ਅੰਜਲੀ ਹਮੇਸ਼ਾ ਤੁਲਸੀ ਨੂੰ ਆਪਣੀ ਅੰਮਾ (ਮਾਂ) ਕਹਿੰਦੀ ਹੈ। ਇਹ ਦੱਸਦੇ ਹੋਏ ਇਸ ਮਾਣਮਤੀ ਮਾਂ ਦੇ ਚਿਹਰੇ 'ਤੇ ਮੁਸਕਾਨ ਨਜ਼ਰ ਆਉਣ ਲੱਗਦੀ ਹੈ। ਉਹਦੇ ਘੁੰਗਰਾਲ਼ੇ ਵਾਲ਼ ਜੂੜੇ ਵਿੱਚ ਬੰਨ੍ਹੇ ਹੋਏ ਹਨ ਅਤੇ ਤੇੜ ਗੁਲਾਬੀ ਸਾੜੀ ਬੜੇ ਸਲੀਕੇ ਨਾਲ਼ ਪਹਿਨੀ ਹੋਈ ਹੈ। ਤੁਲਸੀ ਇੱਕ ਟ੍ਰਾਂਸ ਔਰਤ ਹਨ ਅਤੇ ਆਪਣੀ ਨੌਂ ਸਾਲਾ ਧੀ ਦੀ ਮਾਂ ਵੀ ਹਨ।

ਤੁਲਸੀ ਕਿਸ਼ੋਰ ਅਵਸਥਾ ਦੇ ਦਿਨੀਂ ਆਪਣੀ ਪਛਾਣ 'ਕਾਰਤਿਗਾ' ਵਜੋਂ ਕਰਦੀ ਸਨ। ਪਰ ਰਾਸ਼ਨ ਕਾਰਡ 'ਤੇ ਉਨ੍ਹਾਂ ਦਾ ਨਾਮ ਲਿਖਦੇ ਸਮੇਂ ਇੱਕ ਅਧਿਕਾਰੀ ਨੇ ਜੋ ਗ਼ਲਤੀ ਕੀਤੀ, ਉਸ ਨੇ ਉਨ੍ਹਾਂ ਨੂੰ ਲਿੰਗ-ਵਿਸ਼ੇਸ਼ ਨਾਮ 'ਤੁਲਸੀ' ਦੇ ਦਿੱਤਾ। ਉਨ੍ਹਾਂ ਨੇ ਦੋਵਾਂ ਨਾਵਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਦੋਵੇਂ ਨਾਮ ਪ੍ਰਚਲਿਤ ਹੋ ਗਏ।

ਉਹ ਆਪਣੀ ਬੇਟੀ ਅੰਜਲੀ ਨਾਲ਼ ਤਾਮਿਲਨਾਡੂ ਦੇ ਤਿਰੂਪੋਰੂਰ ਤਾਲੁਕਾ ਵਿੱਚ ਇੱਕ ਛੋਟੀ ਜਿਹੀ ਝੌਂਪੜੀ – ਦਰਗਾਸ – ਵਿੱਚ ਰਹਿੰਦੀ ਹਨ। ਤੁਲਸੀ ਦੀ ਪਤਨੀ ਉਸ ਤੋਂ ਵੱਖ ਹੋ ਗਈ ਜਦੋਂ ਅੰਜਲੀ ਇੱਕ ਨਵਜੰਮੀ ਬੱਚੀ ਸੀ। ਇਸ ਲਈ ਉਨ੍ਹਾਂ ਨੇ ਬੱਚੀ ਨੂੰ ਇਕੱਲੇ ਮਾਪੇ ਵਜੋਂ ਪਾਲਿ਼ਆ। ਇਸ ਜੋੜੇ ਨੇ 2016 ਵਿੱਚ ਵਰਦਾ ਵਿਖੇ ਆਏ ਚੱਕਰਵਾਤ ਵਿੱਚ ਆਪਣੇ ਨੌਂ ਸਾਲਾ ਪਹਿਲੇ ਬੱਚੇ ਨੂੰ ਗੁਆ ਦਿੱਤਾ ਸੀ।

ਹੁਣ 40 ਸਾਲ ਦੀ ਉਮਰੇ, ਤੁਲਸੀ ਕਈ ਸਾਲਾਂ ਤੋਂ ਤਿਰੂਨੰਗਾਈ (ਟ੍ਰਾਂਸ ਔਰਤਾਂ ਲਈ ਤਾਮਿਲ ਸ਼ਬਦ) ਭਾਈਚਾਰੇ ਦੀ ਮੈਂਬਰ ਰਹੀ ਹਨ। "ਮੈਂ ਉਸ ਦੇ ਹੱਥ ਵਿੱਚ ਦੁੱਧ ਦੀ ਬੋਤਲ ਦਿੰਦੀ ਤੇ ਉਸਨੂੰ ਸਾਡੀਆਂ [ਥਿਰੂਨੰਗਾਈ] ਮੀਟਿੰਗਾਂ ਵਿੱਚ ਲੈ ਜਾਂਦੀ," ਉਹ ਆਪਣੀ ਗੋਦ ਵਿੱਚ ਬੈਠੀ ਅੰਜਲੀ ਵੱਲ ਪਿਆਰ ਨਾਲ਼ ਦੇਖਦੇ ਹੋਏ ਕਹਿੰਦੀ ਹਨ।

