10 ਸਾਲਾ ਤੋਂ ਘੱਟ ਉਮਰ ਦੇ ਬੱਚਿਆਂ- ਇਜਾਜ਼, ਇਮਰਾਨ, ਯਾਸੀਰ ਤੇ ਸ਼ਮੀਨਾ ਨੂੰ ਸਕੂਲ ਜਾਂਦਿਆਂ ਹਾਲੇ ਕੁਝ ਕੁ ਸਾਲ ਤਾਂ ਬੀਤੇ ਹਨ। ਹਰੇਕ ਸਾਲ ਉਨ੍ਹਾਂ ਨੂੰ ਚਾਰ ਜਾਂ ਪੰਜ ਮਹੀਨਿਆਂ ਵਾਸਤੇ ਸਕੂਲੋਂ ਵਿਦਾ ਲੈਣੀ ਪੈਂਦੀ ਹੈ ਤੇ ਪ੍ਰਵਾਸ ਕਰਦੇ ਆਪਣੇ ਮਾਪਿਆਂ ਨਾਲ਼ ਚਰਾਂਦਾਂ ਦੀ ਭਾਲ਼ ਵਿੱਚ ਘੁੰਮਣਾ ਪੈਂਦਾ ਹੈ। ਸਕੂਲੋਂ ਕੀਤੀਆਂ ਇਹ ਛੁੱਟੀਆਂ ਉਨ੍ਹਾਂ ਦੀ ਪ੍ਰਾਇਮਰੀ ਸਿੱਖਿਆ ਦੀ ਬੁਨਿਆਦ ਹਿਲਾ ਕੇ ਰੱਖ ਦਿੰਦੀਆਂ ਹਨ, ਜਿੱਥੇ ਨਾ ਸਿਰਫ਼ ਹਿਸਾਬ, ਵਿਗਿਆਨ ਤੇ ਸਮਾਜਿਕ ਸਿੱਖਿਆ ਦਾ ਨੁਕਸਾਨ ਹੁੰਦਾ ਹੈ ਉੱਥੇ ਉਨ੍ਹਾਂ ਨੂੰ ਸ਼ਬਦਾਵਲੀ ਤੇ ਲੇਖਣ ਕਲਾ ਵੀ ਭੁੱਲਣ ਲੱਗਦੀ ਹੈ।
10 ਸਾਲਾਂ ਦੇ ਹੁੰਦਿਆਂ-ਹੁੰਦਿਆਂ ਜਮਾਤਾਂ ਛੱਡਣ ਦਾ ਚਲਨ ਵੱਧ ਕੇ ਇੱਕ ਸਾਲ ਤੱਕ ਚਲਾ ਜਾਂਦਾ ਹੈ। ਇਹ ਨੁਕਸਾਨ ਤਾਂ ਹੁਸ਼ਿਆਰ ਫਰੰਟ ਬੈਂਚਰਸ ਲਈ ਵੀ ਭਿਆਨਕ ਹੈ, ਜਿਹਨੂੰ ਦੂਰ ਕਰਨਾ ਇੱਕ ਮੁਸ਼ਕਲ ਹੈ।
ਪਰ ਹੁਣ ਸਮੱਸਿਆ ਮੁੱਕਦੀ ਜਾਪਦੀ ਹੈ। ਪ੍ਰਵਾਸ ਕਰਦੇ ਆਜੜੀਆਂ ਦੇ ਨਾਲ਼ ਹੁਣ ਇੱਕ ਅਧਿਆਪਕ, ਅਲੀ ਮੁਹੰਮਦ ਵੀ ਸਫ਼ਰ 'ਤੇ ਹਨ। ਇਹ ਉਨ੍ਹਾਂ ਦਾ ਤੀਜਾ ਵਰ੍ਹਾ ਹੈ ਜਦੋਂ 25 ਸਾਲਾ ਅਲੀ ਕਸ਼ਮੀਰ ਦੀ ਲਿੱਦਰ ਘਾਟੀ ਦੇ ਪਹਾੜਾਂ 'ਤੇ ਸਥਿਤ ਗੁੱਜਰ ਬਸਤੀ ਖਾਲਾਨ ਵਿਖੇ ਆਏ। ਹੁਣ ਉਹ ਅਗਲੇ ਚਾਰ ਮਹੀਨੇ (ਜੂਨ ਤੋਂ ਸਤੰਬਰ) ਉਨ੍ਹਾਂ ਗੁੱਜਰਾਂ ਦੇ ਛੋਟੇ ਬੱਚਿਆਂ ਨੂੰ ਪੜ੍ਹਾਉਣਗੇ ਜੋ ਗਰਮੀਆਂ ਦੀਆਂ ਚਰਾਂਦਾਂ ਦੀ ਭਾਲ਼ ਵਿੱਚ ਆਪਣੇ ਜਾਨਵਰਾਂ ਨਾਲ਼ ਪ੍ਰਵਾਸ ਕਰ ਗਏ ਹਨ।
''ਮੈਨੂੰ ਲੱਗਦਾ ਐ ਮੈਂ ਵੀ ਇੱਕ ਅਧਿਆਪਕ ਬਣਾਂਗੀ,'' ਸ਼ਮੀਨਾ ਜਾਨ ਸੰਗਦਿਆਂ ਕਹਿੰਦੀ ਹੈ, ਆਪਣੇ ਸਾਹਮਣੇ ਖੋਲ੍ਹੀ ਵਰਕਬੁੱਕ ਵਿੱਚ ਜਿਵੇਂ ਉਹ ਗੁਆਚ ਹੀ ਗਈ ਹੋਵੇ। ਇਹ ਕਿਤਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਕਦੇ-ਕਦੇ ਬੱਚਿਆਂ ਨੂੰ ਪੜ੍ਹਾਈ ਨਾਲ਼ ਜੁੜੀਆਂ ਵਸਤਾਂ ਲੈ ਕੇ ਦੇਣ ਵਿੱਚ ਅਲੀ ਨੂੰ ਪੱਲਿਓਂ ਵੀ ਪੈਸੇ ਖਰਚਣੇ ਪੈਂਦੇ ਹਨ।
ਖ਼ਾਨਾਬਦੋਸ਼ ਆਜੜੀ ਭਾਈਚਾਰਾ, ਗੁੱਜਰ ਅਕਸਰ ਆਪਣੇ ਨਾਲ਼ ਡੰਗਰ, ਬੱਕਰੀਆਂ ਤੇ ਭੇਡਾਂ ਵੀ ਰੱਖਦੇ ਹਨ। ਹਰ ਸਾਲ ਗਰਮੀ ਰੁੱਤੇ ਉਹ ਆਪਣੇ ਡੰਗਰਾਂ ਦੇ ਚਰਨ ਵਾਸਤੇ ਚਰਾਂਦਾਂ ਦੀ ਭਾਲ਼ ਵਿੱਚ ਹਿਮਾਲਿਆ ਦੀ ਚੜ੍ਹਾਈ ਵੱਲ ਚਲੇ ਜਾਂਦੇ ਹਨ। ਹਰ ਸਾਲ ਦਾ ਇਹ ਪ੍ਰਵਾਸ ਭਾਵ ਸਕੂਲ ਜਾਂਦੇ ਬੱਚਿਆਂ ਦੀ ਪੜ੍ਹਾਈ ਦਾ ਛੁੱਟ ਜਾਣਾ, ਜਿਸ ਕਾਰਨ ਉਨ੍ਹਾਂ ਦੀ ਅਕਾਦਮਿਕ ਨੀਂਹ ਕਮਜ਼ੋਰ ਪੈ ਜਾਂਦੀ ਹੈ।
ਪਰ ਉਨ੍ਹਾਂ ਦੇ ਨਾਲ਼ ਯਾਤਰਾ ਕਰਨ ਵਾਲ਼ੇ ਅਲੀ ਵਰਗੇ ਅਧਿਆਪਕ ਇਹ ਯਕੀਨੀ ਬਣਾ ਰਹੇ ਹਨ ਕਿ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਨਾ ਹੋਵੇ ਅਤੇ ਉਹ ਹਰ ਉਸ ਬੱਚੇ ਦਾ ਹਿਸਾਬ ਰੱਖ ਰਹੇ ਹਨ। ''ਕੁਝ ਸਾਲ ਪਹਿਲਾਂ ਸਾਡੇ ਭਾਈਚਾਰੇ ਦੀ ਸਾਖ਼ਰਤਾ ਦਰ ਬਹੁਤ ਘੱਟ ਸੀ। ਕਈ ਬੱਚੇ ਸਕੂਲ ਤਾਂ ਜਾਂਦੇ ਸਨ ਪਰ ਜਿਓਂ ਹੀ ਸਾਨੂੰ ਚੜ੍ਹਾਈ ਵੱਲ ਆਉਣਾ ਪੈਂਦਾ, ਉਨ੍ਹਾਂ ਦੀ ਪੜ੍ਹਾਈ ਵੀ ਛੁੱਟ ਜਾਂਦੀ,'' ਨੌਜਵਾਨ ਅਧਿਆਪਕ ਦਾ ਕਹਿਣਾ ਹੈ ਜਿਨ੍ਹਾਂ ਨੇ ਛੋਟੇ ਹੁੰਦਿਆਂ ਆਪਣੇ ਗੁੱਜਰ ਮਾਪਿਆਂ ਨਾਲ਼ ਇੰਝ ਹੀ ਪ੍ਰਵਾਸ ਕੀਤਾ ਸੀ।
''ਪਰ ਇਸ ਕਦਮ ਨਾਲ਼, ਇਨ੍ਹਾਂ ਬੱਚਿਆਂ ਨੂੰ ਅਧਿਆਪਕ ਵੀ ਮਿਲ਼ਿਆ ਹੈ ਤੇ ਉਹ ਆਪਣੀ ਪੜ੍ਹਾਈ ਨੂੰ ਜਾਰੀ ਵੀ ਰੱਖ ਪਾ ਰਹੇ ਹਨ। ਇੰਝ ਸਾਡਾ ਭਾਈਚਾਰਾ ਖ਼ੁਸ਼ਹਾਲ ਹੋਵੇਗਾ,'' ਉਹ ਅੱਗੇ ਕਹਿੰਦੇ ਹਨ,''ਜੇ ਇੰਝ ਨਾ ਕੀਤਾ ਜਾਂਦਾ ਤਾਂ ਇੱਥੇ ਚਾਰ ਮਹੀਨਿਆਂ ਤੱਕ ਰਹਿਣ ਵਾਲ਼ੇ ਇਨ੍ਹਾਂ ਬੱਚਿਆਂ ਨੇ ਸਕੂਲ (ਅਨੰਤਨਾਗ ਜ਼ਿਲ੍ਹੇ ਵਿੱਚ) ਪੜ੍ਹਨ ਵਾਲ਼ੇ ਆਪਣੇ ਹਮਰੁਤਬਿਆਂ ਨਾਲ਼ੋਂ ਪਿਛੜ ਜਾਣਾ ਸੀ।''
ਅਲੀ ਇੱਥੇ ਕੇਂਦਰ ਸਰਕਾਰ ਦੀ ਸਮੱਗਰ ਸਿੱਖਿਆ ਯੋਜਨਾ ਦਾ ਜ਼ਿਕਰ ਕਰ ਰਹੇ ਹਨ, ਜਿਸ ਨੂੰ 2018-19 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿੱਚ ਤਿੰਨ ਯੋਜਨਾਵਾਂ ਸ਼ਾਮਲ ਸਨ - "ਸਰਵ ਸਿੱਖਿਆ ਅਭਿਆਨ (ਐੱਸਐੱਸਏ), ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ (ਰਮਸਾ) ਅਤੇ ਅਧਿਆਪਕ ਸਿਖਲਾਈ (ਟੀਈ)"। ਇਸ ਦਾ ਉਦੇਸ਼ "ਸਕੂਲੀ ਸਿੱਖਿਆ ਲਈ ਬਰਾਬਰ ਮੌਕਿਆਂ ਅਤੇ ਬਰਾਬਰ ਅਧਿਐਨ ਨਤੀਜਿਆਂ ਦੇ ਮਾਮਲੇ ਵਿੱਚ ਸਕੂਲਾਂ ਦੇ ਪ੍ਰਭਾਵ ਵਿੱਚ ਸੁਧਾਰ ਕਰਨਾ ਸੀ।"
ਅਨੰਤਨਾਗ ਜ਼ਿਲ੍ਹੇ ਦੀ ਪਹਿਲਗਾਮ ਤਹਿਸੀਲ ਦੀ ਲਿੱਦਰ ਨਦੀ ਕੰਢੇ ਚੱਲਣ ਵਾਲ਼ਾ ਇਹ ਸਕੂਲ ਹਰੇ ਰੰਗ ਦਾ ਇੱਕ ਤੰਬੂ ਹੈ। ਪਰ ਕਿਸੇ ਧੁੱਪ ਨਹਾਏ ਦਿਨ ਵੇਲ਼ੇ ਘਾਹ ਦੇ ਖੁੱਲ੍ਹੇ ਮੈਦਾਨ ਇਸ ਸਕੂਲ ਦੇ ਅਧਿਆਪਕ ਵਾਸਤੇ ਜਿਓਂ ਜਮਾਤਾਂ ਦਾ ਕੰਮ ਕਰਦੇ ਹਨ। ਅਲੀ ਨੇ ਜੀਵ ਵਿਗਿਆਨ ਵਿੱਚ ਸਨਾਤਨ ਦੀ ਡਿਗਰੀ ਹਾਸਲ ਕੀਤੀ ਹੈ ਤੇ ਇਸ ਨੌਕਰੀ ਵਾਸਤੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਦੀ ਸਿਖਲਾਈ ਵੀ ਦਿੱਤੀ ਗਈ ਸੀ। ''ਇਸ ਦੌਰਾਨ ਸਾਨੂੰ ਸਿਖਾਇਆ ਗਿਆ ਕਿਹੜੇ ਸਿੱਖਣ ਨਤੀਜਿਆਂ ਨੂੰ ਮਕਸਦ ਬਣਾਉਣਾ, ਪੜ੍ਹਾਉਣਾ ਦੇ ਢੰਗ ਤਰੀਕਿਆਂ ਬਾਰੇ ਤੇ ਇਹ ਵੀ ਕਿ ਜਮਾਤ ਵਿੱਚ ਸਿੱਖੀਆਂ ਗੱਲਾਂ ਨੂੰ ਅਸਲ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰਨਾ ਹੈ।''
ਜੂਨ ਦੀ ਸਵੇਰ ਨੂੰ ਜਮਾਤ ਚੱਲ ਰਹੀ ਹੈ- ਅਲੀ ਘਾਹ 'ਤੇ ਬੈਠੇ ਹਨ ਤੇ ਉਨ੍ਹਾਂ ਦੁਆਲ਼ੇ 5-10 ਸਾਲਾਂ ਦੇ ਬੱਚਿਆਂ ਨੇ ਝੁਰਮੁਟ ਪਾਇਆ ਹੋਇਆ ਹੈ। ਕਰੀਬ ਇੱਕ ਘੰਟੇ ਬਾਅਦ ਦੁਪਹਿਰ ਦੇ 12 ਵਜੇ ਉਹ ਬੱਚਿਆਂ ਨੂੰ ਛੁੱਟੀ ਕਰ ਦੇਣਗੇ। ਥੋੜ੍ਹੀ ਜਿਹੀ ਉਚਾਈ 'ਤੇ ਕਰੀਬ ਤਿੰਨ ਗੁੱਜਰ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਦੇ ਘਰ ਮਿੱਟੀ ਨਾਲ਼ ਲਿੰਬੇ ਹੋਏ ਹਨ ਤੇ ਇਹ ਥਾਂ ਨਦੀ ਦੇ ਐਨ ਨੇੜੇ ਕਰਕੇ ਹੀ ਹੈ। ਇਨ੍ਹਾਂ ਘਰਾਂ ਦੇ ਬਹੁਤੇ ਲੋਕੀਂ ਘਰਾਂ ਦੇ ਬਾਹਰ ਮੌਸਮ ਦਾ ਲੁਤਫ਼ ਲੈ ਰਹੇ ਹਨ ਤੇ ਰਾਹਗੀਰਾਂ ਨਾਲ਼ ਮਿਲ਼ਜੁੱਲ ਰਹੇ ਹਨ। ਇਨ੍ਹਾਂ ਪਰਿਵਾਰਾਂ ਕੋਲ਼ ਕੁੱਲ 20 ਗਾਵਾਂ ਤੇ ਮੱਝਾਂ ਹਨ ਤੇ 50 ਦੇ ਕਰੀਬ ਬੱਕਰੀਆਂ ਤੇ ਭੇਡਾਂ ਹਨ, ਪਾਰੀ ਨੂੰ ਇਹ ਵੇਰਵਾ ਬੱਚਿਆਂ ਨੇ ਦਿੱਤਾ।
''ਇਹ ਥਾਂ ਬਰਫ਼ ਨਾਲ਼ ਕੱਜੀ ਹੋਣ ਕਾਰਨ ਸਕੂਲ ਕੁਝ ਕੁ ਦੇਰੀ ਨਾਲ਼ ਸ਼ੁਰੂ ਹੋਇਆ। ਮੈਂ ਇੱਥੇ 10 ਕੁ ਦਿਨ (12 ਜੂਨ 2023) ਪਹਿਲਾਂ ਆਇਆਂ,'' ਉਹ ਕਹਿੰਦੇ ਹਨ।
ਖਾਲਾਨ, ਲਿੱਦਰ ਗਲੇਸ਼ੀਅਰ ਨਾਲ਼ੋਂ ਹੋਰ 15 ਕਿਲੋਮੀਟਰ ਉਚਾਈ 'ਤੇ ਹੈ- ਜੋ ਕਰੀਬ 4,000 ਮੀਟਰ ਦੀ ਉਚਾਈ ਬਣਦੀ ਹੈ। ਇਹੀ ਉਹ ਥਾਂ ਹੈ ਜਿੱਥੇ ਅਲੀ ਬੱਚਿਆਂ ਨੂੰ ਪੜ੍ਹਾਉਣ ਲਈ ਆਏ। ਇਸ ਖੇਤਰ ਦੇ ਚਾਰੇ ਪਾਸੇ ਹਰਾ-ਹਰਾ ਘਾਹ ਹੈ ਜਿੱਥੇ ਗੁੱਜਰ ਤੇ ਬੱਕਰਵਾਲ ਪਰਿਵਾਰਾਂ ਦੇ ਡੰਗਰ ਲਈ ਕਾਫ਼ੀ ਚਰਾਂਦਾਂ ਹਨ। ਇਨ੍ਹਾਂ ਪਰਿਵਾਰਾਂ ਨੇ ਪਹਿਲਾਂ ਤੋਂ ਹੀ ਨਦੀ ਕੰਢੇ ਡੇਰਾ ਪਾ ਲਿਆ ਹੋਇਆ ਹੈ।
ਨਦੀਓਂ ਪਾਰ ਸਾਲਾਰ, ਚਾਰ ਗੁੱਜਰ ਪਰਿਵਾਰਾਂ ਦੀ ਬਸਤੀ, ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੇ ਹਨ,''ਦੁਪਹਿਰ ਵੇਲ਼ੇ ਮੈਂ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਜਾਂਦਾਂ ਹਾਂ।'' ਨਦੀ ਦੇ ਉਸ ਪਾਰ ਜਾਣ ਵਾਸਤੇ ਅਲੀ ਨੂੰ ਠਾਠਾਂ ਮਾਰਦੇ ਪਾਣੀ 'ਤੇ ਬਣੇ ਲੱਕੜ ਦੇ ਪੁੱਲ ਨੂੰ ਪਾਰ ਕਰਨਾ ਪਵੇਗਾ।
ਮੁਕਾਮੀ ਲੋਕਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਦੋਵਾਂ ਬਸਤੀਆਂ ਦਾ ਇੱਕੋ ਹੀ ਸਕੂਲ ਹੁੰਦਾ ਸੀ, ਪਰ ਦੋ ਕੁ ਸਾਲ ਪਹਿਲਾਂ ਇੱਕ ਔਰਤ ਪੁੱਲ ਤੋਂ ਤਿਲ਼ਕ ਗਈ ਤੇ ਪਾਣੀ ਵਿੱਚ ਡਿੱਗਣ ਕਾਰਨ ਉਹਦੀ ਮੌਤ ਹੋ ਗਈ। ਉਸ ਘਟਨਾ ਤੋਂ ਬਾਅਦ, ਸਰਕਾਰੀ ਨਿਯਮ ਲਾਗੂ ਹੋਣ ਤੋਂ ਬਾਅਦ ਪ੍ਰਾਇਮਰੀ ਦੇ ਬੱਚਿਆਂ ਲਈ ਅਤੇ ਇੱਥੋਂ ਤੱਕ ਕਿ ਅਧਿਆਪਕਾਂ ਲਈ ਵੀ ਪੁੱਲ ਪਾਰ ਕਰਨ 'ਤੇ ਰੋਕ ਲੱਗ ਗਈ। ''ਇਸਲਈ ਹੁਣ ਦੋ ਸਾਲਾਂ (ਗਰਮੀਆਂ) ਤੋਂ ਮੈਂ ਦੋ ਸ਼ਿਫ਼ਟਾਂ ਵਿੱਚ ਪੜ੍ਹਾਉਂਦਾ ਹਾਂ,'' ਗੱਲ ਸਮਝਾਉਣ ਦੇ ਲਹਿਜੇ ਵਿੱਚ ਉਹ ਕਹਿੰਦੇ ਹਨ।
ਕਿਉਂਕਿ ਪੁਰਾਣਾ ਪੁੱਲ ਵਹਿ ਗਿਆ ਸੀ, ਇਸਲਈ ਅਲੀ ਨੂੰ ਇੱਕ ਕਿਲੋਮੀਟਰ ਦੇ ਕਰੀਬ ਪਾਣੀ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਅੱਜ ਦੂਜੇ ਪਾਸੇ ਉਨ੍ਹਾਂ ਦੇ ਵਿਦਿਆਰਥੀ ਪਹਿਲਾਂ ਤੋਂ ਆਪਣੇ ਅਧਿਆਪਕ ਦੀ ਉਡੀਕ ਵਿੱਚ ਖੜ੍ਹੇ ਹਨ!
ਬੱਚਿਆਂ ਨਾਲ਼ ਸਫ਼ਰ 'ਤੇ ਰਹਿਣ ਵਾਲ਼ੇ ਅਲੀ ਵਰਗੇ ਹੋਰ ਅਧਿਆਪਕਾਂ ਨੂੰ ਚਾਰ ਮਹੀਨਿਆਂ ਲਈ ਠੇਕੇ 'ਤੇ ਨਿਯੁਕਤ ਕੀਤਾ ਹੋਇਆ ਹੈ ਤੇ ਉਨ੍ਹਾਂ ਨੂੰ ਇਸ ਪੂਰੀ ਸਮੇਂ ਸੀਮਾ ਵਾਸਤੇ ਕਰੀਬ 50,000 ਰੁਪਏ ਹੀ ਮਿਲ਼ਦੇ ਹਨ। ਸਾਲਾਰ ਵਿਖੇ ਉਹ ਇੱਕ ਹਫ਼ਤੇ ਦੇ ਕਰੀਬ ਠਹਿਰਦੇ ਹਨ। ''ਮੈਨੂੰ ਆਪਣੀ ਠਾਰ੍ਹ ਤੇ ਖਾਣ-ਪੀਣ ਦਾ ਖ਼ਰਚਾ ਵੀ ਖੁਦ ਹੀ ਕਰਨਾ ਹੁੰਦਾ ਹੈ ਇਸਲਈ ਮੈਂ ਇੱਥੇ ਰਿਸ਼ਤੇਦਾਰਾਂ ਕੋਲ਼ ਰਹਿੰਦਾ ਹਾਂ। ਮੈਂ ਗੁੱਜਰ ਹਾਂ ਤੇ ਇਹ ਸਾਰੇ ਮੇਰੇ ਰਿਸ਼ਤੇਦਾਰ ਹੀ ਹਨ। ਮੇਰਾ ਚਚੇਰਾ ਭਰਾ ਇੱਥੇ ਰਹਿੰਦਾ ਹੈ ਤੇ ਮੈਂ ਉਨ੍ਹਾਂ ਦੇ ਨਾਲ਼ ਹੀ ਰੁੱਕਦਾ ਹਾਂ,'' ਅਲੀ ਗੱਲ ਖੋਲ੍ਹਦਿਆਂ ਕਹਿੰਦੇ ਹਨ।
ਅਲੀ ਦਾ ਘਰ ਇੱਥੋਂ 40 ਕਿਲੋਮੀਟਰ ਦੂਰ ਅਨੰਤਨਾਗ ਜ਼ਿਲ੍ਹੇ ਦੇ ਹਿਲਾਨ ਪਿੰਡ ਵਿਖੇ ਹੈ। ਹਫ਼ਤੇ ਦੇ ਅਖੀਰਲੇ ਦਿਨੀਂ ਜਦੋਂ ਉਹ ਹੇਠਾਂ ਜਾਂਦੇ ਹਨ ਤਦ ਹੀ ਆਪਣੀ ਪਤਨੀ, ਨੂਰਜਹਾਂ ਤੇ ਆਪਣੇ ਬੱਚੇ ਨੂੰ ਮਿਲ਼ ਪਾਉਂਦੇ ਹਨ। ਉਨ੍ਹਾਂ ਦੀ ਪਤਨੀ ਵੀ ਇੱਕ ਅਧਿਆਪਕਾ ਹਨ ਜੋ ਘਰ ਦੇ ਨੇੜੇ-ਤੇੜੇ ਟਿਊਸ਼ਨਾਂ ਵੀ ਪੜ੍ਹਾਉਂਦੀ ਹਨ। ''ਮੈਨੂੰ ਛੋਟੇ ਹੁੰਦਿਆਂ ਤੋਂ ਹੀ ਪੜ੍ਹਾਉਣ ਦਾ ਬੜਾ ਸ਼ੌਕ ਰਿਹਾ ਹੈ।''
''ਸਰਕਾਰ ਦਾ ਇਹ ਕਦਮ ਕਾਫ਼ੀ ਵਧੀਆ ਹੈ ਤੇ ਮੈਨੂੰ ਇਹਦਾ ਹਿੱਸਾ ਬਣਨਾ ਬੜਾ ਚੰਗਾ ਲੱਗਦਾ ਹੈ। ਮੈਨੂੰ ਆਪਣੇ ਭਾਈਚਾਰੇ ਦੇ ਬੱਚਿਆਂ ਨੂੰ ਪੜ੍ਹਾਉਣਾ ਮਾਣ ਭਰਿਆ ਕੰਮ ਜਾਪਦਾ ਹੈ, '' ਨਦੀ ਪਾਰ ਕਰਨ ਲਈ ਲੱਕੜ ਦੇ ਪੁੱਲ ਵੱਲ ਅੱਗੇ ਵੱਧਦਿਆਂ ਉਹ ਕਹਿੰਦੇ ਹਨ।
ਇਜਾਜ਼ ਦੇ ਪਿਤਾ, 50 ਸਾਲਾ ਅਜੀਬਾ ਅਮਾਨ ਵੀ ਬੜੇ ਖੁਸ਼ ਹਨ, ''ਮੇਰਾ ਬੇਟਾ, ਮੇਰੇ ਭਰਾਵਾਂ ਦੇ ਬੇਟੇ ਸਾਰੇ ਹੀ ਇੱਥੇ ਪੜ੍ਹ ਪਾ ਰਹੇ ਹਨ। ਇਹ ਬੜੀ ਚੰਗੀ ਗੱਲ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਨਹੀਂ ਹੋ ਰਿਹਾ।''
ਤਰਜਮਾ: ਕਮਲਜੀਤ ਕੌਰ