ਆਪਣੇ ਘਰ ’ਚ ਕੁਰਸੀ ’ਤੇ ਬਹਿ, ਪਿੰਡ ਦੀ ਖਾਲੀ ਮੁੱਖ ਸੜਕ ਵੱਲ ਨੀਝ ਲਾ ਕੇ, ਗੋਮਾ ਰਾਮਾ ਹਜ਼ਾਰੇ ਸਮਾਂ ਲੰਘਾ ਰਿਹਾ ਹੈ।

ਵਿੱਚ-ਵਿੱਚ ਕਦੀ ਉਹ ਲੰਘ ਰਹੇ ਲੋਕਾਂ ਨਾਲ ਦੋ ਘੜੀ ਗੱਲ ਕਰ ਲੈਂਦਾ ਹੈ ਜੋ ਉਹਦਾ ਦਾ ਹਾਲ-ਚਾਲ ਪੁੱਛਣ ਆਉਂਦੇ ਹਨ। ਤਕਰੀਬਨ ਇੱਕ ਹਫ਼ਤਾ ਪਹਿਲਾਂ ਉਹਦੀ ਪਤਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ।

ਸ਼ਾਮ ਦੇ 5 ਵੱਜੇ ਹਨ, ਅਪ੍ਰੈਲ (2024) ਦਾ ਮੱਧ ਚੱਲ ਰਿਹਾ ਹੈ, ਤੇ ਬਹੁਤ ਗਰਮੀ ਹੈ। ਉੱਤਰੀ ਗਡਚਿਰੌਲੀ ਦੀ ਆਰਮੋਰੀ ਤਹਿਸੀਲ ਦੇ ਬਾਂਸ ਤੇ ਟੀਕ ਦੇ ਜੰਗਲਾਂ ਵਿੱਚ ਵਸਿਆ ਪਿੰਡ, ਪਲਸਗਾਓਂ ਬੇਹੱਦ ਸ਼ਾਂਤ ਹੈ। ਕੁਝ ਦਿਨਾਂ ਵਿੱਚ ਗਡਚਿਰੌਲੀ-ਚਿਮੂਰ ਲੋਕ ਸਭਾ ਹਲਕੇ ਲਈ ਵੋਟਾਂ ਪੈਣੀਆਂ ਹਨ। ਮੌਜੂਦਾ ਭਾਜਪਾ MP ਅਸ਼ੋਕ ਨੇਤੇ ਇੱਥੋਂ ਦੁਬਾਰਾ ਚੋਣ ਲੜ ਰਹੇ ਹਨ। ਪਰ ਕੋਈ ਉਤੇਜਨਾ ਨਜ਼ਰ ਨਹੀਂ ਆ ਰਹੀ। ਸਗੋਂ ਚਿੰਤਾ ਝਲਕ ਰਹੀ ਹੈ।

ਪਿਛਲੇ ਦੋ ਮਹੀਨਿਆਂ ਤੋਂ ਗੋਮਾ ਨੂੰ ਕੋਈ ਕੰਮ ਨਹੀਂ ਮਿਲਿਆ। ਆਮ ਕਰਕੇ, ਇਹਨਾਂ ਦਿਨਾਂ ਵਿੱਚ, 60ਵਿਆਂ ਵਿੱਚ ਦਾਖਲ ਹੋ ਚੁੱਕਿਆ ਬੇਜ਼ਮੀਨਾ ਮਜ਼ਦੂਰ ਤੇ ਉਹਦੇ ਵਰਗੇ ਹੋਰ ਲੋਕ ਜੰਗਲਾਂ ਵਿੱਚ ਬਾਂਸ ਕੱਟਣ ਜਾਂ ਮਹੂਆ ਜਾਂ ਤੇਂਦੂ ਇਕੱਠਾ ਕਰਨ ਜਾਂ ਖੇਤੀ ਦਾ ਕੰਮ ਕਰ ਰਹੇ ਹੁੰਦੇ ਹਨ।

“ਇਸ ਸਾਲ ਨਹੀਂ,” ਗੋਮਾ ਨੇ ਕਿਹਾ। “ਆਪਣੀ ਜਾਨ ਨੂੰ ਖ਼ਤਰੇ ’ਚ ਕੌਣ ਪਾਵੇਗਾ?”

“ਲੋਕ ਘਰਾਂ ਵਿੱਚ ਬੈਠੇ ਹਨ,” ਗੋਮਾ ਨੇ ਕਿਹਾ। ਗਰਮੀਆਂ ਦੇ ਦਿਨ ਹਨ। ਤੁਸੀਂ ਬਾਹਰ ਨਹੀਂ ਜਾ ਸਕਦੇ। ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਅਜਿਹੇ ਕਰਫਿਊ ਦੀ ਆਦਤ ਹੈ ਕਿਉਂਕਿ ਗਡਚਿਰੌਲੀ ਵਿੱਚ ਚਾਰ ਦਹਾਕੇ ਸੁਰੱਖਿਆ ਫੋਰਸਾਂ ਅਤੇ ਹਥਿਆਰਬੰਦ ਮਾਓਵਾਦੀਆਂ ਵਿਚਕਾਰ ਹਥਿਆਰਬੰਦ ਸੰਘਰਸ਼ ਤੇ ਖੂਨੀ ਲੜਾਈ ਚਲਦੀ ਰਹੀ ਹੈ। ਪਰ ਇਸ ਵਾਰ ਮਹਿਮਾਨ ਕੁਝ ਵੱਖਰੇ ਹਨ ਤੇ ਉਹ ਲੋਕਾਂ ਦੀਆਂ ਜ਼ਿੰਦਗੀਆਂ ਤੇ ਰੁਜ਼ਗਾਰ ਲਈ ਸਿੱਧਾ ਖ਼ਤਰਾ ਬਣ ਰਹੇ ਹਨ।

ਪਲਸਗਾਓਂ ਦੇ ਆਸ-ਪਾਸ 23 ਜੰਗਲੀ ਹਾਥੀਆਂ ਦੇ ਝੁੰਡ ਨੇ ਡੇਰਾ ਲਾਇਆ ਹੋਇਆ ਹੈ, ਜਿਹਨਾਂ ਵਿੱਚ ਜ਼ਿਆਦਾਤਰ ਮਾਦਾ ਹਾਥੀ ਤੇ ਉਹਨਾਂ ਦੇ ਬੱਚੇ ਹਨ।

PHOTO • Jaideep Hardikar
PHOTO • Jaideep Hardikar

ਭਾਵੇਂ ਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ, ਪਰ ਮਹਾਰਾਸ਼ਟਰ ਦੇ ਪਲਸਗਾਓਂ ਦੇ ਬੇਜ਼ਮੀਨੇ ਕਿਸਾਨ, ਗੋਮਾ ਰਾਮਾ ਹਜ਼ਾਰੇ (ਖੱਬੇ) ਨੂੰ ਇਸ ਗਰਮੀ ਦੇ ਮੌਸਮ ਵਿੱਚ ਆਪਣੇ ਪਿੰਡ ਨੇੜੇ ਜੰਗਲੀ ਹਾਥੀਆਂ ਦੇ ਝੁੰਡ ਕਰਕੇ ਆਪਣਾ ਰੁਜ਼ਗਾਰ ਛੱਡਣਾ ਪਿਆ ਹੈ। ਵੋਟ ਪਾ ਕੇ ਪਾਰਲੀਮੈਂਟ ਕਿਸਨੂੰ ਭੇਜਣਾ ਹੈ, ਇਹਦੇ ਨਾਲੋਂ ਪਿੰਡ ਵਾਲਿਆਂ ਨੂੰ ਜੰਗਲੀ ਹਾਥੀਆਂ ਦੀ ਜ਼ਿਆਦਾ ਚਿੰਤਾ ਹੈ। ਉਹ ਤੇ ਉਹਦੇ ਪਰਿਵਾਰ ਵਾਲੇ ਮਹੂਆ ਤੇ ਤੇਂਦੂ ਨਾ ਇਕੱਠਾ ਕਰ ਪਾਉਣ ਕਾਰਨ ਦੋ ਮਹੀਨਿਆਂ ਵਿੱਚ ਔਸਤਨ 25,000 ਰੁਪਏ ਗੁਆ ਦੇਣਗੇ

PHOTO • Jaideep Hardikar
PHOTO • Jaideep Hardikar

ਖੱਬੇ : ਪਲਸਗਾਓਂ ਦੀ ਇੱਕ ਖਾਲੀ ਗਲੀ ਵਿੱਚ ਪੈਦਲ ਚੱਲ ਰਿਹਾ ਹਜ਼ਾਰੇ ਸੱਜੇ : ਮੱਧ ਅਪ੍ਰੈਲ ਦੇ ਵਧਦੇ ਤਾਪਮਾਨ ਦਰਮਿਆਨ ਪਿੰਡ ਸੁੰਨਾ ਨਜ਼ਰ ਆ ਰਿਹਾ ਹੈ। ਕਈ ਘਰਾਂ ਵਿੱਚ ਮਹੂਆ ਦੇ ਫੁੱਲ ਧੁੱਪੇ ਸੁਕਾਏ ਜਾ ਰਹੇ ਹਨ ; ਇਹ ਫੁੱਲ ਨੇੜਲੇ ਖੇਤਾਂ ਵਿੱਚੋਂ ਇਕੱਠੇ ਕੀਤੇ ਗਏ ਹਨ। ਆਮ ਤੌਰ ਤੇ ਇਹਨਾਂ ਦਿਨਾਂ ਵਿੱਚ ਪਿੰਡ ਮਹੂਆ ਅਤੇ ਤੇਂਦੂ ਦੇ ਪੱਤਿਆਂ ਨਾਲ ਭਰਿਆ ਨਜ਼ਰ ਆਉਂਦਾ ਹੈ। ਪਰ ਇਸ ਸਾਲ ਨਹੀਂ

ਉੱਤਰੀ ਛੱਤੀਸਗੜ੍ਹ ਤੋਂ ਸਫ਼ਰ ਕਰਕੇ ਆਇਆ ਝੁੰਡ ਕਰੀਬ ਇੱਕ ਮਹੀਨੇ ਤੋਂ ਇੱਥੇ ਝਾੜੀਆਂ ਤੇ ਬਾਂਸ ਦੇ ਜੰਗਲਾਂ ਅਤੇ ਝੋਨੇ ਦੀ ਫ਼ਸਲ ਤੇ ਭੋਜ ਲਾ ਰਿਹਾ ਹੈ, ਜਿਸ ਨਾਲ ਪਿੰਡ ਵਾਲੇ ਤੇ ਜ਼ਿਲ੍ਹੇ ਦੇ ਜੰਗਲਾਤ ਅਧਿਕਾਰੀ ਚਿੰਤਤ ਹਨ। ਤਕਰੀਬਨ ਚਾਰ ਸਾਲ ਪਹਿਲਾਂ ਇਹ ਜੀਵ ਉੱਤਰ ਵਾਲੇ ਪਾਸੇ ਮਾਈਨਿੰਗ ਤੇ ਜੰਗਲਾਂ ਦੇ ਕੱਟੇ ਜਾਣ ਕਾਰਨ ਆਪਣੇ ਕੁਦਰਤੀ ਆਵਾਸ ਦੇ ਪ੍ਰਭਾਵਿਤ ਹੋਣ ਕਾਰਨ ਮਹਾਰਾਸ਼ਟਰ ਦੇ ਪੂਰਬੀ ਵਿਦਰਭ ਇਲਾਕੇ ਵਿੱਚ ਦਾਖਲ ਹੋ ਗਏ।

ਮਹਾਰਾਸ਼ਟਰ ਦੇ ਗੋਂਦੀਆ, ਗਡਚਿਰੌਲੀ ਅਤੇ ਚੰਦਰਪੁਰ ਜ਼ਿਲ੍ਹਿਆਂ ਅਤੇ ਛੱਤੀਸਗੜ੍ਹ ਦੇ ਬਸਤਰ, ਤਤਕਾਲੀਨ ‘ਦੰਡਕਰਨਿਆ’ ਦੇ ਹਿੱਸੇ, ਵਿੱਚੋਂ ਲੰਘਦਿਆਂ, ਹਾਥੀ – ਜੋ ਮਾਹਰਾਂ ਮੁਤਾਬਕ ਸ਼ਾਇਦ ਛੱਡੀਸਗੜ੍ਹ ਦੇ ਸਭ ਤੋਂ ਵੱਡੇ ਝੁੰਡ ਤੋਂ ਵਿੱਛੜ ਗਏ – ਸੂਬੇ ਦੇ ਜੰਗਲੀ ਜੀਵਨ ਵਿੱਚ ਨਵਾਂ ਵਾਧਾ ਹਨ।

ਗਡਚਿਰੌਲੀ ਜ਼ਿਲ੍ਹੇ ਵਿੱਚ ਕੁਝ ਸਿਖਲਾਈ ਪ੍ਰਾਪਤ ਹਾਥੀ ਸਨ ਜਿਹਨਾਂ ਦੀ ਮਦਦ ਜੰਗਲਾਤ ਵਿਭਾਗ ਵੱਲੋਂ ਦੱਖਣੀ ਇਲਾਕਿਆਂ ਵਿੱਚ ਸਮਾਨ ਢੋਣ ਵਿੱਚ ਲਈ ਜਾਂਦੀ ਸੀ, ਪਰ ਮਹਾਰਾਸ਼ਟਰ ਦੇ ਪੂਰਬੀ ਇਲਾਕਿਆਂ ਵਿੱਚ ਜੰਗਲੀ ਹਾਥੀਆਂ ਦੀ ਵਾਪਸੀ ਕਰੀਬ ਇੱਕ ਸਦੀ ਜਾਂ ਉਸ ਤੋਂ ਵੀ ਬਾਅਦ ਹੋਈ ਹੈ। ਪੱਛਮੀ ਘਾਟਾਂ ਵਾਲੇ ਪਾਸੇ ਜੰਗਲੀ ਹਾਥੀਆਂ ਦੀ ਮੌਜੂਦਗੀ ਹੋਣਾ ਆਮ ਹੈ।

ਜਦ ਤੱਕ ਇਹ ਮਹਿਮਾਨ ਕਿਸੇ ਹੋਰ ਥਾਂ ਪਰਵਾਸ ਨਹੀਂ ਕਰ ਜਾਂਦੇ, ਜੰਗਲਾਤ ਅਧਿਕਾਰੀਆਂ ਨੇ ਪਲਸਗਾਓਂ ਦੇ ਵਸਨੀਕਾਂ – ਜ਼ਿਆਦਾਤਰ ਕਬਾਇਲੀ ਪਰਿਵਾਰ – ਨੂੰ ਘਰ ਹੀ ਰਹਿਣ ਲਈ ਕਿਹਾ ਹੈ। ਤੇ ਇਸੇ ਕਰਕੇ 1400 ਵਸੋਂ (2011 ਦੀ ਮਰਦਮਸ਼ੁਮਾਰੀ ਮੁਤਾਬਕ) ਵਾਲੇ ਇਸ ਪਿੰਡ ਤੇ ਵਿਹੀਰਗਾਓਂ ਵਰਗੇ ਨਾਲ ਦੇ ਪਿੰਡਾਂ ਦੇ ਬੇਜ਼ਮੀਨੇ ਲੋਕਾਂ ਤੇ ਛੋਟੇ ਕਿਸਾਨਾਂ ਨੂੰ ਆਪਣੇ ਜੰਗਲ ’ਤੇ ਨਿਰਭਰ ਰੁਜ਼ਗਾਰ ਤੋਂ ਹੱਥ ਧੋਣੇ ਪਏ ਹਨ।

ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਤੁਰੰਤ ਦੇ ਦਿੱਤਾ ਜਾਂਦਾ ਹੈ, ਪਰ ਜੰਗਲੀ ਉਤਪਾਦਾਂ ਤੋਂ ਕਮਾਈ ਦੇ ਨੁਕਸਾਨ ਲਈ ਕੋਈ ਮੁਆਵਜ਼ਾ ਨਹੀਂ ਹੈ।

“ਮੇਰਾ ਪਰਿਵਾਰ ਪੂਰੀ ਗਰਮੀ ਮਹੂਆ ਤੇ ਤੇਂਦੂ ’ਤੇ ਗੁਜ਼ਾਰਾ ਕਰਦਾ ਹੈ,” ਗੋਮਾ ਨੇ ਕਿਹਾ।

ਕਮਾਈ ਦਾ ਇਹ ਸਾਧਨ ਚਲੇ ਜਾਣ ਕਰਕੇ ਪਲਸਗਾਓਂ ਦੇ ਵਸਨੀਕ ਹੁਣ ਬਸ ਉਮੀਦ ਲਾ ਸਕਦੇ ਹਨ ਕਿ ਜੰਗਲੀ ਹਾਥੀ ਕਿਤੇ ਹੋਰ ਚਲੇ ਜਾਣ ਅਤੇ ਉਹ ਕੰਮ ’ਤੇ ਵਾਪਸ ਜਾ ਸਕਣ।

PHOTO • Jaideep Hardikar
PHOTO • Jaideep Hardikar

ਖੱਬੇ : ਜੰਗਲਾਤ ਅਧਿਕਾਰੀਆਂ ਨੇ ਪਲਸਗਾਓਂ ਦੇ ਵਸਨੀਕਾਂ ਨੂੰ ਕੰਮ ਤੇ ਵਾਪਸ ਜਾਣ ਤੋਂ ਪਹਿਲਾਂ ਹਾਥੀਆਂ ਦੇ ਕਿਸੇ ਹੋਰ ਥਾਂ ਪਰਵਾਸ ਕਰਨ ਦਾ ਇੰਤਜ਼ਾਰ ਕਰਨ ਲਈ ਕਿਹਾ ਹੈ। ਸੱਜੇ : ਪਲਸਗਾਓਂ ਦੇ ਕਿਸਾਨ ਫੂਲਚੰਦ ਵਾਗੜੇ ਦਾ ਪਿਛਲੇ ਸੀਜ਼ਨ ਦੌਰਾਨ ਕਾਫੀ ਨੁਕਸਾਨ ਹੋਇਆ। ਉਹਨੇ ਦੱਸਿਆ ਕਿ ਉਹਦੀ ਤਿੰਨ ਏਕੜ ਖੇਤੀਯੋਗ ਜ਼ਮੀਨ ਹਾਥੀਆਂ ਨੇ ਪੱਧਰੀ ਕਰ ਦਿੱਤੀ ਸੀ

“ਹਾਥੀਆਂ ਦਾ ਝੁੰਡ ਇਸ ਵਾਰ ਛੱਤੀਸਗੜ੍ਹ ਵੱਲ ਨਹੀਂ ਗਿਆ ਜਿਵੇਂ ਕਿ ਪਿਛਲੀਆਂ ਤਿੰਨ ਗਰਮੀਆਂ ਦੌਰਾਨ ਗਿਆ ਸੀ,” ਗਡਚਿਰੌਲੀ ਦੇ ਮੁੱਖ ਵਣ ਸੁਰੱਖਿਅਕ (CCF) ਐਸ ਰਮੇਸ਼ਕੁਮਾਰ ਨੇ ਕਿਹਾ। “ਸ਼ਾਇਦ ਮਾਦਾ ਹਾਥੀਆਂ ਵਿੱਚੋਂ ਇੱਕ ਨੇ ਕੁਝ ਦਿਨ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਹੈ।”

ਉਹਨਾਂ ਨੇ ਕਿਹਾ ਕਿ ਝੁੰਡ ਵਿੱਚ ਕੁਝ ਬੱਚੇ ਹਨ। ਹਾਥੀਆਂ ਵਿੱਚ ਮਾਤਰਸੱਤ੍ਹਾ ਚਲਦੀ ਹੈ।

ਪਿਛਲੇ ਸਾਲ (2023) ਇਹੀ ਝੁੰਡ ਪਲਸਗਾਓਂ ਤੋਂ ਕਰੀਬ 100 ਕਿਲੋਮੀਟਰ ਦੂਰ, ਗੋਂਦੀਆ ਜ਼ਿਲ੍ਹੇ ਦੀ ਅਰਜੁਨੀ ਮੋਰਗਾਓਂ ਤਹਿਸੀਲ ਦੇ ਨਾਲ ਲਗਦੇ ਨਾਂਗਲ-ਡੋਹ ਦੀ 11 ਘਰਾਂ ਦੀ ਢਾਣੀ ਨੂੰ ਪੱਧਰਾ ਕਰਦੇ ਲੰਘਿਆ ਸੀ, ਜਿੱਥੇ ਇਹ ਕੁਝ ਮਹੀਨੇ ਸੰਘਣੇ ਜੰਗਲਾਂ ਵਿੱਚ ਰਿਹਾ।

“ਉਸ ਰਾਤ ਹਾਥੀਆਂ ਦੇ ਗੁੱਸੇ ਤੋਂ ਕੋਈ ਝੌਂਪੜੀ ਨਹੀਂ ਬਚ ਪਾਈ,” ਵਿਜੇ ਮਾਦਵੀ ਨੇ ਯਾਦ ਕਰਦਿਆਂ ਕਿਹਾ, ਜੋ ਹੁਣ ਹੋਰਨਾਂ ਲੋਕਾਂ ਨਾਲ ਭਰਨੋਲੀ ਪਿੰਡ ਨੇੜੇ ਜ਼ਮੀਨ ਦੇ ਇੱਕ ਟੁਕੜੇ ’ਤੇ ਰਹਿ ਰਹੇ ਹਨ। “ਉਹਨਾਂ ਨੇ ਰਾਤ ਸਮੇਂ ਆ ਕੇ ਤੂਫ਼ਾਨ ਮਚਾ ਦਿੱਤਾ,” ਉਹਨੇ ਦੱਸਿਆ।

ਨਾਂਗਲ-ਡੋਹ ਨੂੰ ਉਸ ਰਾਤ ਖਾਲੀ ਕਰਾ ਲਿਆ ਗਿਆ ਤੇ ਲੋਕਾਂ ਨੂੰ ਭਰਨੋਲੀ ਦੇ ਜ਼ਿਲ੍ਹਾ ਪ੍ਰੀਸ਼ਦ ਸਕੂਲ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੇ 2023 ਦੀਆਂ ਗਰਮੀਆਂ ਕੱਟੀਆਂ। ਜਦ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਲੱਗਣ ਲੱਗ ਪਿਆ ਤਾਂ ਉਹਨਾਂ ਨੇ ਪਿੰਡ ਦੇ ਬਾਹਰ ਕੁਝ ਜੰਗਲੀ ਜ਼ਮੀਨ ਨੂੰ ਸਾਫ਼ ਕੀਤਾ ਅਤੇ ਬਿਨ੍ਹਾਂ ਬਿਜਲੀ ਜਾਂ ਪਾਣੀ ਦੀ ਸਪਲਾਈ ਦੇ ਅਸਥਾਈ ਝੌਂਪੜੀਆਂ ਬਣਾ ਲਈਆਂ। ਮਹਿਲਾਵਾਂ ਕੁਝ ਮੀਲ ਪੈਦਲ ਚੱਲ ਕੇ ਖੇਤਾਂ ਵਿਚਲੇ ਇੱਕ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਹਨ। ਪਰ ਸਾਰੇ ਹੀ ਪਿੰਡ ਵਾਸੀ ਆਪਣੀ ਜੰਗਲੀ ਝਾੜੀਆਂ ਸਾਫ਼ ਕਰਕੇ ਪੱਧਰੀ ਕੀਤੀ ਜ਼ਮੀਨ, ਜਿਸਨੂੰ ਉਹ ਕਦੇ ਵਾਹੁੰਦੇ ਸਨ, ਦੇ ਟੁਕੜੇ ਗੁਆ ਦਿੱਤੇ ਹਨ।

“ਸਾਨੂੰ ਆਪਣੇ ਘਰ ਕਦੋਂ ਮਿਲਣਗੇ?” ਪੁਨਰਵਾਸ ਪੈਕੇਜ ਤੇ ਪੱਕੇ ਘਰ ਦਾ ਇੰਤਜ਼ਾਰ ਕਰਦੇ ਹੋਏ ਇੱਕ ਹੋਰ ਪੀੜਤ, ਊਸ਼ਾ ਹੋਲੀ ਨੇ ਕਿਹਾ।

ਇਹਨਾਂ ਤਿੰਨ ਜ਼ਿਲ੍ਹਿਆਂ ਵਿੱਚ ਹਾਥੀਆਂ ਦੇ ਸਥਾਨ ਬਦਲਦੇ ਰਹਿਣ ਕਾਰਨ ਕਿਸਾਨ ਫ਼ਸਲਾਂ ਦਾ ਨੁਕਸਾਨ ਝੱਲ ਰਹੇ ਨੇ, ਤੇ ਇਹ ਸਮੱਸਿਆ ਪਹਿਲਾਂ ਨਹੀਂ ਸੀ।

PHOTO • Jaideep Hardikar
PHOTO • Jaideep Hardikar

ਜੰਗਲੀ ਹਾਥੀਆਂ ਨੇ ਪਿਛਲੀ ਗਰਮੀ (2023) ਵਿੱਚ ਗੋਂਦੀਆ ਜ਼ਿਲ੍ਹੇ ਦੀ ਅਰਜੁਨੀ ਮੋਰਗਾਓਂ ਤਹਿਸੀਲ ਦੀ ਨੰਗਲ-ਦੋਹ ਢਾਣੀ ਦੇ ਸਾਰੇ ਵਾਸੀਆਂ ਦੀਆਂ ਝੌਂਪੜੀਆਂ ਬਰਬਾਦ ਕਰ ਦਿੱਤੀਆਂ ਸਨ। ਪੀੜਤ 11 ਪਰਿਵਾਰਾਂ ਨੇ ਨੇੜਲੇ ਪਿੰਡ ਭਰਨੋਲੀ ਵਿੱਚ ਜੰਗਲੀ ਜ਼ਮੀਨ ਦੇ ਟੁਕੜੇ ਤੇ ਅਸਥਾਈ ਝੌਂਪੜੀਆਂ ਬਣਾ ਲਈਆਂ ਹਨ। ਉਹ ਸੂਬਾ ਸਰਕਾਰ ਵੱਲੋਂ ਪੁਨਰਵਾਸ ਤੇ ਮੁਆਵਜ਼ੇ ਦੇ ਪੈਕੇਜ ਦੇ ਇੰਤਜ਼ਾਰ ਵਿੱਚ ਹਨ

ਉੱਤਰੀ ਗਡਚਿਰੌਲੀ ਇਲਾਕੇ ਵਿੱਚ ਜੰਗਲੀ ਹਾਥੀਆਂ ਦੇ ਝੁੰਡ ਨੂੰ ਕਾਬੂ ਕਰਨ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ ਰਮੇਸ਼ਕੁਮਾਰ ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਆਬਾਦੀ ਦੱਖਣੀ ਭਾਰਤ ਦੇ ਮੁਕਾਬਲੇ ਸੰਘਣੀ ਹੈ। ਸਭ ਤੋਂ ਵੱਡੀ ਸਮੱਸਿਆ ਫ਼ਸਲੀ ਨੁਕਸਾਨ ਦੀ ਹੈ। ਹਾਥੀ ਸ਼ਾਮ ਨੂੰ ਨਿਕਲਦੇ ਹਨ ਅਤੇ ਖੜ੍ਹੀ ਫ਼ਸਲ ਮਿੱਧ ਦਿੰਦੇ ਹਨ, ਭਾਵੇਂ ਕਿ ਇਹ ਉਹਨਾਂ ਨੇ ਖਾਣੀ ਨਾ ਹੋਵੇ।

ਜੰਗਲਾਤ ਅਧਿਕਾਰੀਆਂ ਕੋਲ ਪੂਰਾ ਸਮਾਂ ਡਰੋਨ ਅਤੇ ਥਰਮਲ ਇਮੇਜਿੰਗ ਨਾਲ ਝੁੰਡ ਦਾ ਪਿੱਛਾ ਕਰ ਰਹੀ ਕੁਇਕ ਰਿਸਪਾਂਸ ਟਰੈਕਿੰਗ ਟੀਮ ਅਤੇ ਜਲਦੀ ਨਾਲ ਚਿਤਾਵਨੀ ਦੇਣ ਵਾਲੇ ਸਮੂਹ ਹਨ। ਜਦ ਹਾਥੀ ਕਿਧਰੇ ਜਾ ਰਹੇ ਹੁੰਦੇ ਹਨ ਤਾਂ ਉਹ ਪਿੰਡ ਵਾਲਿਆਂ ਨੂੰ ਆਗਾਹ ਕਰ ਦਿੰਦੇ ਹਨ ਤਾਂ ਕਿ ਕੋਈ ਮੁਸ਼ਕਿਲ ਨਾ ਆਵੇ ਤੇ ਨਾ ਹੀ ਅਚਾਨਕ ਸਾਹਮਣਾ ਹੋਵੇ।

ਸ਼ਾਮ ਹੁੰਦਿਆਂ ਹੀ ਪਲਸਗਾਓਂ ਵਿੱਚ ਸੱਤ ਏਕੜ ਜ਼ਮੀਨ ਵਾਲਾ ਕਿਸਾਨ ਨਿਤਿਨ ਮਾਨੇ ਅਤੇ ਪੰਜ ਪਿੰਡ ਵਾਲਿਆਂ ਦਾ ਸਮੂਹ ਰਾਤ ਨੂੰ ਰਾਖੀ ਰੱਖਣ ਲਈ ਹੁੱਲਾ ਗੈਂਗ ਵਿੱਚ ਸ਼ਾਮਲ ਹੋ ਜਾਂਦੇ ਹਨ। ਜੰਗਲਾਤ ਰੱਖਿਅਕ ਯੋਗੇਸ਼ ਪੰਦਰਮ ਦੀ ਅਗਵਾਈ ਵਿੱਚ ਉਹ ਜੰਗਲੀ ਹਾਥੀਆਂ ਦਾ ਪਿੱਛਾ ਕਰਦਿਆਂ ਜੰਗਲਾਂ ਵਿੱਚ ਘੁੰਮਦਾ ਹੈ। ਜੰਗਲੀ ਹਾਥੀਆਂ ਨੂੰ ਕਾਬੂ ਕਰਨ ਵਿੱਚ ਮਾਹਰ ਹੁੱਲਾ ਗੈਂਗ ਸਥਾਨਕ ਅਧਿਕਾਰੀਆਂ ਦੀ ਮਦਦ ਕਰਨ ਅਤੇ ਇਸ ਝੁੰਡ ਨੂੰ ਕਾਬੂ ਕਰਨ ਲਈ ਪਿੰਡ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਪੱਛਮੀ ਬੰਗਾਲ ਤੋਂ ਲਿਆਂਦੇ ਗਏ ਹਨ। ਨਿਤਿਨ ਨੇ ਦੱਸਿਆ ਕਿ ਉਹ ਦੋ ਡਰੋਨਾਂ ਜ਼ਰੀਏ ਹਾਥੀਆਂ ਉੱਤੇ ਉੱਪਰੋਂ ਨਜ਼ਰ ਰੱਖਦੇ ਹਨ ਅਤੇ ਉਹਨਾਂ ਦਾ ਸਥਾਨ ਪਤਾ ਕਰਕੇ ਉਹਨਾਂ ਦੁਆਲੇ ਤੁਰਨਾ ਸ਼ੁਰੂ ਕਰ ਦਿੰਦੇ ਹਨ।

“ਜੇ ਹਾਥੀ ਪਿੰਡ ਵਿੱਚ ਦਾਖਲ ਹੋਣ ਦੀ ਕੋਸਿਸ਼ ਕਰਨ ਤਾਂ ਉਹਨਾਂ ਨੂੰ ਭਜਾਉਣ ਲਈ ਕੁਝ ਕੁ ਪਿੰਡ ਵਾਲਿਆਂ ਨੂੰ ਹੁੱਲਾ ਗੈਂਗ ਵਿੱਚ ਸ਼ਾਮਲ ਕੀਤਾ ਗਿਆ ਹੈ,” ਪਲਸਗਾਓਂ ਦੀ ਪਹਿਲੀ ਮਹਿਲਾ ਸਰਪੰਚ ਜੈਸ਼੍ਰੀ ਦੜਮਾਲ ਨੇ ਕਿਹਾ ਜੋ ਮਾਨਾ ਆਦਿਵਾਸੀ ਹਨ। “ਪਰ ਇਹ ਮੇਰੇ ਸਿਰ ਦਾ ਦਰਦ ਬਣ ਚੁੱਕਿਆ ਹੈ; ਲੋਕ ਮੇਰੇ ਕੋਲ ਹਾਥੀਆਂ ਬਾਰੇ ਸ਼ਿਕਾਇਤਾਂ ਕਰਦੇ ਹਨ ਅਤੇ ਆਪਣਾ ਗੁੱਸਾ ਮੇਰੇ ਉੱਤੇ ਕੱਢਦੇ ਹਨ,” ਉਹਨੇ ਕਿਹਾ। “ਹਾਥੀਆਂ ਦੇ ਮਾਮਲੇ ਵਿੱਚ ਮੇਰਾ ਕੀ ਕਸੂਰ ਹੈ?”

PHOTO • Jaideep Hardikar
PHOTO • Jaideep Hardikar

ਖੱਬੇ: ਪਲਸਗਾਓਂ ਦਾ ਨੌਜਵਾਨ ਕਿਸਾਨ ਅਨਿਲ ਮਾਨੇ ਕੁਇਕ ਰਿਸਪਾਂਸ ਟੀਮ, ਹੁੱਲਾ ਗੈਂਗ, ਦਾ ਮੈਂਬਰ ਹੈ ਜਿਸ ਨੂੰ ਜੰਗਲਾਤ ਵਿਭਾਗ ਵੱਲੋਂ ਡਰੋਨ ਦੀ ਮਦਦ ਨਾਲ ਜੰਗਲੀ ਹਾਥੀਆਂ ਨੂੰ ਲੱਭਣ ਅਤੇ ਜੇ ਝੁੰਡ ਪਿੰਡ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇ ਤਾਂ ਭਜਾਉਣ ਲਈ ਲਾਇਆ ਗਿਆ ਹੈ। ਸੱਜੇ: ਜੰਗਲਾਤ ਵਿਭਾਗ ਅਤੇ ਹੁੱਲਾ ਗੈਂਗ ਦੀ ਟੀਮ ਦੇ ਮੈਂਬਰ ਰਾਤ ਦੀ ਰਾਖੀ ਲਈ ਤਿਆਰੀ ਕਰਦੇ ਹੋਏ

PHOTO • Jaideep Hardikar
PHOTO • Jaideep Hardikar

ਪਲਸਗਾਓਂ ਦੀ ਸਰਪੰਚ ਜੈਸ਼੍ਰੀ ਦੜਮਾਲ ਆਪਣੇ ਖੇਤੋਂ ਮਹੂਆ ਦੀ ਟੋਕਰੀ ਭਰ ਕੇ ਲਿਆਉਂਦੀ ਹੈ ਪਰ ਜੰਗਲੀ ਹਾਥੀਆਂ ਦੀ ਮੌਜੂਦਗੀ ਨਾਲ ਪੈਦਾ ਹੋਏ ਖ਼ਤਰੇ ਕਰਕੇ ਜੰਗਲ ਵਿੱਚ ਜਾ ਕੇ ਇਹਨਾਂ ਨੂੰ ਇਕੱਠੇ ਨਹੀਂ ਕਰ ਸਕਦੀ

ਦਿੱਕਤ ਇਹ ਹੈ ਕਿ ਜਦ ਪਲਸਗਾਓਂ ਵਿੱਚ ਹਾਲਾਤ ਠੀਕ ਹੋਣਗੇ ਤਾਂ ਜਿਹੜੇ ਪਿੰਡਾਂ ਦੇ ਨੇੜੇ ਹਾਥੀ ਜਾ ਕੇ ਰਹਿਣਗੇ, ਉਹ ਪਿੰਡ ਪਰੇਸ਼ਾਨੀ ਝੱਲਣਗੇ। ਜੰਗਲਾਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਦੇ ਲੋਕਾਂ ਨੂੰ ਜ਼ਿੰਦਗੀ ਜਿਉਣ ਦੇ ਨਵੇਂ ਤਰੀਕੇ ਦੇ ਤੌਰ ’ਤੇ ਜੰਗਲੀ ਹਾਥੀਆਂ ਨਾਲ ਰਹਿਣਾ ਸਿੱਖਣਾ ਪਵੇਗਾ।

ਜੈਸ਼੍ਰੀ ਲੋਕਾਂ ਦਾ ਦੁੱਖ ਸਮਝਦੀ ਹੈ ਕਿਉਂਕਿ ਉਹਨਾਂ ਨੂੰ ਵੀ ਇਸ ਸਾਲ ਜੰਗਲ ਵਿੱਚੋਂ ਮਹੂਆ ਇਕੱਠਾ ਕਰਨ ਦਾ ਕੰਮ ਛੱਡਣਾ ਪਿਆ। “ਹਾਥੀਆਂ ਕਰਕੇ ਅਸੀਂ ਸ਼ਾਇਦ ਤੇਂਦੂ ਦੇ ਪੱਤੇ ਵੀ ਇਕੱਠੇ ਨਹੀਂ ਕਰ ਪਾਵਾਂਗੇ,” ਉਹਨੇ ਕਿਹਾ। ਆਪਣੀ ਕਮਾਈ ਦਾ ਅਨੁਮਾਨ ਲਾਉਂਦਿਆਂ ਉਹਨੇ ਦੱਸਿਆ ਕਿ ਦੋ ਮਹੀਨਿਆਂ ਵਿੱਚ ਹਰ ਪਰਿਵਾਰ ਨੂੰ ਘੱਟੋ-ਘੱਟ 25,000 ਰੁਪਏ ਦਾ ਨੁਕਸਾਨ ਹੋਵੇਗਾ।

“ਪਹਿਲੇਚ ਮਹਿੰਗਾਈ ਡੋਕਿਆਵਰ ਆਹੇ, ਆਤਾ ਹੱਤੀ ਆਲੇ, ਕਾ ਕਰਾਵੇ ਆਮੀ?” ਗੋਮਾ ਪੁੱਛਦਾ ਹੈ। “ਪਹਿਲਾਂ ਹੀ ਮਹਿੰਗਾਈ ਹੈ, ਹੁਣ ਹਾਥੀ ਆ ਗਏ, ਅਸੀਂ ਕਿੱਧਰ ਜਾਈਏ?”

ਸੌਖਾ ਜਵਾਬ ਕੋਈ ਨਹੀਂ, ਸਗੋਂ ਹੋਰ ਸਵਾਲ ਹੀ ਸਵਾਲ ਹਨ।

ਇਹਨਾਂ ਵਿੱਚੋਂ ਸਭ ਤੋਂ ਅਹਿਮ ਸਵਾਲ ਇਹ ਨਹੀਂ ਕਿ ਪਾਰਲੀਮੈਂਟ ਕੌਣ ਜਾਵੇਗਾ, ਸਗੋਂ ਇਹ ਹੈ ਕਿ ਜੰਗਲ ਪਹਿਲਾਂ ਕੌਣ ਛੱਡੇਗਾ।

(ਗਡਚਿਰੌਲੀ-ਚਿਮੂਰ ਲੋਕਸਭਾ ਹਲਕੇ, ਜੋ ਅਨੁਸੂਚਿਤ ਕਬੀਲਿਆਂ ਲਈ ਰਾਖਵੀਂ ਸੀਟ ਹੈ, ਦੇ ਲੋਕਾਂ ਨੇ ਪਹਿਲੇ ਫੇਜ਼ ਵਿੱਚ 19 ਅਪ੍ਰੈਲ ਨੂੰ ਵੋਟਾਂ ਪਾਈਆਂ ਅਤੇ ਮਤਦਾਨ 71.88 ਫੀਸਦ ਰਿਹਾ।)

ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ

Jaideep Hardikar

Jaideep Hardikar is a Nagpur-based journalist and writer, and a PARI core team member.

Other stories by Jaideep Hardikar
Editor : Medha Kale

Medha Kale is based in Pune and has worked in the field of women and health. She is the Translations Editor, Marathi, at the People’s Archive of Rural India.

Other stories by Medha Kale
Translator : Arshdeep Arshi

Arshdeep Arshi is an independent journalist and translator based in Chandigarh and has worked with News18 Punjab and Hindustan Times. She has an M Phil in English literature from Punjabi University, Patiala.

Other stories by Arshdeep Arshi