PHOTO • Smitha Tumuluru
PHOTO • Smitha Tumuluru

ਖੱਬੇ: ਤੁਲਸੀ ਆਪਣੀ ਧੀ ਅੰਜਲੀ ਨਾਲ਼ ਤਾਮਿਲਨਾਡੂ ਦੇ ਤਿਰੂਪੋਰੂਰ ਤਾਲੁਕਾ ਦੇ ਇੱਕ ਇਰੂਲਰ ਪਿੰਡ ਦਰਗਾਸ ਵਿਖੇ ਆਪਣੇ ਘਰ ਵਿੱਚ। ਸੱਜੇ: ਅੰਜਲੀ ਨੂੰ ਗੋਦ ਵਿੱਚ ਚੁੱਕੀ ਤੁਲਸੀ ਦੀ ਫ਼ੋਟੋ

PHOTO • Smitha Tumuluru
PHOTO • Smitha Tumuluru

ਖੱਬੇ: ਥੈਨਮੋਜ਼ੀ (ਨੀਲੀ ਸਾੜੀ ਵਿੱਚ) ਨਾਲ਼ ਗਾਉਂਦੀ ਹੋਈ ਤੁਲਸੀ , ਜਿਸ ਦੀ ਕੋਵਿਡ ਲਾਗ ਕਾਰਨ ਮੌਤ ਹੋ ਗਈ

ਜਦੋਂ ਅੰਜਲੀ ਲਗਭਗ ਚਾਰ ਸਾਲ ਦੀ ਹੋ ਗਈ, ਤੁਲਸੀ ਦੀ ਇੱਛਾ ਸੀ ਕਿ ਲੋਕ ਉਸ ਨੂੰ ਅੰਜਲੀ ਦੀ ਮਾਂ ਵਜੋਂ ਪਛਾਣਨ। ਇਸ ਲਈ ਉਨ੍ਹਾਂ ਨੇ ਵੈਸਤੀ (ਧੋਤੀ) ਪਹਿਨਨੀ ਛੱਡ ਸਿਰਫ਼ ਸਾੜੀ ਪਹਿਨਣ ਦਾ ਫੈਸਲਾ ਕੀਤਾ। ਉਹ ਕਹਿੰਦੀ ਹਨ ਕਿ ਉਨ੍ਹਾਂ ਨੇ ਇੰਝ 50 ਸਾਲਾ ਤਿਰੂਨੰਗਾਈ ਕੁਮੁਦੀ ਦੇ ਸੁਝਾਅ 'ਤੇ ਕੀਤਾ, ਜਿਸ ਨੂੰ ਤੁਲਸੀ ਆਪਣੀ ਨੈਨੀ (ਦਾਦੀ) ਮੰਨਦੀ ਹਨ।

ਜਦੋਂ ਉਨ੍ਹਾਂ ਨੇ ਇੱਕ ਔਰਤ ਵਜੋਂ ਆਪਣੀ ਲਿੰਗ ਪਛਾਣ ਜ਼ਾਹਰ ਕਰਨ ਦਾ ਫੈਸਲਾ ਕੀਤਾ ਤਾਂ ਉਹ ਉਸ ਪਲ ਬਾਰੇ ਕਹਿੰਦੀ ਹਨ," ਵਿਲੰਬਰਮਾਵੇ ਵੰਧੁਟੇ [ਮੈਂ ਸਾਰਿਆਂ ਨੂੰ ਖੁੱਲ੍ਹ ਕੇ ਦੱਸਿਆ]।''

ਸਮਾਜਿਕ ਤੌਰ 'ਤੇ ਇਸ ਪਰਿਵਰਤਨ ਦਾ ਐਲਾਨ ਕਰਨ ਲਈ, ਉਨ੍ਹਾਂ ਨੇ ਆਪਣੇ 40 ਸਾਲਾ ਰਿਸ਼ਤੇਦਾਰ ਰਵੀ ਨਾਲ਼ ਵਿਆਹ ਦੀਆਂ ਰਸਮਾਂ ਨਿਭਾਈਆਂ। ਰਵੀ ਤਿਰੂਵਲੂਰ ਜ਼ਿਲ੍ਹੇ ਦੇ ਵੇਦੀਯੂਰ ਵਿੱਚ ਰਹਿੰਦਾ ਸੀ। ਇਹ ਤਾਮਿਲਨਾਡੂ ਦੀਆਂ ਟ੍ਰਾਂਸ ਔਰਤਾਂ ਵਿੱਚ ਪ੍ਰਚਲਿਤ ਇੱਕ ਆਮ ਰਿਵਾਜ ਹੈ, ਜਿਸ ਨੂੰ ਸਿਰਫ਼ ਇੱਕ ਪ੍ਰਤੀਕ ਵਜੋਂ ਅਪਣਾਇਆ ਜਾਂਦਾ ਹੈ। ਰਵੀ ਦੇ ਪਰਿਵਾਰ- ਉਸ ਦੀ ਪਤਨੀ ਗੀਤਾ ਅਤੇ ਦੋ ਕਿਸ਼ੋਰ ਉਮਰ ਦੀਆਂ ਧੀਆਂ - ਨੇ ਤੁਲਸੀ ਨੂੰ ਆਪਣੇ ਪਰਿਵਾਰ ਵਿੱਚ ਇੱਕ ਵਰਦਾਨ ਵਜੋਂ ਸਵੀਕਾਰ ਕੀਤਾ। "ਮੇਰੇ ਪਤੀ ਸਮੇਤ ਅਸੀਂ ਸਾਰੇ ਉਸ ਨੂੰ ' ਅੰਮਾ ' ਕਹਿੰਦੇ ਹਾਂ। ਸਾਡੇ ਲਈ, ਉਹ ਇੱਕ ਦੇਵੀ ਵਰਗੀ ਹੈ," ਗੀਤਾ ਕਹਿੰਦੀ ਹਨ।

ਤੁਲਸੀ ਅਜੇ ਵੀ ਦਰਗਾਸ ਵਿੱਚ ਰਹਿੰਦੀ ਹਨ ਅਤੇ ਸਿਰਫ਼ ਖਾਸ ਮੌਕਿਆਂ 'ਤੇ ਆਪਣੇ ਨਵੇਂ ਪਰਿਵਾਰ ਨੂੰ ਮਿਲ਼ਦੀ ਹਨ।

ਲਗਭਗ ਉਸੇ ਸਮੇਂ, ਜਦੋਂ ਉਨ੍ਹਾਂ ਨੇ ਰੋਜ਼ਾਨਾ ਸਾੜੀ ਪਹਿਨਣੀ ਸ਼ੁਰੂ ਕੀਤੀ, ਉਨ੍ਹਾਂ ਦੇ ਸੱਤ ਭੈਣ-ਭਰਾ ਵੀ ਉਨ੍ਹਾਂ ਨੂੰ 'ਅੰਮਾ' ਜਾਂ 'ਸ਼ਕਤੀ' (ਦੇਵੀ) ਕਹਿ ਕੇ ਸੰਬੋਧਿਤ ਕਰਨ ਲੱਗੇ। ਉਹ ਮੰਨਦੇ ਹਨ ਕਿ ਤੁਲਸੀ ਦਾ ਬਦਲਿਆ ਹੋਇਆ ਰੂਪ ਦੇਵਤਿਆਂ ਦੀ ਕ੍ਰਿਪਾ ( ਅੰਮਾਨ ਅਰੁਲ ) ਦੁਆਰਾ ਸੰਭਵ ਹੋਇਆ ਹੈ।

PHOTO • Smitha Tumuluru
PHOTO • Smitha Tumuluru

ਖੱਬੇ: ਤੁਲਸੀ ਨੇ ਧਰਮ ਪਰਿਵਰਤਨ ਦਾ ਐਲਾਨ ਕਰਨ ਲਈ ਰਵੀ ਨਾਲ਼ ਇੱਕ ਪ੍ਰਤੀਕਾਤਮਕ ਵਿਆਹ ਸਮਾਰੋਹ ਕੀਤਾ ਤਾਂ ਜੋ ਉਹ ਹਰ ਰੋਜ਼ ਸਾੜੀਆਂ ਪਹਿਨ ਸਕਣ। ਸੱਜੇ: ਰਵੀ ਦੀ ਪਤਨੀ ਗੀਤਾ ਤੁਲਸੀ ਦੇ ਵਾਲਾਂ 'ਤੇ ਫੁੱਲ ਲਾ ਰਹੀ ਹਨ, ਜਦੋਂਕਿ ਅੰਜਲੀ, ਰਵੀ ਅਤੇ ਰਵੀ ਦੀ ਧੀ ਦੋਵਾਂ ਵੱਲ ਦੇਖ ਰਹੇ ਹਨ

PHOTO • Smitha Tumuluru
PHOTO • Smitha Tumuluru

ਅੰਜਲੀ, ਤੁਲਸੀ ਅਤੇ ਰਵੀ (ਸੱਜੇ) ਨਾਲ਼। ਉਹ ਤੁਲਸੀ ਦੇ ਪਰਿਵਾਰ ਲਈ ਵਰਦਾਨ ਵਰਗੀ ਹੈ। ਉਨ੍ਹਾਂ ਦੀ ਮਰਹੂਮ ਮਾਂ ਸੇਂਥਮਰਾਏ ਨੇ ਕਿਹਾ ਸੀ, 'ਇੰਝ ਜਾਪਦਾ ਹੈ ਕਿ ਅੰਮਾਨ (ਦੇਵੀ) ਘਰ ਆਈ ਹੈ

ਤੁਲਸੀ ਕਹਿੰਦੀ ਹਨ ਕਿ ਇਰੂਲਾ ਭਾਈਚਾਰਾ, ਜੋ ਇੱਕ ਦੂਜੇ ਨਾਲ਼ ਨੇੜਿਓਂ ਜੁੜਿਆ ਹੋਇਆ ਸੀ, ਉਨ੍ਹਾਂ ਦੀ ਲਿੰਗ ਪਛਾਣ ਤੋਂ ਜਾਣੂ ਸੀ, ਇਸ ਲਈ ਸੱਚਾਈ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਸੀ। "ਮੇਰੀ ਪਤਨੀ ਨੂੰ ਵੀ ਇਹ ਗੱਲ ਸਾਡੇ ਵਿਆਹ ਤੋਂ ਪਹਿਲਾਂ ਹੀ ਪਤਾ ਸੀ," ਉਹ ਕਹਿੰਦੀ ਹਨ। "ਕਿਸੇ ਨੇ ਵੀ ਮੈਨੂੰ ਮੇਰਾ ਵਿਵਹਾਰ ਬਦਲਣ ਜਾਂ ਕੱਪੜੇ ਪਹਿਨਣ ਦਾ ਢੰਗ ਬਦਲਣ ਲਈ ਨਹੀਂ ਕਿਹਾ। ਨਾ ਹੀ ਕਿਸੇ ਨੇ ਮੈਨੂੰ ਕੁਡੂਮੀ (ਵਾਲ਼ਾਂ ਦਾ ਜੂੜਾ) ਬੰਨ੍ਹਣ ਤੋਂ ਰੋਕਿਆ ਅਤੇ ਨਾ ਹੀ ਮੇਰੇ ਸਾੜੀ ਪਹਿਨਣ 'ਤੇ ਪ੍ਰਸ਼ਨ ਚਿੰਨ੍ਹ ਹੀ ਲਾਇਆ," ਉਹ ਅੱਗੇ ਕਹਿੰਦੀ ਹਨ।

ਤੁਲਸੀ ਦੇ ਦੋਸਤ ਪੋਂਗਾਵਨਮ ਯਾਦ ਕਰਦੇ ਹਨ ਕਿ ਉਨ੍ਹਾਂ ਦੇ ਹੋਰ ਦੋਸਤ ਅਕਸਰ ਪੁੱਛਦੇ ਸਨ ਕਿ ਤੁਲਸੀ "ਇੱਕ ਕੁੜੀ ਵਾਂਗ" ਵਿਵਹਾਰ ਕਿਉਂ ਕਰਦੀ ਹਨ। "ਸਾਡਾ ਪਿੰਡ ਸਾਡੀ ਦੁਨੀਆਂ ਸੀ। ਅਸੀਂ ਤੁਲਸੀ ਵਰਗਾ ਕੋਈ ਹੋਰ ਇਨਸਾਨ ਨਹੀਂ ਦੇਖਿਆ ਸੀ। ਅਸੀਂ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਕਿ ਦੁਨੀਆ ਵਿੱਚ ਉਸ ਵਰਗੇ ਲੋਕ ਵੀ ਹਨ," ਉਹ ਕਹਿੰਦੇ ਹਨ, ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿ ਲੋਕਾਂ ਨੇ ਕਦੇ ਤੁਲਸੀ ਜਾਂ ਅੰਜਲੀ ਦਾ ਅਪਮਾਨ ਕੀਤਾ ਹੈ ਜਾਂ ਉਨ੍ਹਾਂ ਨੂੰ ਛੇੜਿਆ।

ਉਨ੍ਹਾਂ ਦੇ ਮਾਤਾ-ਪਿਤਾ - ਸੇਂਥਮਰਾਏ ਅਤੇ ਗੋਪਾਲ, ਜੋ ਹੁਣ ਸੱਤਰ ਸਾਲਾਂ ਦੇ ਹਨ, ਨੇ ਵੀ ਤੁਲਸੀ ਨੂੰ ਇਸ ਤਰ੍ਹਾਂ ਸਵੀਕਾਰ ਕਰ ਲਿਆ ਹੈ। ਬਚਪਨ ਤੋਂ ਹੀ ਤੁਲਸੀ ਦੇ ਸੰਵੇਦਨਸ਼ੀਲ ਸੁਭਾਅ ਨੂੰ ਦੇਖਦੇ ਹੋਏ, ਉਨ੍ਹਾਂ ਨੇ ਫੈਸਲਾ ਕੀਤਾ, " ਅਵਨ ਮਨਾਸਾ ਪੁਨਪਾਦੱਤਾ ਕੂਡਾਡੂ [ਸਾਨੂੰ ਉਸਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ]।''

"ਤੁਲਸੀ ਸਾੜੀ ਪਹਿਨਦੀ ਹੈ, ਇਹ ਚੰਗੀ ਗੱਲ ਹੈ। ਇਓਂ ਜਾਪਦਾ ਜਿਵੇਂ ਅੰਮਾਨ ਘਰ ਆ ਗਈ ਹੋਵੇ," ਸੇਂਥਮਰਾਏ ਆਪਣੇ ਦੋਵੇਂ ਹੱਥ ਜੋੜ ਕੇ ਅਤੇ ਪ੍ਰਾਰਥਨਾ ਵਿੱਚ ਆਪਣੀਆਂ ਅੱਖਾਂ ਬੰਦ ਕਰਦੇ ਹੋਏ ਕਹਿੰਦੀ ਹਨ। ਉਨ੍ਹਾਂ ਦੇ ਕਥਨ ਵਿੱਚ ਪਰਿਵਾਰ ਦੀਆਂ ਭਾਵਨਾਵਾਂ ਦੀ ਗੂੰਜ ਹੈ। ਸੇਂਥਮਰਾਏ ਦਾ 2023 ਦੇ ਅੰਤ ਵਿੱਚ ਦੇਹਾਂਤ ਹੋ ਗਿਆ ਸੀ।

ਹਰ ਮਹੀਨੇ, ਤੁਲਸੀ ਆਪਣੇ ਥਿਰੂਨੰਗਾਈ ਭਾਈਚਾਰੇ ਨਾਲ਼ ਵਿਲੁਪੁਰਮ ਜ਼ਿਲ੍ਹੇ ਦੇ ਮੇਲਮਲਿਆਨੂਰ ਕਸਬੇ ਦੇ ਮੰਦਰ ਜਾਣ ਅਤੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣ ਲਈ 125 ਕਿਲੋਮੀਟਰ ਦੀ ਯਾਤਰਾ ਕਰਦੀ ਹਨ। "ਲੋਕ ਮੰਨਦੇ ਹਨ ਕਿ ਥਿਰੂਨੰਗਾਈ ਜੋ ਕਹਿੰਦੇ ਹਨ ਉਹ ਸੱਚ ਸਾਬਤ ਹੁੰਦਾ ਹੈ। ਮੈਂ ਕਦੇ ਵੀ ਲੋਕਾਂ ਬਾਰੇ ਬੁਰਾ ਨਹੀਂ ਬੋਲਦੀ, ਮੈਂ ਸਿਰਫ਼ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੀ ਹਾਂ ਅਤੇ ਜੋ ਉਹ ਮੈਨੂੰ ਦਿੰਦੇ ਹਨ ਉਸ ਨੂੰ ਪਿਆਰ ਨਾਲ਼ ਸਵੀਕਾਰ ਕਰਦੀ ਹਾਂ," ਉਹ ਕਹਿੰਦੀ ਹਨ। ਉਹ ਇਹ ਵੀ ਮੰਨਦੀ ਹਨ ਕਿ ਰੋਜ਼ਾਨਾ ਸਾੜੀ ਪਹਿਨਣ ਦੇ ਉਨ੍ਹਾਂ ਦੇ ਫੈ਼ਸਲੇ ਨੇ ਦਿੱਤੇ ਜਾਂਦੇ ਆਸ਼ੀਰਵਾਦ ਦੇ ਪ੍ਰਭਾਵਾਂ ਨੂੰ ਵਧਾ ਦਿੱਤਾ ਹੈ ਅਤੇ ਇੱਕ ਪਰਿਵਾਰ ਨੂੰ ਆਸ਼ੀਰਵਾਦ ਦੇਣ ਲਈ ਤੁਲਸੀ ਨੇ ਕੇਰਲ ਤੱਕ ਦੀ ਯਾਤਰਾ ਕੀਤੀ ਹੈ।

PHOTO • Smitha Tumuluru
PHOTO • Smitha Tumuluru

ਖੱਬੇ: ਤੁਲਸੀ, ਮੇਲਮਲਿਆਨੂਰ ਵਿਖੇ ਇੱਕ ਮੰਦਰ ਦੇ ਤਿਉਹਾਰ ਲਈ ਤਿਆਰ ਹੋ ਰਹੀ ਹਨ। ਸੱਜੇ: ਜਸ਼ਨ ਵਾਸਤੇ ਤੁਲਸੀ ਦੇ ਤਿਰੂਨੰਗਾਈ ਭਾਈਚਾਰੇ ਦੇ ਸਾਮਾਨ ਦੀ ਟੋਕਰੀ। ਟ੍ਰਾਂਸ ਔਰਤਾਂ ਲੋਕਾਂ ਨੂੰ ਆਸ਼ੀਰਵਾਦ ਦੇਣ ਲਈ ਮੰਦਰ ਦੇ ਸਾਹਮਣੇ ਇਕੱਠੀਆਂ ਹੁੰਦੀਆਂ ਹੋਈਆਂ

PHOTO • Smitha Tumuluru
PHOTO • Smitha Tumuluru

ਖੱਬੇ: ਤੁਲਸੀ ਫਰਵਰੀ 2023 ਵਿੱਚ ਆਪਣੇ ਤਿਰੂਨੰਗਾਈ ਪਰਿਵਾਰ ਅਤੇ ਰਵੀ ਸਮੇਤ ਆਪਣੇ ਵੱਡੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ਼ ਮੇਲਮਲਿਆਨੂਰ ਮੰਦਰ ਤਿਉਹਾਰ ਵਿੱਚ। ਸੱਜੇ: ਤੁਲਸੀ ਪ੍ਰਾਰਥਨਾ ਕਰਦੀ ਤੇ ਭਗਤ ਨੂੰ ਅਸ਼ੀਰਵਾਦ ਦਿੰਦੀ ਹੋਈ। 'ਮੈਂ ਕਦੇ ਵੀ ਲੋਕਾਂ ਨੂੰ ਬੁਰਾ ਨਹੀਂ ਕਹਿੰਦੀ, ਸਿਰਫ਼ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੀ ਹਾਂ ਅਤੇ ਜੋ ਉਹ ਮੈਨੂੰ ਦਿੰਦੇ ਹਨ ਉਸ ਨੂੰ ਪਿਆਰ ਨਾਲ਼ ਸਵੀਕਾਰ ਕਰਦੀ ਹਾਂ,'  ਉਹ ਕਹਿੰਦੀ ਹਨ

ਆਮ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲ਼ੀਆਂ ਜੜ੍ਹੀਆਂ-ਬੂਟੀਆਂ ਤੇ ਇਲਾਜਾਂ ਬਾਰੇ ਉਨ੍ਹਾਂ ਦਾ ਗਿਆਨ ਉਨ੍ਹਾਂ ਦੀ ਆਮਦਨੀ ਦਾ ਇੱਕ ਵੱਡਾ ਸਰੋਤ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਇਹ ਆਮਦਨ ਲਗਾਤਾਰ ਘੱਟ ਰਹੀ ਹੈ। "ਮੈਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਠੀਕ ਕੀਤਾ ਹੈ, ਪਰ ਹੁਣ ਉਹ ਸਾਰੇ ਆਪਣੇ ਮੋਬਾਈਲ ਦੀ ਮਦਦ ਲੈਂਦੇ ਹਨ ਅਤੇ ਆਪਣਾ ਇਲਾਜ ਆਪੇ ਕਰ ਲੈਂਦੇ ਹਨ! ਇੱਕ ਸਮਾਂ ਸੀ ਜਦੋਂ ਮੈਂ 50,000 ਰੁਪਏ ਤੱਕ ਕਮਾ ਲੈਂਦੀ। ਫਿਰ ਇਹ ਕਮਾਈ ਘੱਟ ਕੇ 40,000, ਫਿਰ 30,000 ਰਹਿ ਗਈ ਅਤੇ ਹੁਣ ਮੈਂ ਇੱਕ ਸਾਲ ਵਿੱਚ ਬਾਮੁਸ਼ਕਿਲ 20,000 ਰੁਪਏ ਹੀ ਕਮਾ ਪਾਉਂਦੀ ਹਾਂ," ਉਹ ਲੰਬੀ ਸਾਹ ਲੈਂਦੇ ਹੋਏ ਕਹਿੰਦੀ ਹਨ। ਕੋਵਿਡ ਦੇ ਸਾਲ ਸਭ ਤੋਂ ਮੁਸ਼ਕਲ ਸਨ।

ਇਰੂਲਰ ਦੇਵੀ ਕੰਨਿਆਮਾ ਲਈ ਮੰਦਰ ਦਾ ਪ੍ਰਬੰਧਨ ਕਰਨ ਦੇ ਨਾਲ਼-ਨਾਲ਼, ਤੁਲਸੀ ਨੇ ਪੰਜ ਸਾਲ ਪਹਿਲਾਂ ਨੂਰ ਨਾਲ਼ ਵੇਲਾਈ (ਮਨਰੇਗਾ) 'ਤੇ ਵੀ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹ, ਦਰਗਾਸ ਦੀਆਂ ਹੋਰ ਔਰਤਾਂ ਦੇ ਨਾਲ਼, ਖੇਤਾਂ ਵਿੱਚ ਕੰਮ ਕਰਦੀ ਹੋਈ ਦਿਹਾੜੀ ਦੇ ਵਿੱਚ ਲਗਭਗ 240 ਰੁਪਏ ਕਮਾਉਂਦੀ ਹਨ। ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਪੇਂਡੂ ਪਰਿਵਾਰਾਂ ਨੂੰ ਇੱਕ ਸਾਲ ਵਿੱਚ 100 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦਿੰਦਾ ਹੈ।

ਅੰਜਲੀ ਨੂੰ ਕਾਂਚੀਪੁਰਮ ਜ਼ਿਲ੍ਹੇ ਦੇ ਨੇੜੇ ਇੱਕ ਸਰਕਾਰੀ ਰਿਹਾਇਸ਼ੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਤੁਲਸੀ ਦਾ ਕਹਿਣਾ ਹੈ ਕਿ ਅੰਜਲੀ ਦੀ ਪੜ੍ਹਾਈ ਉਨ੍ਹਾਂ ਲਈ ਸਭ ਤੋਂ ਵੱਡੀ ਤਰਜੀਹ ਹੈ। "ਮੈਂ ਉਸ ਨੂੰ ਸਿੱਖਿਅਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ। ਕੋਵਿਡ ਦੌਰਾਨ, ਉਹ ਘਰੋਂ ਦੂਰ ਹੋਸਟਲ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ। ਇਸ ਲਈ ਮੈਂ ਉਸ ਨੂੰ ਆਪਣੇ ਕੋਲ਼ ਹੀ ਰੱਖਿਆ। ਪਰ ਇੱਥੇ ਉਸਨੂੰ ਸਿਖਾਉਣ ਵਾਲ਼ਾ ਕੋਈ ਨਹੀਂ ਸੀ," ਉਹ ਕਹਿੰਦੀ ਹਨ। ਸਾਲ 2023 'ਚ ਜਦੋਂ ਤੁਲਸੀ, ਜੋ ਦੂਜੀ ਜਮਾਤ ਤੱਕ ਪੜ੍ਹੀ ਹਨ, ਅੰਜਲੀ ਦਾ ਦਾਖਲਾ ਲੈਣ ਲਈ ਸਕੂਲ ਗਈ ਤਾਂ ਸਕੂਲ ਮੈਨੇਜਮੈਂਟ ਨੇ ਉਨ੍ਹਾਂ ਦਾ ਟ੍ਰਾਂਸ ਪੇਰੈਂਟ ਵਜੋਂ ਸਵਾਗਤ ਕੀਤਾ।

ਹਾਲਾਂਕਿ ਤਿਰੂਨੰਗਾਈ ਭਾਈਚਾਰੇ ਦੇ ਤੁਲਸੀ ਦੇ ਕੁਝ ਦੋਸਤਾਂ ਨੇ ਆਪਣੀ ਲਿੰਗ ਪਛਾਣ ਦੀ ਪੁਸ਼ਟੀ ਕਰਨ ਲਈ ਸਰਜਰੀ ਦੀ ਚੋਣ ਕੀਤੀ, ਤੁਲਸੀ ਕਹਿੰਦੀ ਹਨ, "ਮੈਂ ਜਿਵੇਂ ਹਾਂ ਉਸੇ ਰੂਪ ਵਿੱਚ ਸਭ ਨੂੰ ਮਨਜ਼ੂਰ ਵੀ ਹਾਂ, ਸੋ ਇਸ ਉਮਰੇ ਸਰਜਰੀ ਕਰਵਾਉਣ ਦੀ ਲੋੜ ਹੀ ਕੀ ਹੈ?"

ਹਾਲਾਂਕਿ, ਮਾੜੇ ਪ੍ਰਭਾਵਾਂ ਦੇ ਡਰ ਦੇ ਬਾਵਜੂਦ, ਗਰੁੱਪ ਵਿੱਚ ਇਸ ਵਿਸ਼ੇ 'ਤੇ ਨਿਰੰਤਰ ਬਹਿਸ ਉਨ੍ਹਾਂ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਮਜ਼ਬੂਰ ਕਰਦੀ ਹੈ: "ਸ਼ਾਇਦ ਗਰਮੀਆਂ ਵਿੱਚ ਸਰਜਰੀ ਕਰਵਾਉਣਾ ਬਿਹਤਰ ਹੋਵੇਗਾ। ਫ਼ੇਰ ਜ਼ਖ਼ਮ ਛੇਤੀ-ਛੇਤੀ ਰਾਜ਼ੀ ਹੋ ਜਾਣਗੇ।''

PHOTO • Smitha Tumuluru
PHOTO • Smitha Tumuluru

ਖੱਬੇ: ਤੁਲਸੀ ਲੋਕਾਂ ਨੂੰ ਜੜ੍ਹੀ-ਬੂਟੀਆਂ ਦੇ ਨੁਸਖ਼ੇ ਵੀ ਦੱਸਦੀ ਹਨ। ਤੁਲਸੀ ਦਰਗਾਸ ਵਿਖੇ ਆਪਣੇ ਘਰ ਦੇ ਆਲ਼ੇ-ਦੁਆਲ਼ੇ ਚਿਕਿਸਤਕ ਪੌਦਿਆਂ ਦੀ ਭਾਲ਼ ਕਰਦੀ ਹਨ ਤਾਂ ਜੋ ਉਹ ਉਨ੍ਹਾਂ ਦੇ ਮਿਸ਼ਰਣ ਤੋਂ ਦਵਾਈਆਂ ਬਣਾ ਸਕਣ। ਸੱਜੇ: ਮੇਲਮਲਿਆਨੂਰ ਮੰਦਰ ਵਿੱਚ ਤੁਲਸੀ ਅਤੇ ਅੰਜਲੀ

PHOTO • Smitha Tumuluru
PHOTO • Smitha Tumuluru

'ਇਹ ਮੇਰੀ ਖੁਸ਼ੀ ਦਾ ਸਭ ਤੋਂ ਵੱਡਾ ਪਲ ਹੈ!' ਤੁਲਸੀ ਹੱਸਦੀ ਹੋਈ ਮੰਦਰ ਦੇ ਤਿਉਹਾਰ ਦੌਰਾਨ ਨੱਚਦੀ ਹੋਈ ਕਹਿੰਦੀ ਹਨ

ਸਰਜਰੀ ਦੀ ਲਾਗਤ ਘੱਟ ਨਹੀਂ ਹੈ। ਨਿੱਜੀ ਹਸਪਤਾਲਾਂ ਵਿੱਚ ਸਰਜਰੀ ਤੇ ਭਰਤੀ ਵਗੈਰਾ 'ਤੇ ਲਗਭਗ 50,000 ਹਜ਼ਾਰ ਰੁਪਏ ਖਰਚ ਹੁੰਦੇ ਹਨ। ਉਹ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਲਈ ਟ੍ਰਾਂਸਜੈਂਡਰ ਲੋਕਾਂ ਲਈ ਮੁਫ਼ਤ ਲਿੰਗ ਪੁਸ਼ਟੀ ਸਰਜਰੀ ਦੀ ਤਾਮਿਲਨਾਡੂ ਸਰਕਾਰ ਦੀ ਨੀਤੀ ਦੀ ਮਦਦ ਲੈਣਾ ਚਾਹੁੰਦੀ ਹਨ।

ਫਰਵਰੀ 2023 ਵਿੱਚ, ਤੁਲਸੀ ਨੇ ਸੇਂਥਮਰਾਏ ਅਤੇ ਅੰਜਲੀ ਦੇ ਨਾਲ਼ ਪ੍ਰਸਿੱਧ ਤਿਉਹਾਰ ਮਸਾਨ ਕੋਲਾਈ (ਜਿਸ ਨੂੰ ਮਯਾਨ ਕੋਲਾਈ ਵੀ ਕਿਹਾ ਜਾਂਦਾ ਹੈ) ਮਨਾਉਣ ਲਈ ਮੇਲਮਲਿਆਨੂਰ ਮੰਦਰ ਦੀ ਯਾਤਰਾ ਕੀਤੀ ਸੀ।

ਅੰਜਲੀ ਆਪਣੀ ਮਾਂ ਦਾ ਹੱਥ ਫੜ੍ਹੀ ਮੰਦਰ ਦੀਆਂ ਭੀੜ-ਭੜੱਕੇ ਵਾਲ਼ੀਆਂ ਗਲ਼ੀਆਂ ਵਿੱਚ ਆਪਣੇ ਦੋਸਤਾਂ ਨੂੰ ਦੇਖ ਕੇ ਖ਼ੁਸ਼ੀ ਵਿੱਚ ਕੂਕਣ ਲੱਗਦੀ ਹੈ। ਰਵੀ ਅਤੇ ਗੀਤਾ ਵੀ ਆਪਣੇ ਹੋਰ ਰਿਸ਼ਤੇਦਾਰਾਂ ਨਾਲ਼ ਤਿਉਹਾਰਾਂ ਵਿੱਚ ਸ਼ਾਮਲ ਹੋਣ ਲਈ ਆਏ ਸਨ। ਤੁਲਸੀ ਦਾ ਤਿਰੂਨੰਗਾਈ ਪਰਿਵਾਰ, ਉਨ੍ਹਾਂ ਦਾ ਗੁਰੂ, ਭੈਣਾਂ ਅਤੇ ਹੋਰ ਲੋਕ ਵੀ ਉਨ੍ਹਾਂ ਦੇ ਨਾਲ਼ ਸ਼ਾਮਲ ਹੋ ਗਏ।

ਤੁਲਸੀ, ਜਿਨ੍ਹਾਂ ਨੇ ਆਪਣੇ ਮੱਥੇ 'ਤੇ ਸਿੰਦੂਰ ਦੀ ਵੱਡੀ ਸਾਰੀ ਬਿੰਦੀ ਲਾਈ ਹੋਈ ਹੈ ਅਤੇ ਉਨ੍ਹਾਂ ਨੇ ਲੰਬੀ ਗੁੱਤ ਵਾਲ਼ੀ ਵਿਗ ਪਹਿਨੀ ਹੋਈ ਹੈ, ਉੱਥੇ ਹਰ ਕਿਸੇ ਨਾਲ਼ ਗੱਲਬਾਤ ਕਰ ਰਹੀ ਸਨ। "ਇਹ ਮੇਰੀ ਖੁਸ਼ੀ ਦਾ ਸਭ ਤੋਂ ਵੱਡਾ ਪਲ ਹੈ!" ਹੱਸਦਿਆਂ ਉਹ ਕਹਿੰਦੀ ਹਨ ਤੇ ਇਸ ਮੌਕੇ ਨੱਚਦੇ ਹੋਏ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ।

ਤੁਲਸੀ ਨੇ ਮੈਨੂੰ ਇੱਕ ਪਰਿਵਾਰਕ ਇਕੱਠ ਵਿੱਚ ਕਿਹਾ ਸੀ, "ਤੁਸੀਂ ਅੰਜਲੀ ਨੂੰ ਪੁੱਛ ਸਕਦੇ ਹੋ ਕਿ ਉਸ ਦੀਆਂ ਕਿੰਨੀਆਂ ਮਾਵਾਂ ਹਨ।''

ਜਦੋਂ ਮੈਂ ਅੰਜਲੀ ਨੂੰ ਪੁੱਛਿਆ, ਤਾਂ ਉਸਨੇ ਤੁਰੰਤ ਜਵਾਬ ਦਿੱਤਾ, "ਦੋ" ਅਤੇ ਉਸਦੇ ਚਿਹਰੇ 'ਤੇ ਮੁਸਕਾਨ ਫੈਲ ਗਈ ਜਦੋਂ ਉਸਨੇ ਤੁਲਸੀ ਅਤੇ ਗੀਤਾ ਦੋਵਾਂ ਵੱਲ ਇਸ਼ਾਰਾ ਕੀਤਾ।

ਪੰਜਾਬੀ ਤਰਜਮਾ: ਕਮਲਜੀਤ ਕੌਰ

Smitha Tumuluru

اسمیتا تُمولورو بنگلورو میں مقیم ایک ڈاکیومینٹری فوٹوگرافر ہیں۔ تمل ناڈو میں ترقیاتی پروجیکٹوں پر ان کے پہلے کے کام ان کی رپورٹنگ اور دیہی زندگی کی دستاویزکاری کے بارے میں بتاتے ہیں۔

کے ذریعہ دیگر اسٹوریز Smitha Tumuluru
Editor : Sanviti Iyer

سنویتی ایئر، پیپلز آرکائیو آف رورل انڈیا کی کنٹینٹ کوآرڈینیٹر ہیں۔ وہ طلباء کے ساتھ بھی کام کرتی ہیں، اور دیہی ہندوستان کے مسائل کو درج اور رپورٹ کرنے میں ان کی مدد کرتی ہیں۔

کے ذریعہ دیگر اسٹوریز Sanviti Iyer
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur