ਕਾਗ਼ਜ਼ ਦਾ ਪਾਟਿਆ ਹੋਇਆ ਇੱਕ ਟੁਕੜਾ ਹਵਾ ਵਿੱਚ ਤੈਰਦਾ ਹੋਇਆ ਖੁਰਦੁਰੀ ਕੰਧ ਤੋਂ ਪਾਰ ਚਲਾ ਗਿਆ। ਇਹਦੀ ਪੀਲ਼ੀ ਪਈ ਸਤ੍ਹਾ ‘ਤੇ ਝਰੀਟੇ ‘ਗ਼ੈਰ-ਕਨੂੰਨੀ’ ਅਤੇ ‘ਕਬਜ਼ਾ ਕੀਤੇ’ ਸ਼ਬਦ ਬਾਮੁਸ਼ਕਲ ਹੀ ਪੜ੍ਹੇ ਜਾਂਦੇ ਹਨ... ‘ਬੇਦਖ਼ਲੀ’ ਦੀ ਚੇਤਾਵਨੀ ਦਰਸਾਉਂਦੇ ਹਰਫ਼ ਸ਼ਾਇਦ ਚਿੱਕੜ ਹੇਠ ਦਫ਼ਨ ਹੋ ਗਏ ਹਨ। ਕਿਸੇ ਦੇਸ਼ ਦੇ ਇਤਿਹਾਸ ਨੂੰ ਉਹਦੀ ਕੰਧਾਂ ਦੇ ਮਲ਼ਬੇ ਹੇਠ ਨਹੀਂ ਦਬਾਇਆ ਜਾ ਸਕਦਾ। ਇਹ ਤਾਂ ਤੈਰਦਾ ਰਹਿੰਦਾ ਹੈ ਹੱਦਬੰਧੀ ਦੀ ਮਲ਼ੂਕ ਲਕੀਰਾਂ ਦੇ ਆਰਪਾਰ- ਦਾਬੇ, ਜ਼ੁਰੱਅਤ ਅਤੇ ਇਨਕਲਾਬ ਦੇ ਚਿੰਨ੍ਹਾਂ ਵਿੱਚ ਸਾਹ ਭਰਦਾ ਤੈਰਦਾ ਰਹਿੰਦਾ ਹੈ।

ਉਹ ਗਲ਼ੀ ‘ਤੇ ਡਿੱਗੇ ਮਲ਼ਬੇ ਦੇ ਢੇਰ ਦੀਆਂ ਇੱਟਾਂ ਨੂੰ ਘੂਰ ਰਹੀ ਹੈ। ਇਹ ਮਲ਼ਬਾ ਜੋ ਕਦੇ ਉਹਦੀ ਦੁਕਾਨ ਹੋਇਆ ਕਰਦਾ ਸੀ, ਜੋ ਰਾਤ ਵੇਲ਼ੇ ਉਹਦਾ ਘਰ ਬਣ ਜਾਂਦਾ। ਕਰੀਬ  16 ਸਾਲਾਂ ਤੱਕ ਉਹਨੇ ਇੱਥੇ ਬਹਿ ਕੇ ਚਾਹ ਦੀਆਂ ਚੁਸਕੀਆਂ ਲਈਆਂ ਅਤੇ ਪੂਰਾ ਦਿਨ ਚੱਪਲਾਂ ਵੇਚੀਆਂ। ਗਲ਼ੀ ਵਿੱਚ ਖਿੰਡੇ ਏਸਬੇਸਟਸ ਛੱਤ ਦੇ ਟੁਕੜਿਆਂ, ਸੀਮੇਂਟ ਦੀਆਂ ਸਲੈਬਾਂ ਅਤੇ ਮੁੜੇ ਹੋਏ ਸਰੀਆਂ ਦੇ ਵਿਚਾਲਿਓਂ ਕਿਤੋਂ ਉਹਦਾ ਮਾਮੂਲੀ ਜਿਹਾ ਸਿੰਘਾਸਣ (ਗੱਦੀ) ਕਿਸੇ ਕਬਰ ਦੇ ਸਿੱਲ੍ਹ-ਪੱਥਰ ਵਾਂਗਰ ਬਿਟਰ-ਬਿਟਰ ਝਾਕਦਾ ਪਿਆ ਹੈ।

ਕਦੇ ਇੱਥੇ ਇੱਕ ਹੋਰ ਬੇਗ਼ਮ ਰਿਹਾ ਕਰਦੀ ਸੀ। ਨਾਮ ਸੀ ਬੇਗ਼ਮ ਹਜ਼ਰਤ ਮਹਲ, ਜੋ ਅਵਧ ਦੀ ਰਾਣੀ ਸੀ। ਉਹਨੇ ਬ੍ਰਿਟਿਸ਼ ਸ਼ਾਸਨ ਦੇ ਪੰਜੇ ਵਿੱਚੋਂ ਆਪਣਾ ਘਰ ਛੁਡਾਉਣ ਲਈ ਬੜੀ ਬਹਾਦੁਰੀ ਨਾਲ਼ ਲੜਾਈ ਲੜੀ ਅਤੇ ਅਖ਼ੀਰ ਉਹਨੂੰ ਪਨਾਹ ਵਾਸਤੇ ਨੇਪਾਲ ਜਾਣਾ ਪਿਆ। ਬਸਤੀਵਾਦ ਦਾ ਵਿਰੋਧ ਕਰਨ ਵਾਲ਼ੀ ਅਤੇ ਸਿਰ ਚੁੱਕਣ ਵਾਲ਼ੀ ਅਤੇ ਭਾਰਤ ਦੀ ਅਜ਼ਾਦੀ ਲਈ ਲੜਨ ਵਾਲ਼ੀ ਵਿਰਾਂਗਣ ਨੂੰ ਤਾਂ ਕਾਫ਼ੀ ਪਹਿਲਾਂ ਹੀ ਵਿਸਾਰ ਦਿੱਤਾ ਗਿਆ। ਉਹਦੀ ਵਿਰਾਸਤ ਮਿਟਾ ਦਿੱਤੀ ਗਈ ਅਤੇ ਸਰਹੱਦੋਂ ਪਾਰ ਨੇਪਾਲ ਦੇ ਕਾਠਮਾਂਡੂ ਵਿਖੇ ਇੱਕ ਠੰਡੇ ਪੱਥਰ ਵਜੋਂ ਵਿਰਾਨ ਪਈ ਰਹੀ।

ਅਜਿਹੀਆਂ ਅਣਗਿਣਤ ਕਬਰਾਂ, ਵਿਰੋਧ ਦੇ ਅਵਸ਼ੇਸ਼ ਭਾਰਤੀ ਮਹਾਂਦੀਪ ਦੀ ਧਰਤੀ ਦੀ ਹਿੱਕ ਹੇਠਾਂ ਡੂੰਘੇ ਦੱਬੇ ਹੋਏ ਹਨ। ਪਰ ਅਜਿਹਾ ਕੋਈ ਬੁਲਡੋਜ਼ਰ ਨਹੀਂ ਬਣਿਆ ਜੋ ਉਦਾਸੀਨਤਾ ਅਤੇ ਨਫ਼ਰਤ ਦੇ ਚਿੱਕੜ ਨੂੰ ਹਟਾ ਸਕੇ ਅਤੇ ਨਾ ਹੀ ਅਜਿਹੀ ਕੋਈ ਮਸ਼ੀਨ ਹੀ ਬਣੀ ਹੈ ਜੋ ਭੁੱਲੀਆਂ-ਵਿਸਰੀਆਂ ਪਰ ਕਦੇ ਵਿਰੋਧ ਵਿੱਚ ਭੀਚੀਆਂ ਮੁੱਠੀਆਂ ਨੂੰ ਪੁੱਟ ਬਾਹਰ ਕੱਢੇ। ਅਜਿਹਾ ਕੋਈ ਬੁਲਡੋਜ਼ਰ ਨਹੀਂ ਜੋ ਬਸਤੀਵਾਦੀ ਇਤਿਹਾਸ ਨੂੰ ਮਲ਼ੀਆਮੇਟ ਕਰ ਸਕੇ ਅਤੇ ਦੱਬਿਆਂ-ਕੁਚਲਿਆਂ ਦੀ ਅਵਾਜ਼ ਨੂੰ ਕੱਢ ਸਾਹਮਣੇ ਖੜ੍ਹਾ ਕਰੇ। ਇਸ ਬੇਇਨਸਾਫ਼ੀ ਦੇ ਰਾਹ ਖੜ੍ਹੇ ਲਤਾੜੇ ਗਿਆਂ ਦੇ ਹੱਕ ਵਿੱਚ ਕਦੇ ਕੋਈ ਬੁਲਡੋਜ਼ਰ ਨਹੀਂ ਖੜ੍ਹਦਾ। ਫ਼ਿਲਹਾਲ ਤੱਕ ਤਾਂ ਨਹੀਂ।

ਗੋਕੁਲ ਜੀ.ਕੇ. ਦੀ ਅਵਾਜ਼ ਵਿੱਚ ਕਵਿਤਾ ਸੁਣੋ

ਰਾਜੇ ਦਾ ਪਾਲਤੂ

ਮੇਰੇ ਗੁਆਂਢੀ ਦੇ ਵਿਹੜੇ ਵਿੱਚ
ਇੱਕ ਜਨੌਰ ਤੁਰਿਆ ਆਉਂਦਾ ਏ,
ਪੀਲ਼ੀ ਚਮੜੀ ਇਸ ਜਨੌਰ ਦੀ
ਨੱਚਦਾ ਟਹਿਕਦਾ ਖਿੜਖਿੜਾਉਂਦਾ।
ਪਿਛਲੀ ਦਾਅਵਤ ਦਾ ਖ਼ੂਨ ਤੇ ਬੋਟੀਆਂ
ਪੰਜਿਆਂ ਤੇ ਦੰਦਾਂ ਵਿੱਚੋਂ ਲਮਕਦੀਆਂ।
ਜਨੌਰ ਗਰਜ਼ਦਾ ਏ,
ਸਿਰ ਉਤਾਂਹ ਚੁੱਕਦਾ ਏ
ਤੇ ਮੇਰੇ ਗੁਆਂਢੀ ਦੀ ਹਿੱਕ ‘ਤੇ ਵਾਰ ਕਰਦਾ ਏ
ਇੱਕੋ ਮੁੱਕੇ ਪਸਲੀਆਂ ਦਾ ਚੂਰਾ ਬਣਾ
ਲਾਰਾ ਟਪਕਾ ਉਹਦੇ ਦਿਲ ਵੱਲ ਪਿਆ ਦੇਖੇ
ਰਾਜੇ ਦਾ ਪਸੰਦੀਦਾ ਪਾਲਤੂ,
ਆਪਣੀਆਂ ਖ਼ੂਨ ਜੰਮੀਆਂ ਨਹੂੰਦਰਾਂ
ਨਾਲ਼ ਪੁੱਟ ਕੇ ਦਿਲ ਬਾਹਰ ਕੱਢ ਲੈਂਦਾ ਹੈ।

ਹਾਏ! ਕਿੰਨਾ ਬੇਰਹਿਮ ਜਾਨਵਰ!
ਪਰ ਮੇਰੇ ਗੁਆਂਢੀ ਦੀ ਹਿੱਕ ਦੀਆਂ ਡੂੰਘਾਣਾਂ ਵਿੱਚ
ਹਨ੍ਹੇਰੀ ਥਾਵੇਂ ਇੱਕ ਨਵਾਂ ਦਿਲ ਉੱਗ ਆਉਂਦਾ ਹੈ
ਭੂਸਰਿਆ ਜਨੌਰ ਗਰਜ਼ਦਾ ਹੋਇਆ
ਇੱਕ ਹੋਰ ਦਿਲ ਚੀਰ ਘੱਤਦਾ ਹੈ
ਫਿਰ ਉੱਥੇ ਨਵੇਂ ਦਿਲ ਦੀ ਕਰੂੰਬਲ ਫੁੱਟ ਨਿਕਲ਼ੀ
ਹਰ ਵਲੂੰਧਰ ਸੁੱਟੇ ਦਿਲ ਦੀ ਥਾਂ ਨਵਾਂ ਦਿਲ।
ਇੱਕ ਨਵਾਂ ਦਿਲ, ਇੱਕ ਨਵਾਂ ਬੀਜ,
ਇੱਕ ਨਵਾਂ ਫੁੱਲ, ਨਵਾਂ ਜੀਵਨ,
ਇੱਕ ਮੁਕੰਮਲ ਦੁਨੀਆ।
ਮੇਰੇ ਗੁਆਂਢੀ ਦੇ ਵਿਹੜੇ
ਇੱਕ ਜਨੌਰ ਤੁਰਿਆ ਆਉਂਦਾ ਏ,
ਲਹੂ-ਲੁਹਾਨ ਦਿਲਾਂ ਦੇ ਢੇਰ ‘ਤੇ ਬੈਠਾ,
ਇੱਕ ਜਨੌਰ ਜਿਸ ਅੰਦਰ ਜਾਨ ਨਹੀਂ।

ਤਰਜਮਾ: ਕਮਲਜੀਤ ਕੌਰ

Poem and Text : Gokul G.K.

Gokul G.K. is a freelance journalist based in Thiruvananthapuram, Kerala.

Other stories by Gokul G.K.
Illustration : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur