ਮਾਜੁਲੀ ਟਾਪੂ ਦਾ ਗਰਮੂਰ ਬਾਜ਼ਾਰ ਨਵੰਬਰ ਦੇ ਮਹੀਨੇ ਵਿੱਚ ਤਿੰਨ ਦਿਨਾਂ ਲਈ ਰੰਗੀਨ ਲਾਈਟਾਂ ਅਤੇ ਮਿੱਟੀ ਦੇ ਦੀਵਿਆਂ ਨਾਲ਼ ਚਮਕਣਾ ਸ਼ੁਰੂ ਕਰ ਦਿੰਦਾ ਹੈ। ਸਰਦੀਆਂ ਦੀ ਸ਼ਾਮ ਸ਼ੁਰੂ ਹੁੰਦਿਆਂ ਹੀ ਖੋਲ ਦੇ ਢੋਲ ਦੀ ਥਾਪ ਅਤੇ ਲਾਊਡ ਸਪੀਕਰਾਂ ਰਾਹੀਂ ਤਾਲਾਂ ਦੀ ਆਵਾਜ਼ ਚਾਰੇ ਪਾਸੇ ਫੈਲ ਜਾਂਦੀ ਹੈ।

ਇਸ ਤਰ੍ਹਾਂ ਰਾਸ ਮਹੋਤਸਵ ਦੀ ਸ਼ੁਰੂਆਤ ਹੁੰਦੀ ਹੈ।

ਇਹ ਤਿਉਹਾਰ ਕਾਟੀ-ਅਗਨ ਦੇ ਆਸਾਮੀ ਮਹੀਨੇ ਦੇ ਪੂਰਨਿਮਾ ਜਾਂ ਪੂਰਨਮਾਸ਼ੀ ਵਾਲ਼ੇ ਦਿਨ ਮਨਾਇਆ ਜਾਂਦਾ ਹੈ - ਜੋ ਕਿ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਆਉਂਦਾ ਹੈ - ਜੋ ਹਰ ਸਾਲ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਟਾਪੂ ਵੱਲ ਆਕਰਸ਼ਤ ਕਰਦਾ ਹੈ। ਇਹ ਦੋ ਦਿਨਾਂ ਤੱਕ ਜਾਰੀ ਰਹਿੰਦਾ ਹੈ।

"ਜੇ ਇਹ ਤਿਉਹਾਰ ਨਾ ਹੁੰਦਾ, ਤਾਂ ਸਾਨੂੰ ਕੁਝ ਖੁੱਸਿਆ-ਖੁੱਸਿਆ ਜਿਹਾ ਮਹਿਸੂਸ ਹੁੰਦਾ। ਇਹ [ਰਾਸ ਮਹੋਤਸਵ] ਸਾਡੀ ਸੰਸਕ੍ਰਿਤੀ ਹੈ," ਬੋਰੂਨ ਚਿਤਦਰਚੁਕ ਪਿੰਡ ਵਿੱਚ ਤਿਉਹਾਰ ਦਾ ਆਯੋਜਨ ਕਰਨ ਵਾਲ਼ੀ ਕਮੇਟੀ ਦੇ ਸਕੱਤਰ ਰਾਜਾ ਪਯੇਂਗ ਕਹਿੰਦੇ ਹਨ। ਉਹ ਕਹਿੰਦੇ ਹਨ, "ਲੋਕ ਸਾਰਾ ਸਾਲ ਇਸ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰਦੇ ਹਨ।"

ਸੈਂਕੜੇ ਵਸਨੀਕ, ਆਪਣੇ ਵਧੀਆ ਕੱਪੜੇ ਪਹਿਨੇ ਹੋਏ, ਅਸਾਮ ਦੇ ਬਹੁਤ ਸਾਰੇ ਵੈਸ਼ਨਵ ਮੱਠਾਂ ਵਿੱਚੋਂ ਇੱਕ, ਗਰਮੂਰ ਸਰੂ ਸਤਰਾ ਦੇ ਨੇੜੇ ਇਕੱਠੇ ਹੋਏ ਹਨ।

PHOTO • Prakash Bhuyan

ਗਰਮੂਰ ਸਰੂ ਸਤਰਾ ਅਸਾਮ ਦੇ ਮਾਜੁਲੀ ਵਿੱਚ 60 ਤੋਂ ਵੱਧ ਸਥਾਨਾਂ ਵਿੱਚੋਂ ਇੱਕ ਹੈ ਜਿੱਥੇ 2022 ਵਿੱਚ ਮਹੋਤਸਵ ਆਯੋਜਿਤ ਕੀਤਾ ਗਿਆ ਸੀ। ਕ੍ਰਿਸ਼ਨ ਦੱਤਾ ( ਖੜ੍ਹੇ ਹਨ) ਸਟੇਜ ਨੂੰ ਸਜਾਉਣ ਦਾ ਕੰਮ ਕਰਦੇ ਹਨ

PHOTO • Prakash Bhuyan

ਪੰਜ ਸਿਰਾਂ ਵਾਲ਼ਾ ਮਿਥਿਹਾਸਕ ਸੱਪ , ਜਿਸ ਨੂੰ ਕਲਿਓ ਨਾਗ ਕਿਹਾ ਜਾਂਦਾ ਹੈ , ਸਰੂ ਸਤਰਾ ਦੀ ਕੰਧ ' ਤੇ ਆਰਾਮ ਕਰ ਰਿਹਾ ਹੈ। ਇਸ ਤਰ੍ਹਾਂ ਦੀਆਂ ਹੱਥ ਨਾਲ਼ ਬਣੀਆਂ ਬੱਲੀਆਂ ਤਿਉਹਾਰਾਂ ਦੇ ਪ੍ਰਦਰਸ਼ਨਾਂ ਦਾ ਇੱਕ ਵੱਡਾ ਭਾਗ ਹਨ

ਰਾਸ ਮਹੋਤਸਵ (ਕ੍ਰਿਸ਼ਨ ਦੇ ਨਾਚ ਦਾ ਤਿਉਹਾਰ) ਨਾਚ, ਨਾਟਕ ਅਤੇ ਸੰਗੀਤ ਪੇਸ਼ਕਾਰੀਆਂ ਰਾਹੀਂ ਭਗਵਾਨ ਕ੍ਰਿਸ਼ਨ ਦੇ ਜੀਵਨ ਦਾ ਜਸ਼ਨ ਮਨਾਉਂਦਾ ਹੈ। ਤਿਉਹਾਰ ਦੌਰਾਨ ਇੱਕ ਦਿਨ ਵਿੱਚ ਸਟੇਜ 'ਤੇ 100 ਤੋਂ ਵੱਧ ਪਾਤਰ ਵੇਖੇ ਜਾ ਸਕਦੇ ਹਨ।

ਪੇਸ਼ਕਾਰੀਆਂ ਕ੍ਰਿਸ਼ਨ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੀਆਂ ਹਨ - ਵਰਿੰਦਾਵਨ ਵਿੱਚ ਇੱਕ ਵਧਫੁੱਲ ਰਹੇ ਬੱਚੇ ਤੋਂ ਲੈ ਕੇ ਰਾਸ ਲੀਲਾ ਤੱਕ, ਕਿਹਾ ਜਾਂਦਾ ਹੈ ਕਿ ਉਸਨੇ ਗੋਪੀਆਂ ਨਾਲ਼ ਨਾਚ ਕੀਤਾ ਸੀ। ਇਸ ਸਮੇਂ ਦੌਰਾਨ ਪੇਸ਼ ਕੀਤੇ ਗਏ ਕੁਝ ਨਾਟਕ ਸ਼ੰਕਰਦੇਵ ਦੁਆਰਾ ਲਿਖੇ ਗਏ 'ਕੇਲੀ ਗੋਪਾਲ' ਅਤੇ ਉਸ ਦੇ ਚੇਲੇ ਮਾਧਵਦੇਵਾ ਨਾਲ਼ ਸਬੰਧਤ 'ਰਾਸ ਜੁਮੁਰਾ' ਦੇ ਰੂਪਾਂਤਰਣ ਹਨ।

ਗਰਮੂਰ ਮਹੋਤਸਵ ਵਿੱਚ ਭਗਵਾਨ ਵਿਸ਼ਨੂੰ ਦੀ ਭੂਮਿਕਾ ਨਿਭਾਉਣ ਵਾਲ਼ੀ ਮੁਕਤਾ ਦੱਤਾ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਉਹ ਇਸ ਭੂਮਿਕਾ ਨੂੰ ਸੰਭਾਲ ਲੈਂਦੀ ਹੈ, ਤਾਂ ਉਸ ਨੂੰ ਕੁਝ ਪਰੰਪਰਾਵਾਂ ਦੀ ਪਾਲਣਾ ਕਰਨੀ ਪੈਂਦੀ ਹੈ:"ਜਿਸ ਦਿਨ ਤੋਂ ਕਿਰਦਾਰ ਦਿੱਤਾ ਜਾਂਦਾ ਹੈ, ਉਸ ਦਿਨ ਤੋਂ, ਅਸੀਂ ਜੋ ਕ੍ਰਿਸ਼ਨ, ਨਾਰਾਇਣ ਜਾਂ ਵਿਸ਼ਨੂੰ ਦੀਆਂ ਭੂਮਿਕਾਵਾਂ ਨਿਭਾਉਂਦੇ ਹਾਂ, ਆਮ ਤੌਰ 'ਤੇ ਸਿਰਫ ਸ਼ਾਕਾਹਾਰੀ ਸਾਤਵਿਕ ਭੋਜਨ ਖਾਣ ਦੀ ਰਸਮ ਮਨਾਉਂਦੇ ਹਾਂ। ਰਾਸ ਦੇ ਪਹਿਲੇ ਦਿਨ, ਅਸੀਂ ਵਰਤ ਦਾ ਪਾਲਣ ਕਰਦੇ ਹਾਂ। ਪਹਿਲੇ ਦਿਨ ਦਾ ਸ਼ੋਅ ਖਤਮ ਹੋਣ ਤੋਂ ਬਾਅਦ ਹੀ ਅਸੀਂ ਇਸ ਬਰੂਟ (ਵਰਤ) ਨੂੰ ਤੋੜਦੇ ਹਾਂ।"

ਮਾਜੁਲੀ ਬ੍ਰਹਮਪੁੱਤਰ ਨਦੀ ਦਾ ਇੱਕ ਵੱਡਾ ਟਾਪੂ ਹੈ ਜੋ ਅਸਾਮ ਵਿੱਚੋਂ ਲਗਭਗ 640 ਕਿਲੋਮੀਟਰ ਤੱਕ ਵਗਦਾ ਜਾਂਦਾ ਹੈ। ਟਾਪੂ ਦੇ ਸਤਰਾ (ਮੱਠ) ਵੈਸ਼ਨਵਵਾਦ ਅਤੇ ਕਲਾ ਅਤੇ ਸੰਸਕ੍ਰਿਤੀ ਦੇ ਕੇਂਦਰ ਹਨ। ਸਮਾਜ ਸੁਧਾਰਕ ਅਤੇ ਸੰਤ ਸ੍ਰੀਮੰਤ ਸੰਕਰਦੇਵ ਦੁਆਰਾ 15ਵੀਂ ਸਦੀ ਵਿੱਚ ਸਥਾਪਤ ਕੀਤੇ ਗਏ, ਸਤਰਾਂ ਨੇ ਅਸਾਮ ਵਿੱਚ ਨਵ-ਵੈਸ਼ਨਵ ਭਗਤੀ ਲਹਿਰ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਮਾਜੁਲੀ ਵਿੱਚ ਇੱਕ ਵਾਰ ਸਥਾਪਤ ਕੀਤੇ ਗਏ 65 ਜਾਂ ਇਸ ਤੋਂ ਵੱਧ ਸਤਰਾਂ ਵਿੱਚੋਂ, ਅੱਜ ਸਿਰਫ 22 ਦੇ ਕਰੀਬ ਹੀ ਕੰਮ ਕਰ ਰਹੇ ਹਨ। ਬਾਕੀਆਂ ਨੂੰ ਬ੍ਰਹਮਪੁੱਤਰ ਨਦੀ ਦੇ ਵਾਰ-ਵਾਰ ਹੜ੍ਹਾਂ ਕਾਰਨ ਖੁਰਨ ਦਾ ਸਾਹਮਣਾ ਕਰਨਾ ਪਿਆ ਹੈ, ਜੋ ਕਿ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਨਦੀ ਪ੍ਰਣਾਲੀਆਂ ਵਿੱਚੋਂ ਇੱਕ ਹੈ। ਗਰਮੀਆਂ-ਮੌਨਸੂਨ ਦੇ ਮਹੀਨਿਆਂ ਦੌਰਾਨ ਹਿਮਾਲਿਆਈ ਗਲੇਸ਼ੀਅਰ ਬਰਫ ਬਣ ਪਿਘਲ ਜਾਂਦਾ ਹੈ, ਜੋ ਨਦੀ ਦੇ ਬੇਸਿਨ ਵਿੱਚ ਖਾਲੀ ਹੋਈਆਂ ਨਦੀਆਂ ਲਈ ਪਾਣੀ ਪ੍ਰਦਾਨ ਕਰਦਾ ਹੈ। ਇਹ, ਮਾਜੁਲੀ ਦੇ ਅੰਦਰ ਅਤੇ ਆਸ-ਪਾਸ ਵਰਖਾ ਦੇ ਨਾਲ਼-ਨਾਲ਼, ਖੁਰਨ ਦਾ ਮੁੱਖ ਕਾਰਨ ਬਣਦਾ ਹੈ।

PHOTO • Prakash Bhuyan

ਮੁਕਤਾ ਦੱਤਾ , ਜੋ ਵਿਸ਼ਨੂੰ ਦਾ ਕਿਰਦਾਰ ਨਿਭਾਏਗੀ , ਮੇਕ-ਅੱਪ ਕਰ ਰਹੀ ਹੈ

PHOTO • Prakash Bhuyan

ਉੱਤਰ ਕਮਲਾਬਾੜੀ ਸਤਰਾ ਦੇ ਭਿਕਸ਼ੂ ਰਾਸ ਮਹੋਤਸਵ ਵਿੱਚ ਆਪਣੀ 2016 ਦੇ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਹਨ

ਸਤਰਾ ਰਾਸ ਮਹੋਤਸਵ ਦੇ ਜਸ਼ਨ ਲਈ ਸਥਾਨਾਂ ਵਜੋਂ ਕੰਮ ਕਰਦੇ ਹਨ ਅਤੇ ਟਾਪੂ ਦੇ ਵੱਖ-ਵੱਖ ਭਾਈਚਾਰੇ ਕਮਿਊਨਿਟੀ ਹਾਲਾਂ, ਖੁੱਲ੍ਹੇ ਮੈਦਾਨ ਵਿੱਚ ਅਸਥਾਈ ਪਲੇਟਫਾਰਮਾਂ ਅਤੇ ਸਕੂਲ ਦੇ ਮੈਦਾਨਾਂ ਵਿੱਚ ਜਸ਼ਨਾਂ ਅਤੇ ਪ੍ਰਦਰਸ਼ਨਾਂ ਦਾ ਆਯੋਜਨ ਕਰਦੇ ਹਨ।

ਗਰਮੂਰ ਸਰੂ ਸਤਰਾ ਦੇ ਉਲਟ, ਉੱਤਰੀ ਸੱਜੇ ਪਾਸੇ ਬਰੀ ਸਤਰਾ ਦੇ ਪ੍ਰਦਰਸ਼ਨ ਵਿੱਚ ਆਮ ਤੌਰ 'ਤੇ ਔਰਤਾਂ ਸ਼ਾਮਲ ਨਹੀਂ ਹੁੰਦੀਆਂ। ਇੱਥੇ, ਸਤਰਾ ਦੇ ਬ੍ਰਹਮਚਾਰੀ ਭਿਕਸ਼ੂ, ਜਿਨ੍ਹਾਂ ਨੂੰ ਧਾਰਮਿਕ ਅਤੇ ਸਭਿਆਚਾਰਕ ਸਿੱਖਿਆ ਪ੍ਰਾਪਤ ਕਰਨ ਵਾਲ਼ੇ ਭਕਤ ਕਿਹਾ ਜਾਂਦਾ ਹੈ, ਅਜਿਹੇ ਨਾਟਕਾਂ ਵਿੱਚ ਪੇਸ਼ਕਾਰੀ ਕਰਦੇ ਹਨ ਜੋ ਸਾਰਿਆਂ ਲਈ ਸੁਤੰਤਰ ਅਤੇ ਖੁੱਲ੍ਹੇ ਹੁੰਦੇ ਹਨ।

82 ਸਾਲਾ ਇੰਦਰਨੀਲ ਦੱਤਾ ਰਾਸ ਮਹੋਤਸਵ ਦੇ ਸੰਸਥਾਪਕਾਂ ਵਿੱਚੋਂ ਇੱਕ ਹਨ, ਜੋ ਗਰਮੂਰ ਸਰੂ ਸਤਰਾ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਉਹ ਯਾਦ ਕਰਦੇ ਹਨ ਕਿ ਕਿਵੇਂ 1950 ਦੇ ਦਹਾਕੇ ਵਿੱਚ, ਸਤਰਾਧਿਕਾਰੀ ( ਸਤਰਾ ਦੇ ਮੁਖੀ), ਪੀਤੰਬਰ ਦੇਵ ਗੋਸਵਾਮੀ ਨੇ ਸਿਰਫ ਪੁਰਸ਼ ਅਦਾਕਾਰਾਂ ਦੀ ਪਰੰਪਰਾ ਨੂੰ ਰੋਕ ਦਿੱਤਾ ਅਤੇ ਪੇਸ਼ਕਾਰੀ ਵਿੱਚ ਮਹਿਲਾ ਅਦਾਕਾਰਾਂ ਦਾ ਸਵਾਗਤ ਕੀਤਾ।

"ਪੀਤੰਬਰ ਦੇਵ ਨੇ ਨਾਮਘਰ (ਪੂਜਾ ਸਥਾਨ) ਦੇ [ਪਰੰਪਰਾਗਤ ਸਥਾਨ] ਦੇ ਬਾਹਰ ਸਟੇਜ ਦੀ ਉਸਾਰੀ ਕੀਤੀ। ਕਿਉਂਕਿ ਨਾਮਘਰ ਇੱਕ ਪੂਜਾ ਸਥਾਨ ਹੈ, ਇਸ ਲਈ ਅਸੀਂ ਇਸ ਨੂੰ ਸਟੇਜ ਤੋਂ ਬਾਹਰ ਬਣਾਇਆ ਸੀ," ਉਹ ਯਾਦ ਕਰਦੇ ਹਨ।

ਇਹ ਪਰੰਪਰਾ ਅੱਜ ਵੀ ਜਾਰੀ ਹੈ। ਗਰਮੂਰ ਉਨ੍ਹਾਂ 60 ਤੋਂ ਵੱਧ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਮਹੋਤਸਵ ਦਾ ਆਯੋਜਨ ਕੀਤਾ ਜਾਂਦਾ ਹੈ। ਸ਼ੋਅ ਦੀ ਟਿਕਟ ਲੱਗਦੀ ਹੈ ਅਤੇ ਆਡੀਟੋਰੀਅਮ ਵਿੱਚ ਆਯੋਜਿਤ ਕੀਤੇ ਜਾਂਦੇ ਅਤੇ ਲਗਭਗ 1,000 ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਜਾਂਦੀ ਹੈ।

PHOTO • Prakash Bhuyan
PHOTO • Prakash Bhuyan

ਖੱਬੇ ਪਾਸੇ: ਗਾਮੌਰ ਸਤਰਾ ਵਿਖੇ ਰਿਹਰਸਲ ਮਹੋਤਸਵ ਤੋਂ ਦੋ ਹਫ਼ਤੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਸੱਜੇ ਪਾਸੇ: ਬੱਚੇ ਗੋਪਾ ਮੁੰਡਿਆਂ [ਪਸ਼ੂਪਾਲਕ ਮੁੰਡਿਆਂ] ਵਜੋਂ ਆਪਣੀਆਂ ਭੂਮਿਕਾਵਾਂ ਲਈ ਅਭਿਆਸ ਕਰਦੇ ਹਨ। ਇੱਕ ਮਾਂ ਆਪਣੇ ਬੱਚੇ ਦੀ ਧੋਤੀ ਸਹੀ ਕਰਦੀ ਹੋਈ ਜੋ ਨਾਟਕ ਦੀ ਇੱਕ ਪੁਸ਼ਕ ਹੈ

ਇੱਥੇ ਪੇਸ਼ ਕੀਤੇ ਗਏ ਨਾਟਕ ਸ਼ੰਕਰਦੇਵ ਅਤੇ ਵੈਸ਼ਨਵ ਪਰੰਪਰਾ ਦੇ ਹੋਰ ਲੋਕਾਂ ਦੁਆਰਾ ਲਿਖੇ ਗਏ ਨਾਟਕਾਂ ਦੇ ਰੂਪਾਂਤਰਣ ਹਨ, ਜਿਨ੍ਹਾਂ ਨੂੰ ਤਜ਼ਰਬੇਕਾਰ ਕਲਾਕਾਰਾਂ ਦੁਆਰਾ ਨਵੇਂ ਰੂਪਾਂਤਰਿਤ ਕੀਤਾ ਗਿਆ ਹੈ। ''ਜਦੋਂ ਮੈਂ ਕੋਈ ਨਾਟਕ ਲਿਖਦਾ ਹਾਂ, ਤਾਂ ਮੈਂ ਉਸ ਵਿੱਚ ਵਿਸ਼ਵ ਸੱਭਿਆਚਾਰ ਦੇ ਤੱਤਾਂ ਨੂੰ ਪੇਸ਼ ਕਰਦਾ ਹਾਂ।'' ਇੰਦਰਨੀਲ ਦੱਤਾ ਕਹਿੰਦੇ ਹਨ, "ਸਾਨੂੰ ਆਪਣੀ ਜਾਤ (ਭਾਈਚਾਰੇ) ਅਤੇ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਹੋਵੇਗਾ।''

ਮੁਕਤਾ ਦੱਤਾ ਕਹਿੰਦੀ ਹੈ, "ਮੁੱਖ ਰਿਹਰਸਲ ਦੀਵਾਲ਼ੀ ਦੇ ਅਗਲੇ ਹੀ ਦਿਨ ਸ਼ੁਰੂ ਹੋ ਜਾਂਦੀ ਹੈ। ਇੰਝ ਪ੍ਰਦਰਸ਼ਕਾਂ ਨੂੰ ਤਿਆਰ ਹੋਣ ਲਈ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਮਿਲ਼ਦਾ ਹੈ। ''ਜਿਨ੍ਹਾਂ ਲੋਕਾਂ ਨੇ ਅਤੀਤ ਵਿੱਚ ਕੰਮ ਕੀਤਾ ਹੁੰਦਾ ਹੈ ਤੇ ਹੁਣ ਹੋਰ ਥਾਵੇਂ ਰਹਿ ਰਹੇ ਹਨ। ਉਨ੍ਹਾਂ ਨੂੰ ਵਾਪਸ ਲਿਆਉਣਾ ਅਸੁਵਿਧਾਜਨਕ ਹੈ," ਦੱਤਾ ਕਹਿੰਦੇ ਹਨ, ਜੋ ਇੱਕ ਅਭਿਨੇਤਾ ਹੋਣ ਤੋਂ ਇਲਾਵਾ, ਗਰਮੂਰ ਸੰਸਕ੍ਰਿਤ ਸਕੂਲ (ਸਕੂਲ) ਵਿੱਚ ਅੰਗਰੇਜ਼ੀ ਪੜ੍ਹਾਉਂਦੇ ਹਨ।

ਕਾਲਜ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਆਮ ਤੌਰ 'ਤੇ ਮਹੋਤਸਵ ਦੇ ਅਨੁਕੂਲ ਹੁੰਦੀਆਂ ਹਨ। "[ਵਿਦਿਆਰਥੀ] ਅਜੇ ਵੀ ਆਉਂਦੇ ਹਨ, ਭਾਵੇਂ ਇੱਕ ਦਿਨ ਲਈ ਹੀ ਕਿਉਂ ਨਾ ਆਉਣ। ਉਹ ਰਾਸ ਸ਼ੋਅ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹਨ ਅਤੇ ਅਗਲੇ ਦਿਨ ਆਪਣੇ ਇਮਤਿਹਾਨਾਂ ਲਈ ਰਵਾਨਾ ਹੋ ਜਾਂਦੇ ਹਨ," ਮੁਕਤਾ ਕਹਿੰਦੀ ਹੈ।

ਤਿਉਹਾਰ ਦੇ ਆਯੋਜਨ ਦੀ ਲਾਗਤ ਹਰ ਸਾਲ ਵੱਧਦੀ ਹੈ। ਗਰਮੂਰ ਵਿੱਚ, 2022 ਵਿੱਚ ਲਗਭਗ 4 ਲੱਖ ਰੁਪਏ ਇਕੱਠੇ ਕੀਤੇ ਗਏ ਸਨ। ਮੁਕਤਾ ਕਹਿੰਦੀ ਹੈ, "ਅਸੀਂ ਤਕਨੀਸ਼ੀਅਨਾਂ ਨੂੰ ਭੁਗਤਾਨ ਕਰਦੇ ਹਾਂ। ਅਦਾਕਾਰ ਸਵੈ-ਇੱਛਾ ਨਾਲ਼ ਅਜਿਹਾ ਕਰਦੇ ਹਨ। ਲਗਭਗ 100 ਤੋਂ 150 ਲੋਕ ਆਪਣੀ ਮਰਜ਼ੀ ਨਾਲ਼ ਕੰਮ ਕਰਦੇ ਹਨ।''

ਬੋਰੂਨ ਚਿਤਦਰਚੁਕ ਵਿਖੇ ਰਾਸ ਮਹੋਤਸਵ ਸਕੂਲ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਅਤੇ ਅਸਾਮ ਵਿੱਚ ਇੱਕ ਅਨੁਸੂਚਿਤ ਕਬੀਲੇ, ਮਿਸਿੰਗ (ਜਾਂ ਮਿਸ਼ਿੰਗ) ਭਾਈਚਾਰੇ ਦੇ ਮੈਂਬਰਾਂ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ, ਨੌਜਵਾਨ ਪੀੜ੍ਹੀ ਵਿੱਚ ਦਿਲਚਸਪੀ ਦੀ ਘਾਟ ਅਤੇ ਇਸ ਖੇਤਰ ਤੋਂ ਪਰਵਾਸ ਦੇ ਵੱਧਦੇ ਮਾਮਲਿਆਂ ਨੇ ਪ੍ਰਦਰਸ਼ਕਾਂ ਦੀ ਗਿਣਤੀ ਨੂੰ ਘਟਾ ਦਿੱਤਾ ਹੈ। ਫਿਰ ਵੀ ਉਹ ਕਹਿੰਦੇ ਹਨ,"ਜੇ ਅਸੀਂ ਇਸ ਦਾ ਅਯੋਜਨ ਨਾ ਕਰੀਏ, ਤਾਂ ਪਿੰਡ ਵਿੱਚ ਕੁਝ ਨਾ ਕੁਝ ਅਸ਼ੁਭ ਵਾਪਰ ਸਕਦਾ ਹੁੰਦਾ ਹੈ," ਰਾਜਾ ਪੇਂਗ ਕਹਿੰਦੇ ਹਨ। "ਇਹ ਪਿੰਡ ਦਾ ਹਰਮਨ ਪਿਆਰਾ ਵਿਸ਼ਵਾਸ ਹੈ।''

PHOTO • Prakash Bhuyan

ਰਾਸ ਤਿਉਹਾਰ ਹਰ ਸਾਲ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਮਾਜੁਲੀ ਵੱਲ ਆਕਰਸ਼ਤ ਕਰਦਾ ਹੈ। ਬ੍ਰਹਮਪੁੱਤਰ ਨਦੀ ' ਤੇ ਸੱਜੇ ਪਾਸੇਬਾਰੀ ਘਾਟ ਇੱਕ ਮਹੱਤਵਪੂਰਣ ਕਿਸ਼ਤੀ ਸਟਾਪ ਹੈ ਅਤੇ ਤਿਉਹਾਰਾਂ ਦੇ ਮੌਸਮ ਵਿੱਚ ਹੋਰ ਵੀ ਭੀੜ ਹੁੰਦੀ ਹੈ

PHOTO • Prakash Bhuyan

ਪਿਛਲੇ 11 ਸਾਲਾਂ ਤੋਂ , ਬਾਸਤਵ ਸੈਕੀਆ ਤਿਉਹਾਰ ਦੇ ਪਲੇਟਫਾਰਮਾਂ ' ਤੇ ਕੰਮ ਕਰਨ ਲਈ ਨਾਗਾਓਂ ਜ਼ਿਲ੍ਹੇ ਤੋਂ ਮਾਜੁਲੀ ਦੀ ਯਾਤਰਾ ਕਰ ਰਿਹਾ ਹੈ। ਇੱਥੇ , ਉਹ ਕੰਸਾ ਦੇ ਤਖਤ ਦੇ ਪਿਛੋਕੜ ਨੂੰ ਦਰਸਾ ਰਿਹਾ ਹੈ , ਜਿਸ ਨੂੰ ਗਮੌਰ ਸ਼ੋਅ ਵਿੱਚ ਵਰਤਿਆ ਜਾਵੇਗਾ

PHOTO • Prakash Bhuyan

ਮਾਪੇ ਆਪਣੇ ਬੱਚਿਆਂ ਦਾ ਮੇਕ-ਅੱਪ ਕਰਾਉਣ ਲਈ ਇੱਕ ਸਥਾਨਕ ਪ੍ਰਾਇਮਰੀ ਸਕੂਲ ਅਧਿਆਪਕ , ਅਨਿਲ ਸਰਕਾਰ (ਵਿੱਚਕਾਰ) ਦੁਆਲ਼ੇ ਜੁੜਦੇ ਹੋਏ

PHOTO • Prakash Bhuyan

ਸਟੇਜ ਦੇ ਪਿਛਲੇ ਪਾਸੇ , ਗੋਪਾ ਬਾਲਕਾਂ ਦੇ ਕੱਪੜੇ ਪਹਿਨੇ ਬੱਚੇ, ਆਪਣੇ ਦ੍ਰਿਸ਼ਾਂ ਲਈ ਤਿਆਰੀ ਕਰਦੇ ਹਨ

PHOTO • Prakash Bhuyan

ਪੱਤਰਕਾਰਾਂ ਨੇ ਮ੍ਰਿਦੁਪਵਾਨ ਭੁਯਾਨ ਦਾ ਇੰਟਰਵਿਊ ਲਿਆ , ਜੋ ਗਰਮੂਰ ਸਰੂ ਸਤਰਾ ਦੇ ਤਿਉਹਾਰ ਵਿੱਚ ਕੰਸ ਦੀ ਭੂਮਿਕਾ ਨਿਭਾਉਂਦਾ ਹੈ

PHOTO • Prakash Bhuyan

ਮੁਕਤਾ ਦੱਤਾ ਸੁੱਤੇ ਹੋਏ ਬੱਚੇ ਨੂੰ ਦਿਲਾਸਾ ਦਿੰਦੀ ਹੈ

PHOTO • Prakash Bhuyan

ਔਰਤਾਂ ਕਲਿਓ ਨਾਗ ਦੀ ਤਸਵੀਰ ਦੇ ਦੁਆਲ਼ੇ ਦੀਵੇ ਅਤੇ ਅਗਰਬੱਤੀ ਜਲਾ ਰਹੀਆਂ ਹਨ। ਇਹ ਜਸ਼ਨ ਤਿਉਹਾਰ ਦੀ ਸ਼ੁਰੂਆਤ ਤੋਂ ਪਹਿਲਾਂ ਆਯੋਜਿਤ ਕੀਤੀਆਂ ਜਾਂਦੀਆਂ ਪ੍ਰਾਰਥਨਾਵਾਂ ਦਾ ਇੱਕ ਹਿੱਸਾ ਹੈ

PHOTO • Prakash Bhuyan

ਗਰਮੂਰ ਸਰੂ ਸਤਰਾ ਦੇ ਗੇਟਾਂ ਨੇੜੇ ਤਸਵੀਰਾਂ ਖਿਚਵਾ ਰਹੇ ਲੋਕ

PHOTO • Prakash Bhuyan

ਪ੍ਰਸਤਾਵਨ ਵਿੱਚ ਨਾਟਕ ਦੇ ਪਹਿਲੇ ਦ੍ਰਿਸ਼ , ਬ੍ਰਹਮਾ (ਸੱਜੇ ਪਾਸੇ) , ਮਹੇਸ਼ਵਰ (ਕੇਂਦਰ) , ਵਿਸ਼ਨੂੰ ਅਤੇ ਲਕਸ਼ਮੀ (ਖੱਬੇ ਪਾਸੇ) ਵਿੱਚ ਧਰਤੀ ਦੀ ਸਥਿਤੀ ਬਾਰੇ ਚਰਚਾ ਕੀਤੀ ਗਈ ਹੈ

PHOTO • Prakash Bhuyan

ਰਾਖ਼ਸ਼ੀ ਪੁਤੋਨਾ (ਵਿਚਕਾਰਲਾ) ਦੇ ਰੂਪ ਵਿੱਚ ਨੌਜਵਾਨ ਔਰਤ (ਮੋਹਿਨੀ ਪੁਤੋਨਾ) ਕੰਸ (ਖੱਬੇ ਪਾਸੇ) ਨੂੰ ਭਰੋਸਾ ਦਿਵਾਉਂਦੀ ਹੈ ਕਿ ਬਾਲ਼ ਕ੍ਰਿਸ਼ਨ ਨੂੰ ਮਾਰ ਸਕਦੀ ਹੈ

PHOTO • Prakash Bhuyan

ਗੋਪੀਆਂ ਦੇ ਪਹਿਰਾਵੇ ਵਿੱਚ ਜਵਾਨ ਕੁੜੀਆਂ ਨੰਦੋਤਸਵਮ ਦ੍ਰਿਸ਼ ਲਈ ਸਟੇਜ ਦੇ ਪਿੱਛੇ ਤਿਆਰ ਹੋ ਰਹੀਆਂ ਹਨ ਜਿੱਥੇ ਵ੍ਰਿੰਦਾਵਨ ਦੇ ਲੋਕ ਭਗਵਾਨ ਕ੍ਰਿਸ਼ਨ ਦੇ ਜਨਮ ਦਾ ਜਸ਼ਨ ਮਨਾਉਂਦੇ ਹਨ

PHOTO • Prakash Bhuyan

ਰਾਸ ਮਹੋਤਸਵ ਨਾਚ , ਨਾਟਕ ਅਤੇ ਸੰਗੀਤ ਪੇਸ਼ਕਾਰੀਆਂ ਰਾਹੀਂ ਭਗਵਾਨ ਕ੍ਰਿਸ਼ਨ ਦੇ ਜੀਵਨ ਦਾ ਜਸ਼ਨ ਮਨਾਉਂਦਾ ਹੈ। ਤਿਉਹਾਰ ਦੌਰਾਨ ਇੱਕੋ ਹੀ ਦਿਨ ਸਟੇਜ ' ਤੇ 100 ਤੋਂ ਵੱਧ ਕਲਾਕਾਰਾਂ ਨੂੰ ਦੇਖਿਆ ਜਾ ਸਕਦਾ ਹੈ

PHOTO • Prakash Bhuyan

ਰਾਖਸ਼ੀ ਪੁਤੋਨਾ ਬਾਲ਼ ਕ੍ਰਿਸ਼ਨ ਨੂੰ ਦੁੱਧ ਪਿਲਾ ਕੇ ਜ਼ਹਿਰ ਦੇਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਹ ਆਪ ਹੀ ਜਾਨ ਗੁਆ ਬਹਿੰਦੀ ਹੈ ਯਸ਼ੋਦਾ (ਖੱਬੇ ਪਾਸੇ) ਘਟਨਾ ਸਥਾਨ ' ਤੇ ਪਹੁੰਚਦੀ ਹੈ

PHOTO • Prakash Bhuyan

ਬਾਲ ਕ੍ਰਿਸ਼ਨ ਵ੍ਰਿੰਦਾਵਨ ਵਿੱਚ ਗੋਪੀਆਂ ਨਾਲ਼ ਨੱਚਦਾ ਹੋਇਆ

PHOTO • Prakash Bhuyan

ਗਰਮੂਰ ਸਰੂ ਸਤਰਾ ਵਿੱਚ , ਬੱਚੇ ਇੱਕ ਦ੍ਰਿਸ਼ ਪੇਸ਼ ਕਰਦੇ ਹਨ ਜਿੱਥੇ ਰਾਖਸ਼ ਬੋਕਾਸੂਰ , ਜੋ ਇੱਕ ਸਾਰਸ ਦਾ ਰੂਪ ਧਾਰਨ ਕਰਦਾ ਹੈ , ਨੂੰ ਬਾਲ ਕ੍ਰਿਸ਼ਨ ਦੁਆਰਾ ਹਰਾਇਆ ਤੇ ਫਿਰ ਮਾਰ ਦਿੱਤਾ ਜਾਂਦਾ ਹੈ

PHOTO • Prakash Bhuyan

ਕ੍ਰਿਸ਼ਨ ਅਤੇ ਉਸ ਦੇ ਭਰਾ ਬਲਰਾਮ ਦੀ ਭੂਮਿਕਾ ਨਿਭਾਉਣ ਵਾਲ਼ੇ ਨੌਜਵਾਨ ਅਭਿਨੇਤਾ ਢੇਨੂਕਾਸੁਰ ਬਾਧ ਨਾਟਕ ਵਿੱਚ ਭੂਤ ਢੇਨੂਕਾ ਦੀ ਮੌਤ ਦਾ ਦ੍ਰਿਸ਼ ਨਿਭਾਉਂਦੇ ਹਨ

PHOTO • Prakash Bhuyan

ਅਸਾਮ ਦੇ ਮਾਜੁਲੀ ਵਿੱਚ ਗਰਮੂਰ ਸਰੂ ਸਤਰਾ ਰਾਸ ਮਹੋਤਸਵ ਵਿੱਚ ਵੱਡੀ ਗਿਣਤੀ ਵਿੱਚ ਅਭਿਨੇਤਾ ਬੱਚੇ ਹੀ ਹਨ

PHOTO • Prakash Bhuyan

ਕਾਲੀਓ ਦਮਨ ਦੇ ਦ੍ਰਿਸ਼ ਵਿੱਚ ਦਿਖਾਇਆ ਗਿਆ ਹੈ ਕਿ ਕ੍ਰਿਸ਼ਨ ਯਮੁਨਾ ਨਦੀ ' ਤੇ ਰਹਿਣ ਵਾਲ਼ੇ ਕਲੀਯੋ ਨਾਗਾ ਨੂੰ ਹਰਾ ਰਹੇ ਹਨ ਅਤੇ ਉਹਦੇ ਸਿਰ ' ਤੇ ਨੱਚ ਰਹੇ ਹਨ

PHOTO • Prakash Bhuyan

ਅਦਾਕਾਰ ਅਤੇ ਦਰਸ਼ਕ ਮੈਂਬਰ ਬਾਲ ਪੇਸ਼ਕਾਰੀਆਂ ਦਾ ਮਜ਼ਾ ਲੈ ਰਹੇ ਹਨ

PHOTO • Prakash Bhuyan

2016 ਵਿੱਚ , ਉੱਤਰੀ ਸੱਜੇ ਪਾਸੇਬਾੜੀ ਸਤਰਾ ਵਿਖੇ , ਭਿਕਸ਼ੂ ਨਾਟਕ ਕੇਲੀ ਗੋਪਾਲ ਦੀ ਰਿਹਰਸਲ ਦੀ ਤਿਆਰੀ ਕਰ ਰਹੇ ਹਨ , ਜੋ ਕਿ ਮਹੋਤਸਵ ਵਿੱਚ ਪੇਸ਼ ਕੀਤਾ ਜਾਣਾ ਸੀ। 1955 ਵਿੱਚ ਹਾਲ ਦੇ ਨਿਰਮਾਣ ਤੋਂ ਪਹਿਲਾਂ , ਨਾਮਘਰ (ਪ੍ਰਾਰਥਨਾ ਹਾਲ) ਵਿੱਚ ਪ੍ਰਦਰਸ਼ਨ ਕੀਤੇ ਗਏ ਸਨ

PHOTO • Prakash Bhuyan

ਰਾਸ ਮਹੋਤਸਵ ਲਈ ਉੱਤਰ ਕਮਲਾਬਾੜੀ ਸਤਰਾ ਵਿਖੇ ਰਿਹਰਸਲਾਂ ਦਾ ਆਖਰੀ ਦਿਨ

PHOTO • Prakash Bhuyan

ਨਿਰੰਜਨ ਸੈਕੀਆ (ਖੱਬੇ ਪਾਸੇ) ਅਤੇ ਕ੍ਰਿਸ਼ਨ ਜੋਦੁਮੋਨੀ ਸੈਕਾ (ਸੱਜੇ ਪਾਸੇ) , ਉੱਤਰ ਕਮਲਾਬਾੜੀ ਸਤਰਾ ਦੇ ਭਿਕਸ਼ੂ , ਉਨ੍ਹਾਂ ਦੇ ਬੋਹਾ (ਕੁਆਰਟਰਾਂ) ਵਿੱਚ ਹਨ। ਪੁਸ਼ਾਕਾਂ ਪਹਿਨਣਾ ਇੱਕ ਲੰਬੀ-ਚੌੜੀ (ਵਿਸਤਰਿਤ) ਪ੍ਰਕਿਰਿਆ ਹੈ

PHOTO • Prakash Bhuyan

ਸ਼ੋਅ ਵਿੱਚ ਵਰਤੇ ਜਾਂਦੇ ਮਖੌਟੇ ਅਤੇ ਉਨ੍ਹਾਂ ਨੂੰ ਬਣਾਉਣ ਦੀ ਪ੍ਰਕਿਰਿਆ ਰਾਸ ਮਹੋਤਸਵ ਦਾ ਇੱਕ ਅਨਿੱਖੜਵਾਂ ਅੰਗ ਹਨ। ਇੱਥੇ , ਅਦਾਕਾਰ ਅਸੁਰਾਂ ਅਤੇ ਦਾਨਬਾਂ ਦੇ ਪਾਤਰਾਂ ਲਈ ਬਣੇ ਮੁਖੌਟੇ ਪਹਿਨ ਕੇ ਸਟੇਜ ' ਤੇ ਕਦਮ ਰੱਖਦੇ ਹਨ

PHOTO • Prakash Bhuyan

ਤਿਉਹਾਰ ਲਈ ਬੋਰੂਨ ਚਿਤਾਦਰ ਚੁਕ ਪਿੰਡ ਦੇ ਸਥਾਨ ' ਤੇ ਇੱਕ ਕਾਲੀਓ ਨਾਗ ਮਖੌਟੇ ਪੇਂਟ ਕੀਤਾ ਗਿਆ ਹੈ

PHOTO • Prakash Bhuyan

ਮੁਨੀਮ ਕਾਮਨ (ਵਿਚਕਾਰ) ਬੋਰੂਨ ਚਿਤਾਦਰ ਚੁਕ ਵਿਖੇ ਤਿਉਹਾਰ ਦੀ ਸ਼ੁਰੂਆਤ ਮੌਕੇ ਪ੍ਰਾਰਥਨਾ ਦੌਰਾਨ ਦਮੋਦਰ ਮਿਲੀ ਦੀ ਫੋਟੋ ਦੇ ਸਾਹਮਣੇ ਇੱਕ ਦੀਵਾ ਜਗਾਉਂਦੇ ਹਨ। ਮਿਲੀ , ਜਿਸ ਦਾ ਇੱਕ ਦਹਾਕਾ ਪਹਿਲਾਂ ਦੇਹਾਂਤ ਹੋ ਗਿਆ ਸੀ , ਨੇ ਪਿੰਡ ਦੇ ਲੋਕਾਂ ਨੂੰ ਰਾਸ ਦਾ ਆਯੋਜਨ ਕਰਨਾ ਸਿਖਾਇਆ

PHOTO • Prakash Bhuyan

ਮਾਜੁਲੀ ਵਿੱਚ ਬੋਰੂਨ ਚਿਤਦਰ ਚੁਕ ਵਿਖੇ ਸਟੇਜ

PHOTO • Prakash Bhuyan

ਅਪੂਰਬੋ ਕਾਮਨ (ਵਿਚਕਾਰ) ਆਪਣੇ ਪ੍ਰਦਰਸ਼ਨ ਲਈ ਤਿਆਰ ਹੋ ਰਿਹਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਬੋਰੂਨ ਚਿੱਤਦਾਰ ਚੁਕ ਤਿਉਹਾਰ ਵਿੱਚ ਕੰਸ ਦੀ ਭੂਮਿਕਾ ਨਿਭਾ ਰਿਹਾ ਹੈ

PHOTO • Prakash Bhuyan

ਇੱਕ ਛੋਟਾ ਜਿਹਾ ਮੁੰਡਾ ਸ਼ੋਅ ਵਿੱਚ ਵਰਤੇ ਜਾਣ ਵਾਲ਼ੇ ਮਖੌਟੇ ਵਿੱਚੋਂ ਇੱਕ ਨੂੰ ਅਜ਼ਮਾਉਂਦਾ ਹੈ

PHOTO • Prakash Bhuyan

ਮਿਸਿੰਗ ਭਾਈਚਾਰੇ ਦੁਆਰਾ ਤਿਆਰ ਕੀਤਾ ਸੂਰ ਦਾ ਭੁੰਨਿਆ ਹੋਇਆ ਮਾਸ ਅਤੇ ਰਵਾਇਤੀ ਚਾਵਲ ਦੀ ਬੀਅਰ ਅਪੋਂਗ ਬੋਰੂਨ ਚਿਤਾਦਰ ਚੁਕ ਮਹੋਤਸਵ ਦੀ ਪ੍ਰਸਿੱਧ ਦਾਅਵਤ ਹੈ


ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।

ਤਰਜਮਾ: ਕਮਲਜੀਤ ਕੌਰ

Prakash Bhuyan

Prakash Bhuyan is a poet and photographer from Assam, India. He is a 2022-23 MMF-PARI Fellow covering the art and craft traditions in Majuli, Assam.

Other stories by Prakash Bhuyan
Editor : Swadesha Sharma

Swadesha Sharma is a researcher and Content Editor at the People's Archive of Rural India. She also works with volunteers to curate resources for the PARI Library.

Other stories by Swadesha Sharma
Photo Editor : Binaifer Bharucha

Binaifer Bharucha is a freelance photographer based in Mumbai, and Photo Editor at the People's Archive of Rural India.

Other stories by Binaifer Bharucha
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur