ਔਰਤ ਕਿਸਾਨ, ਸੁਨੰਦਾ ਸੂਪੇ ਜੂਨ ਦੀ ਆਮਦ ਅਤੇ ਇਸ ਤੋਂ ਬਾਅਦ ਦੇ ਮਾਨਸੂਨੀ ਮਹੀਨਿਆਂ ਤੋਂ ਸਹਿਮ ਜਾਂਦੀ ਹਨ। ਇਸ ਦਾ ਕਾਰਨ ਵਿਸ਼ਾਲ ਅਫ਼ਰੀਕੀ ਘੋਗੇ ਹਨ, ਜਿਨ੍ਹਾਂ ਨੂੰ ਸਥਾਨਕ ਭਾਸ਼ਾ ਵਿੱਚ ਮੋਟੇ ਗੋਗਲਗੇ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਇਨ੍ਹਾਂ ਮਹੀਨਿਆਂ ਦੌਰਾਨ ਹੀ ਉਨ੍ਹਾਂ ਦੇ ਖੇਤਾਂ, ਬਾਗਾਂ 'ਤੇ ਹਮਲਾ ਕਰਨਾ ਹੁੰਦਾ ਹੈ। ਪਿਛਲੇ ਸਾਲ ਇਸੇ ਸਮੇਂ ਇਨ੍ਹਾਂ ਕੀੜਿਆਂ ਨੇ ਉਨ੍ਹਾਂ ਦੀ ਇੱਕ ਏਕੜ ਦੀ ਪੈਲ਼ੀ ਤਬਾਹ ਕਰ ਦਿੱਤੀ ਸੀ।

ਉਹ ਕਹਿੰਦੀ ਹਨ, "ਅਸੀਂ ਜੋ ਵੀ ਬੀਜਦੇ ਹਾਂ, ਉਹ ਖਾ ਜਾਂਦੇ ਹਨ - ਝੋਨਾ, ਸੋਇਆਬੀਨ, ਮੂੰਗਫਲੀ, ਕਾਲਾ ਘੇਵੜਾ [ਕਾਲ਼ੇ ਰਾਜਮਾਂਹ], ਲਾਲ ਰਾਜਮਾਂਹ। ਇੱਥੋਂ ਤੱਕ ਕਿ ਅੰਬ, ਚੀਕੂ [ਸਾਪੋਟਾ], ਪਪੀਤਾ ਅਤੇ ਅਮਰੂਦ ਵਰਗੇ ਫਲ ਵੀ ਇਨ੍ਹਾਂ ਤੋਂ ਸੁਰੱਖਿਅਤ ਨਹੀਂ ਰਹਿੰਦੇ। 42 ਸਾਲਾ ਇਹ ਕਿਸਾਨ ਔਰਤ ਕਹਿੰਦੀ ਹਨ, "ਇਸ ਸਮੇਂ ਦੌਰਾਨ ਅਸੀਂ ਹਜ਼ਾਰਾਂ ਘੋਗੇ ਦੇਖ ਸਕਦੇ ਹਾਂ।''

ਮਹਾਰਾਸ਼ਟਰ ਵਿੱਚ ਅਨੁਸੂਚਿਤ ਕਬੀਲੇ ਦੇ ਅਧੀਨ ਸੂਚੀਬੱਧ ਮਹਾਦੇਵ ਕੋਲੀ ਭਾਈਚਾਰੇ ਦੀ ਮੈਂਬਰ, ਸੁਨੰਦਾ, ਚਸਕਾਮਨ ਡੈਮ ਦੇ ਕੋਲ਼ ਆਪਣੀ ਮਾਂ ਅਤੇ ਭਰਾ ਨਾਲ਼ ਰਹਿੰਦੀ ਹਨ। ਉਨ੍ਹਾਂ ਦਾ ਘਰ ਡੈਮ ਦੇ ਇੱਕ ਪਾਸੇ ਹੈ ਅਤੇ ਜ਼ਮੀਨ ਦੂਜੇ ਪਾਸੇ। ਉਨ੍ਹਾਂ ਨੂੰ ਘਰ ਤੋਂ ਖੇਤ ਜਾਣ ਲਈ ਅੱਧਾ ਘੰਟਾ ਕਿਸ਼ਤੀ 'ਤੇ ਵੀ ਸਵਾਰ ਹੋਣਾ ਪੈਂਦਾ ਹੈ।

ਗਲੋਬਲ ਇਨਵੈਸਿਵ ਸਪੀਸੀਜ਼ ਡਾਟਾਬੇਸ ਵਿੱਚ ਕਿਹਾ ਗਿਆ ਹੈ ਕਿ ਵਿਸ਼ਾਲ ਅਫ਼ਰੀਕੀ ਘੋਗੇ (ਅਚਾਟੀਨਾ ਫੁਲਿਕਾ) ਭਾਰਤ ਵਿੱਚ ਇੱਕ ਧਾੜਵੀ ਪ੍ਰਜਾਤੀ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਫ਼ਸਲਾਂ ਖਾਂਦੀ ਹੈ। ਮਾਨਸੂਨ ਦੇ ਦੌਰਾਨ, ਜੂਨ ਤੋਂ ਸਤੰਬਰ ਤੱਕ, ਉਹ ਤਿਵਾਈ ਪਹਾੜੀਆਂ ਦੀ ਤਲਹਟੀ 'ਤੇ ਖੇਤਾਂ ਵਿੱਚ ਕਬਜ਼ਾ ਕਰ ਲੈਂਦੇ ਹਨ। ਕਈ ਵਾਰ ਇਹ ਕੁਝ ਹੋਰ ਮਹੀਨਿਆਂ ਤੱਕ ਰਹਿ ਸਕਦੀਆਂ ਹਨ। ਸੁਨੰਦਾ ਨੇ 2022 ਦੇ ਅੰਤ ਵਿੱਚ ਇਸ ਪੱਤਰਕਾਰ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੀ ਹਨ।

Sunanda Soope (left), a farmer in Darakwadi village of Pune district says that her farm (right) has been affected by Giant African Snails
PHOTO • Devanshi Parekh
Sunanda Soope (left), a farmer in Darakwadi village of Pune district says that her farm (right) has been affected by Giant African Snails
PHOTO • Devanshi Parekh

ਪੁਣੇ ਜ਼ਿਲ੍ਹੇ ਦੇ ਦਰਾਕਵਾੜੀ ਪਿੰਡ ਦੀ ਇੱਕ ਕਿਸਾਨ ਔਰਤ ਸੁਨੰਦਾ ਸੂਪੇ (ਖੱਬੇ) ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤ (ਸੱਜੇ ਪਾਸੇ) ਨੂੰ ਵਿਸ਼ਾਲ ਅਫ਼ਰੀਕੀ ਘੋਗੇ ਦੇ ਹਮਲੇ ਨਾਲ਼ ਖ਼ਾਸਾ ਨੁਕਸਾਨ ਪਹੁੰਚਿਆ

Giant African Snails on the trunk of papaya tree (left) and on young mango plant (right) in Sunanda's farm. She says, 'The snails destroyed everything'
PHOTO • Sunanda Soope
Giant African Snails on the trunk of papaya tree (left) and on young mango plant (right) in Sunanda's farm. She says, 'The snails destroyed everything'
PHOTO • Sunanda Soope

ਵਿਸ਼ਾਲ ਅਫ਼ਰੀਕੀ ਘੋਗੇ ਪਪੀਤੇ ਦੇ ਇੱਕ ਦਰੱਖਤ (ਖੱਬੇ ਪਾਸੇ) ਦੇ ਤਣੇ 'ਤੇ ਡੇਰਾ ਲਾਈ ਚਿਪਕੇ ਹਨ ਅਤੇ ਸੁਨੰਦਾ ਦੇ ਬਾਗ਼ ਵਿੱਚ ਛੋਟੇ ਅੰਬ ਦੇ ਇੱਕ ਪੌਦੇ (ਸੱਜੇ ਪਾਸੇ) 'ਤੇ ਚਿਪਕੇ। ਉਹ ਕਹਿੰਦੀ ਹਨ, 'ਘੋਗੇ ਨੇ ਸਭ ਕੁਝ ਤਬਾਹ ਕਰ ਦਿੱਤਾ'

ਨਾਰਾਇਣ ਗੌੜਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨੋਡਲ ਅਫਸਰ ਡਾ.ਰਾਹੁਲ ਘੜਗੇ ਨੇ ਕਿਹਾ, "ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਉਹ ਪਹਿਲੀ ਵਾਰ ਕਿਵੇਂ ਆਏ ਹੋਣਗੇ। ਘੋਗਾ ਇੱਕ ਦਿਨ ਵਿੱਚ ਇੱਕ ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ ਅਤੇ ਅੰਡੇ ਦੇ ਕੇ ਗਿਣਤੀ ਵਾਧਾ ਸਕਦਾ ਹੈ।'' ਉਹ ਜਨਵਰੀ ਵਿੱਚ ਹਾਈਬਰਨੇਸ਼ਨ ਵਿੱਚ ਜਾਂਦੇ ਹਨ ਅਤੇ ਉਨ੍ਹਾਂ ਨੇ ਦੇਖਿਆ ਹੈ ਕਿ ਜਿਓਂ ਮੌਸਮ ਨਿੱਘਾ ਹੋਣ ਲੱਗਦਾ ਹੈ, ਉਹ ਆਪਣੇ ਖੋਲ੍ਹ ਵਿੱਚੋਂ ਬਾਹਰ ਆ ਜਾਂਦੇ ਹਨ, "ਜਦੋਂ ਉਨ੍ਹਾਂ ਨੂੰ ਜਿਉਂਦੇ ਰਹਿਣ ਲਈ ਲੋੜੀਂਦਾ ਤਾਪਮਾਨ ਕਿਰਿਆਸ਼ੀਲ ਹੋ ਜਾਂਦਾ ਹੈ," ਉਹ ਅੱਗੇ ਕਹਿੰਦੇ ਹਨ।

"ਮੈਂ ਖੇਤ ਵਿੱਚ ਕਾਲ਼ੇ ਰਾਜਮਾਂਹ ਅਤੇ ਲਾਲ ਰਾਜਮਾਂਹ ਉਗਾਇਆ ਸੀ। ਘੋਗੇ ਨੇ ਸਭ ਕੁਝ ਤਬਾਹ ਕਰ ਦਿੱਤਾ,'' ਸੁੰਨਦਾ ਕਹਿੰਦੀ ਹਨ,"ਮੈਂ 50 ਕਿੱਲੋ ਝਾੜ ਹੱਥ ਲੱਗਣ ਦੀ ਆਸ ਕਰ ਰਹੀ ਸਾਂ, ਪਰ ਮੇਰੇ ਹੱਥ ਸਿਰਫ਼ ਇੱਕ ਕਿੱਲੋ ਹੀ ਆਇਆ।'' ਰਾਜਮਾਂਹ 100 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ਼ ਵਿਕਦਾ ਹੈ। ਨਾ ਤਾਂ ਸੁਨੰਦਾ ਦੇ ਕਾਲ਼ੇ ਰਾਜਮਾਂਹ ਦੀ ਫ਼ਸਲ ਹੀ ਬਚੀ ਤੇ ਨਾ ਹੀ ਮੂੰਗਫ਼ਲੀ ਦੀ ਫ਼ਸਲ ਹੀ। ਉਨ੍ਹਾਂ ਦਾ ਅਨੁਮਾਨ ਹੈ ਕਿ 10,000 ਰੁਪਏ ਦੀ ਮੂੰਗਫਲੀ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।

ਉਹ ਕਹਿੰਦੀ ਹਨ, "ਅਸੀਂ ਸਾਉਣੀ (ਖ਼ਰੀਫ) ਅਤੇ ਦੀਵਾਲੀ (ਹਾੜੀ) ਦੌਰਾਨ ਕੁੱਲ ਦੋ ਫ਼ਸਲਾਂ ਉਗਾਉਂਦੇ ਹਾਂ।'' ਪਿਛਲੇ ਸਾਲ, ਘੋਗੇ ਦੀ ਭਰਮਾਰ ਕਾਰਨ ਮਾਨਸੂਨ ਤੋਂ ਬਾਅਦ ਖੇਤ ਨੂੰ ਦੋ ਮਹੀਨਿਆਂ ਲਈ ਖਾਲੀ ਛੱਡਣਾ ਪਿਆ। ਉਹ ਕਹਿੰਦੀ ਹਨ, "ਆਖ਼ਰਕਾਰ ਅਸੀਂ ਦਸੰਬਰ ਵਿੱਚ ਹਰਬਾਰਾ (ਹਰੇ ਛੋਲੇ), ਕਣਕ, ਮੂੰਗਫਲੀ ਅਤੇ ਪਿਆਜ਼ ਬੀਜਣ ਦੇ ਯੋਗ ਹੋ ਗਏ।''

ਡਾ. ਘੜਗੇ ਦਾ ਅਨੁਮਾਨ ਹੈ ਕਿ ਮਹਾਰਾਸ਼ਟਰ ਦੇ 5 ਤੋਂ 10 ਪ੍ਰਤੀਸ਼ਤ ਖੇਤ ਘੋਗੇ ਤੋਂ ਪ੍ਰਭਾਵਿਤ ਹਨ। "ਘੋਗਿਆਂ ਨੂੰ ਨਰਮ-ਨਰਮ ਤਣੇ ਖਾਸੇ ਪਸੰਦ ਹੁੰਦੇ ਹਨ ਤੇ ਉਹ ਪੌਦਿਆਂ ਦੇ ਵਾਧੇ ਦੇ ਸ਼ੁਰੂਆਤੀ ਪੜਾਵਾਂ ਵਿੱਚ ਕਾਫ਼ੀ ਨੁਕਸਾਨ ਕਰ ਜਾਂਦੇ ਹਨ। ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਹੈ।''

Nitin Lagad on his 5.5 acre farm in Darakwadi village, also affected by the Giant African Snails. He had to leave his farm empty for four months because of the snails.
PHOTO • Devanshi Parekh
Nitin Lagad on his 5.5 acre farm in Darakwadi village, also affected by the Giant African Snails. He had to leave his farm empty for four months because of the snails.
PHOTO • Devanshi Parekh

ਦਰਾਕਵਾੜੀ ਪਿੰਡ ਵਿੱਚ ਨਿਤਿਨ ਲਗਾਦ ਦਾ 5.5 ਏਕੜ ਦਾ ਫਾਰਮ ਵੱਡੇ ਅਫ਼ਰੀਕੀ ਘੋਗੇ ਤੋਂ ਪ੍ਰਭਾਵਿਤ ਹੋਇਆ ਹੈ। ਘੋਗੇ ਕਾਰਨ ਉਨ੍ਹਾਂ ਨੂੰ ਚਾਰ ਮਹੀਨਿਆਂ ਲਈ ਆਪਣੀ ਜ਼ਮੀਨ ਖਾਲੀ ਛੱਡਣੀ ਪਈ

Left: Nitin has now sown onion but the snails continue to affect the crop.
PHOTO • Devanshi Parekh
Right: Eggs laid by the snails
PHOTO • Nitin dada Lagad

ਖੱਬੇ ਪਾਸੇ: ਨਿਤਿਨ ਨੇ ਹੁਣ ਪਿਆਜ਼ ਦੀ ਬਿਜਾਈ ਕੀਤੀ ਹੈ ਪਰ ਘੋਗੇ ਫ਼ਸਲ ਨੂੰ ਪ੍ਰਭਾਵਿਤ ਕਰ ਰਹੇ ਹਨ। ਸੱਜੇ ਪਾਸੇ: ਘੋਗੇ ਦੇ ਅੰਡੇ

ਦਰਾਕਵਾੜੀ ਦੇ ਇੱਕ ਕਿਸਾਨ ਨਿਤਿਨ ਲਗਾਦ (35) ਨੂੰ ਹਰ ਸਾਲ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। "ਕਿੱਥੇ ਇਸ ਸਾਲ ਸੋਇਆਬੀਨ ਦੇ ਲਗਭਗ 70 ਤੋਂ 80 ਥੈਲੇ [ਲਗਭਗ 6,000 ਕਿਲੋ] ਝਾੜ ਮਿਲ਼ਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਸਾਨੂੰ ਸਿਰਫ਼ 40 ਬੈਗ [2,000 ਕਿੱਲੋ] ਝਾੜ ਹੀ ਮਿਲ਼ ਸਕਿਆ।''

ਉਹ ਆਪਣੀ 5.5 ਏਕੜ ਜ਼ਮੀਨ 'ਤੇ ਫ਼ਸਲਾਂ ਦੇ ਕੁੱਲ ਤਿੰਨ ਗੇੜ ਉਗਾਉਂਦੇ ਹਨ। ਇਸ ਸਾਲ ਉਹ ਘੋਗੇ ਦੀ ਭਰਮਾਰ ਕਾਰਨ ਫ਼ਸਲ ਦੇ ਦੂਜੇ ਗੇੜ ਦੀ ਬਿਜਾਈ ਨਹੀਂ ਕਰ ਸਕੇ ਹਨ। "ਚਾਰ ਮਹੀਨਿਆਂ ਤੱਕ ਅਸੀਂ ਜ਼ਮੀਨ ਨੂੰ ਸਨਮੀ ਛੱਡ ਦਿੱਤਾ,'' ਉਹ ਕਹਿੰਦੇ ਹਨ, "ਹੁਣ ਅਸੀਂ ਇਹ ਸੋਚ ਕੇ ਪਿਆਜ਼ ਬੀਜਦੇ ਹਾਂ ਜਿਓਂ ਜੂਏ ਵਿੱਚ ਪੈਸੇ ਲਾਉਣੇ ਹੋਣ।''

ਮੌਲਸਕ ਕੀਟਨਾਸ਼ਕਾਂ ਵਰਗੇ ਐਗਰੋਕੈਮੀਕਲਜ਼ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ। "ਅਸੀਂ ਮਿੱਟੀ ਵਿੱਚ ਦਵਾਈ ਪਾਉਂਦੇ ਹਾਂ, ਪਰ ਘੋਗੇ ਮਿੱਟੀ ਦੇ ਹੇਠਾਂ ਰਹਿੰਦੇ ਹਨ, ਇਸ ਲਈ ਦਵਾਈ ਬਰਬਾਦ ਜਾਂਦੀ ਹੈ। ਜੇ ਤੁਸੀਂ ਇਸ ਨੂੰ ਫੜ੍ਹ ਕੇ ਦਵਾਈ ਪਾ ਦਿਓਗੇ, ਤਾਂ ਇਹ ਆਪਣੇ ਖੋਲ੍ਹ ਅੰਦਰ ਵੜ੍ਹ ਜਾਵੇਗਾ," ਨਿਤਿਨ ਦੱਸਦੇ ਹਨ। "ਦਵਾਈ ਤੋਂ ਕੋਈ ਫਾਇਦਾ ਨਹੀਂ ਹੈ।"

Left: Giant African Snails near Sunanda Soope’s farm.
PHOTO • Devanshi Parekh
Right: Shells of dead Giant African Snails which were collected after they were killed in a drum of salt water
PHOTO • Devanshi Parekh

ਖੱਬੇ ਪਾਸੇ : ਸੁਨੰਦਾ ਸੂਪੇ ਦੇ ਫਾਰਮ ਦੇ ਨੇੜੇ ਵੱਡੇ-ਵੱਡੇ ਅਫ਼ਰੀਕੀ ਘੋਗੇ। ਸੱਜੇ ਪਾਸੇ: ਮਰੇ ਹੋਏ ਅਫ਼ਰੀਕੀ ਘੋਗਿਆਂ ਦੇ ਖੋਲ੍ਹ ਜੋ ਘੋਗਿਆਂ ਨੂੰ ਲੂਣੇ ਪਾਣੀ ਦੇ ਡਰੰਮ ਵਿੱਚ ਮਾਰੇ ਜਾਣ ਤੋਂ ਬਾਅਦ ਇਕੱਠੇ ਕੀਤੇ ਗਏ ਸਨ

ਕੋਈ ਹੋਰ ਵਿਕਲਪ ਨਾ ਮਿਲਣ 'ਤੇ, ਦਰਾਕਾਵਾੜੀ ਦੇ ਕਿਸਾਨਾਂ ਨੇ ਆਪਣੇ ਹੱਥਾਂ 'ਤੇ ਲਿਫ਼ਾਫ਼ੇ ਚਾੜ੍ਹੇ ਤੇ ਘੋਗੇ ਚੁੱਗਣੇ ਸ਼ੁਰੂ ਕਰ ਦਿੱਤੇ ਅਤੇ ਫਿਰ ਉਨ੍ਹਾਂ ਨੂੰ ਲੂਣੇ ਪਾਣੀ ਦੇ ਡਰੰਮ ਅੰਦਰ ਪਾ ਦਿੱਤਾ। ਜਿਸ ਨਾਲ਼ ਪਹਿਲਾਂ ਉਹ ਬੇਹੋਸ਼ ਹੁੰਦੇ ਹਨ ਅਤੇ ਫਿਰ ਮਰ ਜਾਂਦੇ ਹਨ।

"ਉਹ ਵਾਰ-ਵਾਰ (ਡਰੰਮ ਵਿਚੋਂ) ਬਾਹਰ ਆਉਂਦੇ ਰਹਿੰਦੇ। ਸਾਨੂੰ ਉਨ੍ਹਾਂ ਨੂੰ ਵਾਰ-ਵਾਰ ਅੰਦਰ ਧੱਕਦੇ ਰਹਿਣ ਪੈਂਦਾ।'' ਸੁਨੰਦਾ ਕਹਿੰਦੀ ਹਨ, "ਚਾਰ ਤੋਂ ਪੰਜ ਵਾਰ ਇੰਝ ਕਰਨ ਤੋਂ ਬਾਅਦ, ਉਹ ਮਰ ਜਾਂਦੇ ਹਨ।''

ਨਿਤਿਨ ਨੇ ਆਪਣੇ ਕੁਝ ਦੋਸਤਾਂ ਨਾਲ਼ ਮਿਲ਼ ਕੇ ਇੱਕੋ ਵਾਰ ਵਿੱਚ ਲਗਭਗ 400-500 ਘੋਗੇ ਇਕੱਠੇ ਕਰ ਲਏ। ਪਿਆਜ਼ ਬੀਜਣ ਤੋਂ ਪਹਿਲਾਂ ਵੀ ਉਨ੍ਹਾਂ ਮਿੱਟੀ ਦੀ ਸਫ਼ਾਈ ਕੀਤੀ ਗਈ ਸੀ, ਪਰ ਉਹ ਦੋਬਾਰਾ ਦਿਖਾਈ ਦੇਣ ਲੱਗੇ। ਉਹ ਕਹਿੰਦੇ ਹਨ ਕਿ ਘੋਗਿਆਂ ਨੇ ਉਨ੍ਹਾਂ ਦੇ ਖੇਤ ਦੀ 50 ਫੀਸਦੀ ਫ਼ਸਲ ਤਬਾਹ ਕਰ ਦਿੱਤੀ ਹੈ।

ਸੁਨੰਦਾ ਕਹਿੰਦੀ ਹਨ, "ਭਾਵੇਂ ਅਸੀਂ ਇੱਕ ਦਿਨ ਵਿੱਚ ਸੈਂਕੜੇ ਘੋਗਿਆਂ ਨੂੰ ਫੜ੍ਹ ਕੇ ਖੇਤਾਂ ਦੀ ਸਫਾਈ ਕਿਉਂ ਨਾ ਕਰ ਲਈਏ, ਪਰ ਉਹ ਅਗਲੇ ਦਿਨ ਫਿਰ ਦਿਖਾਈ ਦੇਣ ਲੱਗਦੇ ਹਨ।''

ਡਰੀ ਅਵਾਜ਼ ਵਿੱਚ ਉਹ ਕਹਿੰਦੀ ਹਨ, "ਜੂਨ ਵਿੱਚ, ਘੋਗੇ [ਦੁਬਾਰਾ] ਆਉਣੇ ਸ਼ੁਰੂ ਹੋ ਜਾਂਦੇ ਹਨ।''

ਤਰਜਮਾ: ਕਮਲਜੀਤ ਕੌਰ

Student Reporter : Devanshi Parekh

Devanshi Parekh is a recent graduate of FLAME University and interned with PARI from December 2022 to February 2023.

Other stories by Devanshi Parekh
Editor : Sanviti Iyer

Sanviti Iyer is Assistant Editor at the People's Archive of Rural India. She also works with students to help them document and report issues on rural India.

Other stories by Sanviti Iyer
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur