ਸਵੇਰ ਦੇ ਤਿੰਨ ਵੱਜੇ ਸਨ। ਨੰਦਿਨੀ ਸੰਤਰੀ ਰੰਗੇ ਇੱਕ ਤੰਬੂ ਦੇ ਬਾਹਰ ਬੈਠੀ ਹੋਈ, ਆਪਣੀ ਸਹੇਲੀ ਵੱਲ਼ੋਂ ਫੜ੍ਹੇ ਮੋਬਾਇਲ ਫ਼ੋਨ ਦੀ ਟਾਰਚ ਦੀ ਰੌਸ਼ਨੀ ਵਿੱਚ ਆਪਣੇ ਚਿਹਰੇ 'ਤੇ ਮੇਕਅਪ ਕਰ ਰਹੀ ਸੀ।
ਸਾਧਾਰਨ ਸੂਤੀ ਸਾੜੀ ਪਹਿਨ ਕੇ 18 ਸਾਲਾ ਲੜਕੀ ਆਪਣੇ ਵਿਆਹ ਦੀ ਤਿਆਰੀ ਕਰ ਰਹੀ ਹੈ, ਜੋ ਕੁਝ ਘੰਟਿਆਂ 'ਚ ਹੋਣ ਵਾਲਾ ਹੈ।
ਉਸ ਤੋਂ ਇੱਕ ਦਿਨ ਪਹਿਲਾਂ, ਉਹ ਅਤੇ ਉਸਦਾ ਹੋਣ ਵਾਲਾ ਪਤੀ ਜੈਰਾਮ (21) ਆਪਣੇ ਦੋਸਤਾਂ ਅਤੇ ਪਰਿਵਾਰ ਨਾਲ਼ ਬੰਗਲਾਮੇਡੂ (ਅਧਿਕਾਰਤ ਤੌਰ 'ਤੇ ਚੇਰੂਕਨੂਰ ਇਰੂਲਰ ਕਲੋਨੀ ਵਜੋਂ ਜਾਣਿਆ ਜਾਂਦਾ ਹੈ) ਤੋਂ ਮਮੱਲਪੁਰਮ ਆਏ ਸਨ। ਤਾਮਿਲਨਾਡੂ ਦੇ ਤਿਰੂਵਲੂਰ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਸਮੂਹ ਚੇਨਈ ਦੇ ਦੱਖਣੀ ਸਮੁੰਦਰੀ ਕੰਢੇ 'ਤੇ ਛੋਟੇ ਟੈਂਟਾਂ 'ਚ ਰਹਿ ਰਹੇ ਸੈਂਕੜੇ ਇਰੂਲਾ ਪਰਿਵਾਰਾਂ 'ਚੋਂ ਇਕ ਹੈ।
ਹਰ ਸਾਲ ਮਾਰਚ ਵਿੱਚ, ਜਿਓਂ ਹੀ ਤੱਟਵਰਤੀ ਤਾਮਿਲਨਾਡੂ ਦੀ ਥੋੜ੍ਹੀ ਜਿਹੀ ਸਰਦੀ ਗਰਮੀਆਂ ਲਈ ਰਾਹ ਪੱਧਰਾ ਕਰਦੀ ਹੈ, ਮਮੱਲਪੁਰਮ (ਪਹਿਲਾਂ ਮਹਾਬਲੀਪੁਰਮ ਵਜੋਂ ਜਾਣਿਆ ਜਾਂਦਾ ਸੀ) ਦੇ ਸਮੁੰਦਰੀ ਕੰਢੇ 'ਤੇ ਸੁਨਹਿਰੀ ਰੇਤ ਵੰਨ-ਸੁਵੰਨੇ ਲੋਕਾਂ ਤੇ ਰੰਗਾਂ ਨਾਲ਼ ਚਮਕਣ ਲੱਗਦੀ ਹੈ। ਪੂਰਾ ਸਮੁੰਦਰੀ ਤੱਟ ਪਤਲੀਆਂ ਸਾੜੀਆਂ ਅਤੇ ਤਰਪਾਲਾਂ ਦੀ ਵਰਤੋਂ ਕਰਕੇ ਬਣਾਏ ਗਏ ਵਾੜਿਆਂ ਅਤੇ ਟੈਂਟਾਂ ਦੇ ਇੱਕ ਵਿਸ਼ਾਲ ਨੈਟਵਰਕ ਵਿੱਚ ਬਦਲ ਜਾਂਦਾ ਹੈ। ਨੇੜੇ ਲੱਗੇ ਰੁੱਖਾਂ ਦੀਆਂ ਟਹਿਣੀਆਂ ਨਾਲ਼ ਟੈਂਟ ਨੂੰ ਆਸਰਾ ਦਿੱਤਾ ਜਾਂਦਾ ਹੈ।
ਖੇਤਰ ਦਾ ਇਹ ਪ੍ਰਸਿੱਧ ਬੀਚ ਹੈ ਜੋ ਸਾਰਾ ਸਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਪਰ ਇਸ ਸਮੇਂ ਦੌਰਾਨ ਮਾਸੀ ਮਾਗਮ ਮਨਾਉਣ ਲਈ ਆਉਣ ਵਾਲ਼ੇ ਇਰੂਲੀ ਲੋਕਾਂ ਦਾ ਜਸ਼ਨ ਤੇ ਸ਼ੋਰ ਇਸਨੂੰ ਇੱਕ ਵੱਖਰੀ ਦਿੱਖ ਦਿੰਦੇ ਹਨ। ਇਰੂਲਾ ਦੀ ਪਛਾਣ ਇੱਕ ਵਿਸ਼ੇਸ਼ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਜੋਂ ਕੀਤੀ ਗਈ ਹੈ - ਅਨੁਮਾਨਤ ਆਬਾਦੀ ਲਗਭਗ 2 ਲੱਖ ਹੈ ( ਭਾਰਤ ਦੇ ਅਨੁਸੂਚਿਤ ਕਬੀਲਿਆਂ ਦਾ ਅੰਕੜਾ ਵੇਰਵਾ , 2013)। ਉਹ ਤਾਮਿਲਨਾਡੂ ਵਿੱਚ ਫੈਲੇ ਛੋਟੇ ਸਮੂਹਾਂ ਵਿੱਚ ਅਲੱਗ-ਥਲੱਗ ਖੇਤਰਾਂ ਵਿੱਚ ਰਹਿੰਦੇ ਹਨ।
ਇਰੂਲਾ ਦੇ ਸਮੂਹ ਮਾਸੀ ਮਹੀਨੇ (ਫਰਵਰੀ-ਮਾਰਚ) ਦੌਰਾਨ ਦੇਵੀ ਕੰਨਿਆਮਾ ਦੀ ਪੂਜਾ ਕਰਨ ਲਈ ਮਮੱਲਪੁਰਮ ਪਹੁੰਚਦੇ ਹਨ, ਜੋ ਆਦਿਵਾਸੀਆਂ ਦੁਆਰਾ ਪੂਜੀਆਂ ਜਾਂਦੀਆਂ ਸੱਤ ਕੰਨਿਆ ਦੇਵੀ-ਦੇਵਤਿਆਂ ਵਿੱਚੋਂ ਇੱਕ ਹੈ। ਮਾਗਮ ਹਿੰਦੂ ਜੋਤਿਸ਼ ਵਿੱਚ ਇੱਕ ਤਾਰੇ ਦਾ ਨਾਮ ਹੈ।
"ਸਾਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਅੰਮਾ ਗੁੱਸੇ ਹੋ ਜਾਂਦੀ ਹੈ ਅਤੇ ਸਮੁੰਦਰ ਵਿੱਚ ਚਲੀ ਜਾਂਦੀ ਹੈ। ਸਾਨੂੰ ਉਸ ਨੂੰ ਮਨਾਉਣਾ ਪੈਂਦਾ ਹੈ ਅਤੇ ਉਸ ਦੇ ਘਰ ਵਾਪਸ ਆਉਣ ਲਈ ਪ੍ਰਾਰਥਨਾ ਕਰਨੀ ਪੈਂਦੀ ਹੈ। ਜਿਓਂ ਹੀ ਉਸ ਦਾ ਗੁੱਸਾ ਸ਼ਾਂਤ ਹੁੰਦੀ ਹੈ ਉਹ ਘਰ ਆ ਜਾਂਦੀ ਹੈ," ਜੈਰਾਮ ਦੀ ਨਾਨੀ ਸਰੋਜਾ ਕਹਿੰਦੀ ਹਨ।
ਵੱਧ ਤੋਂ ਵੱਧ ਚਾਰ ਤੋਂ ਪੰਜ ਦਿਨਾਂ ਦੇ ਛੋਟੇ ਜਿਹੇ ਠਹਿਰਾਅ ਦੌਰਾਨ, ਇਰੂਲਰ ਬੈਕਵਾਟਰਾਂ ਵਿੱਚ ਮੱਛੀ ਫੜ੍ਹਦੇ ਹਨ ਅਤੇ ਨੇੜੇ ਦੀਆਂ ਝਾੜੀਆਂ ਵਿੱਚ ਘੋਗਿਆਂ, ਚੂਹਿਆਂ ਜਾਂ ਪੰਛੀਆਂ ਦਾ ਸ਼ਿਕਾਰ ਕਰਦੇ ਹੋਏ ਆਪਣੇ ਖਾਣੇ ਲਈ ਭੋਜਨ ਪ੍ਰਾਪਤ ਕਰਦੇ ਹਨ।
ਸ਼ਿਕਾਰ ਕਰਨਾ, ਖਾਣ ਯੋਗ ਸਬਜ਼ੀਆਂ ਦੀ ਭਾਲ ਕਰਨਾ ਅਤੇ ਨੇੜਲੇ ਜੰਗਲਾਂ ਤੋਂ ਲੱਕੜ ਅਤੇ ਦਵਾਈਆਂ ਦੀਆਂ ਜੜੀਆਂ-ਬੂਟੀਆਂ ਇਕੱਤਰ ਕਰਨਾ ਰਵਾਇਤੀ ਇਰੂਲਰ ਜੀਵਨ ਸ਼ੈਲੀ ਦਾ ਇੱਕ ਵੱਡਾ ਹਿੱਸਾ ਹੈ। (ਪੜ੍ਹੋ: Digging up buried treasures in Bangalamedu )।
ਉਸਾਰੀ ਅਤੇ ਖੇਤਾਂ ਨੂੰ ਰਸਤਾ ਦੇਣ ਅਤੇ ਆਪਣੀਆਂ ਬਸਤੀਆਂ ਦੇ ਆਲੇ-ਦੁਆਲੇ ਜੰਗਲਾਂ ਅਤੇ ਝੀਲਾਂ ਤੱਕ ਸੀਮਤ ਪਹੁੰਚ ਦੇ ਕਾਰਨ, ਇਰੂਲਰ ਹੁਣ ਜ਼ਿਆਦਾਤਰ ਦਿਹਾੜੀ ਦੇ ਕੰਮ, ਖੇਤਾਂ, ਉਸਾਰੀ ਵਾਲੀਆਂ ਥਾਵਾਂ, ਇੱਟਾਂ ਦੇ ਭੱਠਿਆਂ ਅਤੇ ਮਨਰੇਗਾ ਸਾਈਟਾਂ (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, ਜੋ ਪੇਂਡੂ ਪਰਿਵਾਰਾਂ ਨੂੰ ਸਾਲ ਵਿੱਚ 100 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦਿੰਦਾ ਹੈ) 'ਤੇ ਨਿਰਭਰ ਕਰਦੇ ਹਨ। (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, ਜੋ ਪੇਂਡੂ ਪਰਿਵਾਰਾਂ ਨੂੰ ਸਾਲ ਵਿੱਚ 100 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦਿੰਦਾ ਹੈ)। ਉਨ੍ਹਾਂ ਵਿੱਚੋਂ ਕੁਝ ਨੂੰ ਸੱਪਾਂ ਨੂੰ ਫੜਨ ਅਤੇ ਸੱਪ ਦੇ ਕੱਟਣ ਲਈ ਦਵਾਈਆਂ ਬਣਾਉਣ ਲਈ ਨਿਰਮਾਤਾਵਾਂ ਨੂੰ ਦਵਾਈਆਂ ਦੀ ਸਪਲਾਈ ਕਰਨ ਦਾ ਲਾਇਸੈਂਸ ਮਿਲਿਆ ਹੈ। ਪਰ ਇਹ ਕੰਮ ਵੀ ਅਸਥਾਈ ਹੈ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਐਂਟੀਵੇਨਮ ਤਿਆਰੀਆਂ ਲਈ ਸੱਪਾਂ ਨੂੰ ਫੜ੍ਹਨ ਅਤੇ ਸਪਲਾਈ ਕਰਨ ਦਾ ਲਾਇਸੈਂਸ ਦਿੱਤਾ ਜਾਂਦਾ ਹੈ, ਪਰ ਅਜਿਹਾ ਕੰਮ ਮੌਸਮੀ ਅਤੇ ਅਨਿਸ਼ਚਿਤ ਹੁੰਦਾ ਹੈ।
ਅਲਾਮੇਲੂ, ਮਨਾਪਕਮ ਦੇ ਇੱਕ ਤੀਰਥ ਯਾਤਰੀ ਹਨ। ਇਹ ਥਾਂ (ਮਨਾਪਕਮ) ਚੇਨਈ ਦਾ ਉਪਨਗਰ ਹੈ ਜਿੱਥੇ ਉਹ ਕੁੱਪਾਮੇਡੂ (ਕੂੜੇ ਦੇ ਢੇਰ) ਦੇ ਨੇੜੇ ਰਹਿੰਦੇ ਹਨ। 45 ਸਾਲਾ ਦਿਹਾੜੀਦਾਰ ਇਹ ਔਰਤ ਅੰਮਾਨ ਨੂੰ ਪ੍ਰਾਰਥਨਾ ਕਰਨ ਲਈ ਹਰ ਸਾਲ 55 ਕਿਲੋਮੀਟਰ ਦੀ ਯਾਤਰਾ ਕਰਦੀ ਹਨ। "ਆਲ਼ੇ-ਦੁਆਲ਼ੇ ਜ਼ਰਾ ਨਜ਼ਰ ਮਾਰਿਓ," ਉਨ੍ਹਾਂ ਨੇ ਬਾੜਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ, "ਅਸੀਂ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਹੀ ਰਹਿ ਰਹੇ ਹਾਂ ਤੇ ਇੰਝ ਹੀ ਰਹਿੰਦੇ ਹਾਂ, ਫਿਰ ਭਾਵੇਂ ਇੱਥੇ ਛਿਪਕਲੀਆਂ ਤੇ ਸੱਪ ਹੀ ਹੋਣ। ਇਹੀ ਕਾਰਨ ਹੈ ਕਿ ਅਸੀਂ ਅੰਮਾ ਨੂੰ ਆਪਣੀਆਂ ਭੇਟਾਂ ਤਰਾਈ (ਜ਼ਮੀਨ) ਤੋਂ ਹੀ ਕਰਦੇ ਹਾਂ।''
ਪ੍ਰਾਰਥਨਾ ਸੂਰਜ ਚੜ੍ਹਨ ਤੋਂ ਕੁਝ ਘੰਟੇ ਪਹਿਲਾਂ ਸ਼ੁਰੂ ਹੁੰਦੀ ਹੈ। ਜੋ ਲੋਕ ਜਲਦੀ ਉੱਠਦੇ ਹਨ ਉਹ ਸੌਂ ਰਹੇ ਲੋਕਾਂ ਨੂੰ ਮਿੱਧੇ ਜਾਣ ਤੋਂ ਬਚਦੇ-ਬਚਾਉਂਦੇ ਬਾਹਰ ਨਿਕਲ਼ਦੇ ਹਨ ਤੇ ਪੂਰਨਮਾਸ਼ੀ ਦੇ ਚੰਨ ਦੀ ਰੌਸ਼ਨੀ ਆਸਰੇ ਤਟਾਂ ਦਾ ਰਾਹ ਫੜ੍ਹਦੇ ਹਨ। ਹਰ ਪਰਿਵਾਰ ਸਮੁੰਦਰ ਕੰਢੇ ਆਪਣੀਆਂ ਭੇਟਾਂ ਰੱਖਣ ਲਈ ਇੱਕ ਥਾਂ ਤਿਆਰ ਕਰਦਾ ਹੈ।
"ਅਸੀਂ ਰੇਤ ਨਾਲ਼ ਸੱਤ ਪੌੜ ਬਣਾਉਂਦੇ ਹਾਂ," ਅਲਾਮੇਲੂ ਕਹਿੰਦੀ ਹਨ। ਹਰ ਪੌੜ 'ਤੇ ਦੇਵੀ ਦੀਆਂ ਭੇਟਾਂ ਰੱਖਦੇ ਹਾਂ, ਇਸ ਵਿੱਚ ਫੁੱਲ, ਪਾਨ ਦੇ ਪੱਤੇ, ਨਾਰੀਅਲ, ਮੂੜੀ ਅਤੇ ਗੁੜ ਰਲ਼ਿਆ ਚੌਲ਼ਾਂ ਦਾ ਆਟਾ ਸ਼ਾਮਲ ਹੁੰਦਾ ਹੈ। ਇਰੂਲਾ ਮੰਨਦੇ ਹਨ ਕਿ ਜੇ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਦੀਆਂ ਭੇਟਾਂ ਨੂੰ ਛੂਹ ਗਈਆਂ ਤਾਂ ਸਮਝੋ ਅੰਮਾਨ ਨੇ ਭੇਟਾ ਪ੍ਰਵਾਨ ਕਰ ਲਈ ਹੈ।
ਅਲਾਮੇਲੂ ਕਹਿੰਦੇ ਹਨ, " ਅਧਾਤੀ ਕੁਦੁਤਾ, ਯੇਤੁਕੂਵਾ (ਜੇ ਤੁਸੀਂ ਹੁਕਮ ਕਰੋ ਤਾਂ ਉਹ ਸਵੀਕਾਰ ਕਰ ਲੈਂਦੀ ਹੈ)।'' ਦੇਵੀ ਨੂੰ ਹੁਕਮ... ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ, ਪਰ ਇਰੂਲਾ ਲੋਕਾਂ ਦਾ ਆਪਣੀ ਦੇਵੀ ਨਾਲ਼ ਅਜਿਹਾ ਹੀ ਰਿਸ਼ਤਾ ਹੈ। "ਉਹ ਦੇਵੀ ਨਾਲ਼ ਆਪਣੀ ਮਾਂ ਵਾਂਗਰ ਹੀ ਗੱਲ ਕਰਦੇ ਹਨ। ਤੁਸੀਂ ਉਸ ਕੋਲ਼ੋਂ ਥੋੜ੍ਹੀ ਢਿੱਲ ਲੈ ਸਕਦੇ ਹੋ," ਇਰੂਲਾ ਭਾਈਚਾਰੇ ਦੇ ਇੱਕ ਕਾਰਕੁਨ, ਮਨੀਗੰਦਨ ਦੱਸਦੇ ਹਨ।
ਇਰੂਲਾ ਮੰਨਦੇ ਹਨ ਕਿ ਪੂਜਾ ਦੌਰਾਨ ਦੇਵੀ ਦੇ ਨਾਲ਼ ਕੁਝ ਲੋਕ ਹੁੰਦੇ ਹਨ। ਬਹੁਤ ਸਾਰੇ ਸ਼ਰਧਾਲੂ ਰਵਾਇਤੀ ਤੌਰ 'ਤੇ ਪੀਲੇ ਜਾਂ ਸੰਤਰੀ ਰੰਗ ਦੇ ਕੱਪੜੇ ਪਹਿਨਦੇ ਹਨ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਕੰਨਿਆਮਾ ਦੇ ਨੇੜੇ ਮੰਨੇ ਜਾਂਦੇ ਹਨ। ਕੁਝ ਆਦਮੀ ਸਾੜੀਆਂ ਵੀ ਪਹਿਨਦੇ ਹਨ ਅਤੇ ਵਾਲ਼ਾਂ ਵਿੱਚ ਫੁੱਲ ਵੀ ਗੁੰਦਦੇ ਹਨ।
ਇਰੂਲਰ ਲੋਕਾਂ ਦਾ ਮੰਨਣਾ ਹੈ ਕਿ ਧਾਰਮਿਕ ਪੂਜਾ ਦੌਰਾਨ ਬਹੁਤ ਸਾਰੇ ਲੋਕ ਦੇਵੀ ਨਾਲ਼ ਜੁੜ ਜਾਂਦੇ ਹਨ। ਬਹੁਤ ਸਾਰੇ ਸ਼ਰਧਾਲੂ ਰਵਾਇਤੀ ਤੌਰ 'ਤੇ ਪੀਲੇ ਜਾਂ ਸੰਤਰੀ ਰੰਗ ਦੇ ਕੱਪੜੇ ਪਹਿਨਦੇ ਹਨ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਕੰਨੀ ਅੰਮਾ ਦੁਆਰਾ ਸਜਿਆ ਹੋਇਆ ਹੈ। ਕੁਝ ਆਦਮੀ ਸਾੜੀਆਂ ਪਹਿਨਦੇ ਹਨ ਅਤੇ ਆਪਣੇ ਸਿਰਾਂ ਨੂੰ ਫੁੱਲਾਂ ਨਾਲ਼ ਸਜਾਉਂਦੇ ਹਨ।
ਜਿਸ ਸਵੇਰ ਨੰਦਿਨੀ ਅਤੇ ਜੈਰਾਮ ਦਾ ਵਿਆਹ ਹੋਇਆ (7 ਮਾਰਚ, 2023), ਉਨ੍ਹਾਂ ਨੂੰ ਦੇਵੀ ਵੱਲੋਂ ਬਖ਼ਸ਼ ਪ੍ਰਾਪਤ ਦੋ ਔਰਤਾਂ ਦਾ ਆਸ਼ੀਰਵਾਦ ਮਿਲਿਆ ਅਤੇ ਸਮਾਰੋਹ ਸਮਾਪਤ ਹੋਇਆ। ਸਮੁੰਦਰੀ ਕੰਢੇ ਦੇ ਪੁਜਾਰੀ ਵਿਆਹ ਨੂੰ ਆਸ਼ੀਰਵਾਦ ਦਿੰਦੇ ਹਨ, ਬੱਚਿਆਂ ਦੇ ਨਾਮ ਦੱਸਦੇ ਹਨ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹਨ, ਅਤੇ ਉਨ੍ਹਾਂ ਦੇ ਅਰੁਲਵਾਕ ਬ੍ਰਹਮ ਸ਼ਬਦਾਂ ਦਾ ਉਚਾਰਨ ਕਰਦੇ ਹਨ।
ਇਰੂਲਰ, ਜੋ ਪਾਣੀ ਨੂੰ ਆਪਣਾ ਅੰਮਾਨ ਮੰਨਦੇ ਹਨ, ਇਸ ਦੀ ਪੂਜਾ ਕਰਨ ਲਈ ਇਸ ਨੂੰ ਘਰ ਲੈ ਜਾਂਦੇ ਹਨ। ਉਹ ਸਮੁੰਦਰ ਦੇ ਪਾਣੀ ਨੂੰ ਪਲਾਸਟਿਕ ਦੀਆਂ ਬੋਤਲਾਂ ਵਿੱਚ ਭਰ ਕੇ ਘਰ ਲੈ ਕੇ ਜਾਂਦੇ ਹਨ, ਜਿਸ ਨੂੰ ਉਹ ਆਪਣੇ ਘਰ ਦੇ ਆਲੇ-ਦੁਆਲੇ ਛਿੜਕਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਦਿੰਦੇ ਹਨ ਜੋ ਯਾਤਰਾ ਕਰਨ ਦੇ ਯੋਗ ਨਹੀਂ ਹਨ।
ਸਮੁੰਦਰੀ ਹਵਾ ਅਤੇ ਆਪਣੀ ਦੇਵੀ ਦੇ ਆਸ਼ੀਰਵਾਦ ਨਾਲ਼ ਲੈਸ, ਇਰੂਲਰ ਲੋਕ ਆਪਣੇ ਤੰਬੂ ਲਪੇਟਦੇ ਹਨ। ਨਵ-ਵਿਆਹੇ ਜੋੜੇ ਨੰਦਿਨੀ ਅਤੇ ਜੈਰਾਮ ਖੁਸ਼ੀ ਨਾਲ਼ ਝੂਮ ਰਹੇ ਹਨ। ਉਹ ਵਿਆਹ ਦੀਆਂ ਯਾਦਾਂ ਨੂੰ ਜੀਵਤ ਕਰਨ ਲਈ ਇਸ ਸਾਲ (2024) ਵਾਪਸ ਆਉਣ ਦੀ ਯੋਜਨਾ ਬਣਾ ਰਹੇ ਹਨ। "ਉਹ ਸਮੁੰਦਰੀ ਕੰਢੇ 'ਤੇ ਖਾਣਾ ਬਣਾਉਣਗੇ, ਸਮੁੰਦਰ ਵਿੱਚ ਨਹਾਉਣਗੇ ਅਤੇ ਮਹਾਬਲੀਪੁਰਮ ਵਿੱਚ ਕੁਝ ਦਿਨ ਖੁਸ਼ੀ ਨਾਲ਼ ਬਿਤਾਉਣਗੇ," ਸਰੋਜਾ ਕਹਿੰਦੀ ਹਨ।
ਪੰਜਾਬੀ ਤਰਜਮਾ: ਕਮਲਜੀਤ ਕੌਰ