ਇੱਕ ਵਾਰ ਫਿਰ ਪੂਰੇ ਅਗਰਤਲਾ ਅੰਦਰ ਢਾਕ ਦੀਆਂ ਅਵਾਜ਼ਾਂ ਗੂੰਜਣ ਲੱਗੀਆਂ ਹਨ। ਦੁਰਗਾ ਪੂਜਾ 11 ਅਕਤੂਬਰ ਨੂੰ ਆ ਰਹੀ ਹੈ ਅਤੇ ਇਹਦੇ ਜਸ਼ਨ ਦੀਆਂ ਤਿਆਰੀ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਪੰਡਾਲ ਲਾਉਣਾ, ਮੂਰਤੀਕਾਰਾਂ ਵੱਲੋਂ ਮੂਰਤੀਆਂ ਨੂੰ ਆਖ਼ਰੀ ਛੋਹਾਂ ਦੇਣੀਆਂ, ਪਰਿਵਾਰਾਂ ਦੁਆਰਾ ਨਵੇਂ ਕੱਪੜੇ ਖਰੀਦਣੇ ਆਦਿ।

ਢਾਕ , ਬੈਰਲ-ਨੁਮਾ (ਪੀਪਾ) ਡ੍ਰਮ ਜਿਹਨੂੰ ਗ਼ਲੇ ਵਿੱਚ ਲਮਕਾਇਆ ਜਾਂਦਾ ਹੈ ਜਾਂ ਇੱਕ ਠੋਸ ਥਾਵੇਂ ਟਿਕਾ ਕੇ ਸੋਟੀਆਂ ਦੇ ਸਹਾਰੇ ਵਜਾਇਆ ਜਾਂਦਾ, ਇਨ੍ਹਾਂ ਸਮਾਰੋਹਾਂ ਦਾ ਅਟੁੱਟ ਅੰਗ ਹੁੰਦਾ ਹੈ।

ਢਾਕ ਦਾ ਵਜਾਇਆ ਜਾਣਾ ਮੌਸਮੀ ਕੰਮ ਹੈ। ਹਰ ਸਾਲ ਪੂਜਾ ਦੇ ਪੰਜ ਦਿਨ ਹੁੰਦੇ ਹਨ ਅਤੇ ਅੰਤਮ ਧੁਨ ਲਕਸ਼ਮੀ ਪੂਜਾ ਦੇ ਦਿਨ ਵੱਜਦੀ ਹੈ ਜੋ ਇਸ ਸਾਲ 20 ਅਕਤੂਬਰ ਨੂੰ ਹੈ। ਕਈ ਢਾਕੀਆਂ ਨੂੰ ਦਿਵਾਲੀ ਮੌਕੇ ਵੀ ਢਾਕ ਵਜਾਉਣ ਲਈ ਸੱਦਾ ਦਿੱਤਾ ਜਾਂਦਾ ਹੈ। ਪਰ ਅਗਰਤਲਾ ਅਤੇ ਤ੍ਰਿਪੁਰਾ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਢਾਕ ਦੀ ਜ਼ਿਆਦਾ ਮੰਗ ਦੁਰਗਾ ਪੂਜਾ ਦੌਰਾਨ ਹੀ ਰਹਿੰਦੀ ਹੈ।

ਢਾਕੀਆਂ ਨੂੰ ਨਾ ਸਿਰਫ਼ ਪੰਡਾਲ ਕਮੇਟੀਆਂ  ਦੁਆਰਾ ਸਗੋਂ ਪਰਿਵਾਰਾਂ ਵੱਲੋਂ ਵੀ ਢਾਕ ਵਜਾਉਣ ਲਈ ਸੱਦਿਆ ਜਾਂਦਾ ਹੈ। ਕਈ ਵਾਰੀ, ਉਨ੍ਹਾਂ ਨੂੰ ਪੇਸ਼ਕਾਰੀ ਵਾਸਤੇ ਸੱਦਾ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਅਜ਼ਮਾਇਸ਼ ਵਜੋਂ ਪ੍ਰਦਰਸ਼ਨ ਕਰਨ ਲਈ ਕਿਹਾ ਜਾਂਦਾ ਹੈ- ਉਨ੍ਹਾਂ ਵਿੱਚੋਂ ਬਹੁਤ ਸਾਰੇ ਮਾਹਰ ਹੁੰਦੇ ਹਨ, ਜਿਨ੍ਹਾਂ ਨੇ ਇਹ ਕਲਾ ਪਰਿਵਾਰ ਦੇ ਬਜ਼ੁਰਗਾਂ ਪਾਸੋਂ ਸਿੱਖੀ ਹੁੰਦੀ ਹੈ। ''ਮੈਂ ਆਪਣੇ ਵੱਡੇ ਭਰਾਵਾਂ (ਚਚੇਰੇ) ਨਾਲ਼ ਰਲ਼ ਕੇ ਵਜਾਇਆ ਕਰਦਾ,'' 45 ਸਾਲਾ ਇੰਦਰਾਜੀਤ ਰਿਸ਼ੀਦਾਸ ਕਹਿੰਦੇ ਹਨ। ''ਮੈਂ ਆਪਣੀ ਸ਼ੁਰੂਆਤ ਕਾਸ਼ੀ (ਧਾਤੂ ਪਲੇਟਨੁਮਾ ਸਾਜ਼ ਜੋ ਛੋਟੀ ਸੋਟੀ ਨਾਲ਼ ਵਜਾਇਆ ਜਾਂਦਾ ਹੈ) ਨੂੰ ਵਜਾਉਣ ਤੋਂ ਕੀਤੀ, ਫਿਰ ਢੋਲ 'ਤੇ ਹੱਥ ਅਜ਼ਮਾਇਆ ਅਤੇ ਫਿਰ ਢਾਕ 'ਤੇ।'' (ਉਹ ਅਤੇ ਹੋਰ ਰਿਸ਼ੀਦਾਸ, ਰੋਹੀਦਾਸ ਅਤੇ ਰਵੀਦਾਸ ਪਰਿਵਾਰ ਮੂਚੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਕਿ ਤ੍ਰਿਪੁਰਾ ਅੰਦਰ ਪਿਛੜੀ ਜਾਤੀ ਵਜੋਂ ਸੂਚੀਬੱਧ ਹਨ।)

ਅਗਰਤਲਾ ਦੇ ਹੋਰਨਾ ਢਾਕੀਆਂ ਵਾਂਗਰ, ਇੰਦਰਾਜੀਤ ਵੀ ਸਾਲ ਦੇ ਬਾਕੀ ਦਿਨ ਬਤੌਰ ਸਾਈਕਲ ਰਿਕਸ਼ਾ ਚਾਲਕ ਕੰਮ ਕਰਦੇ ਹਨ। ਕਦੇ-ਕਦਾਈਂ ਉਹ ਵਿਆਹ ਅਤੇ ਹੋਰ ਸਮਾਗਮਾਂ ਦੌਰਾਨ ਸਥਾਨਕ ਪੱਧਰ 'ਤੇ ਜਾਣੀ ਜਾਂਦੀ 'ਬੈਂਡ-ਪਾਰਟੀ' ਵਿੱਚ ਵਾਜਾ ਵਜਾਉਂਦੇ ਹਨ। ਕਦੇ-ਕਦਾਈਂ ਮਿਲ਼ਣ ਵਾਲ਼ੇ ਇਨ੍ਹਾਂ ਕੰਮਾਂ ਤੋਂ ਛੁੱਟ, ਢਾਕੀ ਦਿਹਾੜੀਦਾਰ ਕਾਮਿਆਂ ਵਜੋਂ ਬਿਜਲੀ ਦਾ ਕੰਮ ਜਾਂ ਪਲੰਬਰ ਦਾ ਕੰਮ ਕਰਦੇ ਹਨ, ਕਈ ਸਬਜ਼ੀ ਵੇਚਦੇ ਹਨ ਅਤੇ ਕੁਝ ਨੇੜਲੇ ਪਿੰਡਾਂ ਵਿੱਚ ਕਿਸਾਨੀ ਕਰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਪੇਸ਼ਕਾਰੀ ਵਾਸਤੇ ਸੱਦਿਆ ਜਾਂਦਾ ਹੈ ਤਾਂ ਉਹ ਅਗਰਤਲਾ ਆਉਂਦੇ ਹਨ।

PHOTO • Sayandeep Roy

ਇੰਦਰਾਜੀਤ ਰਿਸ਼ੀਦਾਸ ਅਗਰਤਲਾ ਵਿਖੇ ਆਪਣੇ ਘਰ ਦੇ ਨੇੜੇ ਭਾਟੀ ਅਭੋਨਗਰ ਇਲਾਕੇ ਵਿੱਚ ਕੰਮ ਕਰਨ ਲਈ ਜਾਂਦੇ ਹਨ। ਪੂਜਾ ਸਮਾਰੋਹਾਂ ਦੇ ਸ਼ੁਰੂ ਹੋਣ ਤੀਕਰ ਕਈ ਢਾਕੀ ਸਾਈਕਲ-ਰਿਕਸ਼ਾ ਚਲਾਉਣਾ ਜਾਰੀ ਰੱਖਦੇ ਹਨ

ਬਤੌਰ ਸਾਈਕਲ-ਰਿਕਸ਼ਾ ਚਾਲਕ, ਇੰਦਰਾਜੀਤ 500 ਰੁਪਏ ਦਿਹਾੜੀ ਕਮਾ ਲੈਂਦੇ ਹਨ। ''ਪੈਸੇ ਕਮਾਉਣ ਵਾਸਤੇ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ, ਰਿਕਸ਼ਾ ਚਲਾਉਣਾ ਕੁਝ ਸੌਖਾ ਵਸੀਲਾ ਹੈ,'' ਉਹ ਕਹਿੰਦੇ ਹਨ। ''ਬੇਹਤਰ ਕੰਮ ਮਿਲ਼ਣ ਦੀ ਉਡੀਕ ਕਰਦੇ ਰਹਿਣ ਦਾ ਕੋਈ ਫ਼ਾਇਦਾ ਨਹੀਂ।'' ਦੁਰਗਾ ਪੂਜਾ ਦੇ ਮੌਸਮ ਵਿੱਚ, ਬਤੌਰ ਇੱਕ ਢਾਕੀ ਉਹ ਇੱਕ ਹਫ਼ਤੇ ਅੰਦਰ ਓਨਾ ਪੈਸਾ ਕਮਾ ਲੈਂਦੇ ਹਨ ਜਿੰਨਾ ਉਹ ਪੂਰਾ ਮਹੀਨਾ ਰਿਕਸ਼ਾ ਚਲਾ ਕੇ ਕਮਾਉਂਦੇ ਹਨ- 2021 ਦੀ ਇਸ ਪੂਜਾ ਦੌਰਾਨ ਉਨ੍ਹਾਂ ਨੂੰ ਪੰਡਾਲ ਕਮੇਟੀ ਨੇ ਢਾਕ ਵਜਾਉਣ ਬਦਲੇ 15000 ਰੁਪਏ ਦੇਣੇ ਮਿੱਥੇ ਹਨ, ਹਾਲਾਂਕਿ ਕਈ ਇਸ ਛੋਟੀ ਰਾਸ਼ੀ ਵਾਸਤੇ ਬਹਿਸ ਵੀ ਕਰਦੇ ਹਨ।

ਪੰਡਾਲ ਵਿੱਚ, ਜਿੱਥੇ ਢਾਕੀਆਂ (ਅਗਰਤਲਾ ਵਿੱਚ ਆਮ ਤੌਰ 'ਤੇ ਪੁਰਸ਼ ਹੀ ਸਾਜ਼ ਵਜਾਉਂਦੇ ਹਨ) ਨੂੰ ਪੂਜਾ ਦੇ ਪੰਜੋ ਦਿਨ ਕੰਮ 'ਤੇ ਰੱਖਿਆ ਜਾਂਦਾ ਹੈ, ਇੰਦਰਾਜੀਤ ਕਹਿੰਦੇ ਹਨ,''ਜਦੋਂ ਵੀ ਪੰਡਤ ਸਾਨੂੰ ਹਾਜ਼ਰ ਹੋਣ ਲਈ ਕਹਿੰਦੇ ਹਨ ਤਾਂ ਸਾਨੂੰ ਹਾਜ਼ਰ ਹੋਣਾ ਪੈਂਦਾ ਹੈ। ਅਸੀਂ ਸਵੇਰ ਦੀ ਪੂਜਾ ਦੌਰਾਨ ਤਿੰਨ ਘੰਟੇ ਢਾਕੀ ਵਜਾਉਂਦੇ ਹਾਂ ਅਤੇ ਸ਼ਾਮ ਵੇਲ਼ੇ 3-4 ਘੰਟੇ।''

'ਬੈਂਡ-ਪਾਰਟੀ' ਦੇ ਸੱਦੇ ਕਦੇ-ਕਦਾਈਂ ਆਉਂਦੇ ਹਨ। ''ਜ਼ਿਆਦਾਤਰ ਵਿਆਹਾਂ ਦੇ ਦਿਨੀਂ ਅਸੀਂ ਆਮ ਤੌਰ 'ਤੇ ਛੇ ਜਣਿਆਂ ਦੀ ਟੀਮ ਵਜੋਂ ਕੰਮ ਕਰਦੇ ਹਾਂ ਅਤੇ ਜਿੰਨੇ ਦਿਨ ਅਸੀਂ ਪ੍ਰਦਰਸ਼ਨ ਕਰਦੇ ਹਾਂ ਓਸੇ ਹਿਸਾਬ ਨਾਲ਼ ਪੈਸੇ ਲੈਂਦੇ ਹਾਂ। ਕਈ ਲੋਕ ਸਾਨੂੰ 1-2 ਦਿਨਾਂ ਵਾਸਤੇ ਕੰਮ 'ਤੇ ਰੱਖਦੇ ਹਨ ਅਤੇ ਕਈ ਲੋਕ 6-7 ਦਿਨਾਂ ਵਾਸਤੇ,'' ਇੰਦਰਾਜੀਤ ਕਹਿੰਦੇ ਹਨ। ਇਸ ਤਰ੍ਹਾਂ ਸਮੂਹ ਨੂੰ ਪ੍ਰਤੀ ਦਿਨ 5,000-6,000 ਰੁਪਏ ਮਿਲ਼ਦੇ ਹਨ।

ਪਿਛਲੇ ਸਾਲ, ਕੋਵਿਡ-19 ਮਹਾਮਾਰੀ ਕਾਰਨ, ਕਈ ਲੋਕਾਂ ਦੁਆਰਾ ਪੂਜਾ ਦੀਆਂ ਯੋਜਨਾਵਾਂ ਰੱਦ ਕੀਤੀਆਂ ਗਈਆਂ ਅਤੇ ਢਾਕੀਆਂ ਨੂੰ ਆਪੋ-ਆਪਣੇ ਦਿਹਾੜੀਦਾਰੀ ਦੇ ਕੰਮਾਂ ਤੋਂ ਹੁੰਦੀ ਆਮਦਨੀ ਅਤੇ ਕੀਤੀ ਬਚਤ 'ਤੇ ਨਿਰਭਰ ਰਹਿਣਾ ਪਿਆ ਅਤੇ ਰਿਕਸ਼ਾ ਚਲਾਉਣ ਜਾਂ ਹੋਰਨਾਂ ਕੰਮਾਂ ਨੂੰ ਕਰਦੇ ਰਹਿਣਾ ਪਿਆ, ਭਾਵੇਂ ਕਿ ਉਨ੍ਹਾਂ ਵਿੱਚੋਂ ਕਈਆਂ ਨੂੰ ਕੁਝ ਸਮੇਂ ਲਈ ਢਾਕ ਵਜਾਉਣ (ਆਖ਼ਰੀ ਸਮੇਂ) ਦੇ ਕੰਮ 'ਤੇ ਰੱਖਿਆ ਗਿਆ। (ਇਸ ਸਟੋਰੀ ਵਿਚਲੀਆਂ ਸਾਰੀਆਂ ਤਸਵੀਰਾਂ ਪਿਛਲੇ ਸਾਲ ਅਕਤੂਬਰ 2020 ਵਿੱਚ ਲਈਆਂ ਗਈਆਂ ਸਨ।)

ਦੁਰਗਾ ਪੂਜਾ ਦੇ ਪਹਿਲੇ ਦਿਨ ਤੋਂ ਹਫ਼ਤੇ ਬਾਅਦ ਆਉਂਦੀ ਲਕਸ਼ਮੀ ਪੂਜਾ, ਕਈ ਢਾਕੀਆਂ ਵਾਸਤੇ 'ਰੁਜ਼ਗਾਰ' ਦਾ ਅੰਤਮ ਦਿਨ ਬਣਦੀ ਹੈ। ਉਸ ਸ਼ਾਮੀਂ, ਉਹ ਆਪਣੇ ਢਾਕਾਂ ਨੂੰ ਗ਼ਲਾ ਵਿੱਚ ਲਮਕਾਈ, ਇਕੱਲੇ ਜਾਂ ਜੋੜਿਆਂ ਵਿੱਚ ਅਗਰਤਲਾ ਦੀਆਂ ਗਲ਼ੀਆਂ ਵਿੱਚ ਨਿਕਲ਼ ਪੈਂਦੇ ਹਨ। ਉਸ ਸ਼ੁੱਭ ਰਾਤ ਮੌਕੇ ਕਈ ਪਰਿਵਾਰ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ 5-10 ਮਿੰਟ ਢਾਕ ਵਜਾਉਣ ਲਈ ਸੱਦਦੇ ਹਨ। ਬਦਲੇ ਵਿੱਚ ਢਾਕੀਆਂ ਨੂੰ ਹਰ ਪਰਿਵਾਰ ਪਾਸੋਂ ਬਾਮੁਸ਼ਕਲ 20-50 ਰੁਪਏ ਮਿਲ਼ਦੇ ਹਨ ਅਤੇ ਕਈ ਤਾਂ ਇਹ ਕਹਿ ਕੇ ਟਾਲ਼ ਦਿੰਦੇ ਹਨ ਕਿ ਉਨ੍ਹਾਂ ਨੇ ਸਿਰਫ਼ ਪਰੰਪਰਾ ਦਾ ਪਾਲਣ ਕਰਨ ਲਈ ਇੰਝ ਕੀਤਾ।

PHOTO • Sayandeep Roy

ਦੁਰਗਾ ਪੂਜਾ ਤੋਂ 10 ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਢਾਕ ਬਾਹਰ ਕੱਢੇ ਜਾਂਦੇ ਹਨ ਅਤੇ ਰੱਸੀਆਂ ਦੀ ਸਫ਼ਾਈ ਕੀਤੀ ਜਾਂਦੀ ਹੈ ਅਤੇ ਇਛੱਤ ਧੁਨ ਦੀ ਗੁਣਵੱਤਾ ਵਧਾਉਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਕੱਸਿਆ ਜਾਂਦਾ ਹੈ। ਇਹ ਕੰਮ ਸਰੀਰ ਨੂੰ ਥਕਾ ਦੇਣ ਵਾਲ਼ਾ ਹੁੰਦਾ ਹੈ ਕਿਉਂਕਿ ਇਹ ਰੱਸੀਆਂ ਜਾਨਵਰਾਂ ਦੀ ਚਮੜੀ ਤੋਂ ਬਣਦੀਆਂ ਹਨ ਅਤੇ ਸਮੇਂ ਦੇ ਨਾਲ਼ ਕਾਫ਼ੀ ਚੀੜ੍ਹੀਆਂ ਹੋ ਜਾਂਦੀਆਂ ਹਨ। ਇਸ ਕੰਮ ਵਿੱਚ ਦੋ ਜਣਿਆਂ ਨੂੰ ਲੱਗਣਾ ਪੈਂਦਾ ਹੈ। '' ਇਸ ਪ੍ਰਕਿਰਿਆ ਵਿੱਚ ਚੰਗੀ-ਖ਼ਾਸੀ ਤਾਕਤ ਲੱਗਦੀ ਹੈ ਜੋ ਇਕੱਲੇ ਜਣੇ ਦੇ ਵੱਸ ਦੀ ਗੱਲ ਨਹੀਂ ਹੁੰਦਾ, '' ਇੰਦਰਾਜੀਤ ਰਿਸ਼ੀਦਾਸ ਕਹਿੰਦੇ ਹਨ। '' ਇਹ ਬਹੁਤ ਅਹਿਮ ਕੰਮ ਹੈ ਕਿਉਂਕਿ ਇਸੇ ' ਤੇ ਹੀ ਢਾਕ ਦੀ ਅਵਾਜ਼ ਦੀ ਪੂਰੀ ਗੁਣਵੱਤਾ ਟਿਕੀ ਰਹਿੰਦੀ ਹੈ ''


PHOTO • Sayandeep Roy

ਸਾਫ਼-ਸਫ਼ਾਈ ਅਤੇ ਜਾਂਚ ਕੀਤੇ ਜਾਣ ਤੋਂ ਬਾਅਦ, ਢਾਕ ਨੂੰ ਮਲ੍ਹਕੜੇ ਜਿਹੇ ਸਾਫ਼ ਕੱਪੜੇ ਵਿੱਚ ਵਲ੍ਹੇਟ ਕੇ ਦੋਬਾਰਾ ਆਰਜ਼ੀ ਸਮੇਂ ਵਾਸਤੇ ਕਿਸੇ ਉੱਚੀ ਸੈਲਫ਼ ' ਤੇ ਰੱਖ ਦਿੱਤਾ ਜਾਂਦਾ ਹੈ- ਅਤੇ ਫਿਰ ਸਿਰਫ਼ ਪੂਜਾ ਮੌਕੇ ਹੀ ਉਨ੍ਹਾਂ ਨੂੰ ਬਾਹਰ ਕੱਢਿਆ ਜਾਂਦਾ ਹੈ


PHOTO • Sayandeep Roy

ਜਦੋਂ ਸ਼ਹਿਰ ਦੇ ਕਈ ਲੋਕ ਜਸ਼ਨ ਦੀ ਤਿਆਰੀ ਕਰਦੇ ਹਨ, ਦੋ ਢੋਲਚੀ ਸ਼ਹਿਰ ਦੇ ਕੋਲੋਨਲ ਚੌਮੁਹਾਨੀ (ਚੌਰਾਹੇ) ਨੇੜਿਓਂ ਦੁਰਗਾ ਮਾਤਾ ਦੀ ਮੂਰਤੀ ਲਿਆਉਣ ਦੇ ਪੂਰੇ ਰਾਹ ਦੌਰਾਨ ਢਾਕ ਵਜਾਉਂਦੇ ਹਨ ਪੂਜਾ ਦੀਆਂ ਵੱਖੋ-ਵੱਖ ਰਸਮਾਂ- ਮੂਰਤੀ ਲਿਆਉਣਾ, ਮੂਰਤੀ ਨੂੰ ਪੰਡਾਲ ਅੰਦਰ ਸਜਾਉਣਾ, ਪੂਜਾ ਦੌਰਾਨ ਅਤੇ ਪਾਣੀ ਵਿੱਚ ਤਾਰੇ ਜਾਣ ਦੀ ਪ੍ਰਕਿਰਿਆ ਦੌਰਾਨ ਦੌਰਾਨ ਢਾਕ ਵਜਾਇਆ ਜਾਂਦਾ ਹੈ।


PHOTO • Sayandeep Roy

ਹਰੇਕ ਢਾਕੀ ਕੰਮ ' ਤੇ ਰੱਖੇ ਜਾਣ ਦੀ ਉਮੀਦ ਨਾਲ਼ ਕੇਂਦਰੀ ਅਗਰਤਲਾ ਦੇ ਕਮਨ ਚੌਮੁਹਾਨੀ ਜੰਕਸ਼ਨ ਵਿੱਚ ਉਡੀਕ ਕਰਦਾ ਖੜ੍ਹਾ ਰਹਿੰਦਾ ਹੈ। ਹਰੇਕ ਸਾਲ, ਨੇੜਲੇ ਪਿੰਡਾਂ ਅਤੇ ਕਸਬਿਆਂ ਦੇ ਢਾਕੀ ਦੁਰਗਾ ਪੂਜਾ ਤੋਂ ਦੋ ਦਿਨ ਪਹਿਲਾਂ ਤ੍ਰਿਪੁਰਾ ਦੀ ਰਾਜਧਾਨੀ ਦੀਆਂ ਖ਼ਾਸ ਥਾਵਾਂ ' ਤੇ ਇਕੱਠੇ ਹੁੰਦੇ ਹਨ ਅਤੇ ਸਾਰਾ ਸਾਰਾ ਦਿਨ ਉਡੀਕ ਕਰਦੇ ਹਨ। 2020 ਨੂੰ ਕੋਵਿਡ-19 ਕਾਰਨ ਬਹੁਤ ਹੀ ਘੱਟ ਢਾਕੀਆਂ ਨੂੰ ਕੰਮ ਮਿਲ਼ਿਆ ਸੀ


PHOTO • Sayandeep Roy

ਬਾਬੁਲ ਰਵੀਦਾਸ, ਜੋ ਇੱਕ ਢਾਕੀ ਹਨ ਅਤੇ ਅਗਰਤਲਾ ਤੋਂ 20 ਕਿਲੋਮੀਟਰ ਦੂਰ ਆਪਣੇ ਪਿੰਡੋਂ ਇੱਥੇ ਆਏ ਹਨ, ਉਡੀਕ ਕਰਦੇ ਰਹਿਣ ਵਿੱਚ ਉਪਜੇ ਅਕੇਵੇਂ ਨੂੰ ਘੱਟ ਕਰਨ ਲਈ ਬੀੜੀ ਪੀਂਦੇ ਹੋਏ


PHOTO • Sayandeep Roy

ਕੇਂਦਰੀ ਅਗਰਤਲਾ ਦੇ ਬਾਟਾਲਾ ਬੱਸ ਸਟੈਂਡ ਨੇੜੇ, ਢਾਕੀ ਆਪਣੇ ਪਿੰਡ ਮੁੜਨ ਵਾਸਤੇ ਆਟੋ-ਰਿਕਸ਼ਾ ਵਿੱਚ ਬਹਿੰਦੇ ਹੋਏ। ਇਹ ਵੀ ਇੱਕ ਥਾਂ ਹੈ ਜਿੱਥੇ ਦੁਰਗਾ ਪੂਜਾ ਤੋਂ ਦੋ ਦਿਨ ਪਹਿਲਾਂ ਵੱਖੋ-ਵੱਖ ਪਿੰਡਾਂ ਅਤੇ ਕਸਬਿਆਂ ਤੋਂ ਢਾਕੀ ਇਕੱਠੇ ਹੁੰਦੇ ਹਨ, ਇਸ ਉਮੀਦ ਨਾਲ਼ ਕਿ ਕੰਮ ਮਿਲ਼ੇਗਾ। ਇਸ ਸਮੂਹ ਨੇ ਪੂਰਾ ਦਿਨ ਉਡੀਕ ਕੀਤੀ ਅਤੇ ਅਖ਼ੀਰ ਰਾਤੀਂ 9 ਵਜੇ ਵਾਪਸ ਮੁੜਨ ਦਾ ਫ਼ੈਸਲਾ ਕੀਤਾ।


ਬਿਜੈਕੁਮਰ ਚੌਮੁਹਾਨੀ ਇਲਾਕੇ ਦੇ ਇੱਕ ਖਾਲੀ ਪਏ ਪੂਜਾ ਪੰਡਾਲ ਵਿੱਚ ਢਾਕੀ ਪੇਸ਼ਕਾਰੀ ਕਰਦੇ ਹੋਏ- ਮਹਾਂਮਾਰੀ ਤੋਂ ਪਹਿਲਾਂ ਪੰਡਾਲ ਦੇ ਖਾਲੀ ਹੋਣ ਬਾਰੇ ਕਿਸੇ ਨੇ ਸੁਣਿਆ ਤੱਕ ਨਹੀਂ ਹੋਣਾ। ਪਰ ਪਿਛਲੇ ਸਾਲ ਵੀ ਅਗਰਤਲਾ ਦੇ ਸਾਰੇ ਪੰਡਾਲ ਇੰਨੇ ਖਾਲੀ ਨਹੀਂ ਸਨ

PHOTO • Sayandeep Roy

ਪਿਛਲੇ ਸਾਲ ਦੁਰਗਾ ਪੂਜਾ ਤੋਂ ਹਫ਼ਤਾ ਪਹਿਲਾਂ ਇੱਕ ਢਾਕੀ ਕ੍ਰਿਸ਼ਨਾ ਨਗਰ ਦੇ ਸਾਜਾਂ ਦੀ ਇੱਕ ਦੁਕਾਨ ' ਤੇ ਢਾਕ ਦੀ ਮੁਰੰਮਤ ਕਰਦਾ ਹੋਇਆ


PHOTO • Sayandeep Roy

ਪਰੰਪਰਾ ਅਤੇ ਤਕਨੀਕ ਦਾ ਸੁਮੇਲ- ਰਾਮਨਗਰ ਰੋਡ ਨੰ. 4 ਵਿਖੇ ਢਾਕ ਦੀ ਅਵਾਜ਼ ਨੂੰ ਵਧਾਉਣ ਲਈ ਮਾਈਕ੍ਰੋਫ਼ੋਨ ਦਾ ਇਸਤੇਮਾਲ ਹੁੰਦਾ ਹੋਇਆ। ਢਾਕ ਬੁਲੰਦ-ਅਵਾਜ਼ੀ ਸਾਜ਼ ਹੈ ਅਤੇ ਉਹਨੂੰ ਐਂਪਲੀਫਾਇਰ (ਅਵਾਜ਼-ਵਧਾਊ ਯੰਤਰ) ਦੀ ਲੋੜ ਨਹੀਂ ਰਹਿੰਦੀ- ਇਹਦੀ ਅਵਾਜ਼ ਦੂਰ ਤੱਕ ਗੂੰਜਦੀ ਹੈ। ਮੋਂਟੂ ਰਿਸ਼ੀਦਾਸ (ਇਸ ਤਸਵੀਰ ਵਿੱਚ ਨਹੀਂ), ਜੋ ਪਿਛਲੇ 40 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਢਾਕ ਵਜਾਉਂਦੇ ਰਹੇ ਹਨ, ਕਹਿੰਦੇ ਹਨ ਕਿ ਨਵੀਂ ਤਕਨੀਕ ਦਾ ਆਉਣਾ ਵੀ ਢਾਕੀਆਂ ਨੂੰ ਮਿਲ਼ਦੇ ਕੰਮ ' ਤੇ ਫਿਰੀ ਕੈਂਚੀ ਦਾ ਵੱਡਾ ਕਾਰਨ ਹੈ : '' ਇਨ੍ਹੀਂ ਦਿਨੀਂ ਲੋਕਾਂ ਨੂੰ ਆਪਣੇ ਮੋਬਾਇਲ ' ਤੇ ਇੱਕ ਕਲਿਕ ਕਰਨ ਦੀ ਲੋੜ ਹੈ ਤੇ ਢਾਕ ਦੀਆਂ ਅਵਾਜ਼ਾਂ ਗੂੰਜਣ ਲੱਗਦੀਆਂ ਹਨ ''


PHOTO • Sayandeep Roy

2020 ਵਿੱਚ ਜਿਸ ਕਿਸੇ ਨੂੰ ਵੀ ਕੰਮ ਮਿਲ਼ਿਆ ਉਹ ਅਸਲ ਵਿੱਚ ਕਿਸੇ ਵਿਅਕਤੀ, ਕਲੱਬ ਜਾਂ ਪਰਿਵਾਰ ਨਾਲ਼ ਲੰਬੇ-ਸਮੇਂ ਤੋਂ ਜੁੜਿਆ ਹੋਇਆ ਹੁੰਦਾ ਹੈ। ਇੱਥੇ, ਰਾਮਨਗਰ ਰੋਡ ਨੰ. 1, ਕੇਸ਼ਬ ਰਿਸ਼ੀਦਾਸ, ਜੋ ਬਾਕੀ ਸਮੇਂ ਸਾਈਕਲ-ਰਿਕਸ਼ਾ ਚਾਲਕ ਹੁੰਦੇ ਹਨ, ਸਥਾਨਕ ਕਲੱਬ ਦੇ ਪੰਡਾਲ ਵਿੱਚ ਆਪਣੀ ਢਾਕ ਦੀ ਧੁਨ ' ਤੇ ਥਿਰਕਦੇ ਹਨ। ਉਹ ਇੱਕ ਕਲੱਬ ਮੈਂਬਰ ਨੂੰ ਜਾਣਦੇ ਹਨ ਅਤੇ ਬੱਸ ਇਸੇ ਵਾਕਫ਼ੀਅਤ ਕਾਰਨ ਉਨ੍ਹਾਂ ਨੂੰ ਪੇਸ਼ਕਾਰੀ ਲਈ ਸੱਦਿਆ


PHOTO • Sayandeep Roy

ਕੇਸ਼ਬ ਰਿਸ਼ੀਦਾਰ ਬਾਕੀ ਦਾ ਪੂਰਾ ਸਾਲ ਸਾਈਕਲ-ਰਿਕਸ਼ਾ ਚਲਾਉਂਦੇ ਹਨ ਅਤੇ ਦੁਰਗਾ ਪੂਜਾ ਦੌਰਾਨ ਜਾਂ ਕਿਸੇ ਹੋਰ ਮੌਕੇ, ਢੋਲ ਵਜਾਉਣ ਲਈ ਆਪਣੇ ਪੁੱਤਰ ਨੂੰ ਨਾਲ਼ ਲਿਜਾਂਦੇ ਹਨ, ਢੋਲ ਕਈ ਵਾਰੀ ਢਾਕ ਦੀਆਂ ਧੁਨਾਂ ਦਾ ਸ਼ਾਨਦਾਰ ਸੁਮੇਲ ਬਣਦਾ ਹੈ। ਬਾਕੀ ਸਮੇਂ ਉਹ ਆਪਣਾ ਸਾਈਕਲ-ਰਿਕਸ਼ਾ ਚਾਲਕ ਦਾ ਕੰਮ ਜਾਰੀ ਰੱਖਦੇ ਹਨ


PHOTO • Sayandeep Roy

ਅਖੌਰਾ ਰੋਡ ਵਿਖੇ ਪੂਜਾ ਦੇ ਅੰਤਮ ਦਿਨ ਦੇਵੀ ਦੁਰਗਾ ਦੀ ਮੂਰਤੀ ਤਾਰਨ ਵਾਸਤੇ ਲਿਜਾਈ ਜਾਂਦੀ ਹੋਈ- ਇਹ ਢਾਕ ਦੇ ਵਜਾਏ ਜਾਣ ਦਾ ਸਭ ਤੋਂ ਅਹਿਮ ਮੌਕਾ ਹੁੰਦਾ ਹੈ


PHOTO • Sayandeep Roy

ਪਰਿਮਲ ਰਿਸ਼ੀਦਾਸ ਕੇਰ ਚੌਮੁਹਾਨੀ ਇਲਾਕੇ ਵਿੱਚ ਕਾਲੀ ਮਾਤਾ ਦੇ ਮੰਦਰ (ਸਥਾਨਕ) ਵਿੱਚ ਪੂਜਾ ਤੋਂ ਬਾਅਦ ਅਸ਼ੀਰਵਾਦ ਵਜੋਂ ਜੋਤ ਦਾ ਨਿੱਘ ਲੈਂਦੇ ਹੋਏ। ' ਇਸ ਸਾਲ (2021) ਉਹ ਮੈਨੂੰ 11,000 ਰੁਪਏ ਦੇ ਰਹੇ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 500 ਰੁਪਏ ਵੱਧ ਹਨ, '' ਉਹ ਕਹਿੰਦੇ ਹਨ। '' ਮੇਰੀ ਉਮਰ ਦਾ 58ਵਾਂ ਵਰ੍ਹਾ ਚੱਲ ਰਿਹਾ ਹੈ, ਮੈਂ ਆਪਣੀ ਉਮਰ ਦੇ 18ਵੇਂ ਜਾਂ 19ਵੇਂ ਸਾਲ ਵਿੱਚ ਵਜਾਉਣਾ ਸ਼ੁਰੂ ਕੀਤਾ ਸੀ।


PHOTO • Sayandeep Roy

ਕਈ ਢਾਕੀ ਲਕਸ਼ਮੀ ਪੂਜਾ ਦੀ ਸ਼ਾਮੀਂ ਢਾਕ ਵਜਾਉਂਦੇ ਹੋਏ ਗਲੀਆਂ ਵਿੱਚ ਜਾਂਦੇ ਹਨ। ਜਦੋਂ ਲੋਕ ਉਨ੍ਹਾਂ ਦੇ ਢਾਕਾਂ ਦੀ ਅਵਾਜ਼ ਸੁਣਦੇ ਹਨ ਤਾਂ ਉਨ੍ਹਾਂ ਨੂੰ ਆਪੋ-ਆਪਣੇ ਘਰਾਂ ਵਿੱਚ ਢਾਕ ਵਜਾਉਣ ਲਈ ਢਾਕੀਆਂ ਬੁਲਾਉਂਦੇ ਹਨ। ਇਹ ਢਾਕੀਆਂ ਦੀ ਕਮਾਈ ਕਰਨ ਦਾ ਅੰਤਮ ਦਿਨ ਹੁੰਦਾ ਹੈ


PHOTO • Sayandeep Roy

ਢਾਕੀ ਇੱਕ ਘਰ ਤੋਂ ਦੂਜੇ ਘਰ ਜਾਂਦੇ ਹਨ, ਹਰ ਥਾਵੇਂ 5-10 ਮਿੰਟਾਂ ਲਈ ਢਾਕ ਵਜਾਉਂਦੇ ਹਨ ਅਤੇ ਬਦਲੇ ਵਿੱਚ ਹਰ ਥਾਵੇਂ 20 ਤੋਂ 50 ਰੁਪਏ ਪਾਉਂਦੇ ਹਨ


PHOTO • Sayandeep Roy

ਰਾਜੀਵ ਰਿਸ਼ੀਦਾਸ ਲਕਸ਼ਮੀ ਪੂਜਾ ਦੀ ਰਾਤ ਰਾਤੀਂ 9 ਵਜੇ ਘਰ ਵਾਪਸ ਮੁੜਦੇ ਹਨ। '' ਇਸ ਵਿੱਚ ਮੈਨੂੰ ਮਜ਼ਾ ਨਹੀਂ ਆਉਂਦਾ (ਘਰੋ-ਘਰੀ ਜਾ ਕੇ ਢਾਕ ਵਜਾਉਣ ਵਿੱਚ), '' ਉਹ ਕਹਿੰਦੇ ਹਨ, '' ਪਰ ਮੇਰੇ ਪਰਿਵਾਰ ਨੇ ਮੈਨੂੰ ਜਾਣ ਲਈ ਕਿਹਾ ਕਿਉਂਕਿ ਇੰਝ ਥੋੜ੍ਹੀ ਵਾਧੂ ਕਮਾਈ ਹੋਣ ਵਿੱਚ ਮਦਦ ਮਿਲ਼ੇਗੀ ''


PHOTO • Sayandeep Roy

ਜਦੋਂ ਪੂਜਾ ਦਾ ਮੌਸਮ ਖ਼ਤਮ ਹੁੰਦਾ ਹੈ ਤਾਂ ਬਹੁਤ ਸਾਰੇ ਢਾਕੀ ਆਪਣੇ ਨਿਯੰਤਰ ਚੱਲਦੇ ਕੰਮਾਂ ' ਤੇ ਵਾਪਸ ਮੁੜ ਜਾਂਦੇ ਹਨ। ਦੁਰਗਾ ਚੌਮੁਹਾਨੀ ਜੰਕਸ਼ਨ ਉਨ੍ਹਾਂ ਥਾਵਾਂ ਵਿੱਚੋਂ ਇੱਕ ਥਾਂ ਹੈ ਜਿੱਥੇ ਉਹ ਪੂਰਾ ਸਾਲ ਆਪਣੇ ਰਿਕਸ਼ੇ ਵਾਸਤੇ ਸਵਾਰੀਆਂ ਦੀ ਉਡੀਕ ਕਰਦੇ ਹਨ


ਤਰਜਮਾ: ਕਮਲਜੀਤ ਕੌਰ

Sayandeep Roy

Sayandeep Roy is a freelance photographer from Agartala, Tripura. He works on stories about culture, society and adventure.

Other stories by Sayandeep Roy
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur