ਉਹ ਪੂਰੇ ਪੀਪੀਈ ਗੇਅਰ ਵਿੱਚ ਆਏ, ਜਿਵੇਂ ਕਿ ਦੱਖਣ 24 ਪਰਗਣਾ ਵਿੱਚ ਸਥਿਤ ਉਨ੍ਹਾਂ ਦੇ ਪਿੰਡ ਵਿੱਚ ਏਲੀਅਨ ਲੱਥ ਆਏ ਹੋਣ। "ਉਹ ਮੈਨੂੰ ਫੜ੍ਹਨ ਦੇ ਲਈ ਆਏ ਜਿਵੇਂ ਕਿ ਮੈਂ ਕੋਈ ਜਾਨਵਰ ਹੋਵਾਂ," ਹਰਨਚੰਦਰ ਦਾਸ ਕਹਿੰਦੇ ਹਨ। ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਹਾਰੂ ਕਹਿੰਦੇ ਹਨ-ਸਗੋਂ ਉਨ੍ਹਾਂ ਨੂੰ ਜਾਪਦਾ ਹੈ ਕਿ ਉਹ ਹੁਣ ਉਨ੍ਹਾਂ ਦੇ ਦੋਸਤ ਨਹੀਂ ਹਨ। ਮੌਜੂਦਾ ਸਮੇਂ, ਉਹ ਉਨ੍ਹਾਂ ਦਾ ਬਾਈਕਾਟ ਕਰਦੇ ਆ ਰਹੇ ਹਨ। "ਅਤੇ ਲੋਕਾਂ ਨੇ ਮੇਰੇ ਪਰਿਵਾਰ ਨੂੰ ਰਾਸ਼ਨ-ਪਾਣੀ ਅਤੇ ਦੁੱਧ ਦੀ ਸਪਲਾਈ ਵੀ ਬੰਦ ਕਰ ਦਿੱਤੀ। ਸਾਨੂੰ ਕਈ ਤਰੀਕਿਆਂ ਨਾਲ਼ ਪਰੇਸ਼ਾਨ ਕੀਤਾ ਗਿਆ ਅਤੇ ਅਸੀਂ ਬਿਨ-ਸੁੱਤਿਆਂ ਕਈ ਰਾਤਾਂ ਲੰਘਾਈਆਂ। ਸਾਡੇ ਸਾਰੇ ਗੁਆਂਢੀ ਸਾਡੇ ਤੋਂ ਸਹਿਮੇ ਹਨ।" ਹਰਨਚੰਦਰ ਦੀ ਕੋਵਿਡ-19 ਜਾਂਚ ਪੌਜੀਟਿਵ ਨਹੀਂ ਆਈ ਸੀ, ਫਿਰ ਵੀ ਉਨ੍ਹਾਂ ਦੇ ਨਾਲ਼ ਇਹ ਸਾਰਾ ਕੁਝ ਹੋਇਆ।

ਉਨ੍ਹਾਂ ਦਾ ਅਪਰਾਧ: ਉਹ ਇੱਕ ਹਸਪਤਾਲ ਵਿੱਚ ਕੰਮ ਕਰਦੇ ਹਨ। ਅਤੇ ਜ਼ਿਆਦਾਤਰ ਸਿਹਤ ਕਰਮੀ ਅਜਿਹੇ ਹੀ ਵੈਰ ਦਾ ਸਾਹਮਣਾ ਕਰ ਰਹੇ ਹਨ। ਸੰਭਵ ਹੈ ਕਿ ਜਿਲ੍ਹਾ ਪੱਧਰ ਦੇ ਉਨ੍ਹਾਂ ਕਰਮਚਾਰੀਆਂ ਨੇ ਵੀ, ਜੋ ਉਨ੍ਹਾਂ ਦੇ ਸੰਕ੍ਰਮਿਤ ਹੋਣ ਦੇ ਖ਼ਦਸ਼ੇ ਨਾਲ਼ ਉਨ੍ਹਾਂ ਨੂੰ  ਭਾਲ਼ਦੇ ਹੋਏ ਆਏ ਸਨ।

"ਹਰ ਕੋਈ ਸਹਿਮ ਰਿਹਾ ਸੀ ਕਿ ਕਿਉਂਕਿ ਮੈਂ ਹਸਪਤਾਲ ਵਿੱਚ ਕੰਮ ਕਰਦਾ ਹਾਂ, ਇਸਲਈ ਮੈਂ ਵੀ ਸੰਕ੍ਰਮਿਤ ਹੋਵਾਂਗੀ ਹੀ," ਉਹ ਦੱਸਦੇ ਹਨ।

ਲਗਭਗ 30 ਸਾਲ ਦੇ ਹਰਨਚੰਦਰ, ਕੋਲਕਾਤਾ ਦੇ ਇੰਸਟੀਚਿਊਟ ਆਫ਼ ਚਾਈਲਡ ਹੈਲਥ (ICH) ਦੇ ਰੱਖਰਖਾਓ ਕਮਰੇ ਵਿੱਚ ਕੰਮ ਕਰਦੇ ਹਨ। ਇਹ ਇੱਕ ਟ੍ਰਸਟ ਦੁਆਰਾ ਸੰਚਾਲਿਤ ਗੈਰ-ਮੁਨਾਫਾ ਅਧਾਰਤ ਹਸਪਤਾਲ ਹੈ, ਜੋ ਕੋਲਕਾਤਾ ਸ਼ਹਿਰ ਤੋਂ ਇਲਾਵਾ ਗ੍ਰਾਮੀਣ ਅਤੇ ਉਪ-ਨਗਰ ਇਲਾਕਿਆਂ ਦੇ ਬੱਚਿਆਂ ਦੀ ਸੇਵਾ ਕਰਦਾ ਹੈ। ਇਹ ਪਾਰਕ ਸਰਕਸ ਖੇਤਰ ਵਿੱਚ ਸਥਾਪਤ ਹੋਣ ਵਾਲੀ ਭਾਰਤ ਦੀ ਪਹਿਲੀ ਬਾਲ ਚਿਕਿਸਤਾ ਸੰਸਥਾ ਹੈ। ਇਸ ਹਸਪਤਾਲ ਵਿੱਚ ਇਲਾਜ ਵਾਸਤੇ ਆਉਣ ਵਾਲੇ ਬੱਚਿਆਂ ਦੇ ਨਾਲ਼ ਉਨ੍ਹਾਂ ਦੇ ਪਰਿਵਾਰਾਂ ਲਈ ਮੁਸ਼ਕਲ ਹੈ, ਜੋ ਦੂਸਰੇ ਹਸਪਤਾਲ ਜਾਂਦੇ ਹਨ ਜਾਂ ਉੱਥੋਂ ਦਾ ਖ਼ਰਚਾ ਚੁੱਕਦੇ ਹਨ।

ਕੋਵਿਡ-19 ਅਤੇ ਤਾਲਾਬੰਦੀ ਨੇ ਉਨ੍ਹਾਂ ਲਈ ਆਈਸੀਐੱਚ ਤੱਕ ਪਹੁੰਚਣਾ ਵੀ ਮੁਸ਼ਕਲ ਬਣਾ ਦਿੱਤਾ ਹੈ। "ਇੱਥੇ ਪਹੁੰਚਣਾ ਇੱਕ ਸਮੱਸਿਆ ਹੈ," ਰਤਨ ਬਿਸਵਾਸ ਕਹਿੰਦੇ ਹਨ, ਜੋ ਅਜੇ ਹੁਣੇ ਦੱਖਣੀ 24 ਪਰਗਨਾ ਦੇ ਇੱਕ ਪਿੰਡ ਤੋਂ ਆਏ ਹਨ। "ਮੈਂ ਪਾਨ ਦੇ ਇੱਕ ਖੇਤ ਵਿੱਚ ਬਤੌਰ ਦਿਹਾੜੀ ਮਜ਼ਦੂਰ ਕੰਮ ਕਰਦਾ ਸਾਂ। ਅੰਫਨ (20 ਮਈ ਨੂੰ ਆਇਆ ਚੱਕਰਵਾਤ) ਨੇ ਉਸ ਖੇਤ ਨੂੰ ਹੀ ਤਬਾਹ ਕਰ ਸੁੱਟਿਆ ਅਤੇ ਮੈਂ ਮੇਰੇ ਹੱਥੋਂ ਆਮਦਨੀ ਦਾ ਵਸੀਲਾ ਵੀ ਖੁੱਸ ਗਿਆ। ਹੁਣ ਮੇਰੇ ਛੋਟੇ ਬੱਚੇ ਦੇ ਕੰਨ ਦੇ ਮਗਰ ਇਹ ਲਾਗ ਲੱਗ ਗਈ ਹੈ, ਇਸਲਈ ਅਸੀਂ ਉਹਨੂੰ ਇੱਥੇ ਲਿਆਏ ਹਾਂ। ਰੇਲ ਸੇਵਾ ਚਾਲੂ ਨਾ ਹੋਣ ਕਾਰਨ, ਇਸ ਹਸਪਤਾਲ ਤੱਕ ਪਹੁੰਚਣਾ ਔਖਾ ਸੀ।" ਦਾਸ ਵਰਗੇ ਲੋਕ ਹਸਪਤਾਲ ਤੱਕ ਅਪੜਨਾ ਲਈ ਬੱਸ ਅਤੇ ਰਿਕਸ਼ੇ ਤੋਂ ਇਲਾਵਾ ਪੈਦਲ ਵੀ ਕੁਝ ਦੂਰੀ ਤੈਅ ਕਰਦੇ ਹਨ।

ਆਈਸੀਐੱਚ ਦੇ ਡਾਕਟਰ ਆਉਣ ਵਾਲ਼ੀਆਂ ਸਮੱਸਿਆਵਾਂ ਬਾਰੇ ਚੇਤਾਵਨੀ ਦੇ ਰਹੇ ਹਨ।

PHOTO • Ritayan Mukherjee

ਡਾਕਟਰ ਰੀਨਾ ਘੋਸ਼ ਜਪਾਨੀ ਇੰਸੇਫੇਲਾਇਟਿਸ ਤੋਂ ਸੰਕ੍ਰਮਿਤ ਇੱਕ ਮਰੀਜ਼ ਨੂੰ ਟੀਕਾ ਲਾਉਣ ਦੀ ਤਿਆਰੀ ਕਰ ਰਹੀ ਹਨ। ਤਾਲਾਬੰਦੀ ਦੌਰਾਨ ਟੀਕਾਕਰਣ ਅਭਿਆਨ ਵਿੱਚ ਤੇਜੀ ਨਾਲ਼ ਆਈ ਕਮੀ ਕਾਰਨ, ਜਿਨ੍ਹਾਂ ਬੱਚਿਆਂ ਨੂੰ ਨਿਯਮਿਤ ਟੀਕਾ ਨਹੀਂ ਲੱਗ ਪਾ ਰਿਹਾ ਹੈ, ਉਹ ਖ਼ਤਰੇ ਵਿੱਚ ਹਨ।

ਇਸ ਸਮੇਂ ਲਹੂ ਦੀ ਸਪਲਾਈ ਵਿੱਚ ਕੋਈ ਘਾਟ ਨਹੀਂ ਹੈ, ਪਰ ਇਹ ਸੰਕਟ ਪੈਦਾ ਹੋਣ ਵਾਲਾ ਹੈ, ਹੇਮੇਟੋਲਾਜੀ ਵਿਭਾਗ ਦੇ ਡਾਕਟਰ ਤਾਰਕ ਨਾਥ ਮੁਖਰਜੀ ਕਹਿੰਦੇ ਹਨ। "ਤਾਲਾਬੰਦੀ ਦੌਰਾਨ ਖੂਨਦਾਨ ਕੈਂਪ ਘੱਟ ਹੋ ਗਏ ਹਨ। ਸਧਾਰਣ ਦਿਨੀਂ, ਹਰੇਕ ਮਹੀਨੇ (ਦੱਖਣ ਬੰਗਾਲ ਇਲਾਕੇ ਵਿੱਚ) 60 ਤੋਂ 70 ਖੂਨਦਾਨ ਕੈਂਪ ਲੱਗਦੇ ਹਨ। ਪਰ ਪਿਛਲੇ ਚਾਰ ਮਹੀਨਿਆਂ ਵਿੱਚ-ਕਰੀਬ 60 ਕੈਂਪ ਹੀ ਲੱਗੇ ਹਨ। ਇਸ ਨਾਲ਼ ਕਦੇ-ਨਾ-ਕਦੇ ਥੈਲੇਸੀਮਿਆ ਦੇ ਰੋਗੀ, ਵਿਸ਼ੇਸ਼ ਕਰਕੇ ਗ੍ਰਾਮੀਣ ਇਲਾਕਿਆਂ ਦੇ ਲੋਕ ਪ੍ਰਭਾਵਤ ਹੋਣਗੇ।"

"ਕੋਵਿਡ-19 ਬਾਲ ਸਿਹਤ ਪ੍ਰਣਾਲੀ ਦੇ ਲਈ ਇੱਕ ਵੱਡੀ ਬਿਪਤਾ ਦੇ ਰੂਪ ਵਿੱਚ ਉਭਰਿਆ ਹੈ," ਹਸਪਤਾਲ ਵਿੱਚ ਇੰਮਿਊਨੋਲਾਜੀ ਮਾਹਰ, ਡਾਕਟਰ ਰੀਨਾ ਘੋਸ਼ ਕਹਿੰਦੀ ਹਨ,"ਤਾਲਾਬੰਦੀ ਕਾਰਨ, ਗ੍ਰਾਮੀਣ ਅਤੇ ਸ਼ਹਿਰੀ ਦੋਵਾਂ ਇਲਾਕਿਆਂ ਵਿੱਚ ਕਈ ਸਿਹਤ ਅਤੇ ਟੀਕਾਕਰਣ ਕੈਂਪਾਂ ਨੂੰ ਬੰਦ ਕਰਨਾ ਪਿਆ। ਮੈਨੂੰ ਡਰ ਹੈ ਕਿ ਆਉਣ ਵਾਲੇ ਸਾਲਾਂ ਵਿੱਚ, ਨਿਮੋਨੀਆ, ਖਸਰਾ, ਛੋਟੀ ਮਾਤਾ ਅਤੇ ਕਾਲ਼ੀ ਖੰਘ ਵਰਗੀਆਂ ਬੀਮਾਰੀਆਂ ਨਾਲ਼ ਸਬੰਧਤ ਮਾਮਲੇ ਵੱਧ ਸਕਦੇ ਹਨ। ਅਸੀਂ ਭਾਰਤ ਵਿੱਚ ਪੋਲਿਓ ਨੂੰ ਭਾਵੇਂ ਖ਼ਤਮ ਕਿਉਂ ਨਾ ਕਰ ਦਿੱਤਾ ਹੋਵੇ ਪਰ ਇਹ ਵੀ ਪ੍ਰਭਾਵਤ ਕਰ ਸਕਦਾ ਹੈ।"

"ਟੀਕਾਕਰਣ ਪ੍ਰਕਿਰਿਆ ਵਿੱਚ ਅੜਿਕਾ ਇਸਲਈ ਆ ਰਿਹਾ ਹੈ ਕਿਉਂਕਿ ਸਰਕਾਰ ਨੇ ਹੋਰਨਾਂ ਸਿਹਤ ਸੇਵਾ ਖੇਤਰਾਂ ਦੇ ਕਰਮਚਾਰੀਆਂ ਨੂੰ ਦੂਸਰੇ ਕੰਮੀਂ ਲਾ ਦਿੱਤਾ ਹੈ-ਉਨ੍ਹਾਂ ਨੂੰ ਕੋਵਿਡ ਡਿਊਟੀ 'ਤੇ ਰੱਖਿਆ ਗਿਆ ਹੈ। ਇਸਲਈ ਪੂਰੀ ਟੀਕਾਕਰਣ ਪ੍ਰਕਿਰਿਆ ਪ੍ਰਭਾਵਤ ਹੋ ਰਹੀ ਹੈ।"

ਹਸਪਤਾਲ ਦੇ ਆਸਪਾਸ ਪਹਿਲਾਂ ਤੋਂ ਹੀ ਲੋੜਵੰਦ ਬੱਚਿਆਂ ਨੂੰ ਦੇਖ ਕੇ ਇਹ ਵਿਸ਼ਲੇਸ਼ਣ ਚਿੰਤਾਜਨਕ ਹੈ। ਰੋਗੀਆਂ ਦੀ ਸਭ ਤੋਂ ਵੱਧ ਸੰਖਿਆ 12-14 ਸਾਲਾਂ ਦੇ ਉਮਰ ਵਰਗ ਵਿੱਚ ਹੈ, ਹਾਲਾਂਕਿ ਕਈ ਰੋਗੀ ਹੋਰ ਛੋਟੇ ਵੀ ਹਨ।

"ਮੇਰੇ ਬੱਚੇ ਨੂੰ ਲਿਊਕੇਮਿਆ ਹੈ, ਉਹਦੀ ਮਹੱਤਵਪੂਰਨ ਕੀਮੋਥੇਰੈਪੀ ਦੀਆਂ ਤਰੀਕਾਂ ਛੁੱਟ ਗਈਆਂ ਹਨ," ਨਿਰਮਲ ਮੋਂਡਲ (ਬਦਲਿਆ ਨਾਮ) ਦੱਸਦੀ ਹਨ। ਉਹ ਪੂਰਬੀ ਮਿਦਨਾਪੁਰ ਦੇ ਇੱਕ ਪਿੰਡ ਤੋਂ ਹਨ ਅਤੇ ਕਹਿੰਦੀ ਹਨ,"ਕੋਈ ਰੇਲ ਸੇਵਾ ਉਪਲਬਧ ਨਹੀਂ ਹੈ ਅਤੇ ਮੈਂ ਕਾਰ ਦਾ ਕਿਰਾਇਆ ਨਹੀਂ ਦੇ ਸਕਦੀ।" ਉਨ੍ਹਾਂ ਦੀ ਯਾਤਰਾ (ਫੇਰੀ) ਇਸ ਡਰੋਂ ਵੀ ਪ੍ਰਭਾਵਤ ਹੋਈ ਹੈ ਕਿ "ਜੇ ਮੈਂ ਉਹਦੇ ਇਲਾਜ ਲਈ ਹਸਪਤਾਲ ਆਉਂਦੀ ਹਾਂ, ਤਾਂ ਕਰੋਨਾ ਵਾਇਰਸ ਸਾਨੂੰ ਵੀ ਫੜ੍ਹ ਲਵੇਗਾ।"

PHOTO • Ritayan Mukherjee

ਆਈਸੀਐੱਚ ਦੇ ਉਪ-ਨਿਰਦੇਸ਼ਕ ਡਾਕਟਰ ਅਰੁਣਾਲੋਕ ਭੱਟਾਚਾਰਿਆ ਬੱਚਿਆਂ ਦੇ ਇੱਕ ਸਧਾਰਣ ਵਾਰਡ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗ੍ਰਾਮੀਣ ਇਲਾਕਿਆਂ ਦੇ ਕਈ ਮਰੀਜ਼ ਜਨਤਕ ਆਵਾਜਾਈ ਦੀ ਘਾਟ ਕਾਰਨ ਹਸਪਤਾਲਾਂ ਤੱਕ ਨਹੀਂ ਪਹੁੰਚ ਸਕਦੇ।

"ਬੱਚਿਆਂ 'ਤੇ ਕੋਵਿਡ ਦਾ ਪ੍ਰਭਾਵ ਬਹੁਤ ਜ਼ਿਆਦਾ ਦਿਖਾਈ ਦੇ ਰਿਹਾ ਹੈ, ਅਤੇ ਬਹੁਤੇਰੇ ਬੱਚਿਆਂ ਅੰਦਰ ਲੱਛਣ ਵੀ ਪ੍ਰਤੀਤ ਨਹੀਂ ਹੁੰਦੇ," ਆਈਸੀਐੱਚ ਵਿੱਚ ਬੱਚਿਆਂ ਦੀ ਸਿਹਤ ਦੇਖਭਾਲ਼ ਦੇ ਮਾਹਰ ਡਾਕਟਰ ਪ੍ਰਭਾਸ ਪ੍ਰਸੂਨ ਗਿਰੀ ਕਹਿੰਦੇ ਹਨ। "ਪਰ ਕਦੇ-ਕਦਾਈਂ ਅਸੀਂ ਉਨ੍ਹਾਂ ਵਿੱਚੋਂ ਕੁਝ ਨੂੰ ਕੋਵਿਡ ਜਾਂਚ ਵਿੱਚ ਪੌਜੀਟਿਵ ਦੇਖਦੇ ਹਾਂ-ਜੋ ਅਸਲ ਵਿੱਚ ਕਿਸੇ ਹੋਰ ਇਲਾਜ ਲਈ ਇੱਥੇ ਆਏ ਹੁੰਦੇ ਹਨ। ਸਾਡੇ ਕੋਲ਼ ਸਾਹ ਦੀਆਂ ਸਮੱਸਿਆਵਾਂ ਵਾਲ਼ੇ ਬੱਚਿਆਂ ਲਈ ਇੱਕ ਵੱਖਰਾ ਆਇਸੋਲੇਸ਼ਨ ਯੁਨਿਟ ਹੈ।"

ਅਜਿਹੇ ਸਮੇਂ, ਡਾਕਟਰ ਵੀ ਕਲੰਕ ਤੋਂ ਪੀੜਤ ਹਨ। ਡਾਕਟਰ ਤਾਰਕ ਨਾਥ ਮੁਖਰਜੀ ਦੇ ਨਾਲ਼ ਹੀ ਖੜ੍ਹੀ ਸੋਮਾ ਬਿਸਵਾਸ (ਬਦਲਿਆ ਨਾਮ) ਕਹਿੰਦੀ ਹਨ: "ਕਿਉਂਕਿ ਮੇਰੇ ਪਤੀ ਇੱਕ ਡਾਕਟਰ ਹਨ (ਦੂਸਰੇ ਹਸਪਤਾਲ ਵਿੱਚ) ਅਤੇ ਮੈਂ ਇੱਥੇ ਸਟਾਫ਼ ਵਿੱਚ ਕੰਮ ਕਰਦੀ ਹਾਂ, ਇਸਲਈ ਅਸੀਂ ਹੁਣ ਆਪਣੇ ਪਿਤਾ ਦੇ ਘਰੇ ਰਹਿੰਦੇ ਹਾਂ। ਅਸੀਂ ਆਪਣੇ ਹੀ ਫਲੈਟਾਂ ਵਿੱਚ ਜਾਣ ਦੇ ਅਸਮਰੱਥ ਹਾਂ ਕਿਉਂਕਿ ਸਾਨੂੰ ਡਰ ਹੈ ਕਿ ਸਾਡੇ ਗੁਆਂਢੀ ਇਤਰਾਜ ਜਤਾਉਣਗੇ।"

ਵਿਸ਼ਵ ਸਿਹਤ ਸੰਗਠਨ ਨੇ 18 ਮਾਰਚ ਨੂੰ ਹੀ ਚੇਤਾਵਨੀ ਦਿੱਤੀ ਸੀ ਕਿ "ਮੰਦਭਾਗੀਂ, ਕੁਝ ਸਿਹਤ ਕਰਮੀਆਂ ਨੂੰ, ਆਪਣੇ ਪਰਿਵਾਰ ਜਾਂ ਭਾਈਚਾਰੇ ਦੁਆਰਾ ਕਲੰਕਿਤ ਕੀਤੇ ਜਾਣ ਦੇ ਡਰ ਕਾਰਨ ਉਨ੍ਹਾਂ ਤੋਂ ਦੂਰੀ ਬਣਾਈ ਰੱਖਣ ਦਾ ਅਨੁਭਵ ਕਰਨਾ ਪੈ ਸਕਦਾ ਹੈ। ਇਹ ਪਹਿਲਾਂ ਤੋਂ ਹੀ ਚੁਣੌਤੀ-ਭਰੀ ਹਾਲਤ ਨੂੰ ਹੋਰ ਵੱਧ ਮੁਸ਼ਕਲ ਬਣਾ ਸਕਦਾ ਹੈ।"

ਇੱਥੋਂ ਦੇ ਸਿਹਤ ਕਰਮੀਆਂ ਦੇ ਅਨੁਭਵ ਉਸ ਚੇਤਾਵਨੀ ਨੂੰ ਸਹੀ ਸਾਬਤ ਕਰਦੇ ਹਨ।

ਉਨ੍ਹਾਂ ਵਿੱਚੋਂ ਕੁਝ ਲੋਕ ਕਿਉਂਕਿ ਨੇੜੇ-ਤੇੜੇ ਦੇ ਪਿੰਡਾਂ ਤੋਂ ਆਉਂਦੇ ਹਨ, ਇਸਲਈ ਇੰਸਟੀਚਿਊਟ ਆਫ਼ ਚਾਈਲਡ ਹੈਲਥ ਨੂੰ ਸਿਹਤ ਕਰਮੀਆਂ ਦੇ ਪਰਿਵਾਰਾਂ ਦੇ ਅੰਦਰਲੀਆਂ ਪਰੇਸ਼ਾਨੀਆਂ; ਉਨ੍ਹਾਂ ਦੀਆਂ ਆਵਾਜਾਈ ਸਬੰਧੀ ਤਸ਼ੱਦਦ ਭਰੀਆਂ ਸਮੱਸਿਆਵਾਂ; ਆਪਣੇ ਪੇਸ਼ੇ ਦੇ ਕਾਰਨ ਸਮਾਜਿਕ ਕਲੰਕ- ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਦਰਦਨਾਕ ਸਿੱਟਿਆਂ ਨਾਲ਼ ਦੋ-ਹੱਥ ਹੋਣਾ ਪੈ ਰਿਹਾ ਹੈ।

ਇਨ੍ਹਾਂ ਸਭ ਦੇ ਕਾਰਨ ਇੱਕ ਅਜੀਬ ਹਾਲਤ ਪੈਦਾ ਹੋ ਗਈ ਹੈ। ਹਸਪਤਾਲ ਦੇ ਬਿਸਤਰੇ 'ਤੇ ਲੋਕ ਘੱਟ ਹਨ, ਰੋਗੀਆਂ ਦੀ ਸੰਖਿਆ ਅਸਲ ਵਿੱਚ ਘੱਟ ਹੋ ਗਈ ਹੈ- ਪਰ ਦਬਾਅ ਵੱਧ ਗਿਆ ਹੈ। ਹਸਪਤਾਲ ਦੇ ਇੱਕ ਪ੍ਰਸ਼ਾਸਕ ਦਾ ਕਹਿਣਾ ਹੈ ਕਿ ਵਰਤਮਾਨ ਵਿੱਚ "ਓਪੀਡੀ (ਬਾਹਰੀ ਮਰੀਜ਼ਾਂ ਦਾ ਵਿਭਾਗ), ਜੋ ਆਮ ਤੌਰ 'ਤੇ ਇੱਕ ਦਿਨ ਵਿੱਚ ਕਰੀਬ 300 ਰੋਗੀਆਂ ਦੀ ਸੇਵਾ ਕਰਦਾ ਸੀ, ਹੁਣ ਉੱਥੇ ਸਿਰਫ਼ 60 ਮਰੀਜ਼ ਆਉਂਦੇ ਹਨ"- ਇਹ 80 ਫੀਸਦੀ ਦੀ ਗਿਰਾਵਟ ਹੈ। ਬਿਸਤਰਿਆਂ 'ਤੇ ਰੋਗੀਆਂ ਦੀ ਗਿਣਤੀ 220 ਤੋਂ ਘੱਟ ਕੇ ਕਰੀਬ 90 ਰਹਿ ਗਈ ਹੈ, ਭਾਵ ਕਿ 60 ਪ੍ਰਤੀਸ਼ਤ ਦੀ ਕਮੀ। ਪਰ, ਪ੍ਰਸ਼ਾਸਕ ਕਹਿੰਦੇ ਹਨ,"ਸਾਨੂੰ ਕੁੱਲ ਕਰਮਚਾਰੀਆਂ ਦੇ ਕਰੀਬ 40 ਫੀਸਦੀ ਨਾਲ਼ ਹੀ ਕੰਮ ਸਾਰਨਾ ਪਵੇਗਾ।"

Left: A nurse in the Neonatal Intensive Care Unit (NICU). Despite seeing staff on duty falling to 40 per cent of normal, the hospital soldiers on in providing services for children-left. Right: Health worker hazards: Jayram Sen (name changed) of the ICH was not allowed, for several days, to take water from a community tap in his village in the South 24 Parganas
PHOTO • Ritayan Mukherjee
Left: A nurse in the Neonatal Intensive Care Unit (NICU). Despite seeing staff on duty falling to 40 per cent of normal, the hospital soldiers on in providing services for children-left. Right: Health worker hazards: Jayram Sen (name changed) of the ICH was not allowed, for several days, to take water from a community tap in his village in the South 24 Parganas
PHOTO • Ritayan Mukherjee

ਖੱਬੇ : ਨਵਜਾਤ ਤੀਬਰ ਦੇਖਭਾਲ ਯੁਨਿਟ ( NICU )। ਡਿਊਟੀ ' ਤੇ ਰਹਿਣ ਵਾਲ਼ੇ ਕਰਮੀਆਂ ਦੀ ਸੰਖਿਆ ਸਧਾਰਣ ਤੋਂ ਘੱਟ ਕੇ 40 ਫੀਸਦੀ ਹੋ ਜਾਣ ਦੇ ਬਾਵਜੂਦ, ਹਸਪਤਾਲ ਦੇ ਸਿਪਾਹੀ ਬੱਚਿਆਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਜਾਰੀ ਰੱਖਦੇ ਹੋਏ। ਸੱਜੇ : ਸਿਹਤ ਕਰਮੀ ਨੂੰ ਖ਼ਤਰਾ : ਆਈਸੀਐੱਚ ਦੇ ਜੈਰਾਮ ਸੇਨ (ਬਦਲਿਆ ਨਾਮ) ਨੂੰ ਕਈ ਦਿਨਾਂ ਤੱਕ ਦੱਖਣ 24 ਪਰਗਨਾ ਵਿੱਚ ਸਥਿਤ ਉਨ੍ਹਾਂ ਦੇ ਪਿੰਡ ਦੀ ਸਾਂਝੇ (ਜਨਤਕ) ਟੂਟੀ ਤੋਂ ਪਾਣੀ ਲੈਣ ਦੀ ਆਗਿਆ ਨਹੀਂ ਸੀ।

ਸਟਾਫ਼ ਦੀ ਪੂਰੀ ਗਿਣਤੀ 450 ਹੋਵੇਗੀ, ਜਿਨ੍ਹਾਂ ਵਿੱਚ 200 ਨਰਸਾਂ, 61 ਵਾਰਡ ਸਹਾਇਕ, 56 ਸਫਾਈ ਕਰਮੀ ਅਤੇ ਹੋਰਨਾਂ ਵਿਭਾਗਾਂ ਦੇ 133 ਕਰਮੀ ਸ਼ਾਮਲ ਹਨ। ਅਤੇ ਆਈਸੀਐੱਚ ਨਾਲ਼ ਵੱਖ-ਵੱਖ ਪੱਧਰਾਂ 'ਤੇ ਕਰੀਬ 250 ਡਾਕਟਰ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ, 40-45 ਕੁੱਲਵਕਤੀ ਇਨ-ਹਾਊਸ ਕੰਮ ਕਰਦੇ ਹਨ ਅਤੇ 15-20 ਸਲਾਹਕਾਰ ਹਰ ਦਿਨ ਆਉਂਦੇ ਹਨ। ਬਾਕੀ ਸਵੈਇਛੱਤ ਓਪੀਡੀ ਸੇਵਾਵਾਂ ਅਤੇ ਹੋਰਨਾਂ ਖੇਤਰਾਂ ਵਿੱਚ ਸਰਜਨ (ਸਿਖਲਾਈ ਯਾਫਤਾ ਹਸਪਤਾਲ ਵਿੱਚ) ਫੈਕਲਿਟੀ ਦੇ ਰੂਪ ਵਿੱਚ ਦੌਰਾ ਕਰਦੇ ਹਨ।

ਤਾਲਾਬੰਦੀ ਨੇ ਉਨ੍ਹਾਂ ਸਾਰਿਆਂ ਲਈ ਗੰਭੀਰ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਜਿਵੇਂ ਕਿ ਡਿਪਟੀ ਚੀਫ ਓਪਰੇਟਿੰਗ ਅਫ਼ਸਰ, ਅਰਾਧਨਾ ਘੋਸ਼ ਚੌਧਰੀ ਦੱਸਦੀ ਹਨ, "ਮਰੀਜ਼ਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਦਾ ਬੰਦੋਬਸਤ ਕਰਨਾ, ਵੱਖ-ਵੱਖ ਕਾਰਜਾਂ ਲਈ ਇਲਾਜ ਕਰਮੀਆਂ ਨੂੰ ਤੈਨਾਤ ਕਰਨਾ, ਇਹ ਸਾਰਾ ਕੁਝ ਹੁਣ ਇੱਕ ਸਮੱਸਿਆ ਹੈ। ਕਰਮਚਾਰੀਆਂ ਵਿੱਚੋਂ ਕੁਝ ਕੁ ਤਾਂ ਆਪਣੇ ਕੰਮਾਂ ਤੋਂ ਘਰੀਂ ਅਤੇ ਘਰਾਂ ਤੋਂ ਕੰਮਾਂ 'ਤੇ  ਪਰਤਣ ਵਿੱਚ ਅਸਮਰੱਥ ਹਨ ਕਿਉਂਕਿ ਕੋਈ ਰੇਲ ਉਪਲਬਧ ਹੀ ਨਹੀਂ ਹੈ ਅਤੇ ਪਹਿਲਾਂ, ਕੋਈ ਬੱਸ ਸੇਵਾ ਵੀ ਨਹੀਂ ਸੀ।" ਸਿਹਤ ਸੇਵਾ ਦੇ ਕੁਝ ਕਰਮੀ ਜੋ ਪਹਿਲਾਂ ਤੋਂ ਹੀ ਆਪਣੇ ਪਿੰਡਾਂ ਵਿੱਚ ਸਨ, ਉਹ "ਸਮਾਜਿਕ ਕਲੰਕ ਤੋਂ ਬਚਣ ਲਈ" ਆਪਣੀ ਡਿਊਟੀ 'ਤੇ ਮੁੜੇ ਹੀ ਨਹੀਂ ਹਨ।

ਹਸਪਤਾਲ ਨੂੰ ਹੁਣ ਵਿੱਤੀ ਘਾਟਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਆਈਸੀਐੱਚ ਇੱਕ ਗੈਰ-ਮੁਨਾਫਾ ਅਧਾਰਤ ਸੰਸਥਾ ਹੈ, ਜਿੱਥੇ ਡਾਕਟਰ ਆਪਣੀਆਂ ਲਈ ਸੇਵਾਵਾਂ ਲਈ ਫ਼ੀਸ ਨਹੀਂ ਲੈਂਦੇ ਅਤੇ ਬਾਕੀ ਦੇ ਖ਼ਰਚੇ ਵੀ ਬਹੁਤ ਘੱਟ ਹਨ। (ਇਹ ਹਸਪਤਾਲ ਅਕਸਰ ਬਹੁਤੇ ਗ਼ਰੀਬ ਲੋਕਾਂ ਦਾ ਖ਼ਰਚਾ ਮੁਆਫ਼ ਵੀ ਕਰ ਦਿੰਦਾ ਹੈ)। ਬਿਸਤਰੇ 'ਤੇ ਮਰੀਜਾਂ ਦੀ ਕਮੀ ਅਤੇ ਓਪੀਡੀ ਵਿੱਚ ਆਉਣ ਵਾਲਿਆਂ ਦੀ ਗਿਣਤੀ ਵਿੱਚ ਘਾਟ, ਉਹ ਥੋੜ੍ਹੇ ਬਹੁਤ ਸ੍ਰੋਤ ਵੀ ਸੁੰਗੜ ਗਏ ਹਨ-ਪਰ ਕੋਵਿਡ ਦੇ ਕਾਰਨ ਹਸਪਤਾਲ ਦੇ ਖਰਚਿਆਂ ਵਿੱਚ ਮੌਜੂਦਾ ਲਾਗਤਾਂ ਵਿੱਚ ਘੱਟ ਤੋਂ ਘੱਟ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

"ਇਸ ਵਿੱਚ ਸਾਫ਼-ਸਫਾਈ, ਪੀਪੀਈ ਅਤੇ ਕੋਵਿਡ ਨਾਲ਼ ਸਬੰਧਤ ਹੋਰ ਲਾਗਤਾਂ ਸ਼ਾਮਲ ਹਨ," ਅਰਾਧਨਾ ਘੋਸ਼ ਚੌਧਰੀ ਦੱਸਦੀ ਹਨ। ਇਨ੍ਹਾਂ ਵੱਧਦੀਆਂ ਹੋਈਆਂ ਲਾਗਤਾਂ ਨੂੰ ਉਹ ਆਪਣੇ ਰੋਗੀਆਂ ਦੇ ਮੱਥੇ ਨਹੀਂ ਮੜ੍ਹ ਸਕਦੇ ਕਿਉਂਕਿ "ਅਸੀਂ ਇੱਥੇ ਜਿਹੜੇ ਸਮੂਹ ਦੀ ਸੇਵਾ ਕਰਦੇ ਹਾਂ, ਉਹ ਜ਼ਿਆਦਾਤਰ ਗ੍ਰਾਮੀਣ ਅਤੇ ਉਪ-ਨਗਰ ਦੇ ਇਲਾਕਿਆਂ ਦੇ ਬੀਪੀਐੱਲ (ਗ਼ਰੀਬੀ ਰੇਖਾਂ ਤੋਂ ਹੇਠਾਂ ਦੇ ਲੋਕ) ਹਨ। ਉਹ ਇਸ ਖ਼ਰਚੇ ਨੂੰ ਕਿਵੇਂ ਝੱਲ ਸਕਦੇ ਹਨ?" ਉਨ੍ਹਾਂ ਦੀ ਜੋ ਮਾੜੀ-ਮੋਟੀ ਆਮਦਨੀ ਸੀ, ਤਾਲਾਬੰਦੀ ਕਰਕੇ ਉਹ ਵੀ ਬਰਬਾਦ ਹੋ ਗਈ। "ਕਦੇ-ਕਦੇ ਇਸ ਹਾਲਤ ਵਿੱਚ ਵੱਧਦੀ ਵਾਧੂ ਲਾਗਤ ਦਾ ਭੁਗਤਾਨ ਸਾਡੇ ਡਾਕਟਰ ਆਪਣੀ ਜੇਬ੍ਹੋਂ ਕਰਦੇ ਹਨ। ਫਿਲਹਾਲ, ਦਾਨ ਆਸਰੇ ਹੀ ਸਾਡਾ ਕੰਮ ਚੱਲ ਰਿਹਾ ਹੈ, ਪਰ ਉਹਦੀ ਮਾਤਾਰ ਇੰਨੀ ਨਹੀਂ ਹੈ ਕਿ ਉਸ ਨਾਲ ਲੰਬੇ ਸਮੇਂ ਤੱਕ ਸਾਡਾ ਕੰਮ ਚੱਲਦਾ ਰਹਿ ਸਕੇ।"

ਸਾਲਾਂ ਤੋਂ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਅਸਫ਼ਲਤਾ ਹੁਣ ਸਾਨੂੰ ਪਰੇਸ਼ਾਨ ਕਰਨ ਲੱਗੀ ਹੈ, ਆਈਸੀਐੱਚ ਦੇ ਉਪ-ਨਿਰਦੇਸ਼ਕ ਡਾਕਟਰ ਅਰੁਣਾਲੋਕ ਭੱਟਾਚਾਰਿਆ ਕਹਿੰਦੇ ਹਨ। ਵੱਖੋ-ਵੱਖ ਕਾਰਨਾਂ ਵਿੱਚ, ਉਹ ਕਹਿੰਦੇ ਹਨ,"ਪਹਿਲੀ ਸਫ਼ਾ ਦੇ ਸਿਹਤ-ਕਰਮੀ ਅਤੇ ਨਿਯਮਤ ਰੋਗੀ ਹੀ ਅਸਲੀ ਪੀੜਤ ਹਨ।"

PHOTO • Ritayan Mukherjee

ਬਾਂਕੁਰਾ ਜਿਲ੍ਹੇ ਦੇ ਇੱਕ ਬੱਚੇ ਦੀ ਛਾਤੀ ਦਾ ਐਕਸ-ਰੇ ਕੀਤਾ ਜਾ ਰਿਹਾ ਹੈ। ਮਹਾਂਮਾਰੀ ਦੇ ਕਾਰਨ, ਸਿਹਤ ਸੁਵਿਧਾ ਦੀ ਉਪਲਬਧਤਾ ਦੇ ਅਧਾਰ ' ਤੇ, ਪੂਰੇ ਦੇਸ਼ ਵਿੱਚ ਇਮੇਜਿੰਗ ਦੇ ਖੇਤਰ ਵਿੱਚ ਭਾਰੀ ਗਿਰਾਵਟ ਹੋ ਸਕਦੀ ਹੈ।

PHOTO • Ritayan Mukherjee

ਰੇਡਿਓਲਾਜੀ ਵਿਭਾਗ ਦੇ ਨਿਲਾਦਰੀ ਘੋਸ਼ (ਬਦਲਿਆ ਨਾਮ) ਨੂੰ ਨਾਦੀਆ ਜਿਲ੍ਹੇ ਵਿੱਚ ਉਨ੍ਹਾਂ ਦੇ ਪਿੰਡ ਵਿੱ ਗੁਆਂਢੀਆਂ ਦੁਆਰਾ ਪਰੇਸ਼ਾਨ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਹੀ ਘਰ ਤੋਂ ਬਾਹਰ ਨਿਕਲ਼ਣ ਲਈ ਪੁਲਿਸ ਸਹਾਇਤਾ ਲੈਣੀ ਪਈ।

PHOTO • Ritayan Mukherjee

ਹਸਪਤਾਲ ਵਿੱਚ ਸੁਰੱਖਿਅਤ ਸਾਂਭੀ ਗਈ ਜੀਵਨ-ਸਹਾਇਕ ਮੈਡੀਕਲ ਗੈਸਾਂ ਜੋ ਰੋਗੀ ਦੀ ਹਾਲਤ ' ਤੇ ਮਹੱਤਵਪੂਰਨ ਪ੍ਰਭਾਵ ਪਾਉਂਦੀਆਂ ਹਨ।

PHOTO • Ritayan Mukherjee

ਕੈਂਸਰ ਤੋਂ ਪੀੜਤ ਬੱਚਿਆਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਬੱਚੇ, ਜੋ ਖਾਸ ਕਰਕੇ ਗ੍ਰਾਮੀਣ ਇਲਾਕੇ ਤੋਂ ਹਨ, ਤਾਲਾਬੰਦੀ ਦੇ ਵਕਫੇ ਦੌਰਾਨ ਉਨ੍ਹਾਂ ਦੀ ਕੀਮੋਥੈਰੇਪੀ ਦੀਆਂ ਤਰੀਕਾਂ ਛੁੱਟ ਰਹੀਆਂ ਹਨ।

PHOTO • Ritayan Mukherjee

ਨਵਜਾਤ ਬੱਚਿਆਂ ਅਕਸਰ ਹਸਪਤਾਲ ਵਿੱਚ ਰਹਿੰਦਿਆਂ, ਹਸਪਤਾਲੋਂ ਛੁੱਟੀ ਮਿਲ਼ਣ ਦੇ 48-72 ਘੰਟਿਆਂ ਬਾਅਦ ਦੋਬਾਰਾ ਭਾਰ ਤੋਲਿਆ ਜਾਂਦਾ ਹੈ। ਉਨ੍ਹਾਂ ਦੇ ਮਾਪੇ ਦੇ ਭਾਰ ਦੀ ਵੀ ਜਾਂਚ ਕੀਤੀ ਜਾਂਦੀ ਹੈ।

PHOTO • Ritayan Mukherjee

ਆਈਸੋਲੇਸ਼ਨ ਰੂਮ ਅੰਦਰ, ਪੀਪੀਈ ਕਿਟ ਵਿੱਚ ਕਰਮਚਾਰੀ 35 ਦਿਨਾਂ ਦੇ ਇੱਕ ਕੋਵਿਡ-ਪੋਜੀਟਿਵ ਨਵਜਾਤ ਦੀ ਦੇਖਭਾਲ਼ ਕਰ ਰਹੇ ਹਨ।

PHOTO • Ritayan Mukherjee

ਬਾਲ ਚਿਕਿਤਸਾ ਆਈਸੀਯੂ ਦੇ ਅੰਦਰ, ਗੰਭੀਰ ਰੂਪ ਨਾਲ਼ ਬੀਮਾਰ ਇੱਕ ਬੱਚੇ ' ਤੇ ਧਿਆਨ ਦਿੱਤਾ ਜਾ ਰਿਹਾ ਹੈ। ਫੈਡਰੇਸ਼ਨ ਆਫ਼ ਰੈਜੀਡੈਂਟ ਡਾਕਟਰਸ ਐਸੋਸੀਏਸ਼ਨ, ਕੋਲਕਾਤਾ ਨੇ ਭਾਰਤੀ ਸਿਹਤ ਮੰਤਰਾਲੇ ਨੂੰ ਚਿੱਠੀ ਲਿਖ ਕੇ ਬਚਾਓ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ। ਕਈ ਡਾਕਟਰਾਂ ਅਤੇ ਨਰਸਾਂ ਨੇ ਗੁਆਂਢੀਆਂ ਤੋਂ ਪੀੜਤ ਹੋਣ ਦੀ ਸੂਚਨਾ ਦਿੱਤੀ ਹੈ।

PHOTO • Ritayan Mukherjee

ਕੋਵਿਡ ਤੋਂ ਬੱਚ ਜਾਣ ਵਾਲ਼ੀ ਨਰਸ ਸੰਗੀਤਾ ਪਾਲ ਕਹਿੰਦੀ ਹਨ, ' ਮੈਂ ਢੁੱਕਵੇਂ ਕੁਆਰਨਟੀਨ ਪ੍ਰੋਟੋਕਾਲ ਦਾ ਪਾਲਣ ਕਰਨ ਤੋਂ ਬਾਅਦ ਵਾਇਸਰ ਨੂੰ ਹਰਾ ਦਿੱਤਾ ਹੈ ਅਤੇ ਮੁੜ ਡਿਊਟੀ ਸ਼ੁਰੂ ਕਰ ਦਿੱਤੀ ਹੈ। ਮੇਰੇ ਸਹਿਯੋਗੀਆਂ ਨੇ ਮੇਰਾ ਦਿਲੋਂ ਸੁਆਗਤ ਕੀਤਾ। '

PHOTO • Ritayan Mukherjee

ਮੈਡੀਕਲ ਤਕਨੀਸ਼ੀਅਨ ਚੰਚਲ ਸਾਹਾ ਦੱਖਣ 24 ਪਰਗਨਾ ਦੇ ਇੱਕ ਪਿੰਡ ਦੇ ਇੱਕ ਮਹੀਨੇ ਦੇ ਬੱਚੇ ਦੀ ਈਈਜੀ ਜਾਂਚ ਰਹੇ ਹਨ। ਲੈਬ ਤਕਨੀਸ਼ੀਅਨ, ਜਿਨ੍ਹਾਂ ਨੂੰ ਹੁਣ ਇਸ ਪ੍ਰਕਿਰਿਆ ਨੂੰ ਸਿਰੇ ਚਾੜ੍ਹਨ ਲਈ ਵਾਧੂ ਸਾਵਧਾਨੀ ਵਰਤਣੀ ਪੈਂਦੀ ਹੈ, ਦੱਸਦੇ ਹਨ ਕਿ ਆਉਣ ਵਾਲ਼ੇ ਰੋਗੀਆਂ ਦੀ ਗਿਣਤੀ ਵਿੱਚ ਕਾਫ਼ੀ ਗਿਰਾਵਟ ਆਈ ਹੈ।

PHOTO • Ritayan Mukherjee

ਟੀਕਾਕਰਨ ਵਿਭਾਗ ਵਿੱਚ ਇੱਕ ਸਹਾਇਕ, ਮੌਮਿਤਾ ਮਾਹਾ, ਆਪਣੇ ਸਹਿਯੋਗੀ ਦੁਆਰਾ ਕੀਤੇ ਗਏ ਮਜਾਕ ' ਤੇ ਹੱਸ ਰਹੀ ਹਨ।

PHOTO • Ritayan Mukherjee

ਵਿਤੋਂਵੱਧ ਕੰਮ ਦੇ ਬੋਝ ਹੇਠ ਪੂਰੇ ਹਸਪਤਾਲ ਦੇ ਸਿਸਟਮ ਨੂੰ ਬਣਾਈ ਰੱਖਣ, ਰੋਗੀਆਂ ਦੇ ਸਿਹਤ ਦੀ ਨਿਗਰਾਨੀ ਰੱਖਣ ਅਤੇ ਨਰਸਾਂ, ਵਾਰਡ ਸਹਾਇਕਾਂ ਤੇ ਸਫਾਈਕਰਮੀਆਂ ਜਿਹੇ ਸਾਰੇ ਵੱਖ-ਵੱਖ ਸਿਹਤ ਕਰਮੀਆਂ ਦੇ ਕੰਮਕਾਜ ਦੀ ਨਿਗਰਾਨੀ ਕਰਨ ਵਿੱਚ ਮੈਟਰਨ (ਮੁੱਖ ਨਰਸ) ਅਤੇ ਸਿਸਟਰਸ-ਇਨ-ਚਾਰਜ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇੱਥੇ ਮੈਟਰਨ, ਝਰਨਾ ਰਾਏ ਆਪਣੇ ਦਫ਼ਤਰ ਅੰਦਰ ਇੱਕ ਜੌਬ ਸ਼ੀਟ ' ਤੇ ਕੰਮ ਕਰ ਰਹੀ ਹਨ।

PHOTO • Ritayan Mukherjee

ਚਾਹ ਲਈ ਬ੍ਰੇਕ ਲੈਂਦੇ ਵਾਰਡ ਸਹਾਇਕ। ਉਨ੍ਹਾਂ ਵਿੱਚੋਂ ਕਈ ਤਾਂ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਤੋਂ ਹਸਤਪਾਲ ਵਿੱਚ ਹੀ ਰਹਿ ਰਹੇ ਹਨ। ਜਾਂ ਤਾਂ ਇਸਲਈ ਕਿ ਉਨ੍ਹਾਂ ਦੇ ਪਿੰਡਾਂ ਤੱਕ ਕੋਈ ਨਿਯਮਿਤ ਰੇਲ ਨਹੀਂ ਹੈ ਜਾਂ ਫਿਰ ਆਪਣੇ ਗੁਆਂਢੀਆਂ ਦੇ ਉਤਪੀੜਨ ਤੋਂ ਬਚਣ ਲਈ।

PHOTO • Ritayan Mukherjee

ਰਿਸੈਪਸ਼ਨ ਕਾਊਂਟਰ ਦੇ ਕੋਲ਼ ਇੱਕ ਮੁਲਾਕਾਤੀ ਵੀਡਿਓ ਕਾਲ ਕਰਕੇ ਆਪਣੇ ਘਰ ਵਾਲ਼ਿਆਂ ਨੂੰ ਦੱਸ ਰਿਹਾ ਹੈ ਕਿ ਪਰਿਵਾਰ ਦੇ ਮੈਂਬਰ ਨੂੰ ਹਸਤਪਾਲ ਵਿੱਚ ਭਰਤੀ ਕਰ ਲਿਆ ਗਿਆ ਹੈ।

PHOTO • Ritayan Mukherjee

ਕੋਲਕਾਤਾ ਵਿੱਚ ਬਾਲ ਸਿਹਤ ਸੰਸਥਾ ( ICH ) ਦੀ ਸਥਾਪਨਾ ਭਾਰਤ ਵਿੱਚ ਬਾਲ ਚਿਕਿਤਸਾ ਦੇਖਭਾਲ ਦੇ ਪ੍ਰਮੁੱਖ ਡਾ. ਕੇ.ਸੀ. ਚੌਧਰੀ ਦੁਆਰਾ ਕੀਤੀ ਗਈ। ICH ਇੱਕ ਗੈਰ-ਮੁਨਾਫਾ ਅਧਾਰਤ, ਟ੍ਰਸਟ ਸੰਚਾਲਿਤ ਹਸਪਤਾਲ ਹੈ।

ਤਰਜਮਾ - ਕਮਲਜੀਤ ਕੌਰ

Ritayan Mukherjee

Ritayan Mukherjee is a Kolkata-based photographer and a PARI Senior Fellow. He is working on a long-term project that documents the lives of pastoral and nomadic communities in India.

Other stories by Ritayan Mukherjee
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur