''ਮੈਂ ਜੇਲ੍ਹ ਗਈ ਸਾਂ ਕਿਉਂਕਿ ਮੈਂ ਆਪਣੀ ਜ਼ਮੀਨ ਲਈ ਲੜੀ, ਇਸਲਈ ਨਹੀਂ ਕਿ ਮੈਂ ਕੋਈ ਜ਼ੁਰਮ ਕੀਤਾ ਸੀ। ਮੈਂ ਉਦੋਂ ਵੀ ਜੇਲ੍ਹ ਜਾਣ ਤੋਂ ਡਰਦੀ ਨਹੀਂ ਸਾਂ ਤੇ ਹੁਣ ਵੀ ਨਹੀਂ ਡਰਦੀ,'' ਰਾਜਕੁਮਾਰੀ ਭੁਇਆ ਕਹਿੰਦੀ ਹਨ।

ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਧੂਮਾ ਪਿੰਡ ਦੀ ਰਹਿਣ ਵਾਲ਼ੀ, ਕਰੀਬ 55 ਸਾਲਾ ਰਾਜਕੁਮਾਰੀ ਦਾ ਸਬੰਧ ਭੁਇਆ ਆਦਿਵਾਸੀ ਭਾਈਚਾਰੇ ਨਾਲ਼ ਹੈ। ਕਨਹਰ ਸਿੰਚਾਈ ਪ੍ਰੋਜੈਕਟ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਕਾਰਨ, 2015 ਵਿੱਚ ਉਨ੍ਹਾਂ ਨੂੰ ਚਾਰ ਮਹੀਨੇ ਜੇਲ੍ਹ ਵਿੱਚ ਕੱਟਣੇ ਪਏ। ਕਾਰਕੁੰਨ ਅਤੇ ਸਥਾਨਕ ਭਾਈਚਾਰੇ ਡੂਢੀ ਬਲਾਕ ਵਿੱਚ ਕਨਹਰ ਨਦੀ 'ਤੇ ਬੰਨ੍ਹ ਬਣਾਏ ਜਾਣ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਇਸ ਨਾਲ਼ ਉਨ੍ਹਾਂ ਨੂੰ ਵਿਸਥਾਪਨ ਅਤੇ ਆਪਣੇ ਪਾਣੀ ਦੇ ਵਸੀਲਿਆਂ ਦੇ ਪ੍ਰਦੂਸ਼ਤ ਹੋਣ ਦਾ ਖ਼ਤਰਾ ਸਤਾ ਰਿਹਾ ਹੈ।

ਅਖ਼ਬਾਰਾਂ ਦੀਆਂ ਰਿਪੋਰਟਾਂ ਮੁਤਾਬਕ, ਉਸ ਸਾਲ ਅਪ੍ਰੈਲ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ, ਪੁਲਿਸ ਨੇ ਭੀੜ 'ਤੇ ਗੋਲ਼ੀ ਚਲਾਈ ਅਤੇ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਬਾਅਦ, ਰਾਜਕੁਮਾਰੀ (ਕਵਰ ਫ਼ੋਟੋ ਵਿੱਚ ਖੱਬਿਓਂ ਦੂਸਰੀ) ਨੂੰ ਚੁੱਕ ਲਿਆ ਗਿਆ ਅਤੇ ਧੂਮਾ ਤੋਂ ਕਰੀਬ 200 ਕਿਲੋਮੀਟਰ ਦੂਰ, ਮਿਰਜ਼ਾਪੁਰ ਦੀ ਜ਼ਿਲ੍ਹਾ ਜੇਲ੍ਹ ਡੱਕ ਦਿੱਤਾ ਗਿਆ।

ਸੁਕਾਲੋ ਗੋਂਡ ਵੀ, ਜੋ ਰਾਜਕੁਮਾਰੀ ਵਾਂਗਰ ਹੀ ਆਲ ਇੰਡੀਆ ਯੂਨੀਅਨ ਆਫ ਫਾਰੈਸਟ ਵਰਕਿੰਗ ਪੀਪਲ (AIUFWP) ਦੀ ਮੈਂਬਰ ਹਨ, ਕਨਹਰ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਸਨ। ''ਮੈਂ ਕਨਹਰ ਵਿਖੇ ਪੈਦਾ ਹੋਈ ਸਾਂ ਅਤੇ ਭਾਈਚਾਰੇ ਦੀ ਹਮਾਇਤ ਕਰਨਾ ਚਾਹੁੰਦੀ ਸਾਂ। ਜਦੋਂ ਪੁਲਿਸ ਨੇ (14 ਅਪ੍ਰੈਲ 2015 ਨੂੰ, ਸਵੇਰੇ 10 ਵਜੇ ਦੇ ਕਰੀਬ, ਲਗਭਗ ਦੋ ਘੰਟਿਆਂ ਤੀਕਰ) ਗੋਲ਼ੀਆਂ ਚਲਾਈਆਂ ਤਾਂ ਮੈਂ ਉੱਥੇ ਨਹੀਂ ਸਾਂ। ਮੈਂ ਇਸ ਤੋਂ ਬਾਅਦ ਉੱਥੇ ਗਏ, ਪਰ ਉਦੋਂ ਤੱਕ ਹਿੰਸਾ ਭੜਕ ਉੱਠੀ ਸੀ, ਇਸਲਈ ਅਸੀਂ ਸਾਰੇ ਲੋਕ ਅਲੱਗ-ਅਲੱਗ ਦਿਸ਼ਾਵਾਂ ਵਿੱਚ ਫੈਲ਼ ਗਏ। ਰਾਜਕੁਮਾਰੀ ਆਪਣੇ ਰਸਤੇ ਚਲੀ ਗਈ ਅਤੇ ਮੈਂ ਆਪਣੇ ਰਸਤੇ,'' ਉਹ ਦੱਸਦੀ ਹਨ। ( ਇਸ ਸਟੋਰੀ ਦੀ ਇੰਟਰਵਿਊ ਹੋਣ ਤੋਂ ਬਾਅਦ, ਸੁਕਾਲੋ ਨੂੰ ਦੋਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਹ ਦੋਬਾਰਾ ਤੋਂ ਜੇਲ੍ਹ ਵਿੱਚ ਹਨ। ਇਹ ਵੀ ਦੇਖੋ : https://cjp.org.in/sonebhadras-daughter-sukalo/ )

''ਮੈਂ ਹਫ਼ਤਿਆਂ ਤੱਕ ਦੂਰ ਰਹੀ,'' ਸੁਕਾਲੋ (ਕਵਰ ਫ਼ੋਟੋ ਵਿੱਚ ਸੱਜਿਓਂ ਦੂਸਰੇ ਪਾਸੇ) ਅੱਗੇ ਕਹਿੰਦੇ ਹਨ। ''ਇੱਕ ਆਦਿਵਾਸੀ ਪਰਿਵਾਰ ਜੋ ਸਾਡੇ ਦੂਰ ਦੇ ਰਿਸ਼ਤੇਦਾਰ ਹਨ ਅਤੇ ਸਾਡੇ ਦਰਦ ਨੂੰ ਸਮਝਦੇ ਹਨ, ਉਨ੍ਹਾਂ ਘਰ ਪੈਦਲ ਪਹੁੰਚਣ ਵਿੱਚ ਮੈਨੂੰ ਪੰਜ ਘੰਟੇ ਲੱਗ ਗਏ। ਮੈਂ ਉੱਥੇ ਦੋ ਰਾਤਾਂ ਰੁਕੀ ਅਤੇ ਫਿਰ ਦੂਸਰੇ ਘਰ ਚਲੀ ਗਈ, ਜਿੱਥੇ ਮੈਂ ਅਗਲੇ 10 ਦਿਨਾਂ ਤੱਕ ਰੁਕੀ ਅਤੇ ਫਿਰ ਤੀਜੇ ਘਰ।''

Rajkumari and Sukalo cleaning greens at Sukalo’s house
PHOTO • Sweta Daga

ਧੂਮਾ ਪਿੰਡ ਦੀ ਰਾਜਕੁਮਾਰੀ ਭੁਇਆ (ਖੱਬੇ) ਅਤੇ ਮਝੌਲੀ ਪਿੰਡ ਦੀ ਸੁਕਾਲੋ ਗੌਂਡ (ਸੱਜੇ) ਆਪਣੇ ਯੂਨੀਅਨ (ਸੰਘ) ਰਸ਼ ਅਤੇ ਜੇਲ੍ਹ ਵਿੱਚ ਬਿਤਾਏ ਗਏ ਸਮੇਂ ਬਾਰੇ ਦੱਸ ਰਹੀ ਹਨ

ਲਗਭਗ 51 ਸਾਲਾ ਸੁਕਾਲੋ, ਗੋਂਡ ਆਦਿਵਾਸੀ ਭਾਈਚਾਰੇ ਤੋਂ ਹਨ ਅਤੇ ਡੂਢੀ ਬਲਾਕ ਦੇ ਮਝੌਲੀ ਪਿੰਡ ਵਿਖੇ ਰਹਿੰਦੇ ਹਨ। ਉਹ ਕਹਿੰਦੀ ਹਨ ਕਿ ਉਨ੍ਹਾਂ ਨੂੰ ਕੋਈ ਖ਼ੌਫ਼ ਨਹੀਂ ਸੀ। ''ਮੈਨੂੰ ਪਤਾ ਹੈ ਕਿ ਮੇਰੇ ਬੱਚੇ ਫ਼ਿਕਰ ਕਰ ਰਹੇ ਸਨ, ਮੈਂ ਫ਼ੋਨ ਰਾਹੀਂ ਉਨ੍ਹਾਂ ਨਾਲ਼ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕੀਤੀ। ਅਖ਼ੀਰ ਮੈਂ ਜੂਨ ਮਹੀਨੇ ਘਰ ਗਈ।''

ਬਾਅਦ ਵਿੱਚ ਉਸੇ ਮਹੀਨੇ, ਜਦੋਂ ਸੁਕਾਲੋ ਏਆਈਯੂਐੱਫ਼ਡਬਲਿਊਪੀ ਦੇ ਮੈਂਬਰਾਂ ਦੇ ਨਾਲ਼ ਬੈਠਕ ਵਾਸਤੇ ਰੋਬਰਟਸਗੰਜ ਸ਼ਹਿਰ ਆਈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ''ਤਰੀਖ ਸੀ 30 ਜੂਨ, 2015। ਥੋੜ੍ਹੀ ਹੀ ਦੇਰ ਵਿੱਚ ਦਰਜਨਾਂ ਪੁਲਿਸ ਵਾਲ਼ਿਆਂ ਨੇ (ਯੂਨੀਅਨ (ਸੰਘ) ਦਫ਼ਤਰ ਨੂੰ ਘੇਰਾ ਘੱਤ ਲਿਆ- ਮੈਨੂੰ ਜਾਪਿਆਂ ਜਿਵੇਂ 1000 ਪੁਲਿਸ ਵਾਲ਼ੇ ਹੋਣ! ਮੈਨੂੰ ਪਤਾ ਸੀ ਕਿ ਮੈਂ ਉਸ ਦਿਨ ਜੇਲ੍ਹ ਜਾਊਂਗੀ...''

ਸੁਕਾਲੋ ਨੇ ਕਰੀਬ 45 ਦਿਨ ਜੇਲ੍ਹ ਬਿਤਾਏ। ''ਇਸ ਵਿੱਚ ਦੱਸਣ ਲਈ ਹੈ ਹੀ ਕੀ? ਜੇਲ੍ਹ ਤਾਂ ਜੇਲ੍ਹ ਹੈ। ਬੇੱਸ਼ਕ ਇਹ ਔਖ਼ਾ ਸੀ, ਸਾਡੀ ਸੁਤੰਤਰਤਾ ਖੋਹ ਲਈ ਗਈ ਸੀ, ਕਿਸੇ ਨੂੰ ਵੀ ਦੇਖ ਸਕਣਾ ਮੁਸ਼ਕਲ ਸੀ। ਪਰ ਮੈਂ ਜਾਣਦੀ ਸਾਂ ਕਿ ਮੈਂ ਇਸ ਅੰਦੋਲਨ ਕਾਰਨ ਜੇਲ੍ਹ ਹਾਂ, ਇਸਲਈ ਨਹੀਂ ਕਿ ਮੈਂ ਇੱਕ ਦੋਸ਼ੀ ਹਾਂ। ਮੈਂ ਬਹੁਤ ਜਿਆਦਾ ਨਹੀਂ ਖਾਧਾ, ਹਾਲਾਂਕਿ ਮੇਰੇ ਸਾਥੀ ਮੈਨੂੰ ਖਾਣਾ ਖਾਣ ਲਈ ਕਹਿੰਦੇ ਰਹੇ। ਮੇਰਾ ਮਨ ਨਹੀਂ ਸੀ। ਪਰ ਮੈਂ ਜੇਲ੍ਹ ਨੂੰ ਬਰਦਾਸ਼ਤ ਕਰ ਲਿਆ, ਇਹਨੇ ਮੈਨੂੰ ਹੋਰ ਮਜ਼ਬੂਤ ਬਣਾ ਦਿੱਤਾ।''

ਸੁਕਾਲੋ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ, ਪਰ ਅਜੇ ਵੀ ਉਨ੍ਹਾਂ ਖ਼ਿਲਾਫ਼ ਕਰੀਬ 15 ਮਾਮਲੇ ਲਮਕ ਰਹੇ ਹਨ, ਉਨ੍ਹਾਂ ਦੇ ਹਿਸਾਬ ਮੁਤਾਬਕ ਦੰਗਾ ਭੜਕਾਉਣ, ਡਕੈਤੀ ਅਤੇ ਹਥਿਆਰ ਰੱਖਣ ਜਿਹੇ ਮਾਮਲੇ ਸ਼ਾਮਲ ਹਨ। ਰਾਜਕੁਮਾਰੀ ਦੇ ਖ਼ਿਲਾਫ਼ ਵੀ ਡੂਢੀ ਪੁਲਿਸ ਸਟੇਸ਼ਨ ਵਿੱਚ ਅਜਿਹੇ ਹੀ ਕਈ ਮਾਮਲੇ ਦਰਜ਼ ਹਨ। ਇਹਦਾ ਕਾਰਨ ਕਰਕੇ ਉਨ੍ਹਾਂ ਨੂੰ 2015 ਤੋਂ ਹੀ ਡੂਢੀ ਸ਼ਹਿਰ ਵਿਖੇ ਸਥਿਤ ਜੂਨੀਅਰ ਮੈਜਿਸਟ੍ਰੇਟ ਦੀ ਅਦਾਲਤ ਦੇ ਬਾਰ-ਬਾਰ ਗੇੜ੍ਹੇ ਲਾਉਣੇ ਪੈਂਦੇ ਹਨ- ਅਦਾਲਤ ਦੀ ਤਰੀਖ ਲੈਣ, ਕਾਗ਼ਜ਼ਾਂ 'ਤੇ ਹਸਤਾਖ਼ਰ ਕਰਨ ਅਤੇ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿ ਉਨ੍ਹਾਂ ਨੇ ਸ਼ਹਿਰ ਨਹੀਂ ਛੱਡਿਆ ਹੈ।

ਉਨ੍ਹਾਂ ਨੂੰ ਸਾਰੇ ਮਾਮਲਿਆਂ ਦਾ ਵੇਰਵਾ ਚੇਤੇ ਨਹੀਂ ਹੈ, ਜਿਹਨੂੰ ਉਹ ਆਪਣੇ ਵਕੀਲ, ਰਵਿੰਦਰ ਯਾਦਵ ਸਿਰ ਛੱਡ ਦਿੰਦੀ ਹਨ, ਜੋ ਇਨ੍ਹਾਂ ਵਿੱਚੋਂ ਕਈ ਮਾਮਲਿਆਂ ਨੂੰ ਝੂਠਾ ਕਹਿੰਦੇ ਹਨ। ਹਾਲਾਂਕਿ, ਉਹ ਇਹ ਵੀ ਕਹਿੰਦੇ ਹਨ,''ਉਨ੍ਹਾਂ ਨੇ ( AIUFWP ਨਾਲ਼ ਜੁੜੇ ਲੋਕ, ਜੋ ਉਨ੍ਹਾਂ ਦੀ ਕਨੂੰਨੀ ਫ਼ੀਸ ਨਹੀਂ ਝੱਲ ਸਕਦੇ; https://cjp.org.in/cjp-in-action-defending-adivasi-human-rights-activists-in-courts/ ) ਕੁਝ ਜ਼ਰੂਰ ਕੀਤਾ ਹੋਵੇਗਾ, ਨਹੀਂ ਤਾਂ ਪੁਲਿਸ ਮਾਮਲੇ ਦਰਜ ਕਿਉਂ ਕਰਦੀ?'' ਰਾਜਕੁਮਾਰੀ ਨੂੰ ਇਸ ਗੱਲ 'ਤੇ ਕੋਈ ਹੈਰਾਨੀ ਨਹੀਂ ਹੁੰਦੀ। ''ਨਿਆ ਦਾ ਰਾਹ ਸਿੱਧਾ ਨਹੀਂ ਹੈ,'' ਉਹ ਕਹਿੰਦੀ ਹਨ।

Rajkumari with her lawyer in his chambers
PHOTO • Sweta Daga
Rajkumari leads a community meeting in her village
PHOTO • Sweta Daga

ਰਾਜਕੁਮਾਰੀ (ਐਨ ਵਿਚਕਾਰ) ਡੂਢੀ ਵਿਖੇ ਆਪਣੇ ਖੱਬੇ ਪਾਸੇ ਬੈਠੇ ਆਪਣੇ ਵਕੀਲ ਰਬਿੰਦਰ ਯਾਦਵ ਦੇ ਨਾਲ਼ ; ਅਤੇ ਆਪਣੇ ਪਿੰਡ ਵਿਖੇ ਇੱਕ ਭਾਈਚਾਰਕ ਬੈਠਕ ਦੀ ਅਗਵਾਈ ਕਰ ਰਹੀ ਹਨ

''ਉਨ੍ਹਾਂ ਨੇ (ਪੁਲਿਸ ਨੇ) ਮੈਨੂੰ ਨਿਸ਼ਾਨਾ ਕਿਉਂ ਬਣਾਇਆ ਕਿਉਂਕਿ ਮੈਂ ਯੂਨੀਅਨ (ਸੰਘ) ਦੇ ਨਾਲ਼ ਕੰਮ ਕਰ ਰਹੀ ਸਾਂ।'' ਉਹ ਚੇਤੇ ਕਰਦਿਆਂ ਕਹਿੰਦੀ ਹਨ,''ਜਦੋਂ ਉਨ੍ਹਾਂ ਨੇ ਮੈਨੂੰ ਚੁੱਕਿਆ, ਤਾਂ ਮੈਨੂੰ ਪਾਣੀ ਤੱਕ ਨਾ ਪੀਣ ਦਿੱਤਾ ਗਿਆ। ਜੇਲ੍ਹ ਵਿੱਚ, ਸਾਨੂੰ ਇੱਕ ਪਲੇਟ, ਇੱਕ ਲੋਟਾ (ਮਗ), ਇੱਕ ਕੰਬਲ, ਇੱਕ ਕੌਲ਼ੀ ਅਤੇ ਇੱਕ ਚਟਾਈ ਦਿੱਤੀ ਗਈ। ਅਸੀਂ ਸਵੇਰੇ 5 ਵਜੇ ਉੱਠਦੇ ਸਾਂ। ਆਪਣਾ ਖਾਣਾ ਖ਼ੁਦ ਪਕਾਉਂਦੇ। ਜੇਲ੍ਹ ਦੀ ਸਫ਼ਾਈ ਕਰਦੇ। ਸਾਡਾ ਪੀਣ ਵਾਲ਼ਾ ਪਾਣੀ ਗੰਦਾ ਸੀ। ਅੰਦਰ (ਜੇਲ੍ਹ) 30 ਔਰਤਾਂ ਦੀ ਸਮਰੱਥਾ ਹੁੰਦੀ ਪਰ ਕਦੇ-ਕਦੇ ਅਸੀਂ 90 ਤੱਕ ਹੋ ਜਾਂਦੀਆਂ... ਇੱਕ ਬੱਚੇ ਦਾ ਜਨਮ ਵੀ ਜੇਲ੍ਹ ਅੰਦਰ ਹੀ ਹੋਇਆ। ਜੇਲ੍ਹ ਅੰਦਰ ਬੰਦ ਔਰਤਾਂ ਵਿਚਾਲੇ ਬੜੀਆਂ ਲੜਾਈਆਂ (ਥਾਂ, ਭੋਜਨ, ਸਾਬਣ, ਕੰਬਲ ਨੂੰ ਲੈ ਕੇ) ਹੁੰਦੀਆਂ। ਉੱਥੇ ਥਾਂ ਨਾ ਹੋਣ ਕਾਰਨ ਜੇਲ੍ਹਰ ਸਾਨੂੰ ਕਦੇ-ਕਦੇ ਬਾਥਰੂਮ ਵਿੱਚ ਸੌਣ ਨੂੰ ਕਹਿ ਦਿੰਦੀ।''

ਰਾਜਕੁਮਾਰੀ ਦੇ ਪਤੀ ਮੂਲਚੰਦ ਭੁਇਆ, ਜੋ ਸੰਘ ਦੇ ਮੈਂਬਰ ਵੀ ਹਨ, ਨੇ ਜਦੋਂ ਸੁਣਿਆ ਕਿ ਉਨ੍ਹਾਂ ਦੀ ਪਤਨੀ ਜੇਲ੍ਹ ਵਿੱਚ ਬੰਦ ਹੈ ਤਾਂ ਉਹ ਕਹਿੰਦੇ ਹਨ ਕਿ ਉਹ ਪਰੇਸ਼ਾਨ ਹੋ ਗਏ। ''ਮੈਂ ਪਤਾ ਨਹੀਂ ਸੀ ਕਿ ਅੱਗੇ ਕੀ ਕਰਨਾ ਹੈ। ਮੇਰੀ ਪਹਿਲੀ ਚਿੰਤਾ ਸਾਡੇ ਬੱਚਿਆਂ ਬਾਰੇ ਸੀ- ਸਾਡਾ ਗੁਜ਼ਾਰਾ ਕਿਵੇਂ ਹੋਵੇਗਾ? ਉਹਦੀ ਜ਼ਮਾਨਤ ਕਰਾਉਣ ਲਈ ਮੈਂ ਕਣਕ ਦੀ ਫ਼ਸਲ ਵੇਚ ਦਿੱਤੀ। ਨਹੀਂ ਤਾਂ ਉਹੀ ਅਨਾਜ ਮੈਂ ਆਪਣੇ ਪਰਿਵਾਰ ਵਾਸਤੇ ਬਚਾ ਕੇ ਰੱਖਦਾ ਹਾਂ। ਮੇਰੇ ਸਭ ਤੋਂ ਵੱਡੇ ਬੇਟੇ ਨੇ ਮਾਂ ਨੂੰ ਜੇਲ੍ਹ ਵਿੱਚੋਂ ਕਢਵਾਉਣ ਵਾਸਤੇ ਪੂਰਾ ਧਿਆਨ ਦੇਣ ਖ਼ਾਤਰ ਆਪਣੀ ਨੌਕਰੀ ਤੱਕ ਛੱਡ ਦਿੱਤੀ, ਦੂਸਰਾ ਬੇਟਾ ਪੈਸੇ ਦੀ ਮਦਦ ਕਰਨ ਖ਼ਾਤਰ ਦਿੱਲੀ ਕਮਾਈ ਕਰਨ ਚਲਾ ਗਿਆ। ਉਹਦੇ ਜੇਲ੍ਹ ਜਾਣ ਨਾਲ਼ ਸਾਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ।''

ਰਾਜਕੁਮਾਰੀ ਅਤੇ ਸੁਕਾਲੋ ਦੇ ਮੈਂਬਰਾਂ ਵਾਂਗਰ ਹੀ, ਦੇਸ਼ ਦੇ ਕਈ ਹਿੱਸਿਆਂ ਵਿੱਚ ਆਦਿਵਾਸੀਆਂ ਨੂੰ, ਪ੍ਰੋਜੈਕਟਾਂ ਅਤੇ ਨੀਤੀਆਂ ਖ਼ਿਲਾਫ਼ ਵਿਰੋਧ ਕਰਨ ਕਾਰਨ ਦਹਾਕਿਆਂ ਤੀਕਰ ਸਖ਼ਤ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਪ੍ਰਦਰਸ਼ਨਕਾਰੀ ਜਾਂ ਕੈਦੀ ਔਰਤਾਂ ਹੁੰਦੀਆਂ ਹਨ ਤਾਂ ਇਹ ਸਾਰਾ ਕੁਝ ਹੋਰ ਔਖ਼ੇਰਾ ਹੋ ਜਾਂਦਾ ਹੈ।

''ਜੇਲ੍ਹ ਅੰਦਰ ਬੰਦ ਹਰੇਕ ਔਰਤ ਵਾਸਤੇ ਹਰੇਕ ਪਲ ਦੋਹਰਾ ਖ਼ਤਰਾ ਹੁੰਦਾ ਹੈ। ਉਹ ਸਮਾਜਿਕ ਅਪ੍ਰਵਾਨਗੀ ਅਤੇ ਇੱਕ ਅਸਮਾਨ ਕਨੂੰਨੀ ਲੜਾਈ ਦਾ ਬੋਝ ਝੱਲਦੀਆਂ ਹਨ। ਜੇ ਕੋਈ ਪੁਰਸ਼ ਕੈਦੀ ਹੋਵੇ ਅਤੇ ਖ਼ਾਸ ਕਰਕੇ ਜੇ ਉਹ ਕਮਾਊ ਹੋਵੇ ਤਾਂ ਉਹਦਾ ਪਰਿਵਾਰ ਉਹਨੂੰ ਹਰ ਹੀਲੇ-ਵਸੀਲੇ ਕਰਕੇ ਬਾਹਰ ਕਢਵਾਉਣ ਦੀ ਕੋਸ਼ਿਸ਼ ਕਰੇਗਾ। ਪਰ ਔਰਤ ਕੈਦੀਆਂ ਨਾਲ਼ ਉਨ੍ਹਾਂ ਦੇ ਪਰਿਵਾਰ ਤੋੜ-ਵਿਛੋੜੀ ਹੀ ਕਰ ਲੈਂਦੇ ਹਨ। ਜੇਲ੍ਹ ਜਾਣਾ ਅਸਧਾਰਣ ਤੋਂ ਵੀ ਅਸਧਾਰਣ ਗੱਲ ਮੰਨੀ ਜਾਂਦੀ ਹੈ। ਕੈਦੀਆਂ 'ਤੇ ਅਪਰਾਧੀ ਹੋਣ ਦਾ ਟੈਗ ਚਿਪਕ ਜਾਂਦਾ ਹੈ, ਇਹਦੇ ਨਾਲ਼ ਸਮਾਜ ਨੂੰ ਕੋਈ ਲੈਣਾ-ਦੇਣਾ ਨਹੀਂ ਹੁੰਦਾ ਕਿ ਉਹ ਅੰਡਰ ਟ੍ਰਾਇਲ ਹੈ, ਬਰੀ ਹੈ ਜਾਂ ਦੋਸ਼ੀ ਹੈ। ਔਰਤਾਂ ਨੂੰ ਤਾਂ ਜੇਲ੍ਹ ਦੇ ਤਸ਼ੱਦਦਾਂ ਦੇ ਨਾਲ਼ ਨਾਲ਼ ਸਮਾਜਿਕ ਬਾਈਕਾਟ/ਅਪ੍ਰਵਾਨਗੀ ਤੱਕ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਦਾ ਮੁੜ-ਵਸੇਬਾ ਮੁਸ਼ਕਲ ਬਣ ਜਾਂਦਾ ਹੈ।''

(ਲਾਲਤੀ, ਕਵਰ ਫ਼ੋਟੋ ਵਿੱਚ ਐਨ ਖੱਬੇ ਅਤੇ ਸ਼ੋਭਾ ਐਨ ਸੱਜੇ , ਨਾਲ਼ ਜੁੜੀਆਂ ਹੋਰ ਕਹਾਣੀਆਂ ਵੀ ਦੇਖੋ : Take us, it is better than taking our land

' ਔਰਤਾਂ ਕਈ ਮੋਰਚਿਆਂ ' ਤੇ ਲੜ ਰਹੀਆਂ ਹਨ '

ਸੁਕਾਲੋ 2006 ਵਿੱਚ ਰਾਬਰਟਸਗੰਜ ਦੀ ਇੱਕ ਰੈਲੀ ਵਿੱਚ ਭਾਗ ਲੈਣ ਬਾਅਦ ਆਲ ਇੰਡੀਆ ਯੂਨੀਅਨ ਆਫ਼ ਫੌਰਸਟ (ਯੂਨੀਅਨ) ਵਿੱਚ ਸ਼ਾਮਲ ਹੋਈ ਅਤੇ ਫਿਰ ਇਹਦੀ ਖ਼ਜ਼ਾਨਚੀ ਬਣੀ। ''ਜਦੋਂ ਮੈਂ (ਰੈਲੀ ਤੋਂ) ਘਰ ਵਾਪਸ ਮੁੜੀ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਇਸ ਵਿੱਚ ਸ਼ਾਮਲ ਹੋਣਾ ਚਾਹੁੰਦੀ ਹਾਂ, ਪਰ ਉਹ (ਰਿਹੰਦ ਵਿਖੇ) ਥਰਮਲ ਪਾਵਰ ਪਲਾਂਟ ਵਿੱਚ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਿਹਾ, ਤੂੰ ਇਸ ਵਿੱਚ (ਯੂਨੀਅਨ) ਕਿਵੇਂ ਸ਼ਾਮਲ ਹੋ ਸਕਦੀ ਹੈਂ, ਤੇਰੇ ਬੱਚਿਆਂ ਦੀ ਦੇਖਭਾਲ਼ ਕੌਣ ਕਰੇਗਾ? ਮੈਂ ਜਵਾਬ ਵਿੱਚ ਕਿਹਾ, ਨਹੀਂ ਮੈਨੂੰ ਜਾਪਦਾ ਹੈ ਕਿ ਇਹ ਸਾਡੇ ਲਈ ਚੰਗੀ ਗੱਲ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ ਠੀਕ ਹੈ।'' ਇਹ ਕਹਿ ਉਹ ਮੁਸਕਰਾਉਂਦੀ ਹਨ।

ਸੁਕਾਲੋ ਅਤੇ ਉਨ੍ਹਾਂ ਦੇ ਪਤੀ ਨਾਨਕ ਵੀ ਕਿਸਾਨ ਹਨ; ਉਨ੍ਹਾਂ ਦੀਆਂ ਚਾਰ ਧੀਆਂ ਹਨ ਅਤੇ ਇੱਕ ਬੇਟਾ ਸੀ ਜੋ ਮਰ ਗਿਆ। ਦੋ ਧੀਆਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਦੋ ਨਿਸ਼ਾ ਕੁਮਾਰੀ ਉਮਰ 18 ਸਾਲ ਅਤੇ 13 ਸਾਲਾ ਫੂਲਵੰਤੀ ਘਰੇ ਹੀ ਹਨ। ''ਜਦੋਂ ਮੈਂ ਪਹਿਲੀ ਮੀਟਿੰਗ ਵਿੱਚ ਗਈ ਸਾਂ ਤਾਂ ਉਦੋਂ ਤੋਂ ਹੀ ਇਸ ਕੰਮ ਵਿੱਚ ਰੁੱਝ ਗਈ। ਮੈਂ ਕਦੇ ਮੀਟਿੰਗ ਜਾਣਾ ਨਹੀਂ ਛੱਡਿਆ। ਇਹ ਚੰਗਾ ਲੱਗਿਆ ਕਿਉਂਕਿ ਅਸੀਂ ਇੱਕ ਮਜ਼ਬੂਤ ਭਾਈਚਾਰੇ ਦਾ ਨਿਰਮਾਣ ਕਰ ਰਹੇ ਸਾਂ ਅਤੇ ਮੈਂ ਆਪਣੇ ਜੀਵਨ ਵਿੱਚ ਪਹਿਲੀ ਦਫ਼ਾ ਖ਼ੁਦ ਨੂੰ ਇੰਨਾ ਮਜ਼ਬੂਤ ਮਹਿਸੂਸ ਕੀਤਾ। ਮੈਂ ਪਹਿਲਾਂ ਕਦੇ ਵੀ ਆਪਣੇ ਅਧਿਕਾਰਾਂ ਬਾਰੇ ਨਹੀਂ ਸੋਚਿਆ ਸੀ; ਮੈਂ ਵਿਆਹ ਕੀਤਾ ਅਤੇ ਮੇਰੇ ਬੱਚੇ ਹੋਏ ਅਤੇ ਕੰਮ (ਘਰ ਦਾ ਵੀ ਤੇ ਖੇਤਾਂ ਦਾ ਵੀ) ਕਰਦੀ ਰਹੀ। ਪਰ ਯੂਨੀਅਨ ਵਿੱਚ ਸ਼ਾਮਲ ਹੋਣ ਤੋਂ ਬਾਅਦ, ਮੈਨੂੰ ਆਪਣੇ ਅਧਿਕਾਰਾਂ ਦਾ ਅਹਿਸਾਸ ਹੋਇਆ ਅਤੇ ਹੁਣ ਮੈਂ ਉਨ੍ਹਾਂ ਨੂੰ ਮੰਗਣ ਤੋਂ ਨਹੀਂ ਡਰਦੀ।''

Sukalo at the Union office, cleaning dal
PHOTO • Sweta Daga
The members of the Union from Sukalo’s community
PHOTO • Sweta Daga

ਰਾਬਰਟਸਗੰਜ ਵਿਖੇ ਯੂਨੀਅਨ ਦਫ਼ਤਰ ਵਿਖੇ ਸੁਕਾਲੋ ; ਮਝੌਲੀ ਪਿੰਡ ਦੇ ਨੇੜੇ ਯੂਨੀਅਨ ਮੈਂਬਰ

ਏਆਈਯੂਐਫ਼ਡਬਲਿਊਪੀ (ਮੂਲ਼ ਰੂਪ ਵਿੱਚ 1996 ਵਿੱਚ ਗਠਿਤ, ਫੋਰਮ ਆਫ਼ ਫਾਰੈਸਟ ਪੀਪਲਜ਼ ਐਂਡ ਫਾਰੈਸਟ ਵਰਕਰਜ਼) ਦੀ ਸਥਾਪਨਾ 2013 ਵਿੱਚ ਹੋਈ। ਉੱਤਰਾਖੰਡ, ਬਿਹਾਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਸਣੇ ਕਰੀਬ 15 ਰਾਜਾਂ ਵਿਖੇ, ਇਹਦੇ 150,000 ਮੈਂਬਰ ਹਨ।

ਉੱਤਰ ਪ੍ਰਦੇਸ਼ ਵਿੱਚ, ਇਹ ਸੰਘ ਕਰੀਬ 10,000 ਮੈਂਬਰਾਂ ਦੇ ਨਾਲ਼ 18 ਜ਼ਿਲ੍ਹਿਆਂ ਵਿੱਚ ਕੰਮ ਕਰਦਾ ਹੈ। ਇਹਦੇ ਕਰੀਬ 60 ਫ਼ੀਸਦੀ ਨੇਤਾ, ਔਰਤਾਂ ਹਨ ਅਤੇ ਉਨ੍ਹਾਂ ਦੀ ਮੁੱਖ ਮੰਗ, ਗ੍ਰਾਮ ਸਭਾਵਾਂ ਦੇ ਅਧਿਕਾਰ ਨੂੰ ਮਾਨਤਾ ਦੇ ਕੇ ਅਤੇ ਵਣ ਭਾਈਚਾਰਿਆਂ ਨੂੰ ਸਵੈ-ਸ਼ਾਸਨ ਦਾ ਵਿਕਲਪ ਪ੍ਰਦਾਨ ਕਰਦੇ ਹੋਏ, ਵਣ ਅਧਿਕਾਰ ਐਕਟ (ਏਐੱਫ਼ਏ) ਨੂੰ ਲਾਗੂ ਕਰਨਾ ਹੈ। ਆਦਿਵਾਸੀ ਅਤੇ ਹੋਰ ਭਾਈਚਾਰਿਆਂ ਦੁਆਰਾ ਦਹਾਕਿਆਂ ਤੋਂ ਝੱਲੇ ਜਾ ਰਹੇ ਇਤਿਹਾਸਕ ਆਰਥਿਕ ਅਤੇ ਸਮਾਜਿਕ ਅਨਿਆ ਨੂੰ ਦੂਰ ਕਰਨ ਲਈ 2006 ਵਿੱਚ ਐੱਫ਼ਆਰਏ ਕਨੂੰਨ ਬਣਾਇਆ ਗਿਆ ਸੀ।

''ਇਹ ਔਰਤਾਂ ਕਈ ਮੋਰਚਿਆਂ 'ਤੇ ਲੜ ਰਹੀਆਂ ਹਨ,'' ਏਆਈਯੂਐੱਫ਼ਡਬਲਿਊਪੀ ਦੀ ਸਕੱਤਰ, ਰੋਮਾ ਮਲਿਕ ਕਹਿੰਦੀ ਹਨ। ''ਐੱਫਆਰਏ ਦਾ ਮਕਸਦ ਭਾਈਚਾਰਿਆਂ ਨੂੰ ਜ਼ਮੀਨ ਤੱਕ ਪਹੁੰਚ ਪ੍ਰਦਾਨ ਕਰਨਾ, ਪਰ ਇਹ ਇੱਕ ਸੰਘਰਸ਼ ਹੈ। ਆਦਿਵਾਸੀ ਔਰਤਾਂ ਦੇ ਸਾਹਮਣੇ ਔਖ਼ੀਆਂ ਰੁਕਾਵਟਾਂ ਹਨ- ਉਹ ਜ਼ਿਆਦਾਤਰ ਲੋਕਾਂ ਵਾਸਤੇ ਅਦਿੱਖ ਹਨ। ਸਾਡੇ ਪੱਖ ਵਿੱਚ ਭਾਵੇਂ ਹੁਣ ਕਨੂੰਨ ਹੋਵੇ ਪਰ ਸੱਤਾ 'ਤੇ ਬੈਠੇ ਲੋਕ ਸਾਨੂੰ ਜ਼ਮੀਨ ਨਹੀਂ ਦੇਣਾ ਚਾਹੁੰਦੇ। ਸੋਨਭੱਦਰ ਜ਼ਿਲ੍ਹੇ ਨੂੰ ਅਜੇ ਵੀ ਇੱਕ ਸਾਮੰਤੀ ਰਾਜ ਵਾਂਗਰ ਚਲਾਇਆ ਜਾ ਰਿਹਾ ਹੈ, ਪਰ ਔਰਤਾਂ ਆਪਣੀ ਜ਼ਮੀਨ ਲਈ ਇਕੱਠਿਆਂ ਮਿਲ਼ ਕੇ ਲੜ ਰਹੀਆਂ ਹਨ।''

Rajkumari with her bows and arrow
PHOTO • Sweta Daga

ਰਾਜਕੁਮਾਰੀ ਆਪਣੇ ਭਾਈਚਾਰੇ ਦੇ ਰਵਾਇਤੀ ਧਨੁਖ ਅਤੇ ਤੀਰਾਂ ਦੇ ਨਾਲ਼। ਉਹ ਕਹਿੰਦੀ ਹਨ ਕਿ ਉਹ ਪਿਛਾਂਹ ਨਹੀਂ ਹਟੇਗੀ ਅਤੇ ਨਾ ਹੀ ਆਪਣੀ ਜ਼ਮੀਨ ਹੀ ਛੱਡੇਗੀ

ਰਾਜਕੁਮਾਰੀ 2004 ਨੂੰ ਯੂਨੀਅਨ ਵਿੱਚ ਸ਼ਾਮਲ ਹੋਈ। ਉਹ ਅਤੇ ਉਨ੍ਹਾਂ ਦੇ ਪਤੀ ਮੂਲ਼ਚੰਦ, ਇੱਕ ਛੋਟੀ ਜਿਹੀ ਜੋਤ 'ਤੇ ਸਬਜ਼ੀਆਂ ਅਤੇ ਕਣਕ ਉਗਾਉਂਦੇ ਸਨ ਅਤੇ ਉਹ ਖੇਤ ਮਜ਼ਦੂਰਾਂ ਵਜੋਂ ਵੀ ਕੰਮ ਕਰਦੇ ਸਨ। ਪਰ ਇੰਨੀ ਕਮਾਈ ਵੀ ਉਨ੍ਹਾਂ ਦਾ ਟੱਬਰ ਚਲਾਉਣ ਲਈ ਕਾਫ਼ੀ ਨਹੀਂ ਸੀ। 2005 ਵਿੱਚ, ਰਾਜਕੁਮਾਰੀ ਅਤੇ ਮੂਲ਼ਚੰਦ ਨੇ ਕਈ ਹੋਰ ਪਰਿਵਾਰਾਂ ਦੇ ਨਾਲ਼, ਜੰਗਲਾਤ ਵਿਭਾਗ ਦੁਆਰਾ ਲਈ ਜਾ ਚੁੱਕੀ ਧੂਮਾ ਦੀ ਜ਼ਮੀਨ 'ਤੇ ਦੋਬਾਰਾ ਦਾਅਵਾ ਕੀਤਾ ਤੇ ਉਸ ਜ਼ਮੀਨ ਨੂੰ ਆਪਣੀ ਜ਼ਮੀਨ ਦੱਸਿਆ। ਇੱਕ ਸਾਲ ਬਾਅਦ, ਪੁਰਾਣੀ ਜ਼ਮੀਨ 'ਤੇ ਖੇਤੀ ਜਾਰੀ ਰੱਖਦੇ ਹੋਏ, ਉਨ੍ਹਾਂ ਦੁਆਰਾ ਪ੍ਰਾਪਤ ਕੀਤੀ ਗਈ ਜ਼ਮੀਨ 'ਤੇ ਇੱਕ ਨਵਾਂ ਘਰ ਬਣਾਇਆ।

ਰਾਜਕੁਮਾਰੀ ਯੂਨੀਅਨ ਜ਼ਰੀਏ ਭੂਮੀ ਅਧਿਕਾਰਾਂ 'ਤੇ ਆਪਣਾ ਕੰਮ ਜਾਰੀ ਰੱਖਣਾ ਚਾਹੁੰਦੀ ਹਨ। ਉਹ ਕਹਿੰਦੀ ਹਨ ਕਿ ਜੰਗਲਾਤ ਵਿਭਾਗ ਦੇ ਡਰੋਂ ਉਨ੍ਹਾਂ ਨੂੰ ਆਪਣੇ ਭਾਈਚਾਰੇ ਦੀਆਂ ਹੋਰਨਾਂ ਔਰਤਾਂ ਦੀ ਮਦਦ ਦੀ ਲੋੜ ਹੈ। ਪਰ ਉਹ ਪਿਛਾਂਹ ਨਹੀਂ ਹਟਣਾ ਚਾਹੁੰਦੀ ਅਤੇ ਨਾ ਹੀ ਆਪਣੀ ਜ਼ਮੀਨ ਹੀ ਛੱਡਣਾ ਚਾਹੁੰਦੀ ਹਨ। ''ਸ਼ਕਤੀਸ਼ਾਲੀ ਲੋਕ ਆਦਿਵਾਸੀਆਂ ਦੇ ਨਾਲ਼ ਖੇਡਦੇ ਹਨ,'' ਉਹ ਕਚੀਚੀ ਵੱਟੀ  ਕਹਿੰਦੀ ਹਨ। ''ਅਸੀਂ ਉਨ੍ਹਾਂ ਲਈ ਖਿਡੌਣੇ ਹਾਂ।''

ਉੱਤਰ ਪ੍ਰਦੇਸ਼ ਦੇ ਵਣ ਅਧਿਕਾਰੀਆਂ ਦੇ ਨਾਲ਼ ਇੱਕ ਬੈਠਕ ਵਿੱਚ, ਆਦਿਵਾਸੀਆਂ ਦੇ ਖ਼ਿਲਾਫ਼ ਅੱਤਿਆਚਾਰ ਦੀ ਸ਼ਿਕਾਇਤ ਕਰਨ ਬਾਅਦ, 8 ਜੂਨ, 2018 ਨੂੰ ਸੋਨਭਦਰ ਦੇ ਚੋਪਨ ਰੇਲਵੇ ਸਟੇਸ਼ਨ 'ਤੇ ਸੁਕਾਲੋ ਨੂੰ ਦੋ ਹੋਰ ਲੋਕਾਂ ਦੇ ਨਾਲ਼ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਮਿਰਜ਼ਾਪੁਰ ਦੀ ਜੇਲ੍ਹ ਲਿਜਾਇਆ ਗਿਆ। ''ਐੱਫਆਈਆਰ ਵਿੱਚ ਉਨ੍ਹਾਂ ਦਾ ਨਾਮ ਨਹੀਂ ਸੀ,'' ਰੋਮਾ ਮਲਿਕ ਕਹਿੰਦੀ ਹਨ। ''ਫਿਰ ਵੀ ਉਨ੍ਹਾਂ ਨੂੰ ਸਬਕ ਸਿਖਾਉਣ ਵਾਸਤੇ ਫੜ੍ਹਿਆ ਗਿਆ। ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਵਿਰੋਧ ਵਿੱਚ ਉਨ੍ਹਾਂ ਨੇ ਖਾਣਾ ਵੀ ਨਹੀਂ ਖਾਧਾ। ਉਹ ਦੋਸਤਾਂ ਦੁਆਰਾ ਲਿਆਂਦੇ ਚਨੇ (ਛੋਲੇ) ਅਤੇ ਫਲ ਖਾ ਕੇ ਜਿਊਂਦੀ ਰਹੀ ਹਨ। ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ।''

ਇਲਾਹਾਬਾਦ ਹਾਈ ਕੋਰਟ ਦੇ ਵਕੀਲਾਂ ਦੁਆਰਾ ਇੱਕ ਬੰਦੀ ਪ੍ਰਤੱਖੀਕਰਨ ਅਪੀਲ ਦਾਇਰ ਕੀਤੀ ਗਈ, ਜਿਸ ਵਿੱਚ ਸੁਕਾਲੋ ਅਤੇ ਹੋਰਨਾਂ ਨੂੰ ਗ਼ੈਰ-ਕਨੂੰਨੀ ਤਰੀਕੇ ਨਾਲ਼ ਹਿਰਾਸਤ ਵਿੱਚ ਲਏ ਜਾਣ ਦਾ ਦੋਸ਼ ਲਾਇਆ ਗਿਆ। ਇਹ ਅਪੀਲ 19 ਸਤੰਬਰ ਨੂੰ ਖਾਰਜ ਕਰ ਦਿੱਤੀ ਗਈ। ਉਹਦੇ ਬਾਅਦ 4 ਅਕਤੂਬਰ ਨੂੰ, ਸੁਕਾਲੋ ਨੂੰ ਜ਼ਮਾਨ ਦੇ ਦਿੱਤੀ ਗਈ, ਪਰ ਪ੍ਰਕਿਰਿਆ ਵਿੱਚ ਹੁੰਦੀ ਦੇਰੀ ਕਾਰਨ ਉਨ੍ਹਾਂ ਦੀ ਰਿਹਾਈ ਨੂੰ ਰੋਕ ਦਿੱਤਾ ਗਿਆ ਹੈ। ਉਹ ਅਤੇ ਉਨ੍ਹਾਂ ਦੇ ਸਾਥੀ ਅਜੇ ਵੀ ਜੇਲ੍ਹ ਵਿੱਚ ਹੀ ਹਨ।

ਇਹ ਲੇਖ ਨੈਸ਼ਨਲ ਫਾਊਂਡੇਸ਼ਨ ਆਫ਼ ਇੰਡੀਆ ਮੀਡੀਆ ਅਵਾਰਡਸ ਪ੍ਰੋਗ੍ਰਾਮ ਦੇ ਹਿੱਸੇ ਵਜੋਂ ਲਿਖਿਆ ਗਿਆ ਸੀ ; ਲੇਖਿਕਾ ਨੇ 2017 ਵਿੱਚ ਫੈਲੋਸ਼ਿਪ ਪ੍ਰਾਪਤ ਕੀਤਾ ਸੀ।

ਤਰਜਮਾ: ਨਿਰਮਲਜੀਤ ਕੌਰ

Sweta Daga

Sweta Daga is a Bengaluru-based writer and photographer, and a 2015 PARI fellow. She works across multimedia platforms and writes on climate change, gender and social inequality.

Other stories by Sweta Daga
Translator : Nirmaljit Kaur

Nirmaljit Kaur is based in Punjab. She is a teacher and part time translator. She thinks that children are our future so she gives good ideas to children as well as education.

Other stories by Nirmaljit Kaur