ਅਸ਼ੋਕ ਜਾਟਵ ਇੱਕ ਜ਼ਿੰਦਾ ਲਾਸ਼ ਹੈ।

45 ਸਾਲਾ ਸ਼ਖਸ ਹਰ ਸਵੇਰ ਕਿਸੇ ਵੀ ਹੋਰ ਵਿਅਕਤੀ ਵਾਂਗ ਉੱਠਦਾ ਹੈ, ਕੰਮ ’ਤੇ ਜਾਂਦਾ ਹੈ ਅਤੇ ਕਿਸੇ ਵੀ ਹੋਰ ਮਜ਼ਦੂਰ ਵਾਂਗ ਹੋਰਨਾਂ ਦੇ ਖੇਤਾਂ ਵਿੱਚ ਕਿਰਤ ਕਰਦਾ ਹੈ। ਉਹ ਬਾਕੀ ਕਾਮਿਆਂ ਵਾਂਗ ਦਿਹਾੜੀ ਲਾ ਕੇ ਸ਼ਾਮੀਂ ਘਰ ਪਰਤਦਾ ਹੈ। ਉਹਦੇ ਅਤੇ ਬਾਕੀਆਂ ਵਿੱਚ ਇੱਕੋ ਫ਼ਰਕ ਹੈ: ਅਧਿਕਾਰਤ ਤੌਰ ’ਤੇ, ਅਸ਼ੋਕ ਮਰ ਚੁੱਕਿਆ ਹੈ।

ਜੁਲਾਈ 2023 ਵਿੱਚ ਖੋਰਘਾਰ ਦੇ ਵਸਨੀਕ ਅਸ਼ੋਕ ਨੇ ਹਿਸਾਬ ਲਾਇਆ ਕਿ ਦੋ ਸਾਲ ਤੋਂ ਜ਼ਿਆਦਾ ਤੋਂ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਤਹਿਤ ਉਸਦੇ 6,000 ਰੁਪਏ ਨਹੀਂ ਆਏ। 2019 ਵਿੱਚ ਕੇਂਦਰ ਸਰਕਾਰ ਦੁਆਰਾ ਐਲਾਨੀ ਇਸ ਸਕੀਮ ਦੇ ਤਹਿਤ, ਕਿਸਾਨ ਹਰ ਸਾਲ 6,000 ਰੁਪਏ ਦੀ ਘੱਟੋ-ਘੱਟ ਆਮਦਨੀ ਵਿੱਚ ਸਹਾਇਤਾ ਲਈ ਯੋਗ ਹਨ।

ਪਹਿਲੇ ਦੋ ਕੁ ਸਾਲ ਪੈਸੇ ਨਿਯਮਿਤ ਤੌਰ ’ਤੇ ਜਮ੍ਹਾਂ ਹੁੰਦੇ ਰਹੇ। ਫੇਰ ਅਚਾਨਕ ਰੁਕ ਗਏ। ਉਸਨੂੰ ਲੱਗਿਆ ਕਿ ਕੋਈ ਗੜਬੜ ਹੈ ਅਤੇ ਸਿਸਟਮ ਆਪਣੇ-ਆਪ ਠੀਕ ਹੋ ਜਾਵੇਗਾ। ਅਸ਼ੋਕ ਨੇ ਸਹੀ ਸੋਚਿਆ ਸੀ। ਇਹ ਗੜਬੜ ਹੀ ਸੀ। ਪਰ ਉਸ ਤਰ੍ਹਾਂ ਦੀ ਨਹੀਂ, ਜਿਸ ਤਰ੍ਹਾਂ ਦੀ ਉਸਨੇ ਸੋਚੀ ਸੀ।

ਅਦਾਇਗੀ ਕਿਉਂ ਰੁਕੀ ਇਹ ਪਤਾ ਕਰਨ ਲਈ ਜਦ ਉਹ ਜ਼ਿਲ੍ਹਾ ਕਮਿਸ਼ਨਰ ਦੇ ਦਫ਼ਤਰ ਪਹੁੰਚਿਆ, ਤਾਂ ਕੰਪਿਊਟਰ ਪਿੱਛੇ ਬੈਠੇ ਵਿਆਕਤੀ ਨੇ ਡਾਟਾ ਚੈਕ ਕੀਤਾ ਅਤੇ ਬੜੇ ਆਰਾਮ ਨਾਲ ਉਸਨੂੰ ਦੱਸਿਆ ਕਿ ਉਹ 2021 ਵਿੱਚ ਕੋਵਿਡ-19 ਦੌਰਾਨ ਮਰ ਚੁੱਕਿਆ ਹੈ। ਅਸ਼ੋਕ ਨੂੰ ਸਮਝ ਨਹੀਂ ਆਇਆ ਕਿ ਉਹ ਹੱਸੇ ਜਾਂ ਰੋਵੇ, ਮੁਝੇ ਸਮਝ ਨਹੀਂ ਆਇਆ ਇਸਪੇ ਕਿਆ ਬੋਲੂੰ (ਮੈਨੂੰ ਸਮਝ ਨਹੀਂ ਆਇਆ ਮੈਂ ਕੀ ਕਹਾਂ)।”

Ashok Jatav, a farm labourer from Khorghar, Madhya Pradesh was falsely declared dead and stopped receiving the Pradhan Mantri Kisan Samman Nidhi . Multiple attempts at rectifying the error have all been futile
PHOTO • Parth M.N.

ਅਸ਼ੋਕ ਜਾਟਵ, ਮੱਧ ਪ੍ਰਦੇਸ਼ ਦੇ ਖੋਰਘਾਰ ਦਾ ਇੱਕ ਖੇਤ ਮਜ਼ਦੂਰ, ਨੂੰ ਧੋਖੇ ਨਾਲ ਮ੍ਰਿਤ ਕਰਾਰ ਦੇ ਦਿੱਤਾ ਗਿਆ ਅਤੇ ਉਸਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਦਾ ਪੈਸਾ ਮਿਲਣਾ ਬੰਦ ਹੋ ਗਿਆ। ਗਲਤੀ ਨੂੰ ਸੁਧਾਰਨ ਲਈ ਕੀਤੀਆਂ ਹੁਣ ਤੱਕ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ

ਉਹ ਜਾਟਵ ਭਾਈਚਾਰੇ ’ਚੋਂ ਆਉਂਦਾ ਇੱਕ ਮਜ਼ਦੂਰ ਹੈ, ਜੋ ਮੱਧ ਪ੍ਰਦੇਸ਼ ਵਿੱਚ ਅਨੂਸੂਚਿਤ ਜਾਤੀਆਂ ਵਿੱਚ ਸ਼ਾਮਲ ਹੈ, ਅਤੇ ਉਹ ਹੋਰਨਾਂ ਲੋਕਾਂ ਦੇ ਖੇਤਾਂ ਵਿੱਚ 350 ਰੁਪਏ ਦਿਹਾੜੀ ਲਈ ਮਜ਼ਦੂਰੀ ਕਰਕੇ ਆਪਣਾ ਗੁਜਾਰਾ ਚਲਾਉਂਦਾ ਹੈ। ਅਸ਼ੋਕ ਕੋਲ ਖੁਦ ਵੀ ਇੱਕ ਏਕੜ ਜ਼ਮੀਨ ਹੈ ਜਿੱਥੇ ਉਹ ਆਪਣੀ ਵਰਤੋਂ ਲਈ ਫ਼ਸਲ ਉਗਾਉਂਦਾ ਹੈ। ਉਸਦੀ ਪਤਨੀ, ਲੀਲਾ ਵੀ ਇੱਕ ਖੇਤ ਮਜ਼ਦੂਰ ਹੈ।

“ਜੇ ਅਸੀਂ ਦਿਨੇ ਕਮਾਈ ਕਰਦੇ ਹਾਂ, ਤਾਂ ਹੀ ਰਾਤ ਨੂੰ ਖਾਣ ਨੂੰ ਮਿਲਦਾ ਹੈ,” ਸ਼ਿਵਪੁਰੀ ਜਿਲ੍ਹੇ ਵਿੱਚ ਪੈਂਦੇ ਆਪਣੇ ਪਿੰਡ ਦੇ ਇੱਕ ਖੇਤ ਵਿੱਚ ਸੋਇਆਬੀਨ ਵੱਢਣ ਤੋਂ ਵਿਰਾਮ ਲੈਂਦਿਆਂ ਅਸ਼ੋਕ ਨੇ ਕਿਹਾ। “ਸਾਲ ਵਿੱਚ 6,000 ਰੁਪਏ ਸੁਣਨ ਨੂੰ ਭਾਵੇਂ ਬਹੁਤ ਨਹੀਂ ਲਗਦੇ। ਪਰ ਸਾਡੇ ਲਈ ਥੋੜ੍ਹੇ ਜਿਹੇ ਪੈਸੇ ਵੀ ਅਹਿਮ ਹਨ। ਮੇਰਾ 15 ਸਾਲ ਦਾ ਇੱਕ ਬੇਟਾ ਹੈ। ਉਹ ਸਕੂਲ ਵਿੱਚ ਪੜ੍ਹਦਾ ਹੈ ਅਤੇ ਅੱਗੇ ਪੜ੍ਹਨਾ ਚਾਹੁੰਦਾ ਹੈ। ਅਤੇ ਇਸ ਸਭ ਤੋਂ ਵੀ ਅਹਿਮ ਇਹ ਕਿ ਮੈਂ ਮ੍ਰਿਤ ਨਹੀਂ ਰਹਿਣਾ ਚਾਹੁੰਦਾ।”

ਅਸ਼ੋਕ ਨੇ ਖੁਦ ਸ਼ਿਵਪੁਰੀ ਦੇ ਜਿਲ੍ਹਾ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਉਸਦਾ ਮ੍ਰਿਤ ਸਰਟੀਫਿਕੇਟ ਰੱਦ ਕਰਨ ਦੀ ਮੰਗ ਕੀਤੀ। ਪਿੰਡ ਵਿੱਚ ਅਗਲੀ ਜਨਤਕ ਸੁਣਵਾਈ ਦੌਰਾਨ ਉਸਨੇ ਇਸ ਉਮੀਦ ਨਾਲ ਗ੍ਰਾਮ ਪੰਚਾਇਤ ਕੋਲ ਵੀ ਮਸਲਾ ਚੁੱਕਿਆ ਕਿ ਸ਼ਾਇਦ ਜਲਦੀ ਹੱਲ ਹੋ ਜਾਵੇ। ਜਨਤਕ ਸੁਣਵਾਈ ਤੋਂ ਬਾਅਦ ਪੰਚਾਇਤ ਅਧਿਕਾਰੀ ਉਸ ਕੋਲ ਆਏ ਅਤੇ ਉਸਨੂੰ ਕਿਹਾ ਕਿ ਉਸਨੂੰ ਸਾਬਤ ਕਰਨਾ ਪਵੇਗਾ ਕਿ ਉਹ ਜਿਉਂਦਾ ਹੈ। “ਮੈਂ ਉਹਨਾਂ ਦੇ ਸਾਹਮਣੇ ਖੜ੍ਹਾ ਸੀ,” ਹੱਕੇ-ਬੱਕੇ ਹੁੰਦਿਆਂ ਉਸਨੇ ਕਿਹਾ, “ਉਹਨਾਂ ਨੂੰ ਹੋਰ ਕੀ ਸਬੂਤ ਚਾਹੀਦਾ ਸੀ?”

ਇਸ ਵਿਲੱਖਣ ਅਤੇ ਪਰੇਸ਼ਾਨਕੁੰਨ ਸਥਿਤੀ ਵਿੱਚ ਸਿਰਫ਼ ਉਹ ਇਕੱਲਾ ਹੀ ਨਹੀਂ ਫਸਿਆ ਹੋਇਆ।

Ashok was asked by the officials to prove that he is alive. ‘I stood in front of them,' he says, bewildered , 'what more proof do they need?’
PHOTO • Parth M.N.

ਅਸ਼ੋਕ ਨੂੰ ਅਧਿਕਾਰੀਆਂ ਨੇ ਇਹ ਸਾਬਤ ਕਰਨ ਲਈ ਕਿਹਾ ਕਿ ਉਹ ਜਿਉਂਦਾ ਹੈ। ਮੈਂ ਉਹਨਾਂ ਦੇ ਸਾਹਮਣੇ ਖੜ੍ਹਾ ਸੀ, ਹੱਕੇ-ਬੱਕੇ ਹੁੰਦਿਆਂ ਉਸਨੇ ਕਿਹਾ, ਉਹਨਾਂ ਨੂੰ ਹੋਰ ਕੀ ਸਬੂਤ ਚਾਹੀਦਾ ਸੀ ?’

2019 ਅਤੇ 2022 ਦੇ ਵਿਚਕਾਰ, ਬਲਾਕ ਪੰਚਾਇਤ – ਗ੍ਰਾਮ ਪੰਚਾਇਤ ਅਤੇ ਜ਼ਿਲ੍ਹਾ ਪਰਿਸ਼ਦ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੀ ਸੰਸਥਾ – ਦੇ CEO ਅਤੇ ਕੰਪਿਊਟਰ ਆਪਰੇਟਰ ਨੇ ਇੱਕ ਘਪਲਾ ਕੀਤਾ ਜਿਸ ਵਿੱਚ ਉਹਨਾਂ ਨੇ ਸ਼ਿਵਪੁਰੀ ਜਿਲ੍ਹੇ ਦੇ 12-15 ਪਿੰਡਾਂ ਦੇ 26 ਲੋਕਾਂ ਨੂੰ ਕਾਗ਼ਜ਼ੀ ਤੌਰ ’ਤੇ ਮਾਰ ਦਿੱਤਾ।

ਮੁੱਖ ਮੰਤਰੀ ਦੀ ਸੰਬਲ ਯੋਜਨਾ ਮੁਤਾਬਕ ਜੇ ਕੋਈ ਸ਼ਖਸ ਹਾਦਸੇ ਵਿੱਚ ਮਾਰਿਆ ਜਾਵੇ ਤਾਂ ਉਸਦੇ ਪਰਿਵਾਰ ਨੂੰ ਸੂਬਾ ਸਰਕਾਰ ਤੋਂ ਮੁਆਵਜ਼ੇ ਵਜੋਂ 4 ਲੱਖ ਰੁਪਏ ਮਿਲਦੇ ਹਨ। ਘਪਲੇਬਾਜ਼ ਸਾਰੇ 26 ਲੋਕਾਂ ਦਾ ਮੁਆਵਜਾ ਹੜੱਪਣ ਵਿੱਚ ਕਾਮਯਾਬ ਹੋ ਗਏ ਅਤੇ 1 ਕਰੋੜ ਤੋਂ ਜ਼ਿਆਦਾ ਰੁਪਏ ਇਕੱਠੇ ਕਰ ਲਏ। ਪੁਲਿਸ ਨੇ ਸਬੰਧਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਭਾਰਤੀ ਦੰਡ ਸੰਘਤਾ ਦੇ ਤਹਿਤ ਧਾਰਾ 420, 467, 468 ਅਤੇ 409 – ਧੋਖੇਬਾਜ਼ੀ ਅਤੇ ਜਾਅਲਸਾਜ਼ੀ – ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

“ਅਸੀਂ ਗਗਨ ਵਾਜਪਾਈ, ਰਾਜੀਵ ਮਿਸ਼ਰਾ, ਸ਼ੈਲੇਂਦਰਾ ਪਰਮਾ, ਸਾਧਨਾ ਚੌਹਾਨ ਅਤੇ ਲਤਾ ਦੂਬੇ ਦਾ ਨਾਂ FIR ਵਿੱਚ ਦਰਜ ਕੀਤਾ ਹੈ,” ਸ਼ਿਵਪੁਰੀ ਪੁਲਿਸ ਥਾਣੇ ਦੇ ਇੰਸਪੈਕਟਰ, ਵਿਨੈ ਯਾਦਵ ਨੇ ਦੱਸਿਆ। “ਅਸੀਂ ਹੋਰ ਸੁਰਾਗਾਂ ਦੀ ਤਲਾਸ਼ ਕਰ ਰਹੇ ਹਾਂ।”

ਸਥਾਨਕ ਪੱਤਰਕਾਰ, ਜੋ ਆਪਣਾ ਨਾਂ ਜ਼ਾਹਰ ਨਹੀਂ ਕਰਨਾ ਚਾਹੁੰਦੇ, ਮੰਨਦੇ ਹਨ ਕਿ ਹੋਰ ਜਾਂਚ ਵਿੱਚ ਸ਼ਿਵਪੁਰੀ ਵਿੱਚ ਹੀ ਹੋਰ ਮ੍ਰਿਤ ਲੋਕ ਨਿਕਲ ਕੇ ਆ ਸਕਦੇ ਹਨ; ਉਹਨਾਂ ਦਾ ਕਹਿਣਾ ਹੈ ਕਿ ਨਿਰਪੱਖ ਜਾਂਚ ਵੱਡੀਆਂ ਮੱਛੀਆਂ ਤੱਕ ਪਹੁੰਚਾ ਸਕਦੀ ਹੈ।

ਪਰ ਇਸ ਸਭ ਦੌਰਾਨ, ਜਿਹਨਾਂ ਨੂੰ ਮ੍ਰਿਤ ਕਰਾਰ ਦੇ ਦਿੱਤਾ ਗਿਆ ਹੈ, ਉਹਨਾਂ ਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ।

Dataram Jatav, another victim of the scam, says, ‘when you declare me dead, I lose access to all credit systems available to me’. In December 2022, the farmer from Khorgar could not get a loan from the bank to buy a tractor
PHOTO • Parth M.N.

ਘਪਲੇ ਦੇ ਇੱਕ ਹੋਰ ਪੀੜਤ, ਦਾਤਾਰਾਮ ਜਾਟਵ ਨੇ ਕਿਹਾ, ਜਦੋਂ ਤੁਸੀਂ ਮੈਨੂੰ ਮ੍ਰਿਤ ਕਰਾਰ ਦੇ ਦਿੰਦੇ ਹੋ, ਹਰ ਤਰ੍ਹਾਂ ਦੇ ਉਧਾਰ ਤੱਕ ਮੇਰੀ ਪਹੁੰਚ ਖ਼ਤਮ ਹੋ ਜਾਂਦੀ ਹੈ। ਦਸੰਬਰ 2022 ਵਿੱਚ ਖੋਰਘਾਰ ਦਾ ਕਿਸਾਨ ਟਰੈਕਟਰ ਖਰੀਦਣ ਲਈ ਕਿਸੇ ਵੀ ਬੈਂਕ ਤੋਂ ਕਰਜ਼ਾ ਨਹੀਂ ਲੈ ਪਾਇਆ

ਖੋਰਘਾਰ ਵਿੱਚ ਪੰਜ ਏਕੜ ਜ਼ਮੀਨ ਵਾਲੇ 45 ਸਾਲਾ ਕਿਸਾਨ, ਦਾਤਾਰਾਮ ਜਾਟਵ ਨੂੰ ਇਸੇ ਕਾਰਨ ਕਰਕੇ ਟਰੈਕਟਰ ਲੈਣ ਲਈ ਕਰਜ਼ਾ ਨਹੀਂ ਮਿਲਿਆ। ਦਸੰਬਰ 2022 ਵਿੱਚ ਉਸਨੂੰ ਟਰੈਕਟਰ ਲੈਣ ਲਈ ਪੈਸੇ ਚਾਹੀਦੇ ਸਨ ਜਿਸ ਲਈ ਉਹ ਬੈਂਕ ਚਲਾ ਗਿਆ – ਜੋ ਬਿਲਕੁਲ ਸਿੱਧਾ ਤਰੀਕਾ ਹੈ। ਜਾਂ ਉਸਨੂੰ ਅਜਿਹਾ ਲੱਗਿਆ। “ਪਤਾ ਲੱਗਿਆ ਕਿ ਜੇ ਤੁਸੀਂ ਮਰ ਚੁੱਕੇ ਹੋ ਤਾਂ ਕਰਜ਼ਾ ਲੈਣਾ ਮੁਸ਼ਕਿਲ ਹੈ,” ਦਾਤਾਰਾਮ ਨੇ ਹੱਸ ਕੇ ਕਿਹਾ। “ਮੈਂ ਸੋਚਦਾ ਹਾਂ ਕਿਉਂ।”

ਗੰਭੀਰ ਹੁੰਦੇ ਹੋਏ ਦਾਤਾਰਾਮ ਨੇ ਕਿਹਾ ਕਿ ਇੱਕ ਕਿਸਾਨ ਲਈ ਸਰਕਾਰੀ ਲਾਭ, ਸਕੀਮਾਂ ਅਤੇ ਰਿਆਇਤੀ ਕਰਜ਼ੇ ਜੀਵਨ ਰੱਖਿਅਕ ਵਾਂਗ ਹਨ। “ਮੇਰੇ ਨਾਂ ’ਤੇ ਕਾਫ਼ੀ ਕਰਜ਼ਾ ਹੈ,” ਬਿਨ੍ਹਾਂ ਰਾਸ਼ੀ ਦੱਸੇ ਉਸਨੇ ਕਿਹਾ। “ਜਦ ਤੁਸੀਂ ਮੈਨੂੰ ਮ੍ਰਿਤ ਕਰਾਰ ਦੇ ਦਿੰਦੇ ਹੋ, ਤਾਂ ਹਰ ਤਰ੍ਹਾਂ ਦੇ ਕਰਜ਼ੇ ਤੱਕ ਮੇਰੀ ਪਹੁੰਚ ਖ਼ਤਮ ਹੋ ਜਾਂਦੀ ਹੈ। ਮੈਂ ਆਪਣੀ ਜ਼ਮੀਨ ਨੂੰ ਵਾਹੁਣ ਲਈ ਪੈਸੇ ਕਿੱਥੋਂ ਲਿਆਵਾਂ? ਮੈਂ ਫ਼ਸਲ ਲਈ ਕਰਜ਼ਾ ਕਿੱਥੋਂ ਲਵਾਂ? ਮੇਰੇ ਕੋਲ ਸ਼ਾਹੂਕਾਰਾਂ ਦਾ ਦਰਵਾਜ਼ਾ ਖੜਕਾਉਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ,” ਉਸਨੇ ਕਿਹਾ।

ਸ਼ਾਹੂਕਾਰ ਜਾਂ ਲੋਨ ਸ਼ਾਰਕ (ਜ਼ਿਆਦਾ ਵਿਆਜ ਦਰ ’ਤੇ ਕਰਜ਼ਾ ਦੇਣ ਵਾਲੇ) ਕੋਲ ਕਾਗ਼ਜ਼ੀ ਕਾਰਵਾਈ ਦੀ ਲੋੜ ਨਹੀਂ ਹੁੰਦੀ। ਸਗੋਂ ਉਹਨਾਂ ਨੂੰ ਇਹ ਵੀ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਮਰ ਚੁੱਕੇ ਹੋ, ਉਹਨਾਂ ਨੂੰ ਬੱਸ ਜ਼ਿਆਦਾ ਵਿਆਜ ਦਰ, ਜੋ ਇੱਕ ਮਹੀਨੇ ਵਿੱਚ 4-8 ਫੀਸਦ ਹੋ ਸਕਦੀ ਹੈ, ਦੀ ਫ਼ਿਕਰ ਹੁੰਦੀ ਹੈ। ਜਦ ਇੱਕ ਵਾਰ ਕਿਸਾਨ ਸ਼ਾਹੂਕਾਰ ਕੋਲ ਚਲੇ ਗਏ, ਜ਼ਿਆਦਾਤਰ, ਉਹ ਸਾਲਾਂਬੱਧੀਂ ਵਿਆਜ ਹੀ ਮੋੜਦੇ ਰਹਿੰਦੇ ਹਨ ਜਦਕਿ ਮੂਲ ਰਕਮ ਉੱਥੇ ਹੀ ਖੜ੍ਹੀ ਰਹਿੰਦੀ ਹੈ। ਇਸ ਕਰਕੇ ਇੱਕ ਛੋਟਾ ਜਿਹਾ ਕਰਜ਼ ਵੀ ਉਹਨਾਂ ਦੇ ਗਲ ਦਾ ਫਾਹਾ ਬਣ ਜਾਂਦਾ ਹੈ।

“ਮੈਂ ਬਹੁਤ ਮੁਸੀਬਤ ਵਿੱਚ ਹਾਂ,” ਦਾਤਾਰਾਮ ਨੇ ਕਿਹਾ। “ਮੇਰੇ ਦੋ ਬੇਟੇ ਬੀ. ਐਡ. ਅਤੇ ਬੀਏ ਦੀ ਪੜ੍ਹਾਈ ਕਰ ਰਹੇ ਹਨ। ਮੈਂ ਉਹਨਾਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ। ਪਰ ਇਸ ਘਪਲੇ ਕਰਕੇ ਮੈਨੂੰ ਇੱਕ ਮਾੜਾ ਫੈਸਲਾ ਲੈਣਾ ਪਿਆ ਜਿਸਦਾ ਮੇਰੀ ਸਾਰੀ ਆਮਦਨੀ ’ਤੇ ਅਸਰ ਪਿਆ ਹੈ।”

Left: Ramkumari with her grandchild in their house in Khorghar and (right) outside her home. Her son Hemant was a victim of the fraud. While they did not suffer financial losses, the rumour mills in the village claimed they had declared Hemant dead on purpose to receive the compensation. ' I was disturbed by this gossip,' says Ramkumari, 'I can’t even think of doing that to my own son'
PHOTO • Parth M.N.
Left: Ramkumari with her grandchild in their house in Khorghar and (right) outside her home. Her son Hemant was a victim of the fraud. While they did not suffer financial losses, the rumour mills in the village claimed they had declared Hemant dead on purpose to receive the compensation. ' I was disturbed by this gossip,' says Ramkumari, 'I can’t even think of doing that to my own son'
PHOTO • Parth M.N.

ਖੱਬੇ : ਖੋਰਘਾਰ ਵਿੱਚ ਆਪਣੇ ਘਰ ਵਿੱਚ ਆਪਣੇ ਪੋਤੇ ਨਾਲ ਰਾਮਕੁਮਾਰੀ ਅਤੇ (ਸੱਜੇ) ਆਪਣੇ ਘਰ ਦੇ ਬਾਹਰ। ਉਸਦਾ ਬੇਟਾ ਹੇਮੰਤ ਘਪਲੇ ਦਾ ਪੀੜਤ ਸੀ। ਭਾਵੇਂ ਉਹਨਾਂ ਨੂੰ ਆਰਥਿਕ ਨੁਕਸਾਨ ਨਹੀਂ ਹੋਇਆ, ਪਰ ਪਿੰਡ ਵਿੱਚ ਅਫਵਾਹਾਂ ਫੈਲਾਈਆਂ ਗਈਆਂ ਕਿ ਉਹਨਾਂ ਨੇ ਮੁਆਵਜ਼ਾ ਹਾਸਲ ਕਰਨ ਲਈ ਜਾਣਬੁੱਝ ਕੇ ਹੇਮੰਤ ਨੂੰ ਮ੍ਰਿਤ ਕਰਾਰ ਦਿੱਤਾ ਸੀ। ਮੈਨੂੰ ਇਹਨਾਂ ਅਫ਼ਵਾਹਾਂ ਨੇ ਬਹੁਤ ਪਰੇਸ਼ਾਨ ਕੀਤਾ, ਰਾਮਕੁਮਾਰੀ ਨੇ ਕਿਹਾ, ਮੈਂ ਆਪਣੇ ਬੇਟੇ ਨਾਲ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੀ

45 ਸਾਲਾ ਰਾਮਕੁਮਾਰੀ ਰਾਵਤ ਲਈ (ਘਪਲੇ ਦੇ) ਨਤੀਜੇ ਵੱਖਰੀ ਕਿਸਮ ਦੇ ਰਹੇ ਹਨ। ਉਸਦਾ ਬੇਟਾ, 25 ਸਾਲਾ ਹੇਮੰਤ, ਘਪਲੇ ਦੇ ਪੀੜਤਾਂ ਵਿੱਚੋਂ ਇੱਕ ਸੀ। ਖੁਸ਼ਕਿਸਮਤੀ ਰਹੀ ਕਿ ਉਹਨਾਂ ਦੀ 10 ਏਕੜ ਜ਼ਮੀਨ ਉਸਦੇ ਪਿਤਾ ਦੇ ਨਾਂ ਸੀ, ਇਸ ਕਰਕੇ ਕੋਈ ਆਰਥਿਕ ਨੁਕਸਾਨ ਨਹੀਂ ਹੋਇਆ।

“ਪਰ ਲੋਕਾਂ ਨੇ ਸਾਡੀ ਪਿੱਠ ਪਿੱਛੇ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ,” ਖੋਰਘਾਰ ਵਿੱਚ ਆਪਣੇ ਘਰ ਦੇ ਵਿਹੜੇ ਵਿੱਚ ਆਪਣੇ ਪੋਤੇ ਨੂੰ ਝੁਲਾਉਂਦਿਆ ਰਾਮਕੁਮਾਰੀ ਨੇ ਕਿਹਾ। “ਪਿੰਡ ਵਿੱਚ ਲੋਕਾਂ ਨੂੰ ਸ਼ੱਕ ਸੀ ਕਿ ਅਸੀਂ 4 ਲੱਖ ਰੁਪਏ ਦਾ ਮੁਆਵਜ਼ਾ ਲੈਣ ਲਈ ਖੁਦ ਹੀ ਆਪਣੇ ਬੇਟੇ ਨੂੰ ਕਾਗ਼ਜ਼ਾਂ ਵਿੱਚ ਮ੍ਰਿਤ ਦਿਖਾਇਆ। ਮੈਨੂੰ ਇਸ ਅਫ਼ਵਾਹ ਨੇ ਬਹੁਤ ਪਰੇਸ਼ਾਨ ਕੀਤਾ। ਮੈਂ ਆਪਣੇ ਬੇਟੇ ਨਾਲ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੀ,” ਉਸਨੇ ਕਿਹਾ।

ਰਾਮਕੁਮਾਰੀ ਨੇ ਦੱਸਿਆ ਕਿ ਉਸਨੂੰ ਕਈ ਹਫ਼ਤਿਆਂ ਤੱਕ ਅਜਿਹੀਆਂ ਘਿਨਾਉਣੀਆਂ ਅਫ਼ਵਾਹਾਂ ਨਾਲ ਸਮਝੌਤਾ ਕਰਨ ਵਿੱਚ ਮੁਸ਼ਕਿਲ ਆਈ। ਉਸਦੀ ਮਾਨਸਿਕ ਸ਼ਾਂਤੀ ਬਰਬਾਦ ਹੋ ਗਈ। “ਮੈਂ ਬੇਚੈਨ ਅਤੇ ਚਿੜਚਿੜੀ ਹੋ ਗਈ,” ਉਸਨੇ ਕਿਹਾ। “ਮੈਂ ਸੋਚਦੀ ਰਹੀ ਕਿ ਅਸੀਂ ਇਸਦਾ ਮੁਕਾਬਲਾ ਕਿਵੇਂ ਕਰੀਏ ਅਤੇ ਕਿਵੇਂ ਲੋਕਾਂ ਨੂੰ ਚੁੱਪ ਕਰਾਈਏ।”

ਸਤੰਬਰ ਦੇ ਪਹਿਲੇ ਹਫ਼ਤੇ, ਰਾਮਕੁਮਾਰੀ ਅਤੇ ਹੇਮੰਤ ਇੱਕ ਲਿਖਤੀ ਅਰਜ਼ੀ ਲੈ ਕੇ ਜ਼ਿਲ੍ਹਾ ਕਮਿਸ਼ਨਰ ਦੇ ਦਫ਼ਤਰ ਗਏ ਅਤੇ ਉਹਨਾਂ ਤੋਂ ਜਾਂਚ ਦੀ ਮੰਗ ਕੀਤੀ। “ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜਿਉਂਦਾ ਹਾਂ,” ਹੇਮੰਤ ਨੇ ਟੇਢਾ ਜਿਹਾ ਮੁਸਕੁਰਾਉਂਦੇ ਕਿਹਾ। “ਬਹੁਤ ਅਜੀਬ ਲੱਗਿਆ ਅਜਿਹੀ ਅਰਜ਼ੀ ਲੈ ਕੇ ਉਹਨਾਂ ਦੇ ਦਫ਼ਤਰ ਜਾਣਾ। ਪਰ ਅਸੀਂ ਜੋ ਕਰ ਸਕਦੇ ਸੀ ਕੀਤਾ। ਹੋਰ ਸਾਡੇ ਹੱਥ ਵਿੱਚ ਕੀ ਸੀ? ਸਾਨੂੰ ਪਤਾ ਹੈ ਕਿ ਅਸੀਂ ਕੁਝ ਗਲਤ ਨਹੀਂ ਕੀਤਾ। ਸਾਡਾ ਜ਼ਮੀਰ ਸਾਫ਼ ਹੈ,” ਉਸਨੇ ਕਿਹਾ।

ਅਸ਼ੋਕ ਨੇ ਵੀ ਆਪਣੇ ਆਪ ਨੂੰ ਜਿਉਂਦਾ ਸਾਬਤ ਕਰਨ ਦੀ ਉਮੀਦ ਛੱਡ ਦਿੱਤੀ ਹੈ। ਇੱਕ ਦਿਹਾੜੀਦਾਰ ਮਜ਼ਦੂਰ ਦੇ ਤੌਰ ’ਤੇ ਉਸਦੀ ਪਹਿਲ ਕੰਮ ਲੱਭਣਾ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਹੈ। “ਇਹ ਵਾਢੀ ਦਾ ਮੌਸਮ ਹੈ, ਇਸ ਕਰਕੇ ਨਿਯਮਿਤ ਤੌਰ ’ਤੇ ਕੰਮ ਮਿਲ ਰਿਹਾ ਹੈ,” ਉਸਨੇ ਦੱਸਿਆ। “ਹੋਰ ਸਮੇਂ ’ਤੇ, ਇਹ ਅਨਿਯਮਿਤ ਹੁੰਦਾ ਹੈ। ਇਸ ਕਰਕੇ ਮੈਨੂੰ ਕੰਮ ਦੀ ਭਾਲ ਵਿੱਚ ਸ਼ਹਿਰ ਨੇੜੇ ਜਾਣਾ ਪੈਂਦਾ ਹੈ।”

ਥੋੜ੍ਹੇ-ਬਹੁਤ ਸਮੇਂ ਬਾਅਦ, ਜਦ ਵੀ ਉਸਨੂੰ ਸਮਾਂ ਮਿਲੇ ਉਹ ਪਤਾ ਕਰਦਾ ਰਹਿੰਦਾ ਹੈ। ਉਸਨੇ ਕਈ ਵਾਰ ਮੁੱਖ ਮੰਤਰੀ ਦੀ ਹੈਲਪਲਾਈਨ ’ਤੇ ਫੋਨ ਕੀਤਾ ਹੈ, ਪਰ ਵਿਅਰਥ। ਪਰ ਉਹ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢਦਾ ਹੋਇਆ ਆਪਣੀ ਦਿਹਾੜੀ ਨਹੀਂ ਗੁਆ ਸਕਦਾ। ਅਬ ਜਬ ਵੋ ਠੀਕ ਹੋਗਾ ਤਬ ਹੋਗਾ (ਜਦ ਸਮੱਸਿਆ ਹੱਲ ਹੋਣੀ ਹੋਵੇਗੀ, ਹੋ ਜਾਵੇਗੀ),” ਹੈਰਾਨ ਪਰੇਸ਼ਾਨ ਹੁੰਦਿਆਂ ਅਤੇ ਪਹਿਲਾਂ ਨਾਲੋਂ ਵੀ ਸਖ਼ਤ ਮਿਹਨਤ ਕਰਦਿਆਂ ਉਸਨੇ ਕਿਹਾ। ਪਰ ਫੇਰ ਵੀ, ਜ਼ਿੰਦਾ ਲਾਸ਼।

ਤਰਜਮਾ: ਅਰਸ਼ਦੀਪ ਅਰਸ਼ੀ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editors : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Editors : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

Other stories by Sarbajaya Bhattacharya
Translator : Arshdeep Arshi

Arshdeep Arshi is an independent journalist and translator based in Chandigarh and has worked with News18 Punjab and Hindustan Times. She has an M Phil in English literature from Punjabi University, Patiala.

Other stories by Arshdeep Arshi