28 ਫਰਵਰੀ 2023 ਦਾ ਦਿਨ ਹੈ ਸ਼ਾਮ ਦੇ 6 ਵੱਜ ਚੁੱਕੇ ਹਨ। ਖ਼ੂਬਸੂਰਤ ਨਜ਼ਰ ਆਉਂਦੇ ਖੋਲਦੋਡਾ ਪਿੰਡ ਦਾ ਸੂਰਜ ਜਿਓਂ-ਜਿਓਂ ਢਲ਼ਣ ਲੱਗਦਾ ਹੈ, 35 ਸਾਲਾ ਰਾਮਚੰਦਰ ਦੋੜਕੇ ਲੰਬੀ ਰਾਤ ਦੀ ਤਿਆਰੀ ਕੱਸਣ ਲੱਗਦੇ ਹਨ। ਉਹ ਲੰਬੀ ਦੂਰੀ ਤੱਕ ਰੌਸ਼ਨੀ ਸੁੱਟਣ ਵਾਲ਼ੀ ਆਪਣੀ ਸ਼ਕਤੀਸ਼ਾਲੀ 'ਕਮਾਂਡਰ' ਟਾਰਚ ਨੂੰ ਜਾਂਚਣ ਲੱਗਦੇ ਹਨ ਤੇ ਆਪਣਾ ਬਿਸਤਰਾ ਤਿਆਰ ਕਰ ਲੈਂਦੇ ਹਨ।
ਉਨ੍ਹਾਂ ਦੇ ਘਰ ਵਿੱਚ, ਉਨ੍ਹਾਂ ਦੀ ਪਤਨੀ, ਜਯਸ਼੍ਰੀ, ਰਾਤ ਦੇ ਖਾਣੇ ਲਈ ਦਾਲ ਅਤੇ ਤਰੀ ਵਾਲ਼ੀ ਮਿਕਸ ਸਬਜ਼ੀ ਤਿਆਰ ਕਰਨ ਵਿੱਚ ਰੁੱਝੀ ਹੋਈ ਹੈ। ਨਾਲ਼ ਦੇ ਘਰ ਵਿੱਚ ਉਨ੍ਹਾਂ ਦੇ ਚਾਚਾ, 70 ਸਾਲਾ ਦਾਦਾਜੀ ਦੋਦਕੇ ਵੀ ਰਾਤ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੀ ਪਤਨੀ ਸ਼ਕੂਬਾਈ ਆਪਣੇ ਖੇਤ ਵਿੱਚ ਉਗਾਏ ਖੁਸ਼ਬੂਦਾਰ ਚਾਵਲ ਵੀ ਰਿੰਨ ਰਹੀ ਹੈ ਅਤੇ ਇਸਦੇ ਨਾਲ਼ ਰੋਟੀ ਵੀ ਬਣਾ ਰਹੀ ਹੈ।
"ਅਸੀਂ ਕੂਚ ਕਰਨ ਨੂੰ ਤਿਆਰ ਹਾਂ,'' 35 ਸਾਲਾ ਕਿਸਾਨ ਨੇ ਮੈਨੂੰ ਦੱਸਿਆ, "ਜਿਓਂ ਹੀ ਖਾਣਾ ਤਿਆਰ ਹੁੰਦਾ ਹੈ, ਅਸੀਂ ਘਰੋਂ ਨਿਕਲ਼ ਪੈਂਦੇ ਹਾਂ।'' ਜਯਸ਼੍ਰੀ ਅਤੇ ਸਕੂਬਾਈ ਸਾਡੇ ਪੱਲੇ ਖਾਣਾ ਬੰਨ੍ਹ ਦਿੰਦੀਆਂ ਹਨ, ਉਹ ਗੱਲ ਜਾਰੀ ਰੱਖਦੇ ਹਨ।
ਦਾਦਾਜੀ ਅਤੇ ਰਾਮਚੰਦਰ, ਦੋਵੇਂ ਮਾਨਾ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ ਜੋ ਰਾਜ ਵਿੱਚ ਅਨੁਸੂਚਿਤ ਕਬੀਲਿਆਂ ਦੇ ਅਧੀਨ ਸੂਚੀਬੱਧ ਹੈ, ਦੋਦਕੇ ਦੀਆਂ ਇਹ ਦੋਵੇਂ ਹੀ ਪੀੜ੍ਹੀਆਂ ਅੱਜ ਮੇਰੀਆਂ ਮੇਜ਼ਬਾਨ ਹਨ। ਦਾਦਾਜੀ (ਪਹਿਲੀ ਪੀੜ੍ਹੀ) ਇੱਕ ਕਿਸਾਨ ਹੋਣ ਦੇ ਨਾਲ਼ ਨਾਲ਼ ਕੀਰਤਨਕਾਰ ਵੀ ਹਨ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਵਫ਼ਾਦਾਰ ਪੈਰੋਕਾਰ ਵੀ। ਰਾਮਚੰਦਰ (ਦੂਜੀ ਪੀੜ੍ਹੀ), ਇੱਕ ਕਿਸਾਨ ਹੋਣ ਦੇ ਨਾਤੇ ਆਪਣੀ ਪੰਜ ਏਕੜ ਜ਼ਮੀਨ 'ਤੇ ਕੰਮ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਪਿਤਾ ਭੀਕਾ ਜੀ, ਜੋ ਦਾਦਾਜੀ ਦੇ ਵੱਡੇ ਭਰਾ ਵੀ ਹਨ, ਕੰਮ ਕਰਨ ਤੋਂ ਅਸਮਰੱਥ ਹਨ। ਭੀਕਾ ਜੀ ਕਦੇ ਪਿੰਡ ਦੇ 'ਪੁਲਿਸ ਪਾਟਿਲ' ਸਨ, ਇੱਕ ਅਜਿਹੀ ਮਹੱਤਵਪੂਰਨ ਪੋਸਟ ਜੋ ਪਿੰਡ ਅਤੇ ਪੁਲਿਸ ਵਿਚਕਾਰ ਇੱਕ ਕੜੀ ਦਾ ਕੰਮ ਕਰਦੀ ਸੀ।
ਅਸੀਂ ਨਾਗਪੁਰ ਜ਼ਿਲ੍ਹੇ ਦੀ ਭਿਵਾਪੁਰ ਤਹਿਸੀਲ ਦੇ ਪਿੰਡ ਤੋਂ ਕੁਝ ਮੀਲ ਦੀ ਦੂਰੀ 'ਤੇ ਰਾਮਚੰਦਰ ਦੇ ਫਾਰਮ ਲਈ ਰਵਾਨਾ ਹੋਣ ਦੀ ਤਿਆਰੀ ਕਰ ਰਹੇ ਹਾਂ, ਜਿਸ ਨੂੰ ਉਹ ਜਾਗਲੀ ਜਾਂ ਰਾਤ ਦੀ ਚੌਕਸੀ ਕਹਿੰਦੇ ਹਨ, ਚੌਕਸੀ ਇਸਲਈ ਤਾਂ ਜੋ ਜੰਗਲੀ ਜਾਨਵਰਾਂ ਤੋਂ ਉਨ੍ਹਾਂ ਦੀਆਂ ਖੜ੍ਹੀਆਂ ਫ਼ਸਲਾਂ ਦੀ ਰਾਖੀ ਕੀਤੀ ਜਾ ਸਕੇ। ਰਾਮਚੰਦਰ ਦਾ ਵੱਡਾ ਬੇਟਾ, ਨੌਂ ਸਾਲਾ ਆਸ਼ੂਤੋਸ਼ ਵੀ ਸਾਡੇ ਸੱਤ ਲੋਕਾਂ ਦੇ ਸਮੂਹ ਦਾ ਹਿੱਸਾ ਹੈ।
ਸ਼ਹਿਰੀ ਲੋਕਾਂ ਲਈ ਭਾਵੇਂ ਇਹ ਸਾਹਸਿਕ ਕਾਰਨਾਮਾ ਜਾਪਦਾ ਹੋਵੇ ਪਰ ਇੱਥੋਂ ਦੇ ਲੋਕਾਂ ਲਈ, ਇਹ ਰੋਜ਼ਮੱਰਾ ਦਾ ਕੰਮ ਹੈ ਜੋ ਸਾਰਾ ਸਾਲ ਕਰਨਾ ਪੈਂਦਾ ਹੈ। ਇਸ ਸਮੇਂ ਉਨ੍ਹਾਂ ਦੇ ਖੇਤ ਵਿੱਚ ਮਿਰਚ, ਅਰਹਰ (ਤੂਰ), ਕਣਕ ਅਤੇ ਮਾਂਹ ਵਰਗੀਆਂ ਹਾੜ੍ਹੀ ਦੀਆਂ ਫ਼ਸਲਾਂ ਵਾਢੀ ਲਈ ਤਿਆਰ-ਬਰ-ਤਿਆਰ ਹਨ ਜਿਨ੍ਹਾਂ ਦੀ ਰਾਖੀ ਜ਼ਰੂਰੀ ਹੈ।
ਦਾਦਾਜੀ ਦਾ ਖੇਤ ਦੂਜੇ ਪਾਸੇ ਸੀ। ਉਸ ਦਿਨ ਅਸੀਂ ਰਾਮਚੰਦਰ ਦੇ ਖੇਤ ਵਿੱਚ ਰਾਤ ਬਿਤਾਉਣ ਜਾ ਰਹੇ ਸਾਂ। ਅਸੀਂ ਖੇਤ ਵਿੱਚ ਅੱਗ ਬਾਲ਼ੀ ਤੇ ਉਹਦੇ ਦੁਆਲ਼ੇ ਬਹਿ ਕੇ ਰਾਤ ਦਾ ਖਾਣਾ ਖਾਧਾ। ਉਨ੍ਹੀਂ ਦਿਨੀਂ ਠੰਡ ਥੋੜ੍ਹੀ ਘੱਟ ਰਹੀ ਸੀ ਤੇ ਤਾਪਮਾਨ 14 ਡਿਗਰੀ ਸੈਲਸੀਅਸ ਸੀ। ਰਾਮਚੰਦਰ ਕਹਿੰਦੇ ਹਨ, "ਦਸੰਬਰ 2022 ਅਤੇ ਜਨਵਰੀ 2023 ਅਸਧਾਰਨ ਤੌਰ 'ਤੇ ਠੰਡੇ ਸਨ, ਰਾਤ ਨੂੰ ਤਾਪਮਾਨ 6-7 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਸੀ।''
ਇਨ੍ਹਾਂ ਫ਼ਸਲਾਂ ਦੀ ਰਾਖੀ ਲਈ ਪਰਿਵਾਰ ਦੇ ਘੱਟੋ-ਘੱਟ ਇੱਕ ਜੀਅ ਨੂੰ ਪੂਰੀ ਰਾਤ ਖੇਤ ਵਿੱਚ ਰੁਕਣਾ ਪੈਂਦਾ ਹੈ। ਪੂਰਾ-ਪੂਰਾ ਦਿਨ ਕੰਮ ਕਰਨਾ ਅਤੇ ਫਿਰ ਰਾਤ ਦੀ ਠੰਡ ਨੂੰ ਸਹਿੰਦਿਆਂ ਪਹਿਰਾ ਦੇਣਾ ਪਿੰਡ ਵਾਸੀਆਂ ਦੀ ਸਿਹਤ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਸਮੱਸਿਆਵਾਂ ਦੀ ਸੂਚੀ ਗਿਣਾਉਂਦਿਆਂ ਰਾਮ ਚੰਦਰ ਦੱਸਦੇ ਹਨ ਕਿ ਉਨੀਂਦਰਾ, ਤਣਾਅ ਅਤੇ ਠੰਡ ਕਾਰਨ ਬੁਖਾਰ ਚੜ੍ਹਨਾ ਅਤੇ ਸਿਰ ਦਰਦ ਹੋਣਾ ਆਮ ਮੁਸੀਬਤਾਂ ਹਨ।
ਜਾਂਦੇ ਸਮੇਂ ਦਾਦਾਜੀ ਨੇ ਆਪਣੀ ਪਤਨੀ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਪਣੀ ਸਰਵਾਈਕਲ ਬੈਲਟ (ਗਰਦਨ ਦੁਆਲ਼ੇ ਲਪੇਟੀ ਜਾਣ ਵਾਲ਼ੀ ਬੈਲਟ) ਦੇਣ ਲਈ ਕਿਹਾ। ਉਹ ਦੱਸਦੇ ਹਨ, "ਡਾਕਟਰ ਨੇ ਮੈਨੂੰ ਹਰ ਸਮੇਂ ਇਸ ਨੂੰ ਪਹਿਨੀ ਰੱਖਣ ਲਈ ਕਿਹਾ।''
ਕਿਉਂ, ਉਨ੍ਹਾਂ ਨੂੰ ਸਰਵਾਈਕਲ ਬੈਲਟ ਦੀ ਲੋੜ ਹੀ ਕਿਉਂ ਹੈ? ਮੈਂ ਪੁੱਛਿਆ।
"ਆਪਣੇ ਕੋਲ਼ ਗੱਲਾਂ ਕਰਨ ਲਈ ਪੂਰੀ ਰਾਤ ਹੈ। ਫ਼ਿਲਹਾਲ ਆਪਣੇ ਸਵਾਲ ਨੂੰ ਥੋੜ੍ਹੀ ਦੇਰ ਲਈ ਟਾਲ਼ ਦਿਓ।"
ਪਰ ਰਾਮਚੰਦਰ ਨੇ ਹੱਸਦਿਆਂ ਹੋਇਆਂ ਮੇਰੇ ਸਵਾਲ ਦਾ ਜਵਾਬ ਦੇ ਹੀ ਦਿੱਤਾ, "ਕੁਝ ਕੁ ਮਹੀਨੇ ਹੋਏ ਇਹ ਬਜ਼ੁਰਗ 8 ਫੁੱਟ ਉੱਚੇ ਮਚਾਨ ਤੋਂ ਹੇਠਾਂ ਡਿੱਗ ਪਿਆ। ਖੁਸ਼ਕਿਸਮਤੀ ਨਾਲ਼ ਬਚਾਅ ਹੋ ਗਿਆ ਨਹੀਂ ਤਾਂ ਉਹ ਅੱਜ ਸਾਡੇ ਵਿੱਚ ਨਾ ਹੁੰਦੇ।"
*****
ਨਾਗਪੁਰ ਤੋਂ ਲਗਭਗ 120 ਕਿਲੋਮੀਟਰ ਦੂਰ ਸਥਿਤ ਕੋਲ਼ਦੋਦਾ, ਭੀਵਾਪੁਰ ਤਹਿਸੀਲ ਦੀ ਆਲੇਸੁਰ ਗ੍ਰਾਮ ਪੰਚਾਇਤ ਦਾ ਹਿੱਸਾ ਹੈ। ਤਾਡੋਬਾ ਅੰਧਾਰੀ ਟਾਈਗਰ ਰਿਜ਼ਰਵ (ਟੀਏਟੀਆਰ) ਦੇ ਉੱਤਰ-ਪੱਛਮੀ ਕਿਨਾਰੇ 'ਤੇ ਪੈਂਦੇ ਚੰਦਰਪੁਰ ਜ਼ਿਲ੍ਹੇ ਦੀ ਚਿਮੂਰ ਤਹਿਸੀਲ ਦੇ ਜੰਗਲ ਇਸ ਦੀ ਸਰਹੱਦ ਨਾਲ਼ ਲੱਗਦੇ ਹਨ।
ਮਹਾਰਾਸ਼ਟਰ ਰਾਜ ਦੇ ਪੂਰਬੀ ਹਿੱਸੇ ਵਿੱਚ ਵਿਦਰਭ ਦੇ ਜੰਗਲਾਤ ਖੇਤਰ ਦੇ ਸੈਂਕੜੇ ਪਿੰਡਾਂ ਦੀ ਤਰ੍ਹਾਂ, ਖੋਲਦੋਡਾ ਜੰਗਲੀ ਜਾਨਵਰਾਂ ਦਾ ਗੜ੍ਹ ਹੈ, ਜਿਨ੍ਹਾਂ ਹੱਥੋਂ ਪਿੰਡ ਦੇ ਲੋਕ ਅਕਸਰ ਆਪਣੀਆਂ ਫ਼ਸਲਾਂ ਅਤੇ ਪਸ਼ੂਆਂ ਨੂੰ ਗੁਆ ਬਹਿੰਦੇ ਹਨ। ਜ਼ਿਆਦਾਤਰ ਖੇਤਾਂ ਵਿੱਚ ਵਾੜ ਲੱਗੀ ਹੋਈ ਹੈ, ਫਿਰ ਵੀ ਰਾਤ ਨੂੰ ਪਹਿਰਾ ਦੇਣਾ ਜੀਵਨ ਦਾ ਇੱਕ ਢੰਗ ਬਣ ਗਿਆ ਹੈ।
ਪਹਿਲਾਂ ਤਾਂ ਲੋਕ ਆਪਣਾ ਸਾਰਾ-ਸਾਰਾ ਦਿਨ ਖੇਤੀਬਾੜੀ ਦੇ ਕੰਮਾਂ ਵਿੱਚ ਹੀ ਬਿਤਾਉਂਦੇ ਹਨ। ਫਿਰ ਰਾਤ ਵੇਲ਼ੇ ਜੰਗਲੀ ਜੀਵਾਂ ਤੋਂ ਖੜ੍ਹੀਆਂ ਫ਼ਸਲਾਂ ਨੂੰ ਬਚਾਉਣਾ ਵੀ ਖੇਤੀਬਾੜੀ ਦਾ ਹਿੱਸਾ ਹੀ ਬਣ ਗਿਆ ਹੈ। ਇਹ ਕੰਮ ਅਗਸਤ ਤੋਂ ਮਾਰਚ ਤੱਕ ਕੀਤਾ ਜਾਂਦਾ ਹੈ, ਜਦੋਂ ਖੇਤੀ ਦਾ ਕੰਮ ਜ਼ਿਆਦਾ ਹੁੰਦਾ ਹੈ। ਅਤੇ ਬਾਕੀ ਰਹਿੰਦੇ ਸਮੇਂ ਵੀ ਇਹ ਕਰਨਾ ਹੀ ਪੈਂਦਾ ਹੈ।
ਬੀਤੇ ਦਿਨ ਜਦੋਂ ਮੈਂ ਘਰ (ਖੋਲਦੋਡਾ) ਆਇਆ ਤਾਂ ਸ਼ਾਮ ਦੇ 4 ਵੱਜ ਚੁੱਕੇ ਸਨ। ਖੇਤ ਵਿੱਚ ਕੋਈ ਨਹੀਂ ਸੀ। ਸਾਰੇ ਖੇਤਾਂ ਨੂੰ ਨਾਈਲੋਨ ਦੀਆਂ ਸਾੜੀਆਂ ਨਾਲ਼ ਵਾੜ੍ਹੇਬੰਦੀ ਕੀਤੀ ਹੋਈ ਸੀ। ਪਿੰਡ ਦੀਆਂ ਗਲੀਆਂ ਵਿੱਚ ਸੁੰਨ-ਮਸਾਣ ਪਸਰੀ ਹੋਈ ਸੀ। ਕਿਤੇ ਕੋਈ ਆਦਮੀ ਨਹੀਂ ਸੀ ਬੱਸ ਕੁਝ ਕੁੱਤੇ ਹੀ ਸਨ।
ਦਾਦਾਜੀ ਦੇ ਘਰ ਅੱਪੜਦਿਆਂ ਹੀ ਜਦੋਂ ਮੈਂ ਪੁੱਛਿਆ ਕਿ ਪਿੰਡ ਵਿੱਚ ਇੰਨੀ ਸੁੰਨ-ਮਸਾਣ ਕਿਉਂ ਹੈ ਤਾਂ ਉਨ੍ਹਾਂ ਨੇ ਦੱਸਿਆ,''ਦੁਪਹਿਰ ਦੋ ਤੋਂ ਸਾਢੇ ਚਾਰ ਵਜੇ ਤੱਕ ਸਾਰੇ ਸੌਂ ਜਾਂਦੇ ਹਨ ਕਿਉਂਕਿ ਰਾਤ ਨੂੰ ਸੌਣਾ ਮਿਲ਼ੇ ਜਾਂ ਨਹੀਂ ਕੋਈ ਭਰੋਸਾ ਨਹੀਂ।''
ਉਹ ਕਹਿੰਦੇ ਹਨ,''ਉਹ (ਕਿਸਾਨ) ਪੂਰਾ ਦਿਨ ਖੇਤਾਂ ਦੇ ਚੱਕਰ ਕੱਟਦੇ ਰਹਿੰਦੇ ਹਨ। ਇਹ 24 ਘੰਟਿਆਂ ਦੀ ਡਿਊਟੀ ਦੇਣ ਵਾਂਗਰ ਹੈ।''
ਜਿਵੇਂ ਹੀ ਸ਼ਾਮ ਢਲ਼ਣ ਲੱਗਦੀ ਹੈ, ਪਿੰਡ ਦੁਬਾਰਾ ਸਰਗਰਮ ਹੋ ਉੱਠਦਾ ਹੈ- ਔਰਤਾਂ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ, ਆਦਮੀ ਰਾਤ ਦੀ ਚੌਕਸੀ ਲਈ ਤਿਆਰ ਹੋ ਜਾਂਦੇ ਹਨ ਅਤੇ ਪਸ਼ੂ ਆਪਣੇ ਆਜੜੀਆਂ ਨਾਲ਼ ਜੰਗਲ ਤੋਂ ਘਰ ਵਾਪਸ ਆ ਜਾਂਦੇ ਹਨ।
ਸਾਗਵਾਨ ਅਤੇ ਹੋਰ ਰੁੱਖਾਂ ਨਾਲ਼ ਘਿਰਿਆ ਖੋਲਦੋਡਾ, ਤਾਡੋਬਾ ਇਲਾਕੇ ਦਾ ਹਿੱਸਾ ਹੈ, ਜਿਸ ਅੰਦਰ ਲਗਭਗ 108 ਪਰਿਵਾਰ (ਮਰਦਮਸ਼ੁਮਾਰੀ 2011) ਰਹਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਛੋਟੇ ਅਤੇ ਸੀਮਾਂਤ ਕਿਸਾਨ ਹਨ ਜੋ ਦੋ ਪ੍ਰਮੁੱਖ ਸਮਾਜਿਕ ਵਰਗਾਂ ਨਾਲ਼ ਸਬੰਧਤ ਹਨ: ਮਾਨਾ ਆਦਿਵਾਸੀ ਅਤੇ ਮਹਾਰ ਦਲਿਤ। ਬਾਕੀ ਹੋਰ ਜਾਤੀਆਂ ਦੇ ਕੁਝ ਪਰਿਵਾਰ ਵੀ ਇੱਥੇ ਹਨ।
ਇੱਥੋਂ ਦੀਆਂ ਖੇਤੀਯੋਗ ਜੋਤਾਂ ਲਗਭਗ 110 ਹੈਕਟੇਅਰ ਜ਼ਮੀਨ ਹਨ ਅਤੇ ਖੇਤਾਂ ਦੀ ਉਪਜਾਊ ਮਿੱਟੀ ਜ਼ਿਆਦਾਤਰ ਵਰਖਾ 'ਤੇ ਨਿਰਭਰ ਕਰਦੀ ਹੈ। ਇੱਥੋਂ ਦੀਆਂ ਫ਼ਸਲਾਂ ਝੋਨਾ, ਦਾਲਾਂ ਅਤੇ ਕਣਕ ਦੇ ਨਾਲ਼-ਨਾਲ਼ ਰਾਗੀ ਅਤੇ ਸਬਜ਼ੀਆਂ ਵੀ ਹਨ। ਇੱਥੋਂ ਦੇ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਦੇ ਹਨ, ਅਤੇ ਨਾਲ਼ ਹੀ ਜੰਗਲੀ ਉਤਪਾਦਾਂ ਤੋਂ ਹੋਣ ਵਾਲ਼ੀ ਕਮਾਈ ਅਤੇ ਦਿਹਾੜੀ-ਧੱਪੇ 'ਤੇ ਵੀ ਨਿਰਭਰ ਰਹਿੰਦੇ ਹਨ। ਕੁਝ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਵਿੱਚ ਦੂਜੇ ਸ਼ਹਿਰਾਂ ਵਿੱਚ ਚਲੇ ਗਏ ਹਨ ਕਿਉਂਕਿ ਹੁਣ ਖੇਤੀਬਾੜੀ 'ਤੇ ਗੁਜ਼ਾਰਾ ਕਰਨਾ ਸੰਭਵ ਨਹੀਂ ਹੈ। ਦਾਦਾਜੀ ਦਾ ਪੁੱਤਰ ਨਾਗਪੁਰ ਵਿੱਚ ਇੱਕ ਪੁਲਿਸ ਕਾਂਸਟੇਬਲ ਹੈ। ਪਿੰਡ ਦੇ ਕੁਝ ਲੋਕ ਦਿਹਾੜੀ-ਧੱਪੇ ਦੀ ਭਾਲ ਵਿੱਚ ਭੀਵਾਪੁਰ ਜਾਂਦੇ ਹਨ।
*****
ਜਦੋਂ ਤੱਕ ਸਾਡਾ ਰਾਤ ਦਾ ਖਾਣਾ ਤਿਆਰ ਹੋ ਰਿਹਾ ਹੁੰਦਾ ਹੈ ਅਸੀਂ ਪਿੰਡ ਦਾ ਮੂਡ ਜਾਣਨ ਲਈ ਛੇਤੀ ਨਾਲ਼ ਇੱਕ ਚੱਕਰ ਕੱਟ ਲੈਂਦੇ ਹਾਂ।
ਸਾਡੀ ਮੁਲਾਕਾਤ ਤਿੰਨ ਔਰਤਾਂ ਨਾਲ਼ ਹੁੰਦੀ ਹੈ- ਸ਼ੰਕੁਤਲਾ ਗੋਪੀਚੰਦ ਨੱਨਾਵਰੇ, ਸ਼ੋਭਾ ਇੰਦਰਪਾਲ ਪੇਂਦਾਮ ਤੇ ਪਰਬਤਾ ਤੁਲਸੀਰਾਮ ਪੇਂਦਾਮ। ਸਾਰੀਆਂ ਦੀ ਹੀ ਉਮਰ 50 ਤੋਂ ਪਾਰ ਹੈ। ਉਹ ਆਪਣੇ ਖੇਤਾਂ ਵੱਲ ਜਾਣ ਦੀ ਕਾਹਲ ਵਿੱਚ ਹਨ। ਉਨ੍ਹਾਂ ਦੇ ਨਾਲ਼ ਇੱਕ ਕੁੱਤਾ ਵੀ ਹੈ। ਜਦੋਂ ਮੈਂ ਪੁੱਛਦਾ ਹਾਂ ਕਿ ਘਰ ਦਾ ਕੰਮ, ਖੇਤਾਂ ਵਿੱਚ ਮੁਸ਼ੱਕਤ ਤੇ ਰਾਤ ਦੀ ਪਹਿਰੇਦਾਰੀ ਕਿੰਨਾ ਮੁਸ਼ਕਲ ਹੁੰਦਾ ਹੋਵੇਗਾ, ਤਾਂ ਸ਼ੰਕੁਤਲਾ ਦੱਸਦੀ ਹਨ,''ਅਸੀਂ ਡਰੇ ਹੋਏ ਹਾਂ, ਪਰ ਕੀ ਕਰ ਸਕਦੇ ਹਾਂ?'' ਰਾਤ ਵੇਲ਼ੇ ਇੱਕ-ਦੂਜੇ ਦੇ ਨੇੜੇ-ਤੇੜੇ ਰਹਿੰਦਿਆਂ ਇੱਕ ਦੂਜੀ ਦਾ ਸਹਾਰਾ ਬਣ ਕੇ ਉਹ ਆਪੋ-ਆਪਣੇ ਖੇਤਾਂ ਦਾ ਚੱਕਰ ਲਗਾਉਣਗੀਆਂ।
ਅਸੀਂ ਦਾਦਾਜੀ ਦੇ ਘਰ ਦੇ ਸਾਹਮਣੇ ਪਿੰਡ ਦੀ ਮੁੱਖ ਸੜਕ 'ਤੇ ਗੁਣਵੰਤ ਗਾਇੱਕਵਾੜ ਨੂੰ ਆਪਣੇ ਦੋਸਤਾਂ ਨਾਲ਼ ਗੱਲਾਂ ਕਰਦਿਆਂ ਦੇਖਿਆ। ਉਨ੍ਹਾਂ ਵਿੱਚੋਂ ਇੱਕ ਨੇ ਮਜ਼ਾਕ ਕਰਦਿਆਂ ਕਿਹਾ,''ਜੇ ਤੁਸੀਂ ਵਢਭਾਗੀ ਹੋਏ ਤਾਂ ਤੁਹਾਨੂੰ ਬਾਘ ਦਿਖਾਈ ਦੇ ਜਾਵੇਗਾ।'' ਗਾਇੱਕਵਾੜ ਕਹਿੰਦੇ ਹਨ,''ਅਸੀਂ ਤਾਂ ਰੋਜ਼ ਹੀ ਬਾਘਾਂ ਨੂੰ ਆਉਂਦੇ-ਜਾਂਦੇ ਦੇਖਦੇ ਰਹਿੰਦੇ ਹਾਂ।''
ਅਸੀਂ ਪਿੰਡ ਦੇ ਉਪ-ਸਰਪੰਚ ਰਾਜਹੰਸ ਬਨਕਰ ਨਾਲ਼ ਉਨ੍ਹਾਂ ਘਰ ਮਿਲ਼ੇ। ਉਹ ਰਾਤ ਦੀ ਰੋਟੀ ਖਾ ਰਹੇ ਹਨ, ਜਿਸ ਤੋਂ ਬਾਅਦ ਉਹ ਖੇਤ ਲਈ ਕੂਚ ਕਰਨਗੇ। ਉਹ ਪੂਰਾ ਦਿਨ ਕੰਮ ਤੋਂ ਥੱਕ-ਹਾਰ ਕੇ ਮੁੜੇ ਹਨ- ਬਨਕਰ, ਪੰਚਾਇਤ ਦੇ ਪ੍ਰਸ਼ਾਸਨਕ ਕੰਮ ਕਰਦੇ ਹਨ।
ਫਿਰ, ਅਸੀਂ ਸੁਸ਼ਮਾ ਘੁਟਕੇ ਨਾਲ਼ ਮਿਲ਼ਦੇ ਹਾਂ ਜੋ ਫ਼ਿਲਹਾਲ ਮਹਿਲਾ 'ਪੁਲਿਸ ਪਾਟਿਲ' ਹਨ ਤੇ ਆਪਣੇ ਪਤੀ ਮਹਿੰਦਰ ਦੇ ਨਾਲ਼ ਮੋਟਰ-ਸਾਈਕਲ ਦੀ ਪਿਛਲੀ ਸੀਟ 'ਤੇ ਬਹਿ ਕੇ ਖੇਤ ਵੱਲ ਨੂੰ ਜਾ ਰਹੀ ਹਨ। ਉਨ੍ਹਾਂ ਨੇ ਰਾਤ ਦਾ ਖਾਣਾ, ਕੁਝ ਕੁ ਕੰਬਲ, ਲੱਕੜ ਦਾ ਡੰਡਾ ਤੇ ਦੂਰ ਤੱਕ ਰੌਸ਼ਨੀ ਮਾਰਨ ਵਾਲ਼ੀ ਟਾਰਚ ਫੜ੍ਹੀ ਹੋਈ ਹੈ। ਅਸੀਂ ਦੂਜਿਆਂ ਨੂੰ ਵੀ ਟਾਰਚ, ਲੱਕੜ ਦੇ ਡੰਡੇ ਤੇ ਕੰਬਲ ਫੜ੍ਹੀ ਆਪਣੇ ਖੇਤਾਂ ਵੱਲ ਪੈਦਲ ਜਾਂਦੇ ਦੇਖਦੇ ਹਾਂ।
'' ਚਲਾ ਆਮਚਯਾ ਬਰੋਬਰ, '' ਸੁਸ਼ਮਾ ਮੁਸਕਾਨ ਸੁੱਟਦਿਆਂ ਸਾਨੂੰ ਆਪਣੇ ਖੇਤ ਆਉਣ ਦਾ ਸੱਦਾ ਦਿੰਦੀ ਹਨ। ਉਹ ਕਹਿੰਦੀ ਹਨ,''ਅਸੀਂ ਰਾਤ ਵੇਲ਼ੇ ਕਾਫ਼ੀ ਰੌਲ਼ਾ-ਰੱਪਾ ਸੁਣਾਂਗੇ। ਇਹਨੂੰ ਸੁਣਨ ਵਾਸਤੇ ਘੱਟੋ-ਘੱਟ ਢਾਈ ਵਜੇ ਤੱਕ ਜਾਗਦੇ ਰਹਿਓ।''
ਜੰਗਲੀ ਸੂਰ, ਨੀਲਗਾਂ, ਹਿਰਨ, ਸਾਂਭਰ, ਮੋਰ, ਖ਼ਰਗੋਸ਼- ਇਹ ਸਾਰੇ ਰਾਤ ਦੇ ਭੋਜਨ ਲਈ ਆਉਂਦੇ ਹਨ। ਉਹ ਕਹਿੰਦੇ ਹਨ, ਕਦੇ-ਕਦੇ ਉਨ੍ਹਾਂ ਨੂੰ ਬਾਘ ਤੇ ਤੇਂਦੂਆ ਵੀ ਦਿੱਸ ਪੈਂਦਾ ਹੈ। ਉਹ ਮਜ਼ਾਕ ਕਰਦਿਆਂ ਕਹਿੰਦੀ ਹਨ,''ਸਾਡੇ ਖੇਤ ਪਸ਼ੂ ਫ਼ਾਰਮ ਹਨ।''
ਕੁਝ ਘਰ ਦੂਰ ਰਹਿਣ ਵਾਲ਼ੇ ਮੁਕਾਮੀ ਸਿਆਸਤਦਾਨ ਆਤਮਾਰਾਮ ਸਵਸਾਖਲੇ (55) ਰਾਤ ਦੀ ਪਹਿਰੇਦਾਰੀ ਦੀ ਤਿਆਰੀ ਵਿੱਚ ਹਨ। ਉਨ੍ਹਾਂ ਕੋਲ਼ 23 ਏਕੜ ਜੱਦੀ ਜ਼ਮੀਨ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਪਹਿਲਾਂ ਹੀ ਖੇਤ ਪਹੁੰਚ ਚੁੱਕੇ ਹੋਣਗੇ। ਉਹ ਕਹਿੰਦੇ ਹਨ,''ਕਿਉਂਕਿ ਮੇਰਾ ਖੇਤ ਵੱਡਾ ਹੈ, ਇਸਲਈ ਇਹਦੀ ਰਾਖੀ ਕਰਨਾ ਮੁਸ਼ਕਲ ਕੰਮ ਹੈ।'' ਉਨ੍ਹਾਂ ਦੇ ਖੇਤ ਵਿੱਚ ਘੱਟੋ-ਘੱਟ ਛੇ-ਸੱਤ ਮਚਾਨਾਂ ਹਨ, ਜਿੱਥੋਂ ਫ਼ਸਲ ਦੇ ਹਰ ਹਿੱਸੇ 'ਤੇ ਨਜ਼ਰ ਰੱਖੀ ਜਾਂਦੀ ਹੈ। ਫ਼ਿਲਹਾਲ, ਉਨ੍ਹਾਂ ਦੇ ਖੇਤ ਵਿੱਚ ਕਣਕ ਤੇ ਕਾਲ਼ੇ ਛੋਲਿਆਂ ਦੀ ਫ਼ਸਲ ਲੱਗੀ ਹੋਈ ਹੈ।
ਰਾਤੀਂ ਸਾਢੇ ਅੱਠ ਵਜੇ ਤੱਕ, ਖੋਲਦੋਡਾ ਦੇ ਪਰਿਵਾਰ ਰਾਤ ਦਾ ਸਮਾਂ ਬਿਤਾਉਣ ਦੇ ਆਪਣੇ ਦੂਜੇ ਅੱਡੇ- ਭਾਵ ਖੇਤਾਂ ਵਿੱਚ ਆ ਗਏ ਹਨ।
*****
ਰਾਮਚੰਦਰ ਨੇ ਆਪਣੇ ਪੂਰੇ ਖੇਤ ਵਿੱਚ ਕਈ ਮਚਾਨਾਂ ਬਣਵਾਈਆਂ ਹਨ। ਜਿੱਥੋਂ ਤੁਸੀਂ ਇੱਕ-ਦੂਜੇ ਨੂੰ ਸੁਣ ਤਾਂ ਸਕਦੇ ਹੋ ਪਰ ਦੇਖ ਨਹੀਂ ਸਕਦੇ। ਤੁਸੀਂ ਇੱਥੇ ਅਰਾਮ ਨਾਲ਼ ਝਪਕੀ ਲੈ ਸਕੇ ਹੋ। ਇਹ ਮਚਾਨ ਲੱਕੜ ਦੇ ਚਬੂਤਰੇ ਜਿਹੇ ਹਨ ਜੋ ਸੱਤ-ਅੱਠ ਫੁੱਟ ਉੱਚੇ ਹਨ, ਜਿਨ੍ਹਾਂ ਉੱਪਰ ਸੁੱਕਾ ਘਾਹ ਜਾਂ ਤਿਰਪਾਲ ਦੀ ਛਤਰੀ ਜਿਹੀ ਹੁੰਦੀ ਹੈ। ਇਨ੍ਹਾਂ ਵਿੱਚੋਂ ਕੁਝ ਮਚਾਨਾਂ 'ਤੇ ਤਾਂ ਦੋ ਵਿਅਕਤੀ ਵੀ ਬਹਿ ਸਕਦੇ ਹਨ, ਪਰ ਬਹੁਤੀਆਂ 'ਤੇ ਇੱਕ ਆਦਮੀ ਹੀ ਬੈਠ ਸਕਦਾ ਹੁੰਦਾ ਹੈ।
ਹਕੀਕਤ ਵਿੱਚ ਭਿਵਾਪੁਰ ਦੇ ਇਸ ਹਿੱਸੇ ਵਿੱਚ, ਜੋ ਜੰਗਲਾਂ ਨਾਲ਼ ਘਿਰਿਆ ਹੋਇਆ ਹੈ, ਤੁਹਾਨੂੰ ਅਜਿਹੇ ਕਮਾਲ ਦੇ ਅੱਡੇ ਦੇਖਣ ਨੂੰ ਮਿਲ਼ਣਗੇ, ਜੋ ਉੱਥੇ ਰਾਤ ਕੱਟਣ ਵਾਲ਼ੇ ਕਿਸਾਨਾਂ ਦੀ ਵਾਸਤੂਕਲਾ ਦਾ ਵਿਲੱਖਣ ਨਮੂਨਾ ਪੇਸ਼ ਕਰਦੇ ਹਨ।
ਉਹ ਮੈਨੂੰ ਕਹਿੰਦੇ ਹਨ,''ਤੁਸੀਂ ਜਿਹੜਾ ਮਰਜ਼ੀ ਅੱਡਾ ਚੁਣ ਸਕਦੇ ਹੋ।'' ਮੈਂ ਖੇਤ ਦੇ ਐਨ ਵਿਚਕਾਰ ਤਿਰਪਾਲ ਦੀ ਚਾਦਰ ਵਾਲ਼ਾ ਇੱਕ ਅੱਡਾ ਚੁਣਦਾ ਹਾਂ। ਖੇਤ ਵਿੱਚ ਹਾਲੇ ਛੋਲੇ ਬੀਜੇ ਹੋਏ ਹਨ ਤੇ ਫ਼ਸਲ ਦੀ ਕਟਾਈ ਹੋਣ ਵਾਲ਼ੀ ਹੈ। ਮੈਨੂੰ ਸ਼ੱਕ ਕਿ ਫੂਸ ਦੀ ਛਤਰੀ ਵਾਲ਼ੀ ਮਚਾਨ 'ਤੇ ਚੂਹੇ ਵੀ ਹੋਣਗੇ। ਜਦੋਂ ਮੈਂ ਚੜ੍ਹਨ ਲੱਗਦਾ ਹਾਂ ਤਾਂ ਮਚਾਨ ਹਿੱਲਦਾ ਹੈ। ਰਾਤ ਦੇ ਸਾਢੇ ਨੌਂ ਵੱਜੇ ਹਨ ਤੇ ਅਸੀਂ ਰਾਤ ਦੀ ਰੋਟੀ ਖਾਣੀ ਹੈ। ਅਸੀਂ ਸੀਮੇਂਟ ਦੀ ਕੋਠੜੀ (ਦਾਣਿਆਂ ਵਾਲ਼ੀ) ਵਿਖੇ ਬਾਲ਼ੀ ਅੱਗ ਦੁਆਲ਼ੇ ਬੈਠ ਗਏ। ਪਾਰਾ ਡਿੱਗ ਰਿਹਾ ਹੈ। ਹਨ੍ਹੇਰਾ ਵੀ ਅੰਨ੍ਹਾ ਹੁੰਦਾ ਜਾਂਦਾ ਹੈ, ਪਰ ਅਸਮਾਨ ਸਾਫ਼ ਹੈ।
ਦਾਦਾਜੀ ਰਾਤ ਦੀ ਰੋਟੀ ਵੇਲ਼ੇ ਗੱਲਬਾਤ ਛੇੜ ਲੈਂਦੇ ਹਨ:
''ਚਾਰ ਮਹੀਨੇ ਪਹਿਲਾਂ ਅੱਧੀ ਰਾਤੀਂ ਮੇਰਾ ਮਚਾਨ ਅਚਾਨਕ ਢੇਰੀ ਹੋ ਗਿਆ ਤੇ ਮੈਂ ਸੱਤ ਫੁੱਟ ਤੋਂ ਸਿਰ ਪਰਨੇ ਹੇਠਾਂ ਡਿੱਗਿਆ। ਮੇਰੀ ਧੌਣ ਤੇ ਪਿੱਠ ਬੁਰੀ ਤਰ੍ਹਾਂ ਫੱਟੜ ਹੋ ਗਈਆਂ।''
ਤੜਕੇ ਕਰੀਬ 2.30 ਵਜੇ ਦਾ ਸਮਾਂ ਸੀ। ਸ਼ੁਕਰ ਹੈ, ਜਿਸ ਸਤ੍ਹਾ 'ਤੇ ਉਹ ਡਿੱਗੇ ਸਨ, ਉਹ ਬਹੁਤੀ ਸਖ਼ਤ ਨਹੀਂ ਸੀ। ਉਹ ਕਹਿੰਦੇ ਹਨ ਕਿ ਉਹ ਕਈ ਘੰਟਿਆਂ ਤੱਕ ਸਦਮੇ ਅਤੇ ਦਰਦ ਨਾਲ਼ ਤੜਫਦੇ ਰਹੇ। ਲੱਕੜ ਦੀ ਇੱਕ ਬੱਲੀ ਜਿਸ 'ਤੇ ਮਚਾਨ ਖੜ੍ਹੀ ਕੀਤੀ ਗਈ ਸੀ, ਡਿੱਗ ਪਈ ਸੀ ਕਿਉਂਕਿ ਉੱਥੋਂ ਦੀ ਮਿੱਟੀ ਢਿੱਲੀ ਪੈ ਗਈ ਸੀ।
"ਮੈਂ ਹਿੱਲ-ਜੁੱਲ ਨਹੀਂ ਸਕਿਆ ਅਤੇ ਮੇਰੀ ਮਦਦ ਕਰਨ ਵਾਲ਼ਾ ਕੋਈ ਵੀ ਨਹੀਂ ਸੀ।" ਲੋਕੀਂ ਰਾਤ ਨੂੰ ਆਪਣੇ ਖੇਤ ਵਿੱਚ ਇਕੱਲੇ ਹੀ ਹੁੰਦੇ ਹਨ, ਭਾਵੇਂ ਨੇੜਲੇ ਖੇਤਾਂ ਵਿੱਚ ਕਈ ਜਣੇ ਰਾਖੀ ਕਰ ਰਹੇ ਹੋਣ। ਉਹ ਕਹਿੰਦੇ ਹਨ, "ਮੈਂ ਸੋਚਿਆ ਸੀ ਕਿ ਮੈਂ ਮਰਨ ਵਾਲ਼ਾ ਹਾਂ।''
ਆਖਰਕਾਰ ਕੁਝ ਘੰਟਿਆਂ ਬਾਅਦ ਉਹ ਜਿਵੇਂ-ਕਿਵੇਂ ਖੜ੍ਹੇ ਹੋ ਗਏ ਅਤੇ ਗਰਦਨ ਅਤੇ ਪਿੱਠ ਵਿੱਚ ਤੇਜ਼ ਦਰਦ ਦੇ ਬਾਵਜੂਦ ਦੋ-ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਘਰ ਪਹੁੰਚ ਗਏ। "ਘਰ ਪਹੁੰਚਣ ਤੋਂ ਬਾਅਦ, ਮੇਰਾ ਪੂਰਾ ਪਰਿਵਾਰ ਅਤੇ ਗੁਆਂਢੀ ਮਦਦ ਲਈ ਭੱਜੇ ਆਏ।'' ਦਾਦਾਜੀ ਦੀ ਪਤਨੀ ਸ਼ਕੁਬਾਈ ਘਬਰਾ ਗਈ ਸਨ।
ਰਾਮਚੰਦਰ ਉਨ੍ਹਾਂ ਨੂੰ ਭੀਵਾਪੁਰ ਕਸਬੇ ਦੇ ਇੱਕ ਡਾਕਟਰ ਕੋਲ਼ ਲੈ ਗਏ, ਜਿੱਥੋਂ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਦੇ ਬੇਟੇ ਨੇ ਹਸਪਤਾਲ ਵਿੱਚ ਦਾਖਲ ਹੋਣ ਦਾ ਪ੍ਰਬੰਧ ਕੀਤਾ।
ਐਕਸਰੇ ਅਤੇ MRI ਸਕੈਨਾਂ ਵਿੱਟ ਸੱਟ ਦਾ ਤਾਂ ਪਤਾ ਚੱਲਿਆ, ਪਰ ਖੁਸ਼ਕਿਸਮਤੀ ਨਾਲ਼ ਹੱਡੀ ਨਹੀਂ ਟੁੱਟੀ ਸੀ। ਪਰ ਡਿੱਗਣ ਤੋਂ ਬਾਅਦ ਤੋਂ ਹੀ ਲੰਬੇ ਅਤੇ ਪਤਲੇ ਸਰੀਰ ਵਾਲ਼ੇ ਦਾਦਾ ਜੀ ਬਹੁਤਾ ਚਿਰ ਬੈਠ ਨਹੀਂ ਪਾਉਂਦੇ ਤੇ ਖੜ੍ਹੇ ਹੋਣ ਸਮੇਂ ਚੱਕਰ ਆਉਂਦੇ ਮਹਿਸੂਸ ਕਰਦੇ ਹਨ, ਇਸ ਕਰਕੇ ਉਹ ਲੇਟ ਜਾਂਦੇ ਹਨ ਅਤੇ ਭਜਨ ਗਾਉਂਦੇ ਰਹਿੰਦੇ ਹਨ।
ਉਹ ਮੈਨੂੰ ਦੱਸਦੇ ਹਨ,"ਮੈਨੂੰ ਰਾਤ ਦੀ ਰਾਖੀ ਬਦਲੇ ਇਹ ਕੀਮਤ ਤਾਰਨੀ ਪਈ ਪਰ ਆਖ਼ਰ ਕਿਉਂ? ਕਿਉਂਕਿ ਜੇ ਮੈਂ ਆਪਣੀਆਂ ਫ਼ਸਲਾਂ ਦੀ ਰਾਖੀ ਨਹੀਂ ਕਰਾਂਗਾ, ਤਾਂ ਇਹ ਜੰਗਲੀ ਜਾਨਵਰ ਮੇਰੇ ਖੇਤ ਵਿੱਚ ਵਾਢੀ ਯੋਗ ਉਪਜ ਵੀ ਨਹੀਂ ਛੱਡਣਗੇ।"
ਦਾਦਾ ਜੀ ਕਹਿੰਦੇ ਹਨ ਕਿ ਜਦੋਂ ਉਹ ਛੋਟੇ ਸਨ, ਉਦੋਂ ਰਾਤ ਵੇਲ਼ੇ ਰਾਖੀ ਦੀ ਕੋਈ ਲੋੜ ਨਹੀਂ ਸੀ। ਪਿਛਲੇ 20 ਸਾਲਾਂ ਵਿੱਚ ਜਾਨਵਰਾਂ ਦੇ ਹਮਲਿਆਂ ਵਿੱਚ ਵਾਧਾ ਹੋਇਆ ਹੈ। ਉਹ ਕਹਿੰਦੇ ਹਨ, ਨਾ ਸਿਰਫ਼ ਜੰਗਲ ਸੁੰਗੜੇ ਹਨ ਸਗੋਂ ਜੰਗਲੀ ਜਾਨਵਰਾਂ ਨੂੰ ਵੀ ਲੋੜੀਂਦਾ ਭੋਜਨ ਅਤੇ ਪਾਣੀ ਨਹੀਂ ਮਿਲ਼ ਪਾਉਂਦਾ ਅਤੇ ਉਨ੍ਹਾਂ ਦੀ ਗਿਣਤੀ ਵੀ ਵਧੀ ਹੈ। ਅਤੇ ਇਸ ਲਈ, ਹਜ਼ਾਰਾਂ ਕਿਸਾਨ ਆਪਣੀਆਂ ਰਾਤਾਂ ਖੇਤਾਂ ਵਿੱਚ ਬਿਤਾਉਂਦੇ ਹਨ, ਆਪਣੀਆਂ ਫ਼ਸਲਾਂ ਦੀ ਰਾਖੀ ਕਰਦੇ ਹਨ, ਆਪਣੀਆਂ ਫ਼ਸਲਾਂ ਨੂੰ ਇਨ੍ਹਾਂ ਰਾਤ ਦੇ ਹਮਲਾਵਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਜੰਗਲੀ ਜਾਨਵਰ ਖੜ੍ਹੀਆਂ ਫ਼ਸਲਾਂ ਨੂੰ ਨਿਗਲਣ ਦੀ ਉਡੀਕ ਕਰਦੇ ਰਹਿੰਦੇ ਹਨ।
ਹਾਦਸੇ, ਉੱਪਰੋਂ ਡਿੱਗਣਾ, ਜੰਗਲੀ ਜਾਨਵਰਾਂ ਨਾਲ਼ ਖ਼ਤਰਨਾਕ ਟੱਕਰਾਂ, ਨੀਂਦ ਦੀ ਘਾਟ ਕਾਰਨ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਆਮ ਬਿਮਾਰੀਆਂ-ਇਹ ਖਲੋਦੋਡਾ ਅਤੇ ਵਿਦਰਭ ਦੇ ਵੱਡੇ ਹਿੱਸਿਆਂ ਵਿੱਚ ਕਿਸਾਨਾਂ ਲਈ ਇੱਕ ਆਮ ਗੱਲ ਬਣ ਗਈ ਹੈ, ਜਿਸ ਕਾਰਨ ਪਹਿਲਾਂ ਤੋਂ ਹੀ ਦੁਖੀ ਕਿਸਾਨਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਹੋਇਆ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਗ੍ਰਾਮੀਣ ਖੇਤਰਾਂ ਦੇ ਆਪਣੇ ਦੌਰਿਆਂ ਦੌਰਾਨ, ਮੈਂ ਉਨ੍ਹਾਂ ਕਿਸਾਨਾਂ ਨੂੰ ਮਿਲ਼ਿਆ ਜੋ ਸਲੀਪ ਐਪਨੀਆ ਕਾਰਨ ਤਣਾਅ ਵਿੱਚ ਸਨ। ਸਲੀਪ ਐਪਨੀਆ ਇੱਕ ਕਿਸਮ ਦੀ ਬਿਮਾਰੀ ਹੈ ਜਦੋਂ ਸੌਣ ਵੇਲ਼ੇ ਸਾਹ ਆਉਣਾ ਰੁੱਕ ਜਾਂਦਾ ਹੈ ਅਤੇ ਫੇਰ ਆਉਣ ਲੱਗਦਾ ਹੈ।
ਰਾਮਚੰਦਰ ਅਫ਼ਸੋਸ ਨਾਲ਼ ਕਹਿੰਦੇ ਹਨ,"ਇਹ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ – ਸਾਨੂੰ ਦਿਨ ਅਤੇ ਰਾਤ ਵੇਲ਼ੇ ਵੀ ਘੱਟ ਨੀਂਦ ਨਾਲ਼ ਕੰਮ ਚਲਾਉਣਾ ਪੈਂਦਾ ਹੈ। ਕਈ ਵਾਰ ਤਾਂ ਅਸੀਂ ਇੱਕ ਦਿਨ ਲਈ ਵੀ ਆਪਣੇ ਖੇਤ ਤੋਂ ਬਾਹਰ ਨਹੀਂ ਨਿਕਲ ਸਕਦੇ।"
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇੱਥੋਂ ਦੇ ਚੌਲ਼, ਦਾਲ ਜਾਂ ਕਾਲ਼ੇ ਛੋਲੇ ਖਾ ਰਹੇ ਹੋ ਤਾਂ ਇਹ ਉਹ ਅਨਾਜ ਹੋਵੇਗਾ ਜੋ ਜੰਗਲੀ ਜਾਨਵਰਾਂ ਦੇ ਹਮਲਿਆਂ ਤੋਂ ਬਚ ਗਿਆ ਹੈ, ਕਿਉਂਕਿ ਕਿਸੇ ਨਾ ਕਿਸੇ ਨੇ ਆਪਣੀਆਂ ਰਾਤਾਂ ਦੀ ਨੀਂਦ ਹਰਾਮ ਕਰਕੇ ਆਪਣੀ ਫ਼ਸਲ ਬਚਾਉਣ ਵਿੱਚ ਕਾਮਯਾਬੀ ਪਾਈ ਹੋਵੇਗੀ।
ਰਾਮਚੰਦਰ ਕਹਿੰਦੇ ਹਨ, "ਅਸੀਂ ਅਲਾਰਮ ਵਜਾਉਂਦੇ ਹਾਂ, ਅੱਗ ਬਾਲ਼ਦੇ ਹਾਂ, ਖੇਤਾਂ ਨੂੰ ਵਾੜਾਂ ਲਾਉਂਦੇ ਹਾਂ, ਪਰ ਜੇ ਤੁਸੀਂ ਰਾਤ ਨੂੰ ਖੇਤ ਵਿੱਚ ਨਹੀਂ ਹੁੰਦੇ ਹੋ, ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਤੁਸੀਂ ਉਹ ਸਭ ਕੁਝ ਗੁਆ ਬੈਠੋਗੇ ਜੋ ਤੁਸੀਂ ਲਗਾਇਆ ਹੈ।''
*****
ਰਾਤ ਦੇ ਖਾਣੇ ਤੋਂ ਬਾਅਦ, ਅਸੀਂ ਆਪੋ-ਆਪਣੀਆਂ ਟਾਰਚਾਂ ਬਾਲ਼ੀ ਰਾਮਚੰਦਰ ਦੇ ਪਿੱਛੇ ਇੱਕ ਸਿੱਧੀ ਲਾਈਨ ਵਿੱਚ ਤੁਰਨਾ ਸ਼ੁਰੂ ਕਰਦੇ ਹਾਂ, ਜੋ ਘੁੱਪ ਹਨ੍ਹੇਰੇ ਵਿੱਚ ਖੇਤਾਂ ਦੇ ਭੰਬਲਭੂਸੇ ਭਰੇ ਰਾਹਾਂ ਵਿੱਚ ਅੱਗੇ ਵੱਧਣ ਵਿੱਚ ਸਹਾਈ ਹੁੰਦੀਆਂ ਹਨ।
ਰਾਤ ਦੇ 11 ਵਜੇ ਦਾ ਸਮਾਂ ਹੈ ਅਤੇ ਅਸੀਂ ਲੋਕਾਂ ਨੂੰ ਸਮੇਂ-ਸਮੇਂ 'ਤੇ ਕੁਝ ਦੂਰੀ 'ਤੇ ਚੀਕਦੇ ਹੋਏ ਸੁਣਦੇ ਹਾਂ-"ਓਏ... ਓਏ... ਈਈਈ," ਜੋ ਜਾਨਵਰਾਂ ਨੂੰ ਡਰਾਉਣ ਅਤੇ ਖੇਤਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਾਉਣ ਲਈ ਚੀਕ ਰਹੇ ਹਨ।
ਬਾਕੀ ਦਿਨੀਂ ਖੇਤ ਵਿੱਚ ਇਕੱਲੇ ਹੋਣ 'ਤੇ ਰਾਮਚੰਦਰ ਹਰ ਘੰਟੇ ਇੱਕ ਲੰਬੀ ਸੋਟੀ ਫੜ੍ਹੀ ਖੇਤ ਦਾ ਚੱਕਰ ਲਾਉਂਦੇ ਹਨ। ਉਹ ਖਾਸ ਕਰਕੇ ਸਵੇਰੇ 2 ਵਜੇ ਤੋਂ 4 ਵਜੇ ਦੇ ਵਿਚਕਾਰ ਸੁਚੇਤ ਰਹਿੰਦੇ ਹਨ, ਜਦੋਂ ਉਨ੍ਹਾਂ ਮੁਤਾਬਕ ਜਾਨਵਰ ਸਭ ਤੋਂ ਵੱਧ ਕਿਰਿਆਸ਼ੀਲ ਹੁੰਦੇ ਹਨ। ਸਮੇਂ-ਸਮੇਂ 'ਤੇ, ਉਹ ਨੀਂਦ ਦੀ ਝਪਕੀ ਲੈਣ ਦੀ ਕੋਸ਼ਿਸ਼ ਕਰਦੇ ਹਨ, ਪਰ ਸੁਚੇਤ ਵੀ ਰਹਿੰਦੇ ਹਨ।
ਅੱਧੀ ਰਾਤ ਦੇ ਕਰੀਬ, ਇੱਕ ਪਿੰਡ ਵਾਸੀ ਆਪਣੀ ਬਾਈਕ 'ਤੇ ਖੇਤ ਵਿੱਚ ਆਉਂਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਆਲੇਸੁਰ ਵਿੱਚ ਸਾਰੀ ਰਾਤ ਕਬੱਡੀ ਟੂਰਨਾਮੈਂਟ ਚੱਲੇਗਾ। ਅਸੀਂ ਜਾ ਕੇ ਖੇਡ ਦੇਖਣ ਦਾ ਫੈਸਲਾ ਕਰਦੇ ਹਾਂ। ਦਾਦਾ ਜੀ ਰਾਮਚੰਦਰ ਦੇ ਬੇਟੇ ਨਾਲ਼ ਖੇਤ ਵਿੱਚ ਰੁਕਦੇ ਹਨ ਅਤੇ ਅਸੀਂ ਜਣੇ ਖੇਤ ਤੋਂ 10 ਮਿੰਟ ਦੀ ਦੂਰੀ 'ਤੇ ਆਲੇਸੁਰ ਚਲੇ ਜਾਂਦੇ ਹਾਂ।
ਰਾਤ ਦੀ ਚੌਕਸੀ ਦੇ ਵਿਚਕਾਰ, ਕਿਸਾਨ ਆਲੇਸੁਰ ਗ੍ਰਾਮ ਪੰਚਾਇਤ ਵਿੱਚ ਆਯੋਜਿਤ ਕਬੱਡੀ ਖੇਡ ਦੇਖਣ ਲਈ ਇਕੱਠੇ ਹੋਏ
ਰਸਤੇ ਵਿੱਚ, ਅਸੀਂ ਦੇਖਿਆ ਕਿ ਜੰਗਲੀ ਸੂਰਾਂ ਦਾ ਇੱਕ ਝੁੰਡ ਸੜਕ ਨੂੰ ਪਾਰ ਕਰ ਰਿਹਾ ਸੀ, ਜਿਸ ਦੇ ਪਿੱਛੇ ਦੋ ਗਿੱਦੜ ਸਨ। ਕੁਝ ਦੇਰ ਬਾਅਦ, ਅਸੀਂ ਨਾਲ਼ ਲੱਗਦੇ ਖੇਤਰ ਵਿੱਚ ਹਿਰਨਾਂ ਦੇ ਇੱਕ ਝੁੰਡ ਨੂੰ ਦੇਖਿਆ। ਹਾਲੇ ਤੱਕ ਬਾਘ ਦਾ ਕੋਈ ਸੁਰਾਗ਼ ਨਹੀਂ ਮਿਲ਼ਿਆ ਸੀ।
ਆਲੇਸੁਰ ਵਿੱਚ, ਨੇੜਲੇ ਪਿੰਡਾਂ ਦੇ ਦੋ ਪੁਰਾਣੇ ਮੁਕਾਬਲੇਕਾਰੀਆਂ ਵਿਚਕਾਰ ਕਬੱਡੀ ਮੈਚ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ ਹੈ। ਉਨ੍ਹਾਂ ਦਾ ਉਤਸ਼ਾਹ ਦੇਖਣ ਲਾਇਕ ਹੈ। ਇਸ ਟੂਰਨਾਮੈਂਟ ਵਿੱਚ 20 ਤੋਂ ਵੱਧ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਮੈਚ ਸਵੇਰ ਤੱਕ ਚੱਲਦੇ ਰਹਿਣਗੇ। ਫਾਈਨਲ ਸਵੇਰੇ 10 ਵਜੇ ਹੋਵੇਗਾ। ਪਿੰਡ ਦੇ ਲੋਕ ਸਾਰੀ ਰਾਤ ਆਪਣੇ ਖੇਤਾਂ ਅਤੇ ਮੁਕਾਬਲੇ ਵਾਲ਼ੀ ਥਾਂ ਦੇ ਵਿਚਕਾਰ ਘੁੰਮਦੇ ਰਹਿਣਗੇ।
ਲੋਕ ਬਾਘ ਦੀ ਮੌਜੂਦਗੀ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਦੇ ਹਨ। ਉਨ੍ਹਾਂ ਵਿੱਚੋਂ ਇੱਕ ਰਾਮਚੰਦਰ ਨੂੰ ਕਹਿੰਦੇ ਹਨ, "ਤੁਸੀਂ ਸਾਵਧਾਨ ਰਹਿਓ।'' ਆਲੇਸੁਰ ਦੇ ਇੱਕ ਪਿੰਡ ਵਾਸੀ ਨੇ ਸ਼ਾਮੀਂ ਹੀ ਉਹਨੂੰ ਦੇਖਿਆ ਸੀ।
ਬਾਘ ਦਾ ਦਿੱਸਣਾ ਕਿਸੇ ਭੇਦ ਤੋਂ ਘੱਟ ਨਹੀਂ।
ਕੁਝ ਸਮੇਂ ਬਾਅਦ ਅਸੀਂ ਰਾਮਚੰਦਰ ਦੇ ਖੇਤ ਵਾਪਸ ਆ ਗਏ। ਰਾਤ ਦੇ ਦੋ ਵੱਜ ਗਏ ਹਨ ਅਤੇ ਉਨ੍ਹਾਂ ਦਾ ਬੇਟਾ ਆਸ਼ੂਤੋਸ਼ ਕੋਠੇ (ਦਾਣਿਆਂ ਵਾਲ਼ੇ) ਕੋਲ਼ ਮੰਜੇ 'ਤੇ ਸੌਂ ਗਿਆ ਹੈ। ਦਾਦਾ ਜੀ ਚੁੱਪ ਚਾਪ ਬੈਠੇ ਉਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਅੱਗ ਜਲਾ ਰਹੇ ਹਨ। ਅਸੀਂ ਥੱਕੇ ਹੋਏ ਹਾਂ, ਪਰ ਅਜੇ ਤੱਕ ਨੀਂਦ ਨਹੀਂ ਆਈ। ਅਸੀਂ ਖੇਤ ਦਾ ਇੱਕ ਹੋਰ ਗੇੜਾ ਲਗਾਉਂਦੇ ਹਾਂ।
ਰਾਮਚੰਦਰ ਨੇ 10ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ ਅਤੇ ਉਹ ਕਹਿੰਦੇ ਹਨ ਕਿ ਜੇ ਕੋਈ ਹੋਰ ਕੰਮ ਹੁੰਦਾ ਤਾਂ ਉਨ੍ਹਾਂ ਖੇਤੀ ਨਹੀਂ ਕਰਨੀ ਸੀ। ਉਨ੍ਹਾਂ ਨੇ ਆਪਣੇ ਦੋਵੇਂ ਬੱਚਿਆਂ ਨੂੰ ਨਾਗਪੁਰ ਦੇ ਇੱਕ ਬੋਰਡਿੰਗ ਸਕੂਲ ਵਿੱਚ ਭੇਜਿਆ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਖੇਤੀ ਕਰਨ। ਆਸ਼ੂਤੋਸ਼ ਛੁੱਟੀਆਂ ਮਨਾਉਣ ਲਈ ਘਰ ਆਇਆ ਹੈ।
ਅਚਾਨਕ ਸਾਰੀਆਂ ਦਿਸ਼ਾਵਾਂ ਤੋਂ ਚੀਕਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕਿਸਾਨ ਥਾਲ਼ੀਆਂ ਕੁੱਟ ਰਹੇ ਹਨ ਅਤੇ ਉੱਚੀ-ਉੱਚੀ ਰੌਲ਼ਾ ਪਾ ਰਹੇ ਹਨ। ਉਹ ਜਾਨਵਰਾਂ ਨੂੰ ਡਰਾਉਣ ਲਈ ਵਾਰ-ਵਾਰ ਅਜਿਹਾ ਕਰਨਗੇ।
ਮੇਰੇ ਹੈਰਾਨ ਕਰਨ ਵਾਲ਼ੇ ਹਾਵ-ਭਾਵ ਦੇਖ ਕੇ ਦਾਦਾ ਜੀ ਮੁਸਕਰਾਉਣ ਲੱਗਦੇ ਹਨ। ਰਾਮਚੰਦਰ ਵੀ ਮੁਸਕਰਾਉਣ ਲੱਗਦੇ ਹਨ। ਉਹ ਕਹਿੰਦੇ ਹਨ,"ਇਹ ਗੱਲ ਤੁਹਾਨੂੰ ਅਜੀਬ ਲੱਗ ਸਕਦੀ ਹੈ, ਪਰ ਪੂਰੀ ਰਾਤ ਇਹੀ ਕੁਝ ਵਾਪਰਦਾ ਹੈ। ਕਿਸਾਨ ਕੁਝ ਜਾਨਵਰਾਂ ਦੀ ਮੌਜ਼ੂਦਗੀ ਦਾ ਸੰਕੇਤ ਦੇਣ ਲਈ ਚੀਕਦੇ ਹਨ ਜੋ ਹੋਰਨਾਂ ਖੇਤਾਂ ਵਿੱਚ ਜਾ ਸਕਦੇ ਹਨ।" ਕਰੀਬ 15 ਮਿੰਟਾਂ ਬਾਅਦ ਹੰਗਾਮਾ ਠੱਲ੍ਹਿਆ ਤੇ ਫਿਰ ਤੋਂ ਸਾਰਾ ਕੁਝ ਸ਼ਾਂਤ ਹੋ ਗਿਆ।
ਸਵੇਰ ਦੇ ਕਰੀਬ 3:30 ਵਜੇ, ਤਾਰਿਆਂ ਦੀ ਲੋਅ ਹੇਠ, ਅਸੀਂ ਵੱਖ ਹੋ ਜਾਂਦੇ ਹਾਂ ਅਤੇ ਆਪਣੀਆਂ ਝੂਲਦੀਆਂ ਹੋਈਆਂ ਉੱਚੀਆਂ ਮਚਾਨਾਂ 'ਤੇ ਆ ਚੜ੍ਹਦੇ ਹਾਂ। ਮੇਰੇ ਆਲ਼ੇ-ਦੁਆਲ਼ੇ ਕੀੜਿਆਂ ਦੀ ਆਵਾਜ਼ ਉੱਚੀ ਹੋ ਜਾਂਦੀ ਹੈ। ਮੈਂ ਆਪਣੀ ਪਿੱਠ ਪਰਨੇ ਲੇਟਿਆ ਹੋਇਆ ਹਾਂ। ਮਚਾਨ 'ਤੇ ਬੱਸ ਮੇਰੇ ਜੋਗੀ ਹੀ ਥਾਂ ਹੈ। ਫਟੀ ਹੋਈ ਚਿੱਟੀ ਤਰਪਾਲ ਦੀ ਚਾਦਰ ਹਵਾ ਦੇ ਤੇਜ਼ ਵਹਾਅ ਨਾਲ਼ ਉੱਡ ਰਹੀ ਹੈ। ਮੈਂ ਤਾਰਿਆਂ ਦੀ ਗਿਣਤੀ ਕਰਦਾ ਹਾਂ ਅਤੇ ਕੁਝ ਸਮੇਂ ਲਈ ਸੌਂ ਜਾਂਦਾ ਹਾਂ। ਦਿਨ ਦੇ ਚੜ੍ਹਾਅ ਤੀਕਰ ਲੋਕਾਂ ਦੇ ਰੁੱਕ-ਰੁੱਕ ਕੇ ਚੀਕਣ ਦੀਆਂ ਆਵਾਜ਼ਾਂ ਮੇਰੀ ਕੰਨੀਂ ਪੈਂਦੀਆਂ ਰਹੀਆਂ। ਉੱਚੀ ਮਚਾਨ ਦੇ ਆਪਣੇ ਅੱਡੇ ਤੋਂ ਮੈਂ ਆਪਣੇ ਆਲ਼ੇ-ਦੁਆਲ਼ੇ ਦੁਧੀਆ ਚਿੱਟੇ ਤ੍ਰੇਲ ਨਾਲ਼ ਢੱਕੇ ਹਰੇ-ਭਰੇ ਖੇਤ ਦੇਖਦਾ ਹਾਂ।
ਰਾਮਚੰਦਰ ਅਤੇ ਦਾਦਾ ਜੀ ਪਹਿਲਾਂ ਹੀ ਜਾਗ ਚੁੱਕੇ ਹਨ। ਦਾਦਾ ਜੀ ਖੇਤ ਦੇ ਇੱਕੋ-ਇੱਕ ਸੰਤਰੇ ਦੇ ਰੁੱਖ ਤੋਂ ਕੁਝ ਫਲ ਤੋੜਦੇ ਹਨ ਅਤੇ ਘਰ ਲਿਜਾਣ ਲਈ ਮੈਨੂੰ ਦੇ ਦਿੰਦੇ ਹਨ।
ਰਾਮਚੰਦਰ ਛੋਹਲੇ ਪੈਰੀਂ ਆਪਣੇ ਖੇਤ ਦਾ ਇੱਕ ਚੱਕਰ ਲਗਾਉਂਦੇ ਹਨ ਤੇ ਇਹ ਜਾਂਚ ਕਰਦੇ ਹਨ ਕਿ ਕਿਸੇ ਜਾਨਵਰ ਨੇ ਉਨ੍ਹਾਂ ਦੀ ਫ਼ਸਲ ਨੂੰ ਛੂਹਿਆ ਤਾਂ ਨਹੀਂ। ਮੈਂ ਉਹਨਾਂ ਦੇ ਮਗਰ-ਮਗਰ ਤੁਰਦਾ ਹਾਂ।
ਅਸੀਂ ਸਵੇਰੇ ਸੱਤ ਵਜੇ ਪਿੰਡ ਵਾਪਸ ਆਉਂਦੇ ਹਾਂ। ਉਹ ਕਹਿੰਦੇ ਹਨ ਕਿ ਉਹ ਖੁਸ਼ਕਿਸਮਤ ਹਨ ਕਿ ਰਾਤ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਬਾਅਦ ਵਿੱਚ, ਦਿਨ ਵੇਲ਼ੇ ਰਾਮਚੰਦਰ ਨੂੰ ਪਤਾ ਲੱਗ ਜਾਵੇਗਾ ਕਿ ਜੰਗਲੀ ਜਾਨਵਰ ਪਿਛਲੀ ਰਾਤ ਕਿਸੇ ਹੋਰ ਦੇ ਖੇਤ ਵਿੱਚ ਦਾਖ਼ਲ ਹੋਏ ਸਨ ਜਾਂ ਨਹੀਂ।
ਮੈਂ ਆਪਣੇ ਮੇਜ਼ਬਾਨ ਨੂੰ ਅਲਵਿਦਾ ਕਹਿੰਦਾ ਹਾਂ ਅਤੇ ਉਹ ਮੈਨੂੰ ਆਪਣੇ ਖੇਤ ਵਿੱਚ ਉਗਾਏ ਚੌਲ਼ਾਂ ਦੇ ਤਾਜ਼ਾ ਆਟੇ ਦਾ ਇੱਕ ਪੈਕੇਟ ਭੇਟ ਕਰਦੇ ਹਨ। ਇਹ ਖੁਸ਼ਬੂਦਾਰ ਚੌਲ਼ ਹਨ। ਰਾਮਚੰਦਰ ਨੇ ਇਸ ਫ਼ਸਲ ਦੀ ਵਾਢੀ ਤੀਕਰ ਕਈ ਰਾਤਾਂ ਖੇਤ ਦੀ ਰਾਖੀ ਕਰਦਿਆਂ ਬਿਤਾਈਆਂ ਹੋਣੀਆਂ।
ਅਸੀਂ ਗੱਡੀ ਚਲਾ ਕੇ ਖੋਲਦੋਡਾ ਨੂੰ ਪਿਛਾਂਹ ਛੱਡਦਿਆਂ ਹੋਇਆਂ ਖੇਤਾਂ ਵਿੱਚੋਂ ਦੀ ਲੰਘਦੇ ਹਾਂ ਅਤੇ ਮੈਂ ਦੇਖਦਾ ਹਾਂ ਕਿ ਮਰਦ ਅਤੇ ਔਰਤਾਂ ਚੁੱਪ-ਚਾਪ ਖੇਤਾਂ ਤੋਂ ਘਰ ਵਾਪਸ ਆ ਰਹੇ ਹਨ। ਮੇਰੀ ਰੁਮਾਂਚਕ ਯਾਤਰਾ ਤਾਂ ਖਤਮ ਹੋ ਗਈ ਹੈ। ਉਨ੍ਹਾਂ ਦਾ ਲੱਕ-ਤੋੜਵਾਂ ਦਿਨ ਅਜੇ ਸ਼ੁਰੂ ਹੀ ਹੋਇਆ ਹੈ।
ਤਰਜਮਾ: ਕਮਲਜੀਤ ਕੌਰ