ਯਸ਼ਵੰਤ ਗੋਵਿੰਦ ਇਸ ਗੱਲੋਂ ਖ਼ੁਸ਼ ਹਨ ਕਿ ਉਨ੍ਹਾਂ ਦੀ 10 ਸਾਲਾ ਧੀ ਸਾਤਿਕਾ ਸਕੂਲ ਜਾਂਦੀ ਹੈ। ਉਹ ਕਿਸੇ ਗ੍ਰਾਹਕ ਵੱਲੋਂ ਦਿੱਤੇ ਆਰਡਰ ਨੂੰ ਪੂਰਾ ਕਰਨ ਲਈ ਲੱਕੜ ਚੀਰਦਿਆਂ ਕਹਿੰਦੇ ਹਨ,''ਉਹ ਪੜ੍ਹਨ ਜਾਂਦੀ ਹੈ ਤੇ ਉਹਦੇ ਦੁਪਹਿਰ ਦੇ ਭੋਜਨ ਦਾ ਖ਼ਿਆਲ ਰੱਖਿਆ ਜਾਂਦਾ ਹੈ।'' ਗੱਲ ਜਾਰੀ ਰੱਖਦਿਆਂ ਉਹ ਅੱਗੇ ਕਹਿੰਦੇ ਹਨ,''ਸਾਤਿਕਾ ਸਿਰਫ਼ ਇੱਕ ਕੱਪ ਚਾਹ ਨਾਲ਼ ਹੀ ਦਿਨ ਦੀ ਸ਼ੁਰੂਆਤ ਕਰਦੀ ਹੈ। ਸਕੂਲ ਮਿਲ਼ੇ ਮਿਡ-ਡੇਅ-ਮੀਲ ਤੋਂ ਬਾਅਦ ਉਹ ਸਿਰਫ਼ ਰਾਤ ਨੂੰ ਹੀ ਖਾਣਾ ਖਾਂਦੀ ਹੈ। ਰਾਸ਼ਨ ਡਿਪੂ ਤੋਂ ਮਿਲ਼ਣ ਵਾਲ਼ੇ ਅਨਾਜ ਨਾਲ਼ ਹੀ ਘਰੇ ਰੋਟੀ ਪੱਕਦੀ ਹੈ। ਇਸ ਦਰਮਿਆਨ ਉਹ ਕੁਝ ਨਹੀਂ ਖਾਂਦੀ।

ਪਿੰਡ ਘੋਸਲੀ ਦੇ 47 ਸਾਲਾ ਵਾਸੀ ਗੋਵਿੰਦ ਕਹਿੰਦੇ ਹਨ,''ਰਾਸ਼ਨ ਦੀ ਦੁਕਾਨ ਤੋਂ ਸਾਨੂੰ 25 ਕਿਲੋ ਚੌਲ਼, 10 ਕਿਲੋ ਕਣਕ ਅਤੇ ਦੋ ਕਿਲੋ ਖੰਡ ਮਿਲ਼ਦੀ ਹੈ।'' ਬੋਲ਼ਦੇ ਵੇਲ਼ੇ ਵੀ ਉਹ ਆਪਣੀਆਂ ਨਜ਼ਰਾਂ ਆਪਣੇ ਕੰਮ 'ਤੇ ਹੀ ਗੱਡੀ ਰੱਖਦੇ ਹਨ। ਉਹ ਕਦੇ-ਕਦਾਈਂ ਤਰਖਾਣ ਦਾ ਕੰਮ ਕਰਦੇ ਹਨ ਤੇ ਕਦੇ-ਕਦਾਈਂ ਨਿਰਮਾਣ-ਥਾਵਾਂ 'ਤੇ ਦਿਹਾੜੀ ਲਾ ਲੈਂਦੇ ਹਨ। ਗੋਵਿੰਦ ਅਤੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਮੋਖਾੜਾ ਤਾਲੁਕਾ ਦੇ ਉਨ੍ਹਾਂ ਦੇ ਪਿੰਡ ਦੇ ਬਹੁਤੇਰੇ ਲੋਕੀਂ ਠਾਕਰ ਆਦਿਵਾਸੀ ਭਾਈਚਾਰੇ ਤੋਂ ਹਨ। ਉਹ ਦੱਸਦੇ ਹਨ,''ਸਾਡੇ ਪਰਿਵਾਰ ਵਿੱਚ ਸੱਤ ਲੋਕ ਹਨ। ਅਨਾਜ ਤਾਂ 15 ਦਿਨਾਂ ਵਿੱਚ ਹੀ ਮੁੱਕ ਜਾਂਦਾ ਹੈ।'' ਸਕੂਲੋਂ ਛੁੱਟੀਆਂ ਹੋਣ ਦੀ ਸੂਰਤ ਵਿੱਚ ਬੱਚੇ ਘਰੇ ਹੀ ਰੋਟੀ ਖਾਂਦੇ ਹਨ, ਸੋ ਅਨਾਜ ਹੋਰ ਛੇਤੀ ਮੁੱਕਣ ਲੱਗਦਾ ਹੈ।

ਗੋਵਿੰਦ ਵਾਂਗਰ, ਪਾਲਘਰ ਜ਼ਿਲ੍ਹੇ ਦੇ ਪਿੰਡੀਂ-ਥਾਈਂ ਰਹਿਣ ਵਾਲ਼ੇ ਕਾਫ਼ੀ ਸਾਰੇ ਮਾਪਿਆਂ ਲਈ ਉਨ੍ਹਾਂ ਦੇ ਬੱਚਿਆਂ ਨੂੰ ਮਿਲ਼ਣ ਵਾਲ਼ਾ ਮਿਡ-ਡੇਅ-ਮੀਲ ਹੀ ਉਨ੍ਹਾਂ ਦੇ ਬੱਚਿਆਂ ਦੇ ਪੜ੍ਹਾਈ ਜਾਰੀ ਰੱਖਣ ਦਾ ਮੁੱਖ ਕਾਰਕ ਬਣਦਾ ਹੈ। ਜ਼ਿਲ੍ਹੇ ਦੇ ਕਰੀਬ 30 ਲੱਖ ਲੋਕਾਂ ਵਿੱਚੋਂ, 11 ਲੱਖ ਤੋਂ ਵੱਧ ਲੋਕ ਆਦਿਵਾਸੀ ਭਾਈਚਾਰੇ ਦੇ ਹਨ (2011 ਦੀ ਮਰਦਮਸ਼ੁਮਾਰੀ ਮੁਤਾਬਕ)। ਇੱਥੋਂ ਦੇ ਕਈ ਪਰਿਵਾਰ, ਜਨਤਕ ਵੰਡ ਪ੍ਰਣਾਲੀ ਤਹਿਤ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਜਿਊਣ ਵਾਲ਼ੇ ਪਰਿਵਾਰਾਂ ਨੂੰ ਪ੍ਰਦਾਨ ਕੀਤੇ ਜਾਣ ਵਾਲ਼ੇ ਸਸਤੇ ਰਾਸ਼ਨ 'ਤੇ ਹੀ ਨਿਰਭਰ ਹਨ। ਗੋਵਿੰਦ ਕਹਿੰਦੇ ਹਨ,''ਘੱਟੋ-ਘੱਟ ਮੇਰੀ ਧੀ ਨੂੰ ਤਾਂ ਦੋ ਡੰਗ ਰੱਜਵਾਂ ਭੋਜਨ ਮਿਲ਼ ਹੀ ਜਾਂਦਾ ਹੈ।''

Yashwant Govind doing carpentry work
PHOTO • Parth M.N.
Meal being served to students at the school
PHOTO • Parth M.N.

ਯਸ਼ਵੰਤ ਗੋਵਿੰਦ ਸੰਤੁਸ਼ਟ ਹਨ ਕਿ ਉਨ੍ਹਾਂ ਦੀ ਧੀ ਸਾਤਿਕਾ ਸਕੂਲੇ ਹੀ ਦੁਪਹਿਰ ਦਾ ਭੋਜਨ ਕਰ ਲੈਂਦੀ ਹੈ ; ਘਰੋਂ ਸਿਰਫ਼ ਇੱਕ ਕੱਪ ਚਾਹ ਪੀ ਕੇ ਜਾਣ ਤੋਂ ਬਾਅਦ ਇਹੀ ਉਹਦਾ ਪਹਿਲਾ ਭੋਜਨ ਬਣਦਾ ਹੈ

ਸਾਤਿਕਾ ਪਿੰਡ ਦੇ ਜਿਲ੍ਹਾ ਪਰਿਸ਼ਦ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹਦੀ ਹੈ। ਸਾਲ 2017-18 ਵਿੱਚ, ਕਰੀਬ 46 ਲੱਖ ਵਿਦਿਆਰਥੀ ਮਹਾਰਾਸ਼ਟਰ ਦੇ 61.659 ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿੱਚ ਪੜ੍ਹ ਰਹੇ ਸਨ (2007-08 ਵਿੱਚ ਕਰੀਬ 60 ਲੱਖ ਪੜ੍ਹਨ ਵਾਲ਼ੇ ਬੱਚਿਆਂ ਦੇ ਮੁਕਾਬਲੇ ਘੱਟ; ਇਹ ਸੰਖਿਆ ਉਸ ਸਵਾਲ ਦੇ ਜਵਾਬ ਵਿੱਚ ਪ੍ਰਾਪਤ ਹੋਈ ਜੋ ਮੈਂ ਜੂਨ 2018 ਵਿੱਚ ਸੂਚਨਾ ਦੇ ਅਧਿਕਾਰ ਤਹਿਤ ਪੁੱਛਿਆ ਸੀ)। ਗ੍ਰਾਮੀਣ ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿੱਚ ਬਹੁਤੇਰੇ ਵਿਦਿਆਰਥੀ ਕਿਸਾਨਾਂ, ਖੇਤ-ਮਜ਼ਦੂਰਾਂ ਤੇ ਬਾਕੀ ਕਿਰਤੀ ਪਰਿਵਾਰਾਂ ਵਿੱਚੋਂ ਆਉਂਦੇ ਹਨ ਜੋ ਨਿੱਜੀ ਸਕੂਲਾਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਨਹੀਂ ਸਕਦੇ। (ਪੜ੍ਹੋ Sometimes, there's no place like school )

ਇਹ ਸਕੂਲ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪੋਸ਼ਣ ਦੇਣ ਲਈ ਰਾਸ਼ਟਰੀ ਪ੍ਰੋਗਰਾਮ ਦੀ ਮਿਡ-ਡੇਅ-ਮੀਲ ਯੋਜਨਾ ਤਹਿਤ ਬੱਚਿਆਂ ਨੂੰ ਹਰ ਰੋਜ਼ ਦੁਪਹਿਰ ਦਾ ਭੋਜਨ ਪ੍ਰਦਾਨ ਕਰਦੇ ਹਨ। ''ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 100 ਗ੍ਰਾਮ ਚੌਲ਼ ਅਤੇ 20 ਗ੍ਰਾਮ ਦਾਲ਼ ਮਿਲ਼ ਸਕਦੀ ਹੈ। ਜਮਾਤ 6 ਅਤੇ 8 ਦੇ ਵਿਦਿਆਰਥੀਆਂ ਨੂੰ ਰੋਜ਼ਾਨਾ 150 ਗ੍ਰਾਮ ਚੌਲ਼ ਅਤੇ 30 ਗ੍ਰਾਮ ਦਾਲ਼ ਦੇਣ ਦੀ ਆਗਿਆ ਹੈ,'' ਰਾਮਦਾਸ ਸਾਕੁਰੇ ਦੱਸਦੇ ਹਨ, ਯਕਦਮ ਲੰਚ ਦੀ ਘੰਟੀ ਵੱਜਦੀ ਹੈ। ਸਾਕੁਰੇ, ਘੋਸਲੀ ਤੋਂ 14 ਕਿਲੋਮੀਟਰ ਦੂਰ, ਮੁੱਖ ਤੌਰ 'ਤੇ ਕੋਲੀ ਮਹਾਦੇਵ ਆਦਿਵਾਸੀਆਂ ਦੇ ਪਿੰਡ, ਧੋਂੜਮਾਰਯਾਚਿਮੇਟ ਵਿਖੇ ਸਥਿਤ ਜ਼ਿਲ੍ਹਾ ਪਰਿਸ਼ਦ ਸਕੂਲ ਦੇ ਇੱਕ ਅਧਿਆਪਕ ਹਨ।

ਘੰਟੀ ਦੀ ਅਵਾਜ਼ ਸੁਣਦਿਆਂ ਹੀ 6 ਤੋਂ 13 ਸਾਲ ਦੇ ਬੱਚੇ ਸਟੀਲ ਦੀ ਪਲੇਟ ਚੁੱਕਦੇ ਹਨ, ਉਨ੍ਹਾਂ ਨੂੰ ਬਾਹਰ ਰੱਖੇ ਪਾਣੀ ਦੇ ਡਰੰਮ ਥੱਲੇ ਧੋਂਦੇ ਹਨ ਅਤੇ ਦੁਪਹਿਰ ਦਾ ਭੋਜਨ ਲੈਣ ਲਈ ਸਕੂਲ ਦੇ ਸੱਜੇ ਪਾਸੇ ਨਾਲ਼ ਲੱਗਦੇ ਹਨੂਮਾਨ ਮੰਦਰ ਵਿਖੇ ਜਮ੍ਹਾ ਹੋ ਜਾਂਦੇ ਹਨ। ਦੁਪਹਿਰ ਦਾ 1:30 ਵਜਿਆ ਹੈ ਤੇ ਉਹ ਸਿੱਧੀ ਲਾਈਨ ਬਣਾ ਭੁੰਜੇ ਬਹਿ ਜਾਂਦੇ ਹਨ ਤੇ ਆਪਣੇ-ਆਪਣੇ ਹਿੱਸੇ ਦੇ ਚੌਲ਼-ਦਾਲ਼ ਦੀ ਉਡੀਕ ਕਰਦੇ ਹਨ। ਸਾਕੁਰੇ ਕਹਿੰਦੇ ਹਨ,''5ਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਬਾਲ਼ਣ ਤੇ ਸਬਜ਼ੀਆਂ ਦਾ ਬਜਟ (ਰਾਜ ਸਰਕਾਰ ਵੱਲੋਂ ਮਨਜ਼ੂਰਸ਼ੁਦਾ) 1.51 ਰੁਪਏ ਰੋਜ਼ਾਨਾ ਹੈ। ਜਮਾਤ 6ਵੀਂ ਤੋਂ 8ਵੀਂ ਦੇ ਵਿਦਿਆਰਥੀਆਂ ਵਾਸਤੇ ਇਹ ਬਜਟ 2.17 ਰੁਪਏ ਹੈ। ਰਾਜ ਚੌਲ਼, ਅਨਾਜ, ਤੇਲ, ਲੂਣ ਅਤੇ ਮਸਾਲੇ ਮੁਹੱਈਆ ਕਰਵਾਉਂਦਾ ਹੈ।''

The students at the Dhondmaryachimet ZP school wash their plates before eating their mid-day meal of rice and dal
PHOTO • Parth M.N.
The students at the Dhondmaryachimet ZP school wash their plates before eating their mid-day meal of rice and dal
PHOTO • Parth M.N.

ਧੋਂੜਮਾਰਯਾਚਿਮੇਟ ਜ਼ਿਲ੍ਹਾ ਪਰਿਸ਼ਦ ਸਕੂਲ ਦੇ ਵਿਦਿਆਰਥੀ ਮਿਡ-ਡੇ-ਮੀਲ ਤਹਿਤ ਚੌਲ਼ ਅਤੇ ਦਾਲ਼ ਖਾਣ ਤੋਂ ਪਹਿਲਾਂ ਆਪੋ-ਆਪਣੀਆਂ ਪਲੇਟਾਂ ਧੋ ਰਹੇ ਹਨ

ਬਹੁਤ ਸਾਰੇ ਮਾਪੇ ਅਜਿਹੇ ਹਨ ਜਿਨ੍ਹਾਂ ਲਈ ਉਨ੍ਹਾਂ ਦੇ ਬੱਚਿਆਂ ਦਾ ਢਿੱਡ ਭਰਿਆ ਜਾਣਾ ਵੱਧ ਮਹੱਤਵਪੂਰਨ ਹੈ, ਬਜਾਇ ਇਹਦੇ ਕਿ ਖਾਣੇ ਵਿੱਚ ਕੀ-ਕੀ ਮਿਲ਼ ਰਿਹਾ ਹੈ। ਪੂਨੇ ਸਥਿਤ ਇੱਕ ਪੋਸ਼ਣ ਅਧਿਕਾਰ ਪ੍ਰੋਗਰਾਮ, ਸਾਥੀ ਨਾਲ਼ ਜੁੜੇ ਡਾਕਟਰ ਅਭੈ ਸ਼ੁਕਲਾ ਕਹਿੰਦੇ ਹਨ ਕਿ ਇਸ ਭੋਜਨ ਨਾਲ਼ ਭਾਵੇਂ ਢਿੱਡ ਭਰ ਰਿਹਾ ਹੋਵੇ, ਪਰ ਇਹ ਪੌਸ਼ਟਿਕ ਨਹੀਂ ਹੈ। ਉਹ ਕਹਿੰਦੇ ਹਨ,''ਵੱਧ-ਫੁਲ ਰਹੇ ਬੱਚਿਆਂ ਨੂੰ ਆਦਰਸ਼ ਰੂਪ ਵਿੱਚ 500 ਕੈਲੋਰੀ ਮਿਲ਼ਣੀ ਚਾਹੀਦੀ ਹੈ। ਪਰ 100 ਗ੍ਰਾਮ ਕੱਚੇ ਚੌਲ਼ ਰਿੰਨ੍ਹਣ ਤੋਂ ਬਾਅਦ 350 ਕੈਲੋਰੀ ਹੀ ਮਿਲ਼ ਪਾਉਂਦੀ ਹੈ। ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਸਾ, ਖਣਿਜ, ਵਿਟਾਮਿਨ ਕਿਸੇ ਸੰਤੁਲਿਤ ਭੋਜਨ ਦੇ ਪੰਜ ਬੁਨਿਆਦੀ ਤੱਤ ਹਨ, ਜੋ ਜ਼ਿਲ੍ਹਾ ਪਰਿਸ਼ਦ ਸਕੂਲਾਂ ਦੇ ਖਾਣੇ ਵਿੱਚ ਨਹੀਂ ਮਿਲ਼ਦੇ। 1.51 ਰੁਪਏ ਵਿੱਚ ਤੁਹਾਨੂੰ ਕੀ ਮਿਲ਼ ਸਕਦਾ ਹੈ? ਇਹ ਤਾਂ ਕੁਝ ਵੀ ਨਹੀਂ ਹੈ। ਇਸ ਵਿੱਚ ਉਹ ਬਾਲਣ ਵੀ ਸ਼ਾਮਲ ਹੈ ਜੋ ਹੁਣ ਸਸਤਾ ਨਹੀਂ ਰਿਹਾ। ਅਧਿਆਪਕ ਕਦੇ-ਕਦਾਈਂ ਖਾਣੇ ਵਿੱਚ ਸਬਜ਼ੀਆਂ (ਅਕਸਰ ਸਿਰਫ਼ ਆਲੂ ਹੀ) ਸ਼ਾਮਲ ਕਰ ਪਾਉਂਦੇ ਹਨ; ਉਹ ਵੀ ਹਫ਼ਤੇ ਵਿੱਚ 3 ਜਾਂ 4 ਦਿਨ ਹੀ, ਕਿਉਂਕਿ ਉਨ੍ਹਾਂ ਨੂੰ ਇੰਨੇ ਛੋਟੇ ਬਜਟ ਵਿੱਚ ਜਿਵੇਂ-ਕਿਵੇਂ ਕੰਮ ਸਾਰਨਾ ਪੈਂਦਾ ਹੈ। ਬੱਚੇ ਹਨ ਕਿ ਕੁਪੋਸ਼ਿਤ ਬਣੇ ਹੀ ਰਹਿੰਦੇ ਹਨ।''

ਅਹਿਮਦਾਬਾਦ ਜ਼ਿਲ੍ਹੇ ਦੇ ਅਕੋਲਾ ਤਾਲੁਕਾ ਦੇ ਵੀਰਗਾਓਂ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਦੇ ਕਾਰਕੁੰਨ ਤੇ ਅਧਿਆਪਕ ਭਾਊ ਚਸਕਰ ਕਹਿੰਦੇ ਹਨ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਚੌਲ਼ ਅਤੇ ਮਸਾਲੇ ਕਦੇ-ਕਦੇ ਮਿਲਾਵਟੀ ਹੁੰਦੇ ਹਨ। ਉਹ ਅੱਗੇ ਕਹਿੰਦੇ ਹਨ,''ਮਸਾਲਿਆਂ ਦੀ ਗੁਣਵੱਤਾ ਵੀ ਘੱਟ ਹੁੰਦੀ ਹੈ। ਕਈ ਸਕੂਲਾਂ ਵਿੱਚ ਤਾਂ ਅਨਾਜ ਸਾਂਭਣ ਜਾਂ ਭੋਜਨ ਪਕਾਉਣ ਲਈ ਸ਼ੈੱਡ ਤੱਕ ਨਹੀਂ ਹਨ। ਬੁਨਿਆਦੀ ਢਾਂਚੇ ਦੀ ਘਾਟ ਦਾ ਮਤਲਬ ਹੋਇਆ ਖੁੱਲ੍ਹੇ ਵਿੱਚ ਖਾਣਾ ਪਕਾਇਆ ਜਾਣਾ, ਜਿਸ ਕਾਰਨ ਭੋਜਨ ਦੇ ਦੂਸ਼ਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਪ੍ਰੋਗਰਾਮ ਚੱਲਦਾ ਰਹਿਣਾ ਲਾਜ਼ਮੀ ਹੈ ਪਰ ਇਹਦੇ ਬਿਹਤਰ ਢੰਗ ਨਾਲ਼ ਲਾਗੂ ਹੋਣ ਦੀ ਲੋੜ ਵੀ ਹੈ।''

ਹਿੰਦੁਸਤਾਨ ਟਾਈਮਸ ਦੀ ਦਸਬੰਰ 2017 ਦੀ ਰਿਪੋਰਟ ਮੁਤਾਬਕ, ਜਿਸ ਵਿੱਚ ਸੂਚਨਾ ਦੇ ਅਧਿਕਾਰ ਜ਼ਰੀਏ ਇੱਕ ਕਾਰਕੁੰਨ ਵੱਲ਼ੋਂ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੱਤਾ ਗਿਆ ਸੀ, ਮਹਾਰਾਸ਼ਟਰ ਵਿੱਚ ਪੰਜ ਸਾਲਾਂ ਵਿੱਚ ਮਿਡ-ਡੇ-ਮੀਲ ਕਾਰਨ 504 ਵਿਦਿਆਰਥੀਆਂ ਨੂੰ ਫੂਟ ਪਾਇਜ਼ਨਿੰਗ ਝੱਲਣੀ ਪਈ ਸੀ।

ਵੀਰਗਾਓਂ ਜ਼ਿਲ੍ਹਾ ਪਰਿਸ਼ਦ ਦੇ 44 ਸਾਲਾ ਅਧਿਆਪਕ ਰਾਮ ਵਾਕਚੌਰੇ ਕਹਿੰਦੇ ਹਨ ਕਿ ਉਹ ਕਦੇ-ਕਦੇ ਭਾਵੇਂ ਕਿਸਾਨਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਸਕੂਲ ਨੂੰ ਸਬਜ਼ੀਆਂ ਦੇ ਦਿਆ ਕਰਨ। ਉਹ ਦੱਸਦੇ ਹਨ,''ਜਦੋਂ ਦੇ ਪਾਉਣਾ ਉਨ੍ਹਾਂ ਦੇ ਵੱਸ ਵਿੱਚ ਹੋਵੇ ਤਾਂ ਉਹ ਜ਼ਰੂਰ ਦਿੰਦੇ ਹਨ। ਪਰ ਬੰਜਰ ਜ਼ਮੀਨ ਵਾਲ਼ੇ ਇਲਾਕਿਆਂ ਵਿੱਚ ਤਾਇਨਾਤ ਅਧਿਆਪਕ ਇੰਝ ਵੀ ਕਰ ਨਹੀਂ ਸਕਦੇ।'' ( ' ਮੈਨੂੰ ਅਧਿਆਪਕ ਹੋਣ ਦਾ ਅਹਿਸਾਸ ਹੀ ਨਹੀਂ ਹੋ ਪਾਉਂਦਾ ' )

Lakshmi Digha cooking outside her house
PHOTO • Parth M.N.
Mangala Burange with her son Sagar seated outside their house
PHOTO • Parth M.N.

ਖੱਬੇ ਪਾਸੇ: ਘੋਸਲੀ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਖਾਣਾ ਪਕਾਉਣ ਤੇ ਸਾਫ਼-ਸਫ਼ਾਈ ਕਰਨ ਵਾਲ਼ੀ ਲਕਸ਼ਮੀ ਦੀਘਾ ਕਹਿੰਦੀ ਹਨ ਕਿ ਕਦੇ-ਕਦਾਈਂ ਤਾਂ ਉਨ੍ਹਾਂ ਨੂੰ ਸਕੂਲ ਦਾ ਰਾਸ਼ਨ ਪੂਰਾ ਕਰਨ ਲਈ ਆਪਣੇ ਘਰ ਦਾ ਰਾਸ਼ਨ ਇਸਤੇਮਾਲ ਕਰਨਾ ਪੈਂਦਾ ਹੈ। ਸੱਜੇ ਪਾਸੇ: ਇਸ ਮੌਸਮ ਵਿੱਚ ਫ਼ਸਲ ਖ਼ਰਾਬ ਹੋਣ ਕਾਰਨ, ਮੁੰਗਲਾ ਬੁਰੰਗੇ  ਆਪਣੇ ਬੇਟੇ ਨੂੰ ਮਿਲ਼ਣ ਵਾਲ਼ੇ ਮਿਡ-ਡੇਅ-ਮੀਲ ਨੂੰ ਬੋਨਸ ਦੇ ਰੂਪ ਵਿੱਚ ਦੇਖਦੀ ਹਨ

ਇਸਲਈ, ਲਕਸ਼ਮੀ ਦੀਘਾ ਕਦੇ-ਕਦਾਈਂ ਘੋਸਲੀ ਦੇ ਜਿਹੜੇ ਜ਼ਿਲ੍ਹਾ ਪਰਿਸ਼ਦ ਸਕੂਲ ਵਿਖੇ 103 ਵਿਦਿਆਰਥੀਆਂ ਲਈ ਖਾਣਾ ਪਕਾਉਂਦੀ ਹਨ, ਉਹਦੇ ਮਿਡ-ਡੇਅ-ਮੀਲ ਵਿੱਚ ਘਰ ਦੇ ਰਾਸ਼ਨ (ਜਨਤਕ ਵੰਡ ਪ੍ਰਣਾਲੀ ਤਹਿਤ ਮਿਲ਼ਣ ਵਾਲ਼ੇ) ਤੱਕ ਦਾ ਇਸਤੇਮਾਲ ਕਰ ਲੈਂਦੀ ਹਨ। ਉਹ ਕਹਿੰਦੀ ਹਨ,''ਅਸੀਂ 'ਐਡਜੈਸਟ' ਕਰ ਹੀ ਲੈਂਦੇ ਹਾਂ। ਪਰ ਇਹ ਉਦੋਂ ਇੱਕ ਵਿਕਲਪ ਬਣ ਜਾਂਦਾ ਹੈ ਜਦੋਂ ਸਾਨੂੰ ਸਮੇਂ ਸਿਰ ਚੌਲ਼ ਨਹੀਂ ਮਿਲ਼ਦੇ।'' ਉਹ ਸਕੂਲ ਦੇ ਨੇੜੇ ਇੱਕ ਸ਼ੈੱਡ ਵਿੱਚ, ਇੱਕ ਦੇਗ਼ ਵਿੱਚ ਪੱਕ ਰਹੀ ਖਿਚੜੀ ਨੂੰ ਹਿਲਾ ਰਹੀ ਹਨ। ਉਹ ਕਹਿਣ ਲੱਗਦੀ ਹਨ,''ਅਸੀਂ ਬੱਚਿਆਂ ਨੂੰ ਭੁੱਖਾ ਨਹੀਂ ਰੱਖ ਸਕਦੇ। ਉਹ ਸਾਡੇ ਆਪਣੇ ਬੱਚਿਆਂ ਵਾਂਗਰ ਨੇ।'' ਜ਼ਿਲ੍ਹਾ ਪਰਿਸ਼ਦ ਹਰ ਮਹੀਨੇ ਦੇ ਪਹਿਲੇ ਹਫ਼ਤੇ ਸਕੂਲ ਨੂੰ ਅਨਾਜ ਦੀ ਸਪਲਾਈ ਕਰਦਾ ਹੈ, ਪਰ ਇਸ ਵਿੱਚ ਕਦੇ-ਕਦਾਈਂ ਦੇਰੀ ਵੀ ਹੋ ਜਾਂਦੀ ਹੈ।

ਦੀਘਾ ਦਾ ਦਿਨ ਸਵੇਰੇ ਛੇ ਵਜੇ ਸ਼ੁਰੂ ਹੁੰਦਾ ਹੈ ਅਤੇ ਸ਼ਾਮ 4:30 ਵਜੇ ਸਕੂਲ ਬੰਦ ਹੋਣ ਦੇ ਨਾਲ਼ ਖ਼ਤਮ ਹੁੰਦੀ ਹੈ। ਉਹ ਕਹਿੰਦੀ ਹਨ,''ਵਿਦਿਆਰਥੀਆਂ ਦੇ ਆਉਣ ਤੋਂ ਪਹਿਲਾਂ ਮੈਂ ਵਿਹੜਾ ਹੂੰਝ ਲੈਂਦੀ ਹਾਂ, ਫਿਰ (ਨੇੜਲੀ ਬੰਬੀ ਤੋਂ) ਪਾਣੀ ਭਰਦੀ ਹਾਂ। ਮੈਂ ਮੋਖਾੜਾ (ਉਨ੍ਹਾਂ ਦੇ ਪਿੰਡੋਂ ਚਾਰ ਕਿਲੋਮੀਟਰ ਦੂਰ) ਤੋਂ ਸਬਜ਼ੀਆਂ ਖਰੀਦਦੀ ਹਾਂ, ਉਨ੍ਹਾਂ ਨੂੰ ਕੱਟਦੀ ਹਾਂ ਤੇ ਖਾਣਾ ਤਿਆਰ ਕਰਦੀ ਹਾਂ। ਮੈਂ ਦੁਪਹਿਰ ਦੇ ਭੋਜਨ ਤੋਂ ਬਾਅਦ ਸਫ਼ਾਈ ਕਰਦੀ ਹਾਂ... ਇਨ੍ਹਾਂ ਸਾਰੇ ਕੰਮਾਂ ਵਿੱਚ ਹੀ ਮੇਰੀ ਪੂਰੀ ਦਿਹਾੜੀ ਲੰਘ ਜਾਂਦੀ ਹੈ।''

ਦੀਘਾ ਦੇ ਪਤੀ ਇੱਕ ਦਿਹਾੜੀ ਮਜ਼ਦੂਰ ਹਨ ਤੇ ਦੀਘਾ ਵੀ ਇੰਨੇ ਸਾਰੇ ਕੰਮ ਕਿਸੇ ਸਹਾਇਕ ਦੀ ਮਦਦ ਤੋਂ ਬਗ਼ੈਰ ਇਕੱਲਿਆਂ ਹੀ ਕਰਦੀ ਹਨ, ਇਸੇ ਕਰਕੇ ਉਹ ਮਹੀਨਾ ਦਾ 1,500 ਰੁਪਏ ਕਮਾ ਲੈਂਦੀ ਹਨ। ਉਂਝ ਮਹਾਰਾਸ਼ਟਰ ਦੇ ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿੱਚ ਰਸੋਈਏ ਦੀ ਤਨਖ਼ਾਹ 1,000 ਰੁਪਏ ਹੀ ਹੈ। ਮਹੀਨੇ ਦੇ 20 ਦਿਨ ਰੋਜ਼ 10 ਘੰਟਿਆਂ ਦੀ ਦਿਹਾੜੀ ਹੁੰਦੀ ਹੈ। ਖਾਣਾ ਪਕਾਉਣ ਵਾਲ਼ੇ ਨੂੰ ਦਿਹਾੜੀ ਦੇ 50 ਰੁਪਏ ਮਿਲ਼ਦੇ ਹਨ। ਅਧਿਆਪਕਾਂ ਤੇ ਮਿਡ-ਡੇਅ-ਮੀਲ ਕਰਮਚਾਰੀਆਂ ਦੁਆਰਾ ਲਗਾਤਾਰ ਚੁੱਕੀ ਜਾਂਦੀ ਮੰਗ ਕਾਰਨ ਇਹ ਰਾਸ਼ੀ ਹੁਣ ਫ਼ਰਵਰੀ 2019 ਤੋਂ ਬਾਅਦ ਵੱਧ ਕੇ 1,500 ਰੁਪਏ ਹੋਣ ਵਾਲ਼ੀ ਹੈ। ਖਿੜੇ ਮੱਥੇ ਨਾਲ਼ ਲਕਸ਼ਮੀ ਕਹਿੰਦੀ ਹਨ,''ਜਨਵਰੀ ਮਹੀਨੇ ਵਿੱਚ ਮੈਨੂੰ 12,000 ਰੁਪਏ ਮਿਲ਼ੇ ਸਨ। ਮੇਰੀ ਅੱਠ ਮਹੀਨਿਆਂ ਦੀ ਤਨਖ਼ਾਹ ਬਕਾਇਆ ਸੀ।''

ਪਾਲਘਰ ਵਰਗੇ ਜ਼ਿਲ੍ਹੇ ਵਿੱਚ ਖੇਤ ਸੋਕੇ ਮਾਰੇ ਹਨ ਅਤੇ ਘੱਟ ਝਾੜ ਦੇਣ ਵਾਲ਼ੇ ਹਨ। ਇੱਥੋਂ ਦੇ ਨਿਵਾਸੀ ਵੀ ਦਿਹਾੜੀ-ਧੱਪਾ ਲਾ ਕੇ ਹੀ ਗੁਜ਼ਾਰਾ ਕਰਦੇ ਹਨ ਅਜਿਹੀ ਸੂਰਤੇ-ਹਾਲ ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿੱਚ ਕਿਸੇ ਰਸੋਈਏ ਨੂੰ ਟਿਕਾਈ ਰੱਖਣਾ ਵੱਡੀ ਮੁਸੀਬਤ ਹੈ। ਹਾਲਾਂਕਿ, ਖੇਤੀ ਨਾਲ਼ ਜੁੜੀਆਂ ਗਤੀਵਿਧੀਆਂ ਵਾਲ਼ੇ ਇਲਾਕਿਆਂ ਵਿੱਚ ਵੀ ਰਸੋਈਏ ਨੂੰ ਕੰਮ ਨਾਲ਼ ਜੋੜੀ ਰੱਖਣਾ ਅਧਿਆਪਕਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ।

Alka Gore cooking at the ZP school
PHOTO • Parth M.N.
The children at the Ghosali school, as in all ZP schools, await the mid-day meal
PHOTO • Parth M.N.

ਖੱਬੇ ਪਾਸੇ: ਅਲਕਾ ਗੋਰੇ ਇੱਕ ਖੇਤ ਮਜ਼ਦੂਰ ਵਜੋਂ ਕੰਮ ਕਰਕੇ ਪੈਸਾ ਕਮਾਉਂਦੀ ਸਨ, ਪਰ ਸੋਕਾ ਪੈਣ ਕਾਰਨ ਖੇਤਾਂ ਵਿੱਚ ਕੰਮ ਬਾਕੀ ਨਾ ਰਿਹਾ, ਇਸਲਈ ਉਹ ਸਕੂਲਾਂ ਵਿੱਚ ਖਾਣਾ ਪਕਾਉਂਦੀ ਹਨ। ਸੱਜੇ ਪਾਸੇ: ਜ਼ਿਲ੍ਹਾ ਪਰਿਸ਼ਦ ਦੇ ਸਾਰੇ ਸਕੂਲਾਂ ਵਾਂਗਰ, ਘੋਸਲੀ ਸਕੂਲ ਦੇ ਬੱਚੇ ਵੀ ਮਿਡ-ਡੇਅ-ਮੀਲ ਦੀ ਉਡੀਕ ਕਰਦੇ ਹਨ

ਅਹਿਮਦਨਗਰ ਜ਼ਿਲ੍ਹੇ ਦੇ ਸ਼ੇਲਵਿਹਿਰੇ ਪਿੰਡ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਦੇ ਪ੍ਰਿੰਸੀਪਲ, ਅਨਿਲ ਮੋਹਿਤੇ ਨੇ ਜੁਲਾਈ 2018 ਵਿੱਚ ਕੁਝ ਹਫ਼ਤਿਆਂ ਤੱਕ ਵਿਦਿਆਰਥੀਆਂ ਲਈ ਖਾਣਾ ਪਕਾਇਆ ਸੀ। ਉਹ ਕਹਿੰਦੇ ਹਨ,''ਲਾਂਗਰੀ (ਰਸੋਈਆ) ਨੇ ਬਗ਼ੈਰ ਦੱਸਿਆਂ ਨੌਕਰੀ ਛੱਡ ਦਿੱਤੀ ਸੀ। ਕਿਸੇ ਦੂਜੇ ਦੇ ਲੱਭੇ ਜਾਣ ਤੱਕ, ਮੈਂ ਹੀ ਰਸੋਈ ਦਾ ਮੁਖੀਆ ਸੀ। ਇਸ ਵਕਫ਼ੇ ਦੌਰਾਨ, ਮੈਂ ਬੱਚਿਆਂ ਨੂੰ ਬੜੇ ਥੋੜ੍ਹੇ ਸਮੇਂ ਲਈ ਹੀ ਪੜ੍ਹਾ ਪਾਉਂਦਾ। ਖਾਣਾ ਪਕਾਉਣ ਨਾਲ਼ੋਂ ਉਨ੍ਹਾਂ ਦੀ ਪੜ੍ਹਾਈ ਨੂੰ ਤਰਜੀਹ ਦੇ ਪਾਉਣਾ ਮੇਰੇ ਵੱਸ ਵਿੱਚ ਰਿਹਾ ਹੀ ਨਾ।'' (ਪੜ੍ਹੋ: ZP schools: coping without power, water, toilets )

ਵੀਰਗਾਓਂ ਦੇ ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿੱਚ- ਜੋ ਸ਼ੇਲਵਿਹਿਰੇ ਤੋਂ 35 ਕਿਲੋਮੀਟਰ ਦੂਰ ਹੈ- ਖ਼ੁਦ ਅਧਿਆਪਕ ਆਪਣੇ ਪੱਲਿਓਂ 1,000 ਰੁਪਏ ਜਮ੍ਹਾਂ ਕਰਕੇ ਦੋਵਾਂ ਲਾਂਗਰੀਆਂ ਵਿੱਚੋਂ ਹਰੇਕ ਨੂੰ ਤਨਖ਼ਾਹ ਤੋਂ ਇਲਾਵਾ 500 ਰੁਪਏ ਅੱਡ ਤੋਂ ਦਿੰਦੇ ਹਨ। ਲਾਂਗਰੀਆਂ ਵਿੱਚੋਂ ਇੱਕ, ਅਲਕਾ ਗੋਰੇ ਦਾ ਕਹਿਣਾ ਹੈ ਕਿ ਜਦੋਂ ਉਹ ਖੇਤ ਮਜ਼ਦੂਰ ਸਨ ਤਾਂ ਦਿਹਾੜੀ ਦਾ 150-200 ਰੁਪਏ ਕਮਾ ਲੈਂਦੀ ਸਨ। ਉਹ ਕਹਿੰਦੀ ਹਨ,''ਜੇ ਮੇਰੀਆਂ ਹਫ਼ਤੇ ਵਿੱਚ ਤਿੰਨ ਦਿਹਾੜੀਆਂ ਵੀ ਲੱਗਣ ਤਾਂ ਵੀ ਮੈਂ ਸਕੂਲ ਤੋਂ ਮਿਲ਼ਣ ਵਾਲ਼ੀ ਤਨਖ਼ਾਹ ਤੋਂ ਤਾਂ ਵੱਧ ਹੀ ਕਮਾ ਲਵਾਂਗੀ।'' ਪਰ ਸੋਕੇ ਕਾਰਨ ਖੇਤਾਂ ਵਿੱਚ ਕੰਮ ਹੈ ਹੀ ਨਹੀਂ, ਜਿਸ ਕਾਰਨ ਕਰਕੇ ਉਹ ਸਕੂਲ ਵਿੱਚ ਕੰਮ ਕਰਨ ਨੂੰ ਮਜ਼ਬੂਰ ਹੋ ਗਈ। ਅੱਗੇ ਗੱਲ ਜੋੜਦਿਆਂ ਉਹ ਕਹਿੰਦੀ ਹਨ,''ਅਧਿਆਪਕਾਂ ਨੇ ਜਦੋਂ ਅਸਥਾਈ ਰੂਪ ਨਾਲ਼ ਮੇਰੀ ਤਨਖ਼ਾਹ ਵਧਾ ਦਿੱਤੀ, ਤਾਂ ਮੈਂ ਇੱਥੇ ਹੀ ਰੁਕੀ ਰਹਿ ਗਈ। ਪਰ ਮਾਨਸੂਨ ਆਉਂਦਿਆਂ ਹੀ ਬੀਜਾਈ ਦਾ ਕੰਮ ਸ਼ੁਰੂ ਹੁੰਦਿਆਂ ਹੀ ਮੈਨੂੰ ਦੋਬਾਰਾ ਸੋਚਣਾ ਪੈਣਾ ਹੈ। ਮੈਂ ਆਪਣਾ ਪੂਰਾ ਦਿਨ ਸਕੂਲ ਵਿੱਚ ਹੀ ਬਿਤਾਉਂਦੀ ਹਾਂ, ਮਗਰ ਬਚੇ ਸਮੇਂ ਦੌਰਾਨ ਖੇਤਾਂ ਵਿੱਚ ਕੰਮ ਮਿਲ਼ਣਾ ਮੁਸ਼ਕਲ ਹੈ। ਮੈਂ ਆਪਣੀਆਂ ਤਿੰਨ ਧੀਆਂ ਦੀ ਦੇਖਭਾਲ਼ ਵੀ ਕਰਨੀ ਹੁੰਦੀ ਹੈ।''

ਦੂਜੇ ਪਾਸੇ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮਿਡ-ਡੇਅ-ਮੀਲ 'ਤੇ ਇੰਨੇ ਕੁ ਨਿਰਭਰ ਹਨ ਕਿ ਕਿਸੇ ਬੇਤਰਤੀਬੀ ਦੀ ਸ਼ਿਕਾਇਤ ਵੀ ਨਹੀਂ ਕਰ ਪਾਉਂਦੇ। ਮੰਗਲਾ ਬੁਰੰਗੇ, ਜਿਨ੍ਹਾਂ ਦਾ 13 ਸਾਲਾ ਬੇਟਾ, ਸੂਰਜ ਧੋਂੜਮਾਰਯਾਚਿਮੇਟ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਪੜ੍ਹਦਾ ਹੈ, ਉਹ ਕਹਿੰਦੀ ਹਨ,''ਸਾਡੇ ਕੋਲ਼ ਮਸਾਂ ਹੀ ਇੱਕ ਏਕੜ (ਕਿਲਾ) ਪੈਲ਼ੀ ਹੈ, ਜਿਸ 'ਤੇ ਅਸੀਂ ਸਿਰਫ਼ ਆਪਣੀ ਖ਼ਪਤ ਜੋਗੇ ਹੀ ਚੌਲ਼ ਉਗਾਉਂਦੇ ਹਾਂ। ਪਰ ਫ਼ਸਲ ਦਾ ਕੋਈ ਭਰੋਸਾ ਨਹੀਂ। ਇਸ ਸਾਲ (2018) ਦੇ ਸੋਕੇ ਕਾਰਨ ਸਾਡੇ ਹੱਥ ਸਿਰਫ਼ ਦੋ ਕੁਵਿੰਟਲ ਹੀ ਚੌਲ਼ ਲੱਗੇ। ਅਜਿਹੀ ਹਾਲਤ ਵਿੱਚ, ਸਾਡੇ ਲਈ ਇਹ (ਮਿਡ-ਡੇਅ-ਮੀਲ) ਕਿਸੇ ਬੋਨਸ ਤੋਂ ਘੱਟ ਨਹੀਂ।''

ਸਾਤਿਕਾ ਵਾਂਗਰ, ਸੂਰਜ ਵੀ ਆਪਣੇ ਦਿਨ ਦੀ ਸ਼ੁਰੂਆਤ ਇੱਕ ਕੱਪ ਚਾਹ ਪੀ ਕੇ ਹੀ ਕਰਦਾ ਹੈ। ਉਹ ਕਹਿੰਦਾ ਹੈ,''ਸਵੇਰ ਦੀ ਚਾਹ ਅਤੇ ਰਾਤ ਦੀ ਰੋਟੀ ਹੀ ਮੈਂ ਘਰੇ ਖਾਂਦਾ ਹਾਂ। ਰਾਤ ਦੇ ਖਾਣੇ ਵਿੱਚ ਵੀ ਸਾਨੂੰ ਇਹ ਗੱਲ ਦਿਮਾਗ਼ ਵਿੱਚ ਰੱਖਣੀ ਪੈਂਦੀ ਹੈ ਕਿ ਬਚਿਆ ਹੋਇਆ ਅਨਾਜ ਵੱਧ ਤੋਂ ਵੱਧ ਸਮਾਂ ਚੱਲ ਪਾਵੇ, ਖ਼ਾਸ ਤੌਰ 'ਤੇ ਜਦੋਂ ਫ਼ਸਲ ਘੱਟ ਪੈਦਾ ਹੋਈ ਹੋਵੇ। ਇਸਲਈ ਮੈਂ ਸਕੂਲੇ ਮਿਲ਼ਣ ਵਾਲ਼ੇ ਦੁਪਹਿਰ ਦੇ ਭੋਜਨ ਦੀ ਉਡੀਕ ਕਰਦਾ ਰਹਿੰਦਾ ਹਾਂ।''

ਤਰਜ਼ਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur