ਪੰਜ ਮਹੀਨੇ ਦੀ ਗਰਭਵਤੀ, ਪੱਲਵੀ ਗਾਵਿਤ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੋਂ ਮੰਜੀ 'ਤੇ ਪਈ ਪੀੜ੍ਹ ਨਾਲ਼ ਵਿਲ਼ਕ ਰਹੀ ਸਨ। ਉਨ੍ਹਾਂ ਦੀ ਭਰਜਾਈ, 45 ਸਾਲਾ ਸਪਨਾ ਗਰੇਲ ਉਦੋਂ ਵੀ ਪਲਵੀ ਦੇ ਨਾਲ਼ ਹੀ ਸਨ, ਜਦੋਂ ਉਨ੍ਹਾਂ ਦੀ ਬੱਚੇਦਾਨੀ ਯੋਨੀ ਰਸਤਿਓਂ ਬਾਹਰ ਤਿਲਕ ਗਈ ਸੀ, ਜਿਹਦੇ ਅੰਦਰ ਪੰਜ ਮਹੀਨਿਆਂ ਦਾ ਇੱਕ ਬੇਜਾਨ ਨਰ-ਭਰੂਣ ਸੀ। ਇਸ ਬਰਦਾਸ਼ਤ ਤੋਂ ਬਾਹਰ ਹੁੰਦੀ ਪੀੜ੍ਹ ਕਾਰਨ ਅਤੇ ਲਹੂ ਅਤੇ ਤਰਲ ਪਦਾਰਥ ਦੇ ਛੁੱਟੇ ਫ਼ੁਹਾਰਿਆਂ ਕਾਰਨ ਪੱਲਵੀ ਬੇਹੋਸ਼ ਹੋ ਗਈ ਸਨ।

25 ਜੁਲਾਈ, 2019 ਨੂੰ ਤੜਕੇ 3 ਵਜੇ ਦਾ ਸਮਾਂ ਸੀ। ਸਤਪੁੜਾ ਪਹਾੜੀਆਂ ਦੀ ਗੋਦ ਵਿੱਚ ਵੱਸੀ 55 ਭੀਲ ਪਰਿਵਾਰਾਂ ਦੀ ਇੱਕ ਬਸਤੀ, ਹੇਂਗਲਾਪਾਨੀ ਵਿਖੇ ਪੱਲਵੀ ਦਾ ਇਹ ਕੱਚਾ ਢਾਰਾ (ਕੁੱਲੀ/ਝੌਂਪੜੀ) ਤੇਜ਼ ਮੀਂਹ ਦਾ ਸਾਹਮਣਾ ਕਰ ਰਿਹਾ ਸੀ। ਉੱਤਰ-ਪੱਛਮੀ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੇ ਇਸ ਬੀਹੜ ਇਲਾਕੇ ਵਿੱਚ ਨਾ ਤਾਂ ਪੱਕੀਆਂ ਸੜਕਾਂ ਹਨ ਅਤੇ ਨਾ ਹੀ ਮੋਬਾਇਲ ਨੈੱਟਵਰਕ। ਪੱਲਵੀ ਦੇ ਪਤੀ ਗਿਰੀਸ਼ ( ਇਸ ਸਟੋਰੀ ਵਿੱਚ ਸਾਰੇ ਨਾਮ ਬਦਲ ਦਿੱਤੇ ਗਏ ਹਨ ) ਕਹਿੰਦੇ ਹਨ,''ਬਿਪਤਾ ਦੀ ਘੜੀ ਸੱਦਾ ਦੇ ਕੇ ਨਹੀਂ ਆਉਂਦੀ। ਉਹ ਤਾਂ ਕਦੇ ਵੀ ਆ ਬਹੁੜਦੀ ਹੈ। ਨੈੱਟਵਰਕ ਕਵਰੇਜ ਦੇ ਬਗ਼ੈਰ, ਅਸੀਂ ਐਂਬੂਲੈਂਸ ਜਾਂ ਡਾਕਟਰ ਨੂੰ ਵੀ ਕਿਵੇਂ ਬੁਲਾ ਸਕਦੇ ਹਾਂ?''

30 ਸਾਲਾ ਗਿਰੀਸ਼ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ,''ਮੈਂ ਘਬਰਾ ਗਿਆ ਸਾਂ। ਮੈਂ ਨਹੀਂ ਸਾਂ ਚਾਹੁੰਦਾ ਕਿ ਉਹ ਮਰ ਜਾਵੇ।'' ਤੜਕੇ ਚਾਰ ਵਜੇ ਗਿਰੀਸ਼ ਅਤੇ ਉਨ੍ਹਾਂ ਦਾ ਇੱਕ ਗੁਆਂਢੀ, ਹਨ੍ਹੇਰੇ ਅਤੇ ਵਰ੍ਹਦੇ ਮੀਂਹ ਵਿਚਾਲੇ, ਪੱਲਵੀ ਨੂੰ ਬਾਂਸ ਅਤੇ ਚਾਦਰ ਦੇ ਬਣੇ ਇੱਕ ਅਸਥਾਈ ਸਟ੍ਰੈਚਰ 'ਤੇ ਲੱਦ ਕੇ ਸਤਪੁੜਾ ਦੀਆਂ ਪਹਾੜੀਆਂ ਦੇ ਚਿੱਕੜ ਨਾਲ਼ ਭਰੇ ਰਸਤਿਆਂ ਥਾਣੀ ਹੁੰਦੇ ਹੋਏ 105 ਕਿਲੋਮੀਟਰ ਦੂਰ ਧੜਗਾਓਂ ਵੱਲ ਲੈ ਗਏ।

ਹੇਂਗਲਾਪਾਨੀ ਬਸਤੀ ਅਕਾਰਨੀ ਤਾਲੁਕਾ ਦੇ ਤੋਰਨਮਾਲ ਗ੍ਰਾਮ ਪੰਚਾਇਤ ਇਲਾਕੇ ਵਿੱਚ ਸਥਿਤ ਹੈ। ਤੋਰਨਮਾਲ ਗ੍ਰਾਮੀਣ ਹਸਪਤਾਲ ਨੇੜੇ ਤਾਂ ਰਹਿੰਦਾ, ਪਰ ਉਸ ਰਾਤ ਇਹ ਸੜਕ ਫੜ੍ਹਨੀ ਸੁਰੱਖਿਅਤ ਨਹੀਂ ਸੀ। ਨੰਗੇ ਪੈਰੀਂ (ਚਿੱਕੜ ਕਾਰਨ ਚੱਪਲ ਤੱਕ ਪਾਉਣਾ ਮੁਸ਼ਕਲ ਹੁੰਦਾ) ਗਿਰੀਸ਼ ਅਤੇ ਉਨ੍ਹਾਂ ਦੇ ਗੁਆਂਢੀ ਨੂੰ ਚਿੱਕੜ ਭਰੇ ਰਸਤੇ ਥਾਣੀ ਜਾਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੱਲਵੀ ਨੂੰ ਪਲਾਸਟਿਕ ਦੀ ਚਾਦਰ ਨਾਲ਼ ਢੱਕਿਆ ਹੋਇਆ ਸੀ ਅਤੇ ਉਹ ਪੀੜ੍ਹ ਨਾਲ਼ ਦੂਹਰੀ ਹੁੰਦੀ ਜਾ ਰਹੀ ਸਨ।

ਕਰੀਬ 3 ਘੰਟਿਆਂ ਤੱਕ ਚੜ੍ਹਾਈ ਵਾਲ਼ੇ ਰਸਤੇ 'ਤੇ ਤੁਰਨ ਤੋਂ ਬਾਅਦ ਉਹ ਤੋਰਨਮਾਲ ਘਾਟ ਰੋਡ 'ਤੇ ਜਾ ਪਹੁੰਚੇ। ਗਿਰੀਸ਼ ਦੱਸਦੇ ਹਨ,''ਲਗਭਗ 30 ਕਿਲੋਮੀਟਰ ਦੀ ਚੜ੍ਹਾਈ ਹੈ।'' ਉੱਥੋਂ ਉਨ੍ਹਾਂ ਨੇ 1,000 ਰੁਪਏ ਖ਼ਰਚ ਕੇ ਜੀਪ ਕਿਰਾਏ 'ਤੇ ਲਈ, ਜੋ ਉਨ੍ਹਾਂ ਨੂੰ ਧੜਗਾਓਂ ਤੱਕ ਲੈ ਗਈ। ਸੜਕ 'ਤੇ ਪੰਜ ਘੰਟੇ ਤੱਕ ਸਫ਼ਰ ਤੈਅ ਕਰਨ ਤੋਂ ਬਾਅਦ, ਪੱਲਵੀ ਨੂੰ ਧੜਗਾਓਂ ਦੇ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਭਰਤੀ ਕਰਾਇਆ ਗਿਆ। ਗ੍ਰਾਮੀਣ ਹਸਤਾਲ ਉੱਥੋਂ 10 ਕਿਲੋਮੀਟਰ ਹੋਰ ਦੂਰ ਸੀ। ਉਹ ਕਹਿੰਦੇ ਹਨ,''ਮੈਨੂੰ ਜੋ ਪਹਿਲਾ ਦਵਾਖ਼ਾਨਾ (ਸਿਹਤ ਸੁਵਿਧਾ) ਦਿਖਾਈ ਦਿੱਤਾ ਮੈਂ ਉਹਨੂੰ ਉੱਥੇ ਹੀ ਲੈ ਗਿਆ। ਉਹ ਮਹਿੰਗਾ ਸੀ, ਪਰ ਘੱਟ ਤੋਂ ਘੱਟ ਉਨ੍ਹਾਂ ਨੇ ਮੇਰੀ ਪੱਲਵੀ ਨੂੰ ਬਚਾ ਲਿਆ।'' ਡਾਕਟਰ ਨੇ ਉਨ੍ਹਾਂ ਤੋਂ 3,000 ਰੁਪਏ ਲਏ ਅਤੇ ਅਗਲੇ ਦਿਨ ਛੁੱਟੀ ਦੇ ਦਿੱਤੀ। ਗਿਰੀਸ਼ ਚੇਤੇ ਕਰਦੇ ਹਨ,''ਇੰਨੇ ਜ਼ਿਆਦਾ ਲਹੂ ਵਹਿਣ ਤੋਂ ਬਾਅਦ ਉਹਦੀ ਮੌਤ ਵੀ ਹੋ ਸਕਦੀ ਸੀ।''

In the dark and in pelting rain, Girish (also in the photo on the left is the ASHA worker), and a neighbour carried Pallavi on a makeshift stretcher up the slushy Satpuda hills
PHOTO • Zishaan A Latif
In the dark and in pelting rain, Girish (also in the photo on the left is the ASHA worker), and a neighbour carried Pallavi on a makeshift stretcher up the slushy Satpuda hills
PHOTO • Zishaan A Latif

ਗਿਰੀਸ਼ (ਫ਼ੋਟੋ ਵਿੱਚ ਖੱਬੇ ਅਤੇ ਆਸ਼ਾ ਵਰਕਰ ਵੀ ਹਨ) ਅਤੇ ਇੱਕ ਗੁਆਂਢ, ਹਨ੍ਹੇਰੇ ਅਤੇ ਵਰ੍ਹਦੇ ਮੀਂਹ ਪੱਲਵੀ ਨੂੰ ਇੱਕ ਅਸਥਾਈ ਸਟ੍ਰੈਚਰ ' ਤੇ ਲੱਦ ਕੇ ਸਤਪੁੜਾ ਪਹਾੜੀਆਂ ਦੇ ਚਿੱਕੜ ਭਰੇ ਰਸਤੇ ਉੱਪਰ ਵੱਲ ਲੈ ਗਏ

ਇਸ ਘਟਨਾ ਦੇ ਮਹੀਨਿਆਂ ਬਾਅਦ ਵੀ ਪੱਲਵੀ ਨੂੰ ਰੋਜ਼ਾਨਾ ਬੇਚੈਨੀ ਅਤੇ ਦਰਦ ਹੁੰਦਾ ਰਹਿੰਦਾ  ਹੈ। ਇਹ ਦੱਸਦੀ ਹਨ,''ਮੈਂ ਜਦੋਂ ਵੀ ਕੋਈ ਭਾਰਾ ਭਾਂਡਾ ਚੁੱਕਦੀ ਹਾਂ ਜਾਂ ਹੇਠਾਂ ਵੱਲ ਝੁਕਦੀ ਹਾਂ ਤਾਂ ਮੇਰੀ ਬੱਚੇਦਾਨੀ ਯੋਨੀ ਰਸਤਿਓਂ ਬਾਹਰ ਤਿਲ਼ਕ ਆਉਂਦੀ ਹੈ।'' ਪੱਲਵੀ ਦੀ ਉਮਰ 23 ਸਾਲ ਹੈ ਅਤੇ ਉਨ੍ਹਾਂ ਦੀ ਇੱਕ ਸਾਲ ਦੀ ਧੀ ਹੈ, ਜਿਹਦਾ ਨਾਮ ਖ਼ੁਸ਼ੀ ਹੈ। ਉਹਦਾ ਜਨਮ ਘਰ ਵਿੱਚ ਹੀ ਹੇਂਗਲਾਪਾਨੀ ਬਸਤੀ ਦੀ ਆਸ਼ਾ ਵਰਕਰ ਦੀ ਮਦਦ ਸੁਰੱਖਿਅਤ ਤਰੀਕੇ ਨਾਲ਼ ਨਾਲ਼ ਹੋ ਗਿਆ ਸੀ। ਪਰ ਪੱਲਵੀ ਦੀ ਆਪਣੀ ਥਾਂ ਤੋਂ ਖਿਸਕੀ ਬੱਚੇਦਾਨੀ ਦਾ ਇਲਾਜ ਨਾ ਹੋਇਆ ਹੋਣ ਕਾਰਨ, ਉਨ੍ਹਾਂ ਨੂੰ ਆਪਣੇ ਬੱਚੇ ਦੇ ਦੇਖਭਾਲ਼ ਕਰਨ ਵਿੱਚ ਦਿੱਕਤ ਹੁੰਦੀ ਹੈ।

ਪੱਲਵੀ ਮੈਨੂੰ ਕਹਿੰਦੀ ਹਨ,''ਮੈਨੂੰ ਖ਼ੁਸ਼ੀ ਨੂੰ ਨਹਲਾਉਣ ਦੇ ਨਾਲ਼-ਨਾਲ਼ ਉਹਨੂੰ ਖਾਣਾ ਖੁਆਉਣ ਪੈਂਦਾ ਹੈ ਅਤੇ ਕਿੰਨਾ-ਕਿੰਨਾ ਚਿਰ ਗੋਦੀ ਚੁੱਕਣਾ ਅਤੇ ਉਹਦੇ ਨਾਲ਼ ਖੇਡਣਾ ਪੈਂਦਾ ਹੈ। ਇੰਨੀਆਂ ਸਰੀਰਕ ਸਰਗਰਮੀਆਂ ਕਾਰਨ ਕਦੇ-ਕਦਾਈਂ ਮੇਰੇ ਢਿੱਡ ਵਿੱਚ ਸਾੜ ਪੈਣ ਅਤੇ ਛਾਤੀ ਵਿੱਚ ਪੀੜ੍ਹ ਹੋਣ ਕਾਰਨ ਬੈਠਣ-ਉੱਠਣ ਵੇਲ਼ੇ ਦਿੱਕਤ ਹੁੰਦੀ ਹੈ।''

ਗਿਰੀਸ਼ ਆਪਣੀਆਂ ਦੋ ਗਾਵਾਂ ਚਰਾਉਣ ਲਈ ਬਾਹਰ ਲਿਜਾਂਦੇ ਹਨ, ਉੱਥੇ ਪੱਲਵੀ ਨੂੰ ਰੋਜ਼ ਪਹਾੜੀ ਹੇਠਾਂ ਵਗਦੇ ਚਸ਼ਮੇ ਵਿੱਚ ਪਾਣੀ ਢੋਹਣਾ ਪੈਂਦਾ ਹੈ। ''ਪਾਣੀ ਵਾਸਤੇ ਦੋ ਕਿਲੋਮੀਟਰ ਹੇਠਾਂ ਢਲਾਣ 'ਤੇ ਜਾਣਾ ਪੈਂਦਾ ਹੈ। ਪਰ ਸਾਡੇ ਲਈ ਪਾਣੀ ਦਾ ਇਹੀ ਇੱਕ ਸ੍ਰੋਤ ਹੈ,'' ਉਹ ਕਹਿੰਦੀ ਹਨ। ਅਪ੍ਰੈਲ-ਮਈ ਤੱਕ ਇਹ ਸ੍ਰੋਤ ਵੀ ਸੁੱਕ ਜਾਂਦਾ ਹੈ, ਜਿਸ ਕਰਕੇ ਪੱਲਵੀ ਅਤੇ ਬਸਤੀ ਦੀਆਂ ਦੂਸਰੀਆਂ ਔਰਤਾਂ ਨੂੰ ਪਾਣੀ ਦੀ ਭਾਲ਼ ਵਿੱਚ ਹੋਰ ਹੇਠਾਂ ਉਤਰਣ ਲਈ ਮਜ਼ਬੂਰ ਹੋਣਾ ਪੈਂਦਾ ਹੈ।

ਮਾਨਸੂਨ ਦੌਰਾਨ ਉਹ ਅਤੇ ਗਿਰੀਸ਼ ਦੋ ਏਕੜ ਦੀ ਜ਼ਮੀਨ 'ਤੇ ਮੱਕੀ ਅਤੇ ਜਵਾਰ ਦੀ ਖੇਤੀ ਕਰਦੇ ਹਨ। ਗਿਰੀਸ਼ ਦੱਸਦੇ ਹਨ ਕਿ ਇਨ੍ਹਾਂ ਤਿੱਖੀਆਂ ਢਲਾਣਾਂ ਵਿੱਚ ਮਾੜਾ ਝਾੜ ਮਿਲ਼ਦਾ ਹੈ। ''ਸਾਨੂੰ ਚਾਰ ਜਾਂ ਪੰਜ ਕੁਵਿੰਟਲ (400-500 ਕਿਲੋਗ੍ਰਾਮ) ਝਾੜ ਮਿਲ਼ਦਾ ਹੈ, ਜਿਸ ਵਿੱਚੋਂ 1-2 ਕੁਵਿੰਟਲ ਮੈਂ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਤੋਰਨਮਾਲ ਦੀ ਕਰਿਆਨਾ ਦੁਕਾਨਾਂ 'ਤੇ ਵੇਚ ਦਿੰਦਾ ਹਾਂ।'' ਜਦੋਂ ਸਲਾਨਾ ਫ਼ਸਲ ਦੀ ਵਾਢੀ ਦਾ ਕੰਮ ਮੁਕੰਮਲ ਹੋ ਜਾਂਦਾ ਹੈ ਤਾਂ ਗਿਰੀਸ਼ ਕਮਾਦ ਦੇ ਖ਼ੇਤਾਂ ਵਿੱਚ ਕੰਮ ਤਲਾਸ਼ਣ ਲਈ ਗੁਆਂਢੀ ਰਾਜ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਚਲੇ ਜਾਂਦੇ ਹਨ। ਉਹ ਸਾਲ ਦੇ ਲਗਭਗ 150 ਦਿਨ 250 ਰੁਪਏ ਦਿਹਾੜੀ ਦੇ ਹਿਸਾਬ ਨਾਲ਼ ਕਮਾਈ ਦਾ ਪ੍ਰਬੰਧ ਕਰ ਲੈਂਦੇ ਹਨ।

ਘਰ ਅਤੇ ਖੇਤ ਦੇ ਸਾਰੇ ਕੰਨ ਨਬੇੜਨ ਤੋਂ ਬਾਅਦ, ਪੱਲਵੀ ਵਿੱਚ ਇੰਨੀ ਜਾਨ ਨਹੀਂ ਬੱਚਦੀ ਕਿ ਉਹ ਨੇੜਲੇ ਪ੍ਰਾਇਮਰੀ ਸਿਹਤ ਕੇਂਦਰ ਜਾ ਸਕਣ ਜੋ ਉੱਥੋਂ ਕਰੀਬ 35 ਕਿਲੋਮੀਟਰ ਦੂਰ ਜਾਪੀ ਪਿੰਡ ਵਿਖੇ ਸਥਿਤ ਹੈ। ਉਨ੍ਹਾਂ ਨੂੰ ਅਕਸਰ ਬੁਖ਼ਾਰ ਚੜ੍ਹ ਜਾਂਦਾ ਹੈ ਅਤੇ ਸਿਰ ਘੁੰਮਣ ਲੱਗਦਾ ਹੈ ਅਤੇ ਕਦੇ-ਕਦੇ ਉਹ ਬੇਹੋਸ਼ ਤੱਕ ਹੋ ਜਾਂਦੀ ਹਨ। ਆਸ਼ਾ ਵਰਕਰ ਉਨ੍ਹਾਂ ਨੂੰ ਕੁਝ ਦਵਾਈਆਂ ਦੇ ਜਾਂਦੀ ਹਨ। ''ਮੈਂ ਡਾਕਟਰ ਕੋਲ਼ ਜਾਣਾ ਚਾਹੁੰਦੀ ਹਾਂ, ਪਰ ਕਿਵੇਂ ਜਾਵਾਂ? ਮੈਂ ਕਾਫ਼ੀ ਕਮਜ਼ੋਰ ਹਾਂ,'' ਉਹ ਕਹਿੰਕਦੀ ਹਨ। ਆਪਣੀ ਬੱਚੇਦਾਨੀ ਦੀ ਸਮੱਸਿਆ (ਆਪਣੀ ਥਾਂ ਤੋਂ ਖਿਸਕੀ ਬੱਚੇਦਾਨੀ) ਦੇ ਨਾਲ਼, ਪਹਾੜੀ ਰਸਤਿਓਂ ਹੁੰਦੇ ਹੋਏ ਇੰਨੀ ਦੂਰੀ ਤੈਅ ਕਰਨੀ ਉਨ੍ਹਾਂ ਲਈ ਲਗਭਗ ਅਸੰਭਵ ਹੈ।

'I have to bathe Khushi, feed her, lift her several times a day, play with her', says Pallavi Gavit. 'With a lot of physical activity, sometimes I have a burning sensation in my stomach, pain in the chest, and difficulty sitting and getting up'
PHOTO • Zishaan A Latif
'I have to bathe Khushi, feed her, lift her several times a day, play with her', says Pallavi Gavit. 'With a lot of physical activity, sometimes I have a burning sensation in my stomach, pain in the chest, and difficulty sitting and getting up'
PHOTO • Zishaan A Latif

' ਪੱਲਵੀ ਗਾਵਿਤ ਕਹਿੰਦੀ ਹਨ, ' ਮੈਨੂੰ ਖ਼ੁਸ਼ੀ ਨੂੰ ਇਸਨਾਨ ਕਰਾਉਣ ਦੇ ਨਾਲ਼-ਨਾਲ਼ ਉਹਨੂੰ ਖਾਣਾ ਖੁਆਉਣ ਪੈਂਦਾ ਹੈ ਅਤੇ ਕਿੰਨਾ-ਕਿੰਨਾ ਚਿਰ ਗੋਦੀ ਚੁੱਕਣਾ ਅਤੇ ਉਹਦੇ ਨਾਲ਼ ਖੇਡਣਾ ਪੈਂਦਾ ਹੈ। ਇੰਨੀਆਂ ਸਰੀਰਕ ਸਰਗਰਮੀਆਂ ਕਾਰਨ ਕਦੇ-ਕਦਾਈਂ ਮੇਰੇ ਢਿੱਡ ਵਿੱਚ ਸਾੜ ਪੈਣ ਅਤੇ ਛਾਤੀ ਵਿੱਚ ਪੀੜ੍ਹ ਹੋਣ ਕਾਰਨ ਬੈਠਣ-ਉੱਠਣ ਵੇਲ਼ੇ ਦਿੱਕਤ ਹੁੰਦੀ ਹੈ '

ਤੋਰਨਮਾਲ ਗ੍ਰਾਮ ਪੰਚਾਇਤ ਦੀ ਵਸੋਂ 20,000 ਹੈ (ਇੱਕ ਗ੍ਰਾਮ ਪੰਚਾਇਤ ਮੈਂਬਰ ਦੇ ਅਨੁਮਾਨ ਮੁਤਾਬਕ) ਅਤੇ ਜੋ ਕਿ 14 ਪਿੰਡਾਂ ਅਤੇ 60 ਬਸਤੀਆਂ ਵਿੱਚ ਫ਼ੈਲੀ ਹੋਈ ਹੈ। ਸਥਾਨਕ ਲੋਕਾਂ ਵਾਸਤੇ ਜਾਪੀ ਵਿੱਚ ਇੱਕ ਪ੍ਰਾਇਮਰੀ ਸਿਹਤ ਕੇਂਦਰ, ਛੇ ਉਪ-ਕੇਂਦਰ ਅਤੇ ਤੋਰਨਮਾਲ ਜੂਨ (ਪੁਰਾਣਾ) ਪਿੰਡ ਵਿਖੇ 30 ਬਿਸਤਰਿਆਂ ਵਾਲ਼ਾ ਇੱਕ ਗ੍ਰਾਮੀਣ ਹਸਪਤਾਲ ਮੌਜੂਦ ਹੈ, ਜੋ ਕੰਡੋਮ, ਗਰਭਨਿਰੋਧਕ ਗੋਲ਼ੀਆਂ, ਨਸਬੰਦੀ ਅਤੇ ਆਈਯੂਡੀ ਲਗਾਉਣ ਜਿਹੀਆਂ ਸੁਵਿਧਾਵਾਂ ਉਪਲਬਧ ਕਰਾਉਣ ਦੇ ਨਾਲ਼-ਨਾਲ਼ ਡਿਲਵਰੀ ਤੋਂ ਪਹਿਲਾਂ ਅਤੇ ਬਾਅਦ (ਜੱਚਾ-ਬੱਚਾ ਸਿਹਤ ਸੰਭਾਲ਼) ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਪਰ ਕਿਉਂਕਿ ਇਸ ਬੀਹੜ ਇਲਾਕੇ ਦੀਆਂ ਬਸਤੀਆਂ ਦੂਰ-ਦੁਰਾਡੀਆਂ ਥਾਵਾਂ 'ਤੇ ਸਥਿਤ ਹਨ, ਇਸਲਈ ਬਹੁਤੇਰੀਆਂ ਔਰਤਾਂ ਘਰੇ ਹੀ ਬੱਚੇ ਨੂੰ ਜਨਮ ਦਿੰਦੀਆਂ ਹਨ।

''ਕਿਉਂਕਿ ਆਦਿਵਾਸੀ ਜੀਵਨ ਪਹਾੜੀਆਂ ਦੀਆਂ ਟੀਸੀਆਂ 'ਤੇ ਵੱਸਦਾ ਹੈ ਅਤੇ ਉੱਥੋਂ ਦੀਆਂ ਔਰਤਾਂ ਨੂੰ ਗਰਭਅਵਸਥਾ ਦੌਰਾਨ ਵੀ ਪਾਣੀ ਦੀ ਭਾਲ਼ ਕਰਦਿਆਂ ਢਲਾਣ ਤੋਂ ਕਦੇ ਉੱਪਰ ਅਤੇ ਕਦੇ ਹੇਠਾਂ ਗੇੜੇ ਲਾਉਣੇ ਪੈਂਦੇ ਹਨ, ਇਸੇ ਕਾਰਨ ਕਰਕੇ ਤੋਰਨਮਾਲ ਵਿਖੇ ਰੁਕਾਵਟ ਵਾਲ਼ੇ ਪ੍ਰਸਵ ਮਾਮਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਹ ਚੀਜ਼ਾਂ ਗਰਭਅਵਸਥਾ ਦੌਰਾਨ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਅਤੇ ਸਮੇਂ ਤੋਂ ਪਹਿਲਾਂ ਬੱਚੇ ਦੇ ਜਨਮ ਦਾ ਕਾਰਨ ਬਣਦੀਆਂ ਹਨ,''ਜਾਪੀ ਪੀਐੱਚਸੀ ਦੇ ਇੱਕ ਡਾਕਟਰ ਆਪਣਾ ਨਾਮ ਨਾ ਦੱਸੇ ਜਾਣ ਦੀ ਸ਼ਰਤ 'ਤੇ ਕਹਿੰਦੇ ਹਨ। ਦੋ ਡਾਕਟਰ, ਦੋ ਨਰਸਾਂ ਅਤੇ ਇੱਕ ਵਾਰਡ ਸਹਾਇਕ ਵਾਲ਼ੇ ਇਸ ਪੀਐੱਚਸੀ ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ ਅਤੇ ਇੱਥੇ ਇੱਕ ਦਿਨ ਵਿੱਚ ਸਿਰਫ਼ ਚਾਰ ਤੋਂ ਪੰਜ ਰੋਗੀ ਹੀ ਆਉਂਦੇ ਹਨ। ਉਹ ਦੱਸਦੇ ਹਨ,''ਲੋਕ ਉਦੋਂ ਹੀ ਆਉਂਦੇ ਹਨ ਜਦੋਂ ਗੱਲ ਹੱਥੋਂ ਨਿਕਲ਼ਦੀ ਜਾਪਦੀ ਹੈ ਅਤੇ ਭਗਤਾਂ ਦਾ (ਪਰੰਪਰਿਕ ਹਕੀਮ) ਦਾ ਇਲਾਜ ਕਿਸੇ ਕੰਮ ਨਹੀਂ ਆਉਂਦਾ।''

ਅਪ੍ਰੈਲ 2019 ਅਤੇ ਮਾਰਚ 2020 ਦੌਰਾਨ, ਡਾਕਟਰ ਨੇ ਆਪਣੀ ਥਾਂ ਤੋਂ ਖਿਸਕੀਆਂ ਬੱਚੇਦਾਨੀਆਂ ਦੇ ਪੰਜ ਮਾਮਲੇ ਦੇਖੇ ਸਨ। ਉਹ ਕਹਿੰਦੇ ਹਨ,''ਉਨ੍ਹਾਂ ਸਾਰੇ ਮਾਮਲਿਆਂ ਵਿੱਚ 100 ਫ਼ੀਸਦ ਓਪਰੇਸ਼ਨ ਦੀ ਲੋੜ ਸੀ। ਇਸਲਈ, ਅਸੀਂ ਉਨ੍ਹਾਂ (ਔਰਤਾਂ) ਨੂੰ ਨੰਦੁਰਬਾਰ ਸਿਵਲ ਹਸਤਾਲ ਰੈਫ਼ਰ ਕਰ ਦਿੱਤਾ। ਸਾਡੇ ਇੱਥੇ ਇਸ ਤਰ੍ਹਾਂ ਦੀ ਗੰਭੀਰ ਬੀਮਾਰੀ ਦੇ ਇਲਾਜ ਦੀ ਕੋਈ ਸੁਵਿਧਾ ਉਪਲਬਧ ਨਹੀਂ ਹੈ।''

ਬੱਚੇਦਾਨੀ ਦਾ ਆਪਣੀ ਥਾਂ ਤੋਂ ਖਿਸਕਣਾ ਉਦੋਂ ਹੁੰਦਾ ਹੈ ਜਦੋਂ ਪੈਲਵਿਕ ਫਲੋਰ ਮਾਸਪੇਸ਼ੀਆਂ ਅਤੇ ਲਿਗਾਮੇਂਟ (ਪੱਠੇ) ਤਣ ਜਾਂਦੇ ਹਨ ਜਾਂ ਕਮਜ਼ੋਰ ਹੋ ਜਾਂਦੇ ਹਨ ਅਤੇ ਉਹ ਬੱਚੇਦਾਨੀ ਨੂੰ ਸਹਾਰਾ ਦੇਣ ਦੇ ਯੋਗ ਨਹੀਂ ਰਹਿੰਦੇ। ,''ਬੱਚੇਦਾਨੀ ਮਾਸਪੇਸ਼ੀਆਂ ਤੋਂ ਬਣੀ ਰਚਨਾ ਹੈ ਜੋ ਪੈਲਵਿਕ ਦੇ ਅੰਦਰ ਵੱਖ-ਵੱਖ ਮਾਸਪੇਸ਼ੀਆਂ, ਟਿਸ਼ੂਆਂ ਅਤੇ ਲਿਗਾਮੇਂਟ ਸਹਾਰੇ ਟਿਕੀ ਹੁੰਦੀ ਹੈ,'' ਮੁੰਬਈ ਸਥਿਤ ਫ਼ੈਡਰੇਸ਼ਨ ਆਫ਼ ਓਬਸਟੇਟ੍ਰਿਕ ਐਂਡ ਗਾਇਨੀਕੋਲਾਜਿਕਲ ਸੋਸਾਇਟੀ ਆਫ਼ ਇੰਡੀਆ ਦੀ ਪ੍ਰਧਾਨ ਡਾ. ਕੋਮਲ ਚਵਾਨ ਦੱਸਦੀ ਹਨ। ''ਗਰਭਅਵਸਥਾ, ਜ਼ਿਆਦਾ ਬੱਚੇ ਜੰਮਣ, ਲੰਬੇ ਸਮੇਂ ਤੱਕ ਚੱਲੀ ਪ੍ਰਸਵ ਪ੍ਰਕਿਰਿਆ ਜਾਂ ਪ੍ਰਸਵ ਵੇਲੇ ਖ਼ਰਾਬ ਪ੍ਰਬੰਧ ਢੰਗ ਕਾਰਨ ਕੁਝ ਔਰਤਾਂ ਦੀਆਂ ਇਹ ਮਾਸਪੇਸ਼ੀਆਂ ਕਮਜ਼ੋਰ ਪੈ ਜਾਂਦੀਆਂ ਹਨ, ਜਿਸ ਕਾਰਨ ਬੱਚੇਦਾਨੀ ਆਪਣੀ ਥਾਂ ਤੋਂ ਖਿਸਕ ਜਾਂਦੀ ਹੈ।'' ਗੰਭੀਰ ਮਾਮਲਿਆਂ ਵਿੱਚ, ਔਰਤ ਦੀ ਉਮਰ ਅਤੇ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਮਜ਼ੋਰ ਪੈਲਵਿਕ ਫ਼ਲੋਰ ਟਿਸ਼ੂਆਂ ਦੀ ਮੁਰੰਮਤ ਲਈ ਜਾਂ ਹਿਸਟਰੇਕਟੋਮੀ (ਸਰਜਰੀ ਦੁਆਰਾ ਔਰਤ ਦੇ ਜਣਨ ਅੰਗਾਂ ਨੂੰ ਕੱਢਣਾ) ਵਾਸਤੇ ਸਰਜਰੀ ਲੋੜੀਂਦੀ ਹੋ ਸਕਦੀ ਹੈ।

ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ਵਿੱਚ ਸਾਲ 2015 ਵਿੱਚ ਪ੍ਰਕਾਸ਼ਤ, ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀਆਂ ਗ੍ਰਾਮੀਣ ਔਰਤਾਂ ਅੰਦਰ ਕਰੋਨਿਕ ਓਬਸਟੇਟ੍ਰਿਕ ਮੋਰਬਿਡਿਟੀਸ (ਸੀਓਐੱਮ) ਭਾਵ ਗਰਭਅਵਸਥਾ ਦੇ  ਗੰਭੀਰ ਰੋਗਾਂ ਬਾਰੇ ਸਾਲ 2006-07 ਦੇ ਇੱਕ ਅਧਿਐਨ ਵਿੱਚ ਪਤਾ ਚੱਲਿਆ ਕਿ ਸੀਓਐੱਮ ਦੀ ਰਿਪੋਰਟ ਕਰਨ ਵਾਲ਼ੀਆਂ 136 ਔਰਤਾਂ ਵਿੱਚ ਪ੍ਰੋਲੈਪਸ (ਬੱਚੇਦਾਨੀ ਦਾ ਖਿਸਕਿਆ ਹੋਣਾ) ਸਭ ਤੋਂ ਵੱਧ (62 ਫੀਸਦ) ਸੀ। ਵੱਧਦੀ ਉਮਰ ਅਤੇ ਮੋਟਾਪੇ ਤੋਂ ਇਲਾਵਾ, ਰਿਪੋਰਟ ਕਹਿੰਦੀ ਹੈ,''ਲਗਾਤਾਰ ਬੱਚੇ ਜੰਮਦੇ ਰਹਿਣਾ ਅਤੇ ਪਰੰਪਰਾਗਤ ਦਾਈਆਂ ਦੁਆਰਾ ਕੇਸ ਕਰਾਇਆ ਜਾਣਾ (ਬੱਚਾ ਪੈਦਾ) ਹੀ ਅਜਿਹੇ ਕਾਰਕ ਤਿਆਰ ਕਰਦਾ ਹੈ ਜਿਸ ਕਰਕੇ ਪ੍ਰੋਲੈਪਸ ਦੀ ਸਮੱਸਿਆ ਜੜ੍ਹ ਫੜ੍ਹ ਜਾਂਦੀ ਸੀ।''

Pallavi and Girish are agricultural labourers in Nandurbar; Pallavi's untreated uterine prolapse makes it hard for her to take care of their daughter
PHOTO • Zishaan A Latif
Pallavi and Girish are agricultural labourers in Nandurbar; Pallavi's untreated uterine prolapse makes it hard for her to take care of their daughter
PHOTO • Zishaan A Latif

ਪੱਲਵੀ ਅਤੇ ਗਿਰੀਸ਼, ਨੰਦੁਰਬਾਰ ਵਿੱਚ ਖ਼ੇਤ ਮਜ਼ਦੂਰ ਹਨ ; ਇਲਾਜ ਨਾ ਮਿਲ਼ਣ ਕਾਰਨ, ਪੱਲਵੀ ਦੀ ਬੱਚੇਦਾਨੀ ਦੇ ਪ੍ਰੋਲੈਪਸ ਦੇ ਕਾਰਨ ਉਨ੍ਹਾਂ ਲਈ ਆਪਣੀ ਧੀ ਦੀ ਦੇਖਭਾਲ਼ ਕਰਨੀ ਮੁਸ਼ਕਲ ਹੋ ਗਈ

ਨੰਦੁਰਬਾਰ ਸਿਵਲ ਹਸਪਤਾਲ ਵਿੱਚ ਪੱਲਵੀ ਆਪਣੀ ਬੱਚੇਦਾਨੀ ਦੇ ਪ੍ਰੋਲੈਪਸ ਲਈ ਮੁਫ਼ਤ ਸਰਜਰੀ ਦੀ ਸੁਵਿਧਾ ਪ੍ਰਾਪਤ ਕਰ ਸਕਦੀ ਸਨ, ਪਰ ਉਹ ਉਨ੍ਹਾਂ ਦੀ ਬਸਤੀ ਹੇਂਗਲਾਪਾਨੀ ਤੋਂ ਕਰੀਬ 150 ਕਿਲੋਮੀਟਰ ਦੂਰ ਸਥਿਤ ਹੈ। ਉੱਥੇ ਪਹੁੰਚਣ ਦਾ ਮਤਲਬ ਹੈ, ਪਹਿਲਾਂ ਤਿੰਨ ਘੰਟਿਆਂ ਦੀ ਚੜ੍ਹਾਈ ਵਾਲ਼ਾ ਰਸਤਾ ਤੈਅ ਕਰਨਾ ਅਤੇ ਫਿਰ ਤੋਂ ਚਾਰ ਘੰਟਿਆਂ ਦੀ ਬੱਸ ਯਾਤਰਾ ਕਰਨੀ। ਪੱਲਵੀ ਕਹਿੰਦੀ ਹਨ,''ਮੈਂ ਜਦੋਂ ਬਹਿੰਦੀ ਹਾਂ, ਤਾਂ ਲੱਗਦਾ ਹੈ ਕਿ ਮੈਂ ਕਿਸੇ ਚੀਜ਼ 'ਤੇ ਬੈਠੀ ਹੋਵਾਂ ਅਤੇ ਮੈਨੂੰ ਪੀੜ੍ਹ ਹੁੰਦੀ ਹੈ। ਮੈਂ ਦੇਰ ਤੱਕ ਇੱਕੋ ਥਾਂ 'ਤੇ ਬਹਿ ਨਹੀਂ ਸਕਦੀ।'' ਇਸ ਰੂਟ 'ਤੇ ਰਾਜ ਪਰਿਵਹਨ ਦੀ ਇੱਕ ਬੱਸ ਦੁਪਹਿਰ ਦੇ ਕਰੀਬ 1 ਵਜੇ ਤੋਰਨਮਾਲ ਤੋਂ ਆਉਂਦੀ ਹੈ। ਉਹ ਪੁੱਛਦੀ ਹਨ,''ਕੀ ਡਾਕਟਰ ਇੱਥੇ ਨਹੀਂ ਆ ਸਕਦੇ?''

ਡਾਕਟਰ ਦੱਸਦੇ ਹਨ ਕਿ ਸੜਕਾਂ ਨਾ ਹੋਣ ਕਾਰਨ, ਤੋਰਨਮਾਲ ਦੇ ਰੋਗੀਆਂ ਦੀ ਉਨ੍ਹਾਂ ਮੋਬਾਇਲ ਮੈਡੀਕਲ ਯੁਨਿਟਾਂ ਤੱਕ ਵੀ ਪਹੁੰਚ ਨਹੀਂ ਬਣ ਪਾਉਂਦੀ ਜੋ ਇਨ੍ਹਾਂ ਬੀਹੜ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਂਦੀਆਂ ਹਨ। ਅਕਾਰਨੀ ਬਲਾਕ ਅੰਦਰ 31 ਅਜਿਹੇ ਪਿੰਡ ਅਤੇ ਕਈ ਬਸਤੀਆਂ ਹਨ ਜੋ ਸੜਕ ਮਾਰਗ ਨਾਲ਼ ਜੁੜੇ ਨਹੀਂ ਹੋਏ। ਮਹਾਰਾਸ਼ਟਰ ਸਰਕਾਰ ਦੀ ਨਵਸੰਜੀਵਨੀ ਯੋਜਨਾ ਬੀਹੜ ਇਲਾਕਿਆਂ ਵਿੱਚ ਮੋਬਾਇਲ ਮੈਡੀਕਲ ਯੁਨਿਟ ਮੁਹੱਈਆ ਕਰਾਉਂਦੀ ਹੈ, ਜਿਹਦੀ ਟੀਮ ਵਿੱਚ ਇੱਕ ਮੈਡੀਕਲ ਅਧਿਕਾਰੀ ਅਤੇ ਇੱਕ ਸਿਖਲਾਈ ਯਾਫ਼ਤਾ ਨਰਸ ਸ਼ਾਮਲ ਹੁੰਦੀ ਹੈ। ਮਹਾਰਾਸ਼ਟਰ ਆਦਿਵਾਸੀ ਵਿਕਾਸ ਵਿਭਾਗ ਦੀ 2018-19 ਦੀ ਐਨੂਅਲ ਟ੍ਰਾਇਬਾਲ ਕੰਪੋਨੈਂਟ ਸਕੀਮਸ ਦੀ ਰਿਪੋਰਟ ਮੁਤਾਬਕ, ਅਕਾਰਨੀ ਤਾਲੁਕਾ ਵਿੱਚ ਅਜਿਹੀਆਂ ਦੋ ਯੁਨਿਟਾਂ ਤਾਇਨਾਤ ਹਨ, ਪਰ ਉਹ ਪੱਲਵੀ ਦੀ ਬਸਤੀ ਜਿਹੀਆਂ ਹੋਰ ਬੀਹੜ ਥਾਵਾਂ ਤੱਕ ਪਹੁੰਚ ਨਹੀਂ ਸਕਦੀਆਂ।

''ਜਾਪੀ ਪੀਐੱਚਸੀ ਖ਼ੁਦ ਕੋਲ਼ ਨਾ ਬਿਜਲੀ ਹੈ ਨਾ ਪਾਣੀ ਅਤੇ ਨਾ ਹੀ ਕਰਮਚਾਰੀਆਂ ਵਾਸਤੇ ਕੋਈ ਰਹਾਇਸ਼,'' ਇੱਥੋਂ ਦੇ ਡਾਕਟਰ ਦਾ ਕਹਿਣਾ ਹੈ। ''ਮੈਂ ਇਸ ਬਾਬਤ ਸਿਹਤ ਵਿਭਾਗ ਨੂੰ ਕਈ ਪੱਤਰ ਲਿਖੇ ਹਨ, ਪਰ ਸ਼ਿਕਾਇਤ ਬਾਬਤ ਕੋਈ ਪ੍ਰਗਤੀ ਨਹੀਂ ਹੋਈ।'' ਸਿਹਤ ਕਰਮੀਆਂ ਨੂੰ ਹਰ ਦਿਨ ਨੰਦੁਰਬਾਰ ਤੋਂ ਜਾਪੀ ਤੱਕ ਦੀ ਯਾਤਰਾ ਕਰਨੀ ਅਸੰਭਵ ਜਾਪਦੀ ਹੈ। ਡਾਕਟਰ ਕਹਿੰਦੇ ਹਨ,''ਇਸਲਈ, ਅਸੀਂ ਇੱਥੇ ਦਿਨ ਵੇਲ਼ੇ (ਪੂਰਾ ਹਫ਼ਤਾ) ਕੰਮ ਕਰਦੇ ਹਾਂ ਅਤੇ ਰਾਤ ਇੱਕ ਆਸ਼ਾ ਵਰਕਰ ਦੇ ਘਰ ਕੱਟਦੇ ਹਾਂ। ਅਸੀਂ ਹਫ਼ਤੇ ਦੇ ਅਖ਼ੀਰ ਵਿੱਚ ਹੀ ਨੰਦੁਰਬਾਰ ਵਿਖੇ ਆਪੋ-ਆਪਣੇ ਘਰਾਂ ਨੂੰ ਜਾਂਦੇ ਹਾਂ।''

ਇਸ ਕਾਰਨ ਕਰਕੇ ਇਸ ਇਲਾਕੇ ਦੀਆਂ ਆਸ਼ਾ ਵਰਕਰਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ। ਪਰ ਉਨ੍ਹਾਂ ਨੂੰ ਵੀ ਦਵਾਈਆਂ ਅਤੇ ਕਿਟਾਂ ਦੇ ਸੀਮਤ ਸਟਾਕ ਕਾਰਨ ਸੰਘਰਸ਼ ਕਰਨਾ ਪੈਂਦਾ ਹੈ। ਹੇਂਗਲਾਪਾਨੀ ਦੀ ਆਸ਼ਾ ਵਰਕਰ, ਵਿਦਿਆ ਨਾਇਕ (ਬਦਲਿਆ ਨਾਮ) ਕਹਿੰਦੀ ਹਨ,''ਸਾਨੂੰ ਗਰਭਵਤੀ ਔਰਤਾਂ ਵਾਸਤੇ ਆਇਰਨ ਅਤੇ ਫ਼ੌਲਿਕ ਐਸਿਡ ਦੀਆਂ ਗੋਲ਼ੀਆਂ ਦੀ ਸਪਲਾਈ ਨਿਯਮਤ ਰੂਪ ਨਾਲ਼ ਪ੍ਰਪਤ ਨਹੀਂ ਹੁੰਦੀ।'' ਵਿਦਿਆ 10 ਬਸਤੀਆਂ ਦੀਆਂ 10 ਆਸ਼ਾ ਵਰਕਰਾਂ ਦੇ ਕੰਮ ਦੀ ਨਿਗਰਾਨੀ ਕਰਦੀ ਹਨ।

ਕੁਝ ਆਸ਼ਾ ਵਰਕਰਾਂ ਨੂੰ ਡਿਲੀਵਰੀ ਕਰਾਉਣ ਵਿੱਚ ਸਿਖਲਾਈ ਹਾਸਲ ਹੈ, ਪਰ ਡਿਲੀਵਰੀ ਦੇ ਮੁਸ਼ਕਲ ਕੇਸਾਂ ਵਾਸਤੇ ਉਨ੍ਹਾਂ ਨੂੰ ਤਿਆਰ ਨਹੀਂ ਕੀਤਾ ਗਿਆ। ਵਿਦਿਆ ਹਰ ਮਹੀਨੇ ਦੋ ਤੋਂ ਤਿੰਨ ਬਾਲਾਂ ਜਾਂ ਇੱਕ ਜਾਂ ਦੋ ਮਾਵਾਂ ਦੀਆਂ ਹੋਣ ਵਾਲ਼ੀਆਂ ਮੌਤਾਂ ਨੂੰ ਰਿਕਾਰਡ ਕਰਦੀ ਹਨ, ਜੋ ਘਰ ਵਿਖੇ ਅਸੁਰੱਖਿਅਤ ਡਿਲੀਵਰੀ ਕਰਾਉਣ ਕਰਕੇ ਹੁੰਦੀਆਂ ਹਨ। ਉਹ ਕਹਿੰਦੀ ਹਨ,''ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈ- ਸਾਨੂੰ ਸਿਰਫ਼ ਸਫ਼ਰ ਲਈ ਸੁਰੱਖਿਅਤ ਸੜਕ ਮੁਹੱਈਆ ਕਰ ਦਿਓ ਤਾਂਕਿ ਅਸੀਂ ਸੁਰੱਖਿਅਤ ਡਿਲੀਵਰੀ ਕਰਵਾ ਸਕੀਏ।''

ਡਾ ਚਵਾਨ ਕਹਿੰਦੀ ਹਨ,''ਡਿਲੀਵਰੀ ਤੋਂ ਪਹਿਲਾਂ ਦੇਖਭਾਲ਼ ਦੇ ਨਾਲ਼-ਨਾਲ਼, ਸ਼ੁਰੂਆਤ ਵਿੱਚ ਹੀ ਸਹੀ ਰੱਖ-ਰਖਾਓ ਲਈ, ਭੂਗੋਲਿਕ ਰੂਪ ਨਾਲ਼ ਬੀਹੜ ਇਲਾਕਿਆਂ ਵਿੱਚ ਬੇਹਤਰ ਯੋਗਤਾ ਰੱਖਣ ਵਾਲ਼ੇ ਜਨਾਨਾ-ਰੋਗ ਮਾਹਰਾਂ ਦੀ ਖ਼ਾਸ ਤੌਰ 'ਤੇ ਲੋੜ ਹੁੰਦੀ ਹੈ, ਜਿੱਥੇ ਔਰਤਾਂ ਵਾਸਤੇ ਰੋਜ਼ਮੱਰਾ ਦੇ ਕੰਮਕਾਜ ਕਰਨਾ ਹੋਰ ਵੀ ਵੱਡੀ ਚੁਣੌਤੀ ਹੁੰਦਾ ਹੈ।''

With no road connectivity, patients in Toranmal have no access even to the mobile medical units that provide doorstep healthcare in remote regions
PHOTO • Zishaan A Latif
With no road connectivity, patients in Toranmal have no access even to the mobile medical units that provide doorstep healthcare in remote regions
PHOTO • Zishaan A Latif

ਤੋਰਨਮਾਲ ਦੇ ਰੋਗੀਆਂ ਦੀ ਉਨ੍ਹਾਂ ਮੋਬਾਇਲ ਮੈਡੀਕਲ ਯੁਨਿਟਾਂ ਤੱਕ ਵੀ ਪਹੁੰਚ ਨਹੀਂ ਬਣ ਪਾਉਂਦੀ ਜੋ ਇਨ੍ਹਾਂ ਬੀਹੜ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਂਦੀਆਂ ਹਨ

ਹਾਲਾਂਕਿ, ਭਾਰਤ ਸਰਕਾਰ ਦੀ ਗ੍ਰਾਮੀਣ ਸਿਹਤ ਸੰਖਿਆਕੀ 2018-19 ਵਿੱਚ ਦਰਜ਼ ਕੀਤਾ ਗਿਆ ਹੈ ਕਿ ਮਹਾਰਾਸ਼ਟਰ ਦੇ ਕਮਿਊਨਿਟੀ ਸਿਹਤ ਕੇਂਦਰਾਂ ਲਈ 1,456 ਮਾਹਰਾਂ ਦੀ ਲੋੜ ਹੁੰਦੀ ਹੈ। ਹਰ ਕੇਂਦਰ ਵਿਖੇ ਇੱਕ ਸਰਜਨ, ਜਨਾਨਾ-ਰੋਗ ਮਾਹਰ, ਡਾਕਟਰ (ਮੈਡੀਕਲ) ਅਤੇ ਬਾਲ ਰੋਗ ਮਾਹਰ ਸਣੇ 4 ਮਾਹਰਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ। ਪਰ 31 ਮਾਰਚ 2019 ਤੱਕ ਸਿਰਫ਼ 485 ਮਾਹਰ ਹੀ ਨਿਯੁਕਤ ਕੀਤੇ ਗਏ ਸਨ; ਯਾਨਿ 971 ਮਾਹਰਾਂ (67 ਫ਼ੀਸਦ) ਦੀ ਘਾਟ ਸੀ।

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 ( ਐੱਨਐੱਫ਼ਐੱਚਐੱਸ-4 , 2015-16) ਮੁਤਾਬਕ ਨੰਦੁਰਬਾਰ ਦੇ ਗ੍ਰਾਮੀਣ ਇਲਾਕੇ ਵਿੱਚ ਸਿਰਫ਼ 26.5 ਫੀਸਦ ਮਾਵਾਂ ਨੂੰ ਹੀ ਡਿਲੀਵਰੀ ਤੋਂ ਪਹਿਲਾਂ ਪੂਰੀ ਅਤੇ ਜ਼ਰੂਰੀ ਦੇਖਭਾਲ਼ ਪ੍ਰਾਪਤ ਹੋਈ ਸੀ ਸਿਰਫ਼ 52.5 ਫੀਸਦ ਔਰਤਾਂ ਦੀ ਡਿਲੀਵਰੀ ਹਸਪਤਾਲਾਂ ਵਿੱਚ ਹੋਈ ਅਤੇ ਆਪਣੇ ਘੜਾਂ ਵਿੱਚ ਬੱਚਿਆਂ ਨੂੰ ਜਨਮ ਦੇਣ ਵਾਲ਼ੀਆਂ ਸਿਰਫ਼ 10.4 ਫ਼ੀਸਦ ਔਰਤਾਂ ਨੂੰ ਹੀ ਕੁਸ਼ਲ ਸਿਹਤਕਰਮੀਆਂ ਦੁਆਰਾ ਸਹਾਇਤਾ ਮਿਲ਼ ਸਕੀ ਸੀ।

ਵਸੋਂ ਪੱਖੋਂ ਆਦਿਵਾਸੀਆਂ ਦੀ ਵੱਡੀ ਹਿੱਸੇਦਾਰੀ ਰੱਖਣ ਵਾਲ਼਼ਾ ਨੰਦੁਰਬਾਰ ਜ਼ਿਲ੍ਹਾ, ਜਿੱਥੇ ਮੁੱਖ ਰੂਪ ਵਿੱਚ ਭੀਲ ਅਤੇ ਪਾਵਰਾ ਭਾਈਚਾਰੇ ਦੇ ਆਦਿਵਾਸੀ ਰਹਿੰਦੇ ਹਨ, ਮਹਾਰਾਸ਼ਟਰ ਦੇ ਮਾਨਵ ਵਿਕਾਸ ਸੂਚੀ 2012 ਵਿੱਚ ਸਭ ਤੋਂ ਹੇਠਲੇ ਰੈਂਕ 'ਤੇ ਹੈ ਅਤੇ ਕੁਪੋਸ਼ਣ ਅਤੇ ਬਾਲਾਂ ਅਤੇ ਮਾਵਾਂ ਦੀ ਖ਼ਰਾਬ ਸਿਹਤ ਸਮੱਸਿਆ ਨਾਲ਼ ਜੂਝ ਰਿਹਾ ਹੈ।

ਪੱਲਵੀ ਦੇ ਘਰ ਤੋਂ ਕਰੀਬ 40 ਕਿਲੋਮੀਟਰ ਦੂਰ, ਤੋਰਨਮਾਲ ਜੰਗਲ ਦੇ ਅੰਦਰ ਇੱਕ ਹੋਰ ਪਹਾੜੀ 'ਤੇ ਲੇਗਾਪਾਨੀ ਬਸਤੀ ਸਥਿਤ ਹੈ। ਉੱਥੇ, ਆਪਣੇ ਕੱਚੇ ਢਾਰੇ ਅੰਦਰ ਸਾਰਿਕਾ ਵਸਾਵੇ (ਬਦਲਿਆ ਨਾਮ) ਪਾਣੀ ਵਿੱਚ ਪਲਾਸ਼ ਦੇ ਫੁੱਲ ਰਿੰਨ੍ਹ ਰਹੀ ਹਨ। ''ਮੇਰੀ ਧੀ ਨੂੰ ਬੁਖ਼ਾਰ ਹੈ। ਮੈਂ ਇਸ ਪਾਣੀ ਨਾਲ਼ ਉਹਦੀ ਦੇਹ ਧੋਵਾਂਗੀ। ਉਹ ਬੇਹਤਰ ਮਹਿਸੂਸ ਕਰੇਗੀ,''  30 ਸਾਲਾ ਸਾਰਿਕਾ ਕਹਿੰਦੀ ਹਨ ਜੋ ਭੀਲ ਭਾਈਚਾਰੇ ਨਾਲ਼ ਸਬੰਧ ਰੱਖਦੀ ਹਨ। ਉਹ ਛੇ ਮਹੀਨੇ ਦੀ ਗਰਭਵਤੀ ਹਨ ਅਤੇ ਉਨ੍ਹਾਂ ਨੂੰ ਪੱਥਰ ਦੇ ਬਣੇ ਇਸ ਚੁੱਲ੍ਹੇ ਅੱਗੇ ਲੰਬੇ ਸਮੇਂ ਤੱਕ ਬਹਿਣਾ ਮੁਸ਼ਕਲ ਹੁੰਦਾ ਹੈ। ਉਹ ਕਹਿੰਦੀ ਹਨ,''ਮੇਰੀਆਂ ਅੱਖਾਂ ਵਿੱਚ ਸਾੜ ਪੈਂਦਾ ਹੈ ਅਤੇ ਪੀੜ੍ਹ ਹੁੰਦੀ ਰਹਿੰਦੀ ਹੈ (ਪੇੜੂ ਅਤੇ ਪੱਟਾਂ ਦੇ ਵਿਚਕਾਰਲੇ ਹਿੱਸੇ ਵੱਲ ਇਸ਼ਾਰਾ ਕਰਦਿਆਂ)। ਮੇਰੀ ਪਿੱਠ ਵੀ ਪੀੜ੍ਹ ਨਾਲ਼ ਟੁਟਦੀ ਹੈ।''

ਥੱਕੀ-ਟੁਟੀ ਅਤੇ ਕਮਜ਼ੋਰ, ਸਾਰਿਕਾ ਵੀ ਬੱਚੇਦਾਨੀ ਦੇ ਆਪਣੀ ਥਾਂ ਤੋਂ ਖਿਸਕ ਜਾਣ ਦੀ ਸਮੱਸਿਆ ਨਾਲ਼ ਜੂਝ ਰਹੀ ਸਨ। ਪਰ, ਉਨ੍ਹਾਂ ਨੂੰ ਰੋਜ਼ਮੱਰਾ ਦੇ ਸਾਰੇ ਕੰਮ ਕਰਨੇ ਹੀ ਪੈਂਦੇ ਹਨ। ਪੇਸ਼ਾਬ ਕਰਦੇ ਸਮੇਂ ਜਾਂ ਮਲ਼ ਕਰਦੇ ਸਮੇਂ ਹਲਕਾ ਜਿਹਾ ਜ਼ੋਰ ਲਾਉਣ 'ਤੇ ਵੀ ਬੱਚੇਦਾਨੀ ਯੋਨੀ ਦੇ ਰਸਤਿਓਂ ਹੇਠਾਂ ਤਿਲਕ ਆਉਂਦੀ ਹੈ। ਉਹ ਲੰਬੇ-ਲੰਬੇ ਸਾਹ ਲੈਂਦਿਆਂ ਅਤੇ ਚਿਹਰੇ ਤੋਂ ਮੁੜ੍ਹਕਾ ਪੂੰਝਦਿਆਂ ਕਹਿੰਦੀ ਹਨ,''ਮੈਂ ਉਹਨੂੰ ਆਪਣੀ ਸਾੜੀ ਦੇ ਪੱਲੂ ਨਾਲ਼ ਪਿਛਾਂਹ ਧੱਕ ਦਿੰਦੀ ਹਾਂ; ਇੰਝ ਕਰਦੇ ਸਮੇਂ ਪੀੜ੍ਹ ਵੀ ਹੁੰਦੀ ਹੈ।'' ਚੁੱਲ੍ਹੇ ਵਿੱਚੋਂ ਨਿਕਲ਼ੇ ਧੂੰਏ ਤੋਂ ਬਚਣ ਵਾਸਤੇ ਉਹ ਆਪਣਾ ਮੂੰਹ ਦੂਜੇ ਪਾਸੇ ਘੁਮਾ ਲੈਂਦੀ ਹਨ।

ਉਹ ਤਿੰਨ ਸਾਲਾਂ ਤੋਂ ਬੱਚੇਦਾਨੀ ਦੀ ਇਸੇ ਸਮੱਸਿਆ ਨਾਲ਼ ਜੂਝ ਰਹੀ ਹਨ। ਸਾਲ 2015 ਵਿੱਚ ਜਦੋਂ ਉਹ ਅੱਠ ਮਹੀਨਿਆਂ ਦੀ ਗਰਭਵਤੀ ਸਨ, ਤਾਂ ਉਨ੍ਹਾਂ ਨੂੰ ਰਾਤੀਂ 1 ਵਜੇ ਅਚਾਨਕ ਜੰਮਣ-ਪੀੜ੍ਹਾਂ ਲੱਗ ਗਈਆਂ। ਉਨ੍ਹਾਂ ਦੀ ਸੱਸ ਨੇ ਉਨ੍ਹਾਂ ਦੀ ਡਿਲੀਵਰੀ ਕਰਾਈ ਅਤੇ ਛੇ ਘੰਟਿਆਂ ਦੀਆਂ ਜੰਮਣ-ਪੀੜ੍ਹਾਂ ਝੱਲਣ ਤੋਂ ਬਾਅਦ, ਸਾਰਿਕਾ ਦੀ ਬੱਚੇਦਾਨੀ ਆਪਣੀ ਥਾਂ ਤੋਂ ਖ਼ਿਸਕ ਯੋਨੀ ਦੇ ਰਸਤਿਓਂ ਬਾਹਰ ਆ ਗਈ। ਉਹ ਚੇਤੇ ਕਰਦਿਆਂ ਦੱਸਦੀ ਹਨ,''ਮੈਨੂੰ ਇੰਝ ਜਾਪਿਆ ਜਿਓਂ ਕਿਸੇ ਨੇ ਮੇਰੇ ਸਰੀਰ ਦਾ ਹਿੱਸਾ ਬਾਹਰ ਖਿੱਚ ਲਿਆ ਹੋਵੇ।''

PHOTO • Zishaan A Latif

ਛੇ ਮਹੀਨੇ ਦੀ ਗਰਭਵਤੀ ਸਾਰਿਕਾ ਵਸਾਵੇ ਪਲਾਸ਼ ਦੇ ਫੁੱਲ ਰਿੰਨ੍ਹ ਰਹੀ ਸਨ : ' ਮੇਰੀ ਧੀ ਨੂੰ ਬੁਖ਼ਾਰ ਹੈ। ਮੈਂ ਇਸ ਪਾਣੀ ਨਾਲ਼ ਉਹਦੀ ਦੇਹ ਧੋਵਾਂਗੀ। ਉਹ ਬੇਹਤਰ ਮਹਿਸੂਸ ਕਰੇਗੀ '

ਡਾ. ਚਵਾਨ ਕਹਿੰਦੀ ਹਨ,''ਬੱਚੇਦਾਨੀ ਦੇ ਪ੍ਰੋਲੈਪਸ ਦੀ ਸਮੱਸਿਆ ਦਾ ਇਲਾਜ ਨਾ ਹੋਣ ਕਰਕੇ ਕਈ ਹੋਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ, ਜਿਵੇਂ ਪੇਸ਼ਾਬ (ਥੈਲੀ) ਦੀ ਲਾਗ, ਸੰਭੋਗ ਤੋਂ ਬਾਅਦ ਲਹੂ ਪੈਣਾ, ਲਾਗ ਅਤੇ ਪੀੜ੍ਹ- ਇਨ੍ਹਾਂ ਸਾਰੇ ਕਾਰਨਾਂ ਕਰਕੇ ਤੁਰਨ-ਫਿਰਨ ਵਿੱਚ ਪਰੇਸ਼ਾਨੀ ਹੁੰਦੀ ਹੈ।'' ਉਹ ਕਹਿੰਦੀ ਹਨ ਕਿ ਉਮਰ ਵਧਣ ਦੇ ਨਾਲ਼ ਹਾਲਤ ਹੋਰ ਵਿਗੜ ਸਕਦੀ ਹੈ।

ਬੱਚੇਦਾਨੀ ਦਾ ਆਪਣੀ ਥਾਂ ਤੋਂ ਖਿਸਕ ਜਾਣ ਨਾਲ਼ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾਲ਼ ਜੂਝ ਰਹੀਆਂ ਔਰਤਾਂ ਨੂੰ ਭਾਰ ਚੁੱਕਣ ਤੋਂ ਮਨ੍ਹਾ ਕੀਤਾ ਜਾਂਦਾ ਹੈ ਅਤੇ ਕਬਜ਼ ਤੋਂ ਬਚਣ ਵਾਸਤੇ ਵੱਧ ਪਾਣੀ ਪੀਣ ਅਤੇ ਉੱਚ-ਰੇਸ਼ੇਦਾਰ ਪੌਸ਼ਟਿਕ ਭੋਜਨ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ, ਸਾਰਿਕਾ ਨੂੰ ਤਾਂ ਇੱਕ ਡੰਗ ਰੱਜਵੇਂ ਭੋਜਨ ਦਾ ਜੁਗਾੜ ਕਰਨ ਅਤੇ ਪੀਣ ਲਈ ਪਾਣੀ ਤੱਕ ਸੰਘਰਸ਼ ਕਰਨਾ ਪੈਂਦਾ ਹੈ। ਕੋਈ ਔਰਤ  ਭਾਵੇਂ ਉਹ ਗਰਭਵਤੀ ਹੋਵੇ ਜਾਂ ਨਾ ਹੋਵੇ ਉਹਨੂੰ ਪਾਣੀ ਲਿਆਉਣ ਵਾਸਤੇ ਹਰ ਦਿਨ ਪਹਾੜੀ ਦੇ ਹੇਠਾਂ ਲੱਗੇ ਨਲ਼ਕੇ ਤੱਕ ਅੱਠ ਕਿਲੋਮੀਟਰ ਪੈਦਲ ਤੁਰਨਾ ਪੈਂਦਾ ਹੈ। ਵਾਪਸੀ ਵਿੱਚ ਚੜ੍ਹਾਈ ਵੇਲ਼ੇ ਚਾਲ ਮੱਠੀ ਅਤੇ ਔਖ਼ੀ ਹੋ ਜਾਂਦੀ ਹੈ। ਉਹ ਮੈਨੂੰ ਦੱਸਦੀ ਹਨ,''ਮੇਰੇ ਪੱਟਾਂ ਦੇ ਨਾਲ਼ ਬਾਹਰ ਨਿਕਲ਼ੀ ਕਾਟ ( ਬੱਚੇਦਾਨੀ) ਦੀ ਇਸ ਰਗੜ ਕਾਰਨ ਮੈਨੂੰ ਸਾੜ ਪੈਣ ਲੱਗਦਾ ਹੈ। ਕਦੇ-ਕਦਾਈਂ ਤਾਂ ਲਹੂ ਸਿੰਮਣ ਟਪਕਣ ਹੈ,'' ਘਰ ਅੱਪੜਦਿਆਂ ਹੀ, ਉਹ ਬੱਚੇਦਾਨੀ ਦੇ ਬਾਹਰ ਵੱਲ ਨੂੰ ਉੱਭਰੇ ਹਿੱਸੇ ਨੂੰ ਅੰਦਰ ਧੱਕ ਦਿੰਦੀ ਹਨ।

ਸਰੀਰਕ ਪੀੜ੍ਹ ਤੋਂ ਇਲਾਵਾ, ਇਸ ਕਿਸਮ ਦੀ ਹਾਲਤ ਵਾਸਤੇ ਸਮਾਜਿਕ ਅਤੇ ਆਰਥਿਕ ਨਤੀਜੇ ਵੀ ਭੁਗਤਣੇ ਪੈਂਦੇ ਹਨ। ਬੱਚੇਦਾਨੀ ਦੇ ਪ੍ਰੋਲੈਪਸ ਹੋ ਜਾਣ ਦੀ ਸਮੱਸਿਆ ਕਾਰਨ ਵਿਆਹੁਤਾ ਸਬੰਧ ਵਿਗੜ ਸਕਦੇ ਹਨ, ਪਤੀ ਛੱਡ ਸਕਦਾ ਹੈ; ਜਿਵੇਂ ਕਿ ਸਾਰਿਕਾ ਨਾਲ਼ ਹੋਇਆ।

ਪ੍ਰੋਲੈਪਸ ਦੀ ਸਮੱਸਿਆ ਤੋਂ ਪੀੜਤ ਹੋਣ ਤੋਂ ਬਾਅਦ, ਸਾਰਿਕਾ ਦੇ ਪਤੀ ਸੰਜੈ (ਬਦਲਿਆ ਨਾਮ) ਨੇ ਦੂਸਰਾ ਵਿਆਹ ਕਰ ਲਿਆ। ਸੰਜੈ ਧੜਗਾਓਂ ਦੇ ਹੋਟਲਾਂ ਵਿੱਚ ਕੰਮ ਕਰਦਾ ਹੈ, ਜਿੱਥੇ 300 ਰੁਪਏ ਦਿਹਾੜੀ ਦੇ ਹਿਸਾਬ ਨਾਲ਼ ਮਹੀਨੇ ਵਿੱਚ ਚਾਰ ਤੋਂ ਪੰਜ ਹਜ਼ਾਰ ਰੁਪਏ ਕਮਾਈ ਹੋ ਜਾਂਦੀ ਹੈ। ਸਾਰਿਕਾ ਦੱਸਦੀ ਹਨ,''ਉਹ ਆਪਣੀ ਦੂਸਰੀ ਪਤਨੀ ਅਤੇ ਬੇਟੇ 'ਤੇ ਸਾਰੀ ਕਮਾਈ ਉਡਾ ਦਿੰਦਾ ਹੈ।'' ਉਹ ਬਾਮੁਸ਼ਕਲ ਹੀ ਕਦੇ ਖੇਤਾਂ ਵਿੱਚ ਕੰਮ ਕਰਦਾ ਹੈ। ਇਸਲਈ ਸਾਰਿਕਾ ਨੇ ਸਾਲ 2019 ਵਿੱਚ ਮਾਨਸੂਨ ਸੀਜ਼ਨ ਦੌਰਾਨ, ਦੋ ਏਕੜ ਖੇਤ ਵਿੱਚ ਇਕੱਲਿਆਂ ਹੀ ਇੱਕ ਕੁਇੰਟਲ ਮੱਕੀ ਪੈਦਾ ਕੀਤੀ। ''ਮੇਰਾ ਪਤੀ ਆਪਣੀ ਦੂਸਰੀ ਪਤਨੀ ਅਤੇ ਬੱਚੇ ਵਾਸਤੇ 50 ਕਿੱਲੋ ਮੱਕੀ ਲੈ ਕੇ ਤੁਰਦਾ ਬਣਿਆ ਅਤੇ ਬਾਕੀ ਦੀ ਮੱਕੀ ਮੈਂ ਭਾਖਰੀ ਵਾਸਤੇ ਪੀਹ ਲਈ।''

ਕਮਾਈ ਦਾ ਕੋਈ ਵਸੀਲਾ ਨਾ ਹੋਣ ਕਾਰਨ, ਸਾਰਿਕਾ ਅਕਸਰ ਚੌਲ਼ ਅਤੇ ਦਾਲ ਲਈ ਆਸ਼ਾ ਵਰਕਰ ਅਤੇ ਕੁਝ ਹੋਰਨਾਂ ਗ੍ਰਾਮੀਣਾਂ 'ਤੇ ਨਿਰਭਰ ਰਹਿੰਦੀ ਹਨ। ਕਦੇ-ਕਦੇ ਉਹ ਪੈਸਾ ਉਧਾਰ ਲੈਂਦੀ ਹਨ। ਉਹ ਕਹਿੰਦੀ ਹਨ,''ਮੈਂ ਇੱਕ ਗ੍ਰਾਮੀਣ ਤੋਂ ਉਧਾਰ ਲਏ 800 ਰੁਪਏ ਅਦਾ ਕਰਨੇ ਹਨ ਜੋ ਉਨ੍ਹਾਂ ਨੇ ਰਾਸ਼ਨ ਅਤੇ ਬੀਜ ਖ਼ਰੀਦਣ ਲਈ ਜੂਨ (2019) ਵਿੱਚ ਮੈਨੂੰ ਦਿੱਤੇ ਸਨ।''

ਕਦੇ-ਕਦੇ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਕੁੱਟਦਾ ਅਤੇ ਸੰਭੋਗ ਕਰਨ ਲਈ ਮਜ਼ਬੂਰ ਕਰਦਾ। ਉਹ ਦੱਸਦੀ ਹਨ,''ਉਹਨੂੰ ਮੇਰੀ ਹਾਲਤ (ਬੱਚੇਦਾਨੀ ਦਾ ਇੰਝ ਬਾਹਰ ਆਉਣਾ) ਪਸੰਦ ਨਹੀਂ ਸੀ। ਇਸਲਈ ਉਹਨੇ ਦੂਸਰੇ ਵਿਆਹ ਕਰ ਲਿਆ। ਪਰ ਸ਼ਰਾਬੀ ਹਾਲਤ ਵਿੱਚ ਉਹ ਅਜੇ ਵੀ ਮੇਰੇ ਕੋਲ਼ ਆਉਂਦਾ ਹੈ। ਮੈਂ ਦਰਦ ਨਾਲ਼ ਚੀਕਦੀ (ਸੰਭੋਗ ਦੌਰਾਨ) ਹਾਂ ਪਰ ਫਿਰ ਉਹ ਮੈਨੂੰ ਕੁੱਟਦਾ ਹੈ।''

With no steady source of income, Sarika often depends on the ASHA worker and some villagers to give her rice and dal
PHOTO • Zishaan A Latif
With no steady source of income, Sarika often depends on the ASHA worker and some villagers to give her rice and dal
PHOTO • Zishaan A Latif

ਕਮਾਈ ਦਾ ਕੋਈ ਵਸੀਲਾ ਨਾ ਹੋਣ ਕਾਰਨ, ਸਾਰਿਕਾ ਅਕਸਰ ਚੌਲ਼ ਅਤੇ ਦਾਲ ਲਈ ਆਸ਼ਾ ਵਰਕਰ ਅਤੇ ਕੁਝ ਹੋਰਨਾਂ ਗ੍ਰਾਮੀਣਾਂ ' ਤੇ ਨਿਰਭਰ ਰਹਿੰਦੀ ਹਨ

ਜਿਸ ਦਿਨ ਮੈਂ ਸਾਰਿਕਾ ਨੂੰ ਮਿਲੀ, ਉਨ੍ਹਾਂ ਨੇ ਚੁੱਲ੍ਹੇ ਦੇ ਕੋਲ਼ ਰਿੰਨ੍ਹੇ ਚੌਲਾਂ ਦਾ ਇੱਕ ਭਾਂਡਾ ਰੱਖਿਆ ਹੋਇਆ ਸੀ। ਬੱਸ ਇਹੀ ਸਾਰਿਕਾ ਅਤੇ ਉਨ੍ਹਾਂ ਦੀ ਪੰਜ ਸਾਲਾ ਧੀ ਦਾ ਪੂਰੇ ਦਿਨ ਦਾ ਭੋਜਨ ਹੁੰਦਾ ਹੈ। ਉਹ ਦੱਸਦੀ ਹਨ,''ਘਰੇ ਸਿਰਫ਼ ਇੱਕ ਕਿੱਲੋ ਚੌਲ਼ ਬਚੇ ਹਨ।'' ਉਨ੍ਹਾਂ ਨੂੰ ਆਪਣੇ ਬੀਪੀਐੱਲ ਰਾਸ਼ਨ ਕਾਰਡ 'ਤੇ ਜੋ ਤਿੰਨ ਕਿੱਲੋ ਚੌਲ਼ ਅਤੇ ਅੱਠ ਕਿਲੋ ਕਣਕ ਮਿਲ਼ੀ ਸੀ, ਉਸ ਵਿੱਚੋਂ ਬੱਸ ਹੁਣ ਇਹੀ ਕੁਝ ਬਚਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀਆਂ ਤਿੰਨ ਬੱਕਰੀਆਂ ਉਨ੍ਹਾਂ ਦੇ ਪੋਸ਼ਣ ਦਾ ਇੱਕੋ-ਇੱਕ ਵਸੀਲਾ ਹਨ। ਉਹ ਦੱਸਦੀ ਹਨ,''ਇੱਕ ਬੱਕਰੀ ਤੋਂ ਮੈਨੂੰ ਹਰ ਦਿਨ ਇੱਕ ਗਲਾਸ ਦੁੱਧ ਮਿਲ਼ ਜਾਂਦਾ ਹੈ।'' ਇਸ ਦੁੱਧ ਨੂੰ ਵੀ ਉਹ ਆਪਣੀ ਧੀ ਅਤੇ ਆਪਣੇ ਚਾਰ ਸਾਲਾ ਮਤਰੇਏ ਪੁੱਤ, ਸੁਧੀਰ ਵਿੱਚ ਬਰਾਬਰ ਵੰਡਦੀ ਹਨ, ਜੋ ਆਪਣੀ ਮਾਂ ਦੇ ਨਾਲ਼ ਦੋ ਕਿਲੋਮੀਟਰ ਦੂਰ ਰਹਿੰਦਾ ਹੈ।

ਤੋਰਨਮਾਲ ਦਾ ਗ੍ਰਾਮੀਣ ਹਸਪਤਾਲ ਸਾਰਿਕਾ ਦੀ ਝੌਂਪੜੀ ਤੋਂ 15 ਕਿਲੋਮੀਟਰ ਦੂਰ ਹੈ, ਜਦੋਂਕਿ ਉਪ-ਸਿਹਤ ਕੇਂਦਰ ਪੰਜ ਕਿਲੋਮੀਟਰ ਦੂਰ ਹੈ। ਉੱਥੇ ਜਾਣ ਦੇ ਰਸਤੇ ਵਿੱਚ ਤਿੱਖੀ (ਸਿੱਧੀ) ਢਲਾਣ ਵਾਲ਼ੀ ਚੜ੍ਹਾਈ ਆਉਂਦੀ ਹੈ। ਸਵਾਰੀਆਂ ਢੋਹਣ ਵਾਲ਼ੀ ਇਹ ਜੀਪ ਵੀ ਰੋਜ਼ ਨਹੀਂ ਚੱਲਦੀ, ਜਿਸ ਕਰਕੇ ਉਨ੍ਹਾਂ ਨੂੰ ਇਹ ਦੂਰੀ ਪੈਦਲ ਹੀ ਤੈਅ ਕਰਨੀ ਪੈਂਦੀ ਹੈ। ਉਹ ਕਹਿੰਦੀ ਹਨ,''ਮੈਂ ਜ਼ਿਆਦਾ ਨਹੀਂ ਤੁਰ ਸਕਦੀ। ਮੇਰਾ ਸਾਹ ਫੁਲਣ ਲੱਗਦਾ ਹੈ।'' ਆਪਣੀ ਡਿਲੀਵਰੀ ਤੋਂ ਪਹਿਲਾਂ ਉਪ-ਕੇਂਦਰ ਦੇ ਚੱਕਰ ਕੱਟਣ ਦੌਰਾਨ, ਇੱਕ ਸਿੱਕਲ ਸੈੱਲ ਰੋਗ ਤੋਂ ਪੀੜਤ ਹੋ ਗਈ ਸਨ; ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲ਼ਾ ਲਹੂ ਦਾ ਅਜਿਹਾ ਵਿਕਾਰ ਹੈ, ਜੋ ਹੀਮੋਗਲੋਬਿਨ ਨੂੰ ਪ੍ਰਭਾਵਤ ਕਰਦਾ ਹੈ ਅਤੇ ਰੋਗੀ ਨੂੰ ਅਨੀਮਿਆ ਹੋ ਜਾਂਦਾ ਹੈ।

ਮੈਡੀਕਲ ਅਧਿਕਾਰੀ ਡਾਕਟਰ ਸੁਹਾਸ ਪਾਟਿਲ ਦੱਸਦੇ ਹਨ ਕਿ ਸਾਲ 2016 ਵਿੱਚ ਬਣੇ ਤੋਰਨਮਾਲ ਗ੍ਰਾਮੀਣ ਹਸਪਤਾਲ ਵਿਖੇ 30 ਬੈੱਡ ਹਨ। ਓਪੀਡੀ ਵਿੱਚ ਰੋਜ਼ਾਨਾ 30 ਤੋਂ 50 ਮਰੀਜ਼ ਆਉਂਦੇ ਹਨ। ਉਹ ਬੁਖ਼ਾਰ, ਸਰਦੀ ਜਾਂ ਸਰੀਰਕ ਸੱਟ ਜਿਹੀਆਂ ਛੋਟੀਆਂ ਬੀਮਾਰੀਆਂ ਦੇ ਨਾਲ਼ ਆਉਂਦੇ ਹਨ। ਨੇੜੇ-ਤੇੜੇ ਦੇ ਕਰੀਬ 25 ਪਿੰਡਾਂ ਵਿੱਚ ਹਰ ਮਹੀਨੇ ਸਿਰਫ਼ ਇੱਕ ਜਾਂ ਦੋ ਔਰਤਾਂ ਹੀ ਡਿਲੀਵਰੀ ਵਾਸਤੇ ਆਉਂਦੀਆਂ ਹਨ। ਹਸਪਤਾਲ ਵਿੱਚ ਦੋ ਮੈਡੀਕਲ ਅਧਿਕਾਰੀ, ਸੱਤ ਨਰਸਾਂ, ਇੱਕ ਲੈਬੋਰਟਰੀ (ਪਰ ਤਕਨੀਕੀ ਮਾਹਰ ਤੋਂ ਸੱਖਣੀ) ਅਤੇ ਇੱਕ ਲੈਬ-ਸਹਾਇਕ ਹੈ। ਇੱਥੇ ਨਾ ਤਾਂ ਜਣੇਪਾ ਅਤੇ ਜਨਾਨਾ-ਰੋਗਾਂ ਦਾ ਕੋਈ ਮਾਹਰ ਹੈ ਅਤੇ ਨਾ ਹੀ ਸਾਰਿਕਾ ਦੀ ਸਮੱਸਿਆ ਜਿਹੇ ਗੰਭੀਰ ਮਾਮਲਿਆਂ ਦੇ ਇਲਾਜ ਵਾਸਤੇ ਕਿਸੇ ਹੋਰ ਮਾਹਰ ਦਾ ਅਹੁਦਾ ਮੌਜੂਦ ਹੈ।

''ਸਾਡੇ ਕੋਲ਼ ਬੱਚੇਦਾਨੀ ਦੇ ਖ਼ਿਸਕਣ ਜਿਹੀ ਸਮੱਸਿਆ ਵਾਲ਼ੇ ਮਾਮਲੇ ਨਹੀਂ ਆਉਂਦੇ। ਜ਼ਿਆਦਾਤਰ ਮਾਮਲੇ ਪੈਲਵਿਕ ਬਲੀਡਿੰਗ ਅਤੇ ਸਿੱਕਲ ਸੈੱਲ ਅਨੀਮਿਆ ਦੇ ਹੀ ਆਉਂਦੇ ਹਨ। ਜੇ ਸਾਡੇ ਕੋਲ਼ ਅਜਿਹਾ ਕੋਈ ਮਾਮਲਾ ਆਵੇ ਵੀ ਤਾਂ ਸਾਡੇ ਕੋਲ਼ ਇਹਦੇ ਇਲਾਜ ਵਾਸਤੇ ਨਾ ਤਾਂ ਕੋਈ ਸੁਵਿਧਾ ਹੈ ਅਤੇ ਨਾ ਹੀ ਕੋਈ ਮਾਹਰ,'' ਡਾ. ਪਾਟਿਲ ਕਹਿੰਦੇ ਹਨ ਜੋ ਸਾਲ 2016 ਤੋਂ ਇਸ ਹਸਪਤਾਲ ਵਿੱਚ ਕੰਮ ਕਰ ਰਹੇ ਹਨ ਅਤੇ ਹਸਪਤਾਲ ਦੇ ਸਟਾਫ਼ ਕੁਆਰਟਰ ਵਿੱਚ ਹੀ ਰਹਿੰਦੇ ਹਨ।

ਜੇ ਉਨ੍ਹਾਂ ਕੋਲ਼ ਇਹ ਸੁਵਿਧਾ ਅਤੇ ਮੁਹਾਰਤ ਹੁੰਦੀ ਤਾਂ ਵੀ ਸ਼ਾਇਦ ਸਾਰਿਕਾ ਡਾਕਟਰ ਨੂੰ ਆਪਣੀ ਬੱਚੇਦਾਨੀ ਦੇ ਆਪਣੀ ਥਾਓਂ ਖਿਸਕ ਜਾਣ ਦੀ ਸਮੱਸਿਆ ਬਾਰੇ ਨਾ ਦੱਸਦੀ। ਉਹ ਕਹਿੰਦੀ ਹਨ,''ਉਹ ਬਾਬਪਿਆ ( ਪੁਰਸ਼) ਡਾਕਟਰ ਹਨ। ਮੈਂ ਉਨ੍ਹਾਂ ਨੂੰ ਆਪਣੀ ਸਮੱਸਿਆ ਬਾਰੇ ਕਿਵੇਂ ਦੱਸ ਸਕਦੀ ਹਾਂ ਕਿ ਮੇਰਾ ਕਾਟ ਬਾਹਰ ਨਿਕਲ਼ਦਾ ਰਹਿੰਦਾ ਹੈ?''

ਤਸਵੀਰਾਂ: ਜ਼ੀਸ਼ਾਨ ਏ ਲਤੀਫ਼, ਮੁੰਬਈ ਸਥਿਤ ਇੱਕ ਸੁਤੰਤਰ ਫ਼ੋਟੋਗਰਾਫ਼ਰ ਅਤੇ ਫ਼ਿਲਮ-ਮੇਕਰ ਹਨ। ਉਨ੍ਹਾਂ ਦੇ ਕੰਮ ਨੂੰ ਤਮਾਮ ਦੁਨੀਆ ਦੇ ਕਲੈਕਸ਼ਨ, ਪ੍ਰਦਰਸ਼ਨੀਆਂ ਅਤੇ ਪਬਲਿਕੇਸ਼ਨਾਂ ਵਿੱਚ ਪੇਸ਼ ਕੀਤਾ ਗਿਆ ਹੈ: https://zishaanalatif.com/

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Jyoti Shinoli is a Senior Reporter at the People’s Archive of Rural India; she has previously worked with news channels like ‘Mi Marathi’ and ‘Maharashtra1’.

Other stories by Jyoti Shinoli
Illustration : Priyanka Borar

Priyanka Borar is a new media artist experimenting with technology to discover new forms of meaning and expression. She likes to design experiences for learning and play. As much as she enjoys juggling with interactive media she feels at home with the traditional pen and paper.

Other stories by Priyanka Borar
Editor : Hutokshi Doctor
Series Editor : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur