਰੁੱਖਾਂ ਦਾ ਇਹ ਝੁੰਡ ਬਸਤੀ ਦੇ 'ਪਿਛਲੇ' ਪਾਸੇ ਸਥਿਤ ਹੈ, ਜੋ ਕਿ ਅਰਲਾਸੰਦਰਾ ਦੇ ਉੱਤਰ ਵੱਲ, ਕਰਨਾਟਕ ਦੇ ਰਮਾਨਾਗਰਾ ਜਿਲ੍ਹੇ ਦੇ ਚੰਨਾਪਟਨਾ ਤਾਲੁਕਾ ਵਿੱਚ ਸਥਿਤ ਇੱਕ ਪਿੰਡ ਹੈ ਜਿਹਦੀ ਆਬਾਦੀ 1070 (ਮਰਦਮਸ਼ੁਮਾਰੀ 2011) ਹੈ।

ਮਾਹਵਾਰੀ ਵਾਲ਼ੀਆਂ ਔਰਤਾਂ ਆਪਣੇ 'ਇਕਾਂਤਵਾਸ' ਮੌਕੇ ਆਪਣੀਆਂ ਨਿੱਜੀ ਲੋੜਾਂ ਲਈ ਝਾੜੀਆਂ ਜਾਂ ਖਾਲੀ ਪਈਆਂ ਝੌਂਪੜੀਆਂ ਦੀ ਵਰਤੋਂ ਕਰਦੀਆਂ ਹਨ। ਪਾਣੀ ਪਰਿਵਾਰ ਜਾਂ ਗੁਆਂਢੀਆਂ ਦੁਆਰਾ ਪੀਪਿਆਂ ਅਤੇ ਬਾਲਟੀਆਂ ਵਿੱਚ ਉਪਲਬਧ ਕਰਾਇਆ ਜਾਂਦਾ ਹੈ।

ਜਣੇਪੇ ਵਾਲ਼ੀਆਂ ਇਨ੍ਹਾਂ ਔਰਤਾਂ ਨੂੰ ਘੱਟੋ-ਘੱਟ ਇੱਕ ਮਹੀਨਾ ਇਨ੍ਹਾਂ ਝੌਂਪੜੀਆਂ ਵਿੱਚ ਬਿਤਾਉਣਾ ਪੈਂਦਾ ਹੈ। ਇਨ੍ਹਾਂ ਔਰਤਾਂ ਵਿੱਚੋਂ ਹੀ ਇੱਕ ਹੈ ਪੂਜਾ (ਅਸਲੀ ਨਾਮ ਨਹੀਂ), ਜੋ ਇੱਕ ਘਰੇਲੂ ਔਰਤ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ 19ਵੇਂ ਸਾਲ ਵਿੱਚ ਹੋਏ ਵਿਆਹ ਤੋਂ ਬਾਅਦ ਬੀ.ਕਾਮ ਦੀ ਡਿਗਰੀ ਮਿਲ਼ੀ। ਉਨ੍ਹਾਂ ਨੂੰ ਫਰਵਰੀ 2021 ਵਿੱਚ ਬੰਗਲੁਰੂ ਦੇ ਨਿੱਜੀ ਹਸਪਤਾਲ ਅੰਦਰ ਬੱਚਾ ਪੈਦਾ ਹੋਇਆ, ਜੋ ਕਰੀਬ 70 ਕਿਲੋਮੀਟਰ ਦੂਰ ਹੈ। ''ਮੇਰਾ ਓਪਰੇਸ਼ਨ (ਸੀ-ਸੈਕਸ਼ਨ) ਹੋਇਆ। ਮੇਰਾ ਸਹੁਰਾ ਪਰਿਵਾਰ ਅਤੇ ਮੇਰੇ ਪਤੀ ਹਸਪਤਾਲ ਆਏ, ਪਰ ਸਾਡੀਆਂ ਮਾਨਤਾਵਾਂ ਦੇ ਮੁਤਾਬਕ ਉਹ ਇੱਕ ਮਹੀਨੇ ਤੱਕ ਬੱਚੇ ਨੂੰ ਛੂਹ ਨਹੀਂ ਸਕਦੇ। ਆਪਣੇ ਮਾਪਿਆਂ ਦੇ ਪਿੰਡ (ਅਰਲਾਸੰਦਰਾ ਦੀ ਕਾਡੂਗੋਲਾ ਬਸਤੀ; ਉਹ ਅਤੇ ਉਨ੍ਹਾਂ ਦੇ ਪਤੀ ਇਸੇ ਜਿਲ੍ਹੇ ਵਿੱਚ ਕਿਸੇ ਹੋਰ ਪਿੰਡ ਪਿੰਡ ਰਹਿੰਦੇ ਹਨ) ਮੁੜਨ ਤੋਂ ਬਾਅਦ, ਮੈਂ ਇੱਕ ਝੌਂਪੜੀ ਵਿੱਚ ਕਰੀਬ 15 ਦਿਨ ਰਹੀ। ਫਿਰ ਮੈਂ ਇਸ ਝੌਂਪੜੀ ਵਿੱਚ ਆ ਗਈ,'' ਪੂਜਾ ਆਪਣੇ ਮਾਪਿਆਂ ਦੇ ਘਰ ਦੇ ਐਨ ਸਾਹਮਣੇ ਬਣੀ ਝੌਂਪੜੀ ਵੱਲ ਇਸ਼ਾਰਾ ਕਰਦਿਆਂ  ਕਹਿੰਦੀ ਹਨ। ਉਹ ਆਪਣੇ 30 ਦਿਨਾਂ ਦਾ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਆਪਣੇ ਬੱਚੇ ਦੇ ਨਾਲ਼ ਆਪਣੇ ਘਰ ਚਲੀ ਗਈ।

ਜਿਵੇਂ ਹੀ ਉਹ ਗੱਲ ਸ਼ੁਰੂ ਕਰਦੀ, ਉਨ੍ਹਾਂ ਦਾ ਬੱਚਾ ਰੋਣਾ ਸ਼ੁਰੂ ਕਰ ਦਿੰਦਾ। ਉਹ ਬੱਚੇ ਨੂੰ ਆਪਣੀ ਮਾਂ ਦੀ ਸਾੜੀ ਤੋਂ ਬਣਾਈ ਝੱਲੀ ਵਿੱਚ ਪਾ ਦਿੰਦੀ। ''ਪੂਜਾ ਇਸ ਬੀਆਬਾਨ ਝੌਂਪੜੀ ਵਿੱਚ 15 ਦਿਨ ਰੁਕੀ। ਆਪਣੇ ਪਿੰਡ ਵਿੱਚ, ਅਸੀਂ ਥੋੜ੍ਹੇ ਉਦਾਰ ਬਣ ਗਏ ਹਾਂ। ਕਾਡੂਗੋਲਾ ਦੇ ਹੋਰਨਾਂ ਪਿੰਡਾਂ ਵਿੱਚ, ਜਣੇਪੇ ਤੋਂ ਬਾਅਦ ਮਾਂ ਨੂੰ ਆਪਣੇ ਬੱਚੇ ਦੇ ਨਾਲ਼ 2 ਮਹੀਨਿਆਂ ਤੋਂ ਵੱਧ ਸਮਾਂ ਝੌਂਪੜੀ ਵਿੱਚ ਗੁਜਾਰਨਾ ਪੈਂਦਾ ਹੈ,'' ਪੂਜਾ ਦੀ ਮਾਂ ਗੰਗਅੰਮਾ ਕਹਿੰਦੀ ਹਨ, ਜੋ ਆਪਣੀ ਉਮਰ ਦੇ 40ਵੇਂ ਸਾਲ ਵਿੱਚ ਹਨ। ਪਰਿਵਾਰ ਭੇਡਾਂ ਪਾਲਦਾ ਹੈ ਅਤੇ ਆਪਣੀ ਇੱਕ ਏਕੜ ਦੀ ਪੈਲ਼ੀ ਵਿੱਚ ਅੰਬ ਅਤੇ ਰਾਗੀ ਉਗਾਉਂਦਾ ਹੈ।

ਪੂਜਾ ਆਪਣੀ ਮਾਂ ਦੀ ਗੱਲ ਸੁਣਦੀ ਹੈ, ਉਨ੍ਹਾਂ ਦਾ ਬੱਚਾ ਝੱਲੀ ਵਿੱਚ ਸੌਂ ਗਿਆ ਹੈ। ''ਮੈਨੂੰ ਕੋਈ ਦਿੱਕਤ ਨਹੀਂ ਪੇਸ਼ ਨਹੀਂ ਆਈ। ਮੇਰੀ ਮਾਂ ਮੇਰੀ ਰਹਿਨੁਮਾਈ ਕਰਦੀ ਹੈ। ਬਾਹਰ ਬਹੁਤ ਗਰਮੀ ਹੈ,'' ਉਹ ਕਹਿੰਦੀ ਹਨ। 22 ਸਾਲਾ ਪੂਜਾ ਹੁਣ ਆਪਣੀ ਐੱਮ.ਕਾਮ ਡਿਗਰੀ ਦੀ ਪੜ੍ਹਾਈ ਕਰਨਾ ਚਾਹੁੰਦੀ ਹਨ। ਉਨ੍ਹਾਂ ਦੇ ਪਤੀ ਬੰਗਲੁਰੂ ਦੇ ਨਿੱਜੀ ਕਾਲਜ ਵਿੱਚ ਬਤੌਰ ਅਟੈਂਡੰਟ ਕੰਮ ਕਰਦੇ ਹਨ। ''ਉਹ ਵੀ ਚਾਹੁੰਦੇ ਹਨ ਕਿ ਮੈਂ ਇਸ ਪ੍ਰਥਾ ਦਾ ਪਾਲਣ ਕਰਾਂ,'' ਉਹ ਕਹਿੰਦੀ ਹਨ। ''ਹਰ ਕੋਈ ਮੇਰੇ ਤੋਂ ਇਹੀ ਉਮੀਦ ਕਰਦਾ ਹੈ। ਮੈਂ ਇੱਥੇ ਰਹਿਣਾ ਨਹੀਂ ਚਾਹੁੰਦੀ। ਪਰ ਇਹਦੇ ਖਿਲਾਫ਼ ਮੈਂ ਲੜੀ ਨਹੀਂ। ਬੱਸ ਇਸੇ ਤਰ੍ਹਾਂ ਸਾਡੇ ਤੋਂ ਚੁੱਪ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।''

*****

ਇਹ ਪ੍ਰਥਾ ਹੋਰਨਾਂ ਕਾਡੂਗੋਲਾ ਬਸਤੀਆਂ ਵਿੱਚ ਵੀ ਨਿਭਾਈ ਜਾਂਦੀ ਹੈ- ਇਨ੍ਹਾਂ ਢਾਣੀਆਂ ਨੂੰ ਸਥਾਨਕ ਤੌਰ 'ਤੇ ਗੋਲਾਰਾਡੌਡੀ ਜਾਂ ਗੋਲਾਰਾਹੱਟੀ ਕਿਹਾ ਜਾਂਦਾ ਹੈ। ਇਤਿਹਾਸ 'ਤੇ ਝਾਤ ਮਾਰੀਏ ਤਾਂ ਕਾਡੂਗੋਲਾ ਭਾਈਚਾਰਾ ਖਾਨਾਬਦੋਸ਼ ਆਜੜੀ ਹਨ ਜੋ ਕਰਨਾਟਕ ਵਿੱਚ ਓਬੀਸੀ ਸ਼੍ਰੇਣੀ ਵਜੋਂ ਸੂਚੀਬੱਧ (ਹਾਲਾਂਕਿ ਉਹ ਪਿਛੜੇ ਕਬੀਲੇ ਵਜੋਂ ਸ਼੍ਰੇਣੀਗਤ ਹੋਣ ਦੀ ਮੰਗ ਕਰਦੇ ਰਹੇ ਹਨ) ਹਨ। ਕਰਨਾਟਕ ਅੰਦਰ ਇਨ੍ਹਾਂ ਦੀ ਗਿਣਤੀ ਸੰਭਾਵਤ 300,000 (ਪਿਛੜਾ ਵਰਗ ਕਲਿਆਣ ਵਿਭਾਗ, ਰਾਮਾਨਗਰ ਦੇ ਡਿਪਟੀ ਡਾਇਰੈਕਟਰ, ਪੀ.ਬੀ. ਬਾਸਾਵਾਰਾਜੂ ਦੇ ਅੰਦਾਜੇ ਮੁਤਾਬਕ) ਤੋਂ 10 ਲੱਖ (ਕਰਨਾਟਕਾ ਦੇ ਪਿਛੜੇ ਵਰਗ ਕਮਿਸ਼ਨ ਦੇ ਸਾਬਕਾ ਮੈਂਬਰ ਦੇ ਮੁਤਾਬਕ, ਜੋ ਆਪਣਾ ਨਾਮ ਦੇਣਾ ਨਹੀਂ ਚਾਹੁੰਦੇ) ਹੈ। ਬਾਸਾਵਾਰਾਜੂ ਕਹਿੰਦੇ ਹਨ ਕਿ ਇਹ ਭਾਈਚਾਰਾ ਖਾਸ ਕਰਕੇ ਸੂਬੇ ਦੇ ਦੱਖਣ ਅਤੇ ਵਿਚਕਾਰਲੇ 10 ਜਿਲ੍ਹਿਆਂ ਵਿੱਚ ਰਹਿੰਦਾ ਹੈ।

Left: This shack right in front of Pooja’s house is her home for 15 days along with her newborn baby. Right: Gangamma says, 'In our village, we have become lenient. In other [Kadugolla] villages, after delivery, a mother has to stay in a hut with the baby for more than two months'
PHOTO • Tamanna Naseer
Left: This shack right in front of Pooja’s house is her home for 15 days along with her newborn baby. Right: Gangamma says, 'In our village, we have become lenient. In other [Kadugolla] villages, after delivery, a mother has to stay in a hut with the baby for more than two months'
PHOTO • Tamanna Naseer

ਖੱਬੇ : ਪੂਜਾ ਦੇ ਘਰ ਦੇ ਐਨ ਸਾਹਮਣੇ ਇਹ ਝੌਂਪੜੀ ਜਿੱਥੇ ਉਹ ਆਪਣੇ ਬੱਚੇ ਦੇ ਨਾਲ਼ 15 ਦਿਨਾਂ ਤੱਕ ਰਹੀ। ਸੱਜੇ : ਗੰਗਅੰਮਾ ਕਹਿੰਦੀ, ' ਸਾਡੇ ਪਿੰਡ ਵਿੱਚ, ਅਸੀਂ ਥੋੜ੍ਹੇ ਉਦਾਰ ਹੋ ਗਏ ਹਾਂ। ਹੋਰਨਾਂ ਪਿੰਡਾਂ (ਕਾਡੂਗੋਲਾ) ਵਿੱਚ ਪ੍ਰਸਵ ਤੋਂ ਬਾਅਦ ਇੱਕ ਮਾਂ ਨੂੰ ਇਸ ਝੌਂਪੜੀ ਵਿੱਚ ਆਪਣੇ ਬੱਚੇ ਨਾਲ਼ 2 ਮਹੀਨਿਆਂ ਤੋਂ ਵੱਧ ਰਹਿਣਾ ਪੈਂਦਾ ਹੈ '

ਪੂਜਾ ਦੀ ਝੌਂਪੜੀ ਤੋਂ ਕਰੀਬ 75 ਕਿਲੋਮੀਟਰ ਦੂਰ, ਤੁਮਕੁਰ ਜਿਲ੍ਹੇ ਦੇ ਡੀ.ਹੋਸਾਹੱਲੀ ਪਿੰਡ ਦੀ ਕਾਡੂਗੋਲਾ ਬਸਤੀ ਵਿੱਚ ਜਯਅੰਮਾ ਵੀ ਆਪਣੇ ਘਰ ਦੇ ਐਨ ਸਾਹਮਣੇ ਸੜਕੋਂ ਪਾਰ ਇੱਕ ਰੁੱਖ ਹੇਠਾਂ ਦੁਪਹਿਰ ਦਾ ਅਰਾਮ ਕਰ ਰਹੀ ਹਨ। ਇਹ ਉਨ੍ਹਾਂ ਦੇ ਮਾਹਵਾਰੀ ਦਾ ਪਹਿਲਾ ਦਿਨ ਹੈ। ਉਨ੍ਹਾਂ ਦੇ ਐਨ ਪਿੱਛੇ ਕਰਕੇ ਇੱਕ ਤੰਗ ਜਿਹਾ ਨਾਲ਼ਾ ਵਹਿ ਰਿਹਾ ਹੈ ਅਤੇ ਉਨ੍ਹਾਂ ਦੇ ਸਾਹਮਣੇ ਭੁੰਜੇ ਹੀ ਸਟੀਲ ਦੀ ਪਲੇਟ ਅਤੇ ਗਲਾਸ ਪਏ ਹਨ। ਉਹ ਹਰ ਮਹੀਨੇ ਤਿੰਨ ਰਾਤਾਂ ਰੁੱਖ ਹੇਠਾਂ ਹੀ ਸੌਂਦੀ ਹਨ- ਭਾਵੇਂ ਮੀਂਹ ਹੀ ਕਿਉਂ ਨਾ ਪੈਂਦਾ ਹੋਵੇ, ਫਿਰ ਵੀ ਉਹ ਮਜ਼ਬੂਰ ਹਨ। ਉਨ੍ਹਾਂ ਦੇ ਘਰ ਰਸੋਈ ਦੇ ਸਾਰੇ ਕੰਮ ਵਿਚਾਲੇ ਰੁਕੇ ਹੋਏ ਹਨ, ਪਰ ਅਜੇ ਵੀ ਉਹ ਆਪਣੇ ਪਰਿਵਾਰ ਦੀਆਂ ਭੇਡਾਂ ਨੂੰ ਖੁੱਲ੍ਹੇ ਮੈਦਾਨ ਵਿੱਚ ਚਰਾਉਣ ਲਿਜਾਂਦੀ ਹਨ।

''ਘਰੋਂ ਬਾਹਰ ਕੌਣ ਸੌਣਾ ਚਾਹੇਗਾ?'' ਉਹ ਪੁੱਛਦੀ ਹਨ। ''ਪਰ ਹਰ ਕੋਈ ਇੰਝ ਹੀ ਕਰਦਾ ਹੈ ਕਿਉਂਕਿ ਦੇਵਤਾ (ਕਾਡੂਗੋਲਾ ਕ੍ਰਿਸ਼ਨ ਭਗਵਾਨ ਨੂੰ ਮੰਨਦੇ ਹਨ) ਚਾਹੁੰਦਾ ਹੈ ਕਿ ਅਸੀਂ ਇੰਝ ਕਰੀਏ,'' ਉਹ ਕਹਿੰਦੀ ਹਨ। ''ਕੱਲ੍ਹ ਮੈਂ ਤਰਪਾਲ ਬੰਨ੍ਹੀ ਅਤੇ ਮੀਂਹ ਤੋਂ ਬਚਾਅ ਕਰਕੇ ਬੈਠੀ ਰਹੀ।''

ਜਯਅੰਮਾ ਅਤੇ ਉਨ੍ਹਾਂ ਦੇ ਪਤੀ ਦੋਵੇਂ ਭੇਡਾਂ ਪਾਲ਼ਦੇ ਹਨ। ਉਨ੍ਹਾਂ ਦੇ ਦੋਵੇਂ ਪੁੱਤਰ ਜਿਨ੍ਹਾਂ ਦੀ ਉਮਰ 20 ਸਾਲ ਹੈ, ਬੰਗਲੁਰੂ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ''ਜਦੋਂ ਕਦੇ ਵੀ ਉਨ੍ਹਾਂ ਦੇ ਵਿਆਹ ਹੋਏ ਤਾਂ ਉਨ੍ਹਾਂ ਦੀਆਂ ਪਤਨੀਆਂ ਨੂੰ ਵੀ ਆਪਣੀ ਮਾਹਵਾਰੀ ਮੌਕੇ ਇੰਝ ਹੀ ਬਾਹਰ ਬੈਠੇ ਰਹਿਣਾ ਪਵੇਗਾ ਕਿਉਂਕਿ ਇਹ ਸਦਾ ਤੋਂ ਇਸ ਪ੍ਰਥਾ ਨੂੰ ਮੰਨਦੇ ਆਏ ਹਨ,'' ਉਹ ਕਹਿੰਦੀ ਹਨ। ''ਸਿਰਫ਼ ਮੇਰੇ ਨਾ ਮੰਨਣ ਨਾਲ਼ ਚੀਜ਼ਾਂ ਨਹੀਂ ਬਦਲਣਗੀਆਂ । ਜਦੋਂ ਮੇਰੇ ਪਤੀ ਜਾਂ ਪਿੰਡ ਦੇ ਹੋਰ ਲੋਕ ਇਸ ਪ੍ਰਥਾ ਨੂੰ ਰੋਕਣ ਲਈ ਸਹਿਮਤ ਹੋਏ, ਉਦੋਂ ਹੀ ਮੈਂ ਉਨ੍ਹਾਂ ਦਿਨਾਂ ਵਿੱਚ ਆਪਣੇ ਘਰ ਅੰਦਰ ਰਹਿਣਾ ਸ਼ੁਰੂ ਕਰ ਦਿਆਂਗੀ।''

ਕੁਨੀਗਲ ਤਾਲੁਕਾ ਦੇ ਡੀ.ਹੋਸਾਹੱਲੀ ਪਿੰਡ ਦੀ ਕਾਡੂਗੋਲਾ ਬਸਤੀ ਦੀਆਂ ਹੋਰ ਔਰਤਾਂ ਵੀ ਇਸੇ ਤਰ੍ਹਾਂ ਕਰਦੀਆਂ ਹਨ। ''ਮੇਰੇ ਪਿੰਡ ਵਿੱਚ, ਔਰਤਾਂ ਆਪਣੀ ਮਾਹਵਾਰੀ ਦੀਆਂ ਪਹਿਲੀਆਂ ਤਿੰਨ ਰਾਤਾਂ ਘਰੋਂ ਬਾਹਰ ਰਹਿੰਦੀਆਂ ਹਨ ਅਤੇ ਚੌਥੀ ਸਵੇਰ ਉਹ ਘਰ ਮੁੜ ਆਉਂਦੀਆਂ ਹਨ,'' 35 ਸਾਲਾ ਲੀਲਾ ਐੱਮ.ਐੱਨ. (ਅਸਲੀ ਨਾਮ ਨਹੀਂ) ਕਹਿੰਦੀ ਹਨ ਜੋ ਸਥਾਨਕ ਆਂਗਨਵਾੜੀ ਵਰਕਰ ਹੈ। ਉਹ ਵੀ ਮਾਹਵਾਰੀ ਦੌਰਾਨ ਘਰੋਂ ਬਾਹਰ ਹੀ ਰਹਿੰਦੀ ਹਨ। ''ਇਹ ਇੱਕ ਆਦਤ ਬਣ ਗਈ ਹੈ। ਕੋਈ ਵੀ ਦੇਵਤੇ ਦੇ ਡਰੋਂ ਇਸ ਪ੍ਰਥਾ ਨੂੰ ਛੱਡਣਾ ਨਹੀਂ ਚਾਹੁੰਦਾ,'' ਉਹ ਅੱਗੇ ਕਹਿੰਦੀ ਹਨ। ''ਰਾਤ ਵੇਲ਼ੇ ਘਰ ਦਾ ਇੱਕ ਪੁਰਸ਼- ਭਰਾ, ਦਾਦਾ ਜਾਂ ਪਤੀ ਵਿੱਚੋਂ ਕੋਈ ਇੱਕ ਘਰ ਦੇ ਅੰਦਰੋਂ ਹੀ ਉਨ੍ਹਾਂ ਦਾ ਧਿਆਨ ਰੱਖਦਾ ਹੈ ਜਾਂ ਥੋੜ੍ਹੀ ਵਿੱਥ ਬਰਕਰਾਰ ਰੱਖ ਕੇ ਬਾਹਰ ਰੁੱਕਦਾ ਹੈ,'' ਲੀਲਾ ਕਹਿੰਦੀ ਹਨ। ''ਚੌਥੇ ਦਿਨ, ਜੇਕਰ ਕਿਸੇ ਔਰਤ ਨੂੰ ਅਜੇ ਵੀ ਲਹੂ ਵਹਿ ਰਿਹਾ ਹੋਵੇ ਤਾਂ ਉਹ ਘਰ ਦੇ ਅੰਦਰ ਜਾ ਕੇ ਵੀ ਪਰਿਵਾਰ ਦੇ ਮੈਂਬਰਾਂ ਤੋਂ ਦੂਰ ਰਹਿੰਦੀ ਹੈ। ਪਤਨੀਆਂ ਆਪਣੇ ਪਤੀਆਂ ਦੇ ਨਾਲ਼ ਨਹੀਂ ਸੌਂਦੀਆਂ। ਪਰ ਅਸੀਂ ਘਰੇ ਕੰਮ ਕਰਦੀਆਂ ਹਾਂ।''

ਭਾਵੇਂ ਕਾਡੂਗੋਲਾ ਦੀ ਇਸ ਬਸਤੀ ਜਾਂ ਹੋਰਨਾਂ ਬਸਤੀਆਂ ਵਿੱਚ ਹਰੇਕ ਮਹੀਨੇ ਘਰੋਂ ਬਾਹਰ ਰਹਿਣਾ ਔਰਤਾਂ ਲਈ ਇੱਕ ਹਿਸਾਬ ਨਾਲ਼ ਰੂਟੀਨੀ ਜਲਾਵਤਨੀ ਹੀ ਬਣ ਗਿਆ ਹੈ ਫਿਰ ਵੀ ਮਾਹਵਾਰੀ ਮੌਕੇ ਜਾਂ ਜਣੇਪੇ ਤੋਂ ਬਾਅਦ ਇੰਝ ਅਲੱਗ-ਥਲੱਗ ਰਹਿਣ ਦੀ ਇਸ ਪ੍ਰਥਾ ਨੂੰ ਕਨੂੰਨੀ ਤੌਰ 'ਤੇ ਵਰਜਿਤ ਕੀਤਾ ਗਿਆ ਹੈ। ਕਰਨਾਟਕ ਰੋਕਥਾਮ ਅਤੇ ਅਣਮਨੁੱਖੀ ਕੁਪ੍ਰਥਾ ਅਤੇ ਕਾਲ਼ਾ ਜਾਦੂ ਦਾ ਖਾਤਮਾ ਐਕਟ, 2017 (4 ਜਨਵਰੀ 2020 ਨੂੰ ਸਰਕਾਰ ਦੁਆਰਾ ਸੂਚਿਤ ਕੀਤਾ ਗਿਆ) ਅਜਿਹੀਆਂ 16 ਕੁ-ਪ੍ਰਥਾਵਾਂ 'ਤੇ ਰੋਕ ਲਾਉਂਦਾ ਹੈ ਜਿਨ੍ਹਾਂ ਵਿੱਚ ''ਔਰਤਾਂ ਨੂੰ ਜ਼ਬਰਨ ਇਕਾਂਤਵਾਸ ਵਿੱਚ ਰੱਖਣ, ਪਿੰਡਾਂ ਵਿੱਚ ਉਨ੍ਹਾਂ ਦੇ ਦਾਖਲੇ ਸਬੰਧੀ ਪਾਬੰਦੀਆਂ ਲਾਉਣ ਜਾਂ ਮਾਹਵਾਰੀ ਜਾਂ ਜਣੇਪੇ ਵਾਲ਼ੀਆਂ ਔਰਤਾਂ ਨੂੰ ਅਲੱਗ-ਥਲੱਗ ਰੱਖਣ ਸਬੰਧੀ ਕੁ-ਪ੍ਰਥਾਵਾਂ ਸ਼ਾਮਲ ਹਨ।'' ਇਸ ਐਕਟ ਦੀ ਉਲੰਘਣ ਕੀਤੇ ਜਾਣ ਦੀ ਸੂਰਤ ਵਿੱਚ 1 ਤੋਂ 7 ਸਾਲ ਦੀ ਕੈਦ ਦੇ ਨਾਲ਼-ਨਾਲ਼ ਜੁਰਮਾਨਾ ਵੀ ਦੇਣਾ ਲਾਜ਼ਮੀ ਹੈ।

ਪਰ ਕਨੂੰਨ ਤਾਂ ਇੱਥੋਂ ਤੱਕ ਕਾਡੂਗੋਲਾ ਭਾਈਚਾਰੇ ਨਾਲ਼ ਸਬੰਧ ਰੱਖਣ ਵਾਲ਼ੀਆਂ ਆਸ਼ਾ ਵਰਕਰ ਅਤੇ ਆਂਗਨਵਾੜੀ ਵਰਕਰਾਂ ਵੀ ਨੂੰ ਇਸ ਪ੍ਰਥਾ ਦਾ ਪਾਲਣ ਕਰਨ ਤੋਂ ਰੋਕ ਨਹੀਂ ਪਾਇਆ, ਜੋ ਸਮੁਦਾਏ ਦੀ ਸਿਹਤ ਸੰਭਾਲ ਦੇ ਕੰਮ ਸਾਂਭਦੀਆਂ ਹਨ। ਡੀ. ਸ਼ਾਰਦਅੰਮਾ (ਅਸਲੀ ਨਾਮ ਨਹੀਂ) ਡੀ. ਹੋਸਾਹੱਲੀ ਦੀ ਇੱਕ ਆਸ਼ਾ ਵਰਕਰ ਵੀ ਆਪਣੀ ਹਰ ਮਾਹਵਾਰੀ ਦੇ 4 ਦਿਨ ਖੁੱਲ੍ਹੇ ਵਿੱਚ ਹੀ ਬਿਤਾਉਂਦੀ ਹਨ।

Jayamma (left) sits and sleeps under this tree in the Kadugolla hamlet of D. Hosahalli during her periods.  Right: D. Hosahalli grama panchayat president Dhanalakshmi K. M. says, ' I’m shocked to see that women are reduced to such a level'
PHOTO • Tamanna Naseer
Jayamma (left) sits and sleeps under this tree in the Kadugolla hamlet of D. Hosahalli during her periods.  Right: D. Hosahalli grama panchayat president Dhanalakshmi K. M. says, ' I’m shocked to see that women are reduced to such a level'
PHOTO • Tamanna Naseer

ਜਯਅੰਮਾ (ਖੱਬੇ) ਆਪਣੀ ਮਾਹਵਾਰੀ ਦੌਰਾਨ ਡੀ. ਹੋਸਾਹੱਲੀ ਦੇ ਕਾਡੂਗੋਲਾ ਬਸਤੀ ਵਿੱਚ ਮੌਜੂਦ ਇਸ ਰੁੱਖ ਹੇਠਾਂ ਬਹਿ ਕੇ ਅਤੇ ਸੌਂ ਕੇ ਸਮਾਂ ਬਿਤਾਉਂਦੀ ਹਨ। ਸੱਜੇ : ਡੀ. ਹੋਸਾਹੱਲੀ ਗ੍ਰਾਮ ਪੰਚਾਇਤ ਪ੍ਰਧਾਨ ਧਨਾਲਕਸ਼ਮੀ ਕੇ. ਐੱਮ. ਕਹਿੰਦੇ ਹਨ, ' ਮੈਂ ਦੇਖ ਕੇ ਹੈਰਾਨ ਹਾਂ ਕਿ ਔਰਤਾਂ ਦੇ ਮਿਆਰ ਨੂੰ ਇੰਨਾ ਘਟਾ  ਦਿੱਤਾ ਗਿਆ ਹੈ '

''ਪਿੰਡ ਵਿੱਚ ਹਰ ਕੋਈ ਇੰਝ ਹੀ ਕਰਦਾ ਹੈ। ਚਿਤਰਾਦੁਰਗਾ (ਗੁਆਂਢੀ ਜਿਲ੍ਹੇ) ਵਿੱਚ, ਜਿੱਥੇ ਮੈਂ ਵੱਡੀ ਹੋਏ, ਲੋਕਾਂ ਨੇ ਇਹ ਪ੍ਰਥਾ ਬੰਦ ਕਰ ਦਿੱਤੀ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਔਰਤਾਂ ਦਾ ਇੰਝ ਘਰੋਂ ਬਾਹਰ ਰਹਿਣਾ ਸੁਰੱਖਿਅਤ ਨਹੀਂ ਹੈ। ਇੱਥੇ ਤਾਂ ਹਰ ਕਿਸੇ ਦਾ ਇਹੀ ਮੰਨਣਾ ਹੈ ਕਿ ਜੇਕਰ ਅਸੀਂ ਇਸ ਪਰੰਪਰਾ ਦਾ ਪਾਲਣ ਨਾ ਕੀਤਾ ਤਾਂ ਦੇਵਤਾ ਸਾਨੂੰ ਸ਼ਰਾਪ ਦੇ ਦੇਵੇਗਾ। ਭਾਈਚਾਰੇ ਦਾ ਹਿੱਸਾ ਹੋਣ ਦੇ ਨਾਤੇ, ਮੈਂ ਵੀ ਇੰਝ ਕਰਦੀ ਹਾਂ। ਮੈਂ ਇਕੱਲੀ ਕੁਝ ਵੀ ਬਦਲ ਨਹੀਂ ਸਕਦੀ ਅਤੇ ਮੈਨੂੰ ਇਕੱਲੇ ਬਾਹਰ ਰਹਿਣ ਵਿੱਚ ਕਦੇ ਕੋਈ ਦਿੱਕਤ ਵੀ ਦਰਪੇਸ਼ ਨਹੀਂ ਆਈ,'' ਸ਼ਾਰਦਅੰਮਾ ਕਹਿੰਦੀ ਹਨ, ਜਿਨ੍ਹਾਂ ਦੀ ਉਮਰ ਕਰੀਬ 40 ਸਾਲ ਹੈ।

ਇਹ ਪ੍ਰਥਾਵਾਂ ਕਾਡੂਗੋਲਾ ਭਾਈਚਾਰੇ ਨਾਲ਼ ਸਬੰਧਤ ਸਰਕਾਰੀ ਕਰਮਚਾਰੀਆਂ ਦੇ ਘਰਾਂ ਵਿੱਚ ਵੀ ਨਿਭਾਈਆਂ ਜਾਂਦੀਆਂ ਹਨ- ਜਿਵੇਂ ਕਿ ਇਸ ਪ੍ਰਥਾ ਦਾ ਪਾਲਣ 43 ਸਾਲਾ ਮੋਹਨ ਐੱਸ. (ਅਸਲੀ ਨਾਮ ਨਹੀਂ) ਦੇ ਪਰਿਵਾਰ ਵਿੱਚ ਵੀ ਹੁੰਦਾ ਹੈ ਜੋ ਕਿ ਡੀ.ਹੋਸਾਹੱਲੀ ਗ੍ਰਾਮ ਪੰਚਾਇਤ ਦੇ ਨਾਲ਼ ਕੰਮ ਕਰਦੇ ਹਨ। ਜਦੋਂ ਉਨ੍ਹਾਂ ਦੀ ਭਰਜਾਈ, ਜਿਨ੍ਹਾਂ ਨੇ ਐੱਮ.ਏ. ਬੀ.ਐੱਡ ਦੀ ਪੜ੍ਹਾਈ ਕੀਤੀ ਹੈ ਦੇ ਘਰ ਦਸੰਬਰ 2020 ਵਿੱਚ ਬੱਚਾ ਪੈਦਾ ਹੋਇਆ, ਉਹ ਵੀ ਆਪਣੇ ਬੱਚੇ ਦੇ ਨਾਲ਼ ਘਰੋਂ ਬਾਹਰ ਖਾਸ ਕਰਕੇ ਉਨ੍ਹਾਂ ਲਈ ਬਣੀ ਝੌਂਪੜੀ ਵਿੱਚ ਦੋ ਮਹੀਨਿਆਂ ਤੱਕ ਰਹੀ ਸਨ। ''ਉਹ ਸਮੇਂ ਦੀ ਲਾਜ਼ਮੀ ਮਿਆਦ ਪੂਰੀ ਕਰਨ ਤੋਂ ਬਾਅਦ ਹੀ ਘਰ ਦੇ ਅੰਦਰ ਦਾਖਲ ਹੋਈ,'' ਮੋਹਨ ਦੱਸਦੇ ਹਨ। ਉਨ੍ਹਾਂ ਦੀ 32 ਸਾਲਾ ਪਤਨੀ ਭਾਰਤੀ (ਅਸਲੀ ਨਾਮ ਨਹੀਂ) ਸਹਿਮਤੀ ਵਿੱਚ ਸਿਰ ਹਿਲਾਉਂਦੀ ਹਨ: ''ਮੈਂ ਵੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦੀ ਜਦੋਂ ਮੇਰੀ ਮਾਹਵਾਰੀ ਚੱਲਦੀ ਹੋਵੇ। ਮੈਂ ਨਹੀਂ ਚਾਹੁੰਦੀ ਕਿ ਸਰਕਾਰ ਇਸ ਪ੍ਰਬੰਧ (ਪਰੰਪਰਾ) ਨੂੰ ਵੰਗਾਰੇ। ਸਰਕਾਰ ਇੰਨਾ ਜ਼ਰੂਰ ਕਰ ਸਕਦੀ ਹੈ ਕਿ ਉਹ ਸਾਡੇ ਲਈ ਪੱਕੇ ਕਮਰੇ ਬਣਵਾ ਦੇਵੇ ਤਾਂ ਕਿ ਅਸੀਂ ਰੁੱਖਾਂ ਹੇਠ ਸੌਣ ਦੀ ਬਜਾਇ ਉੱਥੇ ਠਹਿਰ ਸਕੀਏ।''

*****

ਸਮਾਂ ਬੀਤਣ ਨਾਲ਼, ਕਮਰੇ ਬਣਾਉਣ ਲਈ ਕੋਸ਼ਿਸ਼ ਕੀਤੀਆਂ ਗਈਆਂ। 10 ਜੁਲਾਈ 2009 ਦੀ ਮੀਡਿਆ ਰਿਪੋਟਰਾਂ ਧਿਆਨ ਦਵਾਉਂਦੀਆਂ ਹਨ, ਕਰਨਾਟਕ ਸਰਕਾਰ ਨੇ ਇੱਕੋ ਸਮੇਂ 10 ਮਾਹਵਾਰੀ ਵਾਲ਼ੀਆਂ ਔਰਤਾਂ ਦੇ ਰਹਿਣ ਲਈ ਹਰੇਕ ਕਾਡੂਗੋਲਾ ਬਸਤੀ ਦੇ ਬਾਹਰ ਇੱਕ ਮਹਿਲਾ ਭਵਨ ਉਸਾਰਨ ਦਾ ਆਦੇਸ਼ ਪਾਸ ਕੀਤਾ ਹੈ।

ਖੈਰ, ਇਸ ਆਦੇਸ਼ ਦੇ ਪਾਸ ਹੋਣ ਤੋਂ ਪਹਿਲਾਂ ਹੀ ਡੀ. ਹੋਸਾਹੱਲੀ ਪਿੰਡ ਦੀ ਵਾਸੀ ਜਯਅੰਮਾ ਦੀ ਬਸਤੀ ਦੀ ਸਥਾਨਕ ਪੰਚਾਇਤ ਦੁਆਰਾ ਇੱਕ ਕਮਰੇ-ਨੁਮਾ ਪੱਕਾ ਢਾਂਚਾ ਉਸਾਰ ਦਿੱਤਾ ਗਿਆ। ਕੁਨੀਗਲ ਤਾਲੁਕਾ ਪੰਚਾਇਤ ਦੇ ਮੈਂਬਰ ਕ੍ਰਿਸ਼ਨੱਪਾ ਜੀ.ਟੀ. ਕਹਿੰਦੇ ਹਨ ਕਿ ਇੱਕ ਕਮਰਾ ਕਰੀਬ 50 ਸਾਲ ਪਹਿਲਾਂ ਉਸਾਰਿਆ ਗਿਆ ਸੀ ਜਦੋਂ ਉਹ ਬੱਚੇ ਸਨ। ਪਿੰਡ ਦੀਆਂ ਔਰਤਾਂ ਨੇ ਰੁੱਖਾਂ ਹੇਠਾਂ ਸੌਣ ਦੀ ਬਜਾਇ ਕਈ ਸਾਲਾਂ ਤੱਕ ਇਸੇ ਕਮਰੇ ਦਾ ਇਸਤੇਮਾਲ ਕੀਤਾ। ਹੁਣ ਇਹ ਖਸਤਾ-ਹਾਲਤ ਢਾਂਚਾ ਵੇਲ਼ਾਂ ਅਤੇ ਝਾੜੀਆਂ ਨਾਲ਼ ਭਰਿਆ ਪਿਆ ਹੈ।

ਠੀਕ ਉਸੇ ਤਰ੍ਹਾਂ ਹੀ, ਅਰਲਾਸੰਦਰਾ ਦੀ ਕਾਡੂਗੋਲਾ ਬਸਤੀ ਵਿੱਚ ਇੱਕ ਅੱਧ-ਟੁੱਟਿਆ ਕਮਰਾ ਵੀ ਇਸੇ ਮਕਸਦ ਲਈ ਬਣਾਇਆ ਗਿਆ ਸੀ ਜੋ ਹੁਣ ਵਰਤੋਂ ਵਿੱਚ ਨਹੀਂ ਹੈ। ''ਕਰੀਬ ਚਾਰ-ਪੰਜ ਸਾਲ ਪਹਿਲਾਂ, ਕੁਝ ਜਿਲ੍ਹਾ ਅਧਿਕਾਰੀ ਅਤੇ ਪੰਚਾਇਤ ਮੈਂਬਰ ਸਾਡੇ ਪਿੰਡ ਆਏ,'' ਅਨੁ ਚੇਤਾ ਕਰਦੀ ਹਨ। ''ਉਨ੍ਹਾਂ ਦੇ ਬਾਹਰ ਬੈਠੀਆਂ (ਮਾਹਵਾਰੀ ਵਾਲ਼ੀਆਂ) ਔਰਤਾਂ ਨੂੰ ਘਰੋ-ਘਰੀ ਜਾਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਘਰੋਂ ਬਾਹਰ ਰਹਿਣਾ ਠੀਕ ਨਹੀਂ। ਸਾਡੇ ਕਮਰਾ ਖਾਲੀ ਕਰਨ ਤੋਂ ਬਾਅਦ ਉਹ ਚਲੇ ਗਏ। ਫਿਰ ਦੋਬਾਰਾ ਹਰ ਔਰਤ ਕਮਰੇ ਵਿੱਚ ਵਾਪਸ ਆ ਗਈ। ਕੁਝ ਮਹੀਨਿਆਂ ਬਾਅਦ, ਉਹ ਦੋਬਾਰਾ ਆਏ ਅਤੇ ਸਾਨੂੰ ਮਾਹਵਾਰੀ ਦੌਰਾਨ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਅਤੇ ਉਹ ਕਮਰਾ ਤੋੜਨਾ ਸ਼ੁਰੂ ਕਰ ਦਿੱਤਾ। ਪਰ ਦਰਅਸਲ ਉਹ ਕਮਰਾ ਸਾਡੇ ਲਈ ਫਾਇਦੇਮੰਦ ਸੀ। ਘੱਟੋਘੱਟ ਅਸੀਂ ਬਿਨਾ ਕਿਸੇ ਦਿੱਕਤ ਦੇ ਪਖਾਨਾ ਤਾਂ ਵਰਤ ਹੀ ਸਕਦੀਆਂ ਸਾਂ।''

2014 ਵਿੱਚ, ਮਹਿਲਾ ਅਤੇ ਬਾਲ ਕਲਿਆਣ ਦੀ ਸਾਬਕਾ ਮੰਤਰੀ, ਊਮਾਸ਼੍ਰੀ, ਨੇ ਕਾਡੂਗੋਲਾ ਭਾਈਚਾਰੇ ਦੀਆਂ ਇਨ੍ਹਾਂ ਮਾਨਤਾਵਾਂ ਦੇ ਖਿਲਾਫ਼ ਬੋਲਣ ਦੀ ਕੋਸ਼ਿਸ਼ ਕੀਤੀ। ਆਪਣੇ ਵਿਰੋਧ ਦੇ ਪ੍ਰਤੀਕ ਵਜੋਂ, ਉਨ੍ਹਾਂ ਨੇ ਡੀ. ਹੋਸਾਹੱਲੀ ਦੀ ਕਾਡੂਗੋਲਾ ਬਸਤੀ ਵਿੱਚ ਮਾਹਵਾਰੀ ਵਾਲ਼ੀਆਂ ਔਰਤਾਂ ਲਈ ਉਸਾਰੇ ਗਏ ਕਮਰੇ ਦੇ ਹਿੱਸਿਆਂ ਨੂੰ ਤੁੜਵਾ ਦਿੱਤਾ। ''ਊਮਾਸ਼੍ਰੀ ਮੈਡਮ ਨੇ ਸਾਡੀਆਂ ਔਰਤਾਂ ਨੂੰ ਮਾਹਵਾਰੀ ਦੌਰਾਨ ਘਰਾਂ ਵਿੱਚ ਹੀ ਰਹਿਣ ਲਈ ਕਿਹਾ। ਉਨ੍ਹਾਂ ਦੀ ਫੇਰੀ ਦੌਰਾਨ ਸਾਡੇ ਪਿੰਡ ਦੇ ਕਈ ਲੋਕ ਸਹਿਮਤ ਹੋਏ ਪਰ ਕਿਸੇ ਨੇ ਵੀ ਇਸ ਪ੍ਰਥਾ ਦਾ ਪਾਲਣ ਬੰਦ ਨਾ ਕੀਤਾ। ਉਹ ਪੁਲਿਸ ਸੁਰੱਖਿਆ ਅਤੇ ਪਿੰਡ ਦੇ ਖਜਾਨਚੀ ਦੇ ਨਾਲ਼ ਆਈ ਅਤੇ ਕਮਰੇ ਦਾ ਬੂਹਾ ਅਤੇ ਬਾਕੀ ਦੇ ਕੁਝ ਹਿੱਸੇ ਵੀ ਤੁੜਵਾ ਦਿੱਤੇ। ਉਨ੍ਹਾਂ ਨੇ ਸਾਡੇ ਇਲਾਕੇ ਦੇ ਵਿਕਾਸ ਦਾ ਵਾਅਦਾ ਕੀਤਾ, ਪਰ ਹਕੀਕਤ ਵਿੱਚ ਕੁਝ ਨਹੀਂ ਹੋਇਆ,'' ਤਾਲੁਕਾ ਪੰਚਾਇਤ ਮੈਂਬਰ ਕ੍ਰਿਸ਼ਨੱਪਾ ਜੀ.ਟੀ. ਕਹਿੰਦੇ ਹਨ।

A now-dilapidated room constructed for menstruating women in D. Hosahalli. Right: A hut used by a postpartum Kadugolla woman in Sathanur village
PHOTO • Tamanna Naseer
A now-dilapidated room constructed for menstruating women in D. Hosahalli. Right: A hut used by a postpartum Kadugolla woman in Sathanur village
PHOTO • Tamanna Naseer

ਡੀ. ਹੋਸਾਹੱਲੀ ਵਿਖੇ ਮਾਹਵਾਰੀ ਵਾਲ਼ੀਆਂ ਔਰਤਾਂ ਲਈ ਉਸਰਿਆ ਕਮਰਾ ਹੁਣ ਖਸਤਾ-ਹਾਲਤ ਵਿੱਚ। ਸੱਜੇ : ਸਥਾਨੂਰ ਪਿੰਡ ਦੀਆਂ ਕਾਡੂਗੋਲਾ ਔਰਤਾਂ ਲਈ ਜਣੇਪੇ ਤੋਂ ਬਾਅਦ ਵਰਤੀਂਦੀ ਝੌਂਪੜੀ

ਧਨਾਲਕਸ਼ਮੀ ਕੇ.ਐੱਮ. (ਉਹ ਕਾਡੂਗੋਲਾ ਭਾਈਚਾਰੇ ਨਾਲ਼ ਸਬੰਧ ਨਹੀਂ ਰੱਖਦੀ) ਜੋ ਫਰਵਰੀ 2021 ਵਿੱਚ, ਡੀ. ਹੋਸਾਹੱਲੀ ਗ੍ਰਾਮ ਪੰਚਾਇਤ ਦੀ ਪ੍ਰਧਾਨ ਬਣੀ, ਹਾਲੇ ਵੀ ਵੱਖਰੇ ਕਮਰੇ ਬਣਾਉਣ ਦੇ ਸੁਝਾਅ 'ਤੇ ਮੁੜ ਵਿਚਾਰ ਕਰਦੀ ਹਨ। ''ਮੈਂ ਦੇਖ ਕੇ ਹੈਰਾਨ ਹਾਂ ਕਿ ਔਰਤਾਂ ਦੇ ਮਿਆਰ ਨੂੰ ਇੰਨਾ ਘਟਾ  ਦਿੱਤਾ ਗਿਆ ਹੈ ਕਿ ਪ੍ਰਸਵ ਜਾਂ ਮਾਹਵਰੀ ਜਿਹੀ ਔਖੀ ਘੜੀ ਵਿੱਚ ਵੀ ਉਨ੍ਹਾਂ ਨੂੰ ਆਪਣੇ ਘਰੋਂ ਬਾਹਰ ਰਹਿਣਾ ਪੈਂਦਾ ਹੈ,'' ਉਹ ਕਹਿੰਦੀ ਹਨ। ''ਮੈਂ ਉਨ੍ਹਾਂ ਲਈ ਘੱਟੋਘੱਟ ਵੱਖਰੇ ਘਰ ਬਣਾਉਣ ਦਾ ਮਤਾ ਲਿਆਉਣ ਦੀ ਕੋਸ਼ਿਸ਼ ਕਰਾਂਗੀ। ਦੁਖਦ ਗੱਲ ਇਹ ਹੈ ਕਿ ਪੜ੍ਹੀਆਂ ਲਿਖੀਆਂ ਕੁੜੀਆਂ ਵੀ ਇਸ ਪ੍ਰਥਾ ਨੂੰ ਰੋਕਣਾ ਨਹੀਂ ਚਾਹੁੰਦੀਆਂ।  ਦੱਸੋ ਮੈਂ ਇਕੱਲੀ ਇੰਨਾ ਵੱਡਾ ਬਦਲਾਅ ਕਿਵੇਂ ਲਿਆ ਸਕਦੀ ਹਾਂ ਜਦੋਂ ਕਿ ਉਹ ਖੁਦ ਬਦਲਾਅ ਲਿਆਂਦੇ ਜਾਣ ਦਾ ਵਿਰੋਧ ਕਰ ਰਹੀਆਂ ਹੋਣ?''

ਕਮਰਿਆਂ ਨੂੰ ਲੈ ਕੇ ਬਹਿਸ ਜਿਸ ਵਿੱਚ ਕਈ ਜਣੇ ਸ਼ਾਮਲ ਹਨ, ਫ਼ੈਸਲਾਕੁੰਨ ਤਰੀਕੇ ਨਾਲ਼ ਬੰਦ ਹੋਣੀ ਚਾਹੀਦੀ ਹੈ। ''ਭਾਵੇਂ ਇਹ ਵੱਖਰੇ ਕਮਰੇ ਔਰਤਾਂ ਲਈ ਮਦਦਗਾਰ ਹੋ ਸਕਦੇ ਹਨ, ਅਸੀਂ ਚਾਹੁੰਦੇ ਹਾਂ ਕਿ ਉਹ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣ,'' ਜਿਲ੍ਹਾ ਪਿਛੜੇ ਵਰਗ ਕਲਿਆਣ ਵਿਭਾਗ ਦੇ ਪੀ.ਬੀ. ਬਾਸਾਵਾਰਾਜੂ ਕਹਿੰਦੇ ਹਨ। ''ਅਸੀਂ ਕਾਡੂਗੋਲਾ ਔਰਤਾਂ ਨਾਲ਼ ਗੱਲ ਕਰਕੇ ਉਨ੍ਹਾਂ ਨੂੰ ਇਸ ਅੰਧ-ਵਿਸ਼ਵਾਸਾਂ ਭਰੀਆਂ ਪਰੰਪਰਾਵਾਂ ਨੂੰ ਬੰਦ ਕੀਤੇ ਜਾਣ ਲਈ ਸਲਾਹ ਦਿੰਦੇ ਹਾਂ। ਬੀਤੇ ਵਿੱਚ, ਅਸੀਂ ਜਾਗਰੂਕਤਾ ਮੁਹਿੰਮਾਂ ਵੀ ਵਿੱਢੀਆਂ ਹਨ।

ਮਾਹਵਾਰੀ ਵਾਲ਼ੀਆਂ ਔਰਤਾਂ ਲਈ ਵੱਖਰੇ ਕਮਰੇ ਬਣਾਉਣਾ ਕੋਈ ਹੱਲ ਨਹੀਂ ਹੈ, ਕੇਂਦਰੀ ਰਿਜ਼ਰਵ (ਰਾਖਵੀਂ) ਪੁਲਿਸ ਬਲ ਦੇ ਸੇਵਾ-ਮੁਕਤ ਇੰਸਪੈਕਟਰ ਜਨਰਲ ਕੇ. ਅਰਕੇਸ਼ ਜ਼ੋਰ ਦਿੰਦੇ ਹਨ, ਜੋ ਅਰਲਾਸੰਦਰਾ ਨੇੜੇ ਇੱਕ ਪਿੰਡ ਵਿੱਚ ਰਹਿੰਦੇ ਹਨ। ''ਇਨ੍ਹਾਂ ਕਮਰਿਆਂ ਦਾ ਨਾਮ ਦਿ ਕ੍ਰਿਸ਼ਨਾ ਕੁਟੀਰ ਰੱਖਿਆ ਜਾਣਾ ਇਸ ਪ੍ਰਥਾ ਨੂੰ ਵਾਜਬ ਠਹਿਰਾਣ ਲਈ ਸੀ। ਮੂਲ਼ ਧਾਰਨਾ ਜੋ ਇਹ ਕਹਿੰਦੀ ਹੈ ਕਿ ਔਰਤਾਂ ਕਿਸੇ ਵੀ ਮੌਕੇ ਅਪਵਿੱਤਰ ਹਨ, ਨੂੰ ਮਾਨਤਾ ਦੇਣ ਦੀ ਬਜਾਇ ਸਿਰੋ ਖਾਰਜ ਕਰ ਦੇਣਾ ਚਾਹੀਦਾ ਹੈ,'' ਉਹ ਕਹਿੰਦੇ ਹਨ।

''ਇਹ ਰੂੜੀਵਾਦੀ ਪ੍ਰਥਾਵਾਂ ਬਹੁਤ ਹੀ ਬੇਰਹਿਮ ਹਨ,'' ਉਹ ਅੱਗੇ ਕਹਿੰਦੇ ਹਨ। ''ਪਰ ਸਮਾਜਿਕ ਦਬਾਅ ਇੰਨਾ ਜ਼ਿਆਦਾ ਹੁੰਦਾ ਹੈ ਕਿ ਔਰਤਾਂ ਨਾ ਤਾਂ ਇਕਜੁਟ ਹੁੰਦੀਆਂ ਹਨ ਤੇ ਨਾ ਹੀ ਲੜਦੀਆਂ ਹਨ। ਸਤੀ ਪ੍ਰਥਾ ਦਾ ਅੰਤ ਵੀ ਸਮਾਜਿਕ ਇਨਕਾਲਬ ਤੋਂ ਬਾਅਦ ਹੀ ਹੋਇਆ ਸੀ ਕਿਉਂਕਿ ਉਸ ਪ੍ਰਥਾ ਖਿਲਾਫ਼ ਬਦਲਾਅ ਲਿਆਉਣ ਦੀ ਇੱਛਾ ਸੀ। ਪਰ ਹੁਣ ਚੁਣਾਵੀ ਰਾਜਨੀਤੀ ਦੇ ਚੱਲਦਿਆਂ ਸਾਡੇ ਨੇਤਾ ਇਨ੍ਹਾਂ ਵਿਸ਼ਿਆਂ ਨੂੰ ਛੂਹਣ ਤੱਕ ਨੂੰ ਰਾਜੀ ਨਹੀਂ। ਇਨ੍ਹਾਂ ਨੇਤਾਵਾਂ, ਸਮਾਜਿਕ ਕਾਰਕੁੰਨਾਂ ਅਤ ਭਾਈਚਾਰੇ ਦੇ ਲੋਕਾਂ ਨੂੰ ਨਾਲ਼ ਲੈ ਕੇ ਸਾਂਝੀ ਕੋਸ਼ਿਸ਼ ਕੀਤੇ ਜਾਣ ਦੀ ਲੋੜ ਹੈ।

*****

ਓਨਾ ਚਿਰ, ਦੈਵੀ ਬਦਲੇ ਦਾ ਇਹ ਸਹਿਮ ਅਤੇ ਸਮਾਜਿਕ ਕਲੰਕ ਦਾ ਡਰ ਡੂੰਘਾ ਹੁੰਦਾ ਜਾਂਦਾ ਹੈ ਅਤੇ ਪ੍ਰਥਾ ਨੂੰ ਅੱਗੇ ਜਾਰੀ ਰੱਖਦਾ ਹੈ।

''ਜੇਕਰ ਅਸੀਂ ਇਸ ਪਰੰਪਰਾ ਦਾ ਪਾਲਣ ਨਹੀਂ ਕਰਦੇ ਤਾਂ ਸਾਡੇ ਨਾਲ਼ ਮਾੜਾ ਹੋਵੇਗਾ,'' ਅਨੁ ਕਹਿੰਦੀ ਹਨ, ਜੋ ਅਰਲਾਸੰਦਰਾ ਦੇ ਕਾਡੂਗੋਲਾ ਬਸਤੀ ਤੋਂ ਹਨ। ''ਕਈ ਸਾਲ ਪਹਿਲਾਂ, ਅਸੀਂ ਸੁਣਿਆ ਕਿ ਤੁਮਕੁਰ ਵਿੱਚ ਇੱਕ ਔਰਤ ਨੇ ਮਾਹਵਾਰੀ ਦੌਰਾਨ ਘਰੋਂ ਬਾਹਰ ਰਹਿਣ ਤੋਂ ਇਨਕਾਰ ਕੀਤਾ ਅਤੇ ਉਹਦਾ ਘਰ ਭੇਦਭਰੀ ਅੱਗ ਦੀ ਭੇਂਟ ਚੜ੍ਹ ਗਿਆ।''

Anganwadi worker Ratnamma (name changed at her request; centre) with Girigamma (left) in Sathanur village, standing beside the village temple. Right: Geeta Yadav says, 'If I go to work in bigger cities in the future, I’ll make sure I follow this tradition'
PHOTO • Tamanna Naseer
Anganwadi worker Ratnamma (name changed at her request; centre) with Girigamma (left) in Sathanur village, standing beside the village temple. Right: Geeta Yadav says, 'If I go to work in bigger cities in the future, I’ll make sure I follow this tradition'
PHOTO • Tamanna Naseer

ਆਂਗਨਵਾੜੀ ਵਰਕਰ ਰਤਨਅੰਮਾ (ਉਨ੍ਹਾਂ ਦੀ ਬੇਨਤੀ ' ਤੇ ਨਾਮ ਬਦਲਿਆ ; ਵਿਚਕਾਰ) ਸਥਾਨੂਰ ਪਿੰਡ ਵਿੱਚ ਗੰਗਅੰਮਾ (ਖੱਬੇ) ਦੇ ਨਾਲ਼ ਪਿੰਡ ਦੇ ਮੰਦਰ ਦੇ ਨਾਲ਼ ਖੜ੍ਹੀਆਂ। ਸੱਜੇ : ਗੀਤਾ ਯਾਦਵ ਕਹਿੰਦੀ ਹਨ, ' ਜੇਕਰ ਭਵਿੱਖ ਵਿੱਚ ਕੰਮ ਵਾਸਤੇ ਮੈਂ ਵੱਡੇ ਸ਼ਹਿਰਾਂ ਵਿੱਚ ਵੀ ਜਾਂਦੀ ਹਾਂ, ਮੈਂ ਸੁਨਿਸ਼ਚਿਤ ਕਰਾਂਗੀ ਕਿ ਮੈਂ ਪਰੰਪਰਾ ਦਾ ਪਾਲਣ ਕਰਦੀ ਰਹਾਂ '

''ਸਾਡੇ ਦੇਵਤਾ ਚਾਹੁੰਦੇ ਹਨ ਕਿ ਬੱਸ ਇਸੇ ਤਰੀਕੇ ਨਾਲ਼ ਅਸੀਂ ਜੀਵੀਏ ਅਤੇ ਜੇਕਰ ਅਸੀਂ ਉਨ੍ਹਾਂ ਦੀ ਉਲੰਘਣਾ ਕੀਤੀ ਤਾਂ ਸਾਨੂੰ ਨਤੀਜੇ ਭੁਗਤਣੇ ਪੈਣਗੇ,'' ਡੀ.ਹੋਸਾਹੱਲੀ ਗ੍ਰਾਮ ਪੰਚਾਇਤ ਦੇ ਮੋਹਨ ਐੱਸ ਕਹਿੰਦੇ ਹਨ। ਜੇਕਰ ਇਹ ਪ੍ਰਣਾਲੀ (ਪ੍ਰਥਾ) ਰੋਕੀ ਗਈ, ਉਹ ਅੱਗੇ ਕਹਿੰਦੇ ਹਨ,''ਬੀਮਾਰੀ ਵੱਧ ਜਾਵੇਗੀ, ਸਾਡੀਆਂ ਬੱਕਰੀਆਂ ਅਤੇ ਭੇਡਾਂ ਮਰ ਜਾਣਗੀਆਂ। ਸਾਡੇ ਸਿਰ ਮੁਸੀਬਤਾਂ ਦਾ ਪਹਾੜ ਟੁੱਟ ਪਵੇਗਾ, ਲੋਕਾਂ ਨੂੰ ਨੁਕਸਾਨ ਝੱਲਣੇ ਪੈਣਗੇ। ਇਸ ਪ੍ਰਥਾ ਦਾ ਅੰਤ ਨਹੀਂ ਹੋਣਾ ਚਾਹੀਦਾ। ਅਸੀਂ ਚੀਜਾਂ ਨੂੰ ਬਦਲਣਾ ਹੀ ਨਹੀਂ ਚਾਹੁੰਦੇ।''

''ਮਾਨਡਿਆ ਜਿਲ੍ਹੇ ਵਿੱਚ, ਇੱਕ ਔਰਤ ਨੂੰ ਸੱਪ ਨੇ ਡੰਗ ਮਾਰ ਦਿੱਤਾ ਕਿਉਂਕਿ ਉਹ ਮਾਹਵਾਰੀ ਦੌਰਾਨ ਵੀ ਘਰ ਦੇ ਅੰਦਰ ਸੀ,'' ਗਿਰੀਗਅੰਮਾ ਕਹਿੰਦੀ ਹਨ ਜੋ ਕਿ ਰਾਮਾਨਗਰ ਜਿਲ੍ਹੇ ਦੇ ਸਥਾਨੂਰ ਪਿੰਡ ਦੇ ਕਾਡੂਗੋਲਾ ਬਸਤੀ ਦੀ ਵਾਸੀ ਹਨ। ਇੱਥੇ, ਇੱਕ ਪੱਕਾ ਕਮਰਾ ਹੈ ਜਿਸ ਦੇ ਨਾਲ਼ ਜੋੜਵਾਂ ਗੁਸਲਖਾਨਾ ਵੀ ਹੈ ਜੋ ਕਿ ਸਰਕਾਰ ਦੁਆਰਾ ਮਾਹਾਵਾਰੀ ਵਾਲ਼ੀਆਂ ਔਰਤਾਂ ਦੇ ਆਸਰੇ ਲਈ ਬਣਾਇਆ ਗਿਆ ਹੈ। ਇੱਕ ਭੀੜੀ ਪਗਡੰਡੀ ਇਸ ਕਮਰੇ ਅਤੇ ਪਿੰਡ ਨੂੰ ਆਪਸ ਵਿੱਚ ਜੋੜਦੀ ਹੈ।

ਗੀਤਾ ਯਾਦਵ ਚੇਤੇ ਕਰਦੀ ਹੈ ਜਦੋਂ ਤਿੰਨ ਸਾਲ ਪਹਿਲਾਂ ਉਨ੍ਹਾਂ ਨੂੰ ਆਪਣੀ ਪਹਿਲੀ ਮਾਹਵਾਰੀ ਦੌਰਾਨ ਇੱਥੇ ਇਕੱਲੇ ਰਹਿਣਾ ਪਿਆ ਸੀ। ''ਮੈਂ ਰੋਈ ਅਤੇ ਆਪਣੀ ਮਾਂ ਅੱਗੇ ਮੈਨੂੰ ਉੱਥੇ ਨਾ ਭੇਜਣ ਦੇ ਹਾੜੇ ਕੱਢੇ। ਪਰ ਉਨ੍ਹਾਂ ਨੇ ਮੇਰੀ ਇੱਕ ਨਾ ਸੁਣੀ। ਹੁਣ, ਉੱਥੇ ਸਾਥ ਦੇਣ ਲਈ ਹਰ ਵੇਲ਼ੇ ਕੁਝ ਆਂਟੀਆਂ (ਮਾਹਵਾਰੀ ਵਾਲ਼ੀਆਂ ਦੂਜੀਆਂ ਔਰਤਾਂ) ਮੌਜੂਦ ਹੁੰਦੀਆਂ ਹਨ, ਇਸਲਈ ਮੈਂ ਅਰਾਮ ਨਾਲ਼ ਸੌਂ ਸਕਦੀ ਹਾਂ। ਮਾਹਵਾਰੀ ਦੌਰਾਨ ਵੀ ਮੈਂ ਆਪਣੀਆਂ ਕਲਾਸਾਂ ਲਗਾਉਂਦੀ ਹਾਂ ਅਤੇ ਉੱਥੋਂ ਸਿੱਧੀ ਕਮਰੇ ਵਿੱਚ ਹੀ ਵਾਪਸ ਆਉਂਦੀ ਹਾਂ। ਮੇਰੀ ਸਿਰਫ਼ ਇਹੀ ਇੱਛਾ ਹੈ ਕਿ ਸਾਨੂੰ ਮੰਜੇ ਦਿੱਤੇ ਜਾਣ ਤਾਂ ਕਿ ਸਾਨੂੰ ਭੁੰਜੇ ਨਾ ਸੌਣਾ ਪਵੇ,'' 16 ਸਾਲਾ ਗੀਤਾ ਕਹਿੰਦੀ ਹਨ ਜੋ ਕਿ 11ਵੀਂ ਦੀ ਵਿਦਿਆਰਥਣ ਹਨ। ''ਜੇਕਰ ਭਵਿੱਖ ਵਿੱਚ ਕੰਮ ਵਾਸਤੇ ਮੈਂ ਵੱਡੇ ਸ਼ਹਿਰਾਂ ਵਿੱਚ ਵੀ ਜਾਂਦੀ ਹਾਂ, ਮੈਂ ਸੁਨਿਸ਼ਚਿਤ ਕਰਾਂਗੀ ਕਿ ਮੈਂ ਪਰੰਪਰਾ ਦਾ ਪਾਲਣ ਕਰਦੀ ਰਹਾਂ। ਸਾਡੇ ਪਿੰਡ ਵਿੱਚ ਇਸ ਪ੍ਰਥਾ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ,'' ਉਹ ਅੱਗੇ ਕਹਿੰਦੀ ਹਨ।

ਜਿਚਰ 16 ਸਾਲਾ ਗੀਤਾ ਖੁਦ ਨੂੰ ਪਰੰਪਰਾ ਨੂੰ ਅੱਗੇ ਵਧਾਉਣ ਦੇ ਰੂਪ ਵਿੱਚ ਦੇਖਦੇ ਹਨ, 65 ਸਾਲਾ ਗਿਰੀਅੰਮਾ ਇਸ ਗੱਲ ਨੂੰ ਰੇਖਾਂਕਿਤ ਕਰਦੀ ਹਨ ਕਿ ਉਨ੍ਹਾਂ ਦੇ ਭਾਈਚਾਰੇ ਦੀਆਂ ਔਰਤਾਂ ਕੋਲ਼ ਸ਼ਿਕਾਇਤ ਕਰਨ ਦਾ ਕੋਈ ਕਾਰਨ ਹੀ ਨਹੀਂ ਹੈ ਕਿਉਂਕਿ ਇਕਾਂਤਵਾਸ ਦੇ ਆਪਣੇ ਲਾਜ਼ਮੀ ਦਿਨਾਂ ਵਿੱਚ ਸਗੋਂ ਉਨ੍ਹਾਂ ਨੂੰ ਅਰਾਮ ਕਰਨ ਦਾ ਮੌਕਾ ਮਿਲ਼ ਜਾਂਦਾ ਹੈ। ''ਅਸੀਂ ਸਿਖਰ ਧੁੱਪੇ ਅਤੇ ਮੀਂਹ ਦੌਰਾਨ ਵੀ ਬਾਹਰ ਹੀ ਰਹਿੰਦੀਆਂ ਹਾਂ। ਕਈ ਮੌਕਿਆਂ 'ਤੇ ਝੱਖੜ ਝੁੱਲਣ ਵੇਲ਼ੇ ਮੈਂ ਦੂਸਰੀ ਜਾਤ ਦੇ ਲੋਕਾਂ ਦੇ ਘਰ ਆਸਰਾ ਲਿਆ ਕਿਉਂਕਿ ਮੈਨੂੰ ਆਪਣੀ ਜਾਤੀ ਦੇ ਲੋਕਾਂ ਦੇ ਕਿਸੇ ਵੀ ਘਰਾਂ ਵਿੱਚ ਪ੍ਰਵੇਸ਼ ਦੀ ਆਗਿਆ ਨਹੀਂ ਸੀ,'' ਉਹ ਕਹਿੰਦੀ ਹਨ। ''ਕਈ ਦਫ਼ਾ ਅਸੀਂ ਭੁੰਜੇ ਖਿਲਰੇ ਪੱਤਿਆਂ 'ਤੇ ਹੀ ਖਾਣਾ ਖਾਂਦੇ। ਹੁਣ ਔਰਤਾਂ ਕੋਲ਼ ਆਪਣੇ ਵੱਖਰੇ ਭਾਂਡੇ ਹਨ। ਅਸੀਂ ਕ੍ਰਿਸ਼ਨ ਭਗਵਾਨ ਦੇ ਮੁਰੀਦ ਹਾਂ ਦੱਸੋ ਫਿਰ ਇੱਥੋਂ ਦੀਆਂ ਔਰਤਾਂ ਇਸ ਪਰੰਪਰਾ ਦਾ ਪਾਲਣ ਕੀਤੇ ਬਿਨਾ ਕਿਵੇਂ ਰਹਿ ਸਕਦੀਆਂ ਹਨ?''

''ਅਸੀਂ ਇਨ੍ਹਾਂ ਤਿੰਨ-ਚਾਰ ਦਿਨਾਂ ਦੌਰਾਨ ਸਿਰਫ਼ ਵਿਹਲੀਆਂ ਰਹਿ ਕੇ ਖਾਂਦੀਆਂ ਅਤੇ ਸੌਂਦੀਆਂ ਹਾਂ। ਨਹੀਂ ਤਾਂ ਬਾਕੀ ਦਿਨੀਂ ਸਾਨੂੰ ਪੂਰਾ ਦਿਨ ਖਾਣਾ-ਪਕਾਉਣ, ਸਾਫ਼-ਸਫਾਈ, ਬੱਕਰੀਆਂ ਮਗਰ ਭੱਜਣ ਦਾ ਰੁਝੇਂਵਾ ਬਣਿਆ ਰਹਿੰਦਾ ਹੈ। ਮਾਹਵਾਰੀ ਦੇ ਦਿਨੀਂ ਸਾਨੂੰ ਇਹ ਸਾਰਾ ਕੁਝ ਨਹੀਂ ਕਰਨਾ ਪੈਂਦਾ,'' 29 ਸਾਲਾ ਰਤਨਅੰਮਾ (ਅਸਲੀ ਨਾਮ ਨਹੀਂ) ਕਹਿੰਦੀ ਹਨ ਜੋ ਕਨਕਪੁਰਾ ਤਾਲੁਕਾ (ਜਿੱਥੇ ਸਥਾਨੂਰ ਪਿੰਡ ਸਥਿਤ ਹੈ) ਵਿੱਚ ਕੱਬਲ ਗ੍ਰਾਮ ਪੰਚਾਇਤ ਦੀ ਆਂਗਨਵਾੜੀ ਵਰਕਰ ਹਨ।

A state-constructed room (left) for menstruating women in Sathanur: 'These Krishna Kuteers were legitimising this practice. The basic concept that women are impure at any point should be rubbished, not validated'. Right: Pallavi segregating with her newborn baby in a hut in D. Hosahalli
PHOTO • Tamanna Naseer
A state-constructed room (left) for menstruating women in Sathanur: 'These Krishna Kuteers were legitimising this practice. The basic concept that women are impure at any point should be rubbished, not validated'. Right: Pallavi segregating with her newborn baby in a hut in D. Hosahalli
PHOTO • Tamanna Naseer

ਸਥਾਨੂਰ ਵਿੱਚ ਮਾਹਵਾਰੀ ਔਰਤਾਂ ਲਈ ਸੂਬੇ ਦੁਆਰਾ ਉਸਾਰਿਆ ਕਮਰਾ (ਖੱਬੇ) : ' ਇਨ੍ਹਾਂ ਦਾ ਨਾਮ ਕ੍ਰਿਸ਼ਨ ਕੁਟੀਰਾਂ ਰੱਖਿਆ ਜਾਣਾ ਇਸ ਪ੍ਰਥਾ ਨੂੰ ਵਾਜਬ ਠਹਿਰਾਉਂਦਾ ਹੈ। ਮੂਲ਼ ਧਾਰਨਾ ਜੋ ਇਹ ਕਹਿੰਦੀ ਹੈ ਕਿ ਔਰਤਾਂ ਕਿਸੇ ਵੀ ਮੌਕੇ ਅਪਵਿੱਤਰ ਹਨ, ਨੂੰ ਮਾਨਤਾ ਦੇਣ ਦੀ ਬਜਾਇ ਸਿਰੋ ਖਾਰਜ ਕਰ ਦੇਣਾ ਚਾਹੀਦਾ ਹੈ ' ਸੱਜੇ : ਡੀ. ਹੋਸਾਹੱਲੀ ਵਿੱਚ ਪਲਵੀ ਨੂੰ ਆਪਣੇ ਨਵਜਾਤ ਦੇ ਨਾਲ਼ ਝੌਂਪੜੀ ਵਿੱਚ ਅਲੱਗ-ਥਲੱਗ ਕੀਤਾ ਗਿਆ ਹੈ

ਭਾਵੇਂ ਗਿਰੀਅੰਮਾ ਅਤੇ ਰਤਨਾਅੰਮਾ ਇਸ ਇਕਾਂਤਵਾਸ ਦੇ ਫਾਇਦੇ ਦੇਖਦੀਆਂ ਹਨ, ਉੱਥੇ ਹੀ ਇਨ੍ਹਾਂ ਪ੍ਰਥਾਵਾਂ ਦੇ ਨਤੀਜੇ ਦੁਰਘਟਨਾਵਾਂ ਅਤੇ ਮੌਤਾਂ ਦੇ ਰੂਪ ਵਿੱਚ ਨਿਕਲੇ ਹਨ। ਦਸੰਬਰ 2014 ਦੀ ਅਖ਼ਬਾਰ ਦੀ ਖ਼ਬਰ ਕਹਿੰਦੀ ਹੈ ਕਿ ਤੁਮਕੁਰ ਵਿੱਚ ਆਪਣੀ ਮਾਂ ਦੇ ਨਾਲ਼ ਝੌਂਪੜੀ ਵਿੱਚ ਰਹਿ ਰਹੇ ਕਾਡੂਗੋਲਾ ਨਵਜਾਤ ਬੱਚੇ ਦੀ ਮੀਂਹ ਤੋਂ ਬਾਅਦ ਠੰਡ ਲੱਗਣ ਨਾਲ਼ ਮੌਤ ਹੋ ਗਈ। ਕੁਝ ਹੋਰ ਰਿਪੋਰਟਾਂ ਦੱਸਦੀਆਂ ਕਿ 2010 ਵਿੱਚ ਮਨਡਿਆ ਦੇ ਮਦੁੱਰ ਤਾਲੁਕਾ ਦੀ ਕਾਡੂਗੋਲਾ ਬਸਤੀ ਵਿੱਚ 10 ਦਿਨਾਂ ਦਾ ਨਵਜਾਤ ਕੁੱਤੇ ਦੁਆਰਾ ਘੜੀਸਿਆ ਗਿਆ।

ਡੀ. ਹੋਸਾਹੱਲੀ ਪਿੰਡ ਦੀ ਕਾਡੂਗੋਲਾ ਬਸਤੀ ਵਿੱਚ ਰਹਿਣ ਵਾਲ਼ੀ 22 ਸਾਲਾ ਗ੍ਰਹਿਣੀ ਪੱਲਵੀ ਜੀ. ਜਿਨ੍ਹਾਂ ਨੂੰ ਇਸ ਸਾਲ ਫਰਵਰੀ ਵਿੱਚ ਪਹਿਲਾ ਬੱਚਾ ਪੈਦਾ ਹੋਇਆ, ਇਨ੍ਹਾਂ ਖ਼ਤਰਿਆਂ ਦੀ ਬਲੀ ਚੜ੍ਹ ਗਿਆ। ''ਇੰਨੇ ਸਾਲਾਂ ਵਿੱਚ ਜੇਕਰ 2-3 ਮਾਮਲੇ ਹੋ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਹੋ ਗਈ। ਅਸਲ ਵਿੱਚ ਇਹ ਝੌਂਪੜੀ ਬੜੀ ਅਰਾਮਦਾਇਕ ਹੈ। ਮੈਂ ਕਿਉਂ ਡਰਾਂਗੀ? ਮੈਂ ਆਪਣੀ ਮਾਹਵਾਰੀ ਦੇ ਦਿਨਾਂ ਵਿੱਚ ਸਦਾ ਬਾਹਰ ਹੀ ਰਹਿੰਦੀ ਰਹੀ ਹਾਂ। ਮੇਰੇ ਲਈ ਇਹ ਕੁਝ ਨਵਾਂ ਨਹੀਂ ਹੈ,'' ਗੋਦੀ ਵਿੱਚ ਚੁੱਕੀ ਆਪਣੇ ਬੱਚੇ ਨੂੰ ਝੁਲਾਉਂਦਿਆਂ ਉਹ ਕਹਿੰਦੀ ਹਨ।

ਪੱਲਵੀ, ਜਿਨ੍ਹਾਂ ਦੇ ਪਤੀ ਤੁਮਕੁਰ ਦੀ ਗੈਸ ਫੈਕਟਰੀ ਵਿੱਚ ਕੰਮ ਕਰਦੇ ਹਨ, ਆਪਣੇ ਬੱਚੇ ਦੇ ਨਾਲ਼ ਝੌਂਪੜੀ ਵਿੱਚ ਸੌਂਦੀ ਹਨ, ਕੁਝ ਦੂਰੀ 'ਤੇ ਦੂਸਰੀ ਝੌਂਪੜੀ ਹੈ ਜਿਸ ਵਿੱਚ ਉਨ੍ਹਾਂ ਦੀ ਮਾਂ ਜਾਂ ਦਾਦਾ ਪੱਲਵੀ ਦੇ ਸਾਥ ਦੇਣ ਵਜੋਂ ਸੌਂਦੇ ਹਨ। ਇਨ੍ਹਾਂ ਦੋ ਛੋਟੇ ਢਾਂਚਿਆਂ ਵਿਚਕਾਰ ਇੱਕ ਸਟੈਂਡਿੰਗ ਪੱਖਾ ਤੇ ਇੱਕ ਬਲਬ ਲੱਗਿਆ ਹੈ ਅਤੇ ਇੱਕ ਬਾਹਰਲਾ ਪਾਸਾ ਹੈ ਜਿੱਥੇ ਭਾਂਡੇ ਰੱਖੇ ਗਏ ਹਨ ਅਤੇ ਪਾਣੀ ਗਰਮਾਉਣ ਲਈ ਚੁੱਲ੍ਹਾ ਬਣਾਇਆ ਗਿਆ ਹੈ। ਝੌਂਪੜੀ ਦੀ ਛੱਤ 'ਤੇ ਪਲਵੀ ਅਤੇ ਉਨ੍ਹਾਂ ਦੇ ਬੱਚੇ ਦੇ ਕੱਪੜੇ ਸੁੱਕਣੇ ਪਾਏ ਹੋਏ ਹਨ। ਦੋ ਮਹੀਨੇ ਅਤੇ ਤਿੰਨ ਦਿਨਾਂ ਬਾਅਦ ਮਾਂ ਅਤੇ ਬੱਚੇ ਨੂੰ ਘਰ ਦੇ ਅੰਦਰ ਲਿਜਾਇਆ ਜਾਵੇਗਾ, ਜੋ ਇਸ ਝੌਂਪੜੀ ਤੋਂ ਕਰੀਬ 100 ਮੀਟਰ ਦੂਰ ਹੈ।

ਕੁਝ ਕੁ ਕਾਡੂਗੋਲਾ ਪਰਿਵਾਰ ਨਵਜੰਮੇ ਬੱਚੇ ਨੂੰ ਘਰ ਅੰਦਰ ਲਿਆਉਣ ਤੋਂ ਪਹਿਲਾਂ ਬੱਕਰੇ ਦੀ ਬਲ਼ੀ ਚਾੜ੍ਹਦੇ ਹਨ। ਆਮ ਤੌਰ 'ਤੇ 'ਸ਼ੁੱਧੀਕਰਨ' ਦੀ ਇੱਕ ਰਸਮ ਅਦਾ ਕੀਤੀ ਜਾਂਦੀ ਹੈ, ਜਿਸ ਵਿੱਚ ਝੌਂਪੜੀ, ਮਾਂ ਅਤੇ ਬੱਚੇ ਦੇ ਕੱਪੜਿਆਂ ਨੂੰ ਸਾਫ਼ ਕੀਤਾ ਜਾਂਦਾ ਹੈ। ਪਿੰਡ ਦੇ ਬਜ਼ੁਰਗ ਇਸ ਜੋੜੇ ਨੂੰ ਦੂਰੋਂ ਅਸ਼ੀਰਵਾਦ ਦਿੰਦੇ ਹਨ। ਫਿਰ ਉਨ੍ਹਾਂ ਨੂੰ ਨਾਮਕਰਣ (ਨਾਮ ਰੱਖਣ ਵਾਸਤੇ) ਰਸਮ ਵਾਸਤੇ ਨੇੜਲੇ ਮੰਦਰ ਲਿਜਾਇਆ ਜਾਂਦਾ ਹੈ; ਜਿੱਥੇ ਉਹ ਪ੍ਰਾਰਥਨਾ ਕਰਦੇ ਹਨ ਅਤੇ ਖਾਣਾ ਖਾਂਦੇ ਹਨ ਅਤੇ ਫਿਰ ਕਿਤੇ ਜਾ ਕੇ ਉਨ੍ਹਾਂ ਨੂੰ ਘਰ ਅੰਦਰ ਵੜ੍ਹਨ ਦੀ ਆਗਿਆ ਮਿਲ਼ਦੀ ਹੈ।

*****

ਇਸ ਦਰਮਿਆਨ ਬਗਾਵਤ ਵੀ ਮੱਘ ਰਹੀ ਹੈ।

ਡੀ. ਜਯਾਲਕਸ਼ਮੀ, ਜੋ ਅਰਲਾਸੰਦਰਾ ਪਿੰਡ ਦੀ ਕਾਡੂਗੋਲਾ ਬਸਤੀ ਵਿੱਚ ਰਹਿੰਦੀ ਹਨ, ਮਾਹਵਾਰੀ ਦੌਰਾਨ ਘਰੋਂ ਬਾਹਰ ਨਹੀਂ ਰਹਿੰਦੀ, ਬਾਵਜੂਦ ਇਹਦੇ ਕਿ ਇਨ੍ਹਾਂ ਦੇ ਭਾਈਚਾਰੇ ਦੇ ਲੋਕ ਉਨ੍ਹਾਂ ਅੱਗੇ ਇਸ ਪਰੰਪਰਾ ਨੂੰ ਨਿਭਾਉਣ ਦੀ ਬਾਰ-ਬਾਰ ਜ਼ਿੱਦ ਕਰਦੇ ਰਹਿੰਦੇ ਹਨ। 45 ਸਾਲਾ ਇਹ ਆਂਗਨਵਾੜੀ ਵਰਕਰ ਆਪਣੇ ਚਾਰੇ ਪ੍ਰਸਵਾਂ ਤੋਂ ਬਾਅਦ ਹਸਪਤਾਲ ਤੋਂ ਸਿੱਧੀ ਘਰ ਹੀ ਆਉਂਦੀ ਰਹੀ, ਜਿਸ ਕਰਕੇ ਕਾਡੂਗੋਲਾ ਦੇ ਗੁਆਂਢੀ ਪਰਿਵਾਰ ਨਰਾਜ਼ ਹਨ।

Aralalasandra village's D. Jayalakshmma and her husband Kulla Kariyappa are among the few who have opposed this practice and stopped segeragating
PHOTO • Tamanna Naseer
Aralalasandra village's D. Jayalakshmma and her husband Kulla Kariyappa are among the few who have opposed this practice and stopped segeragating
PHOTO • Tamanna Naseer

ਅਰਲਾਸੰਦਰਾ ਪਿੰਡ ਦੀ ਡੀ. ਜਯਾਲਕਸ਼ਮੀ ਅਤੇ ਉਨ੍ਹਾਂ ਦੇ ਪਤੀ ਕੂਲਾ ਕਰਿਯੱਪਾ ਉਨ੍ਹਾਂ ਕੁਝ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਸ ਪ੍ਰਥਾ ਦਾ ਵਿਰੋਧ ਕੀਤਾ ਅਤੇ ਇਕਾਂਤਵਾਸ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ

''ਜਦੋਂ ਮੇਰਾ ਵਿਆਹ ਹੋਇਆ, ਤਾਂ ਸਾਰੀਆਂ ਔਰਤਾਂ ਆਪਣੀ ਮਾਹਵਾਰੀ ਦਾ ਸਮਾਂ ਪਿੰਡੋਂ ਬਾਹਰ ਬਣੀਆਂ ਇਨ੍ਹਾਂ ਛੋਟੀਆਂ ਝੌਂਪੜੀਆਂ ਵਿੱਚ ਜਾਂ ਕਈ ਵਾਰੀ ਇਨ੍ਹਾਂ ਰੁੱਖਾਂ ਹੇਠ ਬਿਤਾਇਆ ਕਰਦੀਆਂ ਸਨ। ਮੇਰੇ ਪਤੀ ਨੂੰ ਵੀ ਇਸ ਪ੍ਰਥਾ 'ਤੇ ਇਤਰਾਜ਼ ਸੀ। ਮੈਂ ਵਿਆਹ ਤੋਂ ਪਹਿਲਾਂ ਆਪਣੇ ਪੇਕੇ ਘਰ ਵੀ ਇਸ ਪ੍ਰਥਾ ਨੂੰ ਨਹੀਂ ਨਿਭਾਇਆ ਸੀ। ਇਸਲਈ ਮੈਂ ਇੱਥੇ ਵੀ ਇਸ ਦੀ ਪਾਲਣਾ ਤੋਂ ਇਨਕਾਰ ਕੀਤਾ। ਪਰ ਅਸੀਂ ਹਾਲੇ ਵੀ ਪਿੰਡ ਦੇ ਲੋਕਾਂ ਤੋਂ ਤਾਅਨੇ ਸੁਣਦੇ ਹਾਂ,'' ਜਯਾਲਕਸ਼ਮੀ ਕਹਿੰਦੀ ਹਨ, ਜਿਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਦੀਆਂ ਤਿੰਨ ਧੀਆਂ- ਜਿਨ੍ਹਾਂ ਦੀ ਉਮਰ 19 ਸਾਲ ਤੋਂ 23 ਸਾਲ ਦੇ ਵਿਚਕਾਰ ਹੈ, ਉਹ ਵੀ ਆਪਣੀ ਮਾਹਵਾਰੀ ਦੌਰਾਨ ਘਰੋਂ ਬਾਹਰ ਨਹੀਂ ਰਹਿੰਦੀਆਂ।

''ਉਹ (ਪਿੰਡ ਵਾਲ਼ੇ) ਸਾਨੂੰ ਤਾਅਨੇ ਮਾਰਿਆ ਕਰਦੇ ਅਤੇ ਪਰੇਸ਼ਾਨ ਕਰਦੇ। ਜਦੋਂ ਕਦੇ ਵੀ ਸਾਨੂੰ ਕੋਈ ਮੁਸੀਬਤ ਪੈਂਦੀ ਤਾਂ ਉਹ ਇਹੀ ਕਹਿੰਦੇ ਹਨ ਕਿ ਅਸੀਂ ਪਰੰਪਰਾ ਦਾ ਪਾਲਣ ਨਹੀਂ ਕਰਦੇ ਇਸੇ ਲਈ ਸਾਡੇ ਨਾਲ਼ ਮਾੜਾ ਹੋ ਰਿਹਾ ਹੈ। ਕਈ ਵਾਰੀ ਉਹ ਸਾਡੀ ਅਣਦੇਖੀ ਕਰਦੇ ਹਨ। ਬੀਤੇ ਕੁਝ ਸਾਲਾਂ ਵਿੱਚ, ਕਨੂੰਨ ਦੇ ਡਰੋਂ, ਲੋਕਾਂ ਨੇ ਸਾਡੀ ਅਣਦੇਖੀ ਕਰਨੀ ਬੰਦ ਕਰ ਦਿੱਤੀ ਹੈ,'' ਜਯਾਲਕਸ਼ਮੀ ਦੇ ਪਤੀ 60 ਸਾਲਾ ਕੁੱਲਾ ਕਰਿਯੱਪਾ ਕਹਿੰਦੇ ਹਨ। ਉਹ ਕਾਲਜ ਦੇ ਸੇਵਾਮੁਕਤ ਲੈਕਚਰਾਰ ਹਨ ਅਤੇ ਉਨ੍ਹਾਂ ਕੋਲ਼਼ ਐੱਮ.ਏ. ਬੀ.ਐੱਡ ਦੀ ਡਿਗਰੀ ਹੈ। ''ਜਦੋਂ ਕਦੇ ਪਿੰਡ ਵਾਸੀ ਮੇਰੇ ਤੋਂ ਸਵਾਲ ਪੁੱਛਦੇ ਹਨ ਅਤੇ ਮੈਨੂੰ ਇਸ ਪਰੰਪਰਾਰ ਦਾ ਪਾਲਣ ਕਰਨ ਲਈ ਕਹਿੰਦੇ ਹਨ, ਮੈਂ ਅੱਗੋਂ ਜਵਾਬ ਦਿੰਦਾ ਹਾਂ ਕਿ ਮੈਂ ਇੱਕ ਅਧਿਆਪਕ ਹਾਂ ਅਤੇ ਮੈਂ ਇਹੋ ਜਿਹਾ ਵਿਵਹਾਰ ਨਹੀਂ ਕਰ ਸਕਦਾ। ਸਾਡੀਆਂ ਕੁੜੀਆਂ ਦਾ ਇਹ ਕਹਿ ਕੇ ਬ੍ਰੇਨਵਾਸ਼ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਸਦਾ ਕੁਰਬਾਨੀ ਦੇਣੀ ਪਵੇਗੀ,'' ਗੁੱਸੇ ਵਿੱਚ ਉਹ ਕਹਿੰਦੇ ਹਨ।

30 ਸਾਲਾ ਦੋ ਬੱਚਿਆਂ ਦੀ ਮਾਂ ਜਯਾਲਕਸ਼ਮੀ ਵਾਂਗ ਅੰਮ੍ਰਿਤਾ (ਅਸਲੀ ਨਾਮ ਨਹੀਂ), ਜੋ ਅਰਲਾਸੰਦਰਾ  ਵਿੱਚ ਰਹਿੰਦੀ ਹਨ, ਵੀ ਇਕਾਂਤਵਾਸ ਦੀ ਇਸ ਪ੍ਰਥਾ ਨੂੰ ਰੋਕਣਾ ਚਾਹੁੰਦੀ ਹੈ- ਪਰ ਉਹ ਇੰਝ ਕਰਨ ਤੋਂ ਅਸਮਰੱਥ ਹਨ। ''ਕਿਸੇ ਉੱਚ ਅਧਿਕਾਰੀ (ਨੇਤਾ) ਨੂੰ ਸਾਡੇ ਪਿੰਡ ਦੇ ਬਜ਼ੁਰਗਾਂ ਨੂੰ ਇਹ ਗੱਲ ਸਮਝਾਉਣੀ ਪਵੇਗੀ। ਨਹੀਂ ਤਾਂ ਮੇਰੀ 5 ਸਾਲਾ ਧੀ ਨੂੰ (ਵੱਡੀ ਹੋਣ 'ਤੇ) ਵੀ ਇੰਝ ਹੀ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ। ਮੈਨੂੰ ਖੁਦ ਹੀ ਆਪਣੀ ਧੀ ਨੂੰ ਇਹ ਪਰੰਪਰਾ ਨਿਭਾਉਣ ਲਈ ਕਹਿਣਾ ਪਵੇਗਾ। ਮੈਂ ਇਕੱਲੀ ਇਸ ਪ੍ਰਥਾ ਨੂੰ ਰੋਕ ਨਹੀਂ ਸਕਦੀ।

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Tamanna Naseer

Tamanna Naseer is a freelance journalist based in Bengaluru.

Other stories by Tamanna Naseer
Illustration : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Editor and Series Editor : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur