“ਤੁਸੀਂ ਚਾਣਨ ਵਿੱਚ ਪੈਦਾ ਹੋਏ ਹੋ ਅਤੇ ਅਸੀਂ ਹਨ੍ਹੇਰੇ ਵਿੱਚ,” ਆਪਣੇ ਕੱਚੇ ਘਰ ਬਾਹਰ ਬੈਠੇ ਨੰਦਰਾਮ ਜਮੂਕਾਰ ਕਹਿੰਦੇ ਹਨ। ਅਸੀਂ ਅਮਰਾਵਤੀ ਜ਼ਿਲ੍ਹੇ ਦੇ ਖਾੜੀਮਾਲ ਪਿੰਡ ਵਿੱਚ ਹਾਂ ਜਿੱਥੇ 26 ਅਪ੍ਰੈਲ, 2024 ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਨੰਦਰਾਮ ਜਿਸ ਹਨ੍ਹੇਰੇ ਦਾ ਜ਼ਿਕਰ ਉਸ ਦੇ ਅਰਥ ਬਿਲਕੁਲ ਸਿੱਧੇ ਹਨ ਕਿਉਂਕਿ ਮਹਾਰਾਸ਼ਟਰ ਦੇ ਇਸ ਕਬਾਇਲੀ ਪਿੰਡ ਨੇ ਕਦੇ ਬਿਜਲੀ ਦਾ ਮੂੰਹ ਨਹੀਂ ਵੇਖਿਆ।

“ਹਰ ਪੰਜ ਸਾਲਾਂ ਬਾਅਦ ਕੋਈ ਨਾ ਕੋਈ ਆਉਂਦਾ ਹੈ ਅਤੇ ਬਿਜਲੀ ਲਿਆਉਣ ਦੇ ਵਾਅਦੇ ਕਰਦਾ ਹੈ। ਪਰ ਬਿਜਲੀ ਦੀ ਗੱਲ ਤਾਂ ਛੱਡੋ, ਉਹ ਆਪ ਵੀ ਦੁਬਾਰਾ ਕਦੇ ਮੂੰਹ ਨਹੀਂ ਦਿਖਾਉਂਦੇ,” ਇਹ 48 ਸਾਲਾ ਆਦਮੀ ਕਹਿੰਦੇ ਹਨ। ਮੌਜੂਦਾ ਸੰਸਦ ਮੈਂਬਰ ਨਵਨੀਤ ਕੌਰ ਰਾਣਾ 2019 ਵਿੱਚ ਸ਼ਿਵ ਸੈਨਾ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੰਦਰਾਓ ਅਦਸੂਲ ਨੂੰ ਹਰਾ ਕੇ ਸੱਤਾ ਵਿੱਚ ਆਏ ਸਨ। ਇਸ ਸਾਲ ਓਹ ਭਾਰਤੀ ਜਨਤਾ ਪਾਰਟੀ ਵੱਲੋਂ ਖੜ੍ਹ ਰਹੇ ਹਨ।

ਸ਼ੀਖਾਲਦਾਰਾ ਤਾਲੁਕੇ ਦੇ ਇਸ ਪਿੰਡ ਦੇ 198 ਪਰਿਵਾਰਾਂ (2011 ਜਨਗਣਨਾ) ਦੀ ਜਨਸੰਖਿਆ ਵਿੱਚੋਂ ਜ਼ਿਆਦਾਤਰ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ (MNREGA) ਅਧੀਨ ਅਤੇ ਥੋੜ੍ਹੇ-ਬਹੁਤ, ਜਿਨ੍ਹਾਂ ਕੋਲ ਜ਼ਮੀਨ ਹੈ, ਮੌਸਮੀ ਖੇਤੀ ਕਰਦੇ ਹਨ ਅਤੇ ਜ਼ਿਆਦਾਤਰ ਮੱਕੀ ਉਗਾਉਂਦੇ ਹਨ। ਖਾੜੀਮਾਲ ਵਿੱਚ ਬਹੁਤੇ ਪਰਿਵਾਰ ਅਨੁਸੂਚਿਤ ਕਬੀਲੇ ਨਾਲ ਸਬੰਧਤ ਹਨ ਜਿਨ੍ਹਾਂ ਨੇ ਆਪਣੀ ਬਹੁਤੀ ਜ਼ਿੰਦਗੀ ਸਾਫ ਪਾਣੀ ਅਤੇ ਬਿਜਲੀ ਤੋਂ ਸੱਖਣੀ ਹੀ ਕੱਢ ਦਿੱਤੀ ਹੈ। ਨੰਦਰਾਮ ਕੋਰਕੂ ਕਬੀਲੇ ਨਾਲ ਸਬੰਧਤ ਹਨ ਜੋ ਕੋਰਕੂ ਬੋਲੀ ਬੋਲਦੇ ਹਨ ਅਤੇ ਜਿਸ ਨੂੰ 2019 ਵਿੱਚ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਇੱਕ ਲੁਪਤ ਹੋਣ ਦੇ ਖ਼ਤਰੇ ਵਾਲੀ ਭਾਸ਼ਾ ਵਜੋਂ ਦਰਜ ਕੀਤਾ ਗਿਆ ਹੈ।

'ਅਸੀਂ ਕਿਸੇ ਵੀ ਮੰਤਰੀ ਨੂੰ ਸਾਡੇ ਪਿੰਡ ਵਿੱਚ ਪੈਰ ਨਹੀਂ ਧਰਨ ਦੇਵਾਂਗੇ। ਸਾਲਾਂ ਤੋਂ ਉਹ ਸਾਨੂੰ ਮੂਰਖ ਬਣਾਉਂਦੇ ਆ ਰਹੇ ਹਨ ਪਰ ਹੁਣ ਨਹੀਂ'

ਨੰਦਰਾਮ ਦੇ ਕੋਲ ਬੈਠੇ ਦਿਨੇਸ਼ ਬੇਲਕਰ ਕਹਿੰਦੇ ਹਨ, “ਕਿਸੇ ਬਦਲਾਅ ਨੂੰ ਊਡੀਕਦੇ ਹੋਏ ਅਸੀਂ ਪਿਛਲੇ 50 ਸਾਲਾਂ ਤੋਂ ਵੋਟ ਪਾ ਰਹੇ ਹਾਂ, ਪਰ ਹਰ ਵਾਰ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ।” ਉਹਨਾਂ ਨੂੰ ਆਪਣੇ 8 ਸਾਲਾ ਬੇਟੇ ਨੂੰ 100 ਕਿਲੋਮੀਟਰ ਦੂਰ ਕਿਸੇ ਬੋਰਡਿੰਗ ਸਕੂਲ ਵਿੱਚ ਪਾਉਣਾ ਪਿਆ। ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਪਰ ਪੱਕੀ ਸੜਕ ਅਤੇ ਆਵਾਜਾਈ ਦੀ ਘਾਟ ਕਾਰਨ ਅਧਿਆਪਕ ਰੋਜ਼ਾਨਾ ਨਹੀਂ ਆਉਂਦੇ। “ਉਹ ਹਫਤੇ ਵਿੱਚ ਦੋ ਵਾਰ ਹੀ ਆਉਂਦੇ ਹਨ,” ਦਿਨੇਸ਼, 35,  ਕਹਿੰਦੇ ਹਨ।

ਰਾਹੁਲ ਕਹਿੰਦੇ ਹਨ, “ਬਹੁਤੇ (ਸਿਆਸਤਦਾਨ) ਇੱਥੇ ਸਰਕਾਰੀ ਬੱਸਾਂ ਦੇ ਵਾਅਦੇ ਲੈ ਕੇ ਆਉਂਦੇ ਹਨ ਪਰ ਚੋਣਾਂ ਤੋਂ ਬਾਅਦ ਉਹ ਕਿਤੇ ਨਜ਼ਰ ਨਹੀਂ ਆਉਂਦੇ।” ਆਵਾਜਾਈ ਦੀ ਘਾਟ ਕਾਰਨ ਇਸ 24 ਸਾਲਾ ਮਨਰੇਗਾ ਮਜ਼ਦੂਰ ਨੂੰ ਸਮੇਂ ਸਿਰ ਕਾਗਜ਼ਾਤ ਜ਼ਮ੍ਹਾਂ ਨਾ ਕਰਵਾਉਣ ਕਾਰਨ ਕਾਲਜ ਛੱਡਣਾ ਪਿਆ ਸੀ। “ਅਸੀਂ ਸਿੱਖਿਆ ਤੋਂ ਪੂਰੀ ਤਰ੍ਹਾਂ ਦੂਰ ਹੋ ਚੁੱਕੇ ਹਾਂ,” ਉਹ ਅੱਗੇ ਕਹਿੰਦੇ ਹਨ।

“ਸਿੱਖਿਆ ਬਾਅਦ ਦੀ ਗੱਲ ਹੈ, ਸਾਨੂੰ ਪਹਿਲਾਂ ਪਾਣੀ ਦੀ ਜ਼ਰੂਰਤ ਹੈ,” ਆਪਣੀਆਂ ਭਾਵਨਾਵਾਂ ਨੂੰ ਸੰਭਾਲਦੇ ਹੋਏ ਨੰਦਰਾਮ ਉੱਚੀ ਅਵਾਜ਼ ਵਿੱਚ ਕਹਿੰਦੇ ਹਨ। ਉੱਪਰੀ ਮੇਲਘਾਟ ਇਲਾਕੇ ਵਿੱਚ ਲੰਮੇ ਸਮੇਂ ਤੋਂ ਪਾਣੀ ਦੀ ਕਿੱਲਤ ਰਹੀ ਹੈ।

PHOTO • Swara Garge ,  Prakhar Dobhal
PHOTO • Swara Garge ,  Prakhar Dobhal

ਖੱਬੇ: ਨੰਦਰਾਮ ਜਮੂਕਾਰ (ਪੀਲਾ) ਅਤੇ ਦਿਨੇਸ਼ ਬੇਲਕਾਰ (ਸੰਤਰੀ) ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਖਾੜੀਮਾਲ ਪਿੰਡ ਦੇ ਵਸਨੀਕ ਹਨ। ਇਸ ਪਿੰਡ ਨੇ ਕਦੇ ਵੀ ਸਾਫ ਪਾਣੀ ਅਤੇ ਬਿਜਲੀ ਦਾ ਮੂੰਹ ਨਹੀਂ ਵੇਖਿਆ। ਸੱਜੇ: ਪਿੰਡ ਤੋਂ 15 ਕਿਲੋਮੀਟਰ ਦੂਰ ਵਗਦੀ ਛੋਟੀ ਨਦੀ ਲਗਭਗ ਸੁੱਕ ਗਈ ਹੈ। ਪਰ ਮੌਨਸੂਨ ਦੇ ਦਿਨਾਂ ਵਿੱਚ ਇਲਾਕੇ ਦੇ ਜਲ ਸੋਮੇ ਲੋੜ ਤੋਂ ਵੱਧ ਪਾਣੀ ਨਾਲ ਭਰ ਜਾਂਦੇ ਹਨ ਅਤੇ ਸੜਕਾਂ ਤੇ ਪੁਲਾਂ ਦਾ ਨੁਕਸਾਨ ਕਰਦੇ ਹਨ ਜਿਨ੍ਹਾਂ ਨੂੰ ਮਸਾਂ ਹੀ ਮੁਰੰਮਤ ਨਸੀਬ ਹੁੰਦੀ ਹੈ

ਪਿੰਡਵਾਸੀਆਂ ਨੂੰ ਪਾਣੀ ਲਿਆਉਣ ਲਈ ਰੋਜ਼ਾਨਾ 10-15 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ ਅਤੇ ਇਹ ਕਾਰਜ ਜ਼ਿਆਦਾਤਰ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ। ਪਿੰਡ ਦੇ ਕਿਸੇ ਵੀ ਘਰ ਵਿੱਚ ਟੂਟੀ ਨਹੀਂ ਹੈ। ਰਾਜ ਸਰਕਾਰ ਨੇ ਤਿੰਨ ਕਿਲੋਮੀਟਰ ਦੂਰ ਨਵਲਗਾਓਂ ਤੋਂ ਪਾਣੀ ਦੀ ਸੁਵਿਧਾ ਦੇਣ ਲਈ ਇਲਾਕੇ ਵਿੱਚ ਪਾਈਪਾਂ ਵਿਛਾਈਆਂ ਸਨ। ਪਰ ਇਹ ਪਾਈਪ ਗਰਮੀਆਂ ਦੇ ਮਹੀਨਿਆਂ ਦੌਰਾਨ ਸੁੱਕੇ ਹੀ ਰਹਿੰਦੇ ਹਨ। ਖੂਹਾਂ ਤੋਂ ਨਿਕਲਣ ਵਾਲਾ ਪਾਣੀ ਪੀਣ-ਯੋਗ ਨਹੀਂ ਹੈ। “ਜ਼ਿਆਦਾਤਰ ਸਾਨੂੰ ਭੂਰੇ ਰੰਗ ਦਾ ਪਾਣੀ ਪੀਣਾ ਪੈਂਦਾ ਹੈ।” ਦਿਨੇਸ਼ ਕਹਿੰਦੇ ਹਨ। ਜਿਸਦੇ ਸਿੱਟੇ ਵੱਜੋਂ ਬੱਚਿਆਂ ਅਤੇ ਔਰਤਾਂ ਵਿੱਚ ਦਸਤ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਦੀ ਮਾਰ ਪਈ ਹੈ।

ਖਾੜੀਮਾਲ ਦੀਆਂ ਔਰਤਾਂ ਦੇ ਦਿਨ ਦੀ ਸ਼ੁਰੂਆਤ ਸਵੇਰੇ 3-4 ਵਜੇ ਪਾਣੀ ਲਿਆਉਣ ਲਈ ਲੰਮੀ ਸੈਰ ਨਾਲ ਹੁੰਦੀ ਹੈ। “ਸਾਨੂੰ ਕਤਾਰ ਵਿੱਚ ਤਿੰਨ-ਚਾਰ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ ਜੋ ਸਾਡੇ ਪਹੁੰਚਣ ‘ਤੇ ਨਿਰਭਰ ਕਰਦਾ ਹੈ,” 34 ਸਾਲਾ ਨਾਮਿਆ ਰਾਮਾ ਧਿਕਾਰ ਕਹਿੰਦੀ ਹਨ। ਸਭ ਤੋਂ ਨੇੜੇ ਦਾ ਨਲਕਾ 6 ਕਿਲੋਮੀਟਰ ਦੂਰ ਹੈ। ਨਦੀਆਂ ਦੇ ਸੁੱਕਣ ਕਾਰਨ ਇਹ ਸਥਾਨ ਜੰਗਲੀ ਜਾਨਵਰ ਜਿਵੇਂ ਕਿ ਰਿੱਛ ਅਤੇ ਕਦੇ-ਕਦਾਈਂ ਉੱਪਰੀ ਮੇਲਘਾਟ ਦੇ ਸੇਮਾਦੋਹ ਟਾਈਗਰ ਰਿਜ਼ਰਵ ਤੋਂ ਆਉਣ ਵਾਲੇ ਚੀਤਿਆਂ ਦਾ ਅੱਡਾ ਬਣ ਗਿਆ ਹੈ।

ਪਾਣੀ ਲਿਆਉਣਾ ਦਿਨ ਦਾ ਸਿਰਫ ਪਹਿਲਾ ਕੰਮ ਹੈ। ਨਾਮਿਆ ਵਰਗੀਆਂ ਔਰਤਾਂ ਨੂੰ ਸਵੇਰੇ 8 ਵਜੇ ਮਨਰੇਗਾ ਸਥਾਨਾਂ ‘ਤੇ ਕੰਮ ਲਈ ਜਾਣ ਤੋਂ ਪਹਿਲਾਂ ਘਰ ਦੇ ਸਾਰੇ ਕੰਮ-ਕਾਜ ਕਰਨੇ ਪੈਂਦੇ ਹਨ। ਸਾਰਾ ਦਿਨ ਜ਼ਮੀਨ ਵਾਹੁਣ ਅਤੇ ਢੋਆ-ਢੁਆਈ ਦੇ ਕੰਮ ਤੋਂ ਬਾਅਦ ਉਹਨਾਂ ਨੂੰ ਸ਼ਾਮ ਨੂੰ 7 ਵਜੇ ਦੇ ਕਰੀਬ ਦੁਬਾਰਾ ਪਾਣੀ ਲੈਣ ਜਾਣਾ ਪੈਂਦਾ ਹੈ। ਨਾਮਿਆ ਕਹਿੰਦੀ ਹਨ, “ਸਾਨੂੰ ਅਰਾਮ ਨਹੀਂ ਮਿਲਦਾ। ਸਾਨੂੰ ਬਿਮਾਰੀ ਦੀ ਹਾਲਤ ਵਿੱਚ ਵੀ ਪਾਣੀ ਲੈਣ ਜਾਣਾ ਪੈਂਦਾ ਹੈ, ਇੱਥੋਂ ਤੱਕ ਕਿ ਗਰਭਵਤੀ ਸਥਿਤੀ ਵਿੱਚ ਵੀ ਅਤੇ ਬੱਚਾ ਜੰਮਣ ਤੋਂ ਬਾਅਦ ਵੀ। ਸਾਨੂੰ ਸਿਰਫ ਦੋ ਜਾਂ ਤਿੰਮ ਦਿਨ ਦਾ ਹੀ ਅਰਾਮ ਮਿਲਦਾ ਹੈ।”

PHOTO • Swara Garge ,  Prakhar Dobhal
PHOTO • Prakhar Dobhal

ਖੱਬੇ: ਉੱਪਰੀ ਮੇਲਘਾਟ ਦਾ ਇਹ ਇਲਾਕਾ ਕਈ ਸਾਲਾਂ ਤੋਂ ਪਾਣੀ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਔਰਤਾਂ ਨੂੰ ਦਿਨ ਵਿੱਚ ਦੋ ਵਾਰ ਪਾਣੀ ਢੋਣਾ ਪੈ ਰਿਹਾ ਹੈ।ਨਾਮਿਆ ਰਾਮਾ ਧਿਕਾਰ ਕਹਿੰਦੀ ਹਨ, ‘ਸਾਨੂੰ ਤਿੰਨ ਤੋਂ ਚਾਰ ਘੰਟੇ ਕਤਾਰਾਂ ਵਿੱਚ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਕਦੋ ਪਹੁੰਚਦੇ ਹਾਂ।’ ਸੱਜੇ: ਸਭ ਤੋਂ ਨੇੜੇ ਦਾ ਨਲਕਾ ਪਿੰਡ ਤੋਂ ਛੇ ਕਿਲੋਮੀਟਰ ਦੂਰ ਹੈ

PHOTO • Prakhar Dobhal
PHOTO • Swara Garge ,  Prakhar Dobhal

ਖੱਬੇ: ਇੱਥੇ ਜ਼ਿਆਦਾਤਰ ਪਿੰਡਵਾਸੀ ਮਨਰੇਗਾ ਸਥਾਨਾਂ ‘ਤੇ ਕੰਮ ਕਰਦੇ ਹਨ। ਪਿੰਡ ਵਿੱਚ ਕੋਈ ਡਿਸਪੈਂਸਰੀ ਨਹੀਂ ਹੈ ਅਤੇ ਸਿਰਫ ਇੱਕ ਪ੍ਰਾਇਮਰੀ ਸਕੂਲ ਹੈ ਜਿੱਥੇ ਅਨਿਯਮਿਤ ਕਲਾਸਾਂ ਲੱਗਦੀਆਂ ਹਨ। ਸੱਜੇ: ਨਾਮਿਆ ਰਾਮਾ ਧਿਕਾਰ (ਗੁਲਾਬੀ ਸਾੜੀ ਵਿੱਚ) ਕਹਿੰਦੀ ਹਨ ਕਿ ਔਰਤਾਂ ਨੂੰ ਕਦੇ ਅਰਾਮ ਨਹੀਂ ਮਿਲਦਾ, ਇੱਥੋਂ ਤੱਕ ਕਿ ਬੱਚੇ ਜਣਨ ਤੋਂ ਬਾਅਦ ਵੀ ਨੀ

ਇਸ ਵਾਰ ਚੋਣਾਂ ਵਿੱਚ ਨਾਮਿਆ ਨੇ ਆਪਣਾ ਇੱਕ ਪਾਸਾ ਕਰ ਲਿਆ ਹੈ। “ਮੈਂ ਉਦੋਂ ਤੱਕ ਵੋਟ ਨਹੀਂ ਪਾਵਾਂਗੀ ਜਦੋਂ ਤੱਕ ਪਿੰਡ ਵਿੱਚ ਇੱਕ ਟੂਟੀ ਨਹੀਂ ਲੱਗ ਜਾਂਦੀ।”

ਉਹਨਾਂ ਦਾ ਇਹ ਫੈਸਲਾ ਸਾਰੇ ਪਿੰਡਵਾਸੀਆਂ ਦੀ ਜ਼ੁਬਾਨ ‘ਤੇ ਗੂੰਜ ਰਿਹਾ ਹੈ।

“ਅਸੀਂ ਉਦੋਂ ਤੱਕ ਵੋਟ ਨਹੀਂ ਪਾਵਾਂਗੇ ਜਦੋਂ ਤੱਕ ਕਿ ਸਾਨੂੰ ਪੱਕੀਆਂ ਸੜਕਾਂ, ਬਿਜਲੀ ਅਤੇ ਪਾਣੀ ਦੀ ਸੁਵਿਧਾ ਨਹੀਂ ਮਿਲ ਜਾਂਦੀ,” ਬਬਨੂ ਜਮੂਕਾਰ ਕਹਿੰਦੇ ਹਨ ਜੋ ਖਾੜੀਮਾਲ ਪਿੰਡ ਦੇ ਸਾਬਕਾ ਸਰਪੰਚ ਰਹਿ ਚੁੱਕੇ ਹਨ। “ਅਸੀਂ ਕਿਸੇ ਵੀ ਸਿਆਸਤਦਾਨ ਨੂੰ ਪਿੰਡ ਵਿੱਚ ਪੈਰ ਨਹੀਂ ਧਰਨ ਦੇਵਾਂਗੇ। ਸਾਲਾਂ ਤੋਂ ਉਹ ਸਾਨੂੰ ਮੂਰਖ ਬਣਾਉਂਦੇ ਆ ਰਹੇ ਹਨ ਪਰ ਹੁਣ ਹੋਰ ਨਹੀਂ।

ਤਰਜ਼ਮਾਕਾਰ: ਇੰਦਰਜੀਤ ਸਿੰਘ

Student Reporter : Swara Garge

Swara Garge is a 2023 PARI intern and a final year Masters student from SIMC, Pune. She is a visual storyteller interested in rural issues, culture and economics.

Other stories by Swara Garge
Student Reporter : Prakhar Dobhal

Prakhar Dobhal is a 2023 PARI intern pursuing a Master's degree from SIMC, Pune. Prakhar is an avid photographer and documentary filmmaker interested in covering rural issues, politics and culture.

Other stories by Prakhar Dobhal
Editor : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

Other stories by Sarbajaya Bhattacharya
Translator : Inderjeet Singh

He has post-graduated in English Language and Literature from Punjabi University, Patiala. Language being his major focus, he has translated Anne Frank's 'The Diary Of A Young Girl', thus introducing one culture to the other.

Other stories by Inderjeet Singh