"ਕੀ ਮੈਂ ਤੁਹਾਡੇ 'ਤੇ ਇੰਨਾ ਭਰੋਸਾ ਕਰ ਸਕਦੀ ਹਾਂ ਕਿ ਆਪਣੀ ਜੀਵਨ-ਗਾਥਾ ਸਾਂਝੀ ਕਰਾਂ?"

ਵਧੇਰੇ ਸਿੱਧੇ ਅਤੇ ਚੁਣੌਤੀਪੂਰਨ ਸਵਾਲ ਤੁਹਾਡੇ ਤੋਂ ਘੱਟ ਹੀ ਪੁੱਛੇ ਜਾਂਦੇ ਹਨ ਅਤੇ ਪ੍ਰਸ਼ਨਕਰਤਾ ਕੋਲ਼ ਇਹਨੂੰ ਪੁੱਛੇ ਜਾਣ ਦੇ ਬਹੁਤ ਵਧੀਆ ਕਾਰਨ ਸਨ। ਤਮਿਲਨਾਡੂ ਦੇ ਵਿੱਲੁਪੁਰਮ ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਜਾਨਨੀ (ਬਦਲਿਆ ਨਾਮ), ਆਪਣੀ ਜੀਵਨ-ਗਾਥਾ ਬਾਰੇ ਦੱਸਦੀ ਹਨ: "ਤਪੇਦਿਕ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।"

ਉਨ੍ਹਾਂ ਦੇ ਵਿਆਹ ਨੂੰ ਡੇਢ ਸਾਲ ਬੀਤਿਆ ਸੀ ਅਤੇ ਉਨ੍ਹਾਂ ਦਾ ਚਾਰ ਮਹੀਨਿਆਂ ਦਾ ਇੱਕ ਪੁੱਤ ਸੀ, ਜਦੋਂ ਉਨ੍ਹਾਂ ਨੂੰ ਟੀਬੀ ਬਾਰੇ ਪਤਾ ਚੱਲਿਆ। "ਮਈ 2020 ਦਾ ਸਮਾਂ ਸੀ ਅਤੇ ਮੈਨੂੰ ਇੱਕ ਮਹੀਨਾ ਪਹਿਲਾਂ ਤੋਂ ਹੀ ਕੁਝ ਲੱਛਣ (ਜ਼ਬਰਦਸਤ ਖੰਘ ਅਤੇ ਬੁਖਾਰ) ਦਿੱਸਣ ਲੱਗੇ।" ਜਦੋਂ ਸਾਰੀਆਂ ਆਮ ਜਾਚਾਂ ਵਿੱਚ ਕੁਝ ਪਤਾ ਨਾ ਚੱਲਿਆ ਤਾਂ ਡਾਕਟਰਾਂ ਨੇ ਮੈਨੂੰ ਟੀਬੀ ਦੀ ਜਾਂਚ ਕਰਾਉਣ ਦੀ ਸਲਾਹ ਦਿੱਤੀ। "ਜਦੋਂ ਉਨ੍ਹਾਂ ਨੇ ਇਹਦੇ ਤਪੇਦਿਕ ਹੋਣ ਦੀ ਪੁਸ਼ਟੀ ਕੀਤੀ, ਸੱਚਿਓ ਮੈਂ ਟੁੱਟ ਹੀ ਗਈ। ਮੇਰੇ ਕਿਸੇ ਜਾਣ-ਪਛਾਣ ਵਾਲੇ ਨੂੰ ਵੀ ਇਹ ਬੀਮਾਰੀ ਨਹੀਂ ਸੀ ਅਤੇ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਹ ਬੀਮਾਰੀ ਮੈਨੂੰ ਜਕੜ ਸਕਦੀ ਹੈ।"

"ਇਹ ਬੀਮਾਰੀ ਮੇਰੇ ਪਿੰਡ ਵਿੱਚ ਕਲੰਕ ਤੋਂ ਘੱਟ ਨਹੀਂ ਹੈ, ਇੱਕ ਅਜਿਹੀ ਬੀਮਾਰੀ ਜੋ ਤੁਹਾਡੇ ਤੱਕ ਆਉਣ ਵਾਲੇ ਸਾਰੇ ਸਮਾਜਿਕ ਰਿਸ਼ਤਿਆਂ ਨੂੰ ਖ਼ਤਮ ਕਰ ਦਿੰਦੀ ਹੈ।"

ਉਸੇ ਦਿਨ ਤੋਂ, 27 ਸਾਲਾ ਜਾਨਨੀ ਦਾ ਪਤੀ ਜੋ ਕਦੇ ਉਨ੍ਹਾਂ ਨੂੰ ਬੜਾ ਪਿਆਰ ਕਰਦਾ ਸੀ, ਇਸ ਬੀਮਾਰੀ ਨੂੰ ਲੈ ਕੇ ਲਾਹਨਤਾਂ ਪਾਉਣ ਲੱਗਿਆ, ਉਹਨੂੰ ਡਰ ਸੀ ਇਹ ਬੀਮਾਰੀ ਉਹਨੂੰ ਵੀ ਜਕੜ ਸਕਦੀ ਹੈ। "ਉਹ ਮੈਨੂੰ ਗਾਲ੍ਹਾਂ ਕੱਢਣ ਦੇ ਨਾਲ਼ ਨਾਲ਼ ਕੁੱਟਮਾਰ ਵੀ ਕਰਨ ਲੱਗਿਆ। ਉਹਦੀ ਮਾਂ ਸਾਡੇ ਵਿਆਹ ਤੋਂ ਸਾਲ ਬਾਅਦ ਹੀ ਗੁਰਦੇ ਸਬੰਧੀ ਬੀਮਾਰੀ ਕਾਰਨ ਗੁਜ਼ਰ ਗਈ ਸਨ। ਪਰ ਮੇਰਾ ਪਤੀ ਉਨ੍ਹਾਂ ਦੀ ਮੌਤ ਲਈ ਮੇਰੀ ਬੀਮਾਰੀ ਨੂੰ ਜੁੰਮੇਵਾਰ ਠਹਿਰਾਉਣ ਲੱਗਿਆ।"

ਜੇਕਰ ਉਸ ਵਕਫੇ ਦੌਰਾਨ ਕੋਈ ਗੰਭੀਰ ਖ਼ਤਰੇ ਵਿੱਚ ਸੀ ਤਾਂ ਉਹ ਖੁਦ ਜਾਨਨੀ ਸੀ।

ਸੰਕ੍ਰਮਣ ਰੋਗਾਂ ਵਿੱਚੋਂ ਟੀਬੀ ਦੀ ਬੀਮਾਰੀ ਭਾਰਤੀ ਦੀ ਸਭ ਤੋਂ ਵੱਡੀ ਕਾਤਲ ਹੈ।

Less than a month after contracting TB, Janani went to her parents’ home, unable to take her husband's abuse. He filed for divorce
Less than a month after contracting TB, Janani went to her parents’ home, unable to take her husband's abuse. He filed for divorce

ਟੀਬੀ ਦੀ ਪੁਸ਼ਟੀ ਹੋਣ ਤੋਂ ਇੱਕ ਮਹੀਨੇ ਦੇ ਅੰਦਰ ਹੀ, ਜਾਨਨੀ ਆਪਣੇ ਮਾਪਿਆਂ ਦੇ ਘਰ ਚਲੀ ਗਈ, ਕਿਉਂਕਿ ਉਹ ਆਪਣੇ ਪਤੀ ਦੀਆਂ ਗਾਲ੍ਹਾਂ ਨੂੰ ਹੋਰ ਨਹੀਂ ਝੱਲ ਸਕੀ। ਪਤੀ ਨੇ ਤਲਾਕ ਦਾਇਰ ਕਰ ਦਿੱਤਾ

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਕੋਵਿਡ-19 ਦੇ ਕੇਂਦਰੀ ਪੜਾਅ ਵਿੱਚ ਆਉਣ ਤੋਂ ਪਹਿਲਾਂ ਹੀ, 2019 ਵਿੱਚ ਤਪੇਦਿਕ ਨੇ 2.6 ਮਿਲੀਅਨ ਭਾਰਤੀਆਂ ਨੂੰ ਪ੍ਰਭਾਵਤ ਕਰ ਦਿੱਤਾ, ਜਿਸ ਨਾਲ਼ ਕਰੀਬ 450,000 ਲੋਕ ਮਾਰੇ ਗਏ। ਭਾਰਤ ਸਰਕਾਰ ਨੇ ਡਬਲਿਊਐੱਚਓ (WHO) ਦੇ ਅੰਕੜਿਆਂ 'ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਉਸ ਸਾਲ ਟੀਬੀ ਨਾਲ਼ ਸਬੰਧਤ ਮੌਤਾਂ ਦੀ ਸੰਖਿਆ 79,000 ਤੋਂ ਵੱਧ ਨਹੀਂ ਸੀ। ਕੋਵਿਡ-19 ਨੇ ਇਨ੍ਹਾਂ 15 ਮਹੀਨਿਆਂ ਦੇ ਅੰਦਰ 250,000 ਮੌਤਾਂ ਦਾ ਦਾਅਵਾ ਕੀਤਾ ਹੈ।

2019 ਵਿੱਚ, ਪੂਰੀ ਦੁਨੀਆ ਦੇ ਟੀਬੀਦੇ ਕੁੱਲ ਮਾਮਲਿਆਂ ਵਿੱਚ ਇਕੱਲੇ ਭਾਰਤ ਦਾ ਇੱਕ ਚੌਥਾਈ ਹਿੱਸਾ ਹੈ- ਡਬਲਿਊਐੱਚਓ ਅਨੁਸਾਰ ਇਨ੍ਹਾਂ ਦੀ ਗਿਣਤੀ 10 ਮਿਲੀਅਨ ਤੱਕ ਹੈ। "ਸੰਸਾਰ ਪੱਧਰ 'ਤੇ 2019 ਵਿੱਚ ਅੰਦਾਜਨ 10 ਮਿਲੀਅਨ ... ਲੋਕ ਟੀਬੀ ਨਾਲ਼ ਬੀਮਾਰੀ ਪੈ ਗਏ, ਇੱਕ ਅਜਿਹੀ ਸੰਖਿਆ ਜੋ ਹਾਲ ਦੇ ਸਾਲਾਂ ਵਿੱਚ ਬਹੁਤ ਹੌਲ਼ੀ ਹੌਲ਼ੀ ਘੱਟ ਰਹੀ ਹੈ।" ਪੂਰੀ ਦੁਨੀਆ ਅੰਦਰ ਟੀਬੀ ਨਾਲ਼ ਹੋਣ ਵਾਲ਼ੀਆਂ 1.4 ਮਿਲੀਅਨ ਮੌਤਾਂ ਦਾ ਇੱਕ ਚੌਥਾਈ ਹਿੱਸਾ ਭਾਰਤ ਵਿੱਚ ਹੈ।

ਡਬਲਿਊਐੱਚਓ ਦਾ ਕਹਿਣਾ ਹੈ ਕਿ ਟੀਬੀ ਦਾ ਰੋਗ "ਜੋ ਕਿ ਬੈਕਟੀਰੀਆ ( ਮਾਈਕੋਬੈਕਟੀਰਿਅਮ ਟੁਬਰਕੁਲੋਸਿਸ ) ਕਾਰਨ ਹੁੰਦਾ ਹੈ ਜੋ ਕਿ ਅਕਸਰ ਫੇਫੜਿਆਂ ਨੂੰ ਪ੍ਰਭਾਵਤ ਕਰਦਾ ਹੈ... ਟੀਬੀ ਹਵਾ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ। ਜਦੋਂ ਫੇਫੜੇ ਦੀ ਟੀਬੀ ਵਾਲ਼ੇ ਵਿਅਕਤੀ ਖੰਘਦੇ, ਛਿੱਕ ਮਾਰਦੇ ਜਾਂ ਥੁੱਕਦੇ ਹਨ ਤਾਂ ਉਹ ਟੀਬੀ ਦੇ ਕੀਟਾਣੂਆਂ ਨੂੰ ਹਵਾ ਵਿੱਚ ਫੈਲਾ ਦਿੰਦੇ ਹਨ। ਜੋ ਵਿਅਕਤੀ ਟੀਬੀ ਦੇ ਇਨ੍ਹਾਂ ਕੀਟਾਣੂਆਂ (ਭਾਵੇਂ ਥੋੜ੍ਹੇ ਜਿਹਿਆਂ ਨੂੰ ਹੀ) ਨੂੰ ਸਾਹ ਨਾਲ਼ ਅੰਦਰ ਖਿੱਚ ਲੈਂਦਾ ਹੈ, ਉਹੀ ਟੀਬੀ ਦਾ ਮਰੀਜ਼ ਬਣ ਜਾਂਦਾ ਹੈ। ਦੁਨੀਆ ਦੀ ਕਰੀਬ ਇੱਕ-ਚੌਥਾਈ ਅਬਾਦੀ ਨੂੰ ਟੀਬੀ ਦਾ ਸੰਕ੍ਰਮਣ ਹੈ, ਜਿਹਦਾ ਅਰਥ ਹੈ ਕਿ ਲੋਕ ਟੀਬੀ ਬੈਕਟੀਰੀਆਂ ਨਾਲ਼ ਸੰਕ੍ਰਮਿਤ ਤਾਂ ਹੋ ਗਏ ਹਨ, ਪਰ ਬੀਮਾਰ (ਅਜੇ) ਨਹੀਂ ਪਏ ਅਤੇ ਇਸ ਲਾਗ ਨੂੰ ਸੰਚਾਰਤ ਨਹੀਂ ਕਰ ਸਕੇ ਹਨ।"

ਤਪੇਦਿਕ ਬਾਰੇ, ਡਬਲਿਊਐੱਚਓ ਕਹਿੰਦਾ ਹੈ, "ਇਹ ਗ਼ਰੀਬੀ ਅਤੇ ਆਰਥਿਕ ਤੰਗੀ ਦੀ ਬੀਮਾਰੀ ਹੈ।" ਅਤੇ ਅੱਗੇ ਉਹ (ਡਬਲਿਊਐੱਚਓ) ਕਹਿੰਦਾ ਹੈ ਕਿ ਟੀਬੀ ਪ੍ਰਭਾਵਤ ਲੋਕਾਂ ਨੂੰ ਅਕਸਰ "ਅਲੋਚਨਾ, ਹਾਸ਼ੀਏ ਵੱਲ਼ ਧੱਕੇ ਜਾਣ, ਕਲੰਕ ਅਤੇ ਵਿਤਕਰੇ.... ਦਾ ਸਾਹਮਣਾ ਕਰਨਾ ਪੈਂਦਾ ਹੈ।" ਜਾਨਨੀ ਇਸ ਸੱਚਾਈ ਨੂੰ ਜਾਣਦੀ ਹਾਂ। ਉਨ੍ਹਾਂ ਦੇ ਇੰਨੇ ਪੜ੍ਹੇ ਲਿਖੇ - ਉਨ੍ਹਾਂ ਕੋਲ਼ ਵਿਗਿਆਨ ਵਿੱਚ ਪੋਸਟ-ਗ੍ਰੈਜੂਏਟ ਡਿਗਰੀ ਅਤੇ ਟੀਚਿੰਗ ਵਿੱਚ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਅਲੋਚਨਾ, ਕਲੰਕ ਅਤੇ ਵਿਤਕਰੇ ਦਾ ਹਿੱਸਾ ਹੋਣ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੇ ਪਿਤਾ ਮਜ਼ਦੂਰ ਹਨ- "ਅਨਿਸ਼ਚਤ ਕੰਮ ਕਰਦੇ" ਭਾਵ ਜਦੋਂ ਜੋ ਕੰਮ ਮਿਲੇ ਕਰਦੇ ਹਨ- ਉਨ੍ਹਾਂ ਦੀ ਮਾਤਾ ਗ੍ਰਹਿਣੀ ਹਨ।

ਬੀਮਾਰੀ ਦਾ ਡਟ ਕੇ ਮੁਕਾਬਲਾ ਕਰਨ ਅਤੇ ਮੁਕੰਮਲ ਇਲਾਜ ਤੋਂ ਬਾਅਦ-ਜਾਨਨੀ ਇਸ ਖ਼ਤਰਨਾਕ ਬੀਮਾਰੀ ਖਿਲਾਫ਼ ਪ੍ਰਚਾਰ ਮੁਹਿੰਮ ਦਾ ਉਹ ਹਿੱਸਾ ਬਣ ਗਈ ਜਿਹਨੂੰ "ਟੀਬੀ ਵਿਰਾਂਗਣ" ਜਾਂ "ਔਰਤ ਟੀਬੀ ਆਗੂ" ਕਹਿੰਦੇ ਹਨ, ਤਪੇਦਿਕ ਨਾਲ਼ ਜੁੜੀਆਂ ਧਾਰਨਾਵਾਂ ਅਤੇ ਕਲੰਕ ਦਾ ਸਰਗਰਮੀ ਨਾਲ਼ ਮੁਕਾਬਲਾ ਕਰਦੀ ਹਨ।

Janani has been meeting people in and around her village to raise awareness about TB and to ensure early detection.
PHOTO • Courtesy: Resource Group for Education and Advocacy for Community Health (REACH)

ਜਾਨਨੀ ਟੀਬੀ ਬਾਰੇ ਜਾਗੂਰਕਤਾ ਫੈਲਾਉਣ ਅਤੇ ਸਮੇਂ-ਸਿਰ ਪਛਾਣ ਨੂੰ ਯਕੀਨੀ ਬਣਾਉਣ ਲਈ ਆਪਣੇ ਪਿੰਡ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਨਾਲ਼ ਮਿਲ਼ਦੀ ਰਹਿੰਦੀ ਹਨ

ਜੂਨ 2020 ਵਿੱਚ, ਬੀਮਾਰੀ ਦੀ ਪੁਸ਼ਟੀ ਹੋਣ ਦੇ ਇੱਕ ਮਹੀਨੇ ਅੰਦਰ ਹੀ, ਜਾਨਨੀ ਆਪਣੇ ਮਾਪਿਆਂ ਘਰ ਚਲੀ ਗਈ। "ਮੈਂ ਆਪਣੇ ਪਤੀ ਦੀਆਂ ਗਾਲ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਪਾਈ। ਉਹ ਮੇਰੇ ਚਾਰ ਮਹੀਨਿਆਂ ਦੇ ਪੁੱਤ ਨੂੰ ਵੀ ਗਾਲ੍ਹਾਂ ਕੱਢਦਾ। ਦੱਸੋ ਉਸ ਮਾਸੂਮ ਨੇ ਕੀ ਪਾਪ ਕੀਤਾ ਹੈ?" ਉਨ੍ਹਾਂ ਦਾ ਪਤੀ, ਜੋ ਇੱਕ ਛੋਟੀ ਜਿਹੀ ਵਰਕਸ਼ਾਪ ਚਲਾਉਂਦਾ ਹੈ, ਨੇ ਤਲਾਕ ਦਾ ਕੇਸ ਲਾ ਦਿੱਤਾ, ਉਹ ਦੱਸਦੀ ਹਨ, "ਮੇਰੇ ਮਾਪਿਆਂ ਨੂੰ ਬਹੁਤ ਸਦਮਾ ਲੱਗਾ ਹੈ।"

ਪਰ ਉਨ੍ਹਾਂ ਨੇ ਆਪਣੀ ਧੀ ਦਾ ਸੁਆਗਤ ਕੀਤਾ। ਜਾਨਨੀ ਚਿੰਤਾ ਕਰਦੀ ਹਨ ਕਿ ਉਹ ਉਨ੍ਹਾਂ ਦੀ ਕਿੰਨੀ ਕਰਜ਼ਦਾਰ ਹੈ-"ਆਪਣੀ ਔਲਾਦ ਹੋਣ ਕਾਰਨ ਅਤੇ ਮੇਰੇ ਨੌਜਵਾਨ ਹੋਣ ਕਾਰਨ, ਉਹ ਮੈਨੂੰ ਖੇਤੀ ਦੇ ਕੰਮਾਂ 'ਤੇ ਨਹੀਂ ਭੇਜਣਗੇ। ਇਹ ਸਾਡੀ ਆਪਣੀ ਦੁਨੀਆ ਵਿੱਚ ਆਮ ਗੱਲ ਹੈ। ਜਾਨਨੀ ਦੇ ਮਾਪਿਆਂ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੇ ਸਾਰੇ ਬੱਚੇ ਪੜ੍ਹ-ਲਿਖ ਜਾਣ।" ਉਨ੍ਹਾਂ (ਜਾਨਨੀ) ਦੀ ਇੱਕ ਭੈਣ ਅਤੇ ਇੱਕ ਭਰਾ ਸਨ- ਦੋਵਾਂ ਕੋਲ਼ ਪੋਸਟ-ਗ੍ਰੈਜੂਏਟ ਡਿਗਰੀ ਹੈ। ਜਾਨਨੀ ਨੇ ਵੀ ਆਪਣੇ ਪਤੀ ਤੋਂ ਅੱਡ ਹੋਣ ਤੋਂ ਬਾਅਦ ਹੀ ਕੰਮ ਕਰਨਾ ਸ਼ੁਰੂ ਕੀਤਾ।

ਦਸੰਬਰ 2020 ਵਿੱਚ, ਤਪੇਦਿਕ ਤੋਂ ਪੂਰੀ ਤਰ੍ਹਾਂ ਰਾਜ਼ੀ ਹੋ ਕੇ, ਆਪਣੀ ਪੜ੍ਹਾਈ ਮੁਤਾਬਕ ਉਨ੍ਹਾਂ ਨੇ ਆਪਣੇ ਸਾਹਮਣੇ ਵੱਖੋ-ਵੱਖ ਕੈਰੀਅਰ ਵਿਕਲਪਾਂ ਨੂੰ ਨਹੀਂ ਚੁਣਿਆ। ਬਲਕਿ, ਉਹ ਤਮਿਲਨਾਡੂ ਅੰਦਰ ਟੀਬੀ ਨੂੰ ਜੜ੍ਹੋਂ ਪੁੱਟਣ ਲਈ  ਦੋ ਦਹਾਕਿਆਂ ਤੋਂ ਕੰਮ ਕਰਦੀ ਗੈਰ-ਮੁਨਾਫਾ ਸੰਸਥਾ, ਰਿਸੋਰਸ ਗਰੁਪ ਫਾਰ ਐਜੂਕੇਸ਼ਨ ਐਂਡ ਐਡਵੋਕੇਸੀ ਫਾਰ ਕਮਿਊਨਿਟੀ ਹੈਲਥ (REACH), ਵਿੱਚ ਸ਼ਾਮਲ ਹੋ ਗਈ। ਉਦੋਂ ਤੋਂ ਹੀ ਜਾਨਨੀ ਟੀਬੀ ਬਾਰੇ ਜਾਗੂਰਕਤਾ ਫੈਲਾਉਣ ਅਤੇ ਸਮੇਂ-ਸਿਰ ਪਛਾਣ ਨੂੰ ਯਕੀਨੀ ਬਣਾਉਣ ਲਈ ਆਪਣੇ ਪਿੰਡ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਨਾਲ਼ ਮਿਲ਼ਦੀ ਰਹਿੰਦੀ ਹਨ। "ਮੈਂ ਕਈ ਬੈਠਕਾਂ ਅਯੋਜਿਤ ਕੀਤੀਆਂ ਅਤੇ ਤਿੰਨ ਮਰੀਜ਼ਾਂ ਅੰਦਰ ਸ਼ੁਰੂਆਤੀ ਤਪੇਦਿਕ ਦੀ ਪਛਾਣ ਕੀਤੀ ਅਤੇ 150 ਤੋਂ ਵੱਧ ਲੋਕਾਂ ਦਾ ਫੌਲੋ-ਅਪ ਜਾਰੀ ਕੀਤਾ ਜਿਨ੍ਹਾਂ ਦੀ ਜਾਂਚ ਤਾਂ ਨੈਗੇਟਿਵ ਆਈ ਸੀ ਪਰ ਉਨ੍ਹਾਂ ਅੰਦਰ ਟੀਬੀ ਦੇ ਲੱਛਣ ਸਨ।"

ਜਿਵੇਂ ਕਿ ਡਬਲਿਊਐੱਚਓ ਦੀ ਰਿਪੋਰਟ ਦੱਸਦੀ ਹੈ: "ਟੀਬੀ ਇਲਾਜ-ਯੋਗ ਅਤੇ ਰੋਕਥਾਮ-ਯੋਗ ਹੈ। ਟੀਬੀ ਤੋਂ ਪੀੜਤ ਕਰੀਬ 85 ਫੀਸਦੀ ਲੋਕਾਂ ਦਾ 6 ਮਹੀਨੇ ਨਿਯਮ ਮੁਤਾਬਕ ਦਵਾਈ ਖਾਣ ਨਾਲ਼ ਸਫ਼ਲਤਾਪੂਰਵ ਇਲਾਜ ਕੀਤਾ ਜਾ ਸਕਦਾ ਹੈ।" "ਸਾਲ 2000 ਤੋਂ, ਟੀਬੀ ਦੇ ਇਲਾਜ ਨੇ 60 ਮਿਲੀਅਨ ਤੋਂ ਵੱਧ ਮੌਤਾਂ ਨੂੰ ਟਾਲ ਦਿੱਤਾ ਹੈ, ਹਾਲਾਂਕਿ ਵਿਸ਼ਵਵਿਆਪੀ ਸਿਹਤ ਕਵਰੇਜ (UHC) ਦੀ ਪਹੁੰਚ ਦੀ ਘਾਟ ਕਾਰਨ ਕਈ ਲੱਖ ਲੋਕ ਨਿਦਾਨ ਅਤੇ ਦੇਖਭਾਲ਼ ਤੋਂ ਖੁੰਝ ਗਏ ਹਨ।"

*****

ਤਮਿਲਨਾਡੂ ਦੇ ਤਾਂਕਸ਼ੀ ਜਿਲ੍ਹੇ ਦੀ 36 ਸਾਲਾ ਬੀ. ਦੇਵੀ ਕਹਿੰਦੀ ਹਨ, "ਕੋਵਿਡ ਅਤੇ ਤਾਲਾਬੰਦੀ ਦੇ ਦਿਨਾਂ ਵਿੱਚ ਸਭ ਕੁਝ ਚੁਣੌਤੀ ਭਰਿਆ ਸੀ।" ਜਾਨਨੀ ਵਾਂਗ, ਉਹ ਵੀ ਆਪਣੇ ਤਜ਼ਰਬੇ ਸਹਿੰਦੇ ਹੋਏ 'ਟੀਬੀ ਵਿਰਾਂਗਣ' ਬਣ ਗਈ। "ਜਦੋਂ ਮੈਂ 7ਵੀਂ ਜਮਾਤ ਵਿੱਚ ਸਾਂ ਤਾਂ ਜਾਂਚ ਵਿੱਚ ਮੈਨੂੰ ਟੀਬੀ ਨਿਕਲੀ। ਮੈਂ ਇਹ ਸ਼ਬਦ ਪਹਿਲਾਂ ਕਦੇ ਨਹੀਂ ਸੁਣਿਆ ਸੀ।" ਪੂਰੇ ਸੰਘਰਸ਼ ਦੇ ਬਾਵਜੂਦ ਉਨ੍ਹਾਂ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਮੁਕੰਮਲ ਕੀਤੀ।

ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦੀ ਬੀਮਾਰੀ ਠੀਕ ਨਹੀਂ ਹੋਈ। "ਫਿਰ ਅਸੀਂ ਤਾਂਕਸ਼ੀ ਦੇ ਸਰਕਾਰੀ ਹਸਪਤਾਲ ਗਏ, ਜਿੱਥੇ ਮੈਨੂੰ ਕਈ ਪ੍ਰਕਿਰਿਆਵਾਂ ਵਿੱਚੋਂ ਦੀ ਲੰਘਣਾ ਪਿਆ। ਉਸ ਸਭ ਬਾਰੇ ਸੋਚਦਿਆਂ, ਇਹ ਜਾਪਦਾ ਸੀ ਜਿਵੇਂ ਇਲਾਜ ਬਾਰੇ ਕੁਝ ਵੀ ਤਸੱਲਬੀਖ਼ਸ਼ ਨਹੀਂ ਸੀ। ਮੈਂ ਇਸ ਤਜ਼ਰਬੇ ਨੂੰ ਬਦਲਣਾ ਚਾਹੁੰਦੀ ਸਾਂ, ਉਨ੍ਹਾਂ ਲੋਕਾਂ ਲਈ ਜੋ ਮੇਰੇ ਸੰਪਰਕ ਵਿੱਚ ਆਉਂਦੇ," ਦੇਵੀ ਕਹਿੰਦੀ ਹਨ।

The organisation's field workers and health staff taking a pledge to end TB and its stigma at a health facility on World TB Day, March 24. Right: The Government Hospital of Thoracic Medicine (locally known as Tambaram TB Sanitorium) in Chennai
PHOTO • Courtesy: Resource Group for Education and Advocacy for Community Health (REACH)
The organisation's field workers and health staff taking a pledge to end TB and its stigma at a health facility on World TB Day, March 24. Right: The Government Hospital of Thoracic Medicine (locally known as Tambaram TB Sanitorium) in Chennai
PHOTO • M. Palani Kumar

24 ਮਾਰਚ ਨੂੰ ਸੰਗਠਨ ਦੇ ਗ੍ਰਾਮ ਪੱਧਰੀ ਕਾਰਕੁੰਨ ਅਤੇ ਸਿਹਤ ਕਰਮੀ ਵਿਸ਼ਵ ਟੀਬੀ ਦਿਵਸ ਮੌਕੇ ਟੀਬੀ ਅਤੇ ਇਹਦੇ ਕਲੰਕ ਨੂੰ ਮਿਟਾਉਣ ਦੀ ਸਹੁੰ ਚੁੱਕਦੇ ਹੋਏ। ਸੱਜੇ : ਚੇਨਈ ਵਿੱਚ ਥੌਰੇਸਿਕ ਮੈਡੀਸਨ (ਸਥਾਨਕ ਤੌਰ ' ਤੇ ਤੰਬਰਮ ਟੀਬੀ ਸੈਨੀਟੋਰੀਅਮ ਵਜੋਂ ਜਾਣਿਆ ਜਾਂਦਾ) ਦਾ ਸਰਕਾਰੀ ਹਸਪਤਾਲ

ਦੇਵੀ ਤਾਂਕਸ਼ੀ ਜਿਲ੍ਹੇ ਵਿੱਚ ਪੈਂਦੀ ਵੀਰਾਕੇਰਾਲਾਮਪੁਦੁਰ ਤਾਲੁਕਾ ਤੋਂ ਹਨ। ਉਨ੍ਹਾਂ ਦੇ ਮਾਪੇ ਖੇਤ ਮਜ਼ਦੂਰ ਹਨ। ਆਪਣੀ ਗ਼ਰੀਬੀ ਦੀ ਹਾਲਤ ਦੇ ਬਾਵਜੂਦ, ਉਹ ਕਹਿੰਦੀ ਹਨ, ਉਨ੍ਹਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਉਨ੍ਹਾਂ ਦਾ ਬੜਾ ਸਹਿਯੋਗ ਕੀਤਾ ਜਦੋਂ ਉਹ ਤਪੇਦਿਕ ਦੀ ਜਕੜ ਵਿੱਚ ਸਨ। ਉਨ੍ਹਾਂ ਨੇ ਉਹਦਾ ਇਲਾਜ ਕਰਾਇਆ ਅਤੇ ਬੜੀ ਬਾਰੀਕੀ ਨਾਲ਼ ਨਿਯਮਾਂ ਦਾ ਪਾਲਣ ਕੀਤਾ। "ਮੇਰੇ ਬੜੀ ਚੰਗੀ ਤਰ੍ਹਾਂ ਨਾਲ਼ ਧਿਆਨ ਰੱਖਿਆ ਗਿਆ ਸੀ," ਉਹ ਕਹਿੰਦੀ ਹਨ।

ਦੇਵੀ ਦੇ ਪਤੀ ਵੀ ਬੜੇ ਮਦਦਗਾਰ ਅਤੇ ਹਿੰਮਤ ਦੇਣ ਵਾਲੇ ਸਨ। ਦੇਵੀ ਦੇ ਅੱਗੇ ਵਧਣ ਅਤੇ ਨੌਕਰੀ ਕਰਨ ਦੇਣ ਦਾ ਵਿਚਾਰ ਵੀ ਉਨ੍ਹਾਂ ਦਾ ਹੀ ਸੀ। ਉਹ ਐਂਟੀ-ਟੀਬੀ ਮੁਹਿੰਮ ਦਾ ਹਿੱਸਾ ਬਣੀ, ਸਿਖਿਅਤ ਹੋਈ ਅਤੇ ਉਸੇ ਸੰਗਠਨ ਵਿੱਚ ਸ਼ਾਮਲ ਹੋ ਗਈ ਜਿੱਥੇ ਜਾਨਨੀ ਕੰਮ ਕਰਦੀ ਸਨ। ਸਤੰਬਰ 2020 ਤੋਂ ਦੇਵੀ ਨੇ ਘੱਟੋ-ਘੱਟ 12 ਮੀਟਿੰਗਾਂ (ਜਿਨ੍ਹਾਂ ਵੀ ਔਸਤਨ 20 ਤੋਂ ਵੱਧ ਲੋਕ ਸ਼ਾਮਲ ਹੁੰਦੇ) ਅਯੋਜਿਤ ਕੀਤੀਆਂ ਜਿਨ੍ਹਾਂ ਵਿੱਚ ਉਹ ਤਪੇਦਿਕ ਬਾਰੇ ਭਾਸ਼ਣ ਦਿੰਦੀ ਹਨ।

"ਸਿਖਲਾਈ ਪੂਰੀ ਕਰਨ ਤੋਂ ਬਾਅਦ, ਮੈਂ ਜਾਣਿਆ ਕਿ ਮੈਂ ਟੀਬੀ ਰੋਗੀਆਂ ਲਈ ਹੀ ਕੰਮ ਕਰਨ ਵਾਲੀ ਸਾਂ। ਸੱਚ ਕਹਾਂ ਤਾਂ ਮੈਂ ਬੜੀ ਉਤਸੁਕ ਸਾਂ। ਮੈਂ ਉਨ੍ਹਾਂ ਲਈ ਉਹ ਕੁਝ ਸਕਾਰਾਤਮਕ ਕਰਨਾ ਚਾਹੁੰਦੀ ਸਾਂ, ਜਿਸ ਤੋਂ ਮੈਨੂੰ ਰੋਕਿਆ ਗਿਆ ਸੀ," ਉਹ ਕਹਿੰਦੀ ਹਨ। ਦੇਵੀ, ਤਾਂਕਸ਼ੀ ਜਿਲ੍ਹੇ ਵਿੱਚ ਪੁਲਿਆਂਗੁਡੀ ਨਗਰ ਨਿਗਮ ਦੇ ਸਧਾਰਣ ਹਸਪਤਾਲ ਵਿੱਚ 42 ਟੀਬੀ ਰੋਗੀਆਂ ਨੂੰ ਸੰਭਾਲ਼ ਰਹੀ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਪੂਰੀ ਤਰ੍ਹਾਂ ਸਿਹਤਮੰਦ ਕਰਾਰ ਦਿੱਤਾ ਗਿਆ ਹੈ। "ਅਸੀਂ ਲਾਜ਼ਮੀ ਤੌਰ 'ਤੇ ਮਰੀਜਾਂ ਨੂੰ ਸਲਾਹ ਦਿੰਦੇ ਅਤੇ ਉਨ੍ਹਾਂ ਦਾ ਫੌਲੋ-ਅਪ ਕਰਦੇ ਹਾਂ। ਜੇਕਰ ਕਿਸੇ ਵਿਅਕਤੀ ਨੂੰ ਟੀਬੀ ਦੀ ਪੁਸ਼ਟੀ ਹੁੰਦੀ ਹੈ ਤਾਂ ਅਸੀਂ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਵੀ ਜਾਂਚ ਕਰਦੇ ਹਾਂ ਅਤੇ ਉਨ੍ਹਾਂ ਲਈ ਰੋਕਥਾਮ ਦੇ ਉਪਾਅ ਕਰਦੇ ਹਾਂ।"

ਦੇਵੀ ਅਤੇ ਜਾਨਨੀ ਦੋਵੇਂ ਹੀ ਮੌਜੂਦਾ ਸਮੇਂ ਵਿੱਚ ਕੋਵਿਡ-19 ਮਹਾਂਮਾਰੀ ਦੁਆਰਾ ਪੈਦਾ ਕੀਤੇ ਹਾਲਾਤ ਨਾਲ਼ ਜੂਝ ਰਹੀਆਂ ਹਨ। ਸੰਕਟ ਦੀ ਘੜੀ ਵਿੱਚ ਉਨ੍ਹਾਂ ਥਾਵਾਂ ਵਿੱਚ ਕੰਮ ਕਰਨਾ ਉਨ੍ਹਾਂ ਲਈ ਜੋਖ਼ਮ ਭਰਿਆ ਹੈ। ਪਰ ਫਿਰ ਵੀ ਉਹ ਕੰਮ ਕਰਦੀਆਂ ਹਨ, ਦੇਵੀ ਕਹਿੰਦੀ ਹਨ, ਪਰ,"ਮੁਸ਼ਕਲ ਦੌਰ ਹੈ, ਹਸਪਤਾਲ ਦੇ ਕਰਮਚਾਰੀ ਹੀ ਖੁਦ ਕੋਵਿਡ-19 ਦੇ ਸੰਕ੍ਰਮਣ ਦੇ ਡਰੋਂ ਸਾਨੂੰ ਥੁੱਕ ਜਾਂਚ ਕਰਨ ਤੱਕ ਤੋਂ ਰੋਕਦੇ ਹਨ। ਮੈਨੂੰ ਉਨ੍ਹਾਂ ਦੀ ਥਾਂ (ਹਸਪਤਾਲ) ਵਿੱਚ ਬਿਨਾਂ ਅੜਿਕਾ ਬਣੇ ਜਾਂਚ ਕਰਨੀ ਪੈਂਦੀ ਹੈ।"

ਅਤੇ ਇਸ ਮਹਾਂਮਾਰੀ ਤੋਂ ਉਤਪੰਨ ਚੁਣੌਤੀਆਂ ਬਹੁਤ ਵੱਡੀਆਂ ਹਨ। ਪ੍ਰੈਸ ਟ੍ਰਸਟ ਆਫ਼ ਇੰਡੀਆ ਨੇ ਯੂਰਪੀਅਨ ਰੇਸਪੀਰੇਟਰੀ ਮੈਗ਼ਜੀਨ ਵਿਚਲੇ ਇੱਕ ਅਧਿਐਨ ਦਾ ਹਵਾਲਾ ਦਿੰਦਿਆ ਕਿਹਾ ਹੈ ਕਿ "ਕੋਵਿਡ-19 ਮਹਾਂਮਾਰੀ ਨੇ ਸਿਹਤ ਸੇਵਾਵਾਂ ਨੂੰ ਬੰਨ੍ਹ ਲਾ ਦਿੱਤਾ ਹੈ ਅਤੇ ਨਿਦਾਨ (ਡਾਇਗਨੋਸ) ਅਤੇ ਇਲਾਜ ਵਿੱਚ ਦੇਰੀ ਨਾਲ਼ ਅਗਲੇ ਪੰਜ ਸਾਲਾਂ ਵਿੱਚ ਟੀਬੀ ਨਾਲ਼ ਸਬੰਧਤ ਮੌਤਾਂ ਦੀ ਸੰਖਿਆ 95,000 ਤੱਕ ਵੱਧ ਸਕਦੀ ਹੈ। ਇਹ ਅੜਿਕੇ ਅੰਕੜਿਆਂ ਨੂੰ ਵੀ ਪ੍ਰਭਾਵਤ ਕਰਨਗੇ-ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਦ ਤੋਂ ਟੀਬੀ ਦੇ ਰਿਕਾਰਡ ਵਿੱਚ ਜਿਕਰਯੋਗ ਗਿਰਾਵਟ ਆਈ ਹੈ। ਅਤੇ ਭਾਵੇਂ ਕਿ ਕੋਈ ਭਰੋਸੇਯੋਗ ਜਾਣਕਾਰੀ ਉਪਲਬਧ ਨਹੀਂ ਹੈ, ਇਸ ਵਿੱਚ ਕੋਈ ਵਿਵਾਦ ਨਹੀਂ ਹੈ ਕਿ ਕੋਵਿਡ-19 ਤੋਂ ਪੀੜਤ ਵਿਅਕਤੀਆਂ ਵਿੱਚ ਟੀਬੀ ਨਾਲ਼ ਮੌਤ ਇੱਕ ਪ੍ਰਮੁਖ ਸਹਿ-ਰੋਗ ਦੇ ਰੂਪ ਵਿੱਚ ਹੋਈ ਹੈ।"

ਤਮਿਲਨਾਡੂ ਭਾਰਤ ਵਿੱਚ ਸਭ ਤੋਂ ਵੱਧ ਟੀਬੀ ਬੀਮਾਰੀ ਦੇ ਬੋਝ ਵਾਲੇ ਰਾਜਾਂ ਵਿੱਚੋਂ ਇੱਕ ਹੈ, ਟੀਬੀ ਰਿਪੋਰਟ 2020 ਅਨੁਸਾਰ ਜਿਸ ਇਕੱਲੇ ਰਾਜ ਅੰਦਰ ਤਪੇਦਿਕ ਤੋਂ ਪੀੜਤ 110,845 ਮਰੀਜ਼ ਹਨ। ਇਨ੍ਹਾਂ ਵਿੱਚੋਂ, 77,815 ਪੁਰਸ਼ ਅਤੇ 33,905 ਔਰਤਾਂ ਸਨ। ਸੰਕ੍ਰਮਿਤ ਟ੍ਰਾਂਸਜੈਂਡਰ ਦੀ ਗਿਣਤੀ 125 ਸੀ।

ਭਾਵੇਂ ਕਿ, ਹਾਲ ਦੀ ਦਿਨੀਂ ਰਾਜ ਵਿੱਚ ਪੰਜੀਕ੍ਰਿਤ ਟੀਬੀ ਮਾਮਲਿਆਂ ਅਨੁਸਾਰ ਇਹਦਾ ਰੈਂਕ ਘੱਟ ਕੇ 14 ਰਹਿ ਗਿਆ। ਇਹਦੇ ਪਿੱਛੇ ਕਾਰਨ ਸਪੱਸ਼ਟ ਨਹੀਂ ਹਨ, ਚੇਨਈ ਦੇ ਇੱਕ ਮੈਡੀਕਲ ਕਾਰਕੁੰਨ ਦਾ ਕਹਿਣਾ ਹੈ ਜਿਨ੍ਹਾਂ ਨੂੰ ਇਸ ਬੀਮਾਰੀ ਨਾਲ਼ ਨਜਿੱਠਣ ਦਾ ਕਾਫੀ ਤਜ਼ਰਬਾ ਹੈ। "ਸ਼ਾਇਦ ਇਹ ਇਸਲਈ ਹੈ ਕਿਉਂਕਿ ਪ੍ਰਚਾਰ ਘੱਟ ਹੈ। ਤਮਿਲਨਾਡੂ ਬੁਨਿਆਦੀ ਢਾਂਚੇ ਅਤੇ ਗ਼ਰੀਬੀ ਦਾ ਖਾਤਮਾ ਦੋਵਾਂ ਮੋਰਚਿਆਂ 'ਤੇ ਚੰਗੀ ਹਾਲਤ ਵਿੱਚ ਹੈ। ਰਾਜ ਵਿੱਚ ਸਿਹਤ ਲਈ ਕੀਤੇ ਗਏ ਉਪਾਅ ਅਨੁਮਾਨਤ ਚੰਗੇ ਹਨ। ਪਰ ਇਹ ਵੀ ਸੰਭਵ ਹੈ ਕਿ ਸਰਕਾਰੀ ਢਾਂਚਾ ਠੀਕ ਤਰ੍ਹਾਂ ਨਾਲ਼ ਕੰਮ ਨਾ ਕਰ ਰਿਹਾ ਹੋਵੇ। ਕੁਝ ਹਸਪਤਾਲਾਂ ਵਿੱਚ, ਛਾਤੀ ਦਾ ਐਕਸ-ਰੇ ਤੱਕ ਕਰਵਾਉਣਾ ਇੱਕ ਬਹੁਤ ਵੱਡਾ ਕੰਮ ਹੈ (ਕੋਵਿਡ-19 ਕਰਕੇ ਸਿਹਤ ਸੇਵਾਵਾਂ 'ਤੇ ਪਈ ਮਾਰ ਕਰਕੇ ਪੇਚੀਦਗੀ ਵਧੀ)। ਅਸੀਂ ਤਪੇਦਿਕ ਲਈ ਸਾਰੇ ਲਾਜ਼ਮੀ ਪਰੀਖਣ/ਜਾਂਚ ਪ੍ਰਦਾਨ ਨਹੀਂ ਕਰਦੇ। ਪਰ ਮੌਜੂਦਾ ਸਮੇਂ, ਬੀਮਾਰੀ ਨੂੰ ਲੈ ਕੇ ਇੱਕ ਸਰਵੇਖਣ ਚੱਲ ਰਿਹਾ ਹੈ, ਨਤੀਜਾ ਆਉਣ ਤੱਕ ਅਸੀਂ ਨਹੀਂ ਦੱਸ ਸਕਦੇ ਕਿ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਕਿਉਂ ਆਈ ਹੈ।"

ਟੀਬੀ ਪੀੜਤਾਂ ਲਈ, ਕਲੰਕ ਦਾ ਮਸਲਾ ਅਜੇ ਵੀ ਲੜਾਈ ਲੜਨ ਦਾ ਬੇਲੋੜ ਮਸਲਾ ਬਣਿਆ ਹੋਇਆ ਹੈ। "ਹਾਲਾਂਕਿ ਔਰਤਾਂ ਦੇ ਪੁਰਸ਼ਾਂ ਦੇ ਮੁਕਾਬਲੇ ਸੰਕ੍ਰਮਿਤ ਹੋਣ ਦੀ ਸੰਭਾਵਨਾ ਘੱਟ ਹੈ, ਪਰ ਬੀਮਾਰੀ ਨਾਲ਼ ਜੁੜਿਆ ਕਲੰਕ ਵੀ ਦੋਵਾਂ ਲਈ ਇੱਕ ਬਰਾਬਰ ਨਹੀਂ ਹੈ। ਪੁਰਸ਼ਾਂ ਨੂੰ ਵੀ ਦੋਸ਼ੀ ਠਹਿਰਾਇਆ ਜਾਂਦਾ ਹੈ, ਪਰ ਔਰਤਾਂ ਦੇ ਮਾਮਲੇ ਵਿੱਚ, ਦੋਸ਼ੀ ਠਹਿਰਾਏ ਜਾਣ ਦੇ ਹਾਲਾਤ ਬੜੇ ਗੰਭੀਰ ਹਨ" ਅਨੁਪਮਾ ਸ਼੍ਰੀਨਿਵਾਸਨ, REACH ਦੇ ਡਿਪਟੀ ਡਾਇਰੈਕਟਰ, ਦੱਸਦੇ ਹਨ।

ਜਾਨਨੀ ਅਤੇ ਦੇਵੀ ਸਹਿਮਤ ਹੋਣਗੀਆਂ। ਇਹੀ ਇੱਕ ਕਾਰਨ ਹੋ ਸਕਦਾ ਹੈ ਜੋ ਉਨ੍ਹਾਂ ਨੂੰ ਮੌਜੂਦਾ ਕੰਮ ਵੱਲ ਖਿੱਚ ਲਿਆਇਆ।

*****

30 ਸਾਲਾ ਪੂੰਗੋਡੀ ਗੋਵਿੰਦਰਾਜ, ਵੈਲੌਰ ਤੋਂ ਇਸ ਮੁਹਿੰਮ ਦੀ ਲੀਡਰ ਹਨ, ਵੀ ਤਿੰਨ ਵਾਰ ਇਸ ਰੋਗ ਨਾਲ਼ ਪੀੜਤ ਹੋ ਚੁੱਕੀ ਹਨ। "2014 ਅਤੇ 2016 ਵਿੱਚ ਮੈਂ ਟੀਬੀ ਨੂੰ ਬਹੁਤੀ ਗੰਭੀਰਤਾ ਨਾਲ਼ ਨਹੀਂ ਲਿਆ ਅਤੇ ਗੋਲੀਆਂ ਖਾਣੀਆਂ ਬੰਦ ਕਰ ਦਿੱਤੀਆਂ," ਉਹ ਕਹਿੰਦੀ ਹਨ। "2018 ਵਿੱਚ ਮੇਰਾ ਐਕਸੀਡੈਂਟ ਹੋ ਗਿਆ ਅਤੇ ਇਲਾਜ ਦੌਰਾਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਸਪਾਈਨਲ ਟੀਬੀ ਹੈ। ਇਸ ਵਾਰ, ਮੈਂ ਆਪਣਾ ਇਲਾਜ ਪੂਰਾ ਕੀਤਾ ਅਤੇ ਹੁਣ ਮੈਂ ਠੀਕ ਹਾਂ।"

ਪੂੰਗੋਡੀ ਨੇ ਸਫ਼ਲਤਾਪੂਰਵ ਆਪਣੀ 12ਵੀਂ ਜਮਾਤ ਪੂਰੀ ਕਰ ਕੀਤੀ ਅਤੇ ਉਹ ਬੀਐੱਸਸੀ ਨਰਸਿੰਗ ਦੀ ਡਿਗਰੀ ਕਰ ਰਹੀ ਸਨ ਜਦੋਂ ਉਨ੍ਹਾਂ ਨੂੰ ਪੜ੍ਹਾਈ ਰੋਕਣੀ ਪਈ। "ਮੈਨੂੰ 2011, 12 ਅਤੇ 13 ਵਿੱਚ ਤਿੰਨ ਬੱਚੇ ਪੈਦਾ ਹੋਏ। ਜਨਮ ਮੌਕੇ ਉਨ੍ਹਾਂ ਤਿੰਨਾਂ ਦੀ ਹੀ ਮੌਤ ਹੋ ਗਈ," ਉਹ ਕਹਿੰਦੀ ਹਨ। "ਸਿਹਤ ਸਬੰਧੀ ਦਿੱਕਤਾਂ ਕਰਕੇ ਮੈਨੂੰ ਮੇਰੇ ਨਰਸਿੰਗ ਕੋਰਸ ਨੂੰ ਰੋਕਣਾ ਪਿਆ।" ਸਿਰਫ਼ ਉਨ੍ਹਾਂ ਦੀ ਸਿਹਤ ਕਰਕੇ ਹੀ ਨਹੀਂ। 2011 ਵਿੱਚ ਉਨ੍ਹਾਂ ਦੀ ਮਾਂ ਦੀ ਤਪੇਦਿਕ ਨਾਲ਼ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਹੇਅਰਡ੍ਰੈਸਿੰਗ ਸੈਲੂਨ ਵਿੱਚ ਕੰਮ ਕਰਦੇ ਹਨ। ਪੂੰਗੋਡੀ ਦੇ ਪਤੀ ਇੱਕ ਨਿੱਜੀ ਕੰਪਨੀ ਵਿੱਚ ਛੋਟੀ ਜਿਹੀ ਨੌਕਰੀ ਕਰਦੇ ਹਨ। ਤਪੇਦਿਕ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਨੇ 2018 ਵਿੱਚ ਪੂੰਗੋਡੀ ਨੂੰ ਛੱਡ ਦਿੱਤਾ, ਬੱਸ ਉਦੋਂ ਤੋਂ ਹੀ ਉਹ ਆਪਣੇ ਪੇਕੇ ਘਰ ਰਹਿ ਰਹੀ ਹਨ।

Poongodi Govindaraj (left) conducting a workshop (right); she is a campaign leader from Vellore who has contracted TB three times
PHOTO • Courtesy: Resource Group for Education and Advocacy for Community Health (REACH)
Poongodi Govindaraj (left) conducting a workshop (right); she is a campaign leader from Vellore who has contracted TB three times
PHOTO • Courtesy: Resource Group for Education and Advocacy for Community Health (REACH)

ਪੂੰਗੋਰੀ ਗੋਵਿੰਦਰਾਜ (ਖੱਬੇ) ਇੱਕ ਕਾਰਜਸ਼ਾਲਾ (ਸੱਜੇ) ਦਾ ਅਯੋਜਨਾ ਕਰਦੀ ਹੋਈ ; ਉਹ ਵੈਲੌਰ ਤੋਂ ਇਸ ਮੁਹਿੰਮ ਦੀ ਲੀਡਰ ਹਨ, ਵੀ ਤਿੰਨ ਵਾਰ ਇਸ ਰੋਗ ਨਾਲ਼ ਪੀੜਤ ਹੋ ਚੁੱਕੀ ਹਨ।

ਪੂੰਗੋਡੀ ਕਹਿੰਦੀ ਹਨ ਕਿ ਉਨ੍ਹਾਂ ਕੋਲ਼ ਬਹੁਤ ਘੱਟ ਸੰਪੱਤੀ ਹੈ ਪਰ ਉਨ੍ਹਾਂ ਨੂੰ ਇਲਾਜ ਲਈ ਅਤੇ ਪਤੀ ਦੇ ਛੱਡਣ ਤੋਂ ਬਾਅਦ ਤਲਾਕ ਦੇ ਕੇਸ ਵਿੱਚ ਆਉਣ ਵਾਲੇ ਖਰਚ ਲਈ ਇਹ ਸਭ ਵੇਚਣਾ ਪਿਆ। "ਹੁਣ ਮੇਰੇ ਪਿਤਾ ਮੇਰੀ ਮਦਦ ਕਰਦੇ ਅਤੇ ਮੈਨੂੰ ਸਲਾਹ ਦਿੰਦੇ ਹਨ। ਮੈਂ ਟੀਬੀ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਕੰਮ ਕਰਦੀ ਹਾਂ। ਤਪੇਦਿਕ ਕਰਕੇ ਪੂੰਗਰੀ ਦਾ 35 ਕਿਲੋ ਭਾਰ ਘੱਟ ਗਿਆ, "ਪਹਿਲਾਂ ਮੇਰਾ ਭਾਰ 70 ਕਿਲੋ ਸੀ। ਪਰ ਅੱਜ ਮੈਂ ਟੀਬੀ ਮੁਹਿੰਮ ਦੀ ਸਫ਼ਲਤਾਪੂਰਵਕ ਅਗਵਾਈ ਕਰ ਰਹੀ ਹਾਂ। ਅੱਜ ਤੱਕ, ਮੈਂ 2,500 ਲੋਕਾਂ ਨੂੰ ਤਪੇਦਿਕ ਬਾਰੇ ਸਿਖਾਇਆ ਹੈ ਕਿ ਇਸ  ਬੀਮਾਰੀ ਦਾ ਸਾਹਮਣਾ ਕਿਵੇਂ ਕਰਨਾ ਹੈ। ਮੈਂ 80 ਰੋਗੀਆਂ ਦੇ ਇਲਾਜ ਦੀ ਦੇਖਰੇਖ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ 20 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।" ਪੂੰਗੋਡੀ, ਜਿਨ੍ਹਾਂ ਨੂੰ ਪਹਿਲਾਂ ਨੌਕਰੀ ਦਾ ਤਜ਼ਰਬਾ ਤੱਕ ਨਹੀਂ ਸੀ, ਉਨ੍ਹਾਂ ਨੂੰ ਲੱਗਦਾ ਹੈ ਕਿ ਬਤੌਰ 'ਟੀਬੀ ਨੇਤਾ' ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਉਹ ਕਹਿੰਦੀ ਹਨ ਕਿ ਇਹ ਕੰਮ ਮੈਨੂੰ ਸ਼ਾਂਤੀ, ਖੁਸ਼ੀ ਅਤੇ ਤਸੱਲੀ ਦਿੰਦਾ ਹੈ। ਮੈਂ ਉਹ ਕੰਮ ਕਰ ਰਹੀ ਹਾਂ ਜੋ ਮੈਨੂੰ ਮਾਣ ਬਖ਼ਸ਼ਦਾ ਹੈ। ਇੱਕੋ ਪਿੰਡ ਵਿੱਚ ਰਹਿ ਕੇ ਉਸ ਤਰੀਕੇ ਦਾ ਕੰਮ ਕਰਨਾ ਇੱਕ ਵੱਡੀ ਪ੍ਰਾਪਤੀ ਹੈ ਜਿਵੇਂ ਮੇਰੇ ਪਤੀ ਮਹਿਸੂਸ ਕਰਦੇ ਹਨ।

*****

ਦਿ ਸੈਡੀਪੋਮ ਵਾ ਪੇਨੀ (Come on Women! Let us achieve) ਪ੍ਰੋਗਰਾਮ ਤਹਿਤ, ਔਰਤਾਂ ਨੂੰ ਤਪੇਦਿਕ ਦੇ ਨਿਦਾਨ ਅਤੇ ਰੋਗੀਆਂ ਨੂੰ ਲੱਭਣ ਲਈ ਭਰਤੀ ਕੀਤਾ ਜਾਂਦਾ ਹੈ। ਰੀਚ (REACH) ਦੁਆਰਾ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਤਮਿਲਨਾਡੂ ਦੇ ਚਾਰ ਜਿਲ੍ਹਿਆਂ ਵੈਲੌਰ, ਵਿਲੁਪੁਰਮ, ਤਿਰੂਨੇਲਵੇਲੀ ਅਤੇ ਸਲੇਮ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਪ੍ਰੋਗਰਾਮ ਤਹਿਤ ਕਰੀਬ 400 ਔਰਤਾਂ ਨੂੰ ਸਿੱਖਿਅਤ ਕੀਤਾ ਗਿਆ ਹੈ ਅਤੇ ਲੋਕ ਉਨ੍ਹਾਂ ਦੇ ਪਿੰਡ ਜਾਂ ਵਾਰਡ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਲਈ ਉਨ੍ਹਾਂ ਨਾਲ਼ ਸੰਪਰਕ ਕਰ ਸਕਦੇ ਹਨ- ਫ਼ੋਨ 'ਤੇ ਸਿਖਲਾਈ ਦਿੱਤੀ ਜਾਂਦੀ ਹੈ। ਪੂੰਗੋਡੀ ਵਾਂਗ, 80 ਹੋਰ ਔਰਤਾਂ ਨੂੰ ਟੀਬੀ ਆਗੂਆਂ ਦੇ ਰੂਪ ਵਿੱਚ ਸਿੱਖਿਅਤ ਕੀਤਾ ਜਾ ਰਿਹਾ ਹੈ। ਅਨੁਪਮਾ ਸ਼੍ਰੀਨਿਵਾਸਨ ਕਹਿੰਦੀ ਹਨ, ਜੋ ਸਰਕਾਰੀ ਹਸਪਤਾਲਾਂ ਵਿੱਚ ਜਾਂਦੀਆਂ ਹਨ ਅਤੇ ਤਪੇਦਿਕ ਦੀ ਜਾਂਚ ਕਰਦੀਆਂ ਹਨ।

ਬੀਮਾਰੀ ਦੇ ਪੱਧਰਾਂ ਨੂੰ ਦੇਖਦਿਆਂ ਗਿਣਤੀ ਛੋਟੀ ਲੱਗ ਸਕਦੀ ਹੈ, ਇਹ ਜਾਨਨੀ, ਦੇਵੀ, ਪੂੰਗੋਡੀ ਅਤੇ ਹੋਰਨਾਂ ਔਰਤਾਂ ਲਈ ਅਹਿਮ ਹੈ- ਅਤੇ ਟੀਬੀ ਦੇ ਹਜਾਰਾਂ ਮਰੀਜ ਸਮੇਂ ਦੀ ਮਿਆਦ ਰਹਿੰਦਿਆਂ ਅੱਪੜ ਜਾਣਗੇ ਅਤੇ ਇਹਦਾ ਮਹੱਤਵ ਇਲਾਜ ਤੋਂ ਪਾਰ ਹੋ ਕੇ ਸਮਾਜਿਕ ਅਤੇ ਆਰਥਿਕਤਾ ਦੇ ਦਾਇਰੇ ਵਿੱਚ ਜਾਂਦਾ ਹੈ। ਇਹਨੂੰ ਛੂਹਣ ਵਾਲਿਆਂ ਦੇ ਆਤਮਵਿਸ਼ਵਾਸ ਦੇ ਪ੍ਰਭਾਵ ਨੂੰ ਨਾਪਿਆ ਨਹੀਂ ਜਾ ਸਕਦਾ।

"ਇਹ ਥਾਂ ਖੁਸ਼ਨੁਮਾ ਹੈ" ਜਾਨਨੀ ਆਪਣੀ ਰੋਜ਼ਮੱਰਾਂ ਦੇ ਕੰਮਾਂ  ਬਾਰੇ ਵਿੱਚ ਕਹਿੰਦੀ ਹਨ। ਰੀਚ (REACH) ਦੇ ਨਾਲ਼ ਕੰਮ ਕਰਨ ਦੇ ਦੋ ਮਹੀਨਿਆਂ ਬਾਅਦ, ਉਨ੍ਹਾਂ ਦਾ ਪਤੀ (ਅਤੇ ਉਨ੍ਹਾਂ ਦਾ ਪਰਿਵਾਰ) ਉਨ੍ਹਾਂ ਦੇ ਕੋਲ਼ ਪਰਤ ਆਇਆ। "ਮੈਨੂੰ ਨਹੀਂ ਪਤਾ ਕਿ ਇਹ ਉਸ ਪੈਸਾ ਕਰਕੇ ਹੋਇਆ ਜੋ ਮੈਂ ਕਮਾਇਆ ਹੈ-ਉਹ ਅਕਸਰ ਮੈਨੂੰ ਘਰੇ ਬੈਠੀ ਵਿਹਲੜ ਕਹਿੰਦਾ- ਜਾਂ ਸ਼ਾਇਦ ਉਹ ਇਕੱਲਾ ਪੈ ਗਿਆ ਸੀ ਅਤੇ ਉਹਨੂੰ ਮੇਰੇ ਮਹੱਤਵ ਦਾ ਪਤਾ ਚੱਲਿਆ। ਜੋ ਵੀ ਹੋਵੇ, ਮੇਰੇ ਮਾਪੇ ਖੁਸ਼ ਹਨ ਕਿ ਅਸੀਂ ਤਲਾਕ ਦੇ ਕੇਸ ਤੋਂ ਬਾਅਦ ਵੀ ਆਪਸ ਵਿੱਚ ਸਮਝੌਤਾ ਕਰ ਲਿਆ ਸੀ।"

ਆਪਣੇ ਮਾਪਿਆਂ ਨੂੰ ਖੁਸ਼ ਕਰਨ ਲਈ, ਜਾਨਨੀ ਇਸ ਸਾਲ ਫਰਵਰੀ ਵਿੱਚ ਆਪਣੇ ਪਤੀ ਦੇ ਨਾਲ਼ ਉਨ੍ਹਾਂ ਦੇ ਘਰ ਗਈ। "ਹੁਣ ਉਹ ਮੇਰੀ ਚੰਗੀ ਤਰ੍ਹਾਂ ਦੇਖਭਾਲ਼ ਕਰ ਰਿਹਾ ਹੈ। ਮੈਨੂੰ ਲੱਗਦਾ ਸੀ ਕਿ ਟੀਬੀ ਨੇ ਮੇਰਾ ਜੀਵਨ ਬਰਬਾਰ ਕਰ ਦਿੱਤਾ ਹੈ। ਪਰ ਅਸਲੀਅਤ ਵਿੱਚ ਇਹ ਹੁਣ ਹੋਰ ਸਾਰਥਕ ਹੋ ਗਾ ਹੈ। ਮੈਂ ਲੋਕਾਂ ਨੂੰ ਉਸ ਬੀਮਾਰੀ ਬਾਰੇ ਸੁਚੇਤ ਕਰਦੀ ਹਾਂ ਜਿਹਨੇ ਮੇਰੀ ਆਤਮਾ ਨੂੰ ਵਲੂੰਧਰ ਸੁੱਟਿਆ ਸੀ, ਸੱਚ ਹੈ ਇਹ ਵਿਚਾਰ ਮੇਰੇ ਅੰਦਰ ਤਾਕਤ ਭਰਦਾ ਹੈ।"

ਕਵਿਤਾ ਮੁਰਲੀਧਰਨ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ 'ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਕਵਰੇਜ ਦੀ ਸਮੱਗਰੀ 'ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।

ਤਰਜਮਾ: ਕਮਲਜੀਤ ਕੌਰ

Kavitha Muralidharan

Kavitha Muralidharan is a Chennai-based independent journalist and translator. She was earlier the editor of 'India Today' (Tamil) and prior to that headed the reporting section of 'The Hindu' (Tamil). She is a PARI volunteer.

Other stories by Kavitha Muralidharan
Illustrations : Priyanka Borar

Priyanka Borar is a new media artist experimenting with technology to discover new forms of meaning and expression. She likes to design experiences for learning and play. As much as she enjoys juggling with interactive media she feels at home with the traditional pen and paper.

Other stories by Priyanka Borar
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur