ਅਰਤਤੋਂਡੀ ਪਿੰਡ ਦੀਆਂ ਭੀੜੀਆਂ ਗਲੀਆਂ ਵਿੱਚ ਮਿੱਠੀ, ਮੇਵਿਆਂ ਵਰਗੀ, ਨਸ਼ੀਲੀ ਖੁਸ਼ਬੂ ਫੈਲੀ ਹੋਈ ਹੈ।

ਹਰ ਘਰ ਦੇ ਵਿਹੜੇ ਵਿੱਚ ਸ਼ਾਨਦਾਰ ਪੀਲੇ, ਹਰੇ ਅਤੇ ਭੂਰੇ ਰੰਗਾਂ ਦੇ ਮਹੂਆ ਫੁੱਲ ਬਾਂਸ ਦੀਆਂ ਚਟਾਈਆਂ, ਪੋਲੀਆਂ ਦਰੀਆਂ ਤੇ ਮਿੱਟੀ ਦੇ ਫ਼ਰਸ਼ ’ਤੇ ਸੁੱਕਣੇ ਪਾਏ ਹੋਏ ਹਨ। ਭੂਰੇ ਫੁੱਲ ਤਾਜੇ ਤੋੜੇ ਪੀਲੇ ਅਤੇ ਹਰੇ ਫੁੱਲਾਂ ਦਾ ਕਰੜਾ, ਧੁੱਪੇ ਸੁਕਾਇਆ ਰੂਪ ਹਨ।

ਚੋਣਾਂ ਦੇ ਦਿਨ ਆ ਚੁੱਕੇ ਹਨ, ਅਤੇ ਮਾਹਰਾਸ਼ਟਰ ਦੇ ਗੋਂਦੀਆਂ ਵਿੱਚ ਮਹੂਆ ਦੀ ਰੁੱਤ ਆ ਚੁੱਕੀ ਹੈ।

“ਅਪ੍ਰੈਲ ਵਿੱਚ ਮਹੂਆ , ਮਈ ਵਿੱਚ ਤੇਂਦੂ ਦੇ ਪੱਤੇ,” ਸਾਰਥਿਕਾ ਕੈਲਾਸ਼ ਆੜੇ ਨੇ ਕਿਹਾ। “ਇਹੀ ਹੈ ਸਾਡੇ ਕੋਲ ਇੱਥੇ।” ਹਰ ਸਵੇਰ ਮਾਨਾ ਤੇ ਗੋਂਡ ਕਬੀਲੇ ਨਾਲ ਸਬੰਧ ਰੱਖਦੇ 35 ਸਾਲਾ ਸਾਰਥਿਕਾ ਤੇ ਪਿੰਡ ਦੇ ਹੋਰ ਲੋਕ 4-5 ਘੰਟੇ ਨੇੜਲੇ ਜੰਗਲਾਂ ਵਿੱਚ ਲੰਬੇ ਮਹੂਆ ਦੇ ਰੁੱਖਾਂ, ਜਿਹਨਾਂ ਦੇ ਪੱਤੇ ਲਾਲ ਹੋ ਚੁੱਕੇ ਹਨ, ਤੋਂ ਡਿੱਗਦੇ ਮੁਲਾਇਮ ਫੁੱਲ ਇਕੱਠੇ ਕਰਨ ਵਿੱਚ ਬਤੀਤ ਕਰਦੇ ਹਨ। ਦੁਪਹਿਰ ਤੱਕ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ ਹੈ, ਤੇ ਗਰਮੀ ਅਸਹਿ ਹੋ ਚੁੱਕੀ ਹੈ।

ਇੱਕ ਮਹੂਆ ਦੇ ਰੁੱਖ ਤੋਂ 4 ਤੋਂ 6 ਕਿਲੋ ਫੁੱਲ ਮਿਲ ਜਾਂਦੇ ਹਨ। ਅਰਤਤੋਂਡੀ ਪਿੰਡ ਦੇ ਲੋਕ (ਜਿਹਨਾਂ ਨੂੰ ਸਥਾਨਕ ਲੋਕ ਅਰਕਤੋਂਡੀ ਕਹਿੰਦੇ ਹਨ) ਇਹਨਾਂ ਨੂੰ ਬਾਂਸ ਦੇ ਡੱਬੇ ਜਾਂ ਪਲਾਸਟਿਕ ਦੇ ਲਿਫਾਫਿਆਂ ਵਿੱਚ ਇਕੱਠਾ ਕਰਦੇ ਹਨ ਅਤੇ ਧੁੱਪ ਵਿੱਚ ਸੁਕਾਉਣ ਲਈ ਘਰ ਲੈ ਆਉਂਦੇ ਹਨ। ਇੱਕ ਕਿਲੋ ਸੁੱਕੇ ਮਹੂਆ ਦੇ ਉਹਨਾਂ ਨੂੰ 35-40 ਰੁਪਏ ਮਿਲ ਜਾਂਦੇ ਹਨ ਅਤੇ ਹਰ ਕੋਈ ਹਰ ਦਿਨ ਆਮ ਕਰਕੇ 5-7 ਕਿਲੋ ਫੁੱਲ ਇਕੱਠੇ ਕਰ ਲੈਂਦਾ ਹੈ।

PHOTO • Jaideep Hardikar

ਪੂਰਬੀ ਵਿਦਰਭਾ ਦੇ ਗੋਂਦੀਆਂ , ਭੰਡਾਰਾ , ਗਡਚਿਰੌਲੀ ਅਤੇ ਚੰਦਰਪੁਰ ਜ਼ਿਲ੍ਹਿਆਂ ਵਿੱਚ ਆਮ ਚੋਣਾਂ ਦੇ ਪਹਿਲੇ ਪੜਾਅ ਵਿੱਚ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਸ ਇਲਾਕੇ ਵਿੱਚ ਪੁਰਸ਼ , ਮਹਿਲਾਵਾਂ ਅਤੇ ਬੱਚੇ ਸਵੇਰ ਵੇਲੇ ਮਹੂਆ ਦੇ ਫੁੱਲ ਇਕੱਠੇ ਕਰਨ ਵਿੱਚ ਰੁੱਝੇ ਹੋਏ ਹਨ

PHOTO • Jaideep Hardikar
PHOTO • Jaideep Hardikar

ਮਹੂਆ ਦੇ ਫੁੱਲ ਇਕੱਠੇ ਕਰਨ ਵਿੱਤ ਦਿਨ ਦੇ ਪੰਜ ਘੰਟੇ ਲੱਗ ਜਾਂਦੇ ਹਨ। ਫੁੱਲਾਂ ਨੂੰ ਇਕੱਠੇ ਕਰਕੇ ਬਾਂਸ ਦੀਆਂ ਚਟਾਈਆਂ , ਦਰੀਆਂ ਅਤੇ ਕਾਗਜ਼ਾਂ ਉੱਤੇ ਅਪ੍ਰੈਲ ਦੀ ਤਿੱਖੀ ਧੁੱਪ ਵਿੱਚ ਸੁਕਾਉਣ ਲਈ ਫੈਲਾ ਦਿੱਤਾ ਜਾਂਦਾ ਹੈ। ਮੱਧ ਭਾਰਤ ਵਿੱਚ ਇਹ ਲੋਕਾਂ ਦਾ ਸਲਾਨਾ ਰੁਜ਼ਗਾਰ ਹੈ

ਮੱਧ ਅਤੇ ਪੂਰਬੀ ਭਾਰਤ ਦੇ ਕਬਾਇਲੀ ਲੋਕਾਂ ਦੀ ਜ਼ਿੰਦਗੀ ਵਿੱਚ ਮਹੂਆ (ਮਢੂਕਾ ਲੌਂਜੀਫੋਲੀਆ) ਦਾ ਰੁੱਖ ਬੇਮਿਸਾਲ ਸੱਭਿਆਚਾਰਕ, ਰੱਬੀ ਅਤੇ ਆਰਥਿਕ ਮਹੱਤਵ ਰੱਖਦਾ ਹੈ। ਪੂਰਬੀ ਵਿਦਰਭਾ ਦੇ ਗੋਂਦੀਆ ਜ਼ਿਲ੍ਹੇ ਦੇ ਅੰਦਰੂਨੀ ਆਦਿਵਾਸੀ ਇਲਾਕਿਆਂ – ਵਿਵਾਦਗ੍ਰਸਤ ਗਡਚਿਰੌਲੀ ਜ਼ਿਲ੍ਹੇ ਸਮੇਤ – ਵਿੱਚ ਮਹੂਆ ਰੋਜੀ-ਰੋਟੀ ਦਾ ਵੱਡਾ ਸਰੋਤ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਅਨੁਸੂਚਿਤ ਜਾਤੀਆਂ ਆਬਾਦੀ ਦਾ 13.3 ਫੀਸਦ ਹਿੱਸਾ ਹਨ ਅਤੇ ਅਨੁਸੂਚਿਤ ਕਬੀਲੇ 16.2 ਫੀਸਦ। ਇੱਥੇ ਦੇ ਲੋਕਾਂ ਲਈ ਦੂਜਾ ਵਿਕਲਪ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ (ਮਨਰੇਗਾ) ਸਕੀਮ ਹੈ।

ਜਿਵੇਂ-ਜਿਵੇਂ ਖੇਤੀ ਦਾ ਕੰਮ ਖ਼ਤਮ ਹੁੰਦਾ ਹੈ ਤੇ ਖੇਤੀ ਬਿਨ੍ਹਾਂ ਕੰਮ ਲੱਭਣਾ ਮੁਸ਼ਕਿਲ ਹੈ, ਸੁੱਕੀ ਜਮੀਨ ’ਤੇ, ਛੋਟੇ ਪੱਧਰ ਦੀ ਖੇਤੀ ਵਾਲੇ ਪਿੰਡਾਂ ਵਿੱਚ ਲੱਖਾਂ ਲੋਕ ਅਪ੍ਰੈਲ ਦੇ ਹਰ ਦਿਨ ਆਪਣੇ ਖੇਤਾਂ ਜਾਂ ਅਰਜੁਨੀ-ਮੋਰਗਾਓਂ ਤਹਿਸੀਲ ਦੇ ਨੇੜਲੇ ਜੰਗਲੀ ਇਲਾਕਿਆਂ ਵਿੱਚ ਫੁੱਲ ਤੋੜਦਿਆਂ ਘੰਟੇ ਬਤੀਤ ਕਰਦੇ ਹਨ। ਗੋਂਦੀਆ ਵਿੱਚ 51 ਫੀਸਦ ਜ਼ਮੀਨ ’ਤੇ ਜੰਗਲ ਹਨ, ਤੇ 2022 ਦੀ ਜ਼ਿਲ੍ਹਾ ਸਮਾਜਿਕ ਤੇ ਆਰਥਿਕ ਸਮੀਖਿਆ ਮੁਤਾਬਕ ਤਕਰੀਬਨ ਅੱਧਾ ਇਲਾਕਾ ਸੁਰੱਖਿਅਤ ਹੈ।

2019 ਵਿੱਚ ਮੁੰਬਈ ਸਕੂਲ ਆਫ਼ ਇਕਸਨੌਮਿਕਸ ਅਤੇ ਪਬਲਿਕ ਪਾਲਿਸੀ (MSE&PP) ਦੀ ਪਹਿਲ ਨਾਲ ਮਹੂਆ ਉਤਪਾਦਨ ਅਤੇ ਕਬਾਇਲੀ ਰੁਜ਼ਗਾਰ ਦੀ ਸਥਿਤੀ ਬਾਰੇ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਕਿ ਪੂਰਬੀ ਵਿਦਰਭ ਇਲਾਕੇ ਵਿੱਚ ਤਕਰੀਬਨ 1.15 ਲੱਖ ਮੀਟਰਕ ਟਨ (MT) ਮਹੂਆ ਇਕੱਠਾ ਕੀਤਾ ਜਾਂਦਾ ਹੈ। MSE&PP ਦੇ ਸਾਬਕਾ ਡਾਇਰੈਕਟਰ ਅਤੇ ਜਾਣੇ-ਪਛਾਣੇ ਅਰਥਸ਼ਾਸਤਰੀ ਡਾ. ਨੀਰਜ ਹਾਤੇਕਰ ਦਾ ਕਹਿਣਾ ਹੈ ਕਿ ਗੋਂਦੀਆ ਜਿਲ੍ਹਾ 4,000 MT ਤੋਂ ਥੋੜ੍ਹਾ ਜਿਹਾ ਵੱਧ ਹਿੱਸਾ ਪਾਉਂਦਾ ਹੈ ਅਤੇ ਪੂਰੇ ਸੂਬੇ ਦੇ ਉਤਪਾਦਨ ਦਾ 95 ਫੀਸਦ ਹਿੱਸਾ ਗਡਚਿਰੌਲੀ ਤੋਂ ਆਉਂਦਾ ਹੈ।

ਅਧਿਐਨ ਵਿੱਚ ਪਾਇਆ ਗਿਆ ਕਿ ਇੱਕ ਕਿਲੋ ਮਹੂਆ ਇਕੱਠਾ ਕਰਨ ਵਿੱਚ ਇੱਕ ਵਿਅਕਤੀ ਦੀ ਇੱਕ ਘੰਟੇ ਦੀ ਮਿਹਨਤ ਲਗਦੀ ਹੈ। ਅਪ੍ਰੈਲ ਵਿੱਚ ਇੱਕ ਦਿਨ ਵਿੱਚ ਹਜ਼ਾਰਾਂ ਪਰਿਵਾਰ 5-6 ਘੰਟੇ ਦੇ ਫੁੱਲ ਇਕੱਠੇ ਕਰਨ ਵਿੱਚ ਲਾਉਂਦੇ ਹਨ।

PHOTO • Jaideep Hardikar
PHOTO • Jaideep Hardikar

ਇਕੱਠੇ ਕੀਤੇ ਮਹੂਆ ਦੇ ਫੁੱਲਾਂ ਨੂੰ ਛੱਤੀਸਗੜ੍ਹ ਦੇ ਵਪਾਰੀਆਂ ਵੱਲੋਂ ਪਿੰਡ ਪੱਧਰ ਤੇ ( ਖੱਬੇ ) ਇਕੱਠਾ ਕਰਕੇ ਰਾਏਪੁਰ ਲਿਜਾਇਆ ਜਾਂਦਾ ਹੈ। ਅਰਤਤੋਂਡੀ ਪਿੰਡ ਦੇ ਪਰਿਵਾਰ ਅਪ੍ਰੈਲ ਵਿੱਚ ਮਹੂਆ ਇਕੱਠਾ ਕਰਨ ਅਤੇ ਮਈ ਵਿੱਚ ਤੇਂਦੂ ਦੇ ਪੱਤੇ ਇਕੱਠਾ ਕਰਨ ਵਰਗੇ ਜੰਗਲੀ ਉਤਪਾਦਾਂ ਦੇ ਰੁਜ਼ਗਾਰ ਤੇ ਨਿਰਭਰ ਹਨ

ਨਾਲ ਲਗਦਾ ਸੂਬਾ ਛੱਤੀਸਗੜ੍ਹ ਇਕੱਠੇ ਕੀਤੇ ਮਹੂਆ ਦੇ ਫੁੱਲਾਂ ਦਾ ਵੱਡਾ ਸੰਗ੍ਰਿਹ ਕੇਂਦਰ ਹੈ ਜਿਹਨਾਂ ਨੂੰ ਮੁੱਖ ਤੌਰ ’ਤੇ ਸ਼ਰਾਬ ਬਣਾਉਣ, ਖਾਧ ਪਦਾਰਥਾਂ, ਅਤੇ ਪਸ਼ੂਆਂ ਦੀ ਖਲ ਵਿੱਚ ਵਰਤਿਆ ਜਾਂਦਾ ਹੈ।

“ਅਸਲ ਉਤਪਾਦਨ ਨਾਲੋਂ ਇਕੱਠੇ ਕੀਤੇ ਫੁੱਲ ਕਾਫ਼ੀ ਘੱਟ ਹੁੰਦੇ ਹਨ,” ਡਾ. ਹਾਤੇਕਰ ਨੇ ਕਿਹਾ। “ਇਹਦੇ ਕਈ ਕਾਰਨ ਹਨ ਪਰ ਮੁੱਖ ਤੌਰ ’ਤੇ ਇਹ ਕੰਮ ਕਾਫੀ ਮਿਹਨਤ ਵਾਲਾ ਤੇ ਕਾਫ਼ੀ ਸਮਾਂ ਮੰਗਦਾ ਹੈ।” ਉਹਨਾਂ ਨੇ ਮਹਾਰਾਸ਼ਟਰ ਦੀ ਗ਼ੈਰਨੀਤੀ ਵਿੱਚ ਕੁਝ ਬੁਨਿਆਦੀ ਸੁਧਾਰਾਂ ਦੀ ਸਲਾਹ ਦਿੱਤੀ ਹੈ, ਜਿੱਥੇ ਫੁੱਲਾਂ ਤੋਂ ਸ਼ਰਾਬ ਬਣਾਉਣਾ ਗ਼ੈਰ-ਕਾਨੂੰਨੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਕੀਮਤਾਂ ਨੂੰ ਸਥਿਰ ਕਰਨ, ਮੁੱਲ ਲੜੀ ਨੂੰ ਸੁਚਾਰੂ ਬਣਾਉਣ ਅਤੇ ਬਜ਼ਾਰਾਂ ਨੂੰ ਸੰਗਠਿਤ ਕਰਨ ਵਰਗੇ ਉਪਾਵਾਂ ਨਾਲ ਗੋਂਡ ਦੀ ਕਬਾਇਲੀ ਆਬਾਦੀ, ਜੋ ਇਸ ਉੱਤੇ ਨਿਰਭਰ ਹੈ, ਨੂੰ ਕਾਫ਼ੀ ਫਾਇਦਾ ਹੋਵੇਗਾ।

*****

ਕੋਈ ਆਸਾਰ ਨਹੀਂ ਕਿ ਸਾਰਥਿਕਾ ਨੇ ਅਰਵਿੰਦ ਪਨਾਗਰੀਆ ਦੀ ‘ਡੋਂਟ ਲੂਜ਼ ਸਲੀਪ ਓਵਰ ਇਨਇਕੁਆਲਿਟੀ (ਨਾਬਰਾਬਰੀ ਬਾਰੇ ਸੋਚ ਆਪਣੀ ਨੀਂਦ ਨਾ ਗੁਆਓ)’ ਪੜ੍ਹਿਆ ਹੋਵੇ। ਇਹ ਲੇਖ ਦ ਟਾਈਮਜ਼ ਆਫ਼ ਇੰਡੀਆ, ਵੱਡਾ ਅੰਗਰੇਜੀ ਅਖਬਾਰ, ਵਿੱਚ 2 ਅਪ੍ਰੈਲ, 2024 ਨੂੰ ਛਪਿਆ ਸੀ। ਪਨਾਗਰੀਆ ਵੀ ਕਦੇ ਸਾਰਥਿਕਾ ਨੂੰ ਮਿਲਿਆ ਨਹੀਂ ਹੋ ਸਕਦਾ।

’ਤੇ

ਪਨਾਗਰੀਆ ਸ਼ਾਇਦ ਭਾਰਤ ਵਿੱਚ ਆਮਦਨ ਦੇ ਮਾਮਲੇ ਵਿੱਚ ਸਭ ਤੋਂ ਚੋਟੀ ਦੇ ਇੱਕ ਫ਼ੀਸਦ ਲੋਕਾਂ ਵਿੱਚ ਆਉਂਦੇ ਹਨ, ਕੁਲੀਨ ਅਰਬਾਂ ਡਾਲਰ ਵਾਲੀ ਲੀਗ ਵਿੱਚ ਤਾਂ ਨਹੀਂ, ਪਰ ਪ੍ਰਭਾਵਸ਼ਾਲੀ ਨੀਤੀ ਨਿਰਮਾਤਾ ਲੀਗ ਵਿੱਚ।

ਸਾਰਥਿਕਾ ਅਤੇ ਉਹਦੇ ਪਿੰਡ ਵਾਲੇ ਦੇਸ਼ ਦੇ ਸਭ ਤੋਂ ਗਰੀਬ ਅਤੇ ਸਭ ਤੋਂ ਤਾਕਤਹੀਣ – ਹੇਠਲੇ 10 ਫੀਸਦ – ਲੋਕਾਂ ਵਿੱਚ ਆਉਂਦੇ ਹਨ। ਉਹਨਾਂ ਦੇ ਘਰਾਂ ਵਿੱਚ ਕੋਈ ਸਹੂਲਤਾਂ ਨਹੀਂ – ਉਹਨੇ ਦੱਸਿਆ ਕਿ ਸਾਰੇ ਸਰੋਤਾਂ ਨੂੰ ਮਿਲਾ ਕੇ ਪਰਿਵਾਰ ਦੀ ਆਮਦਨ 10,000 ਰੁਪਏ ਤੋਂ ਵੱਧ ਨਹੀਂ ਹੁੰਦੀ।

ਦੋ ਬੱਚਿਆਂ ਦੀ ਮਾਂ ਦਾ ਕਹਿਣਾ ਹੈ – ਤੇ ਉਹਦੇ ਆਲੇ-ਦੁਆਲੇ ਦੇ ਬਾਕੀ ਲੋਕ ਵੀ ਹਾਂ ਵਿੱਚ ਸਿਰ ਹਿਲਾ ਰਹੇ ਹਨ – ਕਿ ਉਹਨਾਂ ਦੀ ਜ਼ਿੰਦਗੀ ਦਿਨ-ਬ-ਦਿਨ ਮੁਸ਼ਕਿਲ ਹੁੰਦੀ ਜਾ ਰਹੀ ਹੈ। ਤੇ ਉਹ ਵਧਦੀ ਮਹਿੰਗਾਈ ਅਤੇ ਕਮਾਈ ਦੇ ਸਾਧਨਾਂ ਦੀ ਘਾਟ ਹੋਣ ਦੀ ਚਿੰਤਾ ਵਿੱਚ ਨੀਂਦ ਗੁਆ ਰਹੀ ਹੈ।

PHOTO • Jaideep Hardikar
PHOTO • Jaideep Hardikar

ਸਾਰਥਿਕਾ ਆੜੇ ( ਨੀਲਾ ਬਾਂਦਨਾ ) ਛੋਟੀ ਕਿਸਾਨ ਹੈ ਜੋ ਮਹੂਆ ਅਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਸਕੀਮ ਉੱਤੇ ਨਿਰਭਰ ਹੈ। ਮਨਰੇਗਾ ਤਹਿਤ ਛੇ - ਸੱਤ ਘੰਟੇ ਕੰਮ ਕਰਨ ਵਾਲੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿੱਚ ਮਨਰੇਗਾ ਦੀ ਮੰਗ ਵਧੀ ਹੀ ਹੈ , ਅਤੇ ਇਹਨਾਂ ਵਿੱਚ ਪੜ੍ਹੇ - ਲਿਖੇ ਪੁਰਸ਼ ਤੇ ਮਹਿਲਾਵਾਂ ਵੀ ਸ਼ਾਮਲ ਹਨ

“ਸਭ ਕੁਝ ਮਹਿੰਗਾ ਹੁੰਦਾ ਜਾ ਰਿਹਾ ਹੈ,” ਅਰਤਤੋਂਡੀ ਦੀਆਂ ਮਹਿਲਾਵਾਂ ਕਹਿੰਦੀਆਂ ਹਨ। “ਖਾਣ ਯੋਗ ਤੇਲ, ਖੰਡ, ਸਬਜੀਆਂ, ਤੇਲ, ਬਿਜਲੀ, ਆਵਾਜਾਈ, ਸਟੇਸ਼ਨਰੀ, ਕੱਪੜੇ।” ਸੂਚੀ ਲੰਬੀ ਹੁੰਦੀ ਜਾਂਦੀ ਹੈ।

ਸਾਰਥਿਕਾ ਦੇ ਪਰਿਵਾਰ ਕੋਲ ਇੱਕ ਏਕੜ ਤੋਂ ਘੱਟ ਜ਼ਮੀਨ ਹੈ, ਜਿਸ ਦੀ ਸਿੰਜਾਈ ਮੀਂਹ ਦੇ ਪਾਣੀ ਨਾਲ ਹੁੰਦੀ ਹੈ ਅਤੇ ਇੱਥੇ ਉਹ ਝੋਨਾ ਉਗਾਉਂਦੇ ਹਨ। ਉਹਨਾਂ ਲਈ 10 ਕੁਇੰਟਲ ਦੇ ਆਸ-ਪਾਸ ਫ਼ਸਲ ਹੋ ਜਾਂਦਾ ਹੈ, ਸਾਲ ਭਰ ਦੀ ਕਮਾਈ ਲਈ ਵਿਕਰੀ ਯੋਗ ਵਾਧੂ ਫ਼ਸਲ ਨਾ ਬਰਾਬਰ ਹੁੰਦੀ ਹੈ।

ਤਾਂ ਫੇਰ ਸਾਰਥਿਕਾ ਵਰਗੇ ਕਬਾਇਲੀ ਕੀ ਕਰਦੇ ਹਨ?

“ਤਿੰਨ ਚੀਜ਼ਾਂ ਮਾਰਚ ਤੋਂ ਲੈ ਕੇ ਮਈ ਤੱਕ ਸਾਡੇ ਰੁਜ਼ਗਾਰ ਦੀ ਰੀੜ੍ਹ ਬਣਦੀਆਂ ਹਨ,” ਪਿੰਡ ਵਿੱਚ ਉਮੇਦ – ਸੂਬੇ ਦੇ ਪੇਂਡੂ ਰੁਜ਼ਗਾਰ ਮਿਸ਼ਨ – ਦੀ ਪ੍ਰਤੀਨਿਧ ਅਲਕਾ ਮਾਦਵੀ ਨੇ ਕਿਹਾ।

ਉਹ ਤਿੰਨ ਚੀਜ਼ਾਂ ਦੱਸਦੀ ਹੈ: ਜੰਗਲ ਦੇ ਥੋੜ੍ਹੇ-ਬਹੁਤ ਉਤਪਾਦ – ਅਪ੍ਰੈਲ ਵਿੱਚ ਮਹੂਆ , ਮਈ ਵਿੱਚ ਚੀਜ਼ਾਂਦੇ ਪੱਤੇ; ਮਨਰੇਗਾ ਦਾ ਕੰਮ, ਅਤੇ ਸਰਕਾਰ ਦੁਆਰਾ ਦਿੱਤਾ ਜਾਂਦਾ ਸਸਤਾ ਅਨਾਜ। “ਜੇ ਇਹਨਾਂ ਤਿੰਨਾਂ ਨੂੰ ਸਾਡੇ ਜੀਵਨ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਜਾਂ ਤਾਂ ਅਸੀਂ ਪੱਕੇ ਤੌਰ ’ਤੇ ਕੰਮ ਲਈ ਸ਼ਹਿਰਾਂ ਵੱਲ ਪਰਵਾਸ ਕਰ ਜਾਵਾਂਗੇ, ਜਾਂ ਇੱਥੇ ਭੁੱਖ ਨਾਲ ਮਰ ਜਾਵਾਂਗੇ,” ਇੱਥੇ ਸੈਲਫ-ਹੈਲਪ ਸਮੂਹ ਚਲਾਉਣ ਵਾਲੀ ਮਾਦਵੀ ਨੇ ਕਿਹਾ।

ਸਾਰਥਿਕਾ ਅਤੇ ਉਹਦੇ ਗੋਂਡ ਭਾਈਚਾਰੇ ਦੇ ਲੋਕ ਸਵੇਰ ਸਮੇਂ ਪੰਜ ਘੰਟੇ ਨੇੜਲੇ ਜੰਗਲਾਂ ਵਿੱਚੋਂ ਮਹੂਆ ਇਕੱਠਾ ਕਰਨ ਵਿੱਚ ਲਾਉਂਦੇ ਹਨ, ਪੰਜ ਤੋਂ ਛੇ ਘੰਟੇ ਮਨਰੇਗਾ ਤਹਿਤ ਸੜਕ ਬਣਾਉਣ ਵਿੱਚ, ਅਤੇ ਸ਼ਾਮ ਵੇਲੇ ਆਪਣਾ ਘਰ ਦਾ ਕੰਮ – ਖਾਣਾ ਪਕਾਉਣਾ, ਕੱਪੜੇ ਧੋਣਾ, ਪਸ਼ੂਆਂ ਦੀ ਸੰਭਾਲ, ਬੱਚਿਆਂ ਦਾ ਖਿਆਲ ਰੱਖਣ, ਅਤੇ ਸਫਾਈ – ਵਿੱਚ ਲਾਉਂਦੇ ਹਨ। ਕੰਮ ਵਾਲੀ ਜਗ੍ਹਾ, ਸਾਰਥਿਕਾ ਪਲਾਸਟਿਕ ਦੇ ਡੱਬਿਆਂ ਨੂੰ ਸਖ਼ਤ ਮਿੱਟੀ ਦੇ ਟੁਕੜਿਆਂ ਨਾਲ ਭਰਦੀ ਹੈ, ਅਤੇ ਉਹਦੇ ਨਾਲ ਵਾਲੀਆਂ ਇਹਨੂੰ ਸਿਰ ਉੱਤੇ ਚੁੱਕ ਸੜਕਾਂ ਉੱਤੇ ਸੁੱਟ ਦਿੰਦੀਆਂ ਹਨ। ਉਸ ਤੋਂ ਬਾਅਦ ਪੁਰਸ਼ ਇਸਨੂੰ ਪੱਧਰਾ ਕਰਦੇ ਹਨ। ਉਹਨਾਂ ਵਿੱਚੋਂ ਹਰ ਕੋਈ ਖੇਤਾਂ ਦੇ ਟੋਇਆਂ ਤੋਂ ਲੈ ਕੇ ਸੜਕ ਤੱਕ ਕਈ ਗੇੜੇ ਲਾਉਂਦਾ ਹੈ।

ਰੇਟ ਕਾਰਡ ਮੁਤਾਬਕ ਇੱਕ ਦਿਨ ਦੇ ਕੰਮ ਤੋਂ ਉਹਨਾਂ ਦੀ ਕਮਾਈ 150 ਰੁਪਏ ਹੁੰਦੀ ਹੈ। ਸੀਜ਼ਨ ਵਿੱਚ ਮਹੂਆ ਤੋਂ ਕਮਾਈ ਦੇ ਨਾਲ-ਨਾਲ ਉਹ ਦਿਨ ਵਿੱਚ ਕੰਮ ਕਰਕੇ 250-300 ਰੁਪਏ ਕਮਾ ਲੈਂਦੇ ਹਨ। ਮਈ ਆਉਂਦਿਆਂ ਹੀ ਉਹ ਜੰਗਲਾਂ ਵਿੱਚ ਤੇਂਦੂ ਦੇ ਪੱਤੇ ਇਕੱਠੇ ਕਰਨ ਤੁਰ ਪੈਂਦੇ ਹਨ।

PHOTO • Jaideep Hardikar
PHOTO • Jaideep Hardikar

ਅਲਕਾ ਮਾਦਵੀ ( ਖੱਬੇ ) ਪਿੰਡ ਵਿੱਚ ਉਮੇਦ , ਸੂਬੇ ਦੇ ਪੇਂਡੂ ਰੁਜ਼ਗਾਰ ਮਿਸ਼ਨ , ਦੀ ਪ੍ਰਤੀਨਿਧ ਹੈ। ਸਾਰਥਿਕਾ ( ਸੱਜੇ ) ਜੰਗਲ ਵਿੱਚੋਂ ਮਹੂਆ ਇਕੱਠਾ ਕਰਦਿਆਂ ਦਮ ਲੈ ਰਹੀ ਹੈ

ਵਿਡੰਬਨਾ ਇਹ ਹੈ ਕਿ ਮਨਰੇਗਾ ਦੇਸ਼ ਦੇ ਬਹੁਤ ਵੱਡੇ ਹਿੱਸੇ ਵਿੱਚ ਗਰੀਬਾਂ ਲਈ ਰੁਜ਼ਗਾਰ ਦਾ ਇੱਕੋ-ਇੱਕ ਵਸੀਲਾ ਹੈ, ਭਾਵੇਂ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸਨੂੰ ਕਾਂਗਰਸ ਪਾਰਟੀ ਦੀ ‘ਅਸਫਲਤਾ ਦੀ ਜੀਵਤ ਯਾਦਗਾਰ’ ਕਹਿ ਕੇ ਵਾਰ-ਵਾਰ ਭੰਡਦੇ ਹਨ। ਮਨਰੇਗਾ ਤਹਿਤ ਛੇ-ਸੱਤ ਘੰਟੇ ਕੰਮ ਕਰਨ ਵਾਲੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਦਸ ਸਾਲਾਂ ਦੇ ਸ਼ਾਸਨ ਦੌਰਾਨ, 2024 ਤੱਕ ਮਨਰੇਗਾ ਦੀ ਮੰਗ ਵਧੀ ਹੀ ਹੈ ਅਤੇ ਇਹਨਾਂ ਵਿੱਚ ਪੜ੍ਹੇ-ਲਿਖੇ ਪੁਰਸ਼ ਅਤੇ ਮਹਿਲਾਵਾਂ ਸ਼ਾਮਲ ਹਨ।

ਸਾਰਥਿਕਾ ਅਤੇ ਹੋਰਨਾਂ ਮਹਿਲਾਵਾਂ ਲਈ ਦੇਸ਼ ਦੇ ਸਭ ਤੋਂ ਅਮੀਰ ਆਦਮੀ, ਮੁਕੇਸ਼ ਅੰਬਾਨੀ ਦੀ ਇੱਕ ਦਿਨ ਦੀ ਕਮਾਈ ਜਿੰਨੇ ਪੈਸੇ ਕਮਾਉਣ ਵਿੱਚ ਸੈਂਕੜੇ ਸਾਲ ਲੱਗ ਜਾਣਗੇ। ਅਸਮਾਨ ਆਮਦਨ, ਅਰਥਸ਼ਾਸਤਰੀ ਪਨਾਗਰੀਆ ਨੇ ਲਿਖਿਆ, ਅਜਿਹੀ ਚੀਜ਼ ਹੈ ਜਿਸ ਬਾਰੇ ਸੋਚ ਸਾਨੂੰ ਆਪਣੀ ਨੀਂਦ ਗੁਆਉਣੀ ਚਾਹੀਦੀ ਹੈ।

“ਨਾ ਮੇਰਾ ਕੋਈ ਖੇਤ ਹੈ ਤੇ ਨਾ ਮੇਰੇ ਕੋਲ ਕੋਈ ਹੋਰ ਕੰਮ ਹੈ,” 45 ਸਾਲਾ ਸਮਿਤਾ ਆੜੇ ਜੋ ਮਾਨਾ ਹੈ, ਨੇ ਮਨਰੇਗਾ ਤਹਿਤ ਕੰਮ ਕਰਦਿਆਂ ਆਖਿਆ। “ਕੁਝ ਕਮਾਉਣ ਲਈ ਸਾਡੇ ਕੋਲ ਰੁਜ਼ਗਾਰ ਹਮੀ (ਮਨਰੇਗਾ) ਹੀ ਇੱਕੋ-ਇੱਕ ਕੰਮ ਹੈ।” ਸਾਰਥਿਕਾ ਅਤੇ ਹੋਰ ਲੋਕ “ਬਿਹਤਰ ਆਮਦਨ ਅਤੇ ਸਾਲ ਭਰ ਲਈ ਕੰਮ” ਦੀ ਮੰਗ ਕਰ ਰਹੇ ਹਨ।

ਸਮਿਤਾ ਦੱਸਦੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਜੰਗਲੀ ਉਤਪਾਦਾਂ ਨੂੰ ਲੈ ਕੇ ਮੁਕਾਬਲਾ ਵਧ ਗਿਆ ਹੈ ਕਿਉਂਕਿ ਸਲ ਭਰ ਕੰਮ ਨਾ ਮਿਲਣ ਕਰਕੇ ਬਹੁਤ ਸਾਰੇ ਲੋਕ ਜੰਗਲ ਨਾਲ ਸਬੰਧਤ ਰੁਜ਼ਗਾਰ ਵੱਲ ਆ ਰਹੇ ਹਨ। ਅਰਤਤੋਂਡੀ ਨਵੇਗਾਓਂ ਨੈਸ਼ਨਲ ਪਾਰਕ ਨੇੜੇ ਜੰਗਲੀ ਜ਼ਮੀਨ ’ਤੇ ਵਸਦਾ ਹੈ, ਅਤੇ ਜੰਗਲਾਤ ਅਧਿਕਾਰ ਕਾਨੂੰਨ ਦੇ ਤਹਿਤ ਇਸਨੂੰ ਅਜੇ ਭਾਈਚਾਰਕ ਜੰਗਲਾਤ ਅਧਿਕਾਰ ਨਹੀਂ ਮਿਲੇ।

“ਪਰ,” ਸਾਰਥਿਕਾ ਨੇ ਕਿਹਾ, “ਚੌਥਾ (ਰੁਜ਼ਗਾਰ) ਵੀ ਹੈ – ਮੌਸਮੀ ਪਰਵਾਸ।”

PHOTO • Jaideep Hardikar
PHOTO • Jaideep Hardikar

ਸਾਰਥਿਕਾ ਅਤੇ ਹੋਰਨਾਂ ਮਹਿਲਾਵਾਂ ਲਈ ਦੇਸ਼ ਦੇ ਸਭ ਤੋਂ ਅਮੀਰ ਆਦਮੀ , ਮੁਕੇਸ਼ ਅੰਬਾਨੀ ਦੀ ਇੱਕ ਦਿਨ ਦੀ ਕਮਾਈ ਜਿੰਨੇ ਪੈਸੇ ਕਮਾਉਣ ਵਿੱਚ ਸੈਂਕੜੇ ਸਾਲ ਲੱਗ ਜਾਣਗੇ। ਅਸਮਾਨ ਆਮਦਨ , ਅਰਥਸ਼ਾਸਤਰੀ ਪਨਾਗਰੀਆ ਨੇ ਲਿਖਿਆ , ਅਜਿਹੀ ਚੀਜ਼ ਹੈ ਜਿਸ ਬਾਰੇ ਸੋਚ ਸਾਨੂੰ ਆਪਣੀ ਨੀਂਦ ਗੁਆਉਣੀ ਚਾਹੀਦੀ ਹੈ। ਸਾਰਥਿਕਾ ( ਸੱਜੇ ) ਅਤੇ ਹੋਰ ਲੋਕ ਬਿਹਤਰ ਆਮਦਨ ਅਤੇ ਸਾਲ ਭਰ ਕੰਮ ਦੀ ਮੰਗ ਕਰ ਰਹੇ ਹਨ

ਹਰ ਸਾਲ, ਅਕਤੂਬਰ ਤੋਂ ਲੈ ਕੇ ਫਰਵਰੀ ਤੱਕ, ਪਿੰਡ ਦੇ ਤਕਰੀਬਨ ਅੱਧੇ ਲੋਕ ਆਪਣੇ ਘਰ ਛੱਡ ਦੂਰ-ਦੁਰਾਡੀਆਂ ਥਾਵਾਂ ’ਤੇ ਹੋਰਨਾਂ ਦੇ ਖੇਤਾਂ, ਉਦਯੋਗਾਂ ਜਾਂ ਉਸਾਰੀ ਦੀਆਂ ਥਾਵਾਂ ’ਤੇ ਕੰਮ ਕਰਨ ਜਾਂਦੇ ਹਨ।

“ਮੈਂ ਤੇ ਮੇਰਾ ਪਤੀ ਇਸ ਸਾਲ ਝੋਨੇ ਦੇ ਖੇਤਾਂ ’ਚ ਕੰਮ ਕਰਨ ਲਈ ਕਰਨਾਟਕ ਦੇ ਯਾਦਗੀਰ ਗਏ ਸੀ,” ਸਾਰਥਿਕਾ ਨੇ ਕਿਹਾ। “ਅਸੀਂ 13 ਪੁਰਸ਼ਾਂ ਅਤੇ ਮਹਿਲਾਵਾਂ ਦਾ ਸਮੂਹ ਸੀ ਜਿਹਨਾਂ ਨੇ ਇੱਕ ਪਿੰਡ ਵਿੱਚ ਸਾਰਾ ਖੇਤੀ ਦਾ ਕੰਮ ਕੀਤਾ ਤੇ ਫਰਵਰੀ ਦੇ ਅੰਤ ਵਿੱਚ ਵਾਪਸ ਆਏ।” ਉਹ ਸਲਾਨਾ ਆਮਦਨ ਸਾਡੇ ਲਈ ਵੱਡਾ ਸਹਾਰਾ ਹੈ।

*****

ਜੰਗਲੀ ਉਤਪਾਦਾਂ ਨਾਲ ਭਰੇ ਪੂਰਬੀ ਵਿਦਰਭ ਦੇ ਚੌਲਾਂ ਦੇ ਕਟੋਰੇ ਕਹੇ ਜਾਣ ਵਾਲੇ ਜ਼ਿਲ੍ਹੇ – ਭੰਡਾਰਾ, ਗੋਂਦੀਆ, ਗਡਚਿਰੌਲੀ, ਚੰਦਰਪੁਰ ਅਤੇ ਨਾਗਪੁਰ – ਪੰਜ ਪਾਰਲੀਮਾਨੀ ਹਲਕੇ ਹਨ। ਇੱਥੋਂ ਦੇ ਲੋਕ 19 ਅਪ੍ਰੈਲ ਨੂੰ 2024 ਦੀਆਂ ਆਮ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੋਟਾਂ ਪਾਉਣਗੇ।

ਰਾਜਨੀਤਕ ਲੋਕਾਂ ਅਤੇ ਨੌਕਰਸ਼ਾਹੀ ਦੀ ਲੋਕਾਂ ਪ੍ਰਤੀ ਉਦਾਸੀਨਤਾ ਕਾਰਨ ਅਰਤਤੋਂਡੀ ਦੇ ਲੋਕਾਂ ਵਿੱਚ ਉਹਨਾਂ ਪ੍ਰਤੀ ਭਾਰੀ ਨਿਰਾਸ਼ਾ ਹੈ। ਮੋਦੀ ਸਰਕਾਰ ਦੇ 10 ਸਾਲਾਂ ਦੌਰਾਨ ਉਹਨਾਂ ਦੀ ਜ਼ਿੰਦਗੀ ਹੋਰ ਔਖੀ ਬਣਾਉਣ ਨੂੰ ਲੈ ਕੇ ਗਰੀਬਾਂ ਵਿੱਚ ਬਹੁਤ ਗੁੱਸਾ ਵੀ ਹੈ।

“ਸਾਡੇ ਲਈ ਕੁਝ ਨਹੀਂ ਬਦਲਿਆ,” ਸਾਰਥਿਕਾ ਨੇ ਕਿਹਾ। “ਸਾਨੂੰ ਖਾਣਾ ਬਣਾਉਣ ਲਈ ਗੈਸ ਮਿਲੀ, ਪਰ ਇਹ ਬਹੁਤ ਮਹਿੰਗੀ ਹੈ; ਕਮਾਈ ਨਹੀਂ ਵਧੀ; ਤੇ ਸਾਲ ਭਰ ਨਿਸ਼ਚਿਤ ਕੰਮ ਨਹੀਂ ਮਿਲਦਾ।”

PHOTO • Jaideep Hardikar

ਅਰਤਤੋਂਡੀ ਪਿੰਡ ਵਿੱਚ ਮਨਰੇਗਾ ਦੀ ਜਗ੍ਹਾ। ਰਾਜਨੀਤਕ ਲੋਕਾਂ ਅਤੇ ਨੌਕਰਸ਼ਾਹੀ ਪ੍ਰਤੀ ਭਾਰੀ ਨਿਰਾਸ਼ਾ ਹੈ ; ਮੋਦੀ ਸਰਕਾਰ ਦੇ 10 ਸਾਲਾਂ ਦੌਰਾਨ ਉਹਨਾਂ ਦੀ ਜ਼ਿੰਦਗੀ ਹੋਰ ਔਖੀ ਬਣਾਉਣ ਨੂੰ ਲੈ ਕੇ ਗਰੀਬਾਂ ਵਿੱਚ ਬਹੁਤ ਗੁੱਸਾ ਵੀ ਹੈ

PHOTO • Jaideep Hardikar
PHOTO • Jaideep Hardikar

ਜੰਗਲੀ ਉਤਪਾਦਾਂ ਨਾਲ ਭਰੇ ਪੂਰਬੀ ਵਿਦਰਭ ਦੇ ਚੌਲਾਂ ਦੇ ਕਟੋਰੇ ਕਹੇ ਜਾਣ ਵਾਲੇ ਜ਼ਿਲ੍ਹੇ ਭੰਡਾਰਾ , ਗੋਂਦੀਆ , ਗਡਚਿਰੌਲੀ , ਚੰਦਰਪੁਰ ਅਤੇ ਨਾਗਪੁਰ ਪੰਜ ਪਾਰਲੀਮਾਨੀ ਹਲਕੇ ਹਨ। ਇੱਥੋਂ ਦੇ ਲੋਕ 19 ਅਪ੍ਰੈਲ ਨੂੰ 2024 ਦੀਆਂ ਆਮ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੋਟਾਂ ਪਾਉਣਗੇ

ਭੰਡਾਰਾ-ਗੋਂਦੀਆ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਮੁੜ ਖੜ੍ਹੇ ਕੀਤੇ ਉਮੀਦਵਾਰ, ਮੈਂਬਰ ਪਾਰਲੀਮੈਂਟ, ਸੁਨੀਲ ਮੇਂਧੇ ਦੇ ਖਿਲਾਫ਼ ਕਾਫ਼ੀ ਰੋਸ ਹੈ। “ਉਹ ਕਦੇ ਸਾਡੇ ਪਿੰਡ ਨਹੀਂ ਆਏ,” ਮੁੱਖ ਤੌਰ ’ਤੇ ਪੇਂਡੂ ਲੋਕਾਂ ਦੇ ਇਸ ਹਲਕੇ ਵਿੱਚ ਆਮ ਇਹੀ ਸੁਣਨ ਨੂੰ ਮਿਲਿਆ।

ਮੇਂਧੇ ਦੇ ਖਿਲਾਫ਼ ਸਿੱਧੇ ਮੁਕਾਬਲੇ ਵਿੱਚ ਕਾਂਗਰਸ ਦੇ ਡਾ. ਪ੍ਰਸ਼ਾਂਤ ਪਡੋਲੇ ਹਨ।

ਅਰਤਤੋਂਡੀ ਦੇ ਲੋਕ 2021 ਦੀ ਗਰਮੀ ਵਿੱਚ ਕੋਵਿਡ-19 ਦੇ ਪਹਿਲੀ ਤਾਲਾਬੰਦੀ ਦੌਰਾਨ ਘਰ ਵੱਲ ਨੂੰ ਵਿਸ਼ਵਾਸਘਾਤੀ ਅਤੇ ਔਖਾ ਪੈਦਲ ਸਫ਼ਰ ਨਹੀਂ ਭੁੱਲੇ।

19 ਅਪ੍ਰੈਲ ਨੂੰ ਜਦ ਉਹ ਵੋਟ ਪਾਉਣ ਜਾਣਗੇ, ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਸੰਭਵ ਤੌਰ ’ਤੇ ਸਵੇਰੇ ਪੰਜ ਘੰਟੇ ਮਹੂਆ ਇਕੱਠਾ ਕਰਨ ਤੋਂ ਬਾਅਦ ਹੀ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਮਨਰੇਗਾ ਦਾ ਕੰਮ ਬੰਦ ਹੋਣ ਕਾਰਨ ਉਹਨਾਂ ਦੀ ਦਿਹਾੜੀ ਦੀ ਕਮਾਈ ਦਾ ਨੁਕਸਾਨ ਹੋਵੇਗਾ।

ਉਹ ਸਾਫ਼ ਤੌਰ ’ਤੇ ਆਪਣੀ ਮਰਜ਼ੀ ਨਹੀਂ ਦੱਸਦੇ, ਪਰ ਕਹਿੰਦੇ ਹਨ, “ਪੁਰਾਣੇ ਦਿਨ ਚੰਗੇ ਸਨ।”

ਤਰਜਮਾ: ਅਰਸ਼ਦੀਪ ਅਰਸ਼ੀ

Jaideep Hardikar

Jaideep Hardikar is a Nagpur-based journalist and writer, and a PARI core team member.

Other stories by Jaideep Hardikar
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Arshdeep Arshi

Arshdeep Arshi is an independent journalist and translator based in Chandigarh and has worked with News18 Punjab and Hindustan Times. She has an M Phil in English literature from Punjabi University, Patiala.

Other stories by Arshdeep Arshi