“ਜਿੰਨੇ ਵਾਰ ਵੀ ਭੱਠੀ ਬਲਦੀ ਹੈ, ਮੈਂ ਆਪਣੇ ਆਪ ਨੂੰ ਜ਼ਖ਼ਮੀ ਕਰ ਲੈਂਦੀ ਹਾਂ।”
ਸਲਮਾ ਲੁਹਾਰ ਦੇ ਹੱਥਾਂ ਦੀਆਂ ਉਂਗਲਾਂ ਦੇ ਜੋੜਾਂ ’ਤੇ ਦਾਗ਼ ਪਏ ਹੋਏ ਨੇ ਅਤੇ ਖੱਬੇ ਹੱਥ ਦੀਆਂ ਦੋ ਉਂਗਲਾਂ ’ਤੇ ਜ਼ਖ਼ਮ ਹੋਏ ਹਨ। ਉਹ ਭੱਠੀ ਵਿੱਚੋਂ ਮੁੱਠੀ ਭਰ ਸਵਾਹ ਲੈ ਕੇ ਮਲਦੀ ਹੈ ਤਾਂ ਕਿ ਜ਼ਖ਼ਮਾਂ ਨੂੰ ਛੇਤੀ ਆਰਾਮ ਆਵੇ।
41 ਸਾਲਾ ਸਲਮਾ ਦਾ ਪਰਿਵਾਰ ਉਹਨਾਂ ਛੇ ਲੁਹਾਰ ਪਰਿਵਾਰਾਂ ਵਿੱਚੋਂ ਇੱਕ ਹੈ ਜੋ ਸੋਨੀਪਤ ਦੇ ਬਹਲਗੜ੍ਹ ਬਜਾਰ ਵਿੱਚ ਪਈਆਂ ਝੁੱਗੀਆਂ ਵਿੱਚ ਰਹਿੰਦੇ ਹਨ। ਇੱਕ ਪਾਸੇ ਬਜ਼ਾਰ ਦੀ ਚਲਦੀ ਸੜਕ ਹੈ ਤੇ ਦੂਜੇ ਪਾਸੇ ਨਗਰ ਨਿਗਮ ਦਾ ਲਾਇਆ ਕੂੜੇ ਦਾ ਢੇਰ। ਨੇੜੇ ਹੀ ਸਰਕਾਰੀ ਪਖਾਨੇ ਤੇ ਪਾਣੀ ਦੇ ਟੈਂਕਰ ਹਨ ਅਤੇ ਸਲਮਾ ਦਾ ਪਰਿਵਾਰ ਇਹਨਾਂ ਸੁਵਿਧਾਵਾਂ ’ਤੇ ਹੀ ਨਿਰਭਰ ਹੈ।
ਝੁੱਗੀਆਂ ਵਿੱਚ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਅਤੇ ਜੇ 4 ਤੋਂ 6 ਘੰਟੇ ਮੀਂਹ ਪੈਂਦਾ ਰਹੇ ਤਾਂ ਸਾਰੀ ਬਸਤੀ ਡੁੱਬ ਜਾਂਦੀ ਹੈ – ਜਿਵੇਂ ਕਿ ਪਿਛਲੇ ਅਕਤੂਬਰ (2023) ਵਿੱਚ ਹੋਇਆ। ਅਜਿਹੇ ਸਮਿਆਂ ਵਿੱਚ ਉਹਨਾਂ ਨੂੰ ਮੰਜਿਆਂ ’ਤੇ ਚੌਕੜੀ ਮਾਰ ਬਹਿ ਕੇ ਪਾਣੀ ਉੱਤਰਨ ਦੀ ਉਡੀਕ ਕਰਨੀ ਪੈਂਦੀ ਹੈ – ਜਿਸ ਵਿੱਚ 2-3 ਦਿਨ ਲੱਗ ਜਾਂਦੇ ਹਨ। “ਉਹਨਾਂ ਦਿਨਾਂ ਵਿੱਚ ਬੜੀ ਮੁਸ਼ਕ ਆਉਂਦੀ ਹੈ,” ਸਲਮਾ ਦੇ ਬੇਟੇ ਦਿਲਸ਼ਾਦ ਨੇ ਦੱਸਿਆ।
“ਪਰ ਅਸੀਂ ਹੋਰ ਕਿੱਥੇ ਜਾ ਸਕਦੇ ਹਾਂ?” ਸਲਮਾ ਨੇ ਪੁੱਛਿਆ। “ਮੈਨੂੰ ਪਤਾ ਹੈ ਕਿ ਇੱਥੇ ਗੰਦ ਦੇ ਨੇੜੇ ਰਹਿਣ ਨਾਲ ਅਸੀਂ ਬਿਮਾਰ ਹੁੰਦੇ ਹਾਂ। ਜੋ ਮੱਖੀਆਂ ਗੰਦ ਉੱਤੇ ਬਹਿੰਦੀਆਂ ਹਨ, ਉਹੀ ਆ ਕੇ ਸਾਡੇ ਭੋਜਨ ’ਤੇ ਬਹਿੰਦੀਆਂ ਹਨ। ਪਰ ਅਸੀਂ ਹੋਰ ਕਿੱਥੇ ਜਾਵਾਂਗੇ?”
ਰਾਜਸਥਾਨ ਵਿੱਚ ਗੱਡੀ ਲੁਹਾਰਾਂ ਨੂੰ ਖਾਨਾਬਦੋਸ਼ ਕਬੀਲੇ (NT) ਅਤੇ ਪਿਛੜੀ ਜਮਾਤ ਦੇ ਤੌਰ ’ਤੇ ਸੂਚੀਬੱਧ ਕੀਤਾ ਗਿਆ ਹੈ। ਇਸ ਭਾਈਚਾਰੇ ਨਾਲ ਜੁੜੇ ਲੋਕ ਦਿੱਲੀ ਅਤੇ ਹਰਿਆਣਾ ਵਿੱਚ ਵੀ ਰਹਿੰਦੇ ਹਨ ਪਰ ਦਿੱਲੀ ਵਿੱਚ ਇਹਨਾਂ ਨੂੰ ਖਾਨਾਬਦੋਸ਼ ਕਬੀਲੇ ਦੇ ਤੌਰ ’ਤੇ ਸੂਚੀਬੱਧ ਕੀਤਾ ਗਿਆ ਹੈ ਅਤੇ ਹਰਿਆਣਾ ਵਿੱਚ ਪਿਛੜੀ ਜਮਾਤ ਦੇ ਤੌਰ ’ਤੇ।
ਜਿਸ ਬਜ਼ਾਰ ਕੋਲ ਉਹ ਰਹਿੰਦੇ ਹਨ, ਉਹ ਸੂਬੇ ਦੇ ਹਾਈਵੇਅ ਨੰਬਰ 11 ਦੇ ਬਿਲਕੁਲ ਨਾਲ ਹੈ ਅਤੇ ਉੱਥੇ ਵੱਡੀ ਗਿਣਤੀ ਵਿੱਚ ਤਾਜ਼ਾ ਸਬਜ਼ੀਆਂ, ਮਠਿਆਈਆਂ, ਮਸਾਲੇ, ਬਿਜਲਈ ਉਪਕਰਨ ਅਤੇ ਹੋਰ ਬੜਾ ਕੁਝ ਵੇਚਣ ਲਈ ਵਿਕਰੇਤਾ ਆਉਂਦੇ ਹਨ। ਕਾਫ਼ੀ ਸਾਰੇ ਲੋਕ ਸਟਾਲਾਂ ਲਾਉਂਦੇ ਹਨ ਅਤੇ ਬਜ਼ਾਰ ਬੰਦ ਹੋਣ ਵੇਲੇ ਚਲੇ ਜਾਂਦੇ ਹਨ।
ਪਰ ਸਲਮਾ ਵਰਗੇ ਲੋਕਾਂ ਲਈ ਬਜ਼ਾਰ ਹੀ ਘਰ ਹੈ ਅਤੇ ਬਜ਼ਾਰ ਹੀ ਕੰਮ ਵਾਲੀ ਜਗ੍ਹਾ ਹੈ।
“ਮੇਰਾ ਦਿਨ ਸਵੇਰੇ 6 ਵਜੇ ਸ਼ੁਰੂ ਹੋ ਜਾਂਦਾ ਹੈ। ਸੂਰਜ ਚੜ੍ਹਦਿਆਂ ਹੀ ਮੈਂ ਭੱਠੀ ਬਾਲਣੀ ਹੁੰਦੀ ਹੈ, ਆਪਣੇ ਪਰਿਵਾਰ ਲਈ ਖਾਣਾ ਬਣਾ ਕੇ ਫੇਰ ਕੰਮ ਸ਼ੁਰੂ ਕਰਨਾ ਹੁੰਦਾ ਹੈ,” 41 ਸਾਲਾ ਸਲਮਾ ਨੇ ਕਿਹਾ। ਆਪਣੇ ਪਤੀ ਵਿਜੇ ਨਾਲ ਉਹ ਦਿਨ ਵਿੱਚ ਦੋ ਵਾਰ ਲੰਮੇ ਵਕਫ਼ਿਆਂ ਲਈ ਭੱਠੀ ਤੇ ਲੋਹੇ ਦੇ ਪੱਤਰਿਆਂ ਨੂੰ ਪਿਘਲਾ ਕੇ ਅਤੇ ਹਥੌੜੇ ਨਾਲ ਕੁੱਟ ਕੇ ਬਰਤਨ ਬਣਾਉਣ ਦਾ ਕੰਮ ਕਰਦੀ ਹੈ। ਇੱਕ ਦਿਨ ਵਿੱਚ ਉਹ ਚਾਰ ਜਾਂ ਪੰਜ ਬਰਤਨ ਬਣਾ ਲੈਂਦੇ ਹਨ।
ਸਲਮਾ ਨੂੰ ਦੁਪਹਿਰ ਵੇਲੇ ਆਰਾਮ ਕਰਨ ਦਾ ਮੌਕਾ ਮਿਲਦਾ ਹੈ ਜਦ ਉਹ ਆਪਣੇ ਦੋ ਬੱਚਿਆਂ – ਉਸਦੀ ਇਕਲੌਤੀ ਬੇਟੀ ਤਨੁ 16 ਸਾਲ ਦੀ ਹੈ ਅਤੇ ਉਸਦਾ ਸਭ ਤੋਂ ਛੋਟਾ ਬੇਟਾ ਦਿਲਸ਼ਾਦ 14 ਸਾਲ ਦਾ ਹੈ – ਵਿੱਚ ਘਿਰੀ ਆਪਣੀ ਮੰਜੀ ’ਤੇ ਬਹਿ ਕੇ ਗਰਮ-ਗਰਮ ਚਾਹ ਪੀਂਦੀ ਹੈ। ਉਹਦੀ ਨਣਦ ਦੀਆਂ ਬੇਟੀਆਂ – ਸ਼ਿਵਾਨੀ, ਕਾਜਲ ਅਤੇ ਚਿੜੀਆ – ਵੀ ਲਾਗੇ ਹੀ ਹਨ। ਸਿਰਫ਼ ਨੌਂ ਸਾਲਾ ਚਿੜੀਆ ਸਕੂਲ ਜਾਂਦੀ ਹੈ।
“ਕੀ ਤੁਸੀਂ ਇਹ ਵਟਸਐਪ ਉੱਤੇ ਨਸ਼ਰ ਕਰੋਗੇ?” ਸਲਮਾ ਪੁੱਛਦੀ ਹੈ। “ਸਭ ਤੋਂ ਪਹਿਲਾਂ ਮੇਰੇ ਕੰਮ ਬਾਰੇ ਦੱਸਣਾ!”
ਉਹਦੇ ਵਪਾਰ ਦੇ ਔਜ਼ਾਰ ਅਤੇ ਤਿਆਰ ਕੀਤੀਆਂ ਵਸਤਾਂ – ਛਾਣਨੀਆਂ, ਹਥੌੜੇ, ਕਹੀਆਂ, ਕੁਹਾੜੀਆਂ ਦੇ ਸਿਰ, ਛੈਣੀਆਂ, ਕੜਾਹੀਆਂ, ਵੱਡੇ ਚਾਕੂ ਅਤੇ ਹੋਰ ਬਹੁਤ ਕੁਝ – ਦੁਪਹਿਰ ਦੀ ਧੁੱਪ ਵਿੱਚ ਚਮਕ ਰਹੇ ਹਨ।
“ਇਸ ਝੁੱਗੀ ਵਿੱਚ ਸਭ ਤੋਂ ਕੀਮਤੀ ਚੀਜ਼ਾਂ ਸਾਡੇ ਔਜ਼ਾਰ ਹਨ,” ਇੱਕ ਵੱਡੇ ਧਾਤ ਦੇ ਬਰਤਨ ਅੱਗੇ ਪੈਰਾਂ ਭਾਰ ਬੈਠੀ ਸਲਮਾ ਨੇ ਕਿਹਾ। ਜਿਵੇਂ ਹੀ ਉਹਦਾ ਆਰਾਮ ਦਾ ਸਮਾਂ ਮੁੱਕਦਾ ਹੈ, ਚਾਹ ਦੀ ਪਿਆਲੀ ਦੀ ਥਾਂ ਉਹਦੇ ਹੱਥ ਵਿੱਚ ਹਥੌੜਾ ਤੇ ਛੈਣੀ ਆ ਜਾਂਦੇ ਹਨ। ਲਗਾਤਾਰ ਅਭਿਆਸ ਨਾਲ ਆਈ ਆਸਾਨੀ ਨਾਲ ਉਹ ਦੋ ਵਾਰ ਸੱਟ ਮਾਰਨ ਤੋਂ ਬਾਅਦ ਛੈਣੀ ਨੂੰ ਘੁਮਾ ਕੇ ਬਰਤਨ ਦੇ ਆਧਾਰ ਵਿੱਚ ਹਥੌੜੇ ਨਾਲ ਛੇਕ ਕਰਦੀ ਹੈ। “ਇਹ ਛਾਣਨੀ ਰਸੋਈ ਲਈ ਨਹੀਂ। ਕਿਸਾਨ ਇਹਨੂੰ ਦਾਣੇ ਛਾਣਨ ਲਈ ਵਰਤਦੇ ਹਨ।”
ਅੰਦਰ ਵਿਜੇ ਭੱਠੀ ਦੇ ਸਾਹਮਣੇ ਬੈਠਾ ਹੈ ਜਿਸਨੂੰ ਉਹ ਦਿਨ ਵਿੱਚ ਦੋ ਵਾਰ – ਸਵੇਰੇ ਅਤੇ ਸ਼ਾਮ ਨੂੰ – ਬਾਲਦੇ ਹਨ। ਲੋਹੇ ਦੇ ਜਿਸ ਡੰਡੇ ਨੂੰ ਉਹ ਆਕਾਰ ਦੇ ਰਿਹਾ ਹੈ ਉਹ ਲਾਲ ਹੋ ਚੁੱਕਾ ਹੈ ਪਰ ਲਗਦਾ ਹੈ ਜਿਵੇਂ ਉਸ ’ਤੇ ਸੇਕ ਦਾ ਕੋਈ ਅਸਰ ਨਹੀਂ। ਜਦ ਉਹਨੂੰ ਪੁੱਛਿਆ ਕਿ ਭੱਠੀ ਤਿਆਰ ਕਰਨ ਵਿੱਚ ਕਿੰਨਾ ਸਮਾਂ ਲਗਦਾ ਹੈ, ਤਾਂ ਉਹ ਹੱਸ ਪਿਆ, “ਸਾਨੂੰ ਉਦੋਂ ਹੀ ਪਤਾ ਲਗਦਾ ਹੈ ਜਦ ਅੰਦਰੂਨੀ ਹਿੱਸਾ ਲਾਲ ਹੋ ਜਾਵੇ। ਜੇ ਹੁੰਮਸ ਹੋਵੇ ਤਾਂ ਜ਼ਿਆਦਾ ਸਮਾਂ ਲਗਦਾ ਹੈ। ਕੋਲੇ ਦੇ ਇਸਤੇਮਾਲ ਮੁਤਾਬਕ ਆਮ ਕਰਕੇ ਇੱਕ ਜਾਂ ਦੋ ਘੰਟੇ ਲਗਦੇ ਹਨ।”
ਗੁਣਵੱਤਾ ਅਨੁਸਾਰ ਕੋਲੇ ਦੀ ਕੀਮਤ 15 ਰੁਪਏ ਕਿਲੋ ਤੋਂ ਲੈ ਕੇ 70 ਰੁਪਏ ਕਿਲੋ ਤੱਕ ਪੈ ਜਾਂਦੀ ਹੈ। ਸਲਮਾ ਤੇ ਵਿਜੇ ਥੋਕ ਵਿੱਚ ਖਰੀਦਣ ਲਈ ਉੱਤਰ ਪ੍ਰਦੇਸ਼ ਦੇ ਭੱਠਿਆਂ ’ਤੇ ਜਾਂਦੇ ਹਨ।
ਵਿਜੇ ਲੋਹੇ ਦੇ ਡੰਡੇ ਦੇ ਲਾਲ ਹੋਏ ਸਿਰੇ ਨੂੰ ਆਹਰਨ ’ਤੇ ਰੱਖ ਕੇ ਕੁੱਟਣਾ ਸ਼ੁਰੂ ਕਰਦਾ ਹੈ। ਛੋਟੀ ਜਿਹੀ ਭੱਠੀ ਵਿੱਚ ਐਨਾ ਸੇਕ ਨਹੀਂ ਹੁੰਦਾ ਕਿ ਲੋਹਾ ਪੂਰੀ ਤਰ੍ਹਾਂ ਪਿਘਲ ਜਾਵੇ, ਇਸ ਕਰਕੇ ਉਹ ਪੂਰੇ ਜ਼ੋਰ ਨਾਲ ਇਹਨੂੰ ਕੁੱਟਦਾ ਹੈ।
ਲੁਹਾਰ 16ਵੀਂ ਸਦੀ ਵਿੱਚ ਰਾਜਸਥਾਨ ਦੇ ਹਥਿਆਰ ਬਣਾਉਣ ਵਾਲੇ ਭਾਈਚਾਰੇ ਦੀ ਕੁਲ ਤੋਂ ਦੱਸੇ ਜਾਂਦੇ ਹਨ ਜੋ ਮੁਗਲਾਂ ਦੁਆਰਾ ਚਿਤੌੜਗੜ੍ਹ ’ਤੇ ਕਬਜ਼ਾ ਕਰਨ ਤੋਂ ਬਾਅਦ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲ ਗਏ। “ਉਹ ਸਾਡੇ ਪੁਰਖੇ ਸਨ। ਅਸੀਂ ਹੁਣ ਬਹੁਤ ਵੱਖਰੀ ਜ਼ਿੰਦਗੀ ਜਿਉਂਦੇ ਹਾਂ,” ਵਿਜੇ ਨੇ ਮੁਸਕੁਰਾਉਂਦਿਆਂ ਕਿਹਾ। “ਪਰ ਉਹਨਾਂ ਵੱਲੋਂ ਸਿਖਾਈ ਕਲਾ ਅਸੀਂ ਅੱਜ ਵੀ ਜਿਉਂਦੀ ਰੱਖ ਰਹੇ ਹਾਂ। ਤੇ ਅਸੀਂ ਉਹਨਾਂ ਵਾਂਗ ਹੀ ਇਹ ਕੜੇ ਪਹਿਨਦੇ ਹਾਂ।”
ਉਹ ਹੁਣ ਆਪਣੇ ਬੱਚਿਆਂ ਨੂੰ ਇਹ ਧੰਦਾ ਸਿਖਾ ਰਿਹਾ ਹੈ। “ਦਿਲਸ਼ਾਦ ਇਸ ਕੰਮ ਵਿੱਚ ਸਭ ਤੋਂ ਚੰਗਾ ਹੈ,” ਉਹਨੇ ਕਿਹਾ। ਦਿਲਸ਼ਾਦ, ਸਲਮਾ ਤੇ ਵਿਜੇ ਦਾ ਸਭ ਤੋਂ ਛੋਟਾ ਬੇਟਾ, ਔਜ਼ਾਰਾਂ ਬਾਰੇ ਦੱਸਦਾ ਹੈ: “ਉਹ ਹਥੌੜੇ ਹਨ। ਵੱਡਿਆਂ ਨੂੰ ਘਣ ਕਹਿੰਦੇ ਹਨ। ਬਾਪੂ ਚਿਮਟੇ ਨਾਲ ਗਰਮ ਧਾਤ ਨੂੰ ਫੜ ਕੇ ਕੈਂਚੀ ਨਾਲ ਇਸ ਨੂੰ ਆਕਾਰ ਦਿੰਦੇ ਹਨ।”
ਚਿੜੀਆ ਹੱਥ ਨਾਲ ਚੱਲਣ ਵਾਲੇ ਪੱਖੇ ਦੀ ਹੱਥੀ ਘੁਮਾਉਣ ਲਗਦੀ ਹੈ ਜਿਸ ਨਾਲ ਭੱਠੀ ਦਾ ਤਾਪਮਾਨ ਨਿਯਮਿਤ ਕੀਤਾ ਜਾਂਦਾ ਹੈ। ਚਾਰੇ ਪਾਸੇ ਸਵਾਹ ਖਿੰਡਦੀ ਦੇਖ ਉਹ ਖਿੜਖਿੜਾ ਕੇ ਹੱਸਣ ਲਗਦੀ ਹੈ।
ਚਾਕੂ ਖਰੀਦਣ ਲਈ ਇੱਕ ਮਹਿਲਾ ਆਉਂਦੀ ਹੈ। ਸਲਮਾ ਉਹਨੂੰ ਇਸਦੀ ਕੀਮਤ 100 ਰੁਪਏ ਦੱਸਦੀ ਹੈ। ਮਹਿਲਾ ਕਹਿੰਦੀ ਹੈ, “ਮੈਂ ਇਹਦੇ ਲਈ 100 ਰੁਪਏ ਨਹੀਂ ਦੇਣੇ। ਪਲਾਸਟਿਕ ਵਾਲਾ ਮੈਨੂੰ ਬੇਹੱਦ ਸਸਤਾ ਮਿਲ ਜਾਵੇਗਾ।” ਉਹ 50 ਰੁਪਏ ਵਿੱਚ ਸੌਦਾ ਤੈਅ ਕਰਦੀਆਂ ਹਨ।
ਸਲਮਾ ਜਾਂਦੀ ਮਹਿਲਾ ਨੂੰ ਵੇਖ ਹਉਕਾ ਭਰਦੀ ਹੈ। ਪਰਿਵਾਰ ਗੁਜ਼ਾਰੇ ਜੋਗਾ ਲੋਹਾ ਨਹੀਂ ਵੇਚ ਪਾਉਂਦਾ। ਪਲਾਸਟਿਕ ਨਾਲ ਔਖਾ ਮੁਕਾਬਲਾ ਹੈ। ਉਹ ਨਾ ਤਾਂ ਬਣਾਵਟ ਦੀ ਤੇਜ਼ੀ ਵਿੱਚ ਮੁਕਾਬਲਾ ਕਰ ਸਕਦੇ ਹਨ ਨਾ ਹੀ ਕੀਮਤ ਵਿੱਚ।
“ਅਸੀਂ ਹੁਣ ਪਲਾਸਟਿਕ ਵੇਚਣਾ ਸ਼ੁਰੂ ਕਰ ਦਿੱਤਾ ਹੈ,” ਉਹਨੇ ਕਿਹਾ। “ਮੇਰੇ ਸਾਲੇ ਦੀ ਆਪਣੀ ਝੁੱਗੀ ਅੱਗੇ ਪਲਾਸਟਿਕ ਦੀ ਦੁਕਾਨ ਹੈ ਅਤੇ ਮੇਰਾ ਭਰਾ ਦਿੱਲੀ ਨੇੜੇ ਟਿਕਰੀ ਬਾਰਡਰ ਤੇ ਪਲਾਸਟਿਕ ਵੇਚਦਾ ਹੈ।” ਉਹ ਬਜਾਰ ਵਿੱਚ ਹੋਰ ਵਪਾਰੀਆਂ ਤੋਂ ਪਲਾਸਟਿਕ ਖਰੀਦ ਕੇ ਹੋਰ ਜਗ੍ਹਾ ਵੇਚਦੇ ਹਨ ਪਰ ਅਜੇ ਤੱਕ ਕੋਈ ਮੁਨਾਫਾ ਨਹੀਂ ਹੋਇਆ।
ਤਨੁ ਦਾ ਕਹਿਣਾ ਹੈ ਕਿ ਉਸਦੇ ਚਾਚੇ ਦਿੱਲੀ ਵਿੱਚ ਜ਼ਿਆਦਾ ਕਮਾਉਂਦੇ ਹਨ। “ਸ਼ਹਿਰ ਦੇ ਲੋਕ ਅਜਿਹੀਆਂ ਚੀਜ਼ਾਂ ’ਤੇ ਪੈਸੇ ਖਰਚ ਦਿੰਦੇ ਹਨ। ਉਹਨਾਂ ਲਈ 10 ਰੁਪਏ ਕੋਈ ਜ਼ਿਆਦਾ ਨਹੀਂ। ਪਿੰਡ ਦੇ ਲੋਕਾਂ ਲਈ ਇਹ ਰਕਮ ਬਹੁਤ ਜ਼ਿਆਦਾ ਹੈ ਤੇ ਉਹ ਇਸਨੂੰ ਸਾਡੇ ’ਤੇ ਨਹੀਂ ਖਰਚਣਾ ਚਾਹੁੰਦੇ। ਇਸੇ ਕਰਕੇ ਮੇਰੇ ਚਾਚੇ ਸਾਡੇ ਤੋਂ ਅਮੀਰ ਹਨ।”
*****
“ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਪੜ੍ਹ-ਲਿਖ ਜਾਣ,” ਸਲਮਾ ਨੇ ਕਿਹਾ ਸੀ ਜਦ ਮੈਂ ਉਹਨੂੰ ਪਹਿਲੀ ਵਾਰ 2023 ਵਿੱਚ ਮਿਲੀ। ਮੈਂ ਨੇੜਲੀ ਯੂਨੀਵਰਸਿਟੀ ਵਿੱਚ ਬੀਏ ਦੀ ਵਿਦਿਆਰਥਣ ਸੀ। “ਮੈਂ ਚਾਹੁੰਦੀ ਹਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਬਣ ਜਾਣ।” ਉਹ ਇਸ ਬਾਰੇ ਬੜਾ ਸੋਚਦੀ ਹੈ ਕਿਉਂਕਿ ਉਹਦੇ ਵੱਡੇ ਬੇਟੇ ਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਦਸਵੀਂ ਜਮਾਤ ਵਿੱਚ ਸਕੂਲ ਛੱਡਣਾ ਪਿਆ ਸੀ। ਉਹ ਹੁਣ 20 ਸਾਲ ਦਾ ਹੈ।
“ਮੈਂ – ਆਧਾਰ, ਰਾਸ਼ਨ ਕਾਰਡ, ਜਾਤੀ ਸਰਟੀਫਿਕੇਟ – ਜੋ ਵੀ ਉਹਨਾਂ ਕਿਹਾ, ਸਭ ਕੁਝ ਲੈ ਕੇ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਦਫ਼ਤਰਾਂ ਤੱਕ ਭੱਜਨੱਠ ਕੀਤੀ। ਅਣਗਿਣਤ ਕਾਗਜ਼ਾਂ ’ਤੇ ਅੰਗੂਠੇ ਲਾਏ। ਪਰ ਕੁਝ ਨਹੀਂ ਬਣਿਆ।”
ਦਿਲਸ਼ਾਦ ਪਿਛਲੇ ਸਾਲ ਛੇਵੀਂ ਜਮਾਤ ਵਿੱਚ ਸਕੂਲੋਂ ਹਟ ਗਿਆ। ਉਹਨੇ ਕਿਹਾ, “ਸਰਕਾਰੀ ਸਕੂਲਾਂ ਵਿੱਚ ਸਿੱਖਣ ਲਾਇਕ ਕੁਝ ਨਹੀਂ ਪੜ੍ਹਾਇਆ ਜਾਂਦਾ। ਪਰ ਮੇਰੀ ਭੈਣ ਤਨੁ ਬੜਾ ਕੁਝ ਜਾਣਦੀ ਹੈ। ਉਹ ਪੜ੍ਹੀ-ਲਿਖੀ ਹੈ।” ਤਨੁ ਨੇ 8ਵੀਂ ਤੱਕ ਪੜ੍ਹਾਈ ਕੀਤੀ, ਫਿਰ ਉਹਦਾ ਅੱਗੇ ਪੜ੍ਹਨ ਦਾ ਮਨ ਨਹੀਂ ਸੀ। ਨੇੜਲੇ ਸਕੂਲ ਵਿੱਚ 10ਵੀਂ ਜਮਾਤ ਨਹੀਂ ਸੀ ਤੇ ਸਕੂਲ ਜਾਣ ਲਈ ਉਹਨੂੰ ਕਰੀਬ ਤਿੰਨ ਕਿਲੋਮੀਟਰ ਦੂਰ ਇੱਕ ਘੰਟਾ ਪੈਦਲ ਚੱਲ ਕੇ ਖੇਵਾਰਾ ਜਾਣਾ ਪੈਣਾ ਸੀ।
“ਲੋਕ ਮੇਰੇ ਵੱਲ ਦੇਖਦੇ ਨੇ,” ਤਨੁ ਨੇ ਕਿਹਾ। “ਉਹ ਭੈੜੀਆਂ ਗੱਲਾਂ ਆਖਦੇ ਹਨ। ਮੈਂ ਉਹਨਾਂ ਨੂੰ ਦੁਹਰਾ ਵੀ ਨਹੀਂ ਸਕਦੀ।” ਇਸ ਕਰਕੇ ਹੁਣ ਤਨੁ ਘਰ ਰਹਿ ਕੇ ਕੰਮ ਵਿੱਚ ਆਪਣੇ ਮਾਪਿਆਂ ਦੀ ਮਦਦ ਕਰਦੀ ਹੈ।
ਪਰਿਵਾਰ ਨੂੰ ਪਬਲਿਕ ਟੈਂਕਰਾਂ ਨੇੜੇ ਖੁੱਲ੍ਹੇ ਵਿੱਚ ਨਹਾਉਣਾ ਪੈਂਦਾ ਹੈ। ਤਨੁ ਹੌਲੀ ਜਿਹੇ ਕਹਿੰਦੀ ਹੈ, “ਖੁੱਲ੍ਹੇ ਵਿੱਚ ਨਹਾਉਂਦਿਆਂ ਸਾਨੂੰ ਹਰ ਕੋਈ ਦੇਖ ਸਕਦਾ ਹੈ।” ਪਰ ਪਬਲਿਕ ਪਖਾਨਿਆਂ ਦਾ ਇੱਕ ਚੱਕਰ 10 ਰੁਪਏ ਵਿੱਚ ਪੈਂਦਾ ਹੈ, ਤੇ ਇਸ ਨਾਲ ਪੂਰੇ ਪਰਿਵਾਰ ਦਾ ਬਹੁਤ ਖਰਚਾ ਹੋ ਜਾਂਦਾ ਹੈ। ਉਹਨਾਂ ਦੀ ਕਮਾਈ ਪਖਾਨੇ ਵਾਲੇ ਸਹੀ ਤਰੀਕੇ ਦੇ ਘਰ ਨੂੰ ਕਿਰਾਏ ’ਤੇ ਲੈਣ ਲਈ ਕਾਫ਼ੀ ਨਹੀਂ, ਇਸ ਕਰਕੇ ਉਹਨਾਂ ਨੂੰ ਸੜਕ ਦੇ ਕਿਨਾਰੇ ਹੀ ਰਹਿਣਾ ਪੈਂਦਾ ਹੈ।
ਪਰਿਵਾਰ ਵਿੱਚੋਂ ਕਿਸੇ ਦੇ ਵੀ ਕੋਵਿਡ-19 ਲਈ ਟੀਕਾ ਨਹੀਂ ਲੱਗਿਆ। ਜੇ ਉਹ ਬਿਮਾਰ ਹੋ ਜਾਣ, ਤਾਂ ਬਦ ਖਾਲਸਾ ਪ੍ਰਾਇਮਰੀ ਸਿਹਤ ਕੇਂਦਰ ਜਾਂ ਸਿਉਲੀ ਦੇ ਸਿਹਤ ਕੇਂਦਰ ਵਿੱਚ ਜਾਂਦੇ ਹਨ। ਪ੍ਰਾਈਵੇਟ ਕਲੀਨਿਕ ਆਖਰੀ ਰਾਹ ਹਨ ਕਿਉਂਕਿ ਉਹ ਬਹੁਤ ਮਹਿੰਗੇ ਹਨ।
ਸਲਮਾ ਧਿਆਨ ਰੱਖਦੀ ਹੈ ਕਿ ਪੈਸੇ ਕਿੱਥੇ-ਕਿੱਥੇ ਖਰਚ ਹੁੰਦੇ ਹਨ। “ਜਦ ਪੈਸੇ ਘਟ ਜਾਣ ਤਾਂ ਅਸੀਂ ਕੂੜਾ ਚੁੱਕਣ ਵਾਲਿਆਂ ਕੋਲ ਜਾਂਦੇ ਹਾਂ,” ਉਹਨੇ ਕਿਹਾ। “ਉਹਨਾਂ ਕੋਲੋਂ ਸਾਨੂੰ ਕਰੀਬ 200 ਰੁਪਏ ਵਿੱਚ ਕੱਪੜੇ ਮਿਲ ਜਾਂਦੇ ਹਨ।”
ਕਈ ਵਾਰ ਪਰਿਵਾਰ ਵਾਲੇ ਸੋਨੀਪਤ ਦੇ ਹੋਰ ਬਜ਼ਾਰਾਂ ਵਿੱਚ ਚਲੇ ਜਾਂਦੇ ਹਨ। ਤਨੁ ਕਹਿੰਦੀ ਹੈ, “ਅਸੀਂ ਨਰਾਤਿਆਂ ਵੇਲੇ ਨੇੜੇ ਹੀ ਰਾਮਲੀਲਾ ਦੇਖਣ ਜਾਵਾਂਗੇ। ਜੇ ਪੈਸੇ ਹੋਏ ਤਾਂ ਅਸੀਂ ਸਟਾਲਾਂ ਤੋਂ ਵੀ ਕੁਝ ਖਾਵਾਂਗੇ।”
“ਭਾਵੇਂ ਮੇਰਾ ਨਾਮ ਮੁਸਲਮਾਨ ਹੈ, ਪਰ ਹਾਂ ਮੈਂ ਹਿੰਦੂ,” ਸਲਮਾ ਨੇ ਕਿਹਾ। “ਅਸੀਂ – ਹਨੂੰਮਾਨ, ਸ਼ਿਵ, ਗਣੇਸ਼ – ਸਭ ਦੀ ਪੂਜਾ ਕਰਦੇ ਹਾਂ।”
“ਤੇ ਅਸੀਂ ਆਪਣੇ ਕੰਮ ਜ਼ਰੀਏ ਆਪਣੇ ਪੂਰਵਜਾਂ ਦੀ ਪੂਜਾ ਕਰਦੇ ਹਾਂ!” ਦਿਲਸ਼ਾਦ ਨੇ ਕਾਹਲੀ ਨਾਲ ਕਿਹਾ, ਜਿਸ ਨਾਲ ਉਹਦੀ ਮਾਂ ਨੂੰ ਹਾਸਾ ਆ ਗਿਆ।
*****
ਜਦ ਬਜ਼ਾਰ ਵਿੱਚ ਕੰਮ ਘਟ ਜਾਵੇ ਤਾਂ ਸਲਮਾ ਤੇ ਵਿਜੇ ਨੇੜਲੇ ਪਿੰਡਾਂ ਵਿੱਚ ਸਮਾਨ ਵੇਚਣ ਚਲੇ ਜਾਂਦੇ ਹਨ। ਹਰ ਮਹੀਨੇ ਇੱਕ ਜਾਂ ਦੋ ਵਾਰ ਇਵੇਂ ਹੁੰਦਾ ਹੈ। ਕਦੇ ਹੀ ਪਿੰਡਾਂ ਵਿੱਚੋਂ ਕੋਈ ਕਮਾਈ ਹੁੰਦੀ ਹੈ। ਪਰ ਜਦ ਹੋਵੇ ਤਾਂ ਉਹ ਇੱਕ ਵਾਰ ਵਿੱਚ 400 ਜਾਂ 500 ਰੁਪਏ ਕਮਾ ਲੈਂਦੇ ਹਨ। ਸਲਮਾ ਨੇ ਕਿਹਾ, “ਕਈ ਵਾਰ ਅਸੀਂ ਐਨਾ ਚਲਦੇ ਹਾਂ ਕਿ ਲਗਦਾ ਹੈ ਜਿਵੇਂ ਲੱਤਾਂ ਟੁੱਟ ਗਈਆਂ ਹੋਣ।”
ਕਈ ਵਾਰ ਪਿੰਡਾਂ ਵਾਲੇ ਉਹਨਾਂ ਨੂੰ ਪਸ਼ੂ – ਜਿਹੜੇ ਵੱਛਿਆਂ ਨੂੰ ਦੁੱਧ ਦਿੰਦੀਆਂ ਮਾਵਾਂ ਤੋਂ ਵੱਖ ਕਰਨਾ ਹੁੰਦਾ ਹੈ – ਦੇ ਦਿੰਦੇ ਹਨ। ਪਰਿਵਾਰ ਕੋਲ ਸਹੀ ਤਰੀਕੇ ਦਾ ਘਰ ਕਿਰਾਏ ’ਤੇ ਲੈਣ ਲਈ ਪੈਸੇ ਨਹੀਂ ਤੇ ਇਸੇ ਕਰਕੇ ਉਹ ਸੜਕ ਦੇ ਕਿਨਾਰੇ ਰਹਿੰਦੇ ਹਨ।
ਜਿਹੜੇ ਸ਼ਰਾਬੀਆਂ ਨੂੰ ਰਾਤ ਵੇਲੇ ਭਜਾਉਣਾ ਪੈਂਦਾ ਹੈ, ਤਨੁ ਉਹਨਾਂ ਬਾਰੇ ਹੱਸ ਕੇ ਛੱਡ ਦਿੰਦੀ ਹੈ। ਦਿਲਸ਼ਾਦ ਕਹਿੰਦਾ ਹੈ, “ਸਾਨੂੰ ਉਹਨਾਂ ਨੂੰ ਮਾਰਨਾ ਤੇ ਉਹਨਾਂ ਤੇ ਚੀਕਣਾ ਪੈਂਦਾ ਹੈ। ਸਾਡੀਆਂ ਮਾਵਾਂ-ਭੈਣਾਂ ਇੱਥੇ ਸੌਂਦੀਆਂ ਹਨ।”
ਹਾਲ ਹੀ ਵਿੱਚ ਨਗਰ ਨਿਗਮ (ਸੋਨੀਪਤ ਨਗਰ ਨਿਗਮ) ਦਾ ਨਾਂ ਲੈ ਕੇ ਲੋਕ ਉਹਨਾਂ ਨੂੰ ਹਟਣ ਲਈ ਕਹਿ ਰਹੇ ਹਨ। ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਝੁੱਗੀਆਂ ਦੇ ਪਿੱਛੇ ਕੂੜੇ ਦੇ ਮੈਦਾਨ ਦਾ ਗੇਟ ਬਣਨਾ ਹੈ ਅਤੇ ਉਸ ਲਈ ਉਹ ਜਿਸ ਸਰਕਾਰੀ ਜ਼ਮੀਨ ’ਤੇ ਬੈਠੇ ਹਨ, ਉਹਨੂੰ ਖਾਲੀ ਕਰਾਉਣਾ ਹੈ।
ਜਿਹੜੇ ਅਫ਼ਸਰ ਪਰਿਵਾਰ ਦੇ ਆਧਾਰ, ਰਾਸ਼ਨ ਅਤੇ ਪਰਿਵਾਰਕ ਕਾਰਡਾਂ ਦਾ ਡਾਟਾ ਰਿਕਾਰਡ ਕਰਨ ਆਉਂਦੇ ਹਨ, ਉਹ ਆਪਣੇ ਆਉਣ ਦਾ ਕੋਈ ਨਿਸ਼ਾਨ ਨਹੀਂ ਛੱਡਦੇ। ਇਸ ਕਰਕੇ ਕਿਸੇ ਨੂੰ ਨਹੀਂ ਪਤਾ ਕਿ ਉਹ ਕੌਣ ਹਨ। ਹਰ ਦੋ ਮਹੀਨੇ ਵਿੱਚ ਉਹ ਇੱਕ ਵਾਰ ਆਉਂਦੇ ਹਨ।
“ਉਹ ਸਾਨੂੰ ਕਹਿੰਦੇ ਹਨ ਕਿ ਸਾਨੂੰ ਪਲਾਟ ਮਿਲੇਗਾ,” ਤਨੁ ਨੇ ਕਿਹਾ। “ਕਿਵੇਂ ਦਾ ਪਲਾਟ? ਕਿੱਥੇ? ਕੀ ਉਹ ਬਜ਼ਾਰ ਤੋਂ ਦੂਰ ਹੈ? ਉਹ ਸਾਨੂੰ ਕੁਝ ਨਹੀਂ ਦੱਸਦੇ।”
ਪਰਿਵਾਰ ਦੇ ਆਮਦਨ ਸਰਟੀਫਿਕੇਟ ਦੇ ਮੁਤਾਬਕ ਉਹ ਕਿਸੇ ਵੇਲੇ 50,000 ਰੁਪਏ ਮਹੀਨਾ ਕਮਾਉਂਦੇ ਸੀ। ਹੁਣ ਉਹ 10,000 ਰੁਪਏ ਹੀ ਕਮਾ ਰਹੇ ਹਨ। ਜੇ ਉਹਨਾਂ ਨੂੰ ਪੈਸੇ ਦੀ ਲੋੜ ਹੋਵੇ, ਤਾਂ ਉਹ ਰਿਸ਼ਤੇਦਾਰਾਂ ਤੋਂ ਕਰਜ਼ਾ ਲੈਂਦੇ ਹਨ। ਜਿੰਨਾ ਨੇੜਲਾ ਰਿਸ਼ਤੇਦਾਰ, ਓਨਾ ਘੱਟ ਵਿਆਜ। ਜਦ ਵਿਕਰੀ ਚੰਗੀ ਹੋ ਜਾਵੇ ਤਾਂ ਉਹ ਪੈਸੇ ਮੋੜ ਦਿੰਦੇ ਹਨ ਪਰ ਕੋਵਿਡ ਤੋਂ ਬਾਅਦ ਵਿਕਰੀ ਘੱਟ ਹੀ ਰਹੀ ਹੈ।
“ਕੋਵਿਡ ਦਾ ਸਮਾਂ ਸਾਡੇ ਲਈ ਠੀਕ ਰਿਹਾ,” ਤਨੁ ਨੇ ਕਿਹਾ। “ਬਜ਼ਾਰ ਵਿੱਚ ਸ਼ਾਂਤੀ ਸੀ। ਸਾਨੂੰ ਸਰਕਾਰੀ ਟਰੱਕਾਂ ਤੋਂ ਰਾਸ਼ਨ ਮਿਲਿਆ। ਲੋਕ ਆ ਕੇ ਮਾਸਕ ਵੰਡਦੇ ਸਨ।”
ਸਲਮਾ ਸਗੋਂ ਚਿੰਤਤ ਹੈ, “ਮਹਾਂਮਾਰੀ ਤੋਂ ਬਾਅਦ ਲੋਕ ਸਾਡੇ ਤੇ ਸ਼ੱਕ ਕਰਨ ਲੱਗੇ ਹਨ। ਉਹਨਾਂ ਦੀ ਝਾਕਣੀ ਵਿੱਚ ਨਫ਼ਰਤ ਹੈ।” ਜਦ ਵੀ ਉਹ ਬਾਹਰ ਜਾਂਦੇ ਹਨ, ਕੁਝ ਸਥਾਨਕ ਲੋਕ ਜਾਤੀਸੂਚਕ ਸ਼ਬਦ ਵਰਤ ਕੇ ਉਹਨਾਂ ਨਾਲ ਦੁਰਵਿਹਾਰ ਕਰਦੇ ਹਨ।
“ਉਹ ਸਾਨੂੰ ਆਪਣੇ ਪਿੰਡਾਂ ਵਿੱਚ ਨਹੀਂ ਰਹਿਣ ਦਿੰਦੇ। ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਸਾਡੀ ਜਾਤ ਨੂੰ ਐਨਾ ਮਾੜਾ ਕਿਉਂ ਬਣਾ ਦਿੰਦੇ ਹਨ।” ਸਲਮਾ ਚਾਹੁੰਦੀ ਹੈ ਕਿ ਲੋਕ ਉਹਨਾਂ ਨੂੰ ਬਰਾਬਰ ਸਮਝਣ।
“ਸਾਡੇ ਲਈ ਵੀ ਰੋਟੀ ਰੋਟੀ ਹੈ ਤੇ ਉਹਨਾਂ ਲਈ ਵੀ – ਅਸੀਂ ਸਭ ਇੱਕੋ ਤਰ੍ਹਾਂ ਦਾ ਖਾਣਾ ਖਾਂਦੇ ਹਾਂ। ਸਾਡੇ ਤੇ ਅਮੀਰਾਂ ਵਿੱਚ ਕੀ ਫ਼ਰਕ ਹੈ?”
ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