ਬਸੰਤ ਬਿੰਦ ਕੁਝ ਕੁ ਦਿਨਾਂ ਲਈ ਘਰ ਆਏ ਸਨ। ਉਹ ਜਹਾਨਾਬਾਦ ਜ਼ਿਲ੍ਹੇ ਦੇ ਸਲੇਮਾਂਪੁਰ ਪਿੰਡ ਤੋਂ ਕੁਝ ਘੰਟਿਆਂ ਦੀ ਦੂਰੀ 'ਤੇ ਸਥਿਤ ਪਟਨਾ ਵਿਖੇ ਕੁਝ ਮਹੀਨਿਆਂ ਤੋਂ ਖੇਤ ਮਜ਼ਦੂਰੀ ਕਰ ਰਹੇ ਸਨ।

ਮਾਘੀ ਤੋਂ ਅਗਲੇ ਦਿਨ 15 ਜਨਵਰੀ ਨੂੰ ਉਨ੍ਹਾਂ ਕੰਮ 'ਤੇ ਵਾਪਸੀ ਕਰਨੀ ਸੀ। ਉਹ ਨਾਲ਼ੇ ਦੇ ਪਿੰਡ ਚੰਧਰਿਆ ਤੋਂ ਉਨ੍ਹਾਂ ਕੁਝ ਮਜ਼ਦੂਰਾਂ ਨੂੰ ਬੁਲਾਉਣ ਗਏ ਜਿਨ੍ਹਾਂ ਨਾਲ਼ ਉਨ੍ਹਾਂ ਨੇ ਵਾਪਸੀ ਦਾ ਸਫ਼ਰ ਤੈਅ ਕਰਨਾ ਸੀ। ਉਹ ਮਜ਼ਦੂਰਾਂ ਨਾਲ਼ ਗੱਲਬਾਤ ਕਰ ਹੀ ਰਹੇ ਸਨ ਕਿ ਆਬਕਾਰੀ ਵਿਭਾਗ ਅਤੇ ਪੁਲਿਸ ਦੀ ਗੱਡੀ ਆਣ ਰੁਕੀ। ਇਸ ਮਹਿਕਮੇ ਦਾ ਅਖ਼ੌਤੀ ਤੌਰ 'ਤੇ ਕੰਮ ਹੈ, ''ਬਿਹਾਰ ਰਾਜ ਅੰਦਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ 'ਤੇ ਰੋਕ ਲਾਉਣੀ ਤੇ ਜਾਗਰੂਕਤਾ ਫ਼ੈਲਾਉਣੀ...''

ਪੁਲਿਸ ਨੂੰ ਦੇਖ ਲੋਕ ਡਰ ਨਾਲ਼ ਤਿੱਤਰ-ਬਿੱਤਰ ਹੋਣ ਲੱਗੇ, ਇਹ ਦੇਖ ਬਸੰਤ ਵੀ ਸਹਿਮ ਗਏ ਤੇ ਭੱਜਣ ਲੱਗੇ। 27 ਸਾਲਾ ਬਸੰਤ ਦੱਸਦੇ ਹਨ,''ਲੱਤ ਵਿੱਚ ਰਾਡ ਪਈ ਹੋਣ ਕਾਰਨ ਮੈਂ ਤੇਜ਼ ਨਹੀਂ ਭੱਜ ਪਾਉਂਦਾ। ਅਜੇ ਬਾਮੁਸ਼ਕਲ 50-60 ਫੁੱਟ ਹੀ ਭੱਜਿਆ ਹੋਣਾ, ਇੰਨੇ ਨੂੰ ਛਾਪਾਮਾਰੀ ਦਲ ਵਾਲ਼ਿਆਂ ਨੇ ਪਿੱਛਿਓਂ ਮੇਰਾ ਕਾਲਰ ਫੜ੍ਹ ਮੈਨੂੰ ਗੱਡੀ 'ਚ ਬਿਠਾ ਲਿਆ।''

ਉਨ੍ਹਾਂ ਨੇ ਛਾਪਾਮਾਰੀ ਦਲ ਨੂੰ ਕਿਹਾ ਸੀ ਕਿ ਭਾਵੇਂ ਉਨ੍ਹਾਂ ਦੀ ਜਾਂਚ ਕਰ ਲਓ, ਉਨ੍ਹਾਂ ਦੇ ਘਰ 'ਚ ਛਾਪਾ ਮਾਰ ਲਓ, ਪਰ ਕਿਤੇ ਕੋਈ ਚੈਕਿੰਗ ਨਾ ਕੀਤੀ ਗਈ। ''ਪੁਲਿਸ ਨੇ ਕਿਹਾ ਕਿ ਜਹਾਨਾਬਾਦ ਸ਼ਹਿਰ ਦੇ ਆਬਕਾਰੀ ਥਾਣੇ ਲਿਜਾ ਕੇ ਛੱਡ ਦੇਣਗੇ।''

ਹਾਲਾਂਕਿ, ਥਾਣੇ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਧੱਕੇ ਨਾਲ਼ ਉਨ੍ਹਾਂ ਦੇ ਨਾਮ 'ਤੇ ਅੱਧਾ ਲੀਟਰ ਦਾਰੂ ਪਾ ਦਿੱਤੀ ਗਈ ਹੈ ਤੇ ਸ਼ਰਾਬਬੰਦੀ ਅਤੇ ਆਬਕਾਰੀ ਐਕਟ ਤਹਿਤ ਦਾਰੂ ਬਰਾਮਦੀ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਕਿਸੇ ਕੋਲ਼ੋਂ ਪਹਿਲੀ ਵਾਰੀਂ ਸ਼ਰਾਬ ਫੜ੍ਹੀ ਜਾਣ ਦੀ ਸੂਰਤ ਵਿੱਚ ਪੰਜ ਸਾਲ ਤੱਕ ਦੀ ਜੇਲ੍ਹ ਤੇ ਇੱਕ ਲੱਖ ਰੁਪਏ ਦੇ ਜੁਰਮਾਨੇ ਦਾ ਕਨੂੰਨ ਹੈ।

PHOTO • Umesh Kumar Ray
PHOTO • Umesh Kumar Ray

ਬਸੰਤ ਬਿੰਦੂ, ਪਟਨਾ ਦੇ ਨੇੜਲੇ ਖੇਤਾਂ ਵਿੱਚ ਬਤੌਰ ਖੇਤ ਮਜ਼ਦੂਰ ਕੰਮ ਕਰਦੇ ਸਨ। ਮਾਘੀ ਮਨਾਉਣ ਤੋਂ ਬਾਅਦ ਉਹ ਕੰਮ ' ਤੇ ਮੁੜ ਰਹੇ ਸਨ, ਜਦੋਂ ਬਿਹਾਰ ਦੇ ਚੰਧਰਿਆ ਪਿੰਡੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ

''ਅਸੀਂ ਉੱਥੇ ਦੋ ਘੰਟੇ ਬਹਿਸ ਕੀਤੀ ਕਿ ਸਾਨੂੰ ਚੈੱਕ ਤਾਂ ਕੀਤਾ ਜਾਵੇ।'' ਪਰ ਸਾਡੇ ਹਾੜੇ ਕਿਸੇ ਨਾ ਸੁਣੇ ਤੇ ਧੱਕੇ ਨਾਲ਼ ਐੱਫ਼ਆਈਆਰ ਦਰਜ ਕਰ ਦਿੱਤੀ ਗਈ। ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਬਸੰਤ ਨੂੰ ਅਦਾਲਤ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਮੁਤਾਬਕ,''ਕੋਰਟ ਅੰਦਰ ਮੈਂ ਜੱਜ ਸਾਹਬ ਨੂੰ ਕਿਹਾ ਕਿ ਸਾਡੇ ਤਾਂ ਖ਼ਾਨਦਾਨ ਵਿੱਚ ਕੋਈ ਸ਼ਰਾਬ ਨਹੀਂ ਵੇਚਦਾ। ਸਾਨੂੰ ਬਖ਼ਸ਼ ਦਿੱਤਾ ਜਾਵੇ।'' ਬਸੰਤ ਦੱਸਦੇ ਹਨ ਕਿ ਕੋਰਟ ਨੇ ਆਈਓ (ਜਾਂਚ ਅਧਿਕਾਰੀ) ਨੂੰ ਸੱਦਿਆ, ਪਰ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਰੇਡ ਮਾਰਨ ਗਏ ਹੋਏ ਹਨ।

*****

ਇਹਦੇ ਬਾਅਦ ਪੇਸ਼ੀ ਖ਼ਤਮ ਹੋ ਗਈ ਤੇ ਬਸੰਤ ਨੂੰ ਕਾਕੋ ਜੇਲ੍ਹ ਭੇਜ ਦਿੱਤਾ ਗਿਆ। ਬਸੰਤ ਚਾਰ ਦਿਨ ਜੇਲ੍ਹ ਰਹੇ ਤੇ 19 ਜਨਵਰੀ 2023 ਨੂੰ ਉਨ੍ਹਾਂ ਜ਼ਮਾਨਤ ਮਿਲ਼ ਗਈ। ਉਨ੍ਹਾਂ ਦੇ ਜ਼ਮਾਨਤਦਾਰ ਉਨ੍ਹਾਂ ਦੀ ਮਾਂ ਤੇ ਉਨ੍ਹਾਂ ਦੇ ਮਾਮੇ ਦੇ ਮੁੰਡੇ ਸਨ, ਜਿਨ੍ਹਾਂ ਨੇ ਆਪੋ-ਆਪਣੀ ਜ਼ਮੀਨ ਤੇ ਮੋਟਰਸਾਈਕਲ ਦੇ ਕਾਗ਼ਜ਼ ਦਿਖਾ ਕੇ ਜ਼ਮਾਨਤ ਦੀ ਗਰੰਟੀ ਚੁੱਕੀ ਸੀ।

ਜਹਾਨਾਬਾਦ ਜ਼ਿਲ੍ਹੇ ਵਿੱਚ ਛੇ ਥਾਣੇ ਆਉਂਦੇ ਹਨ, ਜਿਨ੍ਹਾਂ ਵਿੱਚੋਂ ਹੁਲਾਸਗੰਜ, ਪਾਲੀ ਤੇ ਬਰਾਬਰ ਟੂਰਿਸਮ ਥਾਣਿਆਂ ਵਿੱਚ ਦਰਜ 501 ਐੱਫਆਈਆਰ ਨੂੰ ਖੰਘਾਲਣ 'ਤੇ ਸਾਹਮਣੇ ਆਇਆ ਕਿ ਇਨ੍ਹਾਂ ਵਿੱਚੋਂ 207 ਐੱਫ਼ਆਈਆਰ ਵਿੱਚ ਮੁਸਹਰ ਭਾਈਚਾਰੇ ਦੇ ਲੋਕ ਦੋਸ਼ੀ ਕਰਾਰ ਦਿੱਤੇ ਗਏ ਹਨ, ਜਿਨ੍ਹਾਂ ਦੀ ਗਿਣਤੀ ਰਾਜ ਅੰਦਰ ਸਭ ਤੋਂ ਗ਼ਰੀਬ ਤੇ ਹਾਸ਼ੀਆਗਤ ਤਬਕਿਆਂ ਵਿੱਚ ਹੁੰਦੀ ਹੈ। ਮੁਸਹਰ ਤੋਂ ਬਾਅਦ ਸਭ ਤੋਂ ਵੱਧ ਦੋਸ਼ੀ ਬਿੰਦ ਤੇ ਯਾਦਵ ਭਾਈਚਾਰੇ ਦੇ ਲੋਕ ਗਰਦਾਨੇ ਜਾਂਦੇ ਹਨ, ਜੋ ਕਿ ਪਿਛੜੇ ਵਰਗ (ਓਬੀਸੀ) ਵਿੱਚ ਆਉਂਦੇ ਹਨ।

ਗ਼ੈਰ-ਸਰਕਾਰੀ ਸੰਸਥਾ ਲਾਅ. ਫ਼ਾਊਂਡੇਸ਼ਨ ਦੇ ਮੋਢੀ ਪ੍ਰਵੀਨ ਕੁਮਾਰ ਕਹਿੰਦੇ ਹਨ,''ਸ਼ਰਾਬਬੰਦੀ ਕਨੂੰਨ ਤਹਿਤ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਦਲਿਤ, ਪਿਛੜੇ ਤੇ ਖ਼ਾਸ ਕਰਕੇ ਮੁਸਹਰਾਂ ਦੀਆਂ ਹੀ ਹੋ ਰਹੀਆਂ ਹਨ। ਪੁਲਿਸ ਗੱਡੀ ਲੈ ਕੇ ਮੁਸਹਰ ਬਸਤੀਆਂ ਵਿੱਚ ਜਾਂਦੀ ਹੈ ਤੇ ਬੱਚਿਆਂ ਤੋਂ ਲੈ ਕੇ ਔਰਤਾਂ ਤੱਕ ਨੂੰ ਬਗ਼ੈਰ ਕਿਸੇ ਸਬੂਤ ਦੇ ਗ੍ਰਿਫ਼ਤਾਰ ਕਰਕੇ ਜੇਲ੍ਹੀਂ ਡੱਕ ਦਿੰਦੀ ਹੈ,'' ਉਹ ਅੱਗੇ ਕਹਿੰਦੇ ਹਨ,''ਇਹ ਲੋਕ ਇੰਨੇ ਗ਼ਰੀਬ ਹੁੰਦੇ ਹਨ ਕਿ ਉਨ੍ਹਾਂ ਕੋਲ਼ ਆਪਣਾ ਵਕੀਲ ਤੱਕ ਕਰਨ ਦੇ ਪੈਸੇ ਨਹੀਂ ਹੁੰਦੇ। ਲਿਹਾਜਾ ਉਹ ਕਈ ਮਹੀਨੇ ਜੇਲ੍ਹੀਂ ਡੱਕੇ ਰਹਿੰਦੇ ਹਨ।''

ਬਸੰਤ ਦੇ ਪਿੰਡ ਸਲੇਮਾਂਪੁਰ ਵਿਖੇ 150 ਪਰਿਵਾਰ (ਮਰਦਮਸ਼ੁਮਾਰੀ 2011) ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤੇਰੇ ਪਰਿਵਾਰ ਬੇਜ਼ਮੀਨੇ ਹਨ ਤੇ ਰੋਜ਼ੀਰੋਟੀ ਵਾਸਤੇ ਦਿਹਾੜੀ-ਧੱਪਾ ਕਰਦੇ ਹਨ। ਕਰੀਬ 1,242 ਲੋਕਾਂ ਦੀ ਵਸੋਂ ਵਿੱਚ ਬਿੰਦ ਭਾਈਚਾਰੇ ਤੋਂ ਇਲਾਵਾ ਇੱਥੇ ਮੁਸਹਰ, ਯਾਦਵ, ਪਾਸੀ ਤੇ ਕੁਝ ਕੁ ਮੁਸਲਿਮ ਪਰਿਵਾਰ ਵੀ ਰਹਿੰਦੇ ਹਨ।

ਆਪਣੇ 'ਤੇ ਜ਼ਬਰਨ ਮੜ੍ਹੇ ਕੇਸ ਕਾਰਨ ਗੁੱਸੇ ਵਿੱਚ ਲਾਲ-ਪੀਲ਼ੇ ਹੁੰਦੇ ਬਸੰਤ ਆਪਣੇ ਘਰ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ,''ਸਾਡਾ ਘਰ ਦੇਖੋ। ਕੀ ਮੈਂ ਤੁਹਾਨੂੰ ਦਾਰੂ ਵੇਚਣ ਵਾਲ਼ਾ ਲੱਗਦਾ ਹਾਂ? ਸਾਡੇ ਪੂਰੇ ਖ਼ਾਨਦਾਨ ਵਿੱਚ ਕਦੇ ਕਿਸੇ ਨੇ ਦਾਰੂ ਨਹੀਂ ਵੇਚੀ ਹੋਣੀ।'' ਜਦੋਂ ਬਸੰਤ ਦੀ ਪਤਨੀ ਕਵਿਤਾ ਦੇਵੀ ਨੇ ਸੁਣਿਆ ਕਿ ਉਨ੍ਹਾਂ ਦੇ ਪਤੀ 'ਤੇ ਅੱਧਾ ਲੀਟਰ ਦਾਰੂ ਰੱਖਣ ਦਾ ਦੋਸ਼ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ,''ਉਹ ਦਾਰੂ ਕਿਵੇਂ ਵੇਚ ਸਕਦੇ ਨੇ? ਉਹਨੇ ਤਾਂ ਕਦੇ ਦਾਰੂ ਪੀਤੀ ਤੱਕ ਨਹੀਂ।''

PHOTO • Umesh Kumar Ray

ਸਲੇਮਾਂਪੁਰ ਵਿਖੇ ਸਥਿਤ ਆਪਣੇ ਘਰ ਵਿਖੇ ਬਸੰਤ ਬਿੰਦ ਪਤਨੀ ਕਵਿਤਾ ਦੇਵੀ ਨਾਲ਼ ਬੈਠੇ ਹਨ। ਨਾਲ਼ ਹੀ ਉਨ੍ਹਾਂ ਦਾ ਅੱਠ ਸਾਲਾ ਬੇਟਾ ਤੇ ਦੋ ਸਾਲਾ ਧੀ ਵੀ ਹੈ

PHOTO • Umesh Kumar Ray
PHOTO • Umesh Kumar Ray

ਉਨ੍ਹਾਂ ਦਾ ਘਰ (ਖੱਬੇ) ਕਰੀਬ 30 ਫੁੱਟ ਚੌੜੀ ਨਹਿਰ (ਸੱਜੇ) ਕੰਢੇ ਬਣਿਆ ਹੋਇਆ ਹੈ। ਨਹਿਰ ਪਾਰ ਕਰਕੇ ਸੜਕ 'ਤੇ ਪਹੁੰਚਣ ਵਾਸਤੇ ਬਿਜਲੀ ਦੇ ਦੋ ਖੰਭੇ ਟਿਕਾਏ ਹੋਏ ਹਨ, ਜਿਨ੍ਹਾਂ 'ਤੇ ਤੁਰਦਿਆਂ ਹੋਇਆਂ ਉਸ ਪਾਰ ਜਾਣਾ ਹੁੰਦਾ ਹੈ

ਇੱਟ ਤੇ ਕੱਖਾਂ ਨਾਲ਼ ਬਣਿਆ ਉਨ੍ਹਾਂ ਦਾ ਘਰ ਕਰੀਬ 30 ਫੁੱਟ ਚੌੜੀ ਨਹਿਰ ਕੰਢੇ ਬਣਿਆ ਹੋਇਆ ਹੈ। ਨਹਿਰ ਪਾਰ ਕਰਕੇ ਸੜਕ 'ਤੇ ਜਾਣ ਵਾਸਤੇ ਬਿਜਲੀ ਦੇ ਦੋ ਖੰਭੇ ਟਿਕਾਏ ਹੋਏ ਹਨ, ਜਿਨ੍ਹਾਂ 'ਤੇ ਤੁਰਦਿਆਂ ਉਸ ਪਾਰ ਜਾਣਾ ਹੁੰਦਾ ਹੈ। ਮੀਂਹ ਦੇ ਦਿਨੀਂ ਜਦੋਂ ਨਹਿਰ ਪਾਣੀ ਨਾਲ਼ੋਂ ਨੱਕੋ-ਨੱਕ ਭਰੀ ਹੁੰਦੀ ਹੈ ਤਾਂ ਉਨ੍ਹਾਂ ਖੰਭਿਆਂ 'ਤੇ ਚੜ੍ਹਨਾ ਤੇ ਤੁਰਨਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ। ਉਨ੍ਹਾਂ ਦਾ ਅੱਠ ਸਾਲਾ ਬੇਟਾ ਸਰਕਾਰੀ ਸਕੂਲ ਵਿੱਚ ਪਹਿਲੀ ਜਮਾਤ ਵਿੱਚ ਪੜ੍ਹਦਾ ਹੈ; ਅਤੇ 5 ਸਾਲਾ ਧੀ ਆਂਗਨਵਾੜੀ ਕੇਂਦਰ ਜਾਂਦੀ ਹੈ। ਸਭ ਤੋਂ ਛੋਟੀ ਬੱਚੀ ਹਾਲੇ ਦੋ ਸਾਲ ਦੀ ਹੈ।

25 ਸਾਲਾਂ ਦੀ ਕਵਿਤਾ ਕਹਿੰਦੀ ਹਨ,''ਸ਼ਰਾਬਬੰਦੀ ਨਾਲ਼ ਸਾਨੂੰ ਤਾਂ ਕੋਈ ਫ਼ਾਇਦਾ ਹੋਇਆ ਨਹੀਂ, ਉਲਟਾ ਨੁਕਸਾਨ ਹੋ ਗਿਆ।''

ਦੂਜੇ ਪਾਸੇ, ਫ਼ਿਲਹਾਲ ਬਸੰਤ ਇਸ ਗੱਲੋਂ ਪਰੇਸ਼ਾਨ ਹਨ ਕਿ ਕੋਰਟ ਵਿੱਚ ਸੁਣਵਾਈ ਨਾਲ਼ ਇੱਕ ਤਾਂ ਉਨ੍ਹਾਂ ਦਾ ਸਮਾਂ ਬਰਬਾਦ ਹੋਵੇਗਾ ਤੇ ਦੂਜਾ ਪੈਸਾ ਵੀ। ਉਹ ਕਹਿੰਦੇ ਹਨ,''ਧਨਾਢਾਂ ਘਰ ਤਾਂ ਸ਼ਰਾਬ ਦੀ ਡਿਲੀਵਰੀ ਹੋ ਰਹੀ ਹੈ। ਉਹ ਲੋਕ ਮਜ਼ੇ ਨਾਲ਼ ਬੈਠ ਕੇ ਸ਼ਰਾਬ ਪੀ ਰਹੇ ਹਨ। ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਨਹੀਂ ਜਾਂਦੀ।''

ਬਸੰਤ ਦੇ 5 ਹਜ਼ਾਰ ਰੁਪਏ ਵਕੀਲ ਦੀ ਫ਼ੀਸ ਅਤੇ ਜ਼ਮਾਨਤ ਭਰਨ ਵਿੱਚ ਖਰਚ ਹੋ ਚੁੱਕੇ ਹਨ। ਇਨ੍ਹੀਂ ਦਿਨੀਂ ਉਹ ਖੇਤਾਂ ਵਿੱਚ ਕੰਮ ਵੀ ਨਾ ਕਰ ਸਕੇ ਤੇ ਦਿਹਾੜੀਆਂ ਪਹਿਲਾਂ ਹੀ ਟੁੱਟ ਚੁੱਕੀਆਂ ਹਨ। ਉਹ ਪੁੱਛਦੇ ਹਨ,''ਦੱਸੋ, ਅਸੀਂ ਪੈਸਾ ਕਮਾਈਏ ਜਾਂ ਕੋਰਟ ਦੇ ਚੱਕਰ ਕੱਟੀਏ?''

*****

''ਸਾਡਾ ਨਾਂਅ ਨਾ ਲਿਖਿਓ... ਤੁਸੀਂ ਨਾਂਅ ਲਿਖੋਗੇ ਤਾਂ ਪੁਲਿਸ ਸਾਨੂੰ ਵੀ ਲਮਕਾ ਦੇਵੇਗੀ। ਅਸੀਂ ਕੀ ਕਰਾਂਗੇ... ਅਸੀਂ ਤਾਂ ਬਾਲ਼-ਬੱਚੇ ਪਾਲਣੇ ਨੇ,'' ਸੀਤਾ ਦੇਵੀ (ਬਦਲਿਆ ਨਾਮ) ਕਹਿੰਦੀ ਹਨ ਤੇ ਇੰਨਾ ਕਹਿੰਦਿਆਂ ਹੀ ਚਿੰਤਾਂ ਦੀਆਂ ਲਕੀਰਾਂ ਉਨ੍ਹਾਂ ਦੇ ਚਿਹਰੇ 'ਤੇ ਫਿਰ ਜਾਂਦੀਆਂ ਹਨ।  ਉਨ੍ਹਾਂ ਦਾ ਪਰਿਵਾਰ ਜਹਾਨਾਬਾਦ ਰੇਲਵੇ ਸਟੇਸ਼ਨ ਤੋਂ ਬਾਮੁਸ਼ਕਲ 3 ਕਿਲੋਮੀਟਰ ਦੂਰ ਸਥਿਤ ਮੁਸਹਰੀ ਵਿੱਚ ਰਹਿੰਦਾ ਹੈ। ਉਹ ਮੁਸਹਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ ਜੋ ਬਿਹਾਰ ਅੰਦਰ ਮਹਾਂਦਲਿਤ ਵਰਗ ਵਜੋਂ ਸੂਚੀਬੱਧ ਹਨ।

ਉਨ੍ਹਾਂ ਦੇ ਪਤੀ ਰਾਮਭੁਆਲ ਮਾਂਝੀ (ਬਦਲਿਆ ਨਾਮ) ਨੂੰ ਕੋਰਟ ਨੇ ਸ਼ਰਾਬਬੰਦੀ ਤੇ ਆਬਕਾਰੀ ਐਕਟ, 2016 ਦੇ ਮਾਮਲੇ ਵਿੱਚ ਇੱਕ ਸਾਲ ਪਹਿਲਾਂ ਬਾ-ਇੱਜ਼ਤ ਬਰੀ ਕਰ ਦਿੱਤਾ ਸੀ, ਪਰ ਸੀਤਾ ਦਾ ਮਨ ਹਾਲੇ ਤੀਕਰ ਵੀ ਸਹਿਮ ਦੀ ਗ੍ਰਿਫ਼ਤ ਵਿੱਚ ਹੈ।

PHOTO • Umesh Kumar Ray
PHOTO • Umesh Kumar Ray

ਬਸੰਤ ਪਹਿਲਾਂ ਹੀ 5,000 ਰੁਪਏ ਵਕੀਲ ਦੀ ਫ਼ੀਸ ਤੇ ਜ਼ਮਾਨਤ ਵਿੱਚ ਖ਼ਰਚ ਚੁੱਕੇ ਹਨ ਤੇ ਅੱਗੇ ਹਾਲੇ ਹੋਰ ਵੀ ਬੜੇ ਖ਼ਰਚੇ ਖੜ੍ਹੇ ਹਨ। ਕਵਿਤਾ ਕਹਿੰਦੀ ਹਨ, ' ਸ਼ਰਾਬਬੰਦੀ ਨਾਲ਼ ਸਾਨੂੰ ਕੋਈ ਫ਼ਾਇਦਾ ਨਹੀਂ ਹੋਇਆ '

ਦੋ ਸਾਲ ਪਹਿਲਾਂ, ਰਾਮਭੁਆਲ ਨੂੰ ਸ਼ਰਾਬਬੰਦੀ ਕਨੂੰਨ ਤਹਿਤ ਸ਼ਰਾਬ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਤਾ ਦੇਵੀ ਕਹਿੰਦੀ ਹਨ,''ਘਰੇ ਸ਼ਰਾਬ ਨਾ ਮਿਲ਼ੀ, ਫਿਰ ਵੀ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ਼ ਲੈ ਗਈ। ਅਸੀਂ ਨਾ ਤਾਂ ਸ਼ਰਾਬ ਬਣਾਉਂਦੇ ਹਾਂ ਤੇ ਨਾ ਹੀ ਵੇਚਦੇ ਹਾਂ। ਮੇਰਾ ਪਤੀ ਸ਼ਰਾਬ ਪੀਂਦਾ ਤੱਕ ਨਹੀਂ।''

ਥਾਣੇ ਵਿੱਚ ਦਾਇਰ ਐੱਫ਼ਆਈਆਰ ਮੁਤਾਬਕ,''24 ਨਵੰਬਰ, 2021 ਦੀ ਸਵੇਰ 8 ਵਜੇ ਪੁਲਿਸ ਨੇ ਉਨ੍ਹਾਂ ਦੇ ਘਰੋਂ 26 ਲੀਟਰ ਦੇਸੀ ਚੁਲਾਈ ਸ਼ਰਾਬ (ਲਾਹਣ) ਬਰਾਬਦ ਕੀਤੀ ਸੀ, ਜੋ ਮਹੂਏ ਤੇ ਗੁੜ ਤੋਂ ਬਣਦੀ ਹੈ।'' ਪੁਲਿਸ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਰਾਮਭੁਆਲ਼ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਤੇ ਇੱਕ ਮਹੀਨੇ ਬਾਅਦ 24 ਦਸੰਬਰ ਨੂੰ ਆਪਣੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇੱਕ ਸਾਲ ਤੱਕ ਦਾ ਉਹ ਸਮਾਂ ਜਦੋਂ ਪਤੀ ਜੇਲ੍ਹ ਵਿੱਚ ਸਨ, ਸੀਤਾ ਦੇਵੀ ਲਈ ਮੁਸੀਬਤਾਂ ਭਰਿਆ ਸੀ। ਉਨ੍ਹਾਂ ਨੂੰ ਇਕੱਲਿਆਂ ਹੀ ਆਪਣੇ ਤਿੰਨਾਂ ਬੱਚਿਆਂ (18 ਸਾਲਾ ਧੀ, 10 ਤੇ 8 ਸਾਲਾ ਬੇਟੇ) ਨੂੰ ਸੰਭਾਲ਼ਣਾ ਪਿਆ ਸੀ। ਕਦੇ-ਕਦਾਈਂ ਜਦੋਂ ਉਹ ਰਾਮਭੁਆਲ ਨੂੰ ਮਿਲ਼ਣ ਕਾਕੋ ਜੇਲ੍ਹ ਜਾਂਦੀ ਤਾਂ ਅਕਸਰ ਦੋਵੇਂ ਫੁੱਟ-ਫੁੱਟ ਰੋਣ ਲੱਗਦੇ। ''ਉਹ ਪੁੱਛਦੇ ਕਿ ਅਸੀਂ ਆਪਣਾ ਢਿੱਡ ਕਿਵੇਂ ਭਰਦੇ ਹਾਂ, ਬੱਚਿਆਂ ਦਾ ਕੀ ਹਾਲ ਹੈ। ਜਦੋਂ ਮੈਂ ਆਪਣੀ ਪਰੇਸ਼ਾਨੀ ਦੱਸਦੀ ਤਾਂ ਉਹ ਬੇਵਸੀ ਵਿੱਚ ਰੋਣ ਲੱਗਦੇ। ਉਨ੍ਹਾਂ ਨੂੰ ਰੋਂਦਾ ਦੇਖ ਮੈਂ ਵੀ ਰੋਣ ਲੱਗਦੀ,'' ਇੰਨਾ ਕਹਿੰਦਿਆਂ ਹੀ ਉਹ ਮੂੰਹ ਦੂਜੇ ਪਾਸੇ ਕਰਕੇ ਆਪਣੇ ਹੰਝੂਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਲੱਗਦੀ ਹਨ।

ਇਸ ਪੂਰੇ ਵਕਫ਼ੇ ਦੌਰਾਨ ਪਰਿਵਾਰ ਦਾ ਢਿੱਡ ਭਰਨ ਲਈ ਉਨ੍ਹਾਂ ਨੇ ਖੇਤ-ਮਜ਼ਦੂਰੀ ਕੀਤੀ ਤੇ ਆਂਢ-ਗੁਆਂਢ ਪਾਸੋਂ ਉਧਾਰ ਵੀ ਚੁੱਕਿਆ। ''ਮਾਂ-ਬਾਪ ਖੇਤ ਬਟੈਯਾ (ਕਿਰਾਏ ਦਾ ਖੇਤ) ਲੈ ਕੇ ਖੇਤੀ ਕਰਦੇ ਹਨ। ਕੁਝ ਚੌਲ਼ ਉਨ੍ਹਾਂ ਦੇ ਦਿੱਤੇ ਤੇ ਰਿਸ਼ਤੇਦਾਰਾਂ ਨੇ ਵੀ ਥੋੜ੍ਹਾ-ਬਹੁਤ ਅਨਾਜ ਦਿੱਤਾ।'' ਥੋੜ੍ਹਾ ਰੁੱਕ ਕੇ ਉਹ ਕਹਿੰਦੀ ਹਨ,''ਸਾਡੇ ਸਿਰ ਇੱਕ ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ।''

ਇਸ ਤਰੀਕੇ ਨਾਲ਼ ਕੀਤੀ ਗ੍ਰਿਫ਼ਤਾਰੀ ਨੂੰ ਕੋਰਟ ਵਿੱਚ ਗ਼ਲਤ ਸਾਬਤ ਕਰਨਾ ਉਦੋਂ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਜਦੋਂ ਘਟਨਾ ਦੀ ਸੂਚਨਾ ਦੇਣ ਵਾਲ਼ਾ, ਸ਼ਰਾਬ ਜਾਂਚਕਰਤਾ, ਜਾਂਚ ਅਧਿਕਾਰੀ ਤੇ ਛਾਪੇਮਾਰ ਦਲ ਦੇ ਦੋ ਮੈਂਬਰ ਗਵਾਹ ਬਣ ਖੜ੍ਹੇ ਹੋ ਜਾਣ। ਪਰ, ਰਾਮਭੁਆਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਛਾਪੇਮਾਰੀ ਦਲ ਦੇ ਦੋਵਾਂ ਮੈਂਬਰਾਂ ਨੇ ਆਪਣੇ ਬਿਆਨਾਂ ਵਿੱਚ ਰਾਮਭੁਆਲ ਘਰ ਸ਼ਰਾਬ ਦੀ ਬਰਾਮਦੀ ਹੋਈ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਅਦਾਲਤ ਨੇ ਗਵਾਹਾਂ ਦੇ ਬਿਆਨਾਂ ਵਿੱਚ ਆਪਾ-ਵਿਰੋਧ ਦੇਖਿਆ।

ਇਸ ਤੋਂ ਬਾਅਦ, 16 ਨਵੰਬਰ ਨੂੰ ਜਹਾਨਾਬਾਦ ਦੇ ਅਪਰ ਜ਼ਿਲ੍ਹਾ ਤੇ ਸ਼ੈਸਨ ਕੋਰਟ ਨੇ ਰਾਮਭੁਆਲ ਮਾਂਝੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।

PHOTO • Umesh Kumar Ray

ਬਿਹਾਰ ਦੇ ਸ਼ਰਾਬਬੰਦੀ ਤੇ ਆਬਕਾਰੀ ਐਕਟ, 2016 ਤਹਿਤ ਦਰਜ ਮਾਮਲੇ ਵਿੱਚ, ਬਸੰਤ ਨੂੰ ਹਾਲੇ ਵੀ ਲੰਬੀ ਕਨੂੰਨੀ ਲੜਾਈ ਲੜਨੀ ਪੈਣੀ ਹੈ ਜਿਸ ਕਾਰਨ ਉਨ੍ਹਾਂ ਦਾ ਸਮਾਂ ਤੇ ਪੈਸਾ ਬਰਬਾਦ ਹੋਵੇਗਾ

ਚੇਤੇ ਕਰਦਿਆਂ ਸੀਤਾ ਦੇਵੀ ਕਹਿੰਦੀ ਹਨ,''ਸੁਖਲ ਠੱਟਰ (ਕਾਫ਼ੀ ਪਤਲੇ ਹੋ ਕੇ) ਨਿਕਲ਼ੇ ਜੇਲ੍ਹ 'ਚੋਂ।''

ਜੇਲ੍ਹ 'ਚ ਬਾਹਰ ਆਉਣ ਤੋਂ 10 ਦਿਨਾਂ ਬਾਅਦ ਹੀ ਰਾਮਭੁਆਲ ਕੰਮ ਦੀ ਭਾਲ਼ ਵਿੱਚ ਜਹਾਨਾਬਾਦ ਤੋਂ ਬਾਹਰ ਚਲੇ ਗਏ। 36 ਸਾਲਾ ਸੀਤਾ ਕਹਿੰਦੀ ਹਨ,''ਘਰੇ ਰਹਿੰਦੇ ਤਾਂ ਦੋ-ਤਿੰਨ ਮਹੀਨਿਆਂ ਵਿੱਚ ਵਧੀਆ ਖਾਣਾ ਖੁਆ ਕੇ ਸਰੀਰ ਤੰਦੁਰਸਤ ਬਣਾ ਦਿੰਦੇ, ਪਰ ਦੋਬਾਰਾ ਗ੍ਰਿਫ਼ਤਾਰੀ ਦੇ ਡਰੋਂ ਉਹ ਕੰਮ ਕਰਨ ਲਈ ਚੇਨੱਈ ਚਲੇ ਗਏ ਹਨ।''

ਰਾਮਭੁਆਲ ਦੀਆਂ ਮੁਸ਼ਕਿਲਾਂ ਦਾ ਅੰਤ ਹਾਲੇ ਤੱਕ ਨਹੀਂ ਹੋਇਆ।

ਇਸ ਮਾਮਲੇ ਵਿੱਚ ਤਾਂ ਰਾਮਭੁਆਲ ਬਰੀ ਹੋ ਗਏ,ਪਰ ਸ਼ਰਾਬਬੰਦੀ ਕਨੂੰਨ ਦੀਆਂ ਹੀ ਦੋ ਅੱਡ-ਅੱਡ ਧਾਰਾਵਾਂ ਤਹਿਤ ਸਾਲ 2020 ਵਿੱਚ ਰਾਮਭੁਆਲ ਮਾਂਝੀ ਖ਼ਿਲਾਫ਼ ਦਰਜ ਦੋ ਹੋਰ ਮਾਮਲੇ ਹਾਲੇ ਤੀਕਰ ਵਿਚਾਰ-ਅਧੀਨ ਹਨ। ਸ਼ਰਾਬਬੰਦੀ ਤੇ ਆਬਕਾਰੀ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2016 ਦੇ ਅਪ੍ਰੈਲ ਮਹੀਨੇ ਤੋਂ ਲੈ ਕੇ 14 ਫ਼ਰਵਰੀ 2023 ਤੀਕਰ ਇਸ ਐਕਟ ਤਹਿਤ 7,54,222 ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਜਿਨ੍ਹਾਂ ਵਿੱਚੋਂ 1,88,775 ਲੋਕਾਂ ਨੂੰ ਸਜ਼ਾ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 245 ਨਾਬਾਲਗ਼ ਹਨ।

ਸੀਤਾ ਨੂੰ ਨਹੀਂ ਪਤਾ ਕਿ ਮਾਮਲਿਆਂ ਦਾ ਨਤੀਜਾ ਉਨ੍ਹਾਂ ਦੀ ਝੋਲ਼ੀ ਪਵੇਗਾ ਕਿ ਨਹੀਂ। ਜਦੋਂ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਸ਼ਰਾਬਬੰਦੀ ਕਨੂੰਨ ਦਾ ਕੋਈ ਸਕਾਰਾਤਮਕ ਅਸਰ ਨਹੀਂ ਹੋਇਆ ਤਾਂ ਉਹ ਯਕਦਮ ਵਿਲਕਣ ਲੱਗਦੀ ਹਨ, '' ਹਮ ਤੋ ਲੰਗਟਾ (ਨੰਗ) ਹੋ ਗਏ। ਏਕ ਬੇਟੀ ਭੀ ਜਵਾਨ ਹੈ, ਉਸਕੀ ਸ਼ਾਦੀ ਕਰਨੀ ਹੈ। ਪਤਾ ਨਹੀਂ ਕੈਸੇ ਕਰੇਂਗੇ। ਹਮਾਰੇ ਲੀਏ ਤੋ ਐਸਾ ਸਮਯ ਆ ਗਯਾ ਹੈ ਕਿ ਕਟੋਰਾ ਲੇ ਕਰ ਰੋਡ ਪਰ ਭੀਖ ਛਾਨੇਂਗੇ (ਮੰਗਾਂਗੇ)। ''

ਸਾਲ 2021 ਦੀ ਸ਼ੁਰੂਆਤ ਵਿੱਚ, ਕਿਸੇ ਲੁਕੀ ਬੀਮਾਰੀ ਕਾਰਨ ਰਾਮਭੁਆਲ ਦੇ ਛੋਟੇ ਭਰਾ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ ਪਤਨੀ ਵੀ ਪਿਛਲ਼ੇ ਸਾਲ ਨਵੰਬਰ ਵਿੱਚ ਨਾ ਰਹੀ। ਹੁਣ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਨਾਲ਼ ਨਾਲ਼ ਆਪਣੇ ਭਰਾ ਦੇ ਦੋਵਾਂ ਬੱਚਿਆਂ ਨੂੰ ਵੀ ਪਾਲਣਾ ਪੈ ਰਿਹਾ ਹੈ। ਬੱਚਿਆਂ ਦੀ ਜਿੰਮੇਦਾਰੀ ਨਿਭਾਉਂਦਿਆਂ ਸੀਤਾ ਕਹਿੰਦੀ ਹਨ,''ਰੱਬ ਨੇ ਵੀ ਸਾਨੂੰ ਛੱਪਰ ਪਾੜ ਕੇ ਦੁੱਖ ਦਿੱਤੇ ਨੇ, ਅਸੀਂ ਵੀ ਝੱਲੀ ਜਾਨੇ ਹਾਂ।''

ਇਹ ਸਟੋਰੀ ਬਿਹਾਰ ਦੇ ਇੱਕ ਟ੍ਰੇਡ ਯੂਨੀਅਨਵਾਦੀ ਦੀ ਯਾਦ ਵਿੱਚ ਦਿੱਤੀ ਗਈ ਫ਼ੈਲੋਸ਼ਿਪ ਤਹਿਤ ਲਿਖੀ ਗਈ ਹੈ, ਜਿਨ੍ਹਾਂ ਦਾ ਜੀਵਨ ਰਾਜ ਅੰਦਰਲੇ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰਿਆਂ ਲਈ ਸੰਘਰਸ਼ ਕਰਦਿਆਂ ਬੀਤਿਆ।

ਤਰਜਮਾ: ਕਮਲਜੀਤ ਕੌਰ

Umesh Kumar Ray

Umesh Kumar Ray is a PARI Fellow (2022). A freelance journalist, he is based in Bihar and covers marginalised communities.

Other stories by Umesh Kumar Ray
Editor : Devesh

Devesh is a poet, journalist, filmmaker and translator. He is the Translations Editor, Hindi, at the People’s Archive of Rural India.

Other stories by Devesh
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur