ਹਰ ਸਵੇਰ ਪੂਰਾ ਸ਼ੇਖ ਟੱਬਰ ਕੰਮ ਲਈ ਘਰੋਂ ਨਿਕਲ਼ਦਾ ਹੈ। ਫ਼ਾਤਿਮਾ ਸੈਂਟਰਲ ਸ਼੍ਰੀਨਗਰ ਦੇ ਬਟਮਾਲੂ ਇਲਾਕੇ ਦੀ ਝੁੱਗੀ ਬਸਤੀ (ਕਲੌਨੀ) ਵਿੱਚ ਸਥਿਤ ਆਪਣੇ ਘਰੋਂ ਹਰ ਰੋਜ਼ ਸਵੇਰੇ 9 ਵਜੇ ਨਿਕਲ਼ਦੀ ਹਨ ਅਤੇ ਸ਼ਾਮੀਂ ਕਰੀਬ 5 ਵਜੇ ਤੱਕ ਸ਼ਹਿਰ ਅੰਦਰ ਤਕਰੀਬਨ 20 ਕਿਲੋਮੀਟਰ ਦਾ ਚੱਕਰ ਲਗਾਉਂਦੇ ਹੋਏ ਬੇਕਾਰ (ਸੁੱਟੀਆਂ ਹੋਈਆਂ) ਬੋਤਲਾਂ ਅਤੇ ਗੱਤਾ ਇਕੱਠਾ ਕਰਦੀ ਹਨ। ਉਨ੍ਹਾਂ ਦੇ ਪਤੀ ਮੁਹੰਮਦ ਕੁਰਬਾਨ ਸੇਖ਼ ਕਦੇ-ਕਦੇ ਕੂੜਾ ਚੁੱਕਦੇ ਚੁਗਦੇ ਸ਼ਹਿਰ ਦੀ ਸੀਮਾ ਦੇ ਪਾਰ 30 ਕਿਲੋਮੀਟਰ ਘੇਰੇ ਅੰਦਰ ਸਥਿਤ ਕਸਬਿਆਂ ਅਤੇ ਪਿੰਡਾਂ ਤੱਕ ਚਲੇ ਜਾਂਦੇ ਹਨ। ਫ਼ਾਤਿਮਾ ਵਾਂਗਰ ਹੀ ਉਹ ਵੀ ਇਹਦੇ ਵਾਸਤੇ ਤਿੰਨ ਪਹੀਆਂ ਵਾਲ਼ੇ ਠੇਲ੍ਹੇ ਦੀ ਵਰਤੋਂ ਕਰਦੇ ਹਨ, ਜਿਹਦੇ ਪਿਛਲੇ ਪਾਸੇ ਟੈਂਪੂ ਵਾਂਗ ਜਾਪਣ ਵਾਲ਼ਾ ਕੰਟੇਨਰ ਜੜ੍ਹਿਆ ਹੁੰਦਾ ਹੈ। 17 ਤੋਂ 21 ਸਾਲ ਤੱਕ ਉਮਰ ਵਾਲ਼ੇ ਉਨ੍ਹਾਂ ਦੇ ਦੋਵੇਂ ਬੇਟੇ ਅਤੇ ਇੱਕ ਬੇਟੀ ਵੀ ਸ਼੍ਰੀਨਗਰ ਵਿੱਚ ਕੂੜਾ ਚੁਗਣ ਦਾ ਕੰਮ ਕਰਦੇ ਹਨ।

ਪਰਿਵਾਰ ਦੇ ਪੰਜੋ ਮੈਂਬਰ ਮਿਲ਼ ਕੇ ਸ਼੍ਰੀਨਗਰ ਦੇ ਘਰਾਂ, ਹੋਟਲਾਂ, ਨਿਰਮਾਣ ਸਥਲਾਂ, ਸਬਜ਼ੀ ਮੰਡੀਆਂ ਅਤੇ ਹੋਰਨਾਂ ਥਾਵਾਂ ਤੋਂ ਹਰ ਦਿਨ ਨਿਕਲ਼ਣ ਵਾਲ਼ੇ ਕੁੱਲ 400-500 ਟਨ ਕੂੜੇ ਦੇ ਇੱਕ ਹਿੱਸੇ ਦੀ ਸਫ਼ਾਈ ਕਰਦੇ ਹਨ। ਇਹ ਅੰਕੜਾ ਸ਼੍ਰੀਨਗਰ ਨਗਰ ਨਿਗਮ ਦੁਆਰਾ ਦਿੱਤਾ ਗਿਆ ਹੈ।

ਸ਼ੇਖ ਪਰਿਵਾਰ ਦੇ ਲੋਕਾਂ ਦੇ ਨਾਲ਼-ਨਾਲ਼ ਕੂੜਾ ਚੁਗਣ ਵਾਲ਼ੇ- ਨਗਰ ਨਿਗਮ ਦੀ ਕੂੜਾ ਪ੍ਰਬੰਧਨ ਪ੍ਰਕਿਰਿਆਵਾਂ ਨਾਲ਼ ਰਸਮੀ ਤੌਰ 'ਤੇ ਜੁੜੇ ਨਹੀਂ ਹਨ, ਜਿਨ੍ਹਾਂ ਬਾਰੇ ਨਗਰ ਨਿਗਰਮ ਦੇ ਕਮਿਸ਼ਨਰ ਅਤਹਰ ਅਮੀਰ ਖਾਨ ਕਹਿੰਦੇ ਹਨ ਕਿ ਸ਼ਹਿਰ ਦੇ ਠੋਸ ਕੂੜੇ ਕਰਕਟ ਦੇ ਨਿਪਟਾਰੇ ਵਾਸਤੇ ਕਰੀਬ 4000 ਸਫ਼ਾਈ ਕਰਮੀ ਜਾਂ ਤਾਂ ਪੱਕੇ ਹਨ ਜਾਂ ਠੇਕੇ 'ਤੇ ਰੱਖੇ ਗਏ ਹਨ। ਸ਼੍ਰੀਨਗਰ ਨਗਰ ਨਿਗਮ ਦੇ ਮੁੱਖ ਸਵੱਛਤਾ ਅਧਿਕਾਰੀ ਨਜ਼ੀਰ ਅਹਿਮਦ ਕਹਿੰਦੇ ਹਨ,''ਹਾਲਾਂਕਿ, ਕਬਾੜੀਏ ਸਾਡੇ ਚੰਗੇ ਮਿੱਤਰ ਸਾਬਤ ਹੁੰਦੇ ਹਨ। ਉਹ ਪਲਾਸਟਿਕ ਦੇ ਉਸ ਕੂੜੇ ਨੂੰ ਚੁਗ ਲੈਂਦੇ ਹਨ ਜੋ 100 ਸਾਲਾਂ ਵਿੱਚ ਵੀ ਨਹੀਂ ਗਲ਼ਦਾ।''

ਕਬਾੜੀਏ ਨਾ ਸਿਰਫ਼ 'ਸਵੈ-ਰੁਜ਼ਗਾਰੀ' ਹਨ, ਸਗੋਂ ਉਹ ਬਗ਼ੈਰ ਕਿਸੇ ਤਰ੍ਹਾਂ ਦੀ ਵਿਅਕਤੀਗਤ ਸੁਰੱਖਿਆ ਦੇ ਬੇਹੱਦ ਖ਼ਤਰਨਾਕ ਹਾਲਾਤਾਂ ਵਿੱਚ ਵੀ ਕੰਮ ਕਰਦੇ ਹਨ ਅਤੇ ਕੋਵਿਡ-19 ਮਹਾਂਮਾਰੀ ਦੇ ਬਾਅਦ ਤਾਂ ਉਨ੍ਹਾਂ ਦੇ ਸਿਰ 'ਤੇ ਇੱਕ ਤਲਵਾਰ ਹੋਰ ਲਮਕ ਗਈ ਹੈ। ''ਮੈਂ ਅੱਲ੍ਹਾ ਦਾ ਨਾਂਅ ਲੈ ਕੇ ਦੋਬਾਰਾ ਕੰਮ ਕਰਨਾ (ਜਨਵਰੀ 2021 ਵਿੱਚ ਤਾਲਾਬੰਦੀ ਵਿੱਚ ਜ਼ਰਾ ਢਿੱਲ ਦਿੱਤੇ ਜਾਣ ਤੋਂ ਬਾਅਦ) ਸ਼ੁਰੂ ਕੀਤਾ। ਮੈਂ ਨੇਕ ਇਰਾਦਿਆਂ ਦੇ ਨਾਲ਼ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਕੰਮ ਕਰਦੀ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਮੈਂ ਸੰਕ੍ਰਮਿਤ ਹੋਣ ਤੋਂ ਬਚੀ ਰਹਾਂਗੀ...'' 40 ਸਾਲਾ ਫ਼ਾਤਿਮਾ ਕਹਿੰਦੀ ਹਨ।

PHOTO • Muzamil Bhat

ਫ਼ਾਤਿਮਾ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਸ਼ਹਿਰ ਦੇ ਤਕਰੀਬਨ 20 ਕਿਲੋਮੀਟਰ ਦਾ ਗੇੜਾ ਲਾਉਂਦੇ ਹੋਏ ਸੁੱਟੀਆਂ ਹੋਈਆਂ ਬੋਤਲਾਂ ਅਤੇ ਗੱਤਾ ਇਕੱਠਾ ਕਰਦੀ ਹੈ

ਠੀਕ ਉਸੇ ਤਰ੍ਹਾਂ ਖ਼ੌਫ਼ ਦੇ ਅਹਿਸਾਸ ਪਾਲ਼ੀ ਅਤੇ ਅੱਲ੍ਹਾ 'ਤੇ ਆਪਣੀ ਡੋਰ ਸੁੱਟੀ 35 ਸਾਲਾ ਮੁਹੰਮਦ ਕਬੀਰ ਵੀ ਕੰਮ ਕਰਦੇ ਹਨ, ਜੋ ਸੈਂਟਰ ਸ਼੍ਰੀਨਗਰ ਦੇ ਸੌਰਾ ਇਲਾਕੇ ਵਿੱਚ ਸਥਿਤ ਇੱਕ ਝੁੱਗੀ ਬਸਤੀ ਵਿੱਚ ਰਹਿੰਦੇ ਹਨ ਅਤੇ 2002 ਤੋਂ ਕੂੜਾ ਚੁਗਣ ਦੇ ਕੰਮ ਵਿੱਚ ਲੱਗੇ ਹੋਏ ਹਨ। ਉਹ ਕਹਿੰਦੇ ਹਨ,''ਜੇ ਮੈਂ ਵੀ ਸੰਕ੍ਰਮਿਤ ਹੋ ਗਿਆ ਤਾਂ ਮੈਨੂੰ ਪਰਿਵਾਰ ਦੇ ਸੰਕ੍ਰਮਿਤ ਹੋਣ ਦਾ ਡਰ ਸਭ ਤੋਂ ਵੱਧ ਰਹੇਗਾ। ਪਰ ਮੈਂ ਉਨ੍ਹਾਂ ਨੂੰ ਭੁੱਖੇ ਮਰਨ ਵੀ ਨਹੀਂ ਦੇ ਸਕਦਾ, ਇਸਲਈ ਮੈਂ ਆਪਣਾ ਕੰਮ ਕਰਨ ਲਈ ਘਰੋਂ ਬਾਹਰ ਨਿਕਲ਼ ਹੀ ਜਾਂਦਾ ਹਾਂ। ਜਦੋਂ ਕਰੋਨਾ ਫ਼ੈਲਣਾ ਸ਼ੁਰੂ ਹੋਇਆ ਸੀ ਤਦ ਮੈਂ ਆਪਣੇ ਠੇਕੇਦਾਰ ਪਾਸੋਂ 50,000 ਰੁਪਏ ਦਾ ਕਰਜ਼ਾ ਚੁੱਕਿਆ ਸੀ। ਹੁਣ ਮੈਨੂੰ ਕਰਜ਼ਾ ਅਦਾ ਕਰਨਾ ਪੈਣਾ ਹੈ, ਇਸਲਈ ਖ਼ਤਰੇ ਦਾ ਅਹਿਸਾਸ ਹੁੰਦੇ ਹੋਏ ਵੀ ਮੈਨੂੰ ਘਰੋਂ ਨਿਕਲ਼ਣਾ ਹੀ ਪੈਂਦਾ ਹੈ।'' ਕਬੀਰ ਦੇ 6 ਮੈਂਬਰੀ ਪਰਿਵਾਰ ਦਾ ਢਿੱਡ ਭਰਨ ਲਈ ਉਨ੍ਹਾਂ ਦੀ ਕਮਾਈ ਹੀ ਇਕਲੌਤਾ ਜ਼ਰੀਆ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਦੋ ਬੇਟੀਆਂ ਅਤੇ ਦੋ ਬੇਟੇ ਹਨ, ਜਿਨ੍ਹਾਂ ਦੀ ਉਮਰ 2 ਸਾਲ ਤੋਂ 18 ਸਾਲ ਦੇ ਵਿਚਕਾਰ ਹੈ।

ਉਹ ਅਤੇ ਹੋਰ ਦੂਸਰੇ ਸਫ਼ਾਈ ਕਰਮੀ ਕਈ ਹੋਰਨਾਂ ਖ਼ਤਰਿਆਂ ਦਾ ਵੀ ਸਾਹਮਣਾ ਕਰਦੇ ਹਨ। ਉੱਤਰੀ ਸ਼੍ਰੀਨਗਰ ਦੇ ਐੱਚਐੱਮਟੀ ਇਲਾਕੇ ਦੇ ਵਸਨੀਕ 45 ਸਾਲਾ ਈਮਾਨ ਅਲੀ ਦੱਸਦੇ ਹਨ,''ਸਾਨੂੰ ਤਾਂ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਕੂੜੇ ਵਿੱਚ ਕੀ ਹੈ, ਸੋ ਕਈ ਵਾਰੀ ਸਾਡੇ ਹੱਥ 'ਤੇ ਬਲੇਡ ਵੱਜ ਜਾਂਦਾ ਹੈ, ਤਾਂ ਕਦੇ ਵਰਤੇ ਗਏ ਇੰਜੈਕਸ਼ਨ ਦੀ ਸੂਈ ਤੱਕ ਚੁਭ ਜਾਂਦੀ ਹੈ।'' ਇਸਲਈ ਸੈਪਟਿਕ ਹੋਣ ਦੇ ਡਰੋਂ ਆਰਜ਼ੀ ਬੰਦੋਬਸਤ ਵਜੋਂ ਹਰ ਮਹੀਨੇ ਕਿਸੇ ਸਰਕਾਰੀ ਹਸਪਤਾਲ ਜਾਂ ਕਲੀਨਿਕ ਵਿੱਚੋਂ ਟੈਟਨਸ ਦਾ ਟੀਕਾ ਲਵਾ ਲੈਂਦੇ ਹਾਂ।

ਹਰ ਦਿਨ ਤਕਰੀਬਨ 50-80 ਕਿਲੋ ਤੱਕ ਕੂੜਾ ਚੁਗਣ ਬਾਅਦ ਸਫ਼ਾਈ ਕਰਮੀ ਆਪੋ-ਆਪਣੀਆਂ ਝੌਂਪੜੀਆਂ ਦੇ ਕੋਲ਼ ਖੁੱਲ੍ਹੀ ਥਾਵੇਂ, ਇਕੱਠੇ ਕੀਤੇ ਗਏ ਕੂੜੇ ਤੋਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਚੁਗ ਲੈਂਦੇ ਹਨ। ਉਸ ਤੋਂ ਬਾਅਦ ਉਹ ਪਲਾਸਟਿਕ, ਗੱਤਾ, ਐਲੂਮੀਨੀਅਮ ਟੀਨ ਅਤੇ ਹੋਰ ਦੂਸਰੇ ਮੈਟੀਰੀਅਲ ਨੂੰ ਪਲਾਸਟਿਕ ਦੀਆਂ ਵੱਡੀਆਂ-ਵੱਡੀਆਂ ਬੋਰੀਆਂ ਵਿੱਚ ਭਰ ਕੇ ਰੱਖਦੇ ਹਾਂ। ਮੁਹੰਮਦ ਕੁਰਬਾਨ ਸ਼ੇਖ ਦੱਸਦੇ ਹਨ,''ਜੇ ਇਹ ਕੁਝ ਟਨ ਹੋਵੇ ਤਾਂ ਕਬਾੜ ਡੀਲਰ ਆਪਣਾ ਟਰੱਕ ਭੇਜ ਦਿੰਦੇ ਹਨ। ਪਰ ਆਮ ਤੌਰ 'ਤੇ ਅਸੀਂ ਇੰਝ ਭੰਡਾਰ ਕਰਕੇ ਰੱਖਦੇ ਵੀ ਨਹੀਂ। ਅਸੀਂ ਤਾਂ ਜਮ੍ਹਾ ਕਬਾੜ ਨੂੰ ਨਾਲ਼ੋਂ-ਨਾਲ਼ ਵੇਚ ਦਿੰਦੇ ਹਾਂ ਅਤੇ ਉਹਦੇ ਲਈ ਸਾਨੂੰ 4-5 ਕਿਲੋਮੀਟਰ ਦੂਰ ਡੀਲਰਾਂ ਦੇ ਕੋਲ਼ ਜਾਣਾ ਪੈਂਦਾ ਹੈ।'' ਡੀਲਰ, ਪਲਾਸਟਿਕ ਬਦਲੇ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਪੈਸੇ ਦਿੰਦੇ ਹਨ ਗੱਤੇ ਬਦਲੇ 5 ਰੁਪਏ ਪ੍ਰਤੀ ਕਿਲੋ।

ਕੂੜਾ ਚੁਗਣ ਕੇ ਆਪਣਾ ਗੁਜ਼ਾਰਾ ਚਲਾਉਣ ਵਾਲ਼ੇ ਸ਼ੇਖ ਆਮ ਤੌਰ 'ਤੇ ਮਹੀਨੇ ਵਿੱਚ 15-20 ਦਿਨ ਕੰਮ ਕਰਦੇ ਹਨ ਅਤੇ ਬਾਕੀ ਦਿਨੀਂ ਜਮ੍ਹਾ ਕੀਤੇ ਹੋਏ ਕੂੜੇ ਨੂੰ ਅੱਡ-ਅੱਡ ਕਰਦੇ ਹਨ। ਕਬਾੜ ਵੇਚਣ ਨਾਲ਼, 5 ਮੈਂਬਰਾਂ ਦੇ ਉਨ੍ਹਾਂ ਪਰਿਵਾਰ ਦੀ ਹਰ ਮਹੀਨੇ ਕੁੱਲ ਮਿਲ਼ਾ ਕੇ 20,000 ਰੁਪਏ ਦੀ ਆਮਦਨੀ ਹੁੰਦੀ ਹੈ। ਫ਼ਾਤਿਮਾ ਕਹਿੰਦੀ ਹਨ,''ਇਸੇ ਪੈਸੇ ਵਿੱਚੋਂ ਸਾਨੂੰ 5,000 ਰੁਪਏ ਘਰ ਦੇ ਕਿਰਾਏ ਲਈ ਦੇਣੇ ਪੈਂਦੇ ਹਨ। ਖਾਣੇ ਦਾ ਬੰਦੋਬਸਤ ਕਰਨਾ ਹੁੰਦਾ ਹੈ, ਠੇਲ੍ਹੇ ਦੇ ਰੱਖ-ਰਖਾਓ ਲਈ ਕੁਝ ਪੈਸੇ ਖਰਚ ਹੁੰਦੇ ਹਨ ਅਤੇ ਹੋਰ ਵੀ ਕਈ ਬੁਨਿਆਦੀ ਲੋੜਾਂ ਨੂੰ ਪੂਰਿਆਂ ਕਰਨਾ ਪੈਂਦਾ ਹੈ। ਥੋੜ੍ਹੇ ਸ਼ਬਦਾਂ ਵਿੱਚ ਦੱਸਾਂ ਤਾਂ ਸਾਡੀ ਆਈ ਚਲਾਈ ਚੱਲਦੀ ਹੈ, ਸਾਡੀ ਕਿਹੜੀ ਨੌਕਰੀ ਹੈ ਜੋ ਅਸੀਂ ਬੱਚਤ ਕਰ ਲਿਆ ਕਰੀਏ।''

PHOTO • Muzamil Bhat

ਮੁਹੰਮਦ ਕੁਰਬਾਨ ਪਲਾਸਟਿਕ ਦੀਆਂ ਬੌਤਲਾਂ ਅਲੱਗ ਕਰਦੇ ਹੋਏ। ਉਹ ਇਸ ਤੋਂ ਬਾਅਦ ਉਨ੍ਹਾਂ ਨੂੰ ਸਕਰੈਪ ਡੀਲਰ ਦੇ ਕੋਲ਼ ਲੈ ਜਾਣਗੇ

ਉਨ੍ਹਾਂ ਦੇ ਪਰਿਵਾਰ ਦੇ ਨਾਲ਼-ਨਾਲ਼, ਕੂੜਾ ਚੁਗਣ ਵਾਲ਼ੇ ਹੋਰ ਲੋਕ ਵੀ ਆਮ ਤੌਰ 'ਤੇ ਵਿਕਰੀ ਵਾਸਤੇ ਪਹਿਲਾਂ ਤੋਂ ਹੀ ਕਿਸੇ ਖ਼ਾਸ ਕਬਾੜ ਡੀਲਰ ਨਾਲ਼ ਗੱਲ ਮੁਕਾ ਕੇ ਰੱਖਦੇ ਹਨ। ਸ਼ਹਿਰ ਦੇ ਉੱਤਰ ਵਿੱਚ ਸਥਿਤ ਬੇਮਿਨਾ ਦੇ ਕਬਾੜ ਡੀਲਰ 39 ਸਾਲਾ ਰਿਆਜ਼ ਅਹਿਮਦ ਅੰਦਾਜ਼ਾ ਲਾਉਂਦੇ ਹਨ,''ਉਹ (ਕੂੜਾ-ਚੁਗਣ ਵਾਲ਼ੇ) ਸਾਡੇ ਕਬਾੜੇਖਾਨੇ ਹਰ ਰੋਜ਼ ਕਰੀਬ ਇੱਕ ਟਨ ਪਲਾਸਟਿਕ ਅਤੇ 1.5 ਟਨ ਗੱਤਾ ਲੈ ਕੇ ਆਉਂਦੇ ਹਨ।''

ਕਦੇ-ਕਦਾਈਂ ਈਮਾਨ ਹੁਸੈਨ ਜਿਹੇ ਵਿਚੋਲੇ ਵੀ ਇਸ ਕੰਮ (ਰਿਸਾਈਕਲ) ਵਿੱਚ ਲੱਗੇ ਨਜ਼ਰੀਂ ਪੈਂਦੇ ਹਨ। 38 ਸਾਲਾ ਈਮਾਨ ਹੁਸੈਨ ਉੱਤਰੀ ਸ਼੍ਰੀਨਗਰ ਦੇ ਐੱਚਐੱਮਟੀ ਇਲਾਕੇ ਵਿੱਚ ਸਥਿਤ ਆਪਣੀ ਝੁੱਗੀ ਬਸਤੀ (ਕਲੋਨੀ) ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ,''ਮੈਂ ਕੂੜਾ ਚੁਗਣ ਵਾਲ਼ਿਆਂ ਅਤੇ ਕਬਾੜ ਡੀਲਰਾਂ ਲਈ ਵਿਚੋਲਪੁਣੇ ਦਾ ਕੰਮ ਕਰਦਾ ਹਾਂ। ਮੈਨੂੰ ਕੂੜਾ ਚੁਗਣ ਵਾਲ਼ਿਆਂ ਪਾਸੋਂ ਇਕੱਠੀ ਕੀਤੀ ਗਈ ਪਲਾਸਿਟ ਦੀ ਕਵਾਲਿਟੀ ਦੇ ਹਿਸਾਬ ਮੁਤਾਬਕ ਹਰ ਕਿਲੋ ਮਗਰ 50 ਪੈਸੇ ਤੋਂ ਲੈ ਕੇ 2 ਰੁਪਏ ਤੱਕ ਦਾ ਕਮਿਸ਼ਨ ਮਿਲ਼ਦਾ ਹੈ। ਆਮ ਤੌਰ 'ਤੇ ਮੇਰੀ ਮਹੀਨੇ ਦੀ 8,000 ਤੋਂ 10,000 ਰੁਪਏ ਕਮਾਈ ਹੋ ਹੀ ਜਾਂਦੀ ਹੈ।''

ਜੋ ਕੂੜਾ ਨਵਿਆਉਣਯੋਗ ਨਹੀਂ ਹੁੰਦਾ ਉਹ ਸੈਂਟਰਲ ਸ਼੍ਰੀਨਗਰ ਦੇ ਸੈਦਪੋਰਾ ਇਲਾਕੇ ਦੇ ਅਚਨ ਸੌਰਾ ਡੰਪਿੰਗ ਗਰਾਊਂਡ ਵਿੱਚ ਡਿੱਗਦਾ ਹੈ। ਇੱਥੋਂ ਦੀ 65 ਏਕੜ ਦੀ ਜ਼ਮੀਨ ਨੂੰ 1986 ਤੋਂ ਨਗਰ ਨਿਗਮ ਦੁਆਰਾ ਡੰਪਿੰਗ ਗਰਾਊਂਡ ਵਜੋਂ ਵਰਤਿਆ ਜਾਂਦਾ ਰਿਹਾ ਹੈ, ਸ਼੍ਰੀਨਗਰ ਵਿੱਚ ਠੋਸ ਕੂੜੇ ਵਿੱਚ ਹੋਏ ਵਾਧੇ ਕਾਰਨ ਇਹਦਾ ਵਿਸਤਾਰ 65 ਏਕੜ ਤੋਂ 175 ਏਕੜ ਤੱਕ ਚਲਾ ਗਿਆ ਹੈ।

ਨਗਰ ਨਿਗਮ ਨੇ ਇਸ ''ਅਣਅਧਿਕਾਰਤ ਪੰਜੀਕ੍ਰਿਤ'' ਡੰਪਿੰਗ ਗਰਾਊਂਡ ਵਿੱਚ ਕਬਾੜ ਇਕੱਠਾ ਕਰਨ ਵਾਲ਼ੇ ਕਰੀਬ 120 ਲੋਕਾਂ ਨੂੰ ਪਲਾਸਟਿਕ ਇਕੱਠੀ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ; ਅਤੇ ਇਹ ਜਾਣਕਾਰੀ ਦਿੰਦਿਆਂ ਮੁੱਖ ਸਵੱਛਤਾ ਅਧਿਕਾਰੀ ਨਜ਼ੀਰ ਅਹਿਮਦ ਕਹਿੰਦੇ ਹਨ ਕਿ 'ਉਹ ਹਰ ਦਿਨ ਤਕਰੀਬਨ 10 ਟਨ ਪਲਾਸਟਿਕ ਇਕੱਠਾ ਕਰਦੇ ਹਨ।''

ਇੱਕ ਪਾਸੇ ਵੱਧਦੇ ਸ਼ਹਿਰੀਕਰਨ ਦੇ ਨਾਲ਼-ਨਾਲ਼, ਪਲਾਸਟਿਕ ਦੇ ਕੂੜੇ ਅਤੇ ਬਾਕੀ ਦੂਸਰੀ ਤਰ੍ਹਾਂ ਦੀ ਰਹਿੰਦ-ਖੂੰਹਦ ਦਾ ਵੱਧਣਾ ਵੀ ਵੱਡੇ ਪੱਧਰ 'ਤੇ ਜਾਰੀ ਹੈ, ਕਸ਼ਮੀਲ ਵਿੱਚ ਬਾਰ-ਬਾਰ ਹਰ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਲੱਗ ਰਹੀਆਂ ਰੋਕਾਂ ਅਤੇ ਤਾਲਾਬੰਦੀ ਲਾਏ ਜਾਣ ਕਾਰਨ ਕਰਕੇ ਕਬਾੜ ਇਕੱਠਾ ਕਰਨ ਵਾਲ਼ਿਆਂ ਨੂੰ ਕਬਾੜ ਡੀਲਰਾਂ ਤੋਂ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ ਜਾਂ ਫਿਰ ਇਨ੍ਹਾਂ ਮਹੀਨਿਆਂ ਵਿੱਚ ਖਾਣ-ਪੀਣ ਵਾਸਤੇ ਉਹ ਸਥਾਨਕ ਮਸਜਿਦਾਂ 'ਤੇ ਹੀ ਨਿਰਭਰ ਰਹੇ ਹਨ।

ਇਸ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਇਲਾਵਾ ਇੱਕ ਹੋਰ ਸਮੱਸਿਆ ਹੈ, ਜੋ ਉਨ੍ਹਾਂ ਦੀਆਂ ਪਰੇਸ਼ਾਨੀ ਦੀ ਬਾਇਸ ਹੈ: ਈਮਾਨ ਹੁਸੈਨ ਕਹਿੰਦੇ ਹਨ,''ਸਾਡੇ ਕੰਮ ਕਾਰਨ ਲੋਕਾਂ ਦੀ ਨਜ਼ਰ ਵਿੱਚ ਸਾਡੀ ਕੋਈ ਇੱਜ਼ਤ ਨਹੀਂ ਹੈ। ਕੁਝ ਤਾਂ ਸਾਨੂੰ ਚੋਰ ਸਮਝਦੇ ਹਨ ਅਤੇ ਜਦੋਂਕਿ ਅਸੀਂ ਕਦੇ ਚੋਰੀ ਕੀਤੀ ਹੀ ਨਹੀਂ। ਅਸੀਂ ਸਿਰਫ਼ ਲੋਕਾਂ ਦੁਆਰਾ ਸੁੱਟੇ ਪਲਾਸਟਿਕ ਅਤੇ ਗੱਤਾ ਇਕੱਠਾ ਕਰਦੇ ਹਾਂ। ਪਰ ਇਸ ਨਾਲ਼ ਕੀ ਫ਼ਰਕ ਪੈਂਦਾ ਹੈ? ਸਿਰਫ਼ ਅੱਲ੍ਹਾ ਹੀ ਜਾਣਦਾ ਹੈ ਕਿ ਅਸੀਂ ਆਪਣਾ ਕੰਮ ਬੇਹੱਦ ਈਮਾਨਦਾਰੀ ਨਾਲ਼ ਕਰਦੇ ਹਾਂ।''

PHOTO • Muzamil Bhat

ਉੱਤਰੀ ਸ਼੍ਰੀਨਗਰ ਦੇ ਐੱਚਐੱਮਟੀ ਇਲਾਕੇ ਵਿੱਚ ਸਥਿਤ ਇੱਕ ਝੁੱਗੀ ਬਸਤੀ ਵਿੱਚ ਅਜਿਹੇ ਪਰਿਵਾਰ ਰਹਿੰਦੇ ਹਨ ਜੋ ਰੋਜ਼ੀ-ਰੋਟੀ ਵਾਸਤੇ ਕੂੜਾ ਚੁੱਕਣ/ਚੁਗਣ ਦਾ ਕੰਮ ਕਰਦੇ ਹਨ


PHOTO • Muzamil Bhat

ਬਰਬਰਸ਼ਾਹ ਮੁਹੱਲੇ ਦੇ ਵਾਸੀ 16 ਸਾਲਾ ਆਰਿਫ਼, ਮਖ਼ਦੂਮ ਸਾਹਬ ਇਲਾਕੇ ਵਿੱਚ ਇੱਕ ਟਰੱਕ ਦਾ ਕੂੜਾ ਸਾਫ਼ ਕਰਦੇ ਹੋਏ, ਜਿੱਥੇ ਕਾਫ਼ੀ ਸਾਰੇ ਲੋਕ ਕੂੜਾ ਸੁੱਟਦੇ ਹਨ। ਉਹ ਕਹਿੰਦੇ ਹਨ, '' ਮੈਂ ਅੱਜ ਕੰਮ ' ਤੇ ਦੇਰੀ ਨਾਲ਼  ਆਇਆ ਹਾਂ। ਆਮ ਤੌਰ ' ਤੇ ਮੈਂ ਨਗਰ ਨਿਗਮ ਦੇ ਕਰਮਚਾਰੀਆਂ ਤੋਂ ਪਹਿਲਾਂ ਆਉਂਦਾ ਹਾਂ, ਪਰ ਅੱਜ ਉਹ ਪਹਿਲਾਂ ਹੀ ਕੂੜਾ ਚੁੱਕ ਚੁੱਕੇ ਹਨ। ਹੁਣ ਮੈਂ ਦੇਖਾਂਗਾ ਜੇ ਕਿਤੇ ਹੋਰ ਥਾਵੇਂ ਕੂੜਾ ਮਿਲ਼ਦਾ ਹੋਇਆ ਤਾਂ ਨਹੀਂ ਤਾਂ ਖਾਲੀ ਹੱਥ ਵਾਪਸ ਚਲਾ ਜਾਊਂਗਾ ''


PHOTO • Muzamil Bhat

35 ਸਾਲਾ ਮੁਹੰਮਦ ਰੋਨੀ, ਉੱਤਰੀ ਸ਼੍ਰੀਨਗਰ ਦੇ ਬੇਮਿਨਾ ਇਲਾਕੇ ਦੀ ਇੱਕ ਸੜਕ ਦੇ ਕੋਲ਼ ਕੂੜਾ ਇਕੱਠਾ ਕਰਦੇ ਹੋਏ


PHOTO • Muzamil Bhat

32 ਸਾਲ ਦੀ ਆਸ਼ਾ, ਸੈਂਟ੍ਰਲ ਸ਼੍ਰੀਨਗਰ ਦੇ ਮੈਸੂਮਾ ਇਲਾਕੇ ਵਿੱਚ ਗੱਤੇ ਨਾਲ਼ ਭਰੀਆਂ ਉਨ੍ਹਾਂ ਬੋਰੀਆਂ ਨੂੰ ਯੋਜਨਾਬੱਧ ਕਰ ਰਹੀ ਹਨ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਸ ਦਿਨ ਇਕੱਠੀਆਂ ਕੀਤੀਆਂ ਸਨ। ਆਸ਼ਾ, ਆਮ ਤੌਰ ' ਤੇ ਲਾਲ ਚੌਕ ਦੇ ਨੇੜੇ-ਤੇੜੇ ਦੇ ਇਲਾਕੇ ਵਿੱਚ ਕੰਮ ਕਰਦੀ ਹਨ- ਇਹ ਰੁਝਿਆ ਰਹਿਣ ਵਾਲ਼ਾ ਬਜ਼ਾਰ ਹੈ, ਜਿਹਦਾ ਮਤਲਬ ਹੈ ਕਿ ਸੁੱਟੇ ਗਏ ਗੱਤੇ ਦੇ ਡੱਬੇ ਕਾਫ਼ੀ ਅਸਾਨੀ ਨਾਲ਼ ਮਿਲ਼ ਜਾਂਦੇ ਹਨ


PHOTO • Muzamil Bhat

40 ਸਾਲ ਦੇ ਮੁਜੀਬ ਉਰ ਰਹਿਮਾਨ, ਪਲਾਸਟਿਕ ਅਤੇ ਕਾਰਡਬੋਰਡ ਲਾਹ ਰਹੇ ਹਨ ਜੋ ਉਨ੍ਹਾਂ ਨੇ ਬੀਤੇ ਦਿਨ ਇਕੱਠਾ ਕੀਤਾ ਸੀ


PHOTO • Muzamil Bhat

ਮੁਹੰਮਦ ਕਬੀਰ, ਗੱਤੇ ਦੇ ਡੱਬੇ ਲੱਦਦੇ ਹੋਏ, ਜਿਨ੍ਹਾਂ ਨੂੰ ਸੈਂਟ੍ਰਲ ਸ਼੍ਰੀਨਗਰ ਦੇ ਸੌਰਾ ਇਲਾਕੇ ਵਿੱਚ ਸਥਿਤ ਕਬਾੜ ਬਜ਼ਾਰ ਵਿਖੇ ਤੋਲਿਆ ਜਾਵੇਗਾ


PHOTO • Muzamil Bhat

ਕੂੜਾ ਚੁਗਣ ਦਾ ਕੰਮ ਕਰਨ ਵਾਲ਼ਾ ਇੱਕ ਕਾਮਾ, ਸ਼੍ਰੀਨਗਰ ਦੇ ਐੱਚਐੱਮਟੀ ਇਲਾਕੇ ਵਿੱਚ ਇੱਕ ਟਰੱਕ ' ਤੇ ਪਲਾਸਟਿਕ ਦੀਆਂ ਬੋਤਲਾਂ ਨਾਲ਼ ਭਰੀਆਂ ਬੋਰੀਆਂ ਲੱਦ ਰਿਹਾ ਹੈ ; ਹਰ ਇੱਕ ਬੋਰੀ ਦਾ ਭਾਰ 40 ਤੋਂ 70 ਕਿਲੋ ਹੈ। ਉਹ ਇਨ੍ਹਾਂ ਨੂੰ ਕਬਾੜ ਡੀਲਰ ਦੇ ਕੋਲ਼ ਲੈ ਜਾਣਗੇ। ਟਰੱਕ ਚਲਾਉਣ ਵਾਲ਼ੇ 19 ਸਾਲਾ ਮਹੁੰਮਦ ਇਮਰਾਨ ਕਹਿੰਦੇ ਹਨ, '' ਮੈਂ ਪਲਾਸਟਿਕ ਦੀਆਂ ਬੋਤਲਾਂ ਦੀਆਂ 10-12 ਬੋਰੀਆਂ, ਇਸ ਗੱਡੀ ਵਿੱਚ ਲਿਜਾ ਸਕਦਾ ਹਾਂ ''


PHOTO • Muzamil Bhat

ਸ਼੍ਰੀਨਗਰ ਦੀਆਂ ਸੜਕਾਂ ' ਤੇ ਘੰਟਿਆਂ ਬੱਧੀ ਮਿਹਨਤ ਕਰਨ ਤੋਂ ਬਾਅਦ, ਪੂਰਾ ਦਿਨ ਇਕੱਠੇ ਕੀਤੇ ਗਏ ਮਾਲ਼ ਨੂੰ ਸਹੇਜਦੇ ਹੋਏ 32 ਸਾਲਾ ਰਿਆਜ਼ ਸ਼ੇਖ ਕਹਿੰਦੇ ਹਨ, '' ਜੇ ਮੈਂ ਕੰਮ ਕਰਦਾ ਹਾਂ ਤਾਂ ਹੋ ਸਕਦਾ ਹੈ ਕਿ ਮੈਂ ਕਰੋਨਾ ਸੰਕ੍ਰਮਣ ਕਾਰਨ ਬੀਮਾਰ ਪੈ ਜਾਵਾਂ, ਪਰ ਜੇ ਮੈਂ ਕੰਮ ਨਹੀਂ ਕਰਦਾ ਤਾਂ ਆਪਣੇ ਪਰਿਵਾਰ ਦਾ ਢਿੱਡ ਭਰਨ ਦੀ ਚਿੰਤਾ ਨਾਲ਼ ਮੈਂ ਜ਼ਰੂਰ ਹੀ ਬੀਮਾਰ ਪੈ ਜਾਵਾਂਗਾ


PHOTO • Muzamil Bhat

ਬੇਮਿਨਾ ਵਿੱਚ ਕਬਾੜ ਦੇ ਡੀਲਰ ਰਿਆਜ਼ ਅਹਿਮਦ ਦੇ ਕਬਾੜਖਾਨੇ ਵਿੱਚ ਰੱਖੀ ਹੋਈ ਕਈ ਟਨ ਪਲਾਸਟਿਕ ਅਤੇ ਗੱਤੇ ਦਾ ਸਮਾਨ

PHOTO • Muzamil Bhat

ਕਸ਼ਮੀਰ ਵਿੱਚ ਕੜਾਕੇ ਦੀ ਠੰਡ ਦੇ ਇੱਕ ਦਿਨ ਕੰਮ ਤੋਂ ਪਰਤਦੇ ਮੁਹੰਮਦ ਸ਼ਕੂਰ ਨਿਰਾਸ਼ ਹਨ ਇਸ ਗੱਲੋਂ ਕਿ ਉਹ ਬਹੁਤ ਕਬਾੜ ਇਕੱਠਾ ਨਹੀਂ ਕਰ ਸਕੇ


PHOTO • Muzamil Bhat

ਕਸ਼ਮੀਰ ਦੀ ਕੜਾਕੇ ਦੀ ਠੰਡ ਵਾਲ਼ੇ ਇੱਕ ਦਿਨ, ਮੁਹੰਮਦ ਸ਼ਕੂਰ ਅਤੇ ਉਨ੍ਹਾਂ ਦੇ ਇੱਕ ਦੋਸਤ (ਆਪਣਾ ਨਾਂਅ ਨਾ ਦੱਸਦੇ ਹੋਏ) ਕੰਮ ਤੋਂ ਬਾਅਦ ਅੱਗੇ ਸੇਕਦੇ ਹੋਏ


PHOTO • Muzamil Bhat

ਸੱਤ ਸਾਲਾ ਰਬੁਲ (ਸਾਹਮਣੇ ਦਿੱਸਦੇ ਹੋਏ) ਅਤੇ ਅੱਠ ਸਾਲਾ ਰੇਹਾਨ ਭਰਾ ਭਰਾ ਹਨ ਅਤੇ ਆਪਣੇ ਪਿਤਾ ਦੇ ਸਾਈਕਲ-ਰਿਕਸ਼ਾ ਨਾਲ਼ ਇੱਲਤਾਂ ਕਰਦੇ ਹੋਏ। ਰੇਹਾਨ ਕਹਿੰਦਾ ਹੈ, '' ਪਾਪਾ ਕੋਲ਼ ਇੰਨੇ ਪੈਸੇ ਨਹੀਂ ਹਨ ਕਿ ਉਹ ਸਾਡੇ ਲਈ ਰਿਮੋਟ ਵਾਲ਼ਾ ਸਾਈਕਲ ਖਰੀਦ ਸਕਣ, ਇਸਲਈ ਅਸੀਂ ਪਾਪਾ ਦੇ ਸਾਈਕਲ ਨਾਲ਼ ਪੰਗੇ ਲੈ ਰਹੇ ਹਾਂ ''


PHOTO • Muzamil Bhat

ਮੁਹੰਮਦ ਈਮਾਨ ਕਹਿੰਦੇ ਹਨ, '' ਮੈਨੂੰ ਆਪਣੀ ਧੀ ਲਈ ਮੋਬਾਇਲ ਫ਼ੋਨ ਖਰੀਦਣਾ ਪਿਆ, ਤਾਂਕਿ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕੇ। ਮੈਂ ਨਹੀਂ ਚਾਹੁੰਦਾ ਕਿ ਉਹ ਵੀ ਕਚਰਾ ਚੁਗੇ। '' ਉਨ੍ਹਾਂ ਦੀ 17 ਸਾਲਾ ਧੀ ਨੇੜਲੇ ਨਿੱਜੀ ਸਕੂਲ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਹੈ


PHOTO • Muzamil Bhat

ਫ਼ਾਤਿਮਾ ਅਤੇ ਉਨ੍ਹਾਂ ਦੀ ਇੱਕ ਗੁਆਂਢਣ, ਨੇੜਲੀ ਨਹਿਰ ਵਿੱਚੋਂ ਪਾਣੀ ਭਰਦੀਆਂ ਹੋਈਆਂ ; ਉਨ੍ਹਾਂ ਦੀਆਂ ਝੁੱਗੀਆਂ ਦੀ ਨੇੜਲੀ ਟੂਟੀ ਵਿੱਚ ਪਾਣੀ ਆਵੇ ਕਿ ਨਾ ਆਵੇ ਕੋਈ ਪੱਕਾ ਨਹੀਂ ਹੁੰਦਾ


PHOTO • Muzamil Bhat

ਬਟਮਾਲੂ ਦੀ ਇੱਕ ਝੁੱਗੀ ਬਸਤੀ ਵਿੱਚ ਰਹਿਣ ਵਾਲ਼ੀ ਫ਼ਾਤਿਮਾ, ਨੌ ਸਾਲ ਤੋਂ ਸ਼੍ਰੀਨਗਰ ਵਿੱਚ ਕੂੜਾ ਚੁਗਣ ਦਾ ਕੰਮ ਕਰ ਰਹੀ ਹਨ। ਉਹ ਕਹਿੰਦੀ ਹਨ, '' ਆਸਪਾਸ ਸਾਡੇ ਜਿਹੇ ਕਰੀਬ 20 ਪਰਿਵਾਰ ਰਹਿੰਦੇ ਹਨ ਅਤੇ ਜਿੱਥੋਂ ਤੱਕ ਮੈਨੂੰ ਪਤਾ ਹੈ ਸਾਡੇ ਵਿੱਚੋਂ ਕੋਈ ਵੀ ਕਰੋਨਾ ਵਾਇਰਸ ਤੋਂ ਸੰਕ੍ਰਮਿਤ ਨਹੀਂ ਹੋਇਆ ਹੈ ; ਮੈਨੂੰ ਅੱਲ੍ਹਾ ' ਤੇ ਯਕੀਨ ਹੈ ਅਤੇ ਮੈਂ ਉਹਦਾ ਨਾਮ ਲੈ ਕੇ ਕੰਮ ਲਈ ਬਾਹਰ ਜਾਂਦੀ ਹਾਂ


PHOTO • Muzamil Bhat

'' ਪਹਿਲਾਂ ਕੋਵਿਡ ਆਇਆ, ਫਿਰ ਕੜਾਕੇ ਦੀ ਠੰਡ। ਮੈਂ ਇੱਥੇ ਆਪਣੇ ਬਿਤਾਏ ਚਾਰ ਸਾਲਾਂ ਵਿੱਚ ਇੰਨੀ ਠੰਡ ਨਹੀਂ ਦੇਖੀ, '' ਬਟਮਾਲੂ ਦੀ ਇੱਕ ਝੁੱਗੀ ਬਸਤੀ ਵਿੱਚ ਰਹਿਣ ਵਾਲ਼ੇ ਅਤੇ ਮੂਲ਼ ਰੂਪ ਨਾਲ਼ ਕੋਲਕਾਤਾ ਦੇ ਨਿਵਾਸੀ 24 ਸਾਲਾ ਮੁਹੰਮਦ ਸਾਗਰ ਕਹਿੰਦੇ ਹਨ, ਜੋ ਚਾਰ ਸਾਲਾਂ ਤੋਂ ਕੂੜਾ ਚੁਗਣ ਦਾ ਕੰਮ ਕਰਦੇ ਆਏ ਹਨ। ਉਹ ਕਹਿੰਦੇ ਹਨ, '' ਮੈਂ ਆਪਣੇ ਠੇਕੇਦਾਰ ਪਾਸੋਂ (ਤਾਲਾਬੰਦੀ ਦੌਰਾਨ) 40,000 ਰੁਪਏ ਦਾ ਕਰਜ਼ਾ ਚੁੱਕਿਆ ਸੀ ; ਹੁਣ ਮੈਂ ਹਾਲਾਤ ਮੁੜਨ ਦੀ ਉਮੀਦ ਹੀ ਕਰ ਸਕਦਾ ਹਾਂ, ਤਾਂਕਿ ਮੈਂ ਕੰਮ ਕਰ ਸਕਾਂ ਅਤੇ ਆਪਣਾ ਕਰਜ਼ਾ ਲਾਹ ਸਕਾਂ ''


PHOTO • Muzamil Bhat

ਸ਼੍ਰੀਨਗਰ ਨਗਰ ਨਿਗਮ ਦੇ ਕਰਮਚਾਰੀ, ਜੇਸੀਬੀ ਮਸ਼ੀਨ ਦੀ ਮਦਦ ਨਾਲ਼ ਕੂੜਾ ਚੁੱਕਦੇ ਹੋਏ। ਸ਼ੇਖ ਪਰਿਵਾਰ ਵਾਂਗ ਬਾਕੀ ਕੂੜਾ ਚੁਗਣ ਵਾਲ਼ੇ ਵੀ ਨਗਰ ਨਿਗਮ ਦੀ ਕੂੜਾ ਪ੍ਰਬੰਧਨ ਦੀ ਉਸ ਪ੍ਰਕਿਰਿਆ ਨਾਲ਼ ਜੋੜਨ ਦੀ ਰਸਮ ਪੂਰੀ ਨਹੀਂ ਕੀਤੀ ਗਈ ਹੈ, ਜਿਹਦੇ ਤਹਿਤ ਕਰੀਬ 4,000 ਲੋਕਾਂ ਨੂੰ ਸ਼ਹਿਰ ਦਾ ਠੋਸ ਕੂੜਾ ਇਕੱਠਾ ਕਰਨ ਅਤੇ ਉਹਨੂੰ ਇੱਕ ਥਾਵੇਂ ਜਮ੍ਹਾਂ ਕਰਨ ਵਾਸਤੇ, ਸਫ਼ਾਈ ਕਰਮਚਾਰੀ ਦੇ ਤੌਰ 'ਤੇ ਪੱਕਿਆਂ ਜਾਂ ਠੇਕੇ (ਆਰਜੀ) 'ਤੇ ਰੱਖਿਆ ਗਿਆ ਹੈ

PHOTO • Muzamil Bhat

ਅਚਨ ਡੰਪਿੰਗ ਗਰਾਊਂਡ ਵਿੱਚ ਕੂੜੇ ਦਾ ਪਹਾੜ


ਤਰਜਮਾ: ਕਮਲਜੀਤ ਕੌਰ

Muzamil Bhat

Muzamil Bhat is a Srinagar-based freelance photojournalist and filmmaker, and was a PARI Fellow in 2022.

Other stories by Muzamil Bhat
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur