ਕੁਝ ਮਹੀਨੇ ਪਹਿਲਾਂ ਦੀ ਗੱਲ ਹੈ, ਇੱਕ ਸਵੇਰ ਮੈਂ ਵਰਸੋਵਾ ਘਾਟ ਦੀ ਖਾੜੀ ਕੰਢੇ ਇੱਕ ਚੱਟਾਨ 'ਤੇ ਬੈਠੇ ਰਾਮ ਜੀ ਭਾਈ ਨੂੰ ਪੁੱਛਿਆ ਕਿ ਉਹ ਕੀ ਕ ਰਹੇ ਹਨ। ''ਟਾਈਮ ਪਾਸ,'' ਉਨ੍ਹਾਂ ਨੇ ਜਵਾਬ ਦਿੱਤਾ। ''ਇਹਨੂੰ ਮੈਂ ਘਰ ਲੈ ਜਾਊਂਗਾ ਅਤੇ ਖਾਊਂਗਾ,'' ਉਨ੍ਹਾਂ ਨੇ ਇੱਕ ਛੋਟੀ ਜਿਹੀ ਟੇਂਗੜਾ (ਕੈਟਫ਼ਿਸ ਦੀ ਇੱਕ ਕਿਸਮ) ਵੱਲ ਇਸ਼ਾਰਾ ਕਰਦਿਆਂ ਕਿਹਾ। ਇਹ ਮੱਛੀ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਨੇ ਫੜ੍ਹੀ ਸੀ। ਮੈਂ ਹੋਰਨਾਂ ਮਛੇਰਿਆਂ ਨੂੰ ਜਾਲ਼ ਸਾਫ਼ ਕਰਦੇ ਦੇਖਿਆ, ਜਿਹਨੂੰ ਉਨ੍ਹਾਂ ਨੇ ਬੀਤੀ ਰਾਤੀ ਖਾੜੀ ਵਿੱਚ ਸੁੱਟਿਆ ਸੀ- ਜਿਸ ਵਿੱਚ ਮੱਛੀ ਤਾਂ ਕੋਈ ਨਹੀਂ ਫ਼ਸੀ, ਉਲਟਾ ਪਲਾਸਟਿਕ ਦਾ ਕਚਰਾ ਜ਼ਰੂਰ ਫਸ ਗਿਆ।

''ਅੱਜ ਦੀ ਤਰੀਕ ਵਿੱਚ ਖਾੜੀ ਵਿਖੇ ਮੱਛੀ ਫੜ੍ਹਨਾ ਖ਼ਾਲਾ ਜੀ ਦਾ ਵਾੜਾ ਨਹੀਂ ਰਿਹਾ,'' ਭਗਵਾਨ ਨਾਮਦੇਵ ਭਾਣਜੀ ਕਹਿੰਦੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਦੇ 70 ਸਾਲ ਤੋਂ ਵੱਧ ਦਾ ਸਮਾਂ ਉੱਤਰੀ ਮੁੰਬਈ ਦੇ ਕੇ-ਵੈਸਟ ਵਾਰਡ ਵਿਖੇ ਸਥਿਤ ਮਛੇਰਿਆਂ ਦੇ ਪਿੰਡ, ਵਰਸੋਵਾ ਕੋਲੀਵਾੜਾ ਵਿਖੇ ਬਿਤਾਇਆ ਹੈ। ਉਹ ਕਹਿੰਦੇ ਹਨ,''ਅਸੀਂ ਜਦੋਂ ਛੋਟੇ ਸਾਂ ਤਾਂ ਇੱਥੋਂ ਦਾ ਤਟ ਮਾਰੀਸ਼ਸ ਜਿਹਾ ਹੁੰਦਾ ਸੀ। ਜੇਕਰ ਤੁਸੀਂ ਪਾਣੀ ਵਿੱਚ ਸਿੱਕਾ ਸੁੱਟਦੇ ਤਾਂ ਸੌਖ਼ਿਆ ਦੇਖ ਸਕਦੇ ਸੋ... ਪਾਣੀ ਇੰਨਾ ਕੁ ਸਾਫ਼ ਹੋਇਆ ਕਰਦਾ ਸੀ।''

ਜੋ ਮੱਛੀਆਂ ਭਗਵਾਨ ਦੇ ਗੁਆਂਢੀਆਂ ਦੇ ਜਾਲ਼ ਵਿੱਚ ਫੱਸਦੀਆਂ ਹਨ, ਉਹ ਵੀ ਜਾਲ਼ ਨੂੰ ਡੂੰਘੇ ਸਮੁੰਦਰੀ ਸੁੱਟ ਕੇ ਫੜ੍ਹੀਆਂ ਜਾਂਦੀਆਂ ਹਨ ਅਤੇ ਫਸਣ ਵਾਲ਼ੀਆਂ ਮੱਛੀਆਂ ਅਕਸਰ ਛੋਟੀਆਂ ਹੁੰਦੀਆਂ ਹਨ। ਭਗਵਾਨ ਦੀ ਨੂੰਹ, 48 ਸਾਲਾ ਪ੍ਰਿਯਾ ਭਾਨਜੀ ਕਹਿੰਦੀ ਹਨ,''ਪਹਿਲਾਂ ਸਾਡੇ ਹੱਥ ਵੱਡੀਆਂ ਪੌਮਫ੍ਰੇਟ ਮੱਛੀਆਂ ਲੱਗ ਜਾਇਆ ਕਰਦੀਆਂ ਸਨ, ਪਰ ਹੁਣ ਸਿਰਫ਼  ਛੋਟੀਆਂ ਮੱਛੀਆਂ ਹੀ ਰਹਿ ਗਈਆਂ ਹਨ। ਇਸ ਗਿਰਾਵਟ ਦਾ ਸਾਡੇ ਕਾਰੋਬਾਰ 'ਤੇ ਵੱਡਾ ਪ੍ਰਭਾਵ ਪਿਆ ਹੈ।'' ਉਹ 25 ਸਾਲਾਂ ਤੋਂ ਮੱਛੀਆਂ ਵੇਚਣ ਦਾ ਕੰਮ ਕਰ ਰਹੀਆਂ ਹਨ।

ਮੱਛੀਆਂ ਦੀ ਗਿਣਤੀ ਕਿਉਂ ਘੱਟ ਰਹੀ ਹੈ ਇਹ ਗੱਲ ਸਮਝਾਉਣ ਵਾਸਤੇ ਵਰਸੋਵਾ ਕੋਲੀਵਾੜਾ ਦੇ ਹਰੇਕ ਵਿਅਕਤੀ ਕੋਲ਼ ਇੱਕ ਕਹਾਣੀ ਹੈ-ਕੋਲੀਵਾੜਾ ਵਿਖੇ ਮਛੇਰਿਆਂ ਦੇ 1,072 ਪਰਿਵਾਰ ਰਹਿੰਦੇ ਹਨ ਅਤੇ ਕੁੱਲ 4,943 ਲੋਕ ਇਸ ਕਾਰੋਬਾਰ ਵਿੱਚ ਸ਼ਾਮਲ ਹਨ (2010 ਦੀ ਸਮੁੰਦਰੀ ਮੱਛੀਆਂ ਦੀ ਜਨਗਣਨਾ ਮੁਤਾਬਕ) ਅਤੇ ਉਹ ਸਥਾਨਕ ਪੱਧਰ 'ਤੇ ਪ੍ਰਦੂਸ਼ਣ ਤੋਂ ਲੈ ਕੇ ਸੰਸਾਰ-ਪੱਧਰ 'ਤੇ ਵੱਧਦੇ ਤਾਪਮਾਨ ਤੱਕ ਨੂੰ ਇਹਦਾ ਕਾਰਨ ਦੱਸਦੇ ਹਨ- ਦੋਵੇਂ ਕਾਰਨਾਂ ਨੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੂੰ ਵਰਸੋਵਾ ਦੇ ਤਟਾਂ ਤੱਕ ਲਿਆਉਣ ਵਿੱ ਆਪਣੀ ਭੂਮਿਕਾ ਨਿਭਾਈ ਹੈ।

Bhagwan Bhanji in a yard where trawlers are repaired, at the southern end of Versova Koliwada
PHOTO • Subuhi Jiwani

ਭਗਵਾਨ ਭਾਨਜੀ, ਵਰਸੋਵਾ ਕੋਲੀਵਾੜਾ ਦੇ ਦੱਖਣੀ ਸਿਰੇ ' ਤੇ ਸਥਿਤ ਇੱਕ ਯਾਰਡ ਵਿਖੇ, ਜਿੱਥੇ ਟ੍ਰਾਲਰ ਦੀ ਮੁਰੰਮਤ ਕੀਤੀ ਜਾਂਦੀ ਹੈ

ਸਮੁੰਦਰੀ ਤਟ ਦੇ ਨੇੜੇ ਵਾਲ਼ੇ ਪਾਣੀ ਵਿੱਚ, ਮਲਾਡ ਖਾੜੀ ਵਿੱਚ (ਜਿਹਦਾ ਪਾਣੀ ਵਰਸੋਵਾ ਵਿੱਚ ਸਮੁੰਦਰ ਵਿੱਚ ਜਾ ਕੇ ਡਿੱਗਦਾ ਹੈ) ਭਿੰਗ, ਪਾਲਾ ਅਤੇ ਹੋਰ ਮੱਛੀਆਂ, ਜੋ ਲਗਭਗ ਦੋ ਦਹਾਕੇ ਪਹਿਲਾਂ ਇਸ ਕੋਲੀਵਾੜਾ ਦੇ ਨਿਵਾਸੀਆਂ ਦੁਆਰਾ ਸੌਖ਼ਿਆਂ ਹੀ ਫੜ੍ਹੀਆਂ ਜਾਂਦੀਆਂ ਸਨ, ਇੰਝ ਜਾਪਦਾ ਹੈ ਕਿ ਹੁਣ ਹਾਲੀਆ ਸਮੇਂ ਮਨੁੱਖ ਦੀ ਦਖ਼ਲ-ਅੰਦਾਜੀ ਕਾਰਨ ਖ਼ਤਮ ਹੋ ਚੁੱਕੀਆਂ ਹਨ।

ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਵਹਿਣ ਵਾਲ਼ੇ ਕਰੀਬ ਕਰੀਬ 12 ਨਾਲ਼ਿਆਂ (ਖੁੱਲ੍ਹੇ ਡ੍ਰੇਨ) ਤੋਂ ਖੁੱਲ੍ਹੇ ਸੀਵਰੇਜ, ਫ਼ੈਕਟਰੀਆਂ ਦੀ ਗਾਰ ਅਤੇ ਵਰਸੋਵਾ ਅਤੇ ਮਲਾਡ ਪੱਛਮ ਦੀਆਂ ਨੋ ਨਗਰਪਾਲਿਕਾਵਾਂ ਦੇ ਪ੍ਰਦੂਸ਼ਤ ਪਾਣੀ ਦੇ ਨਾਲ਼ ਵਹਿ ਕੇ ਆਉਣ ਵਾਲ਼ੀ ਗੰਦਗੀ ਹੁਣ ਇਸ ਖਾੜੀ ਵਿੱਚ ਡਿੱਗਦੀ ਹੈ, ਜਿਹਦੇ ਬਾਰੇ ਭਗਵਾਨ ਦਾ ਕਹਿਣਾ ਹੈ ਕਿ ਇੱਥੇ ਕਦੇ ਬਿਲਕੁਲ ਸਾਫ਼ ਪਾਣੀ ਹੋਇਆ ਕਰਦਾ ਸੀ। ਭਗਵਾਨ ਕਹਿੰਦੇ ਹਨ,''ਇੱਥੇ ਹੁਣ ਸ਼ਾਇਦ ਹੀ ਕੋਈ ਸਮੁੰਦਰੀ ਜੀਵ ਬਚਿਆ ਹੋਵੇ। ਇਹ ਸਾਰਾ ਪ੍ਰਦੂਸ਼ਣ ਸਮੁੰਦਰ ਦੇ ਅੰਦਰ 20 ਨੌਟੀਕਲ ਮੀਲ਼ ਤੱਕ ਜਾਂਦਾ ਹੈ। ਹਰ ਕਿਸੇ ਦੇ ਸੀਵਰੇਜ, ਗੰਦਗੀ ਅਤੇ ਕੂੜੇ ਕਾਰਨ, ਇੱਕ ਸਾਫ਼ ਖਾੜੀ ਨਾਲ਼ੇ ਵਿੱਚ ਤਬਦੀਲ ਹੋ ਚੁੱਕੀ ਹੈ।'' ਉਹ ਕੋਲੀ ਇਤਿਹਾਸ, ਸੱਭਿਆਚਾਰ ਅਤੇ ਸਥਾਨਕ ਰਾਜਨੀਤੀ ਦੇ ਆਪਣੇ ਗਿਆਨ ਵਾਸਤੇ ਇਸ ਇਲਾਕੇ ਵਿੱਚ ਜਾਣੇ ਜਾਂਦੇ ਹਨ। ਕੁਝ ਸਾਲ ਪਹਿਲਾਂ ਤੱਕ, ਉਹ ਆਪਣੇ ਮਰਹੂਮ ਭਰਾ ਦੀਆਂ, ਮੱਛੀਆਂ ਫੜ੍ਹਨ ਵਾਲ਼ੀਆਂ ਦੋ ਬੇੜੀਆਂ ਲਈ- ਮੱਛੀਆਂ ਸੁਕਾਉਣ, ਜਾਲ਼ ਬਣਾਉਣ, ਮੁਰੰਮਤ ਦੀ ਨਿਗਰਾਨੀ ਕਰਨਾ- ਕੰਢੇ ਦੇ ਕੰਮਾਂ ਦਾ ਪ੍ਰਬੰਧਨ ਕੀਤਾ।

ਗੰਦੇ ਪਾਣੀ ਦਾ ਮਤਲਬ ਹੈ ਖਾੜੀ ਵਿੱਚ ਅਤੇ ਤਟ ਦੇ ਨੇੜੇ-ਤੇੜੇ ਘੁਲ਼ੀ ਹੋਈ ਆਕਸੀਜਨ ਦੇ ਨਿਮਨ ਪੱਧਰ ਦੇ ਨਾਲ਼ ਨਾਲ਼ ਵੱਡੀ ਗਿਣਤੀ ਵਿੱਚ ਮਲ਼ ਜੀਵਾਣੂਆਂ- ਅਤੇ ਮੱਛੀਆਂ ਇਸ ਹਾਲਤ ਵਿੱਚ ਜੀਵਤ ਨਹੀਂ ਰਹਿ ਸਕਦੀਆਂ। ਰਾਸ਼ਟਰੀ ਵਾਤਾਵਰਣਕ ਇੰਜੀਨੀਅਰਿੰਗ ਖੋਜ਼ ਸੰਸਥਾ (NEERI) ਦੇ ਵਿਗਿਆਨਕਾਂ ਦਾ 2010 ਦਾ ਇੱਕ ਖੋਜ਼ ਪੱਤਰ ਕਹਿੰਦਾ ਹੈ,''ਮਲਾਡ ਖਾੜੀ ਦੀ ਹਾਲਤ ਚਿੰਤਾਜਨਕ ਹੈ, ਕਿਉਂਕਿ ਘੱਟ ਜਵਾਰ ਦੌਰਾਨ ਖਾੜੀ ਵਿੱਚ ਕੋਈ ਡੀਓ (ਘੁਲ਼ੀ ਹੋਈ ਆਕਸੀਜਨ) ਨਹੀਂ ਹੈ... ਉੱਚ ਜਵਾਰ ਦੌਰਾਨ ਹਾਲਤ ਕੁਝ ਕੁਝ ਬਿਹਤਰ ਸੀ...''

ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੁਆਰਾ 2008 ਵਿੱਚ ਪ੍ਰਕਾਸ਼ਤ ਇੱਕ ਪੁਸਤਕ- ਇਨ ਡੇਡ ਵਾਟਰ: ਮਰਜਿੰਗ ਆਫ਼ ਕਲਾਈਮੇਟ ਚੇਂਜ ਵਿਦ ਪੌਲੂਸ਼ਨ, ਓਵਰ-ਹਾਰਵੈਸਟ ਐਂਡ ਇਨਫੇਸਟੇਸ਼ਨ ਇਨ ਦਿ ਵਰਲਡਸ ਫਿਸ਼ਿੰਗ ਗਰਾਊਂਡਸ , ਵਿੱਚ ਕਿਹਾ ਗਿਆ ਹੈ ਕਿ ਮਹਾਂਸਾਗਰਾਂ ਦਾ ਪ੍ਰਦੂਸ਼ਣ ਜਲਵਾਯੂ ਤਬਦੀਲੀ ਦੇ ਨਾਲ਼ ਰਲ਼ ਕੇ ਦੀਰਘਕਾਲੀਨ ਪ੍ਰਭਾਵ ਪੈਦਾ ਕਰਦਾ ਹੈ। ਵਿਕਾਸ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ, ਤਟੀ ਅਤੇ ਸਮੁੰਦਰ ਪ੍ਰਦੂਸ਼ਣ (80 ਫ਼ੀਸਦ ਤੋਂ ਵੱਧ ਪ੍ਰਦੂਸ਼ਣ ਭੂਮੀ-ਅਧਾਰਤ ਸ੍ਰੋਤਾਂ ਤੋਂ ਹੁੰਦਾ ਹੈ), ਅਤੇ ਸਮੁੰਦਰੀ ਧਾਰਾਵਾਂ 'ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਕਾਰਨ ਸਮੁੰਦਰ ਦੇ ਮਰੇ ਇਲਾਕਿਆਂ (ਆਕਸੀਜਨ ਦੀ ਘਾਟ ਨਾਲ਼ ਮਰੇ ਇਲਾਕੇ) ਦੇ ਪਸਾਰ ਵਿੱਚ ਤੇਜ਼ੀ ਆਵੇਗੀ। ਪੁਸਤਕ ਵਿੱਚ ਕਿਹਾ ਗਿਆ ਹੈ ''...ਸਮੁੰਦਰੀ ਤਟਾਂ 'ਤੇ ਤੇਜ਼ੀ ਨਾਲ਼ ਹੋ ਰਹੇ ਨਿਰਮਾਣ ਕਾਰਨ ਮੈਂਗ੍ਰੋਵ ਅਤੇ ਹੋਰ ਨਿਵਾਸ ਥਾਵਾਂ ਦਾ ਵਿਨਾਸ਼ ਹੋ ਰਿਹਾ ਹੈ ਜਿਸ ਕਾਰਨ ਪ੍ਰਦੂਸ਼ਣ ਦੇ ਪ੍ਰਭਾਵ ਹੋਰ ਡੂੰਘੇਰੇ ਹੁੰਦੇ ਜਾ ਰਹੇ ਹਨ...''

Left: Struggling against a changing tide – fishermen at work at the koliwada. Right: With the fish all but gone from Malad creek and the nearby shorelines, the fishermen of Versova Koliwada have been forced to go deeper into the sea
PHOTO • Subuhi Jiwani
Left: Struggling against a changing tide – fishermen at work at the koliwada. Right: With the fish all but gone from Malad creek and the nearby shorelines, the fishermen of Versova Koliwada have been forced to go deeper into the sea
PHOTO • Subuhi Jiwani

ਖੱਬੇ : ਜਵਾਰਾਂ ਦੇ ਬਦਲਦੇ ਖ਼ਾਸੇ ਖ਼ਿਲਾਫ਼ ਜੂਝਦੇ-ਕੋਲੀਵਾੜਾ ਵਿਖੇ ਕੰਮ ਕਰਦੇ ਮਛੇਰੇ। ਸੱਜੇ : ਸਾਰੀਆਂ ਮੱਛੀਆਂ ਮਲਾਡ ਖਾੜੀ ਅਤੇ ਨੇੜੇ-ਤੇੜੇ ਦੇ ਤਟਾਂ ਤੋਂ ਗਾਇਬ ਹੋ ਚੁੱਕੀਆਂ ਹਨ, ਇਸੇ ਲਈ ਵਰਸੋਵਾ ਕੋਲੀਵਾੜਾ ਦੇ ਮਛੇਰਿਆਂ ਨੂੰ ਸਮੁੰਦਰ ਵਿੱਚ ਜ਼ਿਆਦਾ ਡੂੰਘਾਈ ਤੱਕ ਜਾਣ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ

ਮੁੰਬਈ ਵਿੱਚ ਵੀ, ਸੜਕਾਂ, ਇਮਾਰਤਾਂ ਅਤੇ ਹੋਰ ਪ੍ਰੋਜੈਕਟਾਂ ਲਈ ਮੈਂਗ੍ਰੋਵ ਦੇ ਇੱਕ ਵੱਡੇ ਇਲਾਕੇ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਮੈਂਗ੍ਰੋਵ ਮੱਛੀਆਂ ਦੇ ਆਂਡੇ ਦੇਣ ਵਾਸਤੇ ਇੱਕ ਮਹੱਵਪੂਰਨ ਥਾਂ ਹੁੰਦਾ ਹੈ। ਇੰਡੀਅਨ ਜਨਰਲ ਆਫ਼ ਮਰੀਨ ਸਾਇੰਸੇਜ ਦੇ 2005 ਦੇ ਇੱਕ ਖ਼ੋਜ ਪੱਤਰ ਵਿੱਚ ਲਿਖਿਆ ਗਿਆ ਹੈ,''ਮੈਂਗ੍ਰੋਵ ਜੰਗਲ ਨਾ ਸਿਰਫ਼ ਤਟੀ ਸਮੁੰਦਰੀ ਜੀਵਾਂ ਦੀ ਸਹਾਇਤਾ ਕਰਦੇ ਹਨ, ਸਗੋਂ ਤਟ ਅਤੇ ਮੁਹਾਨਿਆਂ ਨੂੰ ਖੋਰ ਤੋਂ ਵੀ ਬਚਾਉਂਦੇ ਹਨ ਅਤੇ ਸਮੁੰਦਰੀ ਜੀਵਾਂ ਦੇ ਪ੍ਰਜਨਨ, ਭੋਜਨ ਅਤੇ ਨਰਸਰੀ ਦੇ ਮੈਦਾਨ ਦੇ ਰੂਪ ਵਿੱਚ ਕੰਮ ਕਰਦੇ ਹਨ।'' ਪੇਪਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਾਲ 1990 ਤੋਂ 2001 ਤੱਕ, ਸਿਰਫ਼ 11 ਸਾਲਾਂ ਵਿੱਚ ਹੀ ਇਕੱਲੇ ਮੁੰਬਈ ਉਪ-ਨਗਰੀ ਇਲਾਕੇ ਵਿੱਚ ਕੁੱਲ 36.54 ਵਰਗ ਕਿਲੋਮੀਟਰ ਮੈਂਗ੍ਰੋਵ ਦੀ ਸਫ਼ਾਈ ਕਰ ਦਿੱਤੀ ਗਈ ਹੈ।

''ਮੱਛੀਆਂ (ਮੈਂਗ੍ਰੋਵਾਂ ਵਿੱਚ) ਆਪਣੇ ਅੰਡੇ ਦੇਣ ਵਾਸਤੇ ਤਟ 'ਤੇ ਆਉਂਦੀਆਂ ਸਨ, ਪਰ ਹੁਣ ਇੰਝ ਨਹੀਂ ਹੋ ਪਾਉਂਦਾ। ਜਿੰਨੇ ਵੀ ਮੈਂਗ੍ਰੋਵ ਬਰਬਾਦ ਕੀਤੇ ਜਾ ਸਕਦੇ ਸਨ ਅਸੀਂ ਕਰ ਛੱਡੇ। ਹੁਣ ਇਹ ਬਹੁਤ ਹੀ ਘੱਟ ਬਚੇ ਹਨ। ਇੱਥੋਂ ਦੇ ਉਪ-ਨਗਰਾਂ ਅਤੇ ਲੋਖੰਡਵਾਲਾ ਅਤੇ ਆਦਰਸ਼ ਨਗਰ ਜਿਹੇ ਤਟੀ ਇਲਾਕਿਆਂ ਦੀਆਂ ਇਮਾਰਤਾਂ ਜਿਹੜੀ ਜ਼ਮੀਨ 'ਤੇ ਖੜ੍ਹੀਆਂ ਹਨ ਉੱਥੇ ਪਹਿਲਾਂ ਮੈਂਗ੍ਰੋਵ ਦੇ ਜੰਗਲ ਹੋਇਆ ਕਰਦੇ ਸਨ,'' ਭਗਵਾਨ ਕਹਿੰਦੇ ਹਨ।

ਫ਼ਲਸਰੂਪ, ਸਾਰੀਆਂ ਮੱਛੀਆਂ ਮਲਾਡ ਖਾੜੀ ਅਤੇ ਨੇੜੇ-ਤੇੜੇ ਦੇ ਤਟਾਂ ਤੋਂ ਜਾ ਚੁੱਕੀਆਂ ਹਨ, ਇਸਲਈ ਵਰਸੋਵਾ ਕੋਲੀਵਾੜਾ ਦੇ ਮਛੇਰਿਆਂ ਨੂੰ ਸਮੁੰਦਰ ਵਿੱਚ ਜ਼ਿਆਦਾ ਡੂੰਘਾਈ ਤੱਕ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਰ ਡੂੰਘੇ ਸਮੁੰਦਰ ਵਿੱਚ ਵੀ, ਸਮੁੰਦਰ ਦੇ ਵੱਧਦੇ ਤਾਪਮਾਨ, ਚੱਕਰਵਾਤੀ ਤੂਫ਼ਾਨ ਅਤੇ ਵੱਡੇ ਜਹਾਜ਼ਾਂ ਦੁਆਰਾ ਮੱਛੀਆਂ ਫੜ੍ਹ ਲਏ ਜਾਣ ਕਾਰਨ ਉਨ੍ਹਾਂ ਦੇ ਕਾਰੋਬਾਰ 'ਤੇ ਅਸਰ ਪਿਆ ਹੈ।

''ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੱਛੀਆਂ ਫੜ੍ਹਨ ਲਈ ਡੂੰਘੇ ਸਮੁੰਦਰੀ (ਤਟ ਤੋਂ 20 ਕਿਲੋਮੀਟਰ ਅੰਦਰ) ਨਹੀਂ ਜਾਣਾ ਪੈਂਦਾ ਸੀ, ਕਿਉਂਕਿ ਤਟੀ ਵਾਤਾਵਰਣਕ ਢਾਂਚਾ ਕਾਫ਼ੀ ਖ਼ੁਸ਼ਹਾਲ ਹੁੰਦਾ ਸੀ। ਡੂੰਘੇ ਸਮੁੰਦਰ ਵਿੱਚ ਮੱਛੀ ਫੜ੍ਹਨ ਦੇ ਚਲਨ ਨੇ ਮੱਛੀਆਂ ਫੜ੍ਹਨ ਨੂੰ ਆਰਥਿਕ ਰੂਪ ਨਾਲ਼ ਅਸਥਿਰ ਬਣਾ ਦਿੱਤਾ ਹੈ, ਕਿਉਂਕਿ ਇਸ ਕੰਮ ਵਿੱਚ ਕਾਫ਼ੀ ਪੂੰਜੀ ਲਾਉਣੀ ਪੈਂਦੀ ਹੈ-ਵੱਡੀਆਂ ਬੇੜੀਆਂ, ਚਾਲਕ ਦਲ ਵਗ਼ੈਰਾ ਅਤੇ ਮਛੇਰਿਆਂ ਨੰ ਇਸ ਗੱਲ ਦਾ ਭਰੋਸਾ ਵੀ ਨਹੀਂ ਹੁੰਦਾ ਕਿ ਵੱਡੀਆਂ ਮੱਛੀਆਂ ਉਨ੍ਹਾਂ ਦੇ ਹੱਥ ਲੱਗਣਗੀਆਂ,'' ਵਰਸੋਵਾ ਕੋਲੀਵਾੜਾ ਵਿਖੇ ਤਟੀ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਵਾਲ਼ੇ ਵਸਤੂਕਾਰਾਂ ਦੇ ਇੱਕ ਸਮੂਹ, ਬੰਬੇ 61 ਦੇ ਕੇਤਕੀ ਭਡਗਾਓਂਕਰ ਕਹਿੰਦੇ ਹਨ।

Photos taken by Dinesh Dhanga, a Versova Koliwada fisherman, on August 3, 2019, when boats were thrashed by big waves. The yellow-ish sand is the silt from the creek that fishermen dredge out during the monsoon months, so that boats can move more easily towards the sea. The silt settles on the creek floor because of the waste flowing into it from nallahs and sewage treatment facilities
PHOTO • Dinesh Dhanga
Photos taken by Dinesh Dhanga, a Versova Koliwada fisherman, on August 3, 2019, when boats were thrashed by big waves. The yellow-ish sand is the silt from the creek that fishermen dredge out during the monsoon months, so that boats can move more easily towards the sea. The silt settles on the creek floor because of the waste flowing into it from nallahs and sewage treatment facilities
PHOTO • Dinesh Dhanga

ਇਹ ਤਸਵੀਰਾਂ ਵਰਸੋਵਾ ਕੋਲੀਵਾੜਾ ਦੇ ਇੱਕ ਮਛੇਰੇ, ਦਿਨੇਸ਼ ਧਾਂਗਾ ਦੁਆਰਾ 3 ਅਗਸਤ, 2019 ਨੂੰ ਖਿੱਚੀਆਂ ਗਈਆਂ ਸਨ, ਜਦੋਂ ਬੇੜੀਆਂ ਉੱਚੀਆਂ ਲਹਿਰਾਂ ਵਿੱਚ ਫਸ ਗਈਆਂ ਸਨ। ਪੀਲ਼ੇ ਰੰਗ ਦੀ ਰੇਤ ਖਾੜੀ ਵਿੱਚੋਂ ਨਿਕਲ਼ਣ ਵਾਲ਼ੀ ਗਾਰ ਹੈ ਜਿਸ ਵਿੱਚੋਂ ਦੀ ਹੋ ਕੇ ਮਛੇਰੇ ਮਾਨਸੂਨ ਦੇ ਮਹੀਨਿਆਂ ਵਿੱਚ ਬਾਹਰ ਕੱਢਦੇ ਹਨ, ਤਾਂਕਿ ਬੇੜੀਆਂ ਸਮੁੰਦਰ ਵੱਲੋਂ ਵੱਧ ਸੌਖਿਆਂ ਜਾ ਸਕੇ। ਗਾਰ ਖਾੜੀ ਦੀ ਤਲ਼ ਵਿੱਚ ਬਹਿ ਜਾਂਦੀ ਹੈ, ਕਿਉਂਕਿ ਨਾਲ਼ਿਆਂ ਅਤੇ ਸੀਵੇਰ ਉਪਚਾਰ ਪ੍ਰਣਾਲੀਆਂ ਰਾਹੀਂ ਨਿਕਲ਼ਣ ਵਾਲ਼ੇ ਕੂੜਾ ਵਹਿ ਕੇ ਇਸ ਵਿੱਚ ਡਿੱਗਦੇ ਹਨ

ਡੂੰਘੇ ਸਮੁੰਦਰੀ ਵਿੱਚ ਮੱਛੀ ਫੜ੍ਹਨਾ ਅਰਬ ਸਾਗਰ ਦੇ ਗਰਮ ਹੋਣ ਕਾਰਨ ਵੀ ਅਨਿਸ਼ਚਤ ਹੋ ਗਿਆ ਹੈ: ਜਿਓਫ਼ਿਜ਼ਿਕਲ ਰਿਸਰਚ ਲੇਟਰਸ ਨਾਮੀ ਰਸਾਲੇ ਵਿੱਚ ਪ੍ਰਕਾਸ਼ਤ ਇੱਕ ਖੋਜ ਪੱਤਰ ਦੱਸਦਾ ਹੈ ਕਿ ਇਹਦੀ ਉਪਰਲੀ ਸਤ੍ਹਾ ਦੇ ਤਾਪਮਾਨ ਵਿੱਚ 1992 ਤੋਂ 2013 ਵਿਚਾਲੇ ਹਰੇਕ ਦਹਾਕੇ ਵਿੱਚ ਔਸਤਨ 0.13 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਡਾ. ਵਿਨੈ ਦੇਸ਼ਮੁਖ ਕਹਿੰਦੇ ਹਨ ਕਿ ਇਸ ਨਾਲ਼ ਸਮੁੰਦਰੀ ਜੀਵਨ ਪ੍ਰਭਾਵਤ ਹੋਇਆ ਹੈ। ਉਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਸੀਐੱਮਐੱਫ਼ਆਰਆਈ ਦੇ ਮੁੰਬਈ ਕੇਂਦਰ ਵਿਖੇ ਕੰਮ ਕਰਦੇ ਰਹੇ। ਉਨ੍ਹਾਂ ਨੇ ਦੱਸਿਆ,''ਸਾਰਡਿਨ ਮੱਛੀਆਂ (ਭਾਰਤ ਦੇ) ਦੱਖਣ ਵਿੱਚ ਸਥਿਤ ਪ੍ਰਮੁੱਖ ਮੱਛੀਆਂ ਵਿੱਚੋਂ ਇੱਕ (ਤਟ ਦੇ ਨਾਲ਼ ਕਰਕੇ) ਉੱਤਰ ਵੱਲ ਜਾਣ ਲੱਗੀਆਂ ਅਤੇ ਮੈਕੇਰਲ, ਦੱਖਣ ਦੀ ਇੱਕ ਹੋਰ ਮੱਛੀ, ਡੂੰਘੇ ਪਾਣੀ ਵਿੱਚ (20 ਮੀਟਰ ਹੇਠਾਂ) ਜਾਣ ਲੱਗੀਆਂ।'' ਤੱਥ ਹੈ ਕਿ ਉੱਤਰੀ ਅਰਬ ਸਾਗਰ ਦਾ ਪਾਣੀ ਹੋਰ ਡੂੰਘੇ ਸਮੁੰਦਰ ਦੇ ਪਾਣੀ ਦੇ ਮੁਕਾਬਲੇ ਠੰਡਾ ਰਹਿੰਦਾ ਹੈ।

ਮੁੰਬਈ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਤਲ ਦਾ ਗਰਮ ਹੋਣਾ ਇੱਕ ਪਰਸਪਰ ਆਲਮੀ ਪੈਟਰਨ ਦਾ ਹਿੱਸਾ ਹੈ, 2014 ਵਿੱਚ ਜਲਵਾਯੂ ਤਬਦੀਲੀ 'ਤੇ ਅੰਤਰ-ਸਰਕਾਰੀ ਪੈਨਲ (ਆਈਪੀਸੀਸੀ) ਨੇ ਅਨੁਮਾਨ ਲਾਇਆ ਕਿ 1971 ਤੋਂ 2010 ਦੇ ਵਿਚਕਾਰ ਹਰੇਕ ਦਹਾਕੇ ਵਿੱਚ, ਦੁਨੀਆ ਦੇ ਮਹਾਂਸਾਗਰਾਂ ਦੇ ਉਪਰਲੇ 75 ਮੀਟਰ ਹਿੱਸੇ 0.09 ਤੋਂ 0.13 ਡਿਗਰੀ ਸੈਲਸੀਅਸ ਤੱਕ ਗਰਮ ਹੋ ਗਏ ਸਨ।

ਇਸ ਵੱਧਦੇ ਸਮੁੰਦਰੀ ਤਾਪਮਾਨ ਨੇ ਕੁਝ ਮੱਛੀਆਂ ਦੇ ਜੀਵ-ਵਿਗਿਆਨ ਨੂੰ ਬਦਲ ਦਿੱਤਾ ਹੈ- ਡਾ. ਦੇਸ਼ਮੁਖ ਇਹਨੂੰ ਇੱਕ ਡੂੰਘੀ ਅਤੇ ''ਬੇਬਦਲ ਤਬਦੀਲੀ'' ਕਹਿੰਦੇ ਹਨ। ਉਨ੍ਹਾਂ ਮੁਤਾਬਕ,''ਜਦੋਂ ਪਾਣੀ ਮੁਕਾਬਲਤ ਠੰਡਾ ਸੀ ਅਤੇ ਤਾਪਮਾਨ ਕਰੀਬ 27 ਡਿਗਰੀ ਸੀ, ਤਦ ਮੱਛੀਆਂ ਹੌਲ਼ੀ-ਹੌਲ਼ੀ ਵੱਡੀਆਂ ਹੁੰਦੀਆਂ ਸਨ। ਪਰ ਹੁਣ ਕਿਉਂਕਿ ਪਾਣੀ ਗਰਮ ਹੋ ਚੁੱਕਿਆ ਹੈ, ਮੱਛੀਆਂ ਛੇਤੀ ਵੱਡੀਆਂ ਹੋ ਜਾਂਦੀਆਂ ਹਨ। ਭਾਵ ਕਿ, ਉਨ੍ਹਾਂ ਦੇ ਜੀਵਨ ਚੱਕਰ ਵਿੱਚ ਆਂਡੇ ਅਤੇ ਸ਼ਕਰਾਣੂਆਂ ਦਾ ਬਣਨਾ ਵੀ ਛੇਤੀ ਹੋਣ ਲੱਗਾ ਹੈ। ਇੰਝ ਹੋਣ ਕਾਰਨ ਮੱਛੀਆਂ ਦੇ ਸਰੀਰ ਦਾ ਅਕਾਰ ਛੋਟਾ ਹੋਣ ਲੱਗਿਆ ਹੈ। ਇਹ ਅਸੀਂ ਬੰਬਾ ਡਕ ਅਤੇ ਪੌਮਫ੍ਰੇਟ ਦੇ ਮਾਮਲੇ ਵਿੱਚ ਸਪੱਸ਼ਟ ਰੂਪ ਨਾਲ਼ ਦੇਖਦੇ ਹਾਂ।'' ਡਾ. ਦੇਸ਼ਮੁਖ ਅਤੇ ਸਥਾਨਕ ਮਛੇਰਿਆਂ ਦਾ ਅੰਦਾਜ਼ਾ ਹੈ ਕਿ ਤਿੰਨ ਦਹਾਕੇ ਪਹਿਲਾਂ ਇੱਕ ਪ੍ਰੌੜ ਪੌਮਫ੍ਰੇਟ, ਜੋ ਕਰੀਬ 350-500 ਗ੍ਰਾਮ ਦੀ ਹੁੰਦੀ ਸੀ, ਅੱਜ ਮਹਿਜ 200-280 ਗ੍ਰਾਮ ਦੀ ਰਹਿ ਗਈ ਹੈ, ਉਚੇਰੇ ਤਾਪਮਾਨ ਅਤੇ ਹੋਰ ਕਾਰਨਾਂ ਕਾਰਨ ਉਨ੍ਹਾਂ ਦਾ ਅਕਾਰ ਛੋਟਾ ਹੋ ਗਿਆ ਹੈ।

ਤਿੰਨ ਦਹਾਕੇ ਪਹਿਲਾਂ ਇੱਕ ਪ੍ਰੌੜ ਪੌਮਫ੍ਰੇਟ, ਜੋ ਕਰੀਬ 350-500 ਗ੍ਰਾਮ ਦੀ ਹੁੰਦੀ ਸੀ, ਅੱਜ ਮਹਿਜ 200-280 ਗ੍ਰਾਮ ਦੀ ਰਹਿ ਗਈ ਹੈ, ਉਚੇਰੇ ਤਾਪਮਾਨ ਅਤੇ ਹੋਰ ਕਾਰਨਾਂ ਕਾਰਨ ਉਨ੍ਹਾਂ ਦਾ ਅਕਾਰ ਛੋਟਾ ਹੋ ਗਿਆ ਹੈ

ਵੀਡਿਓ ਦੇਖੋ : ਕੂੜੇ ਭਰੀ ਖਾੜੀ ਵਿੱਚੋਂ ਮੱਛੀਆਂ ਫੜ੍ਹਨਾ

ਪਰ, ਡਾ. ਦੇਸ਼ਮੁਖ ਦੇ ਵਿਚਾਰ ਵਿੱਚ, ਹੱਦ ਤੋਂ ਵੱਧ ਮੱਛੀਆਂ ਫੜ੍ਹਨਾ ਕਿਤੇ ਵੱਧ ਵੱਡਾ ਕਾਰਨ ਹੈ। ਬੇੜੀਆਂ ਦੀ ਗਿਣਤੀ ਵਧੀ ਹੈ ਅਤੇ ਟ੍ਰੌਲਰ ਅਤੇ ਹੋਰਨਾਂ ਵੱਡੀਆਂ ਬੇੜੀਆਂ ਦਾ (ਜਿਨ੍ਹਾਂ ਵਿੱਚ ਕੁਝ ਕੋਲੀਵਾੜਾ ਦੇ ਸਥਾਨਕ ਲੋਕਾਂ ਦੀਆਂ ਵੀ ਹਨ) ਸਮੁੰਦਰ ਵਿੱਚ ਬਿਤਾਉਣ ਵਾਲ਼ਾ ਸਮਾਂ ਵੀ ਵਧਿਆ ਹੈ, ਉਸ ਵਿੱਚ ਵੀ ਵਾਧਾ ਹੋਇਆ ਹੈ। ਉਹ ਦੱਸਦੇ ਹਨ ਕਿ ਸਾਲ 2000 ਵਿੱਚ ਇਹ ਬੇੜੀਆਂ ਸਮੁੰਦਰ ਵਿੱਚ 6-8 ਦਿਨ ਬਿਤਾਇਆ ਕਰਦੀਆੰ ਸਨ; ਬਾਅਦ ਵਿੱਚ ਇਹ ਵੱਧ ਕੇ ਪਹਿਲਾਂ 10-15 ਦਿਨ ਹੋਇਆ ਅਤੇ ਹੁਣ 16-20 ਦਿਨ ਹੋ ਚੁੱਕਿਆ ਹੈ। ਇਸ ਨਾਲ਼ ਸਮੁੰਦਰ ਵਿੱਚ ਮੌਜੂਦਾ ਮੱਛੀਆਂ ਦੇ ਭੰਡਾਰ 'ਤੇ ਦਬਾਅ ਵੱਧ ਗਿਆ ਹੈ। ਉਹ ਇਹ ਵੀ ਦੱਸਦੇ ਹਨ ਕਿ ਟ੍ਰੌਲਿੰਗ ਕਾਰਨ ਸਮੁੰਦਰ ਤਲ ਦੇ ਈਕੋਸਿਸਟਮ ਵਿੱਚ ਗਿਰਾਵਟ ਆਈ ਹੈ,''ਜੋ ਜ਼ਮੀਨ (ਸਮੁੰਦਰੀ ਤਲ) ਨੂੰ ਖ਼ੁਰਚਦਾ ਹੈ, ਪੌਦਿਆਂ ਨੂੰ ਪੁੱਟ ਸੁੱਟਦਾ ਹੈ ਅਤੇ ਜੀਵਾਂ ਨੂੰ ਸੁਭਾਵਕ ਰੂਪ ਨਾਲ਼ ਵੱਧਣ ਨਹੀਂ ਦਿੰਦਾ ਹੈ।''

ਦੇਸ਼ਮੁਖ ਕਹਿੰਦੇ ਹਨ ਕਿ ਮਹਾਰਾਸ਼ਟਰ ਵਿੱਚ ਫੜ੍ਹੀਆਂ ਗਈਆਂ ਮੱਛੀਆਂ ਦੀ ਕੁੱਲ ਮਾਤਰਾ 2003 ਵਿੱਚ ਆਪਣੇ ਉੱਚ ਪੱਧਰ 'ਤੇ ਅੱਪੜ ਗਈ ਸੀ, ਜਦੋਂ ਇਹ ਕਰੀਬ 4.5 ਲੱਖ ਟਨ ਸੀ, ਜੋ 1950 ਤੋਂ ਬਾਅਦ ਦਰਜ ਇਤਿਹਾਸ ਵਿੱਚ ਸਭ ਤੋਂ ਵੱਧ ਰਹੀ। ਹੱਦੋਂ ਵੱਧ ਮੱਛੀਆਂ ਫੜ੍ਹ ਦੇ ਕਾਰਨ ਇਹ ਮਾਤਰਾ ਹਰ ਸਾਲ ਹੇਠਾਂ ਖਿਸਕਦੀ ਗਈ-ਸਾਲ 2017 ਵਿੱਚ ਇਹ ਮਾਤਰਾ 3.81 ਲੱਖ ਟਨ ਸੀ।

ਇਨ ਡੇਡ ਵਾਟਰ ਨਾਮਕ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ, ''ਓਵਰ-ਹਾਰਵੇਸਟਿੰਗ ਅਤੇ ਸਮੁੰਦਰ ਤਲ ਵਿੱਚ ਮਹਾਜਾਲ਼ ਲਾਉਣ ਕਾਰਨ ਮੱਛੀਆਂ ਦੇ ਰਹਿਣ ਦੀਆਂ ਥਾਵਾਂ ਘੱਟ ਹੋ ਰਹੀਆਂ ਹ ਅਤੇ ਸਮੁੰਦਰੀ ਜੀਵ-ਵਿਭਿੰਨਤਾ ਦੀ ਬਿਹਤਰੀਨ ਥਾਂ ਦਾ ਪੂਰਾ ਉਤਪਾਦਨ ਖ਼ਤਰੇ ਵਿੱਚ ਪੈ ਗਿਆ ਹੈ, ਜਿਹਦੇ ਕਾਰਨ ਉਨ੍ਹਾਂ ਦੇ ਜਲਵਾਯੂ ਤਬਦੀਲੀ ਨਾਲ਼ ਪ੍ਰਭਾਵਤ ਹੋਣ ਦਾ ਖ਼ਤਰਾ ਹੋਰ ਵੱਧ ਗਿਆ ਹੈ।'' ਅਤੇ ਇਸ ਕਿਤਾਬ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਨੁੱਖੀ  ਗਤੀਵਿਧੀਆਂ ਦੇ ਅਸਰ (ਪ੍ਰਦੂਸ਼ਣ ਅਤੇ ਮੈਂਗ੍ਰੋਵ-ਤਬਾਹੀ ਸਣੇ) ਸਮੁੰਦਰ ਪੱਧਰ ਵਿੱਚ ਵਾਧੇ ਅਤੇ ਤੂਫ਼ਾਨਾਂ ਦੇ ਆਗਮਨ ਅਤੇ ਤੀਬਰਤਾ ਵਿੱਚ ਆਉਂਦੀ ਤੇਜ਼ੀ ਨਾਲ਼ ਹੋਰ ਵੀ ਪੇਚੀਦਾ ਹੋ ਜਾਣਗੇ।

ਦੋਵਾਂ ਦੇ ਸਬੂਤ ਅਰਬ ਸਾਗਰ ਵਿੱਚ- ਅਤੇ ਇਸੇ ਤਰ੍ਹਾਂ ਨਾਲ਼ ਵਰਸੋਵਾ ਕੋਲੀਵਾੜਾ ਵਿਖੇ ਮੌਜੂਦ ਹਨ। 2017 ਵਿੱਚ ਨੇਚਰ ਕਲਾਇਮੇਟ ਚੇਂਜ ਵਿੱਚ ਪ੍ਰਕਾਸ਼ਤ ਇੱਕ ਖੋਜ ਪੱਤਰ ਕਹਿੰਦਾ ਹੈ, ''...ਐਂਥ੍ਰੋਪੋਜੇਨਿਕ ਫੋਰਸਿੰਗ ਨੇ ਅਰਬ ਸਾਗਰ 'ਤੇ ਪਿਛੇਤੇ ਮੌਸਮੀ/ਬੇਮੌਸਮੀ ਈਸੀਐੱਸਸੀ (ਵਿਤੋਂਵੱਧ ਗੰਭੀਰ ਚੱਕਰਵਾਤੀ ਤੂਫ਼ਾਨ) ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ...''

Extensive land reclamation and construction along the shore have decimated mangroves, altered water patterns and severely impacted Mumbai's fishing communities
PHOTO • Subuhi Jiwani

ਵਿਆਪਕ ਭੂਮੀ ਸੁਧਾਰ ਅਤੇ ਤਟੀ ਇਲਾਕਿਆਂ ਵਿੱਚ ਨਿਰਮਾਣ-ਕਾਰਜਾਂ ਨੇ ਮੈਂਗ੍ਰੋਵ ਨੂੰ ਮੁਕਾ ਦਿੱਤਾ, ਪਾਣੀ ਦੇ ਪੈਟਰਨ ਨੂੰ ਬਦਲ ਦਿੱਤਾ ਅਤੇ ਮੁੰਬਈ ਦੇ ਮਛੇਰੇ ਭਾਈਚਾਰਿਆਂ ਨੂੰ ਗੰਭੀਰ ਰੂਪ ਨਾਲ਼ ਪ੍ਰਭਾਵਤ ਕੀਤਾ ਹੈ

ਭਾਰਤੀ ਤਕਨੀਕੀ ਸੰਸਥਾ, ਬੰਬੇ ਵਿਖੇ ਜਲਵਾਯੂ ਅਧਿਐਨ ਵਿਭਾਗ ਦੇ ਸੰਯੋਜਕ, ਪ੍ਰੋ. ਡੀ. ਪਾਰਥਸਾਰਥੀ ਦੱਸਦੇ ਹਨ ਕਿ ਇਨ੍ਹਾਂ ਤੂਫ਼ਾਨਾਂ ਨੇ ਮਛੇਰੇ ਭਾਈਚਾਰਿਆਂ ਨੂੰ ਸਭ ਤੋਂ ਵੱਧ ਪ੍ਰਭਾਵਤ ਕੀਤਾ ਹੈ। ''ਫੜ੍ਹੀਆਂ ਗਈਆਂ ਮੱਛੀਆਂ ਦੀ ਮਾਤਰਾ ਵਿੱਚ ਗਿਰਾਵਟ ਦੇ ਕਾਰਨ, ਮਛੇਰਿਆਂ ਨੂੰ ਸਮੁੰਦਰ ਦੀ ਡੂੰਘਿਆਈ ਤੱਕ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਪਰ ਉਨ੍ਹਾਂ ਦੀਆਂ (ਕੁਝ ਕੁ) ਬੇੜੀਆਂ ਕਾਫ਼ੀ ਛੋਟੀਆਂ ਹਨ ਅਤੇ ਡੂੰਘੇ ਸਮੁੰਦਰੀ ਜਾਣ ਲਾਇਕ ਨਹੀਂ। ਇਸਲਈ ਜਦੋਂ ਤੂਫ਼ਾਨ ਅਤੇ ਚੱਕਰਵਾਤ ਆਉਂਦੇ ਹਨ ਤਾਂ ਉਹ ਜ਼ਿਆਦਾ ਪ੍ਰਭਾਵਤ ਹੁੰਦੇ ਹਨ। ਮੱਛੀਆਂ ਫੜ੍ਹਨਾ ਹੁਣ ਕੁਝ ਜ਼ਿਆਦਾ ਹੀ ਬੇਯਕੀਨੀ ਭਰਿਆ ਅਤੇ ਖ਼ਤਰਿਆਂ ਮਾਰਿਆਂ ਕੰਮ ਹੁੰਦਾ ਜਾ ਰਿਹਾ ਹੈ।''

ਸਮੁੰਦਰ ਦਾ ਪੱਧਰ ਵੱਧਣਾ ਇਸ ਨਾਲ਼ ਜੁੜੀ ਇੱਕ ਹੋਰ ਸਮੱਸਿਆ ਹੈ। ਭਾਰਤੀ ਤਟ ਦੇ ਨਾਲ਼ ਲੱਗਦੇ ਪਾਣੀ ਦੇ ਪੱਧਰ ਵਿੱਚ ਪਿਛਲੇ 50 ਸਾਲਾਂ ਦੌਰਾਨ 8.5 ਸੈਂਟੀਮੀਟਰ ਦਾ ਵਾਧਾ ਹੋਇਆ ਹੈ ਜੋ ਸਲਾਨਾ 1.7 ਮਿਲੀਮੀਟਰ ਵੀ ਕਿਹਾ ਜਾ ਸਕਦਾ ਹੈ (ਸੰਸਦ ਵਿੱਚ ਚੁੱਕੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਸਰਕਾਰ ਨੇ, ਨਵੰਬਰ 2019 ਵਿੱਚ ਰਾਜ ਸਭਾ ਨੂੰ ਦੱਸਿਆ)। ਆਈਪੀਸੀਸੀ ਦੇ ਅੰਕੜੇ ਅਤੇ ਪ੍ਰੋਸੀਡਿੰਗਸ ਆਫ਼ ਦਿ ਨੈਸ਼ਨਲ ਅਕੈਡਮੀ ਆਫ਼ ਸਾਇੰਸੇਜ (ਅਮੇਰੀਕਾ) ਨਾਮ ਰਸਾਲੇ ਵਿੱਚ ਪ੍ਰਕਾਸ਼ਤ 2018 ਦਾ ਇੱਕ ਖ਼ੋਜ ਪੱਤਰ ਦੱਸਦਾ ਹੈ ਕਿ ਸੰਸਾਰ ਪੱਧਰ ਤੇ ਸਮੁੰਦਰੀ ਪਾਣੀ ਦਾ ਪੱਧਰ ਇਸ ਤੋਂ ਵੀ ਉੱਚੀ ਦਰ ਨਾਲ਼ ਵੱਧ ਰਿਹਾ ਹੈ, ਮਿਸਾਲ ਵਜੋਂ ਪਿਛਲੇ 25 ਸਾਲਾਂ ਵਿੱਚ ਹਰ ਸਾਲ 3 ਤੋਂ 3.6 ਮਿਮੀ ਦੇ ਆਸਪਾਸ ਵਾਧਾ ਦੇਖਿਆ ਗਿਆ ਹੈ। ਇਸੇ ਦਰ ਨਾਲ਼ ਵਾਧਾ ਹੁੰਦਾ ਰਿਹਾ ਤਾਂ ਸਾਲ 2100 ਤੱਕ ਸਮੁੰਦਰ ਦੇ ਪਾਣੀ ਦਾ ਪੱਧਰ ਕਰੀਬ 65 ਸੈਂਟੀਮੀਟਰ ਤੱਕ ਵੱਧ ਸਕਦਾ ਹੈ। ਹਾਲਾਂਕਿ ਇਹ ਵਾਧਾ ਇਲਾਕਿਆਂ ਦੇ ਖ਼ਾਸੇ ਵਜੋਂ ਭਿੰਨ ਭਿੰਨ ਹੈ, ਜੋ ਜਵਾਰ, ਗੁਰੂਤਾਕਰਸ਼ਣ, ਧਰਤੀ ਦੇ ਚੱਕਰ ਅਤੇ ਇਹੋ ਜਿਹੀਆਂ ਕਈ ਹੋਰ ਪੇਚੀਦਗੀਆਂ 'ਤੇ ਨਿਰਭਰ ਕਰਦਾ ਹੈ।

ਡਾ. ਦੇਸ਼ਮੁਖ ਚੇਤਾਵਨੀ ਦਿੰਦੇ ਹਨ ਕਿ ਸਮੁੰਦਰੀ ਪਾਣੀ ਦੇ ਪੱਧਰ ਵਿੱਚ ਵਾਧਾ,''ਵਰਸੋਵਾ ਲਈ ਖ਼ਾਸ ਰੂਪ ਵਿੱਚ ਖ਼ਤਰਨਾਕ ਹੈ, ਕਿਉਂਕਿ ਇਹ ਖਾੜੀ ਦੇ ਮੁਹਾਨੇ 'ਤੇ ਸਥਿਤ ਹੈ ਅਤੇ ਮਛੇਰੇ ਜਿੱਥੇ ਕਿਤੇ ਵੀ ਆਪਣੀਆਂ ਬੇੜੀਆਂ ਟਿਕਾਉਂਦੇ ਹਨ, ਉਹ ਤੂਫ਼ਾਨੀ ਮੌਸਮ ਦੀ ਚਪੇਟ ਵਿੱਚ ਆ ਹੀ ਜਾਂਦੀਆਂ ਹਨ।''

ਵਰਸੋਵਾ ਕੋਲੀਵਾੜਾ ਦੇ ਕਈ ਲੋਕਾਂ ਨੇ ਸਮੁੰਦਰ ਦੇ ਇਸ ਵੱਧਦੇ ਪੱਧਰ ਨੂੰ ਦੇਖਿਆ ਹੈ। 30 ਸਾਲ ਤੋਂ ਮੱਛੀ ਵੇਚ ਰਹੀ ਹਰਸ਼ਾ ਰਾਜਹੰਸ ਤਾਪਕੇ ਕਹਿੰਦੀ ਹਨ,''ਕਿਉਂਕਿ ਹੱਥ ਲੱਗਣ ਵਾਲ਼ੀਆਂ ਮੱਛੀਆਂ ਦੀ ਗਿਣਤੀ ਘੱਟ ਹੋ ਗਈ ਹੈ, ਇਸਲਈ ਲੋਕਾਂ (ਬਿਲਡਰਾਂ ਅਤੇ ਸਥਾਨਕ ਲੋਕਾਂ) ਨੇ ਉਸ ਜ਼ਮੀਨ 'ਤੇ ਮੁੜ ਦਾਅਵਾ ਕੀਤਾ ਹੈ, ਜਿੱਥੇ ਅਸੀਂ ਆਪਣੀਆਂ ਮੱਛੀਆਂ ਸੁਕਾਉਂਦੇ ਅਤੇ ਉੱਥੇ (ਰੇਤ 'ਤੇ) ਮਕਾਨ ਬਣਾਉਣ ਲੱਗੇ ਹਨ। ਇਸ ਮੁੜ ਦਾਅਵੇ ਦੇ ਨਾਲ਼, ਖਾੜੀ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਅਸੀਂ ਇਸਨੂੰ ਕੰਢੇ ਦੇ ਨਾਲ਼ ਨਾਲ਼ ਦੇਖ ਸਕਦੇ ਹਾਂ।''

Harsha Tapke (left), who has been selling fish for 30 years, speaks of the changes she has seen. With her is helper Yashoda Dhangar, from Kurnool district of Andhra Pradesh
PHOTO • Subuhi Jiwani

ਹਰਸ਼ਾ ਤਾਪਕੇ (ਖੱਬੇ), ਜੋ 30 ਸਾਲਾਂ ਤੋਂ ਮੱਚੀ ਵੇਚਣ ਦਾ ਕੰਮ ਕਰ ਰਹੀ ਹਨ, ਉਨ੍ਹਾਂ ਤਬਦੀਲੀਆਂ ਬਾਰੇ ਦੱਸ ਰਹੀ ਹਨ ਜੋ ਉਨ੍ਹਾਂ ਨੇ ਦੇਖੀਆਂ ਹਨ। ਉਨ੍ਹਾਂ ਦੀ ਸਹਾਇਕਾ ਯਸ਼ੋਦਾ ਧਨਗਰ ਵੀ ਨਾਲ਼ ਹੈ ਜੋ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੀ ਰਹਿਣ ਵਾਲ਼ੀ ਹਨ

ਹੁਣ ਜਦੋਂ ਕਿ ਇਸ ਸ਼ਹਿਰ ਵਿੱਚ ਬਹੁਤ ਵਰਖਾ ਹੁੰਦੀ ਹੈ, ਉਦੋਂ ਵੀ ਮਛੇਰੇ ਭਾਈਚਾਰੇ ਦੇ ਉੱਪਰ-ਮੈਂਗ੍ਰੋਵ ਦੀ ਹਾਨੀ, ਨਿਰਮਾਣ ਲਈ ਮੁੜ-ਦਾਅਵੇ ਦੀ ਜ਼ਮੀਨ, ਸਮੁੰਦਰੀ ਪਾਣੀ ਦੇ ਵੱਧਦੇ ਪੱਧਰ ਆਦਿ ਦਾ ਸਾਂਝਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ। ਮਿਸਾਲ ਵਜੋਂ, 3 ਅਗਸਤ 2019 ਨੂੰ ਮੁੰਬਈ ਵਿਖੇ 204 ਮਿਲੀਮੀਟਰ ਮੀਂਹ ਪਿਆ- ਇੱਕ ਦਹਾਕੇ ਵਿੱਚ ਅਗਸਤ ਮਹੀਨੇ ਵਿੱਚ 24 ਘੰਟੇ ਪੈਣ ਵਾਲ਼ਾ ਤੀਜਾ ਮੀਂਹ ਅਤੇ 4.9 ਮੀਟਰ (ਕਰੀਬ 16 ਫੁੱਟ) ਉੱਚਾ ਜਵਾਰ। ਉਸ ਦਿਨ, ਵਰਸੋਵਾ ਕੋਲੀਵਾੜਾ ਵਿੱਚ ਕਈ ਛੋਟੀਆਂ ਬੇੜੀਆਂ ਨੂੰ ਲਹਿਰਾਂ ਦੀ ਮਾਰ ਨੇ ਤਹਿਸ-ਨਹਿਸ ਕਰ ਦਿੱਤਾ ਅਤੇ ਮਛੇਰੇ ਭਾਈਚਾਰੇ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ।

'' ਕੋਲੀਵਾੜਾ ਦੇ ਉਸ ਭਾਗ (ਜਿੱਥੇ ਬੇੜੀਆਂ ਰੱਖੀਆਂ ਜਾਂਦੀਆਂ ਹਨ) ਦਾ ਮੁੜ-ਦਾਅਵਾ ਕਰ ਲਿਆ ਗਿਆ ਹੈ, ਪਰ ਪਿਛਲੇ ਸੱਤ ਸਾਲਾਂ ਵਿੱਚ ਪਾਣੀ ਓਨਾ ਨਹੀਂ ਵਧਿਆ, ਜਿੰਨਾ ਉਸ ਦਿਨ ਵਧਿਆ ਸੀ,'' ਵਰਸੋਵਾ ਮਾਸ਼ੇਮਾਰੀ ਲਘੂ ਨੌਕਾ ਸੰਗਠਨ ਦੇ ਪ੍ਰਧਾਨ, ਦਿਨੇਸ਼ ਧਾਂਗਾ ਕਹਿੰਦੇ ਹਨ। ਇਹ ਲਗਭਗ 250 ਮਛੇਰਿਆਂ ਦਾ ਸੰਗਠਨ ਹੈ ਜੋ 148 ਛੋਟੀਆਂ ਬੇੜੀਆਂ 'ਤੇ ਕੰਮ ਕਰਦੇ ਹਨ। ''ਤੂਫ਼ਾਨ ਉੱਚ ਜਵਾਰ ਦੌਰਾਨ ਆਇਆ ਸੀ, ਇਸਲਈ ਜਲ-ਪੱਧਰ ਦੋਗੁਣਾ ਵੱਧ ਗਿਆ। ਕੁਝ ਬੇੜੀਆਂ ਡੁੱਬ ਗਈਆਂ, ਕੁਝ ਟੁੱਟ ਗਈਆਂ। ਮਛੇਰਿਆਂ ਦਾ ਜਾਲ਼ ਗੁਆਚ ਗਿਆ ਅਤੇ ਪਾਣੀ ਕੁਝ ਬੇੜੀਆਂ ਦੇ ਇੰਜਣ ਵਿੱਚ ਵੜ੍ਹ ਗਿਆ।'' ਦਿਨੇਸ਼ ਕਹਿੰਦੇ ਹਨ ਕਿ ਹਰੇਕ ਬੇੜੀ ਦੀ ਕੀਮਤ 45,000 ਰੁਪਏ ਤੱਕ ਹੋ ਸਕਦੀ ਹੈ। ਹਰੇਕ ਜਾਲ਼ ਦੀ ਕੀਮਤ 2,500 ਰੁਪਏ ਹੈ।

ਵਰਸੋਵਾ ਦੇ ਮੱਛੀ ਫੜ੍ਹਨ ਵਾਲ਼ੇ ਭਾਈਚਾਰਿਆਂ ਦੀ ਰੋਜ਼ੀਰੋਟੀ 'ਤੇ ਇਨ੍ਹਾਂ ਸਭ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਪ੍ਰਿਯਾ ਭਾਨਜੀ ਕਹਿੰਦੀ ਹਨ,''ਅਸੀਂ ਫੜ੍ਹੀ ਗਈ ਮੱਛੀ ਦੀ ਮਾਤਰਾ ਵਿੱਚ 65-70 ਪ੍ਰਤੀਸ਼ਤ ਦਾ ਫ਼ਰਕ ਦੇਖਿਆ ਹੈ। ਜਦੋਂ ਅਸੀਂ ਬਜ਼ਾਰ ਵਿੱਚ ਜੇ 10 ਟੋਕਰੀਆਂ ਲੈ ਕੇ ਜਾ ਰਹੇ ਹਨ, ਤਾਂ ਪਹਿਲਾਂ (ਲਗਭਗ ਦੋ ਦਹਾਕੇ ਪਹਿਲਾਂ) 20 ਟੋਕਰੀਆਂ ਲੈ ਜਾਇਆ ਕਰਦੇ ਸਨ। ਇਹ ਬਹੁਤ ਵੱਡਾ ਅੰਤਰ ਹੈ।''

ਇੱਕ ਪਾਸੇ ਜਿੱਥੇ ਮੱਛੀਆਂ (ਫੜ੍ਹੀਆਂ ਜਾਣ ਵਾਲ਼ੀਆਂ) ਦਾ ਅਕਾਰ ਕੁਝ ਛੋਟਾ ਹੋਇਆ ਹੈ, ਉੱਥੇ ਹੀ ਦੂਸਰੇ ਪਾਸੇ ਬੰਦਰਗਾਹ ਦੇ ਨੇੜੇ ਥੋਕ ਬਜ਼ਾਰ ਵਿੱਚ, ਜਿੱਥੋਂ ਔਰਤਾਂ ਮੱਛੀਆਂ ਖਰੀਦਦੀਆਂ ਹਨ, ਕੀਮਤਾਂ ਵੱਧ ਗਈਆਂ ਹਨ-ਇਸਲਈ ਉਨ੍ਹਾਂ ਦਾ ਮੁਨਾਫ਼ਾ ਲਗਾਤਾਰ ਘੱਟ ਹੋਇਆ ਹੈ। ਪ੍ਰਿਯਾ ਕਹਿੰਦੀ ਹਨ,''ਪਹਿਲਾਂ ਅਸੀਂ ਪੌਮਫ੍ਰੇਟ ਦਾ ਸਭ ਤੋਂ ਵੱਡਾ ਟੁਕੜਾ, ਇੱਕ ਫੁੱਟ ਲੰਬਾ, 500 ਰੁਪਏ ਵਿੱਚ ਵੇਚਦੇ ਸਾਂ। ਹੁਣ ਓਨੀ ਕੀਮਤ ਵਿੱਚ ਸਿਰਫ਼ 6 ਇੰਚੀ ਦਾ ਪੌਮਫ੍ਰੇਟ ਹੀ ਵੇਚਦੇ ਹਾਂ। ਪੌਮਫ੍ਰੇਟ ਦਾ ਅਕਾਰ ਛੋਟਾ ਹੋ ਗਿਆ ਹੈ ਅਤੇ ਕੀਮਤਾਂ ਵੱਧ ਗਈਆਂ ਹਨ।'' ਪ੍ਰਿਯਾ ਤਿੰਨ ਦਿਨ ਮੱਛੀਆਂ ਵੇਚ ਕੇ 500-600 ਰੁਪਏ ਕਮਾਉਂਦੀ ਹਨ।

Left: Dinesh Dhanga (on the right right) heads an organisation of around 250 fishermen operating small boats; its members include Sunil Kapatil (left) and Rakesh Sukacha (centre). Dinesh and Sunil now have a Ganapati idol-making workshop to supplement their dwindling income from fishing
PHOTO • Subuhi Jiwani
Left: Dinesh Dhanga (on the right right) heads an organisation of around 250 fishermen operating small boats; its members include Sunil Kapatil (left) and Rakesh Sukacha (centre). Dinesh and Sunil now have a Ganapati idol-making workshop to supplement their dwindling income from fishing
PHOTO • Subuhi Jiwani

ਖੱਬੇ : ਦਿਨੇਸ਼ ਧਾਂਗਾ (ਸੱਜੇ ਪਾਸੇ) ਛੋਟੀਆਂ ਬੇੜੀਆਂ ਸੰਚਾਲਨ ਕਰਨ ਵਾਲ਼ੇ ਕਰੀਬ 250 ਮਛੇਰਿਆਂ ਦੇ ਇੱਕ ਸੰਗਠਨ ਦੀ ਪ੍ਰਧਾਨਗੀ ਕਰਦੇ ਹਨ ; ਇਹਦੇ ਮੈਂਬਰਾਂ ਵਿੱਚ ਸੁਨੀਲ ਕਾਪਤੀਲ (ਖੱਬੇ) ਅਤੇ ਰਾਕੇਸ਼ ਸੁਕਚਾ (ਵਿਚਕਾਰ) ਸ਼ਾਮਲ ਹਨ। ਦਿਨੇਸ਼ ਅਤੇ ਸੁਨੀਲ ਦੇ ਕੋਲ਼ ਹੁਣ ਮੱਛੀ ਫੜ੍ਹਨ ਕਰਕੇ ਆਪਣੇ ਘੱਟਦੀ ਆਮਦਨੀ ਪੂਰਾ ਕਰਨ ਲਈ ਗਣਪਤੀ ਦੀ ਮੂਰਤੀ ਬਣਾਉਣ ਦੀ ਇੱਕ ਵਰਕਸ਼ਾਪ ਹੈ

ਘੱਟਦੀ ਆਮਦਨੀ 'ਤੇ ਕਾਬੂ ਪਾਉਣ ਲਈ, ਮਛੇਰਾ ਪਰਿਵਾਰਾਂ ਵਿੱਚੋਂ ਕਈਆਂ ਨੇ ਹੋਰ ਕੰਮ ਲੱਭਣੇ ਸ਼ੁਰੂ ਕਰ ਦਿੱਤੇ ਹਨ। ਪ੍ਰਿਯਾ ਦੇ ਪਤੀ ਵਿਦਯੁਤ ਨੇ ਕੇਂਦਰ ਸਰਕਾਰ ਦੇ ਦਫ਼ਤਰ ਦੇ ਲੇਖਾ ਵਿਭਾਗ ਵਿੱਚ ਕੰਮ ਕੀਤਾ (ਜਦੋਂ ਤੱਕ ਕਿ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਸੇਵਾ-ਮੁਕਤ ਨਹੀਂ ਲੈ ਲਈ); ਉਨ੍ਹਾਂ ਦੇ ਭਰਾ ਗੌਤਮ ਏਅਰ ਇੰਡੀਆ ਵਿੱਚ ਸਟੋਰ ਮੈਨੇਜਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ, ਜਦੋਂਕਿ ਉਨ੍ਹਾਂ ਦੀ ਪਤਨੀ ਅੰਧੇਰੀ ਬਜ਼ਾਰ ਵਿੱਚ ਮੱਛੀ ਵੇਚਦੀ ਹਨ। ਪ੍ਰਿਯਾ ਕਹਿੰਦੀ ਹਨ,''ਹੁਣ ਉਹ ਦਫ਼ਤਰ ਦੀ ਨੌਕਰੀ ਕਰ ਰਹੇ ਹਨ (ਕਿਉਂਕਿ ਮੱਛੀ ਫੜ੍ਹਨਾ ਹੁਣ ਅਮਲੀ ਨਹੀਂ ਹੈ)। ਪਰ ਮੈਂ ਕੁਝ ਹੋਰ ਨਹੀਂ ਕਰ ਸਕਦੀ, ਕਿਉਂਕਿ ਮੈਨੂੰ ਇਸੇ ਕੰਮ ਦੀ ਆਦਤ ਹੈ।''

43 ਸਾਲਾ ਸੁਨੀਲ ਕਾਪਤੀਲ, ਜਿਨ੍ਹਾਂ ਦੇ ਪਰਿਵਾਰ ਦੇ ਕੋਲ਼ ਇੱਕ ਛੋਟੀ ਬੇੜੀ ਹੈ, ਨੇ ਵੀ ਪੈਸਾ ਕਮਾਉਣ ਦੇ ਹੋਰ ਤਰੀਕੇ ਭਾਲ਼ਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਦੋਸਤ ਦਿਨੇਸ਼ ਧਾਂਗਾ ਦੇ ਨਾਲ਼ ਗਣਪਤੀ ਦੀ ਮੂਰਤੀ ਬਣਾਉਣ ਦਾ ਇੱਕ ਕਾਰੋਬਾਰ ਸ਼ੁਰੂ ਕੀਤਾ ਹੈ। ਸੁਨੀਲ ਕਹਿੰਦੇ ਹਨ,''ਪਹਿਲਾਂ ਅਸੀਂ ਸਿਰਫ਼ ਇੱਕ ਘੰਟਾ ਹੀ ਮੱਛੀਆਂ ਫੜ੍ਹਿਆ ਕਰਦੇ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਮੱਛੀ ਫੜ੍ਹਨ ਜਾਂਦੇ ਸਾਂ। ਹੁਣ ਸਾਨੂੰ 2-3 ਘੰਟਿਆਂ ਦੀ ਯਾਤਰਾ ਕਰਨੀ ਪੈਂਦੀ ਹੈ। ਅਸੀਂ ਇੱਕ ਦਿਨ ਵਿੱਚ ਮੱਛੀ ਨਾਲ਼ ਭਰੀਆਂ 2-3 ਪੇਟੀਆਂ (ਟੋਕਰੀਆਂ) ਲਈ ਵਾਪਸ ਮੁੜਦੇ ਹੁੰਦੇ ਸਾਂ। ਹੁਣ ਅਸੀਂ ਇੱਕ ਪੇਟੀ ਫੜ੍ਹਨ ਲਈ ਵੀ ਸੰਘਰਸ਼ ਕਰ ਰਹੇ ਹਾਂ... ਕਦੇ ਕਦੇ 50 ਰੁਪਏ ਵੀ ਨਹੀਂ ਕਮਾ ਪਾਉਂਦੇ।''

ਅਜੇ ਵੀ, ਵਰਸੋਵਾ ਕੋਲੀਵਾੜਾ ਵਿਖੇ ਕਈ ਲੋਕ ਕੁੱਲਵਕਤੀ ਮਛੇਰੇ ਅਤੇ ਮੱਛੀ ਵਿਕ੍ਰੇਤਾ ਬਣੇ ਹੋਏ ਹਨ, ਜੋ ਸਮੁੰਦਰੀ ਪਾਣੀ ਦੇ ਵੱਧਦੇ ਪੱਧਰ, ਤਾਪਮਾਨ ਵਿੱਚ ਵਾਧੇ, ਹੱਦ ਤੋਂ ਵੱਧ ਮੱਛੀ ਫੜ੍ਹੇ ਜਾਣ, ਪ੍ਰਦੂਸ਼ਣ, ਅਲੋਪ ਹੋ ਰਹੇ ਮੈਂਗ੍ਰੋਵ ਆਦਿ ਨਾਲ਼ ਜੂਝ ਰਹੇ ਹਨ- ਮੱਛੀਆਂ ਦੀ ਘੱਟਦੀ ਹੋਈ ਮਾਤਰਾ ਅਤੇ ਛੋਟੇ ਹੁੰਦੇ ਅਕਾਰ ਵੀ ਇੱਕ ਸਮੱਸਿਆ ਹੈ। 28 ਸਾਲ ਦੇ ਰਕੇਸ਼ ਸੁਕਚਾ, ਜਿਨ੍ਹਾਂ ਨੂੰ ਆਪਣੇ ਪਰਿਵਾਰ ਦੇ ਆਰਥਿਕ ਸੰਕਟ ਦੇ ਕਾਰਨ 8ਵੀਂ ਜਮਾਤ ਤੋਂ ਬਾਅਦ ਸਕੂਲ ਜਾਣਾ ਛੱਡਣਾ ਪਿਆ, ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ ਜੋ ਸਿਰਫ਼ ਮੱਛੀ ਫੜ੍ਹਨ 'ਤੇ ਹੀ ਨਿਰਭਰ ਰਹਿੰਦੇ ਹਨ। ਉਹ ਕਹਿੰਦੇ ਹਨ: ''ਸਾਡੇ ਦਾਦਾ ਜੀ ਸਾਨੂੰ ਇੱਕ ਕਹਾਣੀ ਸੁਣਾਉਂਦੇ ਸਨ: ਜੇ ਤੈਨੂੰ ਜੰਗਲ ਵਿੱਚ ਕੋਈ ਸ਼ੇਰ ਦਿੱਸੇ ਤਾਂ ਤੈਨੂੰ ਉਹਦਾ ਸਾਹਮਣਾ ਕਰਨਾ ਹੋਵੇਗਾ। ਜੇ ਤੂੰ ਭੱਜੇਂਗਾ ਤਾਂ ਉਹ ਤੈਨੂੰ ਖਾ ਜਾਊਗਾ। ਜੇ ਤੂੰ (ਉਹਦੇ ਖ਼ਿਲਾਫ਼) ਜਿੱਤੇ ਜਾਂਦਾ ਹੈਂ ਤਾਂ ਤੂੰ ਬਹਾਦੁਰ ਹੈਂ। ਉਨ੍ਹਾਂ ਨੇ ਸਾਨੂੰ ਕਿਹਾ ਕਿ ਬੱਸ ਇਸੇ ਤਰ੍ਹਾਂ ਹੀ ਅਸੀਂ ਸਮੁੰਦਰ ਦਾ ਸਾਹਮਣਾ ਕਰਨਾ ਸਿੱਖਿਆ।''

ਲੇਖਿਕਾ ਇਸ ਸਟੋਰੀ ਵਿੱਚ ਮਦਦ ਕਰਨ ਲਈ ਨਰਾਇਣ ਕੋਲੀ, ਜੈ ਭਡਗਾਓਂਕਰ, ਨਿਖਿਲ ਆਨੰਦ, ਸਟਾਲਿਨ ਦਯਾਨੰਦ ਅਤੇ ਗਿਰੀਸ਼ ਜਠਰ ਦਾ ਸ਼ੁਕਰੀਆ ਅਦਾ ਕਰਦੀ ਹਨ।

ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP -ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Reporter : Subuhi Jiwani

Subuhi Jiwani is a writer and video-maker based in Mumbai. She was a senior editor at PARI from 2017 to 2019.

Other stories by Subuhi Jiwani
Editor : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Series Editors : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur