ਦਿਨਕਰ ਆਇਵਲੇ ਵਾਸਤੇ ਇਹ ਸਾਲ ਇੱਕ ਮੂਕ ਸਾਲ ਰਿਹਾ, ਕਿਉਂਕਿ ਕਈ ਮਹੀਨਿਆਂ ਤੀਕਰ ਉਨ੍ਹਾਂ ਦੀਆਂ ਬੰਸਰੀਆਂ ਕੋਈ ਧੁਨ ਨਾ ਕੱਢ ਸਕੀਆਂ। ਇੱਟਾਂ ਤੇ ਗਾਰੇ ਦੀ ਚਿਣਾਈ ਨਾਲ਼ ਬਣੇ ਘਰ ਅੰਦਰ ਆਪਣੀ ਵਰਕਸ਼ਾਪ ਵਿੱਚ ਬੈਠਿਆਂ, ਉਹ ਕਹਿੰਦੇ ਹਨ,''ਇਹ ਸਾਜ ਸਿੱਧਿਆਂ ਮੂੰਹ ਰਾਹੀਂ ਵਜਾਇਆ ਜਾਂਦਾ ਹੈ। ਕਰੋਨਾ ਕਾਲ ਦੌਰਾਨ ਅਜਿਹਾ ਸੰਪਰਕ ਹੋਣਾ ਖ਼ਤਰੇ ਭਰਿਆ ਹੈ।''

ਉਨ੍ਹਾਂ ਦੇ ਨਾਲ਼ ਕਰਕੇ ਸੰਦਾਂ ਨਾਲ਼ ਭਰਿਆ ਲੱਕੜ ਦਾ ਪੁਰਾਣਾ ਇੱਕ ਸੰਦੂਕ ਪਿਆ ਹੈ। ਜੇ ਕਿਤੇ ਉਹ ਇਨ੍ਹਾਂ ਦੀ ਸੰਦਾਂ ਤੋਂ ਮਦਦ ਲੈ ਪਾਉਂਦੇ, ਜਿਵੇਂ ਕਿ ਉਹ ਸਾਲ ਕੁ ਪਹਿਲਾਂ ਲਿਆ ਕਰਦੇ ਸਨ, ਤਾਂ ਉਨ੍ਹਾਂ ਨੂੰ ਖੂੰਜੇ ਵਿੱਚ ਰੱਖੀ ਪੀਲ਼ੇ ਬਾਂਸ ਦੇ ਡੰਡਿਆਂ ਦੀ ਢੇਰੀ ਨੂੰ ਬੰਸਰੀ ਵਿੱਚ ਤਬਦੀਲ ਕਰਨ ਵਿੱਚ ਇੱਕ ਘੰਟੇ ਤੋਂ ਵੀ ਘੱਟ ਸਮਾਂ ਲੱਗਦਾ।

ਇਹਦੀ ਬਜਾਇ 74 ਸਾਲਾ ਦਿਨਕਰ ਸਾਡੀ ਗੱਲਬਾਤ ਦੌਰਾਨ ਉਸ ਨਿਰਜੀਵ ਬਾਂਸ ਨੂੰ ਬੱਸ ਘੂਰਦੇ ਰਹਿੰਦੇ ਹਨ। ਮਾਰਚ 2020 ਵਿੱਚ ਤਾਲਾਬੰਦੀ ਲੱਗਣ ਤੋਂ ਬਾਅਦ ਤੋਂ ਹੀ ਉਨ੍ਹਾਂ ਦਾ ਕੰਮ ਕਰੀਬ-ਕਰੀਬ ਠੱਪ ਪੈ ਗਿਆ। ਉਨ੍ਹਾਂ ਨੇ ਇਸ ਸ਼ਿਲਪ ਨੂੰ ਸਾਧਣ ਵਾਸਤੇ ਆਪਣੀ ਜ਼ਿੰਦਗੀ ਦੇ ਕਰੀਬ 150,000 ਘੰਟੇ ਦਿੱਤੇ ਹਨ ਤੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ, ਸਾਲ ਦੇ 250 ਦਿਨਾਂ ਤੋਂ ਲੈ ਕੇ 270 ਦਿਨਾਂ ਤੱਕ ਰੋਜ਼ਾਨਾ 10 ਘੰਟੇ ਦੀ ਮਿਹਨਤ ਕਰਦੇ ਸਨ।

ਉਨ੍ਹਾਂ ਨੇ 19 ਸਾਲ ਦੀ ਉਮਰ ਤੋਂ ਬੰਸਰੀ ਬਣਾਉਣਾ ਸ਼ੁਰੂ ਕੀਤਾ ਸੀ, ਉਦੋਂ ਤੋਂ ਆਇਵਲੇ ਨੇ ਇੰਨਾ ਲੰਬਾ ਬ੍ਰੇਕ ਕਦੇ ਨਹੀਂ ਲਿਆ ਸੀ ਅਤੇ ਨਾ ਹੀ ਉਨ੍ਹਾਂ ਨੇ ਲੰਘੇ ਸਾਲ ਸੈਂਕੜੇ ਕਿਲੋਮੀਟਰ ਦੀ ਯਾਤਰਾ ਹੀ ਕੀਤੀ, ਜਿਵੇਂ ਕਿ ਉਹ ਆਮ ਤੌਰ 'ਤੇ ਮਹਾਰਾਸ਼ਟਰ ਅਤੇ ਕਰਨਾਟਕ ਦੇ ਜਾਤਰਾਵਾਂ (ਮੇਲਿਆਂ) ਵਿੱਚ ਬੰਸਰੀ ਵੇਚਣ ਲਈ ਕਰਿਆ ਕਰਦੇ ਸਨ। ਜਾਤਰਾ ਜਿਹੇ ਵੱਡੇ ਸਮਾਰੋਹਾਂ ਨੂੰ ਲੱਗਣ ਦੀ ਆਗਿਆ ਨਹੀਂ ਦਿੱਤੀ ਗਈ।

Top left: The flute-makers toolkit with (left-to-right) a hacksaw blade, two types of patli, hatodi, three types of chaku (knives) a cleaning chaku, two varieties of masudichi aari, pakad, two aari for making holes, and the metal rod on top is the gaz. Top right: The tone holes on a flute are made using these sticks which have marks for measurements. Bottom: Dinkar Aiwale has spent over 1.5 lakh hours perfecting his craft and now takes less than an hour to make a flute
PHOTO • Sanket Jain

ਉਤਾਂਹ ਖੱਬੇ: ਬੰਸਰੀ ਬਣਾਉਣ ਵਾਲ਼ੇ ਔਜ਼ਾਰਾਂ (ਖੱਬਿਓਂ ਸੱਜੇ) ਵਿੱਚ ਆਰੀ, ਦੋ ਕਿਸਮਾਂ ਦੀ ਪਤਲੀ, ਹਥੌੜੀ, ਤਿੰਨ ਕਿਸਮਾਂ ਦੇ ਚਾਕੂ, ਸਫ਼ਾਈ ਕਰਨ ਵਾਲ਼ਾ ਚਾਕੂ, ਦੋ ਕਿਸਮ ਦੀ ਮਾਸੂਡਿਚੀ ਆਰੀ, ਸੰਨੀ (ਪਲਾਸ), ਛੇਕ ਮਾਰਨ ਵਾਲ਼ੀਆਂ ਦੋ ਆਰੀਆਂ ਅਤੇ ਉੱਪਰ ਪਈ ਧਾਤੂ ਦੀ ਛੜਾਂ ਗਜ਼ ਦਾ ਕੰਮ ਦਿੰਦੀਆਂ ਹਨ। ਉਤਾਂਹ ਸੱਜੇ: ਬੰਸਰੀ ਵਿੱਚ ਛੇਕ ਕੱਢਣ ਲਈ ਇਨ੍ਹਾਂ ਛੜਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਮਾਪ ਦੇ ਨਿਸ਼ਾਨ ਹੁੰਦੇ ਹਨ। ਹੇਠਾਂ: ਦਿਨਕਰ ਆਇਵਲੇ ਨੇ ਇਸ ਸ਼ਿਲਪਕਲਾ ਨੂੰ ਸਾਧਣ ਵਿੱਚ ਆਪਣੀ ਜ਼ਿੰਦਗੀ ਦੇ 150,000 ਘੰਟੇ ਦਿੱਤੇ ਹਨ ਤੇ ਹੁਣ ਇੱਕ ਬੰਸਰੀ ਬਣਾਉਣ ਵਿੱਚ ਉਨ੍ਹਾਂ ਨੂੰ ਇੱਕ ਘੰਟੇ ਤੋਂ ਵੀ ਘੱਟ ਦਾ ਸਮਾਂ ਲੱਗਦਾ ਹੈ

ਤਾਲਾਬੰਦੀ ਤੋਂ ਪਹਿਲਾਂ ਵੀ ਦਿਨਕਰ ਆਇਵਲੇ ਦਾ ਪਰਿਵਾਰ ਆਪਣੇ ਪਿੰਡ ਕੋਡੋਲੀ ਵਿਖੇ ਬੰਸਰੀ ਬਣਾਉਣ ਵਾਲ਼ਾ ਇਕਲੌਤਾ ਪਰਿਵਾਰ ਸੀ। ਪਰਿਵਾਰ ਦਾ ਤਾਅਲੁਕ ਹੋਲਰ ਭਾਈਚਾਰੇ ਨਾਲ਼ ਹੈ, ਜੋ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ। ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਪਨਹਾਲਾ ਤਾਲੁਕਾ ਵਿੱਚ ਸਥਿਤ ਇਸ ਪਿੰਡ ਦੀ ਅਬਾਦੀ ਕਰੀਬ 29,000 ਹੈ (ਮਰਦਮ ਸ਼ੁਮਾਰੀ 2011)

ਪਿਛਲੇ ਵੇਲ਼ਿਆਂ ਵਿੱਚ, ਉਨ੍ਹਾਂ ਦੇ ਭਾਈਚਾਰੇ ਦੇ ਪੁਰਸ਼, ਜੋ ਪੀੜ੍ਹੀ ਦਰ ਪੀੜ੍ਹੀ ਸ਼ਹਿਨਾਈ ਅਤੇ ਡਫਡਾ (ਡਫਲੀ) ਵਾਦਕ ਸਨ, ਅਕਸਰ ਧਾਰਮਿਕ ਜਾਂ ਸਮਾਜਿਕ ਸਮਾਰੋਹਾਂ ਵਿੱਚ ਪੇਸ਼ਕਾਰੀ (ਪਰਫ਼ਾਰਮ) ਕਰਦੇ ਸਨ ਤੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਇਆ ਕਰਦੇ ਸਨ। ਉਨ੍ਹਾਂ ਨੇ ਇੱਕ ਬੈਂਡ ਵੀ ਬਣਾਇਆ ਸੀ ਤੇ 1962 ਵਿੱਚ ਇਸ ਸਮੂਹ ਵਿੱਚ ਸ਼ੁਮਾਰ ਹੋਣ ਵਾਲ਼ੇ 14-15 ਸੰਗੀਤਕਾਰਾਂ ਵਿੱਚੋਂ ਇੱਕ ਦਿਨਕਰ ਵੀ ਸਨ। ਉਦੋਂ ਉਹ ਮਹਿਜ 16 ਸਾਲਾਂ ਦੇ ਸਨ ਤੇ 8ਵੀਂ ਵਿੱਚ ਸਕੂਲ ਛੱਡਣ ਬਾਅਦ ਆਪਣੇ ਪਿਤਾ, ਮਰਹੂਮ ਬਾਬੂਰਾਓ ਦੇ ਨਾਲ਼ ਪ੍ਰੋਗਰਾਮਾਂ ਵਿੱਚ ਜਾਣ ਲੱਗੇ ਸਨ। ਬਾਅਦ ਵਿੱਚ ਉਹ ਦੋ ਬੈਂਡਾਂ ਵਿੱਚ ਪਰਫ਼ਾਰਮ ਕਰਨ ਲੱਗੇ, ਇੱਕ ਖ਼ੁਦ ਉਨ੍ਹਾਂ ਦੇ ਆਪਣੇ ਪਿੰਡ ਵਿੱਚ ਸੀ ਤੇ ਦੂਸਰਾ ਗੁਆਂਢੀ ਪਿੰਡਾ ਦਾ, ਦੋਵਾਂ ਦਾ ਨਾਮ 'ਹਨੂਮਾਨ' ਬੈਂਡ ਸੀ।

ਆਇਵਲੇ ਪੂਰੇ ਫ਼ਖ਼ਰ ਨਾਲ਼ ਕਹਿੰਦੇ ਹਨ,''ਆਪਣੇ ਪਿਤਾ ਵਾਂਗਰ ਮੈਂ 38 ਸਾਲਾਂ ਤੀਕਰ ਬੈਂਡ ਵਿੱਚ ਸ਼ਹਿਨਾਈ ਤੇ ਤੂਰ੍ਹੀ ਵਜਾਈ।'' ਉਹ ਇਸ ਵਿਰਾਸਤ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਹਿੰਦੇ ਹਨ: '' ਵਾਜੰਤ੍ਰੀ ਚਾ ਮੁਲਗਾ ਜਰ ਰਡਲਾ ਤਰ ਤੋ ਸਵਰਾਚ ਰਡਨਾ (ਜਦੋਂ ਬੈਂਡ ਵਜਾਉਣ ਵਾਲ਼ੇ ਦਾ ਬੱਚਾ ਰੋਂਦਾ ਹੈ ਤਾਂ ਉਹਦਾ ਰੋਣਾ ਵੀ ਸੁਰ ਵਿੱਚ ਹੁੰਦਾ ਹੈ)।'' ਉਨ੍ਹਾਂ ਨੇ ਬੰਸਰੀ ਤੇ ਸ਼ਹਿਨਾਈ ਦੋਵੇਂ ਹੀ ਇਕਸਾਰ ਸਹਿਜਤਾ ਤੇ ਕੁਸ਼ਲਤਾ ਦੇ ਨਾਲ਼ ਵਜਾਈਆਂ।

ਹਾਲਾਂਕਿ, ਬੈਂਡ ਵਜਾਉਣ ਨਾਲ਼ ਹੋਣ ਵਾਲ਼ੀ ਆਮਦਨੀ ਬੜੀ ਘੱਟ ਹੋਇਆ ਕਰਦੀ ਸੀ ਤੇ ਕਦੇ ਵੀ ਨਿਯਮਤ ਨਾ ਹੁੰਦੀ। ਉਹ ਪੁਰਾਣਾ ਵੇਲ਼ਾ ਚੇਤੇ ਕਰਦੇ ਹਨ,''ਉਨ੍ਹੀਂ ਦਿਨੀਂ 14-15 ਲੋਕਾਂ ਦੇ ਸਮੂਹ ਨੂੰ ਤਿੰਨ ਦਿਨ ਦੇ ਸਮਾਰੋਹ ਦੇ ਵਾਸਤੇ ਸਮੂਹਿਕ ਰੂਪ ਨਾਲ਼ 60 ਰੁਪਏ ਮਿਲ਼ਦੇ ਸਨ।'' ਬੈਂਡ ਦੇ ਨਾਲ਼ ਤਿੰਨ ਦਿਨਾਂ ਦੇ ਕੰਮ ਨਾਲ਼ ਉਨ੍ਹਾਂ ਨੂੰ ਸਿਰਫ਼ 4 ਰੁਪਏ ਮਿਲ਼ਦੇ ਸਨ। ਇਸਲਈ ਦਿਨਕਰ ਨੂੰ ਦਿਹਾੜੀ ਮਜ਼ਦੂਰ ਦੇ ਰੂਪ ਵਿੱਚ ਦੂਜੇ ਕੰਮ ਵੀ ਕਰਨੇ ਪੈਂਦੇ ਸਨ। ਪਰ, ਜਦੋਂ ਉਨ੍ਹਾਂ ਕੰਮਾਂ ਤੋਂ ਵੀ ਲੋੜੀਂਦੀ ਕਮਾਈ ਨਾ ਹੋਈ ਤਾਂ ਉਨ੍ਹਾਂ ਕੁਝ ਹੋਰ ਹੁਨਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਵੀਡਿਓ ਦੇਖੋ: ਕੋਲ੍ਹਾਪੁਰ ਦੇ ਕੋਡੋਲੀ ਪਿੰਡੋਂ ਆਉਂਦੀ ਬੰਸਰੀ ਦੀ ਧੁਨ

ਉਹ ਦੱਸਦੇ ਹੋਏ ਕਿ ਉਨ੍ਹਾਂ ਨੇ ਬੰਸਰੀ ਬਣਾਉਣਾ ਕਿਵੇਂ ਸ਼ੁਰੂ ਕੀਤਾ, ਉਹ ਕਹਿੰਦੇ ਹਨ,''ਕੋਈ ਹੋਰ ਚਾਰਾ ਨਹੀਂ ਸੀ। ਦੱਸੋ ਮੈਂ ਆਪਣਾ ਪਰਿਵਾਰ ਕਿਵੇਂ ਪਾਲ਼ਦਾ? ਉਜਰਤ ਵੀ ਓਨੀ ਨਾ ਮਿਲ਼ਦੀ।'' 1960 ਦੇ ਦਹਾਕੇ ਵਿੱਚ, ਖੇਤ ਮਜ਼ਦੂਰ ਦੇ ਰੂਪ ਵਿੱਚ 10 ਘੰਟੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਿਰਫ਼ 10 ਆਨੇ (ਇੱਕ ਆਨਾ ਇੱਕ ਰੁਪਏ ਦਾ 1/16ਵਾਂ ਹਿੱਸਾ) ਮਿਲ਼ਦੇ ਸਨ। ਦਿਨਕਰ ਦੱਸਦੇ ਹਨ, ਉਨ੍ਹਾਂ ਨੇ ਕਰੀਬ ਦੋ ਦਹਾਕਿਆਂ ਤੱਕ ਮਜ਼ਦੂਰ ਦੇ ਰੂਪ ਵਿੱਚ ਕੰਮ ਕੀਤਾ, ਜਦੋਂ ਤੱਕ ਕਿ ਉਨ੍ਹਾਂ ਨੂੰ ਦੋ ਡੰਗ ਦੀ ਰੋਟੀ ਚਲਾਉਣ ਜੋਗਾ ਕੰਮ ਨਹੀਂ ਮਿਲ਼ ਗਿਆ।''

ਉਨ੍ਹਾਂ ਦਾ ਇਸ਼ਾਰਾ 20 ਕਿਲੋਮੀਟਰ ਦੂਰ ਸਥਿਤ ਸਾਵਰਡੇ ਪਿੰਡ ਵੱਲ ਨੂੰ ਸੀ, ਜਿੱਥੇ ਉਨ੍ਹਾਂ ਦੇ ਸਹੁਰੇ, ਮਰਹੂਮ ਦਾਜੀਰਾਮ ਦੇਸਾਈ ਨੇ ਉਨ੍ਹਾਂ ਨੂੰ ਬਾਂਸ ਤੋਂ ਬੰਸਰੀ ਬਣਾਉਣ ਦਾ ਹੁਨਰ ਸਿਖਾਉਣਾ ਸ਼ੁਰੂ ਕੀਤਾ। ਉਹ ਕਦੇ-ਕਦੇ ਯਾਤਰਾ ਵੀ ਕਰਦੇ ਰਹੇ ਤੇ ਬੈਂਡ ਵਜਾਉਣ ਵੀ ਜਾਰੀ ਰੱਖਿਆ। (ਸਾਲ 2000 ਵਿੱਚ, ਉਨ੍ਹਾਂ ਦੀ ਯਾਤਰਾ ਉਦੋਂ ਰੁਕੀ ਜਦੋਂ ਉਨ੍ਹਾਂ ਦੀ ਪਤਨੀ ਤਾਰਾਬਾਈ ਦੀ ਕੋਰੋਨਰੀ ਬਾਈਬਾਸ ਸਰਜਰੀ ਹੋਈ ਤੇ ਉਨ੍ਹਾਂ ਦੀ ਦੇਖਭਾਲ਼ ਵਾਸਤੇ ਉਨ੍ਹਾਂ ਨੂੰ ਘਰੇ ਰਹਿਣ ਦੀ ਲੋੜ ਪਈ। ਸਾਲ 2019 ਵਿੱਚ ਤਾਰਾਬਾਈ ਦਾ ਦੇਹਾਂਤ ਹੋ ਗਿਆ)।

ਉਨ੍ਹਾਂ ਦੇ 52 ਸਾਲਾ ਬੇਟੇ ਸੁਰੇਂਦਰ ਨੂੰ ਵੀ ਆਪਣੇ ਪਿਤਾ ਤੋਂ ਬੰਸਰੀ ਬਣਾਉਣ ਦਾ ਗਿਆਨ ਵਿਰਸੇ 'ਚ ਮਿਲ਼ ਚੁੱਕਿਆ ਹੈ। (ਦਿਨਕਰ ਅਤੇ ਤਾਰਾਬਾਈ ਦੀਆਂ ਦੋ ਧੀਆਂ ਵਿਆਹੁਤਾ ਹਨ ਤੇ ਇੱਕ ਦਾ ਦੇਹਾਂਤ ਹੋ ਚੁੱਕਿਆ ਹੈ)। ਸੁਰੇਂਦਰ ਨੇ 13 ਸਾਲ ਦੀ ਉਮਰੇ ਬੰਸਰੀ ਵੇਚਣਾ ਸ਼ੁਰੂ ਕਰ ਦਿੱਤਾ ਸੀ ਅਤੇ ਜਦੋਂ ਉਹ 16 ਸਾਲ ਦੇ ਸਨ ਤਾਂ ਆਪਣੇ ਪਿਤਾ ਵਾਂਗਰ ਉਨ੍ਹਾਂ ਨੇ ਵੀ ਪੂਰਾ ਸਮਾਂ ਕੰਮ ਕਰਨ ਵਾਸਤੇ 10ਵੀਂ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ। ਉਹ ਕਹਿੰਦੇ ਹਨ,''ਸ਼ੁਰੂ ਵਿੱਚ, ਮੈਨੂੰ (ਸੜਕਾਂ 'ਤੇ ਬੰਸਰੀ ਵੇਚਣ ਵਿੱਚ) ਬੜੀ ਝਿਜਕ ਤੇ ਸੰਗ ਆਉਂਦੀ।'' ਪਰ ਦਿਨਕਰ ਕਹਿੰਦੇ ਹਨ,''ਜਦੋਂ ਤੁਸੀਂ ਆਪਣਾ ਪਰਿਵਾਰ ਪਾਲ਼ਣਾ ਹੁੰਦਾ ਹੈ ਤਾਂ ਕੋਈ ਝਿਜਕ ਬਾਕੀ ਨਹੀਂ ਰਹਿੰਦੀ।''

ਬੀਤੇ ਸਾਲ ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਤੀਕਰ, ਸੁਰੇਂਦਰ ਨਿਯਮਤ ਰੂਪ ਵਿੱਚ ਆਪਣੇ ਪਿਤਾ ਦੇ ਨਾਲ਼ ਪੂਨੇ ਤੇ ਮੁੰਬਈ ਜਿਹੇ ਸ਼ਹਿਰਾਂ ਵਿੱਚ ਬੰਸਰੀ ਵੇਚਣ ਲਈ ਅੱਡ-ਅੱਡ ਥਾਵਾਂ ਦੀ ਯਾਤਰਾ ਕਰਦੇ ਰਹੇ। ਪਰ ਉਹ ਅਤੇ ਦਿਨਕਰ ਮਾਰਚ ਤੋਂ ਅਕਤੂਬਰ 2020 ਵਿਚਾਲੇ, ਇੱਕ ਵੀ ਬੰਸਰੀ ਨਹੀਂ ਵੇਚ ਸਕੇ। ਨਵੰਬਰ ਵਿੱਚ ਕਿਤੇ ਜਾ ਕੇ ਉਨ੍ਹਾਂ ਨੂੰ ਇੱਕੋ ਆਰਡਰ ਮਿਲ਼ਿਆ, ਜਦੋਂ ਉਨ੍ਹਾਂ ਦੇ ਪਿੰਡ ਕਰੀਬ 55 ਕਿਲੋਮੀਟਰ ਦੂਰ, ਸਾਂਗਲੀ ਸ਼ਹਿਰ ਦੇ ਇੱਕ ਵਪਾਰੀ ਨੇ ਉਨ੍ਹਾਂ ਨੂੰ ਅੱਡ-ਅੱਡ ਅਕਾਰ ਦੀਆਂ ਪੰਜ ਦਰਜਨ ਬੰਸਰੀਆਂ (ਉਹ ਸਭ ਤੋਂ ਲੰਬੀ ਬੰਸਰੀ 2.5 ਫੁੱਟ ਦੀ ਬਣਾਉਂਦੇ ਹਨ) ਬਣਾਉਣ ਲਈ ਕਿਹਾ। ਉਨ੍ਹਾਂ ਨੇ 60 ਬੰਸਰੀਆਂ, 1,500 ਰੁਪਏ ਵਿੱਚ ਵੇਚੀਆਂ। ਜਿਨ੍ਹੀਂ ਮਹੀਨੀਂ ਕੋਈ ਵਿਕਰੀ ਨਾ ਹੋਈ, ਉਦੋਂ ਪਰਿਵਾਰ ਸ਼ਹਿਰ ਵਿੱਚ ਕੰਮ ਕਰਨ ਵਾਲ਼ੇ ਆਪਣੇ ਬੱਚਿਆਂ ਤੇ ਪੋਤਿਆਂ ਵੱਲੋਂ ਭੇਜੇ ਪੈਸਿਆਂ 'ਤੇ ਨਿਰਭਰ ਰਿਹਾ।

PHOTO • Sanket Jain
PHOTO • Sanket Jain

ਦਿਨਕਰ ਆਇਵਲੇ ਆਪਣੀ ਬੰਸਰੀ ਬਣਾਉਣ ਲਈ ਕੋਲ੍ਹਾਪੁਰ ਜ਼ਿਲ੍ਹੇ ਦੇ ਅਜਰਾ ਅਤੇ ਚੰਦਗੜ੍ਹ ਤਾਲੁਕਾ ਦੇ ਬਜ਼ਾਰਾਂ ਤੋਂ ਬਿਹਤਰੀਨ ਗੁਣਵੱਤਾ ਵਾਲ਼ੇ ਬਾਂਸ ਲਿਆਉਂਦੇ ਹਨ। ਸੱਜੇ: ਲੋੜੀਂਦੀ ਲੰਬਾਈ ਮੁਤਾਬਕ ਕੱਚੇ ਬਾਂਸ ਦੀ ਸੋਟੀ ਕੱਟਣ ਤੋਂ ਬਾਅਦ, ਬਾਂਸ ਨੂੰ ਖੋਖਲਾ ਕਰਨ ਲਈ, ਉਹ ਬਾਂਸ ਦੇ ਅੰਦਰ ਧਾਤੂ ਦਾ ਤਿੱਖਾ ਸਰੀਆ ਜਿਹਾ ਪਾਉਂਦੇ ਹਨ

ਨਵੰਬਰ ਤੋਂ ਬਾਅਦ ਵੀ ਕਾਰੋਬਾਰ ਵਿੱਚ ਤੇਜ਼ੀ ਨਾ ਆਈ। ਦਿਨਕਰ ਅਤੇ ਸੁਰੇਂਦਰ ਅਖ਼ੀਰੀ ਜਾਤਰਾ ਵਿੱਚ ਇੱਕ ਸਾਲ ਪਹਿਲਾਂ, 21 ਫਰਵਰੀ 2020 ਨੂੰ ਸਾਂਗਲੀ ਜ਼ਿਲ੍ਹੇ ਦੇ ਔਦੁੰਬਰ ਪਿੰਡ ਗਏ ਸਨ। ਸੁਰੇਂਦਰ ਕਹਿੰਦੇ ਹਨ,''ਕਿਸੇ ਵੀ ਜਾਤਰਾ ਵਿੱਚ ਅਸੀਂ ਕਰੀਬ 2-2.5 ਗ੍ਰੌਸ (1 ਗ੍ਰੌਸ=144 ਯੁਨਿਟ/12 ਦਰਜਨ) ਬੰਸਰੀਆਂ ਅਸਾਨੀ ਨਾਲ਼ ਵੇਚ ਲੈਂਦੇ ਸਾਂ।'' ਆਇਵਲੇ ਕਿਸੇ ਵੀ ਮੇਲੇ ਦੀ ਤਿਆਰ ਲਈ, ਪਹਿਲਾਂ ਤੋਂ ਹੀ 500 ਤੋਂ ਵੱਧ ਬੰਸਰੀਆਂ ਬਣਾ ਲਿਆ ਕਰਦੇ ਸਨ।

ਹਰ ਸਾਲ, ਉਹ ਪੱਛਮੀ ਮਹਾਰਾਸ਼ਟਰ ਅਤੇ ਉੱਤਰ ਕਰਨਾਟਕ ਦੇ ਪਿੰਡਾਂ ਵਿੱਚ ਲੱਗਣ ਵਾਲ਼ੇ 70 ਤੋਂ ਵੱਧ ਜਾਤਰਾਵਾਂ ਨੂੰ ਕਵਰ ਕਰਦੇ ਸਨ। ਦਿਨਕਰ ਕਹਿੰਦੇ ਹਨ,''ਅਸੀਂ ਇੱਕ ਸਟੈਂਡ 'ਤੇ ਘੱਟ ਤੋਂ ਘੱਟ 50 ਬੰਸਰੀਆਂ ਲਮਕਾਉਂਦੇ ਹਾਂ ਤੇ ਆਪਣੀ ਬੰਸਰੀ ਵਜਾਉਂਦੇ ਰਹਿੰਦੇ ਹਾਂ। ਜੇ ਇਹਦੀ ਧੁਨ ਲੋਕਾਂ ਨੂੰ ਮੋਹਿਤ ਕਰੂਗੀ, ਤਦ ਹੀ ਉਹ ਬੰਸਰੀ ਖ਼ਰੀਦਣਗੇ।''

ਇਨ੍ਹਾਂ ਬੰਸਰੀਆਂ ਨੂੰ ਬਣਾਉਣ ਲਈ ਉਹ ਕੋਲ੍ਹਾਪੁਰ ਜ਼ਿਲ੍ਹੇ ਦੇ ਅਜਰਾ ਅਤੇ ਚੰਦਗੜ੍ਹ ਤਾਲੁਕਾ ਦੇ ਬਜ਼ਾਰਾਂ ਤੋਂ ਬਿਹਤਰੀਨ ਗੁਣਵੱਤਾ ਵਾਲ਼ੇ ਬਾਂਸ ਲਿਆਉਂਦੇ ਹਨ। ਇੱਕ ਸ਼ੇਂਡਾ (ਕਰੀਬ 8 ਤੋਂ 9 ਫੁੱਟ ਲੰਬਾ) ਦੀ ਕੀਮਤ ਇਸ ਸਮੇਂ 25 ਰੁਪਏ ਹੈ। ਦਿਨਕਰ ਦੱਸਦੇ ਹਨ,''1965 ਵਿੱਚ, ਜਦੋਂ ਮੈਂ ਬੰਸਰੀ ਬਣਾਉਣੀ ਸ਼ੁਰੂ ਕੀਤੀ, 50 ਪੈਸੇ ਦਾ ਮਿਲ਼ਦਾ ਸੀ। ਇੱਕ ਸ਼ੇਂਡਾ ਨਾਲ਼, ਅਸੀਂ ਬੜੇ ਮਜ਼ੇ ਨਾਲ਼ 7-8 ਬੰਸਰੀਆਂ ਬਣਾ ਸਕਦੇ ਹਾਂ।''

ਫ਼ਿਪਲ ਬੰਸਰੀ (ਜ਼ਮੀਨ 'ਤੇ ਲੰਬਵਤ ਰੱਖਿਆ ਜਾਂਦਾ ਹੈ) ਬਣਾਉਣ ਲਈ, ਲੋੜੀਂਦੀ ਲੰਬਾਈ (ਉਹ 15 ਤੋਂ ਵੱਧ ਅਕਾਰ ਦੀਆਂ ਬੰਸਰੀਆਂ ਬਣਾਉਂਦੇ ਹਨ) ਮੁਤਾਬਕ ਕੱਚੇ ਬਾਂਸ ਦੀ ਛੜੀ ਨੂੰ ਕੱਟਣ ਤੋਂ ਬਾਅਦ, ਉਹ ਬਾਂਸ ਨੂੰ ਖੋਖਲਾ ਕਰਨ ਲਈ ਧਾਤੂ ਦੀ ਇੱਕ ਤਿੱਖੀ ਛੜ ਦੀ ਵਰਤੋਂ ਕਰਦੇ ਹਨ; ਮਾਸਾ ਜਿੰਨੀ ਵੀ ਗ਼ਲਤੀ ਹੋਈ ਤਾਂ ਬੰਸਰੀ ਦੀ ਗੁਣਵੱਤਾ ਵਿਗੜ ਸਕਦੀ ਹੈ ਤੇ ਜਿਸ ਵਿੱਚੋਂ ਔਸਤ ਧੁਨ ਹੀ ਨਿਕਲ਼ਦੀ ਹੈ।

PHOTO • Sanket Jain
PHOTO • Sanket Jain

ਖੱਬੇ: ਫੂਕ ਮਾਰਨ ਵਾਲ਼ੇ ਛੇਕ ਵਿੱਚ ਲੱਕੜ ਦਾ ਡਾਟ ਲਾਉਣ ਤੋਂ ਪਹਿਲਾਂ, ਉਹਨੂੰ ਬੰਸਰੀ ਦੇ ਅਯਾਮਾਂ ਨਾਲ਼ ਮੇਲ਼ ਖਾਣ ਲਈ ਅਕਾਰ ਦੇਣਾ ਪੈਂਦਾ ਹੈ। ਸੱਜੇ: ਫੂਕ ਮਾਰੇ ਜਾਣ ਵਾਲ਼ੇ ਛੇਕ ਵਿੱਚ ਡਾਟ ਠੋਕਦੇ ਹੋਏ

ਬੰਸਰੀ ਬਣਾਉਣ ਤੋਂ ਪਹਿਲਾਂ, ਦਿਨਕਰ, ਸਾਗਵਾਨ ਦੀ ਇੱਕ ਕਿਲੋ ਦੀ ਲੱਕੜ ਨੂੰ ਛੋਟੇ-ਛੋਟੇ ਆਇਤਾਕਾਰ ਟੁਕੜਿਆਂ ਵਿੱਚ ਕੱਟਦੇ ਹਨ, ਜਿਹਨੂੰ ਮਰਾਠੀ ਵਿੱਚ ਖੁੱਟਿਯਾ (ਡਾਟ ਜਾਂ ਫਿਪਲ ਪਲੱਗ) ਕਿਹਾ ਜਾਂਦਾ ਹੈ। ਬਾਂਸ ਦੀ ਸਫ਼ਾਈ ਕਰਨ ਤੋਂ ਬਾਅਦ, ਸਾਗਵਾਨ ਦੇ ਡਾਟ ਨੂੰ ਹਥੌੜੀ ਦੀ ਮਦਦ ਨਾਲ਼ ਫੂਕ ਮਾਰਨ ਵਾਲ਼ੇ ਛੇਕ ਵਿੱਚ ਵਾੜ੍ਹਿਆ ਜਾਂਦਾ ਹੈ ਤਾਂਕਿ ਉਹਦੇ ਅੰਦਰ ਫੂਕੀ ਗਈ ਹਵਾ ਬਾਹਰ ਨਾ ਨਿਕਲ਼ੇ।

ਦਿਨਕਰ ਦੀ ਪਤਨੀ ਤਾਰਾਬਾਈ ਵੀ ਬੰਸਰੀ ਬਣਾਇਆ ਕਰਦੀ ਸਨ। ਉਹ ਖੁੱਟਿਯਾ ਬਣਾਉਣ ਵਿੱਚ ਮਾਹਰ ਸਨ। ਨਮ ਅੱਖਾਂ ਨਾਲ਼ ਦਿਨਕਰ ਕਹਿੰਦੇ ਹਨ,''ਨਿਸ਼ਾਨੀ ਵਜੋਂ, ਮੈਂ ਉਹਦੇ ਦੁਆਰਾ ਬਣਾਈਆਂ ਕੁਝ ਖੁੱਟਿਯਾ ਸਾਂਭ ਕੇ ਰੱਖੀਆਂ ਨੇ।''

ਬੰਸਰੀ ਵਿੱਚ ਧੁਨ ਪੈਦਾ ਕਰਨ ਵਾਲ਼ੇ ਛੇਕ ਬਣਾਉਣ ਲਈ ਸਾਗਵਾਨ ਦੀ ਸੋਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਮਾਪ ਦੇ ਹਿਸਾਬ ਨਾਲ਼ ਨਿਸ਼ਾਨ ਲੱਗੇ ਹੁੰਦੇ ਹਨ। ਦਿਨਕਰ ਦੇ ਕੋਲ਼ ਇਸ ਕੰਮ ਨੂੰ ਸਹੀ ਢੰਗ ਨਾਲ਼ ਕਰਨ ਲਈ ਅਜਿਹੀਆਂ 15 ਸੋਟੀਆਂ ਹਨ। ਉਹ ਅਤੇ ਸੁਰੇਂਦਰ ਕਰੀਬ 30 ਕਿਲੋਮੀਟਰ ਦੂਰ, ਕੋਲ੍ਹਾਪੁਰ ਸ਼ਹਿਰ ਦੀਆਂ ਵਰਕਸ਼ਾਪਾਂ ਵਿੱਚ ਜਾਂਦੇ ਹਨ, ਜਿੱਥੇ ਹਾਰਮੋਨੀਅਮ ਦੇ ਕੁਸ਼ਲ ਘਾੜ੍ਹੇ ਇਨ੍ਹਾਂ ਮਾਪਾਂ ਨੂੰ ਚਿੰਨ੍ਹਿਤ ਕਰਦੇ ਹਨ।

ਉਸ ਤੋਂ ਬਾਅਦ, ਦੇਸੀ ਸੰਦਾਂ ਦੀ ਵਰਤੋਂ ਨਾਲ਼ ਚਿੰਨ੍ਹਿਤ ਛੇਕ ਹੱਥੀਂ ਮਾਰੇ ਜਾਂਦੇ ਹਨ। ਫੂਕ ਮਾਰੇ ਜਾਣ ਵਾਲ਼ੇ ਛੇਕ ਜਾਂ ਬੰਸਰੀ ਦੇ ਉਪਰਲੇ ਸਿਰੇ ਦੇ ਕੋਲ਼ ਕਰਕੇ ਬੜੀ ਸਾਵਧਾਨੀ ਨਾਲ਼ ਇੱਕ ਮਸੂੜ (ਮੂੰਹ) ਬਣਾ ਰਹੇ ਦਿਨਕਰ ਕਹਿੰਦੇ ਹਨ,''ਡ੍ਰਿਲ ਮਸ਼ੀਨ ਦੀ ਵਰਤੋਂ ਨਾਲ਼ ਪੂਰੀ ਬੰਸਰੀ ਤਿੜਕ ਜਾਂਦੀ ਹੈ, ਇਸਲਈ ਅਸੀਂ ਅਜਿਹੀ ਕਿਸੇ ਮਸ਼ੀਨ ਦੀ ਵਰਤੋਂ ਨਹੀਂ ਕਰਦੇ। ਮਸੂੜ ਬੰਸਰੀ ਦੇ ਨੱਕ ਵਾਂਗਰ ਕੰਮ ਕਰਦਾ ਹੈ। ਇਹ ਹਵਾ ਨੂੰ ਘੁਮਾਉਣ ਵਿੱਚ ਮਦਦ ਕਰਦਾ ਹੈ।''

PHOTO • Sanket Jain
PHOTO • Sanket Jain

ਖੱਬੇ: ਦਿਨਕਰ, ਧੁਨ ਪੈਦਾ ਕਰਨ ਵਾਲ਼ੇ ਛੇਕ ਨੂੰ ਚਿੰਨ੍ਹਿਤ ਕਰਨ ਤੋਂ ਪਹਿਲਾਂ ਮਾਪ ਵਾਲ਼ੀ ਸੋਟੀ ਤੇ ਬਾਂਸ ਦੇ ਇੱਕ ਟੁਕੜੇ ਨੂੰ ਫੜ੍ਹੀ। ਸੱਜੇ: ਬੰਸਰੀ 'ਤੇ ਚਿੰਨ੍ਹਿਤ ਆਰਜ਼ੀ ਛੇਕ ਨੂੰ ਗਰਮ ਲੋਹੇ ਦੀ ਮਦਦ ਨਾਲ਼ ਪੱਕਾ ਕੀਤਾ ਜਾਂਦਾ ਹੈ

ਫਿਰ ਉਹ ਬਾਂਸ ਵਿੱਚ ਪੱਕੇ ਛੇਕ ਬਣਾਉਣ ਲਈ ਲੋਹੇ ਦੀਆਂ ਕਰੀਬ ਛੇ ਸੀਖਾਂ (ਮਰਾਠੀ ਵਿੱਚ ਗਜ਼) ਨੂੰ ਗਰਮ ਕਰਦੇ ਹਨ। ਦਿਨਕਰ ਕਹਿੰਦੇ ਹਨ,''ਆਮ ਤੌਰ 'ਤੇ, ਅਸੀਂ ਇੱਕ ਵਾਰ ਵਿੱਚ ਘੱਟੋ-ਘੱਟ 50 ਬੰਸਰੀਆਂ 'ਤੇ ਕੰਮ ਕਰਦੇ ਹਨ ਤੇ ਇਸ ਪ੍ਰਕਿਰਿਆ ਨੂੰ ਤਿੰਨ ਘੰਟਿਆਂ ਵਿੱਚ ਪੂਰਿਆਂ ਕਰ ਲੈਂਦੇ ਹਨ,'' ਸਵੇਰੇ ਉਹ ਇੱਕੋ ਵਾਰੀ ਚੁੱਲ੍ਹੀ (ਚੁੱਲ੍ਹਾ) ਬਾਲ਼ਦੇ ਹਨ ਜਿਸ 'ਤੇ ਨਹਾਉਣ ਲਈ ਪਾਣੀ ਵੀ ਗਰਮ ਕਰਦੇ ਹਨ ਤੇ ਸੀਖਾਂ ਵੀ। ਉਹ ਕਹਿੰਦੇ ਹਨ,''ਇੰਝ ਇੱਕੋ ਹੀਲੇ ਦੋਵੇਂ ਕੰਮ ਪੂਰੇ ਹੋ ਸਕਦੇ ਹੁੰਦੇ ਹਨ।''

ਧੁਨ ਵਾਲ਼ਾ ਛੇਕ ਮਾਰਨ ਤੋਂ ਬਾਅਦ, ਉਹ ਰੇਗਮਾਰ ਨਾਲ਼ ਬੰਸਰੀ ਨੂੰ ਚਮਕਾਉਂਦੇ ਹਨ। ਹੁਣ ਡਾਟ ਦੇ ਬਾਕੀ ਹਿੱਸੇ ਨੂੰ ਛਿੱਲ-ਛਿੱਲ ਕੇ ਅਕਾਰ ਦਿੱਤਾ ਜਾਂਦਾ ਹੈ। ਇਹ ਬੰਸਰੀ ਅਤੇ ਉਹਦੇ ਮੂੰਹ ਦੇ ਉਪਰਲੇ ਸਿਰੇ ਤੇ ਬਾਕੀ ਹਿੱਸੇ ਅੰਦਰ ਫੂਕੀ ਜਾਣ ਵਾਲ਼ੀ ਹਵਾ ਵਾਸਤੇ ਇੱਕ ਛੋਟਾ ਜਿਹਾ ਰਸਤਾ ਬਣਾਉਣ ਵਿੱਚ ਮਦਦ ਕਰਦਾ ਹੈ।

ਦਿਨਕਰ ਇਸ ਮੁਸ਼ੱਕਤ ਭਰੀ ਪ੍ਰਕਿਰਿਆ ਬਾਰੇ ਖੋਲ੍ਹ ਕੇ ਦੱਸਦੇ ਹਨ,''ਬਾਂਸ ਦਾ ਹਰ ਟੁਕੜਾ ਘੱਟੋ-ਘੱਟ 50 ਵਾਰੀਂ ਸਾਡੇ ਹੱਥਾਂ ਵਿੱਚੋਂ ਦੀ ਹੋ ਕੇ ਲੰਘਦਾ ਹੈ। ਬੰਸਰੀ ਜਿੰਨੀ ਸਰਲ ਦਿੱਸਦੀ ਹੈ, ਬਣਾਉਣੀ ਓਨੀ ਸਰਲ ਨਹੀਂ ਹੁੰਦੀ।''

ਸੁਰੇਂਦਰ ਦੀ ਪਤਨੀ, 40 ਸਾਲਾ ਸਰਿਤਾ ਵੀ ਚਿੰਨ੍ਹਿਤ ਛੇਕ ਮਾਰਨ, ਸੀਖਾਂ ਨੂੰ ਗਰਮ ਕਰਨ, ਸਾਗਵਾਨ ਦੀ ਲੱਕੜ ਨੂੰ ਕੱਟਣ ਅਤੇ ਖੁੱਟਿਯਾ ਬਣਾਉਣ ਦਾ ਕੰਮ ਕਰਦੀ ਹਨ। ਉਹ ਕਹਿੰਦੀ ਹਨ,''ਸਾਡੀ ਇਹ ਹੁਨਰ, ਰੱਬੀ ਦਾਤ ਹੈ। ਸਾਨੂੰ ਇਸ ਕੰਮ ਨੂੰ ਸਿੱਖਣਾ ਨਹੀਂ ਪੈਂਦਾ।''

PHOTO • Sanket Jain
PHOTO • Sanket Jain

ਖੱਬੇ: ਫੂਕ ਮਾਰਨ ਵਾਲ਼ੇ ਛੇਕ ਦੇ ਕੋਲ਼ ਮਸੂੜ (ਮੂੰਹ) ਨੂੰ ਚਿੰਨ੍ਹਿਤ ਕੀਤਾ ਜਾ ਰਿਹਾ ਹੈ। ਸੱਜੇ: ਧਾਤੂ ਦੀ ਸੀਖ ਦੀ ਵਰਤੋਂ ਕਰਦਿਆਂ ਬੰਸਰੀ ਵਿੱਚ ਪੱਕੇ ਛੇਕ ਮਾਰੇ ਜਾ ਰਹੇ ਹਨ

ਤਾਲਾਬੰਦੀ ਤੋਂ ਪਹਿਲਾਂ, ਜਾਤਰਾਵਾਂ ਵਿੱਚ ਦਿਨਕਰ ਅਤੇ ਸੁਰੇਂਦਰ ਆਮ ਤੌਰ 'ਤੇ ਵੱਡੀਆਂ ਬੰਸਰੀਆਂ (ਸੰਗੀਤਕਾਰਾਂ ਵੱਲੋਂ ਵਰਤੀਆਂ ਜਾਣ ਵਾਲ਼ੀਂ) 70 ਤੋਂ 80 ਰੁਪਏ ਵਿੱਚ ਤੇ ਬੱਚਿਆਂ ਵਾਲ਼ੀਆਂ ਛੋਟੀਆਂ ਬੰਸਰੀਆਂ 20-25 ਰੁਪਏ ਵਿੱਚ ਵੇਚਿਆ ਕਰਦੇ। ਇੱਕ ਸਾਲ ਪਹਿਲਾਂ ਤੀਕਰ ਉਨ੍ਹਾਂ ਨੂੰ ਰਲ਼ੇ-ਮਿਲ਼ੇ ਅਕਾਰ ਦੀ ਇੱਕ ਦਰਜਨ ਬੰਸਰੀਆਂ ਬਦਲੇ 300 ਤੋਂ 350 ਰੁਪਏ ਮਿਲ਼ਿਆ ਕਰਦੇ।

ਆਇਵਲੇ, ਟ੍ਰਾਂਸਵਰਸ (ਆਡੀ ਬੰਸਰੀ ਜੋ ਮੂੰਹ ਨਾਲ਼ ਜੋੜ ਕੇ ਵਜਾਈ ਜਾਂਦੀ ਹੈ) ਜਾਂ ਸਾਈਡ-ਬਲੋਨ (ਬੁੱਲ੍ਹ ਨਾਲ਼ ਲੇਟਵੀਂ ਰੱਖ ਕੇ ਵਜਾਈ ਜਾਣ ਵਾਲ਼ੀ) ਬੰਸਰੀ ਵੀ ਬਣਾਉਂਦੇ ਹਨ ਜੋ ਫੂਕਣ ਲੱਗਿਆਂ ਧਰਤੀ ਦੇ ਸਮਾਨਾਂਤਰ ਰਹਿੰਦੀ ਹੈ। ਦਿਨਕਰ ਕਹਿੰਦੇ ਹਨ,''ਅਸੀਂ ਇਹਨੂੰ ਕ੍ਰਿਸ਼ਨ ਬੰਸਰੀ ਕਹਿੰਦੇ ਹਾਂ। ਲੋਕ ਇਨ੍ਹਾਂ ਬੰਸਰੀਆਂ ਨੂੰ ਘਰਾਂ ਦੇ ਬਾਹਰ ਲਮਕਾਉਂਦੇ ਹਨ, ਕਿਉਂਕਿ ਇਹ ਸ਼ੁੱਭ ਮੰਨੀਆਂ ਜਾਂਦੀਆਂ ਹਨ। ਹਰੇਕ ਕ੍ਰਿਸ਼ਨ ਬੰਸਰੀ ਘੱਟੋ-ਘੱਟ 100 ਰੁਪਏ ਵਿੱਚ ਵਿਕਦੀ ਹੈ ਤੇ ਸ਼ਹਿਰਾਂ ਵਿੱਚ ਇਹਦੀ ਮੰਗ ਵੱਧ ਹੈ।'' ਦਿਨਕਰ ਤਾਲਾਬੰਦੀ ਤੋਂ ਪਹਿਲਾਂ ਦੇ ਸਮੇਂ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ, ਹਾਲਾਂਕਿ ਬੰਸਰੀ ਵੇਚ ਕੇ ਜੋ ਪੈਸੇ ਮਿਲ਼ਦੇ ਹਨ ਉਨ੍ਹਾਂ ਪੈਸਿਆਂ ਨਾਲ਼ ਸਾਡੀ ਮਿਹਨਤ ਵੀ ਪੂਰੀ ਨਹੀਂ ਪੈਂਦੀ,''ਫਿਰ ਵੀ ਇਹਨੂੰ ਵੇਚ ਕੇ ਲੋੜੀਂਦਾ ਪੈਸਾ ਮਿਲ਼ ਜਾਂਦਾ ਹੈ।''

ਪੰਜ ਦਹਾਕਿਆਂ ਤੋਂ ਬੰਸਰੀ ਬਣਾਉਂਦੇ ਰਹਿਣ ਕਾਰਨ, ਕੰਮ ਦੀ ਬਰੀਕੀ ਨੇ ਦਿਨਕਰ ਦੀਆਂ ਅੱਖਾਂ ਨੂੰ ਪ੍ਰਭਾਵਤ ਕੀਤਾ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਮੋਤੀਆਬਿੰਦ ਹੋ ਗਿਆ ਸੀ। ਉਹ 2011 ਤੇ 2014 ਵਿੱਚ ਹੋਈਆਂ ਦੋ ਸਰਜਰੀਆਂ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ,''ਹੁਣ ਮੈਂ ਸਾਫ਼ ਦੇਖ ਸਕਦਾ ਹਾਂ। ਪਰ ਇਸ ਕੰਮ ਨਾਲ਼ ਮੇਰੀ ਪਿੱਠ ਬੜੀ ਪੀੜ੍ਹ ਕਰਦੀ ਹੈ।''

ਜੇ ਕੋਈ ਉਨ੍ਹਾਂ ਕੋਲ਼ੋਂ ਇਹ ਪੁੱਛੇ ਕਿ 'ਤੁਸੀਂ ਆਪਣੀ ਤਾਉਮਰ ਕੀ ਕੀਤਾ ਹੈ?' ਤਾਂ ਦਿਨਕਰ ਕਹਿੰਦੇ ਹਨ,''ਮੈਂ ਫ਼ਖ਼ਰ ਨਾਲ਼ ਉਨ੍ਹਾਂ ਨੂੰ ਕਹਿ ਸਕਦਾ ਹਾਂ ਕਿ ਬੰਸਰੀ ਬਣਾਉਣ ਦੇ ਇਸ ਇੱਕੋ ਕੰਮ ਦੇ ਜ਼ਰੀਏ ਮੇਰੇ ਬੱਚੇ ਤੇ ਪੋਤੇ-ਪੋਤੀਆਂ ਪੜ੍ਹਾਈ ਕਰ ਸਕੇ ਤੇ ਜੀਵਨ ਵਿੱਚ ਤਰੱਕੀ ਕਰ ਸਕੇ; ਮੈਂ ਉਨ੍ਹਾਂ ਦੇ ਜੀਵਨ ਨੂੰ ਸਹੀ ਲੀਹੇ ਪਾ ਸਕਿਆ। ਇਸ ਹੁਨਰ ਨੇ ਸਾਨੂੰ ਸਭ ਕੁਝ ਦਿੱਤਾ।''

PHOTO • Sanket Jain

ਉਤਾਂਹ ਖੱਬੇ: ਦਿਨਕਰ ਨੇ ਬੰਸਰੀ ਵਿੱਚ ਪੱਕੇ ਛੇਕ ਬਣਾਏ ਹਨ। ਇੱਥੇ ਰਹੀ ਕੋਈ ਵੀ ਚੂਕ, ਬੰਸਰੀ ਨੂੰ ਬੇਸੁਰਾ ਕਰ ਸਕਦੀ ਹੈ। ਉਤਾਂਹ ਸੱਜੇ: ਦਿਨਕਰ ਬੜੀ ਸਾਵਧਾਨੀ ਨਾਲ਼ ਮਸੂੜ (ਮੂੰਹ) ਬਣਾ ਰਹੇ ਹਨ ਜੋ ਬੰਸਰੀ ਦੇ ਨੱਕ ਵਾਂਗਰ ਕੰਮ ਕਰਦਾ ਹੈ। ਸਭ ਤੋਂ ਹੇਠਾਂ: 52 ਸਾਲਾ ਸੁਰੇਂਦਰ ਆਇਵਲੇ, ਜੋ ਬੰਸਰੀ ਨਿਰਮਾਤਾ ਤੇ ਬੰਸਰੀ-ਵਾਦਕ ਵੀ ਹਨ, ਸ਼ਿਲਪਕਲਾ ਦੇ ਇਸ ਰੂਪ ਨੂੰ ਜਿਊਂਦਾ ਰੱਖਣ ਵਾਲ਼ੀ ਆਇਵਲੇ ਪਰਿਵਾਰ ਦੀ ਅੰਤਮ ਪੀੜ੍ਹੀ ਹਨ। ਸਭ ਤੋਂ ਹੇਠਾਂ: ਦਿਨਕਰ ਤੇ ਤਾਰਾਬਾਈ ਦੀ ਪੁਰਾਣੀ ਤਸਵੀਰ

ਸਾਲ 2000 ਤੋਂ, ਦਿਨਕਰ ਦੂਸਰਿਆਂ ਨੂੰ ਵੀ ਬੰਸਰੀ ਵਜਾਉਣਾ ਸਿਖਾ ਰਹੇ ਹਨ, ਤੇ ਕੋਡੋਲੀ ਪਿੰਡ ਵਿਖੇ 'ਮਾਸਟਰ' ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਦੇ ਵਿਦਿਆਰਥੀ ਵਿੱਚ ਨੇੜਲੇ ਸ਼ਹਿਰਾਂ ਤੇ ਪਿੰਡਾਂ ਦੇ ਡਾਕਟਰ, ਅਧਿਆਪਕ, ਕਿਸਾਨ ਤੇ ਵਪਾਰੀ ਸ਼ਾਮਲ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਹੁਣ ਤੱਕ ਵਿਦਿਆਰਥੀਆਂ ਦੀ ਗਿਣਤੀ 50 ਹੋ ਚੁੱਕੀ ਹੈ। ਉਹ ਸਿਖਾਉਣ ਬਦਲੇ ਕੋਈ ਫ਼ੀਸ ਨਹੀਂ ਲੈਂਦੇ। ਉਹ ਕਹਿੰਦੇ ਹਨ,''ਜੇ ਲੋਕ ਮੈਨੂੰ ਯਾਦ ਰੱਖਣ, ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ।''

ਹਾਲਾਂਕਿ, ਤਾਲਾਬੰਦੀ ਤੇ ਉਹਦੇ ਬਾਅਦ ਉਪਜੇ ਹਾਲਾਤਾਂ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਖ਼ਾਸਾ ਪ੍ਰਭਾਵਤ ਕੀਤਾ ਹੈ, ਪਰ ਦਿਨਕਰ ਨੂੰ ਯਕੀਨ ਹੈ ਕਿ ਬੰਸਰੀ ਦੀ ਮੰਗ ਵਧੇਗੀ। ਉਹ ਇਹ ਵੀ ਜਾਣਦੇ ਹਨ ਕਿ ਨੌਜਵਾਨ ਪੀੜ੍ਹੀ ਦੀਆਂ ਤਾਂਘਾਂ ਅੱਡ ਹਨ ਤੇ ਕੁਝ ਹੀ ਲੋਕ ਬੰਸਰੀ ਬਣਾਉਣ ਦੀ ਕਲਾ ਸਿੱਖਣਾ ਚਾਹੁੰਦੇ ਹਨ। ਉਹ ਕਹਿੰਦੇ ਹਨ,''ਤੁਸੀਂ ਇਸ ਕੰਮ ਤੋਂ ਲੋੜੀਂਦਾ ਪੈਸਾ ਕਮਾ ਸਕਦੇ ਹੋ, ਪਰ ਹੁਣ ਇੰਨੀ ਮਿਹਨਤ ਕੌਣ ਕਰਨੀ ਚਾਹੁੰਦਾ ਹੈ? ਜਦੋਂ ਜਨੂੰਨ ਹੋਵੇ, ਉਦੋਂ ਹੀ ਕੋਈ ਸਮਾਂ ਕੱਢਦਾ ਹੈ। ਇਹ ਤੁਹਾਡੀ ਲਗਨ 'ਤੇ ਨਿਰਭਰ ਕਰਦਾ ਹੈ।''

74 ਸਾਲ ਦੀ ਉਮਰੇ ਵੀ ਦਿਨਕਰ ਉਸੇ ਦ੍ਰਿੜ ਇੱਛਾਸ਼ਕਤੀ ਨਾਲ਼ ਬੰਸਰੀ ਬਣਾਉਣ ਦਾ ਕੰਮ ਕਰਦੇ ਹਨ। ਹਾਲਾਂਕਿ, ਹੁਣ ਬੰਸਰੀ ਵਜਾਉਂਦਿਆਂ ਕਦੇ-ਕਦਾਈਂ ਉਨ੍ਹਾਂ ਦਾ ਸਾਹ ਫੁੱਲਣ ਲੱਗਦਾ ਹੈ। ਉਹ ਕਹਿੰਦੇ ਹਨ,''ਜਦੋਂ ਤੱਕ ਮੈਂ ਜ਼ਿੰਦਾ ਹਾਂ, ਇਹ ਹੁਨਰ (ਬੰਸਰੀ ਬਣਾਉਣ ਤੇ ਵਜਾਉਣ) ਵੀ ਜ਼ਿੰਦਾ ਰਹੇਗਾ।''

ਤਰਜਮਾ: ਕਮਲਜੀਤ ਕੌਰ

Sanket Jain

Sanket Jain is a journalist based in Kolhapur, Maharashtra. He is a 2022 PARI Senior Fellow and a 2019 PARI Fellow.

Other stories by Sanket Jain
Editors : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Editors : Pratishtha Pandya

Pratishtha Pandya is a Senior Editor at PARI where she leads PARI's creative writing section. She is also a member of the PARIBhasha team and translates and edits stories in Gujarati. Pratishtha is a published poet working in Gujarati and English.

Other stories by Pratishtha Pandya
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur