ਉੱਜਵਲ ਦਾਸ, ਪਤਾਲਪੁਰ ਵਿੱਚ ਸਾਬਤ ਕਦਮ ਖੜ੍ਹਨ ਵਾਲ਼ੇ ਆਖ਼ਰੀ ਕਿਸਾਨ ਹਨ ਜਾਂ ਕਹਿ ਲਵੋ ਇਹੀ ਪਰਿਵਾਰ ਖੇਤੀ ਕਰਨ ਵਾਲ਼ਾ ਆਖ਼ਰੀ ਪਰਿਵਾਰ ਹੈ।

ਪਿਛਲੇ ਸਾਲ ਅਕਤੂਬਰ ਵਿੱਚ ਜਦੋਂ ਹਾਥੀਆਂ ਨੇ ਉਨ੍ਹਾਂ ਦੇ ਘਰ ਨੂੰ ਪਾੜ ਲਾਇਆ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ। ਪਿਛਲੇ 10 ਸਾਲਾਂ ਵਿੱਚ ਇਹ ਕਾਂਡ ਅੱਠ ਵਾਰ ਦਹੁਰਾਇਆ ਗਿਆ ਸੀ ਜਦੋਂ ਪਤਾਲਪੁਰ ਪਿੰਡ ਵਿਖੇ ਉਨ੍ਹਾਂ ਦੇ ਘਰ ਦੀ ਕੱਚੀ ਕੰਧ ਨੂੰ ਹਾਥੀਆਂ ਨੇ ਮਧੋਲ਼ ਸੁੱਟਿਆ ਸੀ।

ਵਾਢੀ ਦਾ ਸਮਾਂ ਸੀ। ਉਦੋਂ ਤੱਕ ਆਸ਼ਰਾਹ ਅਤੇ ਸ਼ਰਾਬੋਨ (ਸ਼ਰਾਬਨ) ਦਾ ਮਾਨਸੂਨ ਵੀ ਆ ਚੁੱਕਾ ਸੀ।  ਹਾਥੀਆਂ ਦਾ ਝੁੰਡ ਪਹਾੜੀਆਂ ਅਤੇ ਜੰਗਲਾਂ ਵਿੱਚੋਂ ਦੀ ਹੁੰਦਾ ਹੋਇਆ 200 ਕਿਲੋਮੀਟਰ ਪੈਦਲ ਚੱਲ ਕੇ ਪਹਾੜਾਂ ਦੀ ਗੋਦ ਵਿੱਚ ਵੱਸੇ ਪਤਾਲਪੁਰ ਪਹੁੰਚਿਆ। ਉਹ ਪਹਿਲਾਂ ਮਯੂਰਾਕਸ਼ੀ ਦੀ ਸਹਾਇਕ ਨਦੀ ਸਿੱਧੇਸ਼ਵਰੀ ਦੇ ਕੰਢੇ ਰੁਕੇ ਅਤੇ ਆਰਾਮ ਕੀਤਾ। ਇਹ ਜਗ੍ਹਾ ਪਿੰਡ ਤੋਂ ਲਗਭਗ ਇੱਕ ਕਿਲੋਮੀਟਰ ਦੀ ਦੂਰੀ 'ਤੇ ਹੈ। ਲਗਭਗ 200 ਕਿਲੋਮੀਟਰ ਦੀ ਵਾਟ ਮੁਕਾ ਕੇ ਭੁੱਖੇ-ਭਾਣੇ ਹਾਥੀਆਂ ਦਾ ਝੁੰਡ ਖੜ੍ਹੀਆਂ ਫ਼ਸਲਾਂ 'ਤੇ ਟੁੱਟ ਪਿਆ।

ਚੰਦਨਾ ਅਤੇ ਉੱਜਵਲ ਦਾਸ ਦੇ ਛੋਟੇ ਬੇਟੇ ਪ੍ਰੋਸੇਨਜੀਤ ਕਹਿੰਦੇ ਹਨ, "ਅਸੀਂ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਭਜਾਉਣ ਲਈ ਟਾਰਚ ਦੀ ਰੌਸ਼ਨੀ ਉਨ੍ਹਾਂ ਵੱਲ ਸੁੱਟੀ। ਪਹਿਲਾਂ ਵੀ ਕਈ ਵਾਰੀ ਹਾਥੀ ਖੇਤਾਂ ਵਿੱਚ ਝੋਨੇ (ਪੱਕੇ) ਨੂੰ ਨਸ਼ਟ ਕਰ ਚੁੱਕੇ ਹਨ। ਜੇ ਹਾਥੀ ਹੀ ਸਾਰੀ ਫ਼ਸਲ ਖਾ ਜਾਣ, ਤਾਂ ਅਸੀਂ ਕੀ ਖਾਵਾਂਗੇ?''

ਦਾਸ ਪਰਿਵਾਰ ਨੂੰ ਸਿਰਫ਼ ਝੋਨੇ ਦੇ ਨੁਕਸਾਨ ਦੀ ਚਿੰਤਾ ਨਹੀਂ ਹੈ। ਇਹ ਪਰਿਵਾਰ ਆਪਣੀ 14 ਵਿੱਘੇ ਜ਼ਮੀਨ (ਲਗਭਗ 8.6 ਏਕੜ) 'ਤੇ ਆਲੂ, ਲੌਕੀ, ਟਮਾਟਰ ਅਤੇ ਕੱਦੂ ਦੇ ਨਾਲ਼-ਨਾਲ਼ ਕੇਲਾ ਅਤੇ ਪਪੀਤਾ ਵੀ ਉਗਾਉਂਦਾ ਹੈ।

ਬਾਕੀ, ਉੱਜਵਲ ਦਾਸ ਕੋਈ ਆਮ ਕਿਸਾਨ ਨਹੀਂ ਹਨ। ਉਨ੍ਹਾਂ ਦੇ ਕੱਦੂ ਦੀ ਫ਼ਸਲ ਉਨ੍ਹਾਂ ਨੂੰ ਰਾਜ ਪੁਰਸਕਾਰ ਜਿਤਾ ਚੁੱਕੀ ਹੈ। ਉਨ੍ਹਾਂ ਨੂੰ ਕ੍ਰਿਸ਼ਕ ਰਤਨ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ ਜੋ ਰਾਜ ਦੇ ਹਰ ਬਲਾਕ ਦੇ ਸਭ ਤੋਂ ਵਧੀਆ ਕਿਸਾਨਾਂ ਨੂੰ ਮਾਨਤਾ ਦਿੰਦਾ ਹੈ। ਉਨ੍ਹਾਂ ਨੇ 2016 ਅਤੇ 2022 ਵਿੱਚ ਰਾਜਨਗਰ ਡਿਵੀਜ਼ਨ ਦਾ ਖਿ਼ਤਾਬ ਜਿੱਤਿਆ ਹੈ। ਇਸ ਪੁਰਸਕਾਰ ਵਿੱਚ ਉਨ੍ਹਾਂ ਨੂੰ 10,000 ਰੁਪਏ ਦਾ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤਾ ਗਿਆ।

Ujjwal Das holding his Krishak Ratna Certificate. He received this award from the West Bengal government in 2016 and 2022
PHOTO • Sayan Sarkar

ਉੱਜਵਲ ਦਾਸ ਕ੍ਰਿਸ਼ਕ ਰਤਨ ਸਰਟੀਫਿਕੇਟ ਦਿਖਾਉਂਦੇ ਹੋਏ। ਉਨ੍ਹਾਂ ਨੇ 2016 ਅਤੇ 2022 ਵਿੱਚ ਪੱਛਮੀ ਬੰਗਾਲ ਸਰਕਾਰ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ

ਪਤਾਲਪੁਰ ਪਿੰਡ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਪੱਛਮੀ ਸਿਰੇ 'ਤੇ ਸਥਿਤ ਹੈ। ਝਾਰਖੰਡ ਰਾਜ ਦੀ ਸਰਹੱਦ ਇੱਥੋਂ ਥੋੜ੍ਹੀ ਦੂਰ ਹੈ। ਹਾਥੀਆਂ ਦਾ ਝੁੰਡ ਹਰ ਸਾਲ ਢਲਾਣ ਉੱਤਰ ਕੇ ਇਸ ਖੇਤਰ ਵਿੱਚ ਆਉਂਦਾ ਹੈ। ਪਹਿਲਾਂ ਇਹ ਝੁੰਡ ਪਹਾੜੀਆਂ ਦੇ ਨਾਲ਼ ਲੱਗਦੇ ਜੰਗਲਾਂ ਵਿੱਚ ਅਰਾਮ ਫਰਮਾਉਂਦਾ ਤੇ ਉਡੀਕ ਕਰਦਾ ਹੈ ਅਤੇ ਫਿਰ ਪਹਾੜੀ ਦੇ ਨੇੜਲੇ ਖੇਤਾਂ 'ਤੇ ਹਮਲਾ ਕਰ ਦਿੰਦਾ ਹੈ।

ਪਤਾਲਪੁਰ ਉਨ੍ਹਾਂ ਨੂੰ ਪੈਣ ਵਾਲ਼ਾ ਪਹਿਲਾ ਪਿੰਡ ਹੈ। ਉਨ੍ਹਾਂ ਦੇ ਇਨ੍ਹਾਂ ਦੌਰਿਆਂ ਦੇ ਅਸਰ ਦਾ ਹਿਸਾਬ ਪਿੰਡ ਦੇ ਖਸਤਾ ਹਾਲ ਮਕਾਨਾਂ,  ਟੁੱਟ ਚੁੱਕੇ ਤੁਲਸੀ ਮਨਚਿਆਂ ਅਤੇ ਖਾਲੀ ਵਿਹੜਿਆਂ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ।

ਲਗਭਗ 12-13 ਸਾਲ ਪਹਿਲਾਂ, ਹਾਥੀਆਂ ਦੇ ਹਮਲੇ ਤੋਂ ਪਹਿਲਾਂ, ਇਸ ਪਿੰਡ ਵਿੱਚ 337 ਲੋਕ ਰਹਿੰਦੇ ਸਨ (ਮਰਦਮਸ਼ੁਮਾਰੀ 2011)। ਉਦੋਂ ਤੋਂ, ਪਿਛਲੇ ਇੱਕ ਦਹਾਕੇ ਦੇ ਅੰਦਰ-ਅੰਦਰ ਲੋਕਾਂ ਦੀ ਗਿਣਤੀ ਵਿੱਚ ਗਿਰਾਵਟ ਆਉਂਦੀ ਰਹੀ ਹੈ ਅਤੇ ਹੁਣ (2023 ਵਿੱਚ) ਰਾਜਨਗਰ ਬਲਾਕ ਦੇ ਇਸ ਪਿੰਡ ਵਿੱਚ ਸਿਰਫ਼ ਇੱਕੋ ਹੀ ਪਰਿਵਾਰ ਰਹਿੰਦਾ ਹੈ ਜੋ ਆਪਣੇ ਘਰ ਅਤੇ ਜ਼ਮੀਨ ਨਾਲ਼ ਚਿਪਕਿਆ ਹੋਇਆ ਹੈ। ਵਾਰ-ਵਾਰ ਹੁੰਦੇ ਹਾਥੀ ਹਮਲਿਆਂ ਤੋਂ ਡਰੇ ਪਿੰਡ ਵਾਸੀ ਸੂਰੀ, ਰਾਜਨਗਰ ਅਤੇ ਜੋਏਪੁਰ ਵਰਗੇ ਗੁਆਂਢੀ ਕਸਬਿਆਂ ਅਤੇ ਸ਼ਹਿਰਾਂ ਵਿੱਚ ਚਲੇ ਗਏ।

ਪਿੰਡ ਦੇ ਸਿਰੇ 'ਤੇ ਇੱਕ ਮੰਜ਼ਿਲਾ ਘਰ ਦੇ ਕੱਚੇ ਵਿਹੜੇ ਵਿੱਚ ਬੈਠੇ ਉੱਜਵਲ ਦਾਸ ਨੇ ਕਿਹਾ, "ਜਿਨ੍ਹਾਂ ਲੋਕਾਂ ਦਾ ਸਰਦਾ-ਪੁੱਜਦਾ ਸੀ, ਉਹ ਪਿੰਡ ਛੱਡ ਕੇ ਚਲੇ ਗਏ। ਮੇਰਾ ਬਹੁਤ ਵੱਡਾ ਪਰਿਵਾਰ ਹੈ। ਮੇਰਾ ਕਿਤੇ ਹੋਰ ਜਾਇਆਂ ਸਰਨਾ ਹੀ ਨਹੀਂ। ਜੇ ਅਸੀਂ ਚਲੇ ਵੀ ਜਾਈਏ ਤਾਂ ਖਾਵਾਂਗੇ ਕੀ?" 57 ਸਾਲਾ ਕਿਸਾਨ ਪੁੱਛਦਾ ਹੈ। ਉੱਜਵਲ ਦਾ ਪਰਿਵਾਰ ਵੀ ਇੱਥੇ ਰਹਿਣ ਵਾਲ਼ੇ ਹੋਰ ਪਰਿਵਾਰਾਂ ਵਾਂਗ ਬੈਰਾਗੀ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ। ਇਹ ਭਾਈਚਾਰਾ ਪੱਛਮੀ ਬੰਗਾਲ ਵਿੱਚ ਹੋਰ ਪਿਛੜੇ ਵਰਗ (ਓਬੀਸੀ) ਵਜੋਂ ਸੂਚੀਬੱਧ ਹੈ।

53 ਸਾਲਾ ਚੰਦਨਾ ਦਾਸ ਦਾ ਕਹਿਣਾ ਹੈ ਕਿ ਜਿਓਂ ਹੀ ਉਨ੍ਹਾਂ ਨੂੰ ਹਾਥੀਆਂ ਦੀਆਂ ਚੀਕਾਂ ਸੁਣਾਈ ਦੇਣ ਲੱਗਦੀਆਂ ਹਨ, ਉਹ ਆਪਣੇ ਪਿੰਡ ਤੋਂ ਪੰਜ ਕਿਲੋਮੀਟਰ ਦੂਰ ਪੈਂਦੇ ਜੋਏਪੁਰ ਚਲੇ ਜਾਂਦੇ ਹਨ। ਜੇ ਇੰਝ ਕਰਨਾ ਸੰਭਵ ਨਾ ਹੋ ਪਾਵੇ ਤਾਂ ਉਹ ਅੱਗੇ ਕਹਿੰਦੀ ਹਨ,"ਅਸੀਂ ਸਾਰੇ ਘਰ ਦੇ ਅੰਦਰ ਹੀ ਦੁਬਕੇ ਬੈਠੇ ਰਹਿੰਦੇ ਹਾਂ।"

Left: Residents of Patalpur have moved to nearby towns and villages, leaving behind their homes bearing the marks of elephant attacks
PHOTO • Sayan Sarkar
Right: Chandana Das in their kitchen with her grandson
PHOTO • Sayan Sarkar

ਖੱਬੇ ਪਾਸੇ: ਹਾਥੀਆਂ ਦੇ ਹਮਲਿਆਂ ਦਾ ਨਿਸ਼ਾਨਾ ਬਣੇ ਆਪਣੇ ਘਰਾਂ ਨੂੰ ਛੱਡ ਕੇ ਪਤਾਲਪੁਰ ਵਾਸੀ ਨੇੜਲੇ ਕਸਬਿਆਂ ਅਤੇ ਪਿੰਡਾਂ ਵਿੱਚ ਚਲੇ ਗਏ ਹਨ। ਸੱਜੇ ਪਾਸੇ: ਚੰਦਨਾ ਦਾਸ ਆਪਣੇ ਪੋਤੇ ਨਾਲ਼ ਆਪਣੀ ਰਸੋਈ ਵਿੱਚ

ਪਿੰਡ ਦੇ ਇਕਲੌਤੇ ਬਚੇ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਵਿੱਚ ਹੋਰ ਵੀ ਸਮੱਸਿਆਵਾਂ ਹਨ। ਗੰਗਮੂਰੀ-ਜੋਏਪੁਰ ਪੰਚਾਇਤ ਅਧੀਨ ਆਉਂਦੇ ਇਸ ਪਿੰਡ ਨੂੰ ਜਾਣ ਵਾਲ਼ੀ ਸੜਕ ਖਤਰਨਾਕ ਹੱਦ ਤੱਕ ਜੰਗਲ ਦੇ ਨੇੜੇ ਹੈ। ਪਰ ਇੱਥੇ ਬੱਝੇ ਰਹਿਣ ਮਗਰ ਇੱਕ ਦੁਖਦ ਤੇ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਜਦੋਂ ਤੋਂ ਹਾਥੀਆਂ ਦੇ ਹਮਲੇ ਸ਼ੁਰੂ ਹੋਏ ਹਨ, ਉਦੋਂ ਤੋਂ ਹੀ ਲੋਕ ਇਸ ਇਲਾਕੇ ਵਿੱਚ ਜ਼ਮੀਨ ਖਰੀਦਣ ਲਈ ਅੱਗੇ ਨਹੀਂ ਆਏ ਹਨ। ਉੱਜਵਲ ਕਹਿੰਦੇ ਹਨ, "ਇਸਲਈ, ਇੱਥੇ ਜ਼ਮੀਨ ਵੇਚਣਾ ਸੌਖਾ ਕੰਮ ਨਹੀਂ ਹੈ।''

ਪਰਿਵਾਰ ਵਿੱਚ ਉੱਜਵਲ ਦੀ ਪਤਨੀ, ਚੰਦਨਾ ਦਾਸ ਅਤੇ ਉਨ੍ਹਾਂ ਦੇ ਦੋ ਬੇਟੇ ਚਿਰਨਜੀਤ ਅਤੇ ਪ੍ਰੋਸੇਨਜੀਤ ਹਨ। ਉਨ੍ਹਾਂ ਦੀ 37 ਸਾਲਾ ਧੀ, ਵਿਸਾਖੀ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਪਤਾਲਪੁਰ ਤੋਂ ਲਗਭਗ 50 ਕਿਲੋਮੀਟਰ ਦੂਰ ਸੈਂਥੀਆ ਵਿੱਚ ਰਹਿੰਦੀ ਹੈ।

27 ਸਾਲਾ ਪ੍ਰੋਸੇਨਜੀਤ ਕੋਲ਼ ਮਾਰੂਤੀ ਕਾਰ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨੇੜਲੇ ਪਿੰਡਾਂ ਵਿੱਚ ਕਾਰ ਕਿਰਾਏ 'ਤੇ ਦੇ ਕੇ ਹਰ ਮਹੀਨੇ 10,000 ਰੁਪਏ ਕਮਾਉਂਦੇ ਹਨ। ਪਰਿਵਾਰਾਂ ਦੇ ਬਾਕੀ ਜੀਆਂ ਵਾਂਗ ਉਹ ਵੀ ਪਰਿਵਾਰ ਦੀ ਜ਼ਮੀਨ 'ਤੇ ਕੰਮ ਕਰਦੇ ਹਨ। ਇਸ ਭੋਇੰ 'ਤੇ ਵਰਖਾ ਸਿਰ ਪਲ਼ਣ ਵਾਲ਼ੀਆਂ ਫਸਲਾਂ ਉਗਾਈਆਂ ਜਾਂਦੀਆਂ ਹਨ। ਉਹ ਪੈਦਾਵਾਰ ਦਾ ਇੱਕ ਹਿੱਸਾ ਪਰਿਵਾਰਕ ਵਰਤੋਂ ਲਈ ਰੱਖਦੇ ਹਨ ਅਤੇ ਬਾਕੀ ਨੂੰ ਉੱਜਵਲ ਦਾਸ ਰਾਜਨਗਰ ਵਿੱਚ ਹਰ ਵੀਰਵਾਰ ਅਤੇ ਐਤਵਾਰ ਨੂੰ ਲੱਗਣ ਵਾਲ਼ੇ ਹਫਤਾਵਾਰੀ ਹਾਟ (ਬਾਜ਼ਾਰ) ਵਿੱਚ ਲੈ ਜਾਂਦੇ ਹਨ ਅਤੇ ਇਸਨੂੰ ਵੇਚਦੇ ਹਨ। ਬਾਕੀ ਹਫ਼ਤਾ ਉਹ ਜਾਂ ਸਾਈਕਲ 'ਤੇ ਜਾਂ ਆਪਣੇ ਬੇਟੇ ਦੇ ਮੋਟਰਸਾਈਕਲ 'ਤੇ ਸਵਾਰ ਹੋ ਪਿੰਡ-ਪਿੰਡ ਜਾ ਕੇ ਸਬਜ਼ੀ ਵੇਚਦੇ ਹਨ। ਉਹ ਝੋਨਾ ਵੀ ਆਪਣੀ ਲੋੜ ਜੋਗਾ ਹੀ ਰੱਖਦੇ ਹਨ ਅਤੇ ਬਾਕੀ ਦਾ ਵੇਚ ਦਿੰਦੇ ਹਨ।

ਉੱਜਵਲ ਦਾਸ ਕਹਿੰਦੇ ਹਨ, "ਇਹ ਮੇਰਾ ਆਪਣੀਆਂ ਫ਼ਸਲਾਂ ਪ੍ਰਤੀ ਪਿਆਰ ਹੀ ਹੈ ਜੋ ਮੈਂ ਹਾਥੀਆਂ ਦੇ ਹਮਲਿਆਂ ਦੇ ਡਰ ਦੇ ਬਾਵਜੂਦ ਇੱਥੇ ਰਿਹਾ।'' ਉਹ ਇਹ ਥਾਂ ਛੱਡਣਾ ਨਹੀਂ ਚਾਹੁੰਦੇ

'If the elephants eat all the crops, what are we supposed to eat?' asks Prasenjit Das. He is worried that the elephants might ruin their banana grove among other fields
PHOTO • Sayan Sarkar
'If the elephants eat all the crops, what are we supposed to eat?' asks Prasenjit Das. He is worried that the elephants might ruin their banana grove among other fields
PHOTO • Sayan Sarkar

ਪ੍ਰੋਸੇਨਜੀਤ ਦਾਸ ਪੁੱਛਦੇ ਹਨ, ' ਜੇ ਹਾਥੀ ਹੀ ਸਭ ਕੁਝ ਖਾ ਲੈਣਗੇ ਤਾਂ ਅਸੀਂ ਕੀ ਖਾਵਾਂਗੇ ? ' ਹੁਣ ਉਨ੍ਹਾਂ ਨੂੰ ਡਰ ਹੈ ਕਿ ਹਾਥੀ ਉਨ੍ਹਾਂ ਦੀਆਂ ਹੋਰ ਫ਼ਸਲਾਂ ਦੇ ਨਾਲ਼-ਨਾਲ਼ ਉਨ੍ਹਾਂ ਦੇ ਕੇਲੇ ਦੇ ਬਾਗ ' ਤੇ ਵੀ ਹਮਲਾ ਕਰ ਸਕਦੇ ਹਨ

ਰਾਜਨਗਰ ਹਾਈ ਸਕੂਲ ਦੇ ਇਤਿਹਾਸ ਦੇ ਸਾਬਕਾ ਅਧਿਆਪਕ ਸੰਤੋਸ਼ ਕਰਮਾਕਰ ਦੇ ਅਨੁਸਾਰ, ਖੇਤੀਬਾੜੀ ਖੇਤਰਾਂ ਵਿੱਚ ਹਾਥੀਆਂ ਦੀ ਦਖ਼ਲਅੰਦਾਜ਼ੀ ਦਾ ਕਾਰਨ ਹੈ ਜੰਗਲਾਂ ਦਾ ਸੁੰਗੜਨਾ। ਉਹ ਕਹਿੰਦੇ ਹਨ, ਪੁਰੂਲੀਆ ਵਿੱਚ ਦਲਮਾ ਰੇਂਜ, ਜਿੱਥੇ ਉਹ (ਹਾਥੀ) ਝਾਰਖੰਡ ਛੱਡਣ ਤੋਂ ਬਾਅਦ ਪ੍ਰਵੇਸ਼ ਕਰਦੇ ਹਨ, ਵਿੱਚ ਪਹਿਲਾਂ ਸੰਘਣੇ ਦਰੱਖਤਾਂ ਨਾਲ਼ ਘਿਰਿਆ ਖਿੱਤਾ ਹਾਥੀਆਂ ਲਈ ਲੋੜੀਂਦਾ ਭੋਜਨ ਸਥਾਨ ਹੁੰਦਾ ਸੀ।

"ਅੱਜ, ਹਾਥੀ ਖਤਰੇ ਵਿੱਚ ਹਨ। ਉਹ ਭੋਜਨ ਦੀ ਤਲਾਸ਼ ਵਿੱਚ ਪਹਾੜੀਆਂ ਨੂੰ ਛੱਡ ਰਹੇ ਹਨ," ਕਰਮਾਕਰ ਕਹਿੰਦੇ ਹਨ। ਜੰਗਲਾਂ ਦੀ ਬਹੁਤ ਜ਼ਿਆਦਾ ਕਟਾਈ ਹੋਣ ਅਤੇ ਲਗਜ਼ਰੀ ਰਿਜੋਰਟ ਬਣਾਏ ਜਾਣ ਕਾਰਨ ਮਨੁੱਖੀ ਮੌਜੂਦਗੀ ਵਿੱਚ ਹੋਏ ਵਾਧੇ ਨੇ ਨਾ ਸਿਰਫ਼ ਹਾਥੀਆਂ ਦਾ ਭੋਜਨ ਖੋਹਿਆ ਹੈ ਬਲਕਿ ਉਨ੍ਹਾਂ ਦੇ ਨਿਵਾਸ ਨੂੰ ਵੀ ਪ੍ਰਭਾਵਤ ਕੀਤਾ ਹੈ।

ਪ੍ਰਸੇਨਜੀਤ ਕਹਿੰਦੇ ਹਨ, ਇਸ ਸਾਲ (2023) ਪਿੰਡ ਵਿੱਚ ਕੋਈ ਹਾਥੀ ਨਹੀਂ ਦੇਖਿਆ ਗਿਆ ਹੈ। ਪਰ ਚਿੰਤਾ ਅਜੇ ਵੀ ਬਣੀ ਹੋਈ ਹੈ: "ਜੇ ਉਹ ਹੁਣ ਆਏ ਤਾਂ ਉਹ ਕੇਲੇ ਦੇ ਬਾਗ਼ ਨੂੰ ਖ਼ਤਮ ਕਰ ਦੇਣਗੇ।" ਉਨ੍ਹਾਂ ਦਾ ਕੇਲੇ ਦਾ ਬਾਗ਼ 10 ਕਾਥਾ (0.16 ਏਕੜ) ਵਿੱਚ ਫੈਲਿਆ ਹੋਇਆ ਹੈ ।

ਪੱਛਮੀ ਬੰਗਾਲ ਦੇ ਜੰਗਲਾਤ ਵਿਭਾਗ ਦੀ ਇਸ ਰਿਪੋਰਟ ਦੇ ਅਨੁਸਾਰ, ਕਿਸਾਨਾਂ ਨੂੰ "ਜੰਗਲੀ ਜਾਨਵਰਾਂ ਦੇ ਹਮਲੇ ਕਾਰਨ ਮਨੁੱਖੀ ਮੌਤ/ਸੱਟਾਂ ਅਤੇ ਘਰਾਂ/ਫ਼ਸਲਾਂ/ਪਸ਼ੂਆਂ ਨੂੰ ਹੋਏ ਨੁਕਸਾਨ" ਵਿਰੁੱਧ ਮੁਆਵਜ਼ਾ ਮਿਲ਼ਣਾ ਚਾਹੀਦਾ ਹੈ। ਉੱਜਵਲ ਦਾਸ ਕੋਲ਼ ਸਿਰਫ਼ ਚਾਰ ਵਿੱਘੇ ਜ਼ਮੀਨ ਦੇ ਕਾਗ਼ਜ਼ਾਤ ਹਨ। ਬਾਕੀ (10 ਵਿੱਘੇ) ਉਨ੍ਹਾਂ ਨੂੰ ਆਪਣੇ ਪੁਰਖਿਆਂ ਤੋਂ ਵਿਰਸੇ ਵਿੱਚ ਮਿਲ਼ਿਆ ਸੀ। ਪਰ ਇਹ ਸਾਬਤ ਕਰਨ ਲਈ ਕੋਈ ਰਿਕਾਰਡ ਨਹੀਂ ਹੈ ਅਤੇ ਇਸ ਕਾਰਨ ਕਰਕੇ ਉਹ ਆਪਣੀ ਫ਼ਸਲ ਦੇ ਨੁਕਸਾਨ ਦੇ ਮੁਆਵਜ਼ੇ ਦਾ ਦਾਅਵਾ ਨਹੀਂ ਕਰ ਸਕਦਾ। ਉਹ ਕਹਿੰਦੇ ਹਨ, "ਜੇ ਹਾਥੀ 20,000-30,000 ਰੁਪਏ ਦੀਆਂ ਫ਼ਸਲਾਂ ਤਬਾਹ ਕਰਦੇ ਹਨ, ਤਾਂ ਸਰਕਾਰ 500 ਤੋਂ 5,000 ਰੁਪਏ ਹੀ ਦਿੰਦੀ ਹੈ।''

Ujjwal Das, 57, one of the last remaining residents of Patalpur
PHOTO • Sayan Sarkar

57 ਸਾਲਾ ਉੱਜਵਲ ਦਾਸ , ਪਤਾਲਪੁਰ ਦੇ ਆਖ਼ਰੀ ਬਾਕੀ ਬਚੇ ਵਸਨੀਕਾਂ ਵਿੱਚੋਂ ਇੱਕ ਹਨ

2015 ਵਿੱਚ, ਉਨ੍ਹਾਂ ਨੇ ਰਾਜਨਗਰ ਦੇ ਬਲਾਕ ਵਿਕਾਸ ਅਧਿਕਾਰੀ ਨੂੰ ਮੁਆਵਜ਼ੇ ਲਈ ਅਰਜ਼ੀ ਦਿੱਤੀ ਸੀ ਅਤੇ 5,000 ਰੁਪਏ ਪ੍ਰਾਪਤ ਕੀਤੇ ਸਨ। ਤਿੰਨ ਸਾਲ ਬਾਅਦ, 2018 ਵਿੱਚ, ਉਨ੍ਹਾਂ ਨੂੰ ਸਥਾਨਕ ਸਿਆਸੀ ਨੇਤਾ ਪਾਸੋਂ ਮੁਆਵਜ਼ੇ ਵਜੋਂ 500 ਰੁਪਏ ਪ੍ਰਾਪਤ ਹੋਏ।

ਸਥਾਨਕ ਜੰਗਲਾਤ ਵਿਭਾਗ ਦੇ ਰੇਂਜਰ ਕੁਦਰਾਤੇ ਖੋਡਾ ਦਾ ਕਹਿਣਾ ਹੈ ਕਿ ਉਹ ਪਿੰਡ ਵਾਸੀਆਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੀ ਸਾਵਧਾਨੀ ਵਰਤਦੇ ਹਨ। "ਸਾਡੇ ਕੋਲ਼ ' ਏਅਰਾਵਤ / AIRAVAT ' ਨਾਂ ਦੀ ਕਾਰ ਹੈ। ਅਸੀਂ ਇਸ ਕਾਰ ਦੀ ਵਰਤੋਂ ਹਾਥੀਆਂ ਨੂੰ ਭਜਾਉਣ ਲਈ ਕਰਦੇ ਹਾਂ। ਅਸੀਂ ਕਾਰ ਦਾ ਸਾਈਰਨ ਵਜਾ ਵਜਾ ਉਨ੍ਹਾਂ ਨੂੰ ਬਗ਼ੈਰ ਕਿਸੇ ਸਰੀਰਕ ਨੁਕਸਾਨ ਪਹੁੰਚਾਇਆਂ ਦੂਰ ਲੈ ਜਾਂਦੇ ਹਾਂ।"

ਜੰਗਲਾਤ ਵਿਭਾਗ ਕੋਲ਼ ਸਥਾਨਕ ਗਜਾਮਿੱਤਰ ਵੀ ਹਨ। ਜੰਗਲਾਤ ਵਿਭਾਗ ਨੇ ਪਤਾਲਪੁਰ ਤੋਂ ਸੱਤ ਕਿਲੋਮੀਟਰ ਦੂਰ ਬਾਗਾਨਪਾਰਾ ਦੇ ਪੰਜ ਨੌਜਵਾਨਾਂ ਨੂੰ ਠੇਕੇ ਦੇ ਆਧਾਰ 'ਤੇ ਗਜਾਮਿੱਤਰਾਂ ਵਜੋਂ ਕੰਮ 'ਤੇ ਰੱਖਿਆ ਹੈ। ਜਦੋਂ ਹਾਥੀ ਆਉਂਦੇ ਹਨ ਤਾਂ ਇਹੀ ਨੌਜਵਾਨ ਜੰਗਲਾਤ ਵਿਭਾਗ ਨੂੰ ਜਾਣਕਾਰੀ ਭੇਜਦੇ ਹਨ।

ਪਰ ਪਤਾਲਪੁਰ ਦੇ ਆਖ਼ਰੀ ਬਚੇ ਵਸਨੀਕ ਇਸ ਗੱਲ ਨਾਲ਼ ਸਹਿਮਤ ਨਹੀਂ ਹਨ। ਚੰਦਨਾ ਦਾਸ ਦਾ ਤਰਕ ਹੈ, "ਸਾਨੂੰ ਜੰਗਲਾਤ ਵਿਭਾਗ ਪਾਸੋਂ ਕੋਈ ਮਦਦ ਨਹੀਂ ਮਿਲ਼ਦੀ।'' ਖੰਡਰ ਹੋ ਚੁੱਕੇ ਘਰ ਅਤੇ ਖਾਲੀ ਪਏ ਵਿਹੜੇ ਉਨ੍ਹਾਂ ਦੀ ਬੇਵਸੀ ਨੂੰ ਉਜਾਗਰ ਕਰਦੇ ਹਨ।

ਤਰਜਮਾ: ਕਮਲਜੀਤ ਕੌਰ

Sayan Sarkar

Sayan Sarkar is a freelance journalist and contributes to various magazines. He has a graduate degree in Mass Communication from Kazi Nazrul Islam University.

Other stories by Sayan Sarkar
Editor : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

Other stories by Sarbajaya Bhattacharya
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur