ਠੇਲੂ ਮਹਾਤੋ, ਸ਼ਾਇਦ ਉਨ੍ਹਾਂ ਸਾਰੇ ਅਜ਼ਾਦੀ ਘੁਲਾਟੀਆਂ ਵਿੱਚੋਂ ਸਭ ਤੋਂ ਬਿਰਧ ਅਵਸਥਾ ਵਿੱਚ ਸਨ ਜਿਨ੍ਹਾਂ ਦੇ ਜੀਵਨ ਨੂੰ ਕਿ ਮੈਂ ਆਪਣੀ ਕਿਤਾਬ ਦਿ ਲਾਸਟ ਹੀਰੋਜ਼ ਅੰਦਰ ਦਰਜ ਕਰਨ ਦਾ ਉਪਰਾਲਾ ਕੀਤਾ, ਨੇ ਵੀਰਵਾਰ ਸ਼ਾਮੀਂ ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਦੇ ਪਿੰਡ ਪਿਰੜਾ ਵਿਖੇ ਆਪਣੇ ਘਰ ਅੰਤਮ ਸਾਹ ਲਿਆ। ਉਹ ਉਨ੍ਹਾਂ ਅਜ਼ਾਦੀ ਘੁਲਾਟੀਆਂ ਵਿੱਚੋਂ ਵੀ ਜਿਊਂਦੇ ਬਚੇ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਦੀ ਜਿਊਂਦੀ-ਜਾਨੇ ਕਿਤਾਬ ਛਪ ਕੇ ਤਿਆਰ ਹੋਈ। ਇੰਨਾ ਹੀ ਨਹੀਂ ਉਹ 1942 ਵਿੱਚ ਪੁਰੂਲੀਆ ਦੇ 12 ਥਾਣਿਆਂ ਖ਼ਿਲਾਫ਼ ਕੱਢੇ ਗਏ ਇਤਿਹਾਸਕ ਰੋਸ ਮਾਰਚ ਦੀ ਯਾਦ ਤਾਜ਼ਾ ਕਰਾਉਣ ਵਾਲ਼ੇ ਵੀ ਅੰਤਮ ਅਜ਼ਾਦੀ ਘੁਲਾਟੀਏ ਸਨ- ਜਿਸ ਰੋਸ ਮਾਰਚ ਨੂੰ ਕਿ ਵਿਸਾਰ ਦਿੱਤਾ ਗਿਆ ਸੀ। ਠੇਲੂ ਕੋਈ 103 ਜਾਂ 105 ਸਾਲਾਂ ਦੇ ਸਨ।

ਉਨ੍ਹਾਂ ਦੀ ਮੌਤ ਦੇ ਨਾਲ਼ ਹੀ ਅਸੀਂ ਆਪਣੀ ਉਸ ਸੁਨਹਿਰੀ ਪੀੜ੍ਹੀ ਨੂੰ ਗੁਆਉਣ ਦੇ ਇੱਕ ਕਦਮ ਹੋਰ ਅੱਗੇ ਵੱਧ ਗਏ ਹਾਂ, ਜਿਨ੍ਹਾਂ ਨੇ ਸਾਡੀ ਅਜ਼ਾਦੀ ਲਈ ਲੜਾਈ ਲੜੀ ਤੇ ਭਾਰਤ ਨੂੰ ਇੱਕ ਸੁਤੰਤਰ ਰਾਸ਼ਟਰ ਬਣਾਉਣ ਵਿੱਚ ਇੰਨੀ ਮਦਦ ਕੀਤੀ। ਆਉਣ ਵਾਲ਼ੇ ਪੰਜ ਜਾਂ ਛੇ ਸਾਲਾਂ ਵਿੱਚ ਕੋਈ ਵੀ ਅਜਿਹਾ ਵਿਅਕਤੀ ਜਿਊਂਦਾ ਨਹੀਂ ਰਹੇਗਾ ਜਿਹਨੇ ਇਸ ਦੇਸ਼ ਦੀ ਅਜ਼ਾਦੀ ਵਿੱਚ ਆਪਣਾ ਯੋਗਦਾਨ ਪਾਇਆ ਹੋਣਾ। ਭਾਰਤ ਦੀਆਂ ਨਵੀਂਆਂ ਪੀੜ੍ਹੀਆਂ ਨੂੰ ਇਨ੍ਹਾਂ ਹੀਰਿਆਂ ਨੂੰ ਦੇਖਣ, ਉਨ੍ਹਾਂ ਨਾਲ਼ ਗੱਲ ਕਰਨ ਜਾਂ ਸੁਣਨ ਦਾ ਮੌਕਾ ਨਹੀਂ ਮਿਲ਼ਣਾ। ਉਨ੍ਹਾਂ ਨੂੰ ਕਦੇ ਵੀ ਪਤਾ ਨਹੀਂ ਚੱਲ ਪਾਵੇਗਾ ਕਿ ਉਹ ਕੌਣ ਲੋਕ ਸਨ ਜਾਂ ਉਨ੍ਹਾਂ ਨੇ ਕੀ ਹਾਸਲ ਕਰਨ ਲਈ ਇਹ ਲੜਾਈ ਲੜੀ- ਤੇ ਅਜ਼ਾਦੀ ਖ਼ਾਤਰ ਇੰਨੀ ਘਾਲਣਾ ਘਾਲ਼ੀ।

ਠੇਲੂ ਮਹਾਤੋ ਤੇ ਉਨ੍ਹਾਂ ਦੇ ਤਾਉਮਰ ਸਾਥੀ (ਕਾਮਰੇਡ) ਰਹੇ ਲੋਖੀ ਮਹਾਤੋ ਆਪਣੀਆਂ ਕਹਾਣੀਆਂ ਸੁਣਾਉਣ ਲਈ ਬੜੇ ਉਤਾਵਲ਼ੇ ਹੋਏ ਪਏ ਸਨ। ਉਹ ਚਾਹੁੰਦੇ ਸਨ ਕਿ ਦੇਸ਼ ਦੀ ਨੌਜਵਾਨ ਤੇ ਨਵੀਂ ਪੀੜ੍ਹੀ ਨੂੰ ਇਹ ਪਤਾ ਰਹੇ ਕਿ ਉਨ੍ਹਾਂ ਦੋਵਾਂ ਨੇ ਆਪਣੇ ਦੇਸ਼ ਦੀ ਅਜ਼ਾਦੀ ਵਾਸਤੇ ਸੰਘਰਸ਼ ਕੀਤਾ ਤੇ ਇਸ ਗੱਲ ਦਾ ਉਨ੍ਹਾਂ ਨੂੰ ਫ਼ਖ਼ਰ ਸੀ। ਬਾਬਾ ਠੇਲੂ ਹੁਣ ਆਪਣੀ ਕਹਾਣੀ ਨਹੀਂ ਸੁਣਾ ਸਕਣਗੇ ਤੇ ਨਾ ਹੀ ਆਉਣ ਵਾਲ਼ੇ 5-6 ਸਾਲਾਂ ਵਿੱਚ ਉਨ੍ਹਾਂ ਦੀ ਪੀੜ੍ਹੀ ਵਿੱਚੋਂ ਕੋਈ ਜਿਊਂਦਾ ਬਚੇਗਾ ਜੋ ਆਪਣੀ ਕਹਾਣੀ ਲੋਕਾਂ ਨੂੰ ਸੁਣਾ ਸਕੇਗਾ।

ਸੋਚਣ ਵਾਲ਼ੀ ਗੱਲ ਹੈ ਕਿ ਇਸ ਸਭ ਕਾਰਨ ਭਾਰਤ ਦੀ ਆਉਣ ਵਾਲ਼ੀ ਪੀੜ੍ਹੀ ਨੂੰ ਕਿੰਨਾ ਵੱਡਾ ਨੁਕਸਾਨ ਹੋਵੇਗਾ। ਅਸੀਂ ਤਾਂ ਪਹਿਲਾਂ ਤੋਂ ਹੀ ਇੰਨਾ ਵੱਡਾ ਨੁਕਸਾਨ ਝੱਲ ਰਹੇ ਹਾਂ ਕਿ ਸਾਡੀਆਂ ਮੌਜੂਦਾ ਪੀੜ੍ਹੀਆਂ ਨੂੰ ਇਨ੍ਹਾਂ ਨਾਇਕਾਂ ਬਾਰੇ ਇੰਨਾ ਘੱਟ ਪਤਾ ਹੈ ਜਾਂ ਕਹਿ ਲਵੋ ਕਿ ਠੇਲੂ ਜਿਹੇ ਵੀਰਾਂ ਦੀਆਂ ਕਹਾਣੀਆਂ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਰੱਖੇ ਜਾਣ ਦੀ ਸੰਭਾਵਨਾ ਨਾਮਾਤਰ ਹੀ ਬਾਕੀ ਹੈ। ਇਹ ਸਮਝਣਾ ਅਤਿ-ਮਹੱਤਵਪੂਰਨ ਹੈ ਕਿ ਸਾਡੇ ਵਾਸਤੇ ਅੱਜ ਦੇ ਦੌਰ ਵਾਸਤੇ ਉਨ੍ਹਾਂ ਦੀਆਂ ਕਹਾਣੀਆਂ ਕਿੰਨੀਆਂ ਅਹਿਮ ਹਨ।

ਖ਼ਾਸ ਕਰਕੇ ਇੱਕ ਅਜਿਹੇ ਦੌਰ ਵਿੱਚ ਜਦੋਂ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਨੂੰ ਜਿੰਨਾ ਲਿਖਿਆ ਨਹੀਂ ਜਾ ਰਿਹਾ, ਉਸ ਨਾਲ਼ੋਂ ਕਿਤੇ ਵੱਧ ਘੜਿਆ ਜਾ ਰਿਹਾ ਹੈ ਜੋ ਲਿਖਿਆ ਵੀ ਜਾ ਰਿਹਾ ਹੈ ਉਸ ਨਾਲ਼ ਵੀ ਛੇੜਛਾੜ ਕਰਕੇ ਨਿੱਤ-ਨਵੀਂ ਕਾਢ ਕੱਢਕੇ ਸਾਡੇ 'ਤੇ ਇੰਝ ਥੋਪਿਆ ਜਾ ਰਿਹਾ ਹੋਵੇ। ਜਿੱਥੇ ਜਨਤਕ ਵਿਚਾਰ-ਚਰਚਾ ਵਿੱਚੋਂ, ਮੀਡੀਆ ਦੇ ਅਹਿਮ ਸੈਕਸ਼ਨਾਂ ਦੀ ਸਮੱਗਰੀ ਵਿੱਚੋਂ, ਹੋਰ ਤਾਂ ਹੋਰ ਡਰਾਉਣੀ ਹੱਦ ਤੱਕ ਸਾਡੇ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿੱਚੋਂ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਨਾਲ਼ ਜੁੜੀਆਂ ਸੱਚਾਈਆਂ ਤੱਕ ਨੂੰ ਮਿਟਾਇਆ ਜਾ ਰਿਹਾ ਹੋਵੇ।

Thelu Mahato's home in Pirra village of Puruliya district, West Bengal where he passed away on April 6, 2023. Thelu never called himself a Gandhian but lived like one for over a century, in simplicity, even austerity.
PHOTO • P. Sainath
PHOTO • P. Sainath

ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਦੇ ਪਿਰੜਾ ਪਿੰਡ ਵਿੱਚ ਠੇਲੂ ਮਹਾਤੋ ਦਾ ਘਰ, ਜਿੱਥੇ 6 ਅਪ੍ਰੈਲ 2023 ਦੀ ਸ਼ਾਮ ਉਨ੍ਹਾਂ ਦੀ ਮੌਤ ਹੋ ਗਈ। ਬਾਬਾ ਠੇਲੂ ਨੇ ਕਦੇ ਖ਼ੁਦ ਨੂੰ ਗਾਂਧੀਵਾਦੀ ਨਹੀਂ ਕਿਹਾ, ਪਰ ਇੱਕ ਸਦੀ ਤੋਂ ਵੱਧ ਸਮੇਂ ਤੱਕ ਉਸੇ ਢੱਰੇ ‘ਤੇ ਹੀ ਜਿਊਂਦੇ ਰਹੇ-ਸਾਦਗੀ ਤੇ ਸੰਯਮ ਨਾਲ਼ ਭਰਪੂਰ। ਸੱਜੇ ਪਾਸੇ: ਠੇਲੂ ਮਹਾਤੋ ਅਤੇ ਉਨ੍ਹਾਂ ਦੇ ਤਾਉਮਰ ਰਹੇ ਸਾਥੀ ਲੋਖੀ ਮਹਾਤੋ ਆਪਣੀਆਂ ਕਹਾਣੀਆਂ ਸੁਣਾਉਣ ਨੂੰ ਬੜੇ ਉਤਾਵਲ਼ੇ ਸਨ

ਠੇਲੂ ਮਹਾਤੋ ਨੇ ਆਪਣੇ-ਆਪ ਨੂੰ ਕਦੇ ਵੀ ਗਾਂਧੀਵਾਦੀ ਨਹੀਂ ਕਿਹਾ ਪਰ ਇੱਕ ਸਦੀ ਤੋਂ ਵੱਧ ਸਮੇਂ ਤੱਕ ਉਸੇ ਢੱਰੇ 'ਤੇ ਜਿਊਂਦੇ ਜ਼ਰੂਰ ਰਹੇ- ਸਾਦਗੀ ਤੇ ਸੰਯਮ ਵਿੱਚ। ਆਜ਼ਾਦੀ ਦੀ ਲੜਾਈ ਵਿੱਚ, ਉਹ ਉਨ੍ਹਾਂ ਸੈਲਾਨੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ 29 ਅਤੇ 30 ਸਤੰਬਰ, 1942 ਨੂੰ ਪੁਰੂਲੀਆ ਦੇ 12 ਪੁਲਿਸ ਸਟੇਸ਼ਨਾਂ 'ਤੇ ਮਾਰਚ ਕੀਤਾ ਸੀ। ਉਹ ਆਪਣੇ ਆਪ ਨੂੰ ਇਕ ਖੱਬੇਪੱਖੀ ਅਤੇ ਇਨਕਲਾਬੀ ਸਮਝਦੇ ਸਨ, ਪਰ ਉਨ੍ਹਾਂ ਨੇ ਅਹਿੰਸਾ ਦਾ ਪੱਲਾ ਉਦੋਂ ਤੱਕ ਨਾ ਛੱਡਿਆ ਜਦੋਂ ਤੱਕ ਕਿ ਨਿਰਦੋਸ਼ ਲੋਕਾਂ ਦੀ ਹਿਫ਼ਾਜ਼ਤ ਅਤੇ ਸਵੈ-ਰੱਖਿਆ ਲਈ ਇਸ ਤੋਂ ਉਲਟ ਰਸਤਾ ਅਖ਼ਤਿਆਰ ਕਰਨ ਨੂੰ ਮਜਬੂਰ ਨਾ ਹੋਣਾ ਪਿਆ ।

ਪਰ ਤੁਸੀਂ ਪੁਲਿਸ ਸਟੇਸ਼ਨ 'ਤੇ ਹੋਏ ਹਿੰਸਕ ਹਮਲੇ ਵਿੱਚ ਸ਼ਾਮਲ ਹੋਏ ਸੀ? ਮੈਂ ਸਾਲ 2022 ਵਿੱਚ ਪਿਰੜਾ ਪਿੰਡ ਵਿਖੇ ਉਨ੍ਹਾਂ ਦੇ ਘਰ ਵਿੱਚ ਬੈਠਿਆਂ ਉਨ੍ਹਾਂ ਤੋਂ ਇਹ ਸਵਾਲ ਕੀਤਾ ਸੀ। ਤਦ ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਹਿੰਸਾ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ। ''ਪੁਲਿਸ ਸਟੇਸ਼ਨਾਂ 'ਤੇ ਭਾਰਤੀ ਝੰਡਾ ਲਹਿਰਾਉਣ ਗਈ ਭੀੜ 'ਤੇ ਅੰਗਰੇਜ਼ਾਂ ਦੀ ਪੁਲਿਸ ਨੇ ਅੰਨ੍ਹੇਵਾਹ ਗੋਲ਼ੀਬਾਰੀ ਕੀਤੀ ਸੀ... ਤੇ ਯਕੀਨੀ ਤੌਰ 'ਤੇ ਲੋਕ ਜਵਾਬੀ ਕਾਰਵਾਈ ਤਾਂ ਕਰਨਗੇ ਹੀ, ਜਦੋਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਦੋਸਤਾਂ, ਪਰਿਵਾਰਾਂ ਤੇ ਸਾਥੀਆਂ ਨੂੰ ਪੁਲਿਸ ਦੀਆਂ ਗੋਲ਼ੀਆਂ ਦਾ ਸ਼ਿਕਾਰ ਹੁੰਦੇ ਦੇਖਣਗੇ।''

ਸਾਡੀ ਇਹ ਗੱਲਬਾਤ ਠੇਲੂ ਮਹਾਤੋ ਤੇ ਉਨ੍ਹਾਂ ਦੇ ਤਾਉਮਰ ਸਾਥੀ ਰਹੇ ਲੋਖੀ ਮਹਾਤੋ ਨਾਲ਼ ਹੋਈ ਸੀ, ਜਿਸ ਵਿੱਚ ਸਾਨੂੰ ਸਮਝ ਆਇਆ ਕਿ ਉਨ੍ਹਾਂ ਦੀ ਪੀੜ੍ਹੀ ਆਸ-ਪਾਸ ਦੇ ਹਾਲਾਤਾਂ ਤੇ ਵਿਚਾਰਾਂ ਪ੍ਰਤੀ ਕਿੰਨੇ ਖੁੱਲ੍ਹੇ ਦਿਮਾਗ਼ ਦੀ ਸੀ, ਪਰ ਇਹਦੇ ਬਾਅਦ ਵੀ ਉਨ੍ਹਾਂ ਪ੍ਰਭਾਵਾਂ ਦੇ ਅਸਰ ਵਿੱਚ ਉਨ੍ਹਾਂ ਦੇ ਕਿਰਦਾਰ ਕਿੰਨੇ ਪੇਚੀਦਾ ਰੂਪ ਵਿੱਚ ਨਿਕਲ਼ ਕੇ ਆਏ। ਬਾਬਾ ਠੇਲੂ ਆਪਣੇ ਜਨੂੰਨ ਤੇ ਸਿਆਸੀ ਸਮਝਦਾਰੀ ਵਿੱਚ ਪੱਕੇ ਖੱਬੇਪੱਖੀ ਸਨ ਤੇ ਨੈਤਿਕਤਾਵਾਂ ਤੇ ਜੀਵਨਸ਼ੈਲੀ ਪੱਖੋਂ ਕੱਟੜ ਗਾਂਧੀਵਾਦੀ। ਪ੍ਰਤੀਬੱਧਤਾ ਤੇ ਸੂਝਬੂਝ ਪੱਖੋਂ ਖੱਬੇਪੱਖੀ ਤੇ ਸ਼ਖ਼ਸੀਅਤ ਪੱਖੋਂ ਗਾਂਧੀਵਾਦੀ ਸਨ; ਲੋਖੀ ਤਾਂ ਹਾਲੇ ਤੀਕਰ ਉਵੇਂ ਹੀ ਹਨ। ਦੋਵੇਂ ਦਹਾਕਿਆਂ ਤੀਕਰ ਕਮਿਊਨਿਸਟ ਪਾਰਟੀ ਦੇ ਮੈਂਬਰ ਰਹਿ ਚੁੱਕੇ ਸਨ।

ਜਿਸ ਖਿੱਤੇ ਵਿੱਚ ਉਹ ਹਮੇਸ਼ਾ ਰਹਿੰਦੇ ਰਹੇ ਸਨ, ਨੇਤਾਜੀ ਸੁਭਾਸ਼ ਚੰਦਰ ਬੋਸ ਜਿਹੀ ਸਖ਼ਸ਼ੀਅਤ ਨੂੰ ਆਪਣਾ ਨਾਇਕ ਮੰਨਣਾ ਸੁਭਾਵਕ ਸੀ। ਨੇਤਾਜੀ, ਠੇਲੂ ਤੇ ਲੋਖੀ ਵਾਸਤੇ ਪੂਰੀ ਦੁਨੀਆ ਸਨ। ਗਾਂਧੀ ਨੂੰ ਉਨ੍ਹਾਂ ਨੇ ਕਦੇ ਦੇਖਿਆ ਨਹੀਂ ਸੀ, ਪਰ ਉਹ ਉਨ੍ਹਾਂ ਵਾਸਤੇ ਬੇਹੱਦ ਪ੍ਰਭਾਵੀ ਸਖ਼ਸ਼ੀਅਤ ਰਹੇ ਸਨ। ਸਥਾਨਕ ਤੌਰ 'ਤੇ ਉਹ ਜਿਨ੍ਹਾਂ ਲੋਕਾਂ ਨੂੰ ਆਪਣਾ ਨਾਇਕ ਮੰਨਦੇ ਸਨ, ਉਨ੍ਹਾਂ ਵਿੱਚੋਂ ਰਾਬਿਨ ਹੁਡ ਜਿਹੀ ਸ਼ਾਖ ਵਾਲ਼ੇ ਤਿੰਨ ਡਾਕੂ ਵੀ ਸ਼ਾਮਲ ਸਨ- ਬਿਪਿਨ, ਦਿਗੰਬਰ ਤੇ ਪਿਤਾਂਬਰ ਸਰਦਾਰ। ਇਹ ਡਾਕੂ ਭਿਆਨਕ ਹਿੰਸਕ ਵਤੀਰਾ ਅਪਣਾ ਸਕਦੇ ਸਨ ਪਰ ਉਨ੍ਹਾਂ ਲੋਕਾਂ ਵਾਸਤੇ ਲੜਦੇ ਸਨ ਜੋ ਜਗੀਰੂ ਜਿਮੀਂਦਾਰੀ ਤੇ ਹੋਰ ਲੋਟੂਆਂ ਦੁਆਰਾ ਲਤਾੜੇ ਜਾਣ 'ਤੇ ਉਨ੍ਹਾਂ ਕੋਲ਼ ਨਿਆਂ ਵਾਸਤੇ ਆਉਂਦੇ ਸਨ; ਉਂਝ ਉਨ੍ਹਾਂ ਦਾ ਤਰੀਕਾ ਕਨੂੰਨ ਦੀ ਨਜ਼ਰ ਵਿੱਚ ਗ਼ਲਤ ਸੀ। ਜਿਸ ਤਰ੍ਹਾਂ ਦੇ ਉਹ ਡਾਕੂ ਸਨ ਉਨ੍ਹਾਂ ਬਾਰੇ ਇਤਿਹਾਸਕਾਰ ਏਰਿਕ ਹੌਬਸਬੌਮ ਨੇ ਲਿਖਿਆ ਸੀ ਕਿ ਉਹ ਬੇਰਹਿਮ ਹੋਣ ਦੇ ਨਾਲ਼ ਨਾਲ਼,''ਆਰਥਿਕ ਤੇ ਸਮਾਜਿਕ ਰਾਜਨੀਤਕ ਢਾਂਚੇ ਨੂੰ ਚੁਣੌਤੀ ਪੇਸ਼ ਕਰਦੇ ਸਨ।''

PHOTO • P. Sainath
PHOTO • P. Sainath

ਠੇਲੂ ਤੇ ਲੋਖੀ ਨੇ ਸਾਨੂੰ ਦਿਖਾਇਆ ਕਿ ਉਨ੍ਹਾਂ ਦੀ ਪੀੜ੍ਹੀ ਆਸ-ਪਾਸ ਦੇ ਮੌਜੂਦਾ ਹਾਲਾਤਾਂ ਤੇ ਵਿਚਾਰਾਂ ਪ੍ਰਤੀ ਕਿੰਨੇ ਖੁੱਲ੍ਹੇ ਦਿਮਾਗ਼ ਦੀ ਸੀ। ਠੇਲੂ ਖ਼ੁਦ ਨੂੰ ਇੱਕ ਖੱਬੇਪੱਖੀ ਤੇ ਇਨਕਲਾਬੀ ਮੰਨਦੇ ਸਨ, ਪਰ ਅਹਿੰਸਾ ਦਾ ਪਾਲਣ ਕਰਦੇ ਸਨ

ਬਾਬਾ ਠੇਲੂ ਅਤੇ ਲੋਖੀ ਨੇ ਇਨ੍ਹਾਂ ਅੱਡ-ਅੱਡ ਵਿਚਾਰਾਂ ਵਿਚਾਲੇ ਕੋਈ ਵਿਰੋਧਤਾਈ ਨਹੀਂ ਦੇਖੀ। ਉਨ੍ਹਾਂ ਦੇ ਮਨ ਵਿੱਚ ਡਾਕੂਆਂ ਪ੍ਰਤੀ ਨਫ਼ਰਤ ਤੇ ਸ਼ਰਧਾ ਦੋਵੇਂ ਭਾਵ ਸਨ। ਉਹ ਉਨ੍ਹਾਂ ਦਾ ਸਨਮਾਨ ਵੀ ਕਰਦੇ ਸਨ ਪਰ ਉਨ੍ਹਾਂ ਦੇ ਹਿੰਸਕ ਨਕਸ਼ੇ-ਕਦਮ 'ਤੇ ਚੱਲੇ ਵੀ ਨਹੀਂ, ਤੇ ਸੁਤੰਤਰਤਾ ਮਿਲ਼ਣ ਤੋਂ ਬਾਅਦ ਦਹਾਕਿਆਂ ਤੱਕ, ਉਹ ਭੂ-ਅਧਿਕਾਰਾਂ ਨਾਲ਼ ਜੁੜੇ ਸੰਘਰਸ਼ਾਂ ਤੇ ਹੋਰ ਅਭਿਆਨਾਂ ਵਿੱਚ ਰਾਜਨੀਤਕ ਰੂਪ ਵਿੱਚ ਗਤੀਸ਼ੀਲ ਰਹੇ- ਗਾਂਧੀਵਾਦੀ ਜੀਵਨ ਜਿਊਂਦੇ ਹੋਏ ਇੱਕ ਖੱਬੇਪੱਖੀ ਦੇ ਰੂਪ ਵਿੱਚ।

ਠੇਲੂ ਮਹਾਤੋ ਕੁਰਮੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਸਨ। ਇਹ ਭਾਈਚਾਰਾ ਬਾਗ਼ੀ ਇਲਾਕੇ ਵਜੋਂ ਪਛਾਣੇ ਜਾਣ ਵਾਲ਼ੇ ਜੰਗਲ ਮਹਿਲ ਵਿੱਚ ਹੋਏ ਕੁੱਲ ਸੰਘਰਸ਼ਾਂ ਵਿੱਚ ਸ਼ਾਮਲ ਰਿਹਾ। ਕੁਰਮੀ ਭਾਈਚਾਰੇ 'ਤੇ ਅੰਗਰੇਜ਼ਾਂ ਨੇ ਕਾਫ਼ੀ ਜ਼ੁਲਮ ਕੀਤੇ ਤੇ ਸਾਲ 1931 ਵਿੱਚ ਉਨ੍ਹਾਂ ਕੋਲ਼ੋਂ ਉਨ੍ਹਾਂ ਦੀ ਆਦਿਵਾਸੀ ਪਛਾਣ ਤੱਕ ਖੋਹ ਲਈ। ਆਪਣੀ ਆਦਿਵਾਸੀ ਪਛਾਣ ਨੂੰ ਦੋਬਾਰਾ ਬਹਾਲ ਕਰਨਾ ਅੱਜ ਵੀ ਇਸ ਭਾਈਚਾਰੇ ਦਾ ਸਭ ਤੋਂ ਵੱਡਾ ਟੀਚਾ ਹੈ ਤੇ ਜਿਸ ਦਿਨ ਬਾਬਾ ਠੇਲੂ ਦੀ ਮੌਤ ਹੋਈ ਉਸੇ ਦਿਨ ਜੰਗਲ ਮਹਿਲ ਵਿੱਚ ਉਸ ਮੰਗ ਨੂੰ ਲੈ ਕੇ ਜਾਰੀ ਅੰਦੋਲਨ ਨੇ ਇੱਕ ਨਵਾਂ ਮੋੜ ਲੈ ਲਿਆ।

ਅਜ਼ਾਦੀ ਘੁਲਾਟੀਆਂ ਨੂੰ ਮਿਲ਼ਣ ਵਾਲ਼ੀ ਪੈਨਸ਼ਨ ਠੇਲੂ ਨੂੰ ਕਦੇ ਵੀ ਨਹੀਂ ਮਿਲ਼ੀ, ਨਾ ਹੀ ਅਜ਼ਾਦੀ ਦੇ ਘੋਲ ਵਿੱਚ ਨਿਭਾਈ ਆਪਣੀ ਭੂਮਿਕਾ ਲਈ ਕੋਈ ਪਛਾਣ ਹੀ ਮਿਲ਼ ਸਕੀ। ਜਦੋਂ ਅਸੀਂ ਉਨ੍ਹਾਂ ਨੂੰ ਅਖ਼ੀਰੀ ਵਾਰ ਮਿਲ਼ੇ ਸਾਂ ਤਾਂ ਉਨ੍ਹਾਂ ਦਾ ਗੁਜ਼ਾਰਾ ਬੁਢਾਪਾ ਪੈਨਸ਼ਨ ਵਿੱਚ ਮਿਲ਼ਣ ਵਾਲ਼ੇ 1000 ਰੁਪਏ ਦੇ ਸਿਰ ਹੀ ਚੱਲ ਰਿਹਾ ਸੀ। ਉਹ ਦਾ ਇੱਕ ਕਮਰੇ ਦਾ ਘਰ ਕਾਫ਼ੀ ਖ਼ਸਤਾ ਹਾਲਤ ਵਿੱਚ ਸੀ, ਜਿਹਦੀ ਛੱਤ ਟੀਨ ਦੀ ਸੀ। ਥੋੜ੍ਹੀ ਹੀ ਦੂਰ ਇੱਕ ਖ਼ੂਹ ਸੀ, ਜੋ ਉਨ੍ਹਾਂ ਆਪਣੇ ਹੱਥੀਂ ਪੁੱਟਿਆ / ਬਣਾਇਆ ਸੀ ਤੇ ਇਸ ਗੱਲ 'ਤੇ ਉਨ੍ਹਾਂ ਨੂੰ ਸਭ ਤੋਂ ਵੱਧ ਫ਼ਖਰ ਸੀ। ਉਹ ਚਾਹੁੰਦੇ ਸਨ ਕਿ ਉਸ ਖ਼ੂਹ ਦੇ ਨਾਲ਼ ਉਨ੍ਹਾਂ ਦੀ ਇੱਕ ਤਸਵੀਰ ਵੀ ਖਿੱਚ ਲਈ ਜਾਵੇ।

ਬਾਬਾ ਠੇਲੂ ਵੱਲੋਂ ਪੁੱਟਿਆ ਖ਼ੂਹ ਅੱਜ ਵੀ ਮੌਜੂਦ ਹੈ। ਪਰ, ਭਾਰਤ ਦੀ ਆਜ਼ਾਦੀ ਲਈ ਲੜਨ ਵਾਲ਼ਿਆਂ ਦੀਆਂ ਯਾਦਾਂ ਉਸ ਖ਼ੂਹ ਤੋਂ ਵੀ ਵੱਧ ਡੂੰਘਾਈ ਵਿੱਚ ਡੁੱਬਦੀਆਂ ਜਾ ਰਹੀਆਂ ਹਨ।

ਤੁਸੀਂ ਬਾਬਾ ਠੇਲੂ, ਲੋਖੀ ਜਿਹੇ ਹੋਰ 14 ਅਜ਼ਾਦੀ ਘੁਲਾਟੀਆਂ ਦੀ ਪੂਰੀ ਕਹਾਣੀ, ਨਵੰਬਰ 2022 ਨੂੰ ਪੈਂਗੂਇਨ ਵੱਲੋਂ ਪ੍ਰਕਾਸ਼ਤ ਪੀ. ਸਾਈਨਾਥ ਦੀ ਕਿਤਾਬ ਦਿ ਲਾਸਟ ਹੀਰੋਜ਼: ਫੁੱਟ ਸੋਲਜਰਜ਼ ਆਫ਼ ਇੰਡੀਅਨ ਫ੍ਰੀਡਮ , ਵਿੱਚ ਪੜ੍ਹ ਸਕਦੇ ਹੋ।

ਤੁਸੀਂ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ( PARI) ' ਤੇ ਮੌਜੂਦ ਫ੍ਰੀਡਮ ਫਾਈਟਰਜ਼ ਗੈਲਰੀ ਵਿੱਚ ਜਾ ਕੇ ਉਹਨਾਂ ਦੀਆਂ ਤਸਵੀਰਾਂ ਅਤੇ ਵੀਡੀਓ ਦੇਖ ਸਕਦੇ ਹੋ।

ਇਹ ਲੇਖ ਸਭ ਤੋਂ ਪਹਿਲਾਂ ਦ ਵਾਇਰ ਵਿੱਚ ਪ੍ਰਕਾਸ਼ਿਤ ਹੋਇਆ ਸੀ

ਤਰਜਮਾ : ਕਮਲਜੀਤ ਕੌਰ

پی سائی ناتھ ’پیپلز آرکائیو آف رورل انڈیا‘ کے بانی ایڈیٹر ہیں۔ وہ کئی دہائیوں تک دیہی ہندوستان کے رپورٹر رہے اور Everybody Loves a Good Drought اور The Last Heroes: Foot Soldiers of Indian Freedom کے مصنف ہیں۔

کے ذریعہ دیگر اسٹوریز پی۔ سائی ناتھ
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur