ਸੁੰਨਸਾਨ ਜਿਹੇ ਲੱਗਣ ਵਾਲੇ ਥਾਂ ਵਿੱਚ ਕੱਚੀਆਂ ਕੰਧਾਂ ਵਾਲੀ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਹੈ, ਜਿਸ ਦੇ ਬਾਹਰ ਇੱਕ ਸਾਫ ਕਾਗਜ਼ ਤੇ ਹੱਥ ਨਾਲ ਲਿਖ ਕੇ ਲਗਾਇਆ ਹੈ:

ਅਕਸ਼ਰਾ ਆਰਟਸ ਅਤੇ ਸਪੋਰਟਸ
ਲਾਇਬ੍ਰੇਰੀ
ਇਰੁਪੁਲਕੁੜੀ
ਇਡਾਮਾਲਕੁੜੀ

ਪੀ. ਵੀ. ਚਿਨਾਥਾਂਬੀ ਕੇਰਲਾ ਦੇ ਇੱਦੁਕੀ ਦੀਆਂ ਪਹਾੜੀਆਂ ਵਿੱਚ ਲਾਇਬ੍ਰੇਰੀ ਚਲਾਉਂਦੇ ਹਨ

ਲਾਇਬ੍ਰੇਰੀ? ਤੇ ਓਹ ਵੀ ਇੱਦੁਕੀ ਜਿਲ੍ਹੇ ਦੇ ਜੰਗਲੀ ਇਲਾਕੇ ਵਿੱਚ? ਭਾਰਤ ਦੇ ਸਭ ਤੋਂ ਵੱਧ ਸਾਖਰਤਾ ਦਰ ਵਾਲੇ ਰਾਜ ਦਾ ਇਹ ਸਭ ਤੋਂ ਘੱਟ ਸਾਖਰ ਇਲਾਕਾ ਹੈ। ਰਾਜ ਦੇ ਸਭ ਤੋਂ ਪਹਿਲੇ ਹੋਏ ਕਬਾਇਲੀ ਪੇਂਡੂ ਕੌਂਸਲ ਵਾਲੀ ਇਸ ਛੋਟੀ ਜਿਹੀ ਬਸਤੀ ਵਿੱਚ ਸਿਰਫ਼ 25 ਪਰਿਵਾਰ ਰਹਿੰਦੇ ਹਨ। ਕਿਸੇ ਹੋਰ ਨੂੰ ਤਾਂ ਇੱਥੋਂ ਕਿਤਾਬ ਲੈਣ ਲਈ ਸੰਘਣੇ ਜੰਗਲ ਵਿੱਚ ਦੀ ਹੋ ਕੇ ਗੁਜ਼ਰਨਾ ਪਵੇਗਾ। ਤਾਂ ਕੀ ਸੱਚੀਂ ਕੋਈ ਇੱਥੇ ਆਉਂਦਾ ਹੋਵੇਗਾ?

“ਹਾਂਜੀ ਬਿਲਕੁਲ, ਲੋਕ ਆਉਂਦੇ ਹਨ,” 73 ਸਾਲਾ ਪੀ. ਵੀ. ਚਿਨਾਥਾਂਬੀ ਦਾ ਕਹਿਣਾ ਹੈ, ਜੋ ਕਿ ਚਾਹ ਵੇਚਣ ਦੇ ਨਾਲ ਨਾਲ ਇੱਕ ਖੇਡ ਕਲੱਬ ਦੇ ਪ੍ਰਬੰਧਕ ਅਤੇ ਲਾਇਬ੍ਰੇਰਿਯਨ ਵੀ ਹਨ। ਉਹਨਾਂ ਦੀ ਛੋਟੀ ਜਿਹੀ ਦੁਕਾਨ ਇਡਾਮਾਲਕੁੜੀ ਦੇ ਪਹਾੜੀ ਚੌਰਸਤੇ ਤੇ ਸਥਿਤ ਹੈ ਜਿੱਥੇ ਉਹ ਚਾਹ, ਬਿਸਕੁਟ, ਭੁਜੀਆ, ਮਾਚਿਸ , ਅਤੇ ਹੋਰ ਸਮਾਨ ਵੇਚਦੇ ਹਨ। ਇਹ ਕੇਰਲਾ ਦੇ ਸਭ ਤੋਂ ਦੂਰ ਦੁਰਾਡੇ ਇਲਾਕੇ ਦੀ ਪੰਚਾਇਤ ਹੈ ਜਿੱਥੇ ਸਿਰਫ਼ ਇੱਕ ਆਦਿਵਾਸੀ ਟੋਲਾ- ਮੁਥਾਵਨ ਰਹਿੰਦਾ ਹੈ। ਇੱਥੇ ਪਹੁੰਚਣ ਲਈ ਮੁੰਨਾਰ ਨੇੜੇ ਪੇਟੀਮੁੜੀ ਤੋਂ 18 ਕਿਲੋਮੀਟਰ ਤੱਕ ਪੈਦਲ ਆਓਣਾ ਪੈਂਦਾ ਹੈ। ਚਿਨਾਥਾਂਬੀ ਦੀ ਚਾਹ ਦੀ ਦੁਕਾਨ ਵਾਲੀ ਲਾਇਬ੍ਰੇਰੀ ਤੱਕ ਪਹੁੰਚਣ ਲਈ ਤਾਂ ਹੋਰ ਵੀ ਪੈਂਡਾ ਮਾਰਨਾ ਪੈਂਦਾ ਹੈ। ਜਦ ਅਸੀਂ ਉਹਨਾਂ ਦੇ ਘਰ ਪਹੁੰਚੇ ਤਾਂ ਉਹਨਾਂ ਦੀ ਪਤਨੀ ਉਸ ਸਮੇਂ ਕੰਮ ਤੇ ਗਈ ਹੋਈ ਸੀ। ਇਹ ਲੋਕ ਵੀ ਮੁਥਾਵਨ ਹਨ।

ਮੈਂ ਹੈਰਾਨ ਹੁੰਦਿਆਂ ਪੁੱਛਿਆ, “ਚਿਨਾਥਾਂਬੀ ਜੀ, ਚਾਹ ਦਾ ਆਨੰਦ ਤਾਂ ਅਸੀਂ ਲੈ ਲਿਆ। ਸਮਾਨ ਵੀ ਸਾਰਾ ਦਿਖਾਈ ਦੇ ਰਿਹਾ ਹੈ, ਪਰ ਤੁਹਾਡੀ ਲਾਇਬ੍ਰੇਰੀ ਕਿੱਥੇ ਹੈ?” ਇਸ ਤੇ ਉਹ ਮੁਸਕੁਰਾਓਂਦੇ ਹੋਏ ਸਾਨੂੰ ਆਪਣੀ ਛੋਟੀ ਜਿਹੀ ਦੁਕਾਨ ਵਿੱਚ ਦੇ ਅੰਦਰ ਲੈ ਜਾਂਦੇ ਹਨ। ਇੱਕ ਹਨੇਰੇ ਜਿਹੇ ਕੋਨੇ ਤੋਂ 25 ਕਿਲੋ ਵਜ਼ਨੀ ਦੋ ਵੱਡੇ ਵੱਡੇ ਜੂਟ ਦੇ ਬੈਗ ਲੈ ਆਉਂਦੇ ਹਨ। ਇਹਨਾਂ ਨੂੰ ਉਹ ਧਿਆਨ ਨਾਲ ਚਟਾਈ ਤੇ ਰੱਖਦੇ ਹਨ, ਜੋ ਕਿ ਉਹਨਾਂ ਦਾ ਰੋਜ਼ ਦਾ ਕੰਮ ਹੈ।

ਸਾਡਾ ਅੱਠ ਘੁਮੱਕੜਾਂ ਦਾ ਝੁੰਡ ਹੈਰਾਨੀ ਨਾਲ ਓਹਨਾਂ ਕਿਤਾਬਾਂ ਨੂੰ ਫਰੋਲ ਰਿਹਾ ਸੀ। ਇਹਨਾਂ ਵਿੱਚੋਂ ਹਰ ਇੱਕ ਕਿਤਾਬ ਬਿਹਤਰੀਨ ਸਾਹਿਤ ਦਾ ਨਮੂਨਾ ਸੀ, ਨਾਲ ਹੀ ਰਾਜਨੀਤੀ ਨਾਲ ਸਬੰਧਿਤ ਕਿਤਾਬਾਂ ਵੀ ਸਨ। ਇੱਥੇ ਕੋਈ ਵੀ ਕਿਤਾਬ ਰਹੱਸ, ਰੋਮਾਂਚ ਨਾਲ ਸਬੰਧਿਤ ਜਾਂ ਬਹੁਤ ਵਿਕਣ ਵਾਲੇ ਹਲਕੇ ਸਾਹਿਤ ਦੀ ਸ਼੍ਰੇਣੀ ਦੀਆਂ ਨਹੀਂ ਸਨ। ਇੱਥੇ ਤਾਮਿਲ ਮਹਾਂ ਕਾਵਿ ਸਿਲਪੱਥਿਕਰਮ ਦਾ ਮਾਲਿਆਲਮ ਤਰਜਮਾ ਵੀ ਮੌਜੂਦ ਸੀ। ਇੱਥੇ ਵਾਇਕੋਮ ਮੁਹੰਮਦ ਬਸ਼ੀਰ, ਐਮ. ਟੀ. ਵਸੂਦੇਵਨ ਨਾਇਰ, ਕਮਲਾ ਦੱਸ ਵਰਗੇ ਲੇਖਕਾਂ ਵੱਲੋਂ ਲਿਖਿਤ ਕਿਤਾਬਾਂ ਵੀ ਸਨ। ਇਸ ਤੋਂ ਇਲਾਵਾ ਐਮ. ਮੁਕੁੰਦਨ, ਲਲਿਤਾਂਬਿਕਾ ਅੰਤਰਜਨਮ, ਮਹਾਤਮਾ ਗਾਂਧੀ ਦੀਆਂ ਲਿਖਤਾਂ ਦੇ ਨਾਲ ਨਾਲ ਥੋਪਿਲ ਬਾਸੀ ਦੇ ਇਨਕਲਾਬੀ ਸੰਵਾਦ “ਤੁਸੀਂ ਮੈਨੂੰ ਫਿਰਕਾਪ੍ਰਸਤ ਬਣਾਇਆ” ਵੀ ਮੌਜੂਦ ਸਨ।

“ਪਰ ਚਿਨਾਥਾਂਬੀ ਜੀ, ਕਿ ਲੋਕ ਵਾਕਿਆ ਹੀ ਇਹ ਕਿਤਾਬਾਂ ਪੜਦੇ ਹਨ?” ਅਸੀਂ ਬਾਹਰ ਬੈਠਦਿਆਂ ਪੁੱਛਿਆ। ਮੁਥਾਵਨ ਲੋਕ ਵੀ ਹੋਰ ਆਦਿਵਾਸੀ ਗੁੱਟਾਂ ਵਾਂਗ ਹੀ ਬਾਕੀ ਭਾਰਤੀ ਲੋਕਾਂ ਦੇ ਮੁਕਾਬਲੇ ਗਰੀਬੀ ਅਤੇ ਸਿੱਖਿਆ ਦੀ ਕਮੀ ਤੋਂ ਗ੍ਰਸਤ ਹਨ। ਸਾਡੇ ਸਵਾਲ ਦੇ ਜਵਾਬ ਵਿੱਚ ਚਿਨਾਥਾਂਬੀ ਜੀ ਆਪਣਾ ਲਾਇਬ੍ਰੇਰੀ ਰਜਿਸਟਰ ਕੱਢਦੇ ਹਨ। ਇਸ ਵਿੱਚ ਬੜੇ ਹੀ ਸਲੀਕੇ ਨਾਲ ਕਿਤਾਬਾਂ ਦੇ ਲੈਣ ਦੇਣ ਦਾ ਸਾਰ ਰਿਕਾਰਡ ਦਰਜ ਕੀਤਾ ਹੋਇਆ ਸੀ।  ਭਾਵੇਂ ਕਿ ਇਸ ਬਸਤੀ ਵਿੱਚ 25 ਪਰਿਵਾਰ ਹੀ ਰਹਿੰਦੇ ਹਨ, ਪਰ ਸਾਲ 2013 ਵਿੱਚ ਹੀ 37 ਕਿਤਾਬਾਂ ਦੇ ਉਧਰ ਲਏ ਜਾਣ ਦਾ ਰਿਕਾਰਡ ਹੈ।

ਇਹ ਗਿਣਤੀ ਕੁੱਲ 160 ਕਿਤਾਬਾਂ ਦਾ ਲਗਭਗ ਚੌਥਾ ਹਿੱਸਾ ਹਨ ਜੋ ਕਿ ਕਾਫ਼ੀ ਚੰਗੀ ਦਰ ਹੈ। ਇਸ ਲਾਇਬ੍ਰੇਰੀ ਦੀ ਇੱਕ ਵਾਰ ਦੀ ਸਦੱਸਤਾ ਫੀਸ 25 ਰੁਪਏ ਹੈ ਅਤੇ ਮਹੀਨੇ ਵਾਰ ਫੀਸ 2 ਰੁਪਏ ਹੈ।  ਕਿਤਾਬ ਉਧਰ ਲੈਣ ਵੇਲੇ ਕੋਈ ਵੱਖਰਾ ਖਰਚ ਨਹੀਂ। ਨਾਲ ਹੀ ਇੱਥੇ ਬਿਨਾਂ ਚੀਨੀ ਦੀ ਕਾਲੀ ਚਾਹ ਮੁਫ਼ਤ ਵਿੱਚ ਪਿਲਾਈ ਜਾਂਦੀ ਹੈ। “ਪਹਾੜੀਆਂ ਤੋਂ ਥੱਕੇ ਹਰੇ ਲੋਕ ਇੱਥੇ ਆਉਂਦੇ ਹਨ”। ਇੱਥੇ ਸਿਰਫ਼ ਬਿਸਕੁਟ, ਭੁਜੀਆ ਜਾਂ ਹੋਰ ਚੀਜ ਲਈ ਹੀ ਪੈਸੇ ਅਦਾ ਕਰਨੇ ਪੈਂਦੇ ਹਨ। ਹਾਂ ਕਦੇ ਕਦਾਈਂ ਕਿਸੇ ਰਾਹਗੀਰ ਨੂੰ ਰੁੱਖਾ ਸੁੱਕਾ ਹੀ ਸਹੀ ਭੋਜਨ ਵੀ ਮਿਲ ਜਾਂਦਾ ਹੈ, ਓਹ ਵੀ ਮੁਫ਼ਤ।

ਚਿਨਾਥਾਂਬੀ ਲਾਇਬ੍ਰੇਰੀ ਚਾਲੂ ਰੱਖ ਕੇ ਗਰੀਬੀ ਵਿੱਚ ਰੁਲਦੇ ਗਾਹਕਾਂ ਦੀ ਸਾਹਿਤਿਕ ਭੁੱਖ ਸ਼ਾਂਤ ਕਰਦੇ ਹਨ

ਕਿਤਾਬ ਉਧਾਰ ਲੈਣ ਅਤੇ ਅਤੇ ਵਾਪਿਸ ਕਰਨ ਦੀ ਤਰੀਕ, ਕਿਤਾਬ ਲੈਣ ਵਾਲੇ ਦਾ ਨਾਮ, ਸਭ ਕੁਝ ਬੜੇ ਸਲੀਕੇ ਨਾਲ ਰਜਿਸਟਰ ਵਿੱਚ ਦਰਜ ਹਨ। ਇਲਾਂਗੋਂ ਦੀ ਸਿਲਪੱਥਿਕਰਮ ਨੂੰ ਬਹੁਤ ਵਾਰ ਪੜਿਆ ਗਿਆ ਹੈ। ਇਸ ਸਾਲ ਵੀ ਹੁਣ ਤੱਕ ਕਾਫ਼ੀ ਕਿਤਾਬਾਂ ਉਧਰ ਲਈਆਂ ਜਾਂ ਚੁੱਕੀਆਂ ਹਨ। ਇੱਥੇ ਜੰਗਲਾਂ ਵਿੱਚ ਪਣਪ ਰਹੇ ਮਿਆਰੀ ਸਾਹਿਤ ਲਈ ਆਦਿਵਾਸੀ ਲੋਕਾਂ ਵਿੱਚ ਬਹੁਤ ਭੁੱਖ ਹੈ, ਜੋ ਕਿ ਦੇਖਣ ਸੁਣਨ ਵਾਲੇ ਨੂੰ ਸੰਜੀਦਾ ਕਰ ਦਿੰਦਾ ਹੈ। ਸ਼ਾਇਦ ਇਸੇ ਕਾਰਣ ਸਾਡੇ ਵਿੱਚੋਂ ਕੁਝ ਸ਼ਹਿਰੀ ਮਾਹੌਲ ਵਿੱਚ ਪਾਠਕਾਂ ਦੀ ਦਿਨੋ ਦਿਨ ਘਟਦੀ ਗਿਣਤੀ ਬਾਰੇ ਸੋਚਾਂ ਵਿੱਚ ਪੈ ਗਏ।

ਸਾਡੇ ਜੱਥੇ ਵਿੱਚ ਜਿਨ੍ਹਾਂ ਲੋਕਾਂ ਦਾ ਰੋਜ਼ਗਾਰ ਲੇਖਨ ਵਿੱਚ ਸੀ ਓਹਨਾਂ ਦੇ ਹੰਕਾਰ ਨੂੰ ਵੀ ਜਲਦੀ ਹੀ ਸੱਟ ਲੱਗਣ ਵਾਲੀ ਸੀ। ਸਾਡੇ ਨਾਲ ਸਫ਼ਰ ਕਰ ਰਹੇ ਪੱਤਰਕਾਰਿਤਾ ਦੇ ਤਿੰਨ ਵਿੱਚੋਂ ਇੱਕ ਕੇਰਲ ਪ੍ਰੈਸ ਅਕਾਦਮੀ ਤੋਂ ਨੌਜਵਾਨ ਵਿਸ਼ਨੂੰ ਐਸ. ਵੀ ਸੀ ਜਿਸ ਨੂੰ ਇੱਥੋਂ ਇੱਕ ਵੱਖਰੀ ਕਿਸਮ ਦੀ ਕਿਤਾਬ ਲੱਭੀ। ਇਹ ਇੱਕ ਹੱਥ ਲਿਖਤ ਕਾਪੀ ਸੀ ਜਿਸ ਦਾ ਕੋਈ ਸਿਰਲੇਖ ਨਹੀਂ ਸੀ। ਇਹ ਦਰਅਸਲ ਚਿਨਾਥਾਂਬੀ ਦੀ ਆਤਮਕਥਾ ਸੀ। ਉਹ ਅਫ਼ਸੋਸ ਜਤਾਉਂਦਿਆਂ ਦੱਸਦੇ ਹਨ ਓਹ ਹਾਲੇ ਤੱਕ ਕੁਝ ਜਿਆਦਾ ਲਿਖ ਨਹੀਂ ਸਕੇ ਅਤੇ ਇਸ ਤੇ ਕੰਮ ਕਰ ਰਹੇ ਹਨ। ਅਸੀਂ ਕਿਹਾ “ਚਿਨਾਥਾਂਬੀ ਜੀ, ਸਾਨੂੰ ਕੁਝ ਪੜ ਕੇ ਜਰੂਰ ਸੁਣਾਓ”। ਅਧੂਰਾ ਹੋਣ ਦੇ ਬਾਵਜੂਦ ਜੋ ਲਿਖਿਆ ਹੈ ਬਖੂਬੀ ਲਿਖਿਆ ਹੈ। ਓਹਨਾਂ ਨੇ ਆਪਣੀ ਸਮਾਜਿਕ ਤੇ ਰਾਜਸੀ ਚੇਤਨਾ ਦੀ ਸ਼ੁਰੂਆਤ ਦੀ ਗੱਲ ਕੀਤੀ ਹੈ। ਜਿਸ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਹੋਈ ਸੀ ਜਦ ਓਹ ਸਿਰਫ਼ ਸੱਤ ਸਾਲਾਂ ਦੇ ਸਨ ਅਤੇ ਇਸ ਘਟਨਾ ਨੇ ਓਹਨਾਂ ਤੇ ਡੂੰਘਾ ਅਸਰ ਛੱਡਿਆ।

ਚਿਨਾਥਾਂਬੀ ਦੱਸਦੇ ਹਨ ਕਿ ਓਹਨਾਂ ਨੂੰ ਇਡਾਮਾਲਕੁੜੀ ਵਿੱਚ ਵਾਪਿਸ ਆ ਕੇ ਲਾਇਬ੍ਰੇਰੀ ਸ਼ੁਰੂ ਕਰਨ ਦੀ ਪ੍ਰੇਰਨਾ ਮੁਰਲੀ “ਮਾਸ਼” (ਗੁਰੂ ਜਾਂ ਅਧਿਆਪਕ) ਤੋਂ ਮਿਲੀ। ਇਸ ਇਲਾਕੇ ਵਿੱਚ ਮੁਰਲੀ “ਮਾਸ਼” ਇੱਕ ਅਧਿਆਪਕ ਅਤੇ ਮਹੱਤਵਪੂਰਨ ਹਸਤੀ ਹਨ। ਓਹ ਆਪ ਵੀ ਆਦਿਵਾਸੀ ਭਾਈਚਾਰੇ ਤੋਂ ਹਨ ਪਰ ਹੋਰ ਕਬੀਲੇ ਨਾਲ ਸਬੰਧ ਰੱਖਦੇ ਹਨ। ਓਹਨਾਂ ਦਾ ਕਬੀਲਾ ਵੱਖਰੀ ਪੰਚਾਇਤ ਵਿੱਚ ਮਨਕੁਲਮ ਵਿਖੇ ਰਹਿੰਦਾ ਹੈ। ਓਹਨਾਂ ਨੇ ਆਪਣੀ ਜਿੰਦਗੀ ਦਾ ਜਿਆਦਾਤਰ ਮੁਥਾਵਨ ਲੋਕਾਂ ਦੀ ਭਲਾਈ ਦੇ ਲੇਖੇ ਲਾ ਦਿੱਤਾ ਹੈ। “ਮਾਸ਼ ਨੇ ਹੀ ਮੈਨੂੰ ਇਸ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ, ਚਿਨਾਥਾਂਬੀ ਕਹਿੰਦੇ ਹਨ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਓਹ ਕੋਈ ਖਾਸ ਕੰਮ ਨਹੀਂ ਕਰ ਰਹੇ ਜਦਕਿ ਓਹਨਾਂ ਦਾ ਕੰਮ ਬਹੁਤ ਮਹੱਤਵਪੂਰਨ ਹੈ।

ਇਡਾਮਾਲਕੁੜੀ, ਜਿੱਥੇ ਅਜਿਹੀਆਂ 28 ਹੋਰ ਬਸਤੀਆਂ ਹਨ, ਦੀ ਆਬਾਦੀ 2500 ਲੋਕਾਂ ਤੋਂ ਵੀ ਘੱਟ ਹੈ। ਇਹ ਦੁਨੀਆਂ ਦੀ ਕੁੱਲ ਮੁਥਾਵਨ ਆਬਾਦੀ ਹੈ। ਇਰੁਪੁਲਕੁੜੀ ਵਿੱਚ ਮੁਸ਼ਕਿਲ ਨਾਲ ਮੁਥਾਵਨ ਲੋਕਾਂ ਦੀ ਗਿਣਤੀ ਸੈਂਕੜੇ ਦੀ ਹੋਵੇਗੀ। ਇਡਾਮਾਲਕੁੜੀ, ਜਿਸ ਦਾ ਸੈਂਕੜੇ ਕਿਲੋਮੀਟਰ ਤੋਂ ਜਿਆਦਾ ਦਾ ਰਕਬਾ ਜੰਗਲ ਹੇਠਾਂ ਹੈ, ਦੀ ਪੰਚਾਇਤ ਵਿੱਚ ਵੋਟਰਾਂ ਦੀ ਗਿਣਤੀ ਸਿਰਫ਼ 1500 ਹੈ ਜੋ ਕਿ ਰਾਜ ਵਿੱਚ ਸਭ ਤੋਂ ਘੱਟ ਹੈ। ਸਾਨੂੰ ਆਪਣਾ ਵਾਪਸੀ ਦਾ ਰਾਹ ਇੱਥੋਂ ਬਦਲਣ ਪਿਆ ਕਿਓਂਕਿ ਤਮਿਲਨਾਡੁ ਦੇ ਵਲਪਰਾਈ ਜਾਣ ਲਈ ਚੁਣਿਆ ਛੋਟਾ ਰਸਤਾ ਹਾਥੀਆਂ ਦੇ ਆਓਣ ਕਾਰਨ ਬੰਦ ਹੋ ਚੁੱਕਾ ਸੀ।

ਪਰ ਚਿਨਾਥਾਂਬੀ ਇੱਥੇ ਹੀ ਸ਼ਾਇਦ ਦੁਨੀਆ ਦੀ ਸਭ ਤੋਂ ਸੁੰਨਸਾਨ ਲਿਬ੍ਰੇਰੀਆਂ ਵਿੱਚੋਂ ਇੱਕ ਨੂੰ ਚਲਾ ਰਹੇ ਹਨ। ਅਤੇ ਜਿਸ ਲੱਗਣ ਨਾਲ ਓਹ ਇਸ ਕੰਮ ਨੂੰ ਕਰ ਰਹੇ ਹਨ ਉਸ ਨਾਲ ਗਰੀਬ ਲੋਕਾਂ ਦੀ ਸਾਹਿਤਿਕ ਭਾਲ ਨੂੰ ਮੰਜਿਲ ਮਿਲਦੀ ਹੈ। ਇਸ ਦੇ ਨਾਲ ਹੀ ਓਹ ਇਹਨਾਂ ਲੋਕਾਂ ਲਈ ਚਾਹ, ਭੁਜੀਆ, ਮਾਚਿਸ ਆਦਿ ਦੀ ਸਪਲਾਈ ਜਾਰੀ ਰੱਖਦੇ ਹਨ। ਸਾਡਾ ਆਮ ਤੌਰ ਤੇ ਬਹੁਤ ਹੀ ਗਲਾਕੜੀ ਝੁੰਡ ਇਸ ਮੁਲਾਕਾਤ ਤੋਂ ਪ੍ਰਭਾਵਿਤ ਹੋ ਕੇ ਬੜੀ ਹੀ ਸ਼ਾਂਤੀ ਨਾਲ ਓਥੋਂ ਵਿਦਾ ਲੈਂਦਾ ਹੈ। ਭਾਵੇਂ ਸਾਡੀ ਨਜਰ ਸਾਡੇ ਸਾਮਣੇ ਫੈਲੇ ਔਕੜਾਂ ਭਰੇ ਰਸਤੇ ਤੇ ਸੀ ਪਰ ਸਾਡੇ ਮਨਾਂ ਵਿੱਚ ਪੀ. ਵੀ. ਚਿਨਾਥਾਂਬੀ ਦੀ ਅਮਿੱਟ ਛਾਪ ਸੀ।

ਇਹ ਲੇਖ ਮੁੱਖ ਰੂਪ ਵਿੱਚ http://psainath.org/the-wilderness-library/ 'ਤੇ ਮਿਲ਼ਦਾ ਹੈ।

ਪੰਜਾਬੀ ਤਰਜ਼ਮਾ: ਡਾ. ਨਵਨੀਤ ਕੌਰ ਧਾਲੀਵਾਲ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Navneet Kaur Dhaliwal

Navneet Kaur Dhaliwal is an agriculture scientist based in Punjab. She believes in the creation of a humane society, conservation of natural resources and preserving heritage and traditional knowledge.

Other stories by Navneet Kaur Dhaliwal