"ਜੇਕਰ ਕੋਵਿਡ-19 ਨਹੀਂ ਜਾਂਦਾ ਤਾਂ ਸ਼ਾਇਦ ਝੋਨਾ ਉਗਾਉਣ ਦਾ ਇਹ ਮੇਰਾ ਵੀ ਆਖ਼ਰੀ ਮੌਸਮ ਹੀ ਹੋਵੇ," ਅਬਦੁਲ ਰਹਿਮਾਨ ਨੇ ਕਿਹਾ, ਜੋ ਪੂਰਾ ਦਿਨ ਆਪਣੇ ਖੇਤਾਂ ਵਿੱਚ ਹੱਡਭੰਨ੍ਹਵੀਂ ਮੁਸ਼ੱਕਤ ਕਰਨ ਤੋਂ ਬਾਅਦ ਪਾਣੀ ਪੀ ਰਿਹਾ ਸੀ, ਉਹਦੀ ਪਤਨੀ ਆਪਣੇ ਪਤੀ ਦੀ ਥਕਾਵਟ ਭਜਾਉਣ ਵਾਸਤੇ ਆਪਣੇ  ਹੱਥੀਂ ਗਲਾਸ ਵਿੱਚ ਪਾਣੀ ਪਾ ਰਹੀ ਸੀ, ਅਬਦੁਲ ਰਹਿਮਾਨ ਦੇ ਖੇਤ ਸੈਂਟਰਲ ਕਸ਼ਮੀਰ ਦੇ ਗੇਂਦਰਬਲ ਜ਼ਿਲ੍ਹੇ ਦੇ ਪਿੰਡ ਨਾਗਬਲ ਵਿੱਚ ਹਨ।

ਉਹ ਆਪਣੇ ਛੋਟੇ ਜਿਹੇ ਖੇਤ ਵਿੱਚ, ਜੋ ਕਿ ਇੱਕ ਏਕੜ ਤੋਂ ਵੀ ਘੱਟ ਹੈ, ਵਿੱਚ 10 ਸਾਲਾਂ ਬਾਅਦ ਖੇਤੀ ਕਰ ਰਿਹਾ ਸੀ। "ਮੈਂ ਆਪਣੇ ਖੇਤ ਵਿੱਚ ਖੁਦ ਕੰਮ ਕਰਨਾ ਬੰਦ ਕਰ ਦਿੱਤਾ ਸੀ, ਕਿਉਂਕਿ ਪ੍ਰਵਾਸੀ ਮਜ਼ਦੂਰ (ਖਾਸ ਕਰਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ) ਥੋੜ੍ਹੇ ਸਮੇਂ ਵਿੱਚ ਵੱਧ ਕੰਮ ਕਰ ਦਿੰਦੇ ਹਨ, ਜਿਸ ਨਾਲ਼ ਮੇਰਾ ਪੈਸਾ ਵੀ ਬੱਚ ਜਾਂਦਾ," 62 ਸਾਲ ਦੇ ਰਹਿਮਾਨ ਜੋ ਕਿ ਸਾਬਕਾ ਸਰਕਾਰੀ ਕਰਮਚਾਰੀ ਰਹਿ ਚੁੱਕਿਆ ਹੈ, ਨੇ ਕਿਹਾ,"ਪਰ ਹੁਣ, ਜੇਕਰ 'ਬਾਹਰੀ' ਮਜ਼ਦੂਰ ਨਹੀਂ ਆਉਂਦੇ ਤਾਂ ਸ਼ਾਇਦ ਮੈਂ ਝੋਨਾ ਬੀਜਣਾ ਬੰਦ ਹੀ ਕਰ ਦਿਆਂ।"

"ਮੈਂ ਲਗਭਗ 15 ਸਾਲਾਂ ਬਾਅਦ ਵਾਢੀ ਵੇਲੇ ਆਪਣੇ ਖੇਤ ਵਿੱਚ ਹਾਂ। ਇੱਥੋਂ ਤੱਕ ਕਿ ਅਸੀਂ ਤਾਂ ਵਾਢੀ ਕਰਨੀ ਤੱਕ ਵੀ ਭੁੱਲ ਗਏ  ਹਾਂ, 60 ਸਾਲਾ ਹਰਲੀਮਾ ਨੇ ਕਿਹਾ ਜੋ ਵਾਢੀ ਦੌਰਾਨ, ਉਹ ਆਪਣੇ ਪਤੀ ਅਤੇ 29 ਸਾਲ ਦੇ ਬੇਟੇ ਅਲੀ ਮੁਹੰਮਦ, ਲਈ ਦੋ ਕਿਲੋਮੀਟਰ ਦੂਰੋਂ ਆਪਣੇ ਘਰੋਂ ਖਾਣਾ ਲਿਆ ਰਹੀ ਸੀ, ਅਲੀ ਮੁਹੰਮਦ ਜੋ ਵਾਢੀ ਤੋਂ ਛੁੱਟ ਰੇਤ ਕੱਢਣ ਅਤੇ ਨਿਰਮਾਣਾ ਥਾਵਾਂ 'ਤੇ ਦਿਹਾੜੀ ਦਾ ਕੰਮ ਵੀ ਲੱਭਦਾ ਰਿਹਾ ਹੈ।

ਸੈਂਟਰਲ ਕਸ਼ਮੀਰ ਵਿੱਚ ਝੋਨੇ ਦੇ ਖੇਤਾਂ ਅੰਦਰ, ਪ੍ਰਵਾਸੀ ਮਜ਼ਦੂਰ ਇੱਕ ਕਲਾਨ  (8 ਕਨਾਲਾਂ 1 ਏਕੜ ਦੇ ਬਰਾਬਰ ਹਨ) ਵਾਢੀ ਦਾ 1000 ਰੁਪਿਆ ਲੈਂਦੇ ਹਨ ਅਤੇ 4-5 ਮਜ਼ਦੂਰ ਰਲ਼ ਕੇ ਇੱਕ ਦਿਨ ਵਿੱਚ 4-5 ਕਨਾਲ ਵਾਢੀ ਕਰ ਹੀ ਲੈਂਦੇ ਹਨ। ਸਥਾਨਕ ਮਜ਼ਦੂਰਾਂ ਵੱਧ ਪੈਸੇ ਮੰਗਦੇ ਹਨ, ਉਹ ਪ੍ਰਤੀ ਵਿਅਕਤੀ 800 ਰੁਪਏ ਦਿਹਾੜੀ ਮੰਗਦੇ ਹਨ ਅਤੇ ਚਾਰ ਬੰਦੇ ਰਲ਼ ਕੇ ਇੱਕ ਦਿਨ ਵਿੱਚ ਮਸਾਂ ਹੀ 1 ਕਨਾਲ (ਸ਼ਾਇਦ ਹੀ ਕਦੇ 1.5 ਜਾਂ 2 ਕਨਾਲਾਂ) ਵਾਢੀ ਕਰਦੇ ਹਨ। ਇੰਝ ਤਾਂ ਇੱਕ ਕਨਾਲ ਦਾ ਕੁੱਲ 32,00 ਰੁਪਿਆ ਬਣ ਜਾਂਦਾ ਹੈ।

5 ਅਗਸਤ 2019 ਨੂੰ ਧਾਰਾ 370 ਹਟਾਏ ਜਾਣ 'ਤੇ ਹੋਏ ਬੰਦ ਤੋਂ ਬਾਅਦ ਸਥਾਨਕ ਲੋਕਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਕਸ਼ਮੀਰ ਛੱਡਣ ਲਈ ਕਿਹਾ ਗਿਆ ਅਤੇ ਮਾਰਚ ਵਿੱਚ ਹੋਈ ਤਾਲਾਬੰਦੀ ਨਾਲ਼ ਹੁਣ ਤਾਂ ਸ਼ਾਇਦ ਹੀ ਕੋਈ ਪ੍ਰਵਾਸੀ ਮਜਦੂਰ ਬਚਿਆ ਹੋਵੇਗਾ ਜੋ ਖੇਤਾਂ ਦਾ ਕੰਮ ਕਰੇ। ਜੋ ਥੋੜ੍ਹੇ ਬਹੁਤ ਬਚੇ ਵੀ ਸਨ, ਉਨ੍ਹਾਂ ਨੇ ਅਪ੍ਰੈਲ-ਮਈ ਵਿੱਚ ਝੋਨੇ ਦੀ ਬਿਜਾਈ ਲਈ ਖੇਤਾਂ ਵਿੱਚ ਕੰਮ ਕੀਤਾ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਗਸਤ-ਸਤੰਬਰ ਵਿੱਚ ਵਾਢੀ ਦੌਰਾਨ ਜਿਆਦਾ ਕੰਮ ਰਹਿੰਦਾ ਹੈ।

ਨਾਗਬਲ ਤੋਂ ਦੋ ਕਿਲੋਮੀਟਰ ਦੇ ਕਰੀਬ, ਦਾਰੇਂਦ ਪਿੰਡ ਵਿੱਚ, ਇਸ਼ਤਿਆਕ ਅਹਿਮਦ ਰਾਠਰ ਰਹਿੰਦਾ ਹੈ, ਜੋ ਸੱਤ ਕਨਾਲ ਜ਼ਮੀਨ ਦਾ ਮਾਲਕ ਹੈ ਅਤੇ ਦਿਹਾੜੀ ਮਜ਼ਦੂਰ ਵਜੋਂ ਵੀ ਕੰਮ ਕਰਦਾ ਹੈ, ਕਹਿੰਦਾ ਹੈ, "ਇਸ ਵਾਰ ਇੱਕ ਕਨਾਲ ਫ਼ਸਲ ਦੀ ਵਾਢੀ ਲਈ ਚਾਰ ਸਥਾਨਕ ਮਜਦੂਰਾਂ ਨੇ 3200 ਰੁਪਏ ਲਏ। ਅਸੀਂ ਇੰਨਾ ਬੋਝ ਨਹੀਂ ਸਹਿ ਸਕਦੇ। ਅਤੇ ਮੌਜੂਦਾ ਸਮੇਂ ਸਾਨੂੰ ਸਿਰਫ਼ ਦਿਹਾੜੀਦਾਰ ਮਜਦੂਰ ਹੀ ਲੱਭ ਸਕਦੇ ਹਨ ਜੋ ਕਿ ਝੋਨੇ ਦੀ ਵਾਢੀ ਕਰਨ ਵਿੱਚ ਮਾਹਰ ਵੀ ਨਹੀਂ ਹੁੰਦੇ। ਪਰ ਅਸੀਂ ਲਾਚਾਰ ਹਾਂ, ਸਾਨੂੰ ਅਗਲੇ ਸਾਲ ਬਿਜਾਈ ਦੀ ਤਿਆਰੀ ਕਰਨ ਵਾਸਤੇ ਖੇਤ ਖਾਲੀ ਕਰਨਾ ਹੀ ਪਵੇਗਾ। ਇਸੇ ਕੰਮ ਬਦਲੇ ਪ੍ਰਵਾਸੀ ਮਜ਼ਦੂਰ ਸਿਰਫ਼ 1000 ਰੁਪਿਆ ਲਿਆ ਕਰਦੇ ਸਨ।
PHOTO • Muzamil Bhat

'ਜੇਕਰ ਕੋਵਿਡ-19 ਨਹੀਂ ਜਾਂਦਾ ਤਾਂ ਸ਼ਾਇਦ ਝੋਨਾ ਉਗਾਉਣ ਦਾ ਇਹ ਮੇਰਾ ਵੀ ਆਖ਼ਰੀ ਮੌਸਮ ਹੀ ਹੋਵੇ," ਅਬਦੁਲ ਰਹਿਮਾਨ ਨੇ ਕਿਹਾ, ਜੋ ਪੂਰਾ ਦਿਨ ਆਪਣੇ ਖੇਤਾਂ ਵਿੱਚ ਹੱਡਭੰਨ੍ਹਵੀਂ ਮੁਸ਼ੱਕਤ ਕਰਨ ਤੋਂ ਬਾਅਦ ਪਾਣੀ ਪੀ ਰਿਹਾ ਸੀ, ਉਹਦੀ ਪਤਨੀ ਆਪਣੇ ਪਤੀ ਦੀ ਥਕਾਵਟ ਭਜਾਉਣ ਵਾਸਤੇ ਆਪਣੇ  ਹੱਥੀਂ ਗਲਾਸ ਵਿੱਚ ਪਾਣੀ ਪਾ ਰਹੀ ਸੀ, ਅਬਦੁਲ ਰਹਿਮਾਨ ਦੇ ਖੇਤ ਸੈਂਟਰਲ ਕਸ਼ਮੀਰ ਦੇ ਗੇਂਦਰਬਲ ਜ਼ਿਲ੍ਹੇ ਦੇ ਪਿੰਡ ਨਾਗਬਲ ਵਿੱਚ ਹਨ

ਜਦੋਂਕਿ ਅਹਿਮਦ ਰਾਠਰ ਅਤੇ ਬਾਕੀ ਹੋਰ ਕਿਸਾਨਾਂ ਰਬੀ ਦੇ ਮੌਸਮ ਵਿੱਚ ਸਰ੍ਹੋਂ, ਮਟਰ ਅਤੇ ਹੋਰ ਫ਼ਸਲਾਂ ਵੀ ਉਗਾਉਂਦੇ ਹਨ, ਗੇਂਦਰਬਲ ਦੇ ਖੇਤੀ ਪਰਿਵਾਰਾਂ ਲਈ, ਜੋ ਕਿ ਭੂਮੀ ਦੀਆਂ ਛੋਟੀਆਂ ਛੋਟੀਆਂ ਜੋਤਾਂ 'ਤੇ ਖੇਤੀ ਕਰਦੇ ਹਨ, ਝੋਨਾ ਮੁੱਖ ਫ਼ਸਲ ਹੈ, ਖਾਸ ਕਰਕੇ ਝੋਨੇ ਦੀਆਂ ਤਿੰਨ ਕਿਸਮਾਂ-ਸ਼ਾਲੀਮਾਰ-3, ਸ਼ਾਲੀਮਾਰ-4 ਅਤੇ ਸ਼ਾਲੀਮਾਰ-5, ਸਈਅਦ ਅਲਤਾਫ ਇਜਾਜ ਅੰਦਰਾਬੀ ਦੱਸਦੇ ਹਨ, ਜੋ ਕਿ ਖੇਤੀਬਾੜੀ ਦੇ ਨਿਰਦੇਸ਼ਕ ਹਨ।

ਕਸ਼ਮੀਰ ਵਿੱਚ ਕੁੱਲ ਵਾਹੀਯੋਗ ਜ਼ਮੀਨ (4.96 ਲੱਖ ਹੈਕਟੇਅਰ) ਭਾਵ 28 ਫੀਸਦ ਵਿੱਚੋਂ 1,41 ਲੱਖ ਹੈਕਟੇਅਰ ਜ਼ਮੀਨ ਵਿੱਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ, ਖੇਤੀਬਾੜੀ ਦਫ਼ਤਰ ਦੇ ਨਿਰਦੇਸ਼ਕ ਦੁਆਰਾ ਦਿਖਾਏ ਗਏ ਅੰਕੜੇ ਇਹ ਤਸਵੀਰ ਦਿਖਾਉਂਦੇ ਹਨ। "ਝੋਨਾ ਇੱਥੇ ਮੁੱਖ ਫ਼ਸਲ (ਅਨਾਜ) ਹੈ ਅਤੇ ਇਹਦਾ ਮਿੱਠਾ ਸੁਆਦ ਕਸ਼ਮੀਰ ਦੇ ਬਾਹਰ ਹੋਰ ਕਿਤੋਂ ਨਹੀਂ ਲੱਭ ਸਕਦਾ," ਅੰਦਰਾਬੀ ਕਹਿੰਦੇ ਹਨ। ਨਮੀ ਭਰੀ ਕਸ਼ਮੀਰ ਘਾਟੀ 'ਤੇ ਝੋਨੇ ਦਾ ਬਹੁਤ ਵਧੀਆ ਝਾੜ ਮਿਲ਼ਦਾ ਹੈ, ਜੋ ਕਿ ਪ੍ਰਤੀ ਹੈਕਟੇਅਰ ਵਿੱਚ ਮੋਟਾ-ਮੋਟੀ 67 ਕੁਇੰਟਲ ਬੈਠਦਾ ਹੈ। ਖੇਤੀ ਕਈ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ ਅਤੇ ਇੱਥੋਂ ਦੇ ਜਿਆਦਾਤਰ ਕਿਸਾਨ ਪਰਿਵਾਰ, ਖਾਸ ਕਰਕੇ ਕਹਿਰਾਂ ਦੇ ਠੰਡੇ ਸਿਆਲਾਂ ਵਿੱਚ ਖੁਦ ਪੈਦਾ ਕੀਤੇ ਚੌਲਾਂ ਦੀ ਵਰਤੋਂ ਹੀ ਜਿਆਦਾ ਕਰਦੇ ਹਨ।

ਪਰ ਇਸ ਸਾਲ, ਰਹਿਮਾਨ ਅਤੇ ਰਾਠਰ ਜਿਹੇ ਕਿਸਾਨ ਜੋ ਛੋਟੀਆਂ ਜੋਤਾਂ 'ਤੇ ਖੇਤੀ ਕਰਦੇ ਹਨ, ਇਸ ਵਾਰ ਦੋ ਪੱਧਰੀ ਘਾਟਿਆਂ ਦਾ ਸਾਹਮਣਾ ਕਰ ਰਹੇ ਹਨ। ਇੱਕ ਤਾਂ ਤਾਲਾਬੰਦੀ ਕਰਕੇ, ਉਨ੍ਹਾਂ/ਉਨ੍ਹਾਂ ਦੇ ਪਰਿਵਾਰਾਂ ਦੇ ਹੱਥੋਂ ਦਿਹਾੜੀ ਮਜ਼ਦੂਰੀ ਦੇ ਕੰਮ ਦਾ ਛੁੱਟ ਗਿਆ, ਜਿਸ ਵਿੱਚ ਉਹ ਭੱਠਿਆਂ 'ਤੇ ਇੱਟਾਂ ਥੱਪਣਾਂ, ਖੱਡਿਆਂ 'ਚੋਂ ਰੇਤ ਪੁੱਟਣਾ ਅਤੇ ਨਿਰਮਾਣਾਂ ਥਾਵਾਂ 'ਤੇ ਕੰਮ ਬਦਲੇ ਪ੍ਰਤੀ ਦਿਹਾੜੀ 600 ਰੁਪਏ ਕਮਾ ਲੈਂਦੇ ਅਤੇ ਦੂਜਾ, ਇਸ ਵਾਢੀ ਦੇ ਹਫ਼ਤੇ ਦੌਰਾਨ ਉਨ੍ਹਾਂ ਕੋਲ਼ ਸਥਾਨਕ ਮਜ਼ਦੂਰਾਂ ਹੱਥੋਂ ਮਹਿੰਗੇ ਭਾਅ 'ਤੇ ਵਾਢੀ ਕਰਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਿਹਾ ਅਤੇ ਉਹ ਇਨ੍ਹਾਂ ਮਜ਼ਦੂਰਾਂ ਦੇ ਮਹਿੰਗੇ ਭਾਅ ਨਹੀਂ ਝੱਲ ਪਾ ਰਹੇ।

ਉਨ੍ਹਾਂ ਸਾਰੇ ਸੰਘਰਸ਼ ਕਰਨ ਵਾਲਿਆਂ ਵਿੱਚੋਂ ਇੱਕ ਹੈ 38 ਸਾਲ ਦੇ ਰਿਆਜ਼ ਅਹਿਮਦ ਮੀਰ, ਜੋ ਕਿ ਸੈਂਟਰਲ ਕਸ਼ਮੀਰ ਦੇ ਬੁਡਗਮ ਜ਼ਿਲ੍ਹੇ ਦੇ ਪਿੰਡ ਕਾਰੀਪੋਰਾ ਦਾ ਵਾਸੀ ਹੈ। ਉਹਨੇ ਤਾਲਾਬੰਦੀ ਦੌਰਾਨ ਰੇਤ ਪੁੱਟਣ ਦੀ ਨੌਕਰੀ ਤੋਂ ਹੱਥ ਧੋ ਲਿਆ ਅਤੇ ਹੁਣ ਆਪਣੇ 12 ਕਨਾਲਾਂ ਦੇ ਖੇਤ ਵਿੱਚ ਚੰਗੇ ਝਾੜ ਦੀ ਉਮੀਦ ਵਿੱਚ ਰਿਹਾ। "ਮੈਨੂੰ ਆਪਣੀ ਜ਼ਮੀਨ ਤੋਂ ਹੀ ਉਮੀਦਾਂ ਸਨ, ਪਰ ਅਚਾਨਕ ਆਏ ਮੀਂਹ (ਸਤੰਬਰ ਦੇ ਸ਼ੁਰੂ ਵਿੱਚ) ਨੇ ਮੇਰੀ ਜਿਆਦਾਤਰ ਫ਼ਸਲ ਤਬਾਹ ਕਰ ਦਿੱਤੀ," ਕੁਝ ਹਫ਼ਤੇ ਪਹਿਲਾਂ ਉਹਨੇ ਮੈਨੂੰ ਦੱਸਿਆ। "ਕਾਸ਼ ਕਿ ਪ੍ਰਵਾਸੀ ਮਜ਼ਦੂਰ ਇੱਥੇ ਹੁੰਦੇ ਤਾਂਕਿ ਮੈਂ ਉਨ੍ਹਾਂ ਦੇ ਵਾਢੀ ਤੇ ਬਾਕਮਾਲ ਹੁਨਰ ਸਦਕਾ ਆਪਣੀ ਥੋੜ੍ਹੀ ਬਹੁਤ ਫ਼ਸਲ ਬਚਾ ਲੈਂਦਾ।"

ਅਤੇ ਦਾਰੇਂਦ ਪਿੰਡ ਦੇ 55 ਸਾਲ ਦੇ ਅਬਦੁਲ ਹਮੀਦ ਪਾਰਾ, ਆਪਣੇ ਚਾਰ ਕਨਾਲ ਖੇਤਾਂ ਵਿੱਚ ਕੰਮ ਕਰਦਿਆਂ ਇਸ ਉਮੀਦ ਨਾਲ਼ ਕੂਕਦਾ ਹੈ: "ਇੰਝ ਪਹਿਲੀ ਵਾਰ ਹੋਇਆ ਹੈ ਕਿ ਪ੍ਰਵਾਸੀ ਮਜ਼ਦੂਰ ਵਾਦੀ ਦੇ ਝੋਨੇ ਦੇ ਖੇਤਾਂ  ਵਿੱਚ ਮੌਜੂਦ ਨਹੀਂ ਹਨ।" (ਪਿਛਲੇ ਸਾਲ ਉਹ ਮੌਜੂਦ ਸਨ, ਭਾਵੇਂ ਗਿਣਤੀ ਵਿੱਚ ਘੱਟ ਹੀ ਸਨ) "ਅਸੀਂ ਕਰਫਿਊ ਸਮੇਂ, ਬੰਦੀ ਸਮੇਂ ਅਤੇ ਹੜਤਾਲਾਂ ਵੇਲੇ ਵੀ ਕੰਮ ਕੀਤਾ ਹੋਇਆ ਹੈ ਪਰ ਇਹ ਕੋਵਿਡ ਕਾਲ ਵੱਖਰਾ ਹੀ ਰਿਹਾ। ਮੈਨੂੰ ਉਮੀਦ ਹੈ ਅਸੀਂ ਜਲਦੀ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਝੋਨੇ ਦੇ ਖੇਤਾਂ ਵਿੱਚ ਕੰਮ ਕਰਦਿਆਂ ਦੇਖਾਂਗੇ।"

ਇਹ ਉਮੀਦਾਂ ਜ਼ਰੂਰ ਸਾਕਾਰ ਹੋ ਸਕਣਗੀਆਂ। ਪਿਛਲੇ ਦੋ ਹਫ਼ਤਿਆਂ ਤੋਂ, ਹੋਰਨਾਂ ਰਾਜਾਂ ਦੇ ਮਜ਼ਦੂਰਾਂ ਨੇ ਵਾਦੀ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ।

PHOTO • Muzamil Bhat

ਨਿਪੁੰਨ ਮਜ਼ਦੂਰਾਂ ਦੀ ਘਾਟ ਦੇ ਚੱਲਦਿਆਂ, ਸੈਂਟਰਲ ਕਸ਼ਮੀਰ ਦੇ ਜ਼ਿਲ੍ਹੇ ਗੇਂਦਰਬਲ ਦੇ ਕਈ ਪਰਿਵਾਰ ਵਾਢੀ ਦੌਰਾਨ ਆਪਣੇ ਖੇਤਾਂ  'ਚੋਂ ਬਾਹਰ ਹੀ ਰਹੇ ਸਨ


PHOTO • Muzamil Bhat

ਰਿਆਜ਼ ਅਹਿਮਦ ਮੀਰ, ਜ਼ਿਲ੍ਹਾ ਬੁਡਗਮ ਦੇ ਪਿੰਡ ਕਾਰੀਪੋਰਾ ਦਾ ਵਾਸੀ, ਆਪਣੇ ਝੋਨੇ ਦੇ ਖੇਤ ਵਿੱਚੋਂ ਮੀਂਹ ਦਾ ਵਾਧੂ ਪਾਣੀ ਕੱਢਦਾ ਹੋਇਆ। ਉਹਨੇ ਤਾਲਾਬੰਦੀ ਕਰਕੇ ਆਪਣੀ ਰੇਤ ਪੁੱਟਣ ਦੀ ਨੌਕਰੀ ਹੱਥੋਂ ਗੁਆ ਲਈ ਅਤੇ ਹੁਣ ਆਪਣੇ 12 ਕਨਾਲ ਖੇਤਾਂ ਦੇ ਚੰਗੇ ਝਾੜ ਦੀ ਉਮੀਦ ਰੱਖਦਾ ਰਿਹਾ।  'ਪਰ ਅਚਾਨਕ ਪਏ ਮੀਂਹ ਨੇ ਮੇਰੀ ਜਿਆਦਾਤਰ ਫਸਲ ਬਰਬਾਦ ਕਰ ਦਿੱਤੀ, ਉਹਨੇ ਮੈਨੂੰ ਦੱਸਿਆ। 'ਕਾਸ਼ ਕਿ ਪ੍ਰਵਾਸੀ ਮਜ਼ਦੂਰ ਇੱਥੇ ਹੁੰਦੇ ਤਾਂ ਕਿ ਮੈਂ ਆਪਣੇ ਝੋਨੇ ਦੀ ਫ਼ਸਲ ਬਚਾ ਪਾਉਂਦਾ...'


PHOTO • Muzamil Bhat

ਰਫੀਕਾ ਬਾਨੋ, ਉਮਰ 60 ਜੋ ਗੁਰਸਾਥੋ ਇਲਾਕਾ, ਜ਼ਿਲ੍ਹਾ ਬੁਡਗਮ ਦੀ ਵਾਸੀ, ਆਪਣੇ 1-2 ਕਨਾਲਾਂ ਖੇਤਾਂ ਵਿੱਚੋਂ ਘਾਹ-ਬੂਟ ਚੁਗਦੀ ਹੋਈ ਅਤੇ ਪੌਦਿਆਂ ਨੂੰ ਸਿਹਤਮੰਦ ਕਰਨ ਲਈ ਸਫਾਈ ਕਰਦੀ ਹੋਈ


PHOTO • Muzamil Bhat

ਦੂਸਰੀ ਕਿਸਾਨ (ਉਹਦਾ ਨਾਮ ਵੀ ਰਾਫੀਕਾ ਹੈ), ਉਮਰ 62 ਸਾਲ, ਜੋ ਬੁਡਗਮ ਜ਼ਿਲ੍ਹੇ ਦੇ ਗੁਰਸਾਥੋ ਇਲਾਕੇ ਦੀ ਵਾਸੀ ਹੈ, ਉਹ ਆਪਣੇ ਡੰਗਰਾਂ ਨੂੰ ਪਾਉਣ ਵਾਸਤੇ ਖੇਤਾਂ ਵਿੱਚੋਂ ਝਾੜ-ਬੂਟ ਆਦਿ ਚੁਣਦੀ ਹੋਈ


PHOTO • Muzamil Bhat

ਗੇਂਦਰਬਲ ਜ਼ਿਲ੍ਹੇ ਦੇ ਦਾਰੇਂਦ ਪਿੰਡ ਦੇ ਇਸ਼ਤਿਆਕ ਅਹਿਮਦ ਰਾਠੇਰ ਐਲੂਮੀਨੀਅਮ ਡਰੰਮ 'ਤੇ ਝੋਨੇ ਦੀ ਪਿੜਾਈ ਕਰਦੇ ਹੋਏ। 'ਮੇਰੇ ਕੋਲ਼ 7 ਕਨਾਲਾਂ ਜ਼ਮੀਨ ਹੈ ਅਤੇ ਮੈਂ ਪਿਛਲੇ 15 ਸਾਲਾਂ ਤੋਂ ਖੇਤੀ ਕਰ ਰਿਹਾਂ ਹਾਂ,' ਉਹਨੇ ਕਿਹਾ। 'ਇਨ੍ਹੀਂ ਦਿਨੀਂ ਸਾਡੇ ਲਈ ਬਿਨਾਂ ਪ੍ਰਵਾਸੀ ਮਜ਼ਦੂਰਾਂ ਦੇ ਕੰਮ ਕਰਨ ਦਾ ਇਹ ਬਹੁਤ ਔਖਾ ਵੇਲਾ ਹੈ, ਸਾਡੇ ਵਿੱਚੋਂ ਬਹੁਤਿਆਂ ਨੇ ਉਨ੍ਹਾਂ ਦੇ ਮੋਢਿਆਂ 'ਤੇ ਹੀ ਖੇਤੀ ਦਾ ਕੰਮ ਛੱਡ ਦਿੱਤਾ ਸੀ


PHOTO • Muzamil Bhat

ਅਬਦੁਲ ਹਮੀਦ ਪਾਰੈ, 55, ਗੇਂਦਰਬਲ ਜ਼ਿਲ੍ਹੇ ਦੇ ਦਾਰੇਂਦ ਪਿੰਡ ਦਾ ਵਾਸੀ, ਆਪਣੇ ਚਾਰ ਕਨਾਲਾਂ ਖੇਤ ਵਿੱਚ ਝੋਨੇ ਦੀ ਖੇਪ ਬਣਾਉਂਦਾ ਹੋਇਆ: 'ਇਹ ਪਹਿਲੀ ਵਾਰ ਹੋਇਆ ਹੈ ਜਦੋਂ ਪ੍ਰਵਾਸੀ ਮਜ਼ਦੂਰ ਕਸ਼ਮੀਰ ਦੇ ਖੇਤਾਂ ਵਿੱਚੋਂ ਗਾਇਬ ਹਨ। ਅਸੀਂ ਕਰਫਿਊ ਸਮੇਂ, ਬੰਦੀ ਸਮੇਂ ਅਤੇ ਹੜਤਾਲਾਂ ਵੇਲੇ ਵੀ ਕੰਮ ਕੀਤਾ ਹੋਇਆ ਹੈ ਪਰ ਇਹ ਕੋਵਿਡ ਕਾਲ ਵੱਖਰਾ ਹੀ ਰਿਹਾ। ਮੈਨੂੰ ਉਮੀਦ ਹੈ ਅਸੀਂ ਜਲਦੀ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਝੋਨੇ ਦੇ ਖੇਤਾਂ ਵਿੱਚ ਕੰਮ ਕਰਦਿਆਂ ਦੇਖਾਂਗੇ'


PHOTO • Muzamil Bhat

ਗੇਂਦਰਬਲ ਜ਼ਿਲ੍ਹੇ ਦੇ ਦਾਰੇਂਦ ਪਿੰਡ ਵਿੱਚ, ਕਸ਼ਮੀਰੀ ਕਿਸਾਨ ਝੋਨੇ ਦੀਆਂ ਭਰੀਆਂ ਨੂੰ ਸੁਕਾਉਣ ਵਾਸਤੇ ਖੁੱਲ੍ਹੇ ਖੇਤਾਂ ਵਿੱਚ ਰੱਖਦੇ ਹੋਏ


PHOTO • Muzamil Bhat

ਗੇਂਦਰਬਲ ਜ਼ਿਲ੍ਹੇ ਦੇ ਦਾਰੇਂਦ ਪਿੰਡ ਵਿੱਚ, ਇੱਕ ਕਸ਼ਮੀਰੀ ਮੁਟਿਆਰ (ਜੋ ਆਪਣਾ ਨਾਂਅ ਨਹੀਂ ਦੱਸਣਾ ਚਾਹੁੰਦੀ) ਪਿੜਾਈ ਵਾਸਤੇ ਆਪਣੇ ਸਿਰ 'ਤੇ ਝੋਨੇ ਦੀਆਂ ਭਰੀਆਂ ਚੁੱਕੀ ਲਿਜਾਂਦੀ ਹੋਈ


PHOTO • Muzamil Bhat

ਸ਼੍ਰੀਨਗਰ-ਲੇਹ ਰਾਸ਼ਟਰੀ ਮਾਰਗ  'ਤੇ ਝੋਨੇ ਦਾ ਇਹ ਸੁਨਿਹਰਾ ਖੇਤ ਪੂਰੇ ਜਲੋਅ ਵਿੱਚ ਲਹਿਰਾਉਂਦਾ ਹੋਇਆ ਜੋ ਗੇਂਦਰਬਲ ਜ਼ਿਲ੍ਹੇ ਦੇ ਗੁੰਡ ਇਲਾਕੇ ਵਿੱਚ ਸਥਿਤ ਹੈ

ਤਰਜਮਾ: ਕਮਲਜੀਤ ਕੌਰ

Muzamil Bhat

Muzamil Bhat is a Srinagar-based freelance photojournalist and filmmaker, and was a PARI Fellow in 2022.

Other stories by Muzamil Bhat
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur