PHOTO • Shalini Singh

ਮੇਰੀ ਗੋਆ ਫੇਰੀ ਦੌਰਾਨ ਜਦੋਂ ਇੱਕ ਮੂਲ਼ ਨਿਵਾਸੀ ਨੇ ਕਿਹਾ,''ਗੋਆ ਦੀ ਖ਼ੂਬਸੂਰਤੀ ਸਿਰਫ਼ ਮਨਮੋਹਣੇ ਸਮੁੰਦਰੀ ਤੱਟਾਂ ਜਾਂ ਕਸੀਨੋ (ਜੂਆਘਰਾਂ) ਤੱਕ ਹੀ ਸੀਮਤ ਨਹੀਂ।'' ਇਹ ਸੁਣ ਮੇਰੀ ਅੱਗੇ ਹੋਰ ਹੋਰ ਜਾਣਨ ਦੀ ਉਤਸੁਕਤਾ ਵੱਧ ਗਈ। ਉਹਨੇ ਮੁਸਕਰਾਉਂਦੇ ਹੋਏ ਕਿਹਾ,''ਜੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਬੱਸ ਫੜ੍ਹੋ ਤੇ ਨਿਕਲ਼ ਜਾਓ।''

ਬੱਸ ਫੇਰ ਕੀ ਸੀ ਇੱਕ ਹੁੰਮਸ ਭਰੇ ਐਤਵਾਰ ਦੇ ਦਿਨ ਮੈਂ ਸਮੁੰਦਰੀ ਤੱਟ ਤੋਂ ਅੰਦਰਲੇ ਪਾਸੇ ਵੱਲ ਇੱਕ ਤਾਲੁਕਾ ਵੱਲ ਨੂੰ ਚੱਲ ਪਈ ਜੋ ਮੰਦਰਾਂ ਤੇ ਮਸਾਲੇ ਦੇ ਬਾਗ਼ਾਂ ਲਈ ਮਸ਼ਹੂਰ ਹੈ। ਮੈਂ ਪੌਂਡਾ ਤੋਂ 2 ਕਿਲੋਮੀਟਰ ਦੂਰੀ 'ਤੇ ਸਥਿਤ ਕੁਰਤੀ ਦੇ ਸਹਿਕਾਰੀ ਮਸਾਲਾ ਫ਼ਾਰਮ ਵਿਖੇ ਜਾਣ ਦਾ ਫ਼ੈਸਲਾ ਕੀਤਾ। ਸੈਂਕੜੇ ਏਕੜ ਵਿੱਚ ਫ਼ੈਲੇ ਹੋਏ ਇਸ ਫ਼ਾਰਮ ਵਿੱਚ ਕਈ ਕਿਸਮਾਂ ਦੇ ਮਸਾਲੇ, ਫ਼ਲ ਤੇ ਕਈ ਵੰਨ-ਸੁਵੰਨੀਆਂ ਜੜ੍ਹੀ ਬੂਟੀਆਂ ਉਗਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਦੇ ਫਾਰਮ ਮਿਸ਼ਰਤ ਖੇਤੀ ਜਾਂ ਕੁਲਾਗੋਰ ਦੀ ਉਪਜ ਹਨ ਜਿਨ੍ਹਾਂ ਨੂੰ ਸਾਲ 2000 ਤੋਂ 'ਈਕੋ-ਟੂਰਿਜ਼ਮ' ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।

ਮਸਾਲੇ ਦੇ ਬਾਦਸ਼ਾਹ

ਜੈਸਮੀਨ ਤੇ ਗੇਂਦੇ ਦੇ ਫੁੱਲਾਂ ਦੀ ਬਣੀ ਹੋਈ ਰਿਵਾਇਤੀ ਮਾਲ਼ਾ ਪਹਿਨਾਉਂਦੇ ਹੋਏ ਮੇਰਾ ਗਾਈਡ, ਸਿਰਿਲ, ਕਾਜੂ ਤੇ ਨਾਰੀਅਲ ਪਾਣੀ ਨਾਲ਼ ਮੇਰਾ ਸੁਆਗਤ ਕਰਦਾ ਹੈ। ਨਾਲ਼ ਹੀ ਇਹ ਤਾਕੀਦ ਵੀ ਕਰਦਾ ਹੈ ਕਿ ਮੈਂ ਦੁਪਹਿਰ ਦੇ ਖਾਣੇ ਲਈ ਪੇਟ ਵਿੱਚ ਜਗ੍ਹਾ ਰੱਖਾਂ। ਨਾਲ਼ ਹੀ ਬਣੀ ਝੌਂਪੜੀ ਵਿੱਚ ਕੁਝ ਵਿਦੇਸ਼ੀ ਸੈਲਾਨੀਆਂ ਦਾ ਜੱਥਾ ਪਹਿਲਾਂ ਹੀ ਆ ਚੁੱਕਿਆ ਹੈ। ਖਾਣੇ ਦੇ ਨਾਲ਼ ਵਾਲ਼ੇ ਟੇਬਲ 'ਤੇ ਸਬੱਬੀਂ ਮੇਰੀ ਮੁਲਾਕਾਤ ਗੋਆ ਦੇ ਐਂਟੀ ਨਾਰਕੋਟਿਕ ਸੈੱਲ ਦੇ ਐੱਸ.ਪੀ. ਨਾਲ਼ ਹੋਈ, ਜਿਨ੍ਹਾਂ ਨੂੰ ਮੈਂ ਇੱਕ ਦਿਨ ਪਹਿਲਾਂ ਹੀ ਇੱਕ ਪ੍ਰੈੱਸ ਕਾਨਫ਼ਰੈਂਸ ਵਿੱਚ ਮਿਲ਼ੀ ਸਾਂ।

ਰੁੱਖਾਂ ਦੀ ਠੰਡੀ ਛਾਵੇਂ ਲੱਕੜ ਦੇ ਬੈਂਚਾਂ ਤੇ ਬੈਠਿਆਂ ਰਿਵਾਇਤੀ ਦਾਅਵਤ ਦਾ ਲੁਤਫ਼ ਉਠਾਉਂਦਿਆਂ ਘੰਟਾ ਕਦ ਬੀਤ ਗਿਆ ਪਤਾ ਹੀ ਨਹੀਂ ਚੱਲਿਆ। ਸੁਪਾਰੀ ਦੇ ਪੱਤਿਆਂ ਦੀ ਪੱਤਲ, ਬਾਂਸ ਤੋਂ ਬਣੇ ਚਮਚੇ ਅਤੇ ਮਿੱਟੀ ਦੇ ਭਾਂਡੇ ਇਸ ਅਨੁਭਵ ਨੂੰ ਹੋਰ ਯਾਦਗਾਰੀ ਬਣਾ ਰਹੇ ਸਨ। ਖਾਣਾ ਤਿਆਰ ਕਰਨ ਲਈ ਸਾਰੇ ਮਸਾਲੇ ਜਿਵੇਂ ਕਿ ਹਲਦੀ, ਧਨੀਆ, ਦਾਲਚੀਨੀ, ਅਤੇ ਮਿਰਚਾਂ ਫਾਰਮ ਤੋਂ ਸਿੱਧਿਆਂ ਚੁਗੇ ਗਏ ਹਨ ਜੋ ਕਿ ਗੋਆ ਦੀ ਰਿਵਾਇਤੀ ਖੁਰਾਕ ਦਾ ਅਨਿੱਖੜਵਾਂ ਅੰਗ ਹਨ। ਝੀਂਗਾ ਕੜੀ, ਰਵਾ ਕਿੰਗਫ਼ਿਸ਼ ਅਤੇ ਹੋਰ ਪੁਰਤਗਾਲੀ ਪਕਵਾਨ ਇੱਥੇ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਹਿੰਦੂ ਰਿਵਾਇਤਾਂ ਨਾਲ ਮੇਲ ਰੱਖਣ ਲਈ ਬਿਨਾਂ ਸਿਰਕੇ ਦੇ ਬਣਾਇਆ ਜਾਂਦਾ ਹੈ। ਸੁੱਕੀ ਸ਼ੈਲਫਿਸ਼ ਅਤੇ ਫ਼ਰਾਈਡ ਚੋਨਾਕ ਖਾਣ ਦਾ ਵੀ ਮੌਕਾ ਮਿਲ਼ਿਆ ਜੋ ਕਿ ਹੁਣ ਮੇਰੀਆਂ ਪਸੰਦੀਦਾ ਬਣ ਚੁੱਕੀਆਂ ਹਨ। ਇਹ ਪਕਵਾਨ ਪੰਜਿਮ ਵਿੱਚ ਹੋਰ ਵੀ ਥਾਵਾਂ ਤੇ ਖਾਣ ਨੂੰ ਮਿਲੇ ਸਨ ਪਰ ਇੱਥੇ ਮੱਛੀਆਂ ਦਾ ਸਾਈਜ਼ ਕਾਫ਼ੀ ਵੱਡਾ ਸੀ। ਇਸ ਮਜ਼ੇਦਾਰ ਦਾਅਵਤ ਦਾ ਅੰਤ ਸਵਾਦਿਸ਼ਟ ਕੋਕਮ ਸ਼ਰਬਤ, ਵਨੀਲਾ ਸ਼ਰਬਤ ਅਤੇ ਤਾਜ਼ੇ ਫ਼ਲਾਂ ਨਾਲ ਕੀਤਾ।

ਕਮਾਲ ਦੀ ਗੱਲ ਤਾਂ ਇਹ ਸੀ ਕਿ ਐਨਾ ਕੁਝ ਖਾਣ ਤੋਂ ਬਾਅਦ ਵੀ ਨੇਸਤੀ ਜਾਂ ਸੁਸਤੀ ਦਾ ਅਹਿਸਾਸ ਨਹੀਂ ਹੁੰਦਾ। ਇਸ ਤੋਂ ਬਾਅਦ ਸਾਡੀ ਦੋ ਘੰਟੇ ਲੰਬੀ ਫਾਰਮ ਦੀ ਫੇਰੀ ਸੀ, ਜਿਸ ਦੀ ਸ਼ੁਰੂਆਤ ਸਿਰਿਲ ਨੇ ਮੈਨੂੰ ਫੇਨੀ (ਗੋਆ ਦੀ ਮਸ਼ਹੂਰ ਕਾਜੂਆਂ ਦੀ ਸ਼ਰਾਬ) ਦੇ ਜਾਮ ਫੜਾਉਂਦਿਆਂ ਕੀਤੀ।

ਆਪਣੇ ਅਰਾਮਦਾਇਕ ਇਸ ਟੂਰ ਦੌਰਾਨ ਫਾਰਮ ਵਿੱਚ ਟਹਿਲਦੇ ਹੋਏ ਜਿਵੇਂ ਹੀ ਅਸੀਂ ਅੱਗੇ ਵੱਧਦੇ ਹੋਏ ਪੱਤਿਆਂ ਨਾਲ਼ ਕੱਜੇ ਪੁੱਲ ਨੂੰ ਪਾਰ ਕਰਨ ਲੱਗਦੇ ਹਾਂ ਤਾਂ ਸਿਰਿਲ ਕੁਝ ਪੱਤਿਆਂ ਦਾ ਗੁੱਛਾ ਮੇਰੇ ਅੱਗੇ ਕਰਦਾ ਹੈ। ''ਮੈਂ ਬੁੱਝ ਨਹੀਂ ਪਾਉਂਦੀ।'' ਪੀਲ਼ੀ ਹਲ਼ਦੀਨੁਮਾ ਗੰਢ ਦਿਖਾਉਣ ਲਈ ਟਹਿਣੀ ਤੋੜਨ ਤੋਂ ਪਹਿਲਾਂ ਉਹ ਕਹਿੰਦਾ ਹੈ,''ਤੇਜ ਪੱਤਾ।'' ਇਸ ਤੋਂ ਬਾਅਦ ਅਸੀਂ ਕਾਫੀ ਦੇਰ ਤੱਕ ਮਿਰਚਾਂ, ਦਾਲਚੀਨੀ, ਇਲਾਇਚੀ, ਲੌਂਗ ਆਦਿ ਦੇ ਬਗੀਚਿਆਂ ਵਿੱਚ ਘੁੰਮਦੇ ਰਹੇ ਅਤੇ ਅਨਾਨਾਸ ਦੇ ਛੋਟੇ ਪੌਦਿਆਂ ਤੋਂ ਲੈ ਕੇ ਕਟਹਲ ਤੇ ਉੱਚੇ ਲੰਬੇ ਦਰੱਖਤਾਂ ਤੱਕ ਸਭ ਦੀ ਖੂਬਸੂਰਤੀ ਦਾ ਆਨੰਦ ਮਾਣਿਆ। ਸਭ ਪੌਦਿਆਂ ਦੇ ਨਾਮ ਦੱਸਦਾ ਹੋਇਆ ਸਿਰਿਲ ਇਨ੍ਹਾਂ ਮਸਾਲਿਆਂ ਦੇ ਚਿਕਿਤਸਕ ਗੁਣ ਵੀ ਦੱਸਦਾ ਰਿਹਾ। ਇੰਜ ਜਾਪਦਾ ਸੀ ਜਿਵੇਂ ਕਿ ਇੱਕ ਆਮ ਜਿਹਾ ਲੱਗਣ ਵਾਲਾ ਮਸਾਲਿਆਂ ਦਾ ਡੱਬਾ ਜੀਵੰਤ ਹੋ ਗਿਆ ਹੋਵੇ। ਇਹ ਫਾਰਮ 75 ਲੋਕਾਂ ਨੂੰ ਰੁਜ਼ਗਾਰ ਮਹੱਈਆ ਕਰਵਾਉਣ ਦੇ ਨਾਲ ਨਾਲ ਭਾਰਤ ਦੇ ਕੁਝ ਚੁਣੀਂਦਾ ਫਾਰਮਾਂ ਵਿੱਚੋਂ ਇੱਕ ਹੈ ਜਿੱਥੇ ਵਨੀਲਾ ਦੀ ਖੇਤੀ ਕੀਤੀ ਜਾਂਦੀ ਹੈ।

ਇਸ ਟੂਰ ਦੀ ਸਭ ਤੋਂ ਵਧੀਆ ਗੱਲ ਇਹ ਸੀ ਕਿ ਇਹ ਇੱਕ ਲੈਕਚਰ ਵਾਂਗ ਉਕਤਾਉਂਦਾ ਨਹੀਂ। ਤਾਂ ਵੀ ਮੈਂ ਸਿਰਿਲ ਨੂੰ ਪੁੱਛ ਹੀ ਲਿਆ, “ਕੀ ਹਰ ਰੋਜ਼ ਉਹੀ ਗੱਲਾਂ ਦੁਹਰਾਉਣੀਆਂ ਨੀਰਸ ਨਹੀਂ ਲੱਗਦੀਆਂ?” ਇਸ 'ਤੇ ਉਹ ਹੱਸਦਿਆਂ ਜਵਾਬ ਦਿੰਦਾ ਹੈ ਕਿ “ਮੈਂ ਪਿਛਲੇ ਦਸ ਸਾਲਾਂ ਤੋਂ ਇਹ ਕੰਮ ਕਰ ਰਿਹਾ ਹਾਂ ਅਤੇ ਹਰ ਰੋਜ਼ ਨਵੇਂ ਲੋਕਾਂ ਨੂੰ ਮਿਲਣਾ ਮੇਰੇ ਲਈ ਇੱਕ ਤਾਜ਼ਗੀ ਭਰਿਆ ਅਨੁਭਵ ਹੁੰਦਾ ਹੈ। ਜੋ ਸੈਲਾਨੀ ਇੱਥੇ ਆਉਂਦੇ ਹਨ ਅਸੀਂ ਵੀ ਉਨ੍ਹਾਂ ਤੋਂ ਬਹੁਤ ਕੁਝ ਸਿੱਖਦੇ ਹਾਂ। ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਮਸਾਲਿਆਂ ਦੇ ਨਾਮ ਵੀ ਕਈ ਵਾਰ ਭਾਰਤੀ ਲੋਕਾਂ ਨੂੰ ਪਤਾ ਨਹੀਂ ਹੁੰਦੇ ਜਦ ਕਿ ਵਿਦੇਸ਼ੀਆਂ ਦੀ ਜਾਣਕਾਰੀ ਦਾ ਘੇਰਾ ਇਸ ਮਾਮਲੇ ਵਿੱਚ ਕਾਫ਼ੀ ਵਿਸ਼ਾਲ ਹੈ।” ਆਪਣੇ ਆਲੇ ਦੁਆਲੇ ਲੱਗੇ ਖੂਬਸੂਰਤ ਕਾਜੂ, ਸੁਪਾਰੀ ਅਤੇ ਨਾਰੀਅਲ ਦੇ ਦਰੱਖਤਾਂ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਇਹ ਕਾਫ਼ੀ ਅਫ਼ਸੋਸ ਵਾਲੀ ਗੱਲ ਹੈ।

ਪਸ਼ੂ ਪ੍ਰੇਮੀਆਂ ਲਈ ਵੀ ਇਹ ਥਾਂ ਇੱਕ ਆਕਰਸ਼ਣ ਦਾ ਕੇਂਦਰ ਹੈ। ਇੱਥੇ ਪੰਛੀ ਪ੍ਰੇਮੀਆਂ ਲਈ ਵੀ ਅਜਿਹੀਆਂ ਥਾਵਾਂ ਹਨ ਜਿੱਥੇ ਉਹ 80 ਵੱਖ ਵੱਖ ਕਿਸਮਾਂ ਦੇ ਪੰਛੀਆਂ ਦੀ ਖੂਬਸੂਰਤੀ ਦਾ ਆਨੰਦ ਮਾਣ ਸਕਦੇ ਹਨ। ਇੱਥੇ ਹਾਥੀ ਵੀ ਹਨ ਜਿਨ੍ਹਾਂ ਨੂੰ ਸੈਲਾਨੀ ਚਾਰਾ ਪਾ ਸਕਦੇ ਹਨ ਅਤੇ ਤਲਾਅ ਵਿੱਚ ਇਨ੍ਹਾਂ ਨਾਲ ਮੌਜ ਮਸਤੀ ਕਰ ਸਕਦੇ ਹਨ। ਮੈਂ ਵੀ ਥੋੜੇ ਸਮੇਂ ਲਈ ਹਾਥੀ ਦੀ ਸਵਾਰੀ ਦਾ ਆਨੰਦ ਲਿਆ। ਇਸ ਤੋਂ ਬਾਅਦ ਅਸੀਂ ਫੇਨੀ ਬਨਾਉਣ ਵਾਲੇ ਯੂਨਿਟ ਦਾ ਵੀ ਦੌਰਾ ਕੀਤਾ। ਫੇਨੀ ਬਨਾਉਣ ਲਈ ਕਾਜੂ ਦੇ ਫ਼ਲਾਂ ਦਾ ਰਸ ਕੱਢ ਕੇ ਇੱਕ ਹਫ਼ਤੇ ਲਈ ਖਮੀਰ ਕੇ ਫਿਰ ਸ਼ਰਾਬ ਬਣਾਈ ਜਾਂਦੀ ਹੈ। ਪਹਿਲੀ ਵਾਰ ਦੇ ਅਰਕ ਨੂੰ ਉਰਕ ਕਹਿੰਦੇ ਹਨ ਜੋ ਹਲਕੇ ਨਸ਼ੇ ਵਾਲੀ ਸ਼ਰਾਬ ਹੁੰਦੀ ਹੈ ਅਤੇ ਦੂਜੀ ਵਾਰ ਦੇ ਅਰਕ ਤੋਂ ਇੱਥੋਂ ਦੀ ਮਸ਼ਹੂਰ ਫੇਨੀ ਬਣਦੀ ਹੈ। ਹਰ ਦਸ ਦਿਨਾਂ ਵਿੱਚ ਇੱਥੇ ਤਕਰੀਬਨ 30 ਲੀਟਰ ਫੇਨੀ ਦਾ ਉਤਪਾਦਨ ਹੁੰਦਾ ਹੈ। ਫਾਰਮ ਤੇ ਘੁੰਮਦੇ ਹੋਏ ਸਾਨੂੰ ਡੇੜ ਘੰਟਾ ਹੋ ਚੁੱਕਾ ਸੀ ਤਾਂ ਅਚਾਨਕ ਹੀ ਉੱਥੇ ਇੱਕ ਔਰਤ ਨੇ ਮੇਰੇ ਉੱਤੇ ਠੰਡਾ ਪਾਣੀ (ਬੀਮਾਰੀ ਤੋਂ ਨਿਜ਼ਾਤ ਪਾਉਣ ਵਾਲ਼ਾ) ਪਾ ਦਿੱਤਾ। ਮੇਰੀ ਇਕਦਮ ਚੀਕ ਨਿਕਲ ਜਾਂਦੀ ਹੈ ਤਾਂ ਉਹ ਹੱਸਦਿਆਂ ਕਹਿੰਦੀ ਹੈ ਕਿ ਫ਼ਿਕਰ ਨਾ ਕਰੋ ਜਲਦੀ ਹੀ ਸੁੱਕ ਜਾਏਗਾ।

ਫਾਰਮ ਦਾ ਦੌਰਾ ਕਰ ਕੇ ਜਦ ਅਸੀਂ ਵਾਪਿਸ ਆਏ ਤਾਂ ਮੈਂ ਕਾਫੀ ਥੱਕ ਚੁੱਕੀ ਸੀ। ਸਿਰਿਲ ਨੇ ਮੈਨੂੰ ਗਰਮਾ ਗਰਮ ਲੈਮਨਗਰਾਸ ਚਾਹ ਦਾ ਕੱਪ ਦਿੱਤਾ ਜਿਸ ਦਾ ਮੈਂ ਠੰਡੀ ਛਾਂ ਵਿੱਚ ਬੈਠ ਕੇ ਲੁਤਫ਼ ਉਠਾਇਆ। ਵਾਪਸੀ ਸਮੇਂ ਮੇਰੇ ਹੱਥ ਵਿੱਚ ਫਾਰਮ ਵਿੱਚ ਉਗਾਈਆਂ ਜਾਂਦੀਆਂ ਕੁਝ ਚੀਜਾਂ ਦਾ ਥੈਲਾ ਸੀ, ਜਿਸ ਦੇ ਨਾਲ ਇੱਕ ਕਿਤਾਬਚਾ ਵੀ ਸੀ। ਇਸ ਤੇ ਡਿਪਰੈਸ਼ਨ, ਸ਼ੂਗਰ, ਵਜ਼ਨ ਘਟਾਉਣ, ਮਰਦਾਂ ਅਤੇ ਔਰਤਾਂ ਦੀਆਂ ਵੱਖ ਵੱਖ ਅਲਾਮਤਾਂ ਲਈ ਨੁਸਖੇ ਲਿਖੇ ਹੋਏ ਸਨ। ਅਤੇ ਨਾਲ ਹੀ ਲਿਖਿਆ ਸੀ ਕਿ ਇਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਨਾ ਹੀ ਕੋਈ ਲਤ ਹੀ ਲੱਗਦੀ ਹੈ।

ਬੱਸ ਵਿੱਚ ਬੈਠੀ ਵਨੀਲਾ ਸਟਿੱਕਰ ਦੀ ਖ਼ੁਸ਼ਬੂ ਸੁੰਘਦਿਆਂ ਮੈਂ ਸੋਚ ਰਹੀ ਸਾਂ ਕਿ ਇਸ 'ਮਸਾਲਿਆਂ ' ਦੇ ਬਾਗ਼ ਵਿਖੇ ਆਉਣਾ ਕਿੰਨਾ ਨਿਵੇਕਲਾ ਤੇ ਸ਼ਾਨਦਾਰ ਅਨੁਭਵ ਸੀ।

ਰੋਚਕ ਤੱਥ:

  • ਜਾਣ ਦਾ ਰਾਸਤਾ: ਪੰਜਿਮ ਤੋਂ ਪੌਂਡਾ ਤੱਕ 30 ਕਿਲੋਮੀਟਰ ਦਾ ਸਫ਼ਰ ਹੈ ਜਿਸ ਲਈ ਬੱਸ ਲੈ ਕੇ ਪੌਂਡਾ ਬੱਸ ਅੱਡੇ ਤੱਕ ਪਹੁੰਚਿਆ ਜਾ ਸਕਦਾ ਹੈ। ਇੱਥੋਂ ਕੁਰਤੀ ਦੇ ਮਸਾਲਾ ਫਾਰਮ ਲਈ ਟੈਕਸੀ ਜਾਂ ਆਟੋਰਿਕਸ਼ਾ ਮਿਲ ਜਾਂਦਾ ਹੈ।  ਜਾਂ ਫਿਰ ਸਿੱਧਾ ਪੰਜਿਮ ਤੋਂ ਟੈਕਸੀ ਲੈ ਕੇ ਫਾਰਮ ਤੇ ਜਾਇਆ ਜਾ ਸਕਦਾ ਹੈ।

  • ਖਰਚਾ: ਤਕਰੀਬਨ 400 ਰੁਪਏ ਵਿੱਚ ਫਾਰਮ ਦਾ ਟੂਰ ਅਤੇ ਖਾਣਾ ਪੀਣਾ ਸ਼ਾਮਿਲ ਹੈ।

  • ਸਮਾਂ: ਫਾਰਮ ਸਾਰਾ ਸਾਲ ਸਵੇਰ 11 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਖੁੱਲਾ ਰਹਿੰਦਾ ਹੈ।

  • ਇਲਾਕੇ ਵਿੱਚ ਹੋਰ ਫਾਰਮ: ਸਾਵੋਈ ਬਾਗ, ਅਬਿਸ ਮਸਾਲਾ ਫਾਰਮ, ਟਰੌਪੀਕਲ ਮਸਾਲ ਬਾਗ

ਇਹ ਲੇਖ ਸੀਐੱਸਈ ਫੈਲੋਸ਼ਿਪ ਤਹਿਤ ਤਿਆਰ ਕੀਤਾ ਗਿਆ ਸੀ ਅਤੇ ਇਹਦਾ ਸੰਪਾਦਤ ਐਡੀਸ਼ਨ 2010 ਦੇ ਹਿੰਦੁਸਤਾਨ ਟਾਈਮਜ਼ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ।

ਤਰਜ਼ਮਾ: ਡਾ. ਨਵਨੀਤ ਕੌਰ ਧਾਲੀਵਾਲ

Shalini Singh

Shalini Singh is a founding trustee of the CounterMedia Trust that publishes PARI. A journalist based in Delhi, she writes on environment, gender and culture, and was a Nieman fellow for journalism at Harvard University, 2017-2018.

Other stories by Shalini Singh
Translator : Navneet Kaur Dhaliwal

Navneet Kaur Dhaliwal is an agriculture scientist based in Punjab. She believes in the creation of a humane society, conservation of natural resources and preserving heritage and traditional knowledge.

Other stories by Navneet Kaur Dhaliwal