ਉਹ ਕੋਲ੍ਹਾਪੁਰ ਦੇ ਇਸ ਮਜ਼ਬੂਤ ਬੰਨ੍ਹ ਦੇ ਛੋਟੇ ਜਿਹੇ ਪੁਲ 'ਤੇ ਲੂੰਹਦੀ ਧੁੱਪ ਦੇ ਹੇਠਾਂ ਚੁੱਪਚਾਪ ਅਤੇ ਬੇਫਿਕਰ ਹੋ ਕੇ ਬੈਠੇ ਹਨ, ਜਿਹਨੂੰ ਉਨ੍ਹਾਂ ਦੇ ਅੱਧੀ ਸਦੀ ਪਹਿਲਾਂ ਬਣਾਇਆ ਸੀ। ਦੁਪਹਿਰ ਦੇ ਭੋਜਨ ਤੋਂ ਪਹਿਲਾਂ ਅਸੀਂ ਉਨ੍ਹਾਂ ਤੋਂ ਪੁੱਛਦੇ ਰਹੇ ਅਤੇ ਉਹ ਠਰ੍ਹੰਮੇ ਨਾਲ਼ ਜਵਾਬ ਦਿੰਦੇ ਰਹੇ। ਇੰਨਾ ਹੀ ਨਹੀਂ, ਉਹ ਪੂਰੇ ਜੋਸ਼ ਅਤੇ ਊਰਜਾ ਦੇ ਨਾਲ਼ ਸਾਡੇ ਨਾਲ਼ ਪੁਲ 'ਤੇ ਤੁਰੇ ਰਹੇ ਅਤੇ ਦੱਸਦੇ ਰਹੇ ਕਿ 1956 ਵਿੱਚ ਬੰਨ੍ਹ ਅੰਦਰ ਜਾਨ ਕਿਵੇਂ ਪਈ।
ਛੇ ਦਹਾਕੇ ਬਾਅਦ, ਗਣਪਤੀ ਈਸ਼ਵਰ ਪਾਟਿਲ ਨੂੰ ਅਜੇ ਵੀ ਸਿੰਚਾਈ ਦਾ ਗਿਆਨ ਹੈ ਅਤੇ ਉਹ ਕਿਸਾਨਾਂ ਨੂੰ ਖੇਤੀ ਬਾਰੇ ਸਮਝਾਉਂਦੇ ਹਨ। ਉਨ੍ਹਾਂ ਨੂੰ ਭਾਰਤ ਦੀ ਅਜ਼ਾਦੀ ਦੇ ਘੋਲ਼ ਦੇ ਇਤਿਹਾਸ ਦਾ ਗਿਆਨ ਹੈ, ਜਿਹਦਾ ਉਹ ਇੱਕ ਹਿੱਸਾ ਸਨ। ਉਹ 101 ਸਾਲ ਦੇ ਹਨ ਅਤੇ ਭਾਰਤ ਦੇ ਆਖ਼ਰੀ ਜੀਵਤ ਅਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਹਨ।
''ਮੈਂ ਸਿਰਫ਼ ਇੱਕ ਹਰਕਾਰਾ ਸਾਂ,'' ਉਹ 1930 ਦੇ ਦਹਾਕੇ ਤੋਂ ਬਾਅਦ ਦੇ ਆਪਣੇ ਜੀਵਨ ਬਾਰੇ ਕਾਫੀ ਹਲੀਮੀ ਅਤੇ ਠਰ੍ਹੰਮੇ ਨਾਲ਼ ਦੱਸਦੇ ਹਨ। ''ਅੰਗਰੇਜ਼-ਵਿਰੋਧੀ ਭੂਮੀਗਤ ਅੰਦੋਲਨਾਂ ਲਈ ਇੱਕ ਹਰਕਾਰਾ।'' ਉਸ ਵਿੱਚ ਵਰਜਿਤ ਕਮਿਊਨਿਸਟ ਅੰਦੋਲਨਕਾਰੀ ਸਮੂਹਾਂ, ਸਮਾਜਵਾਦੀਆਂ ਅਤੇ ਕਾਂਗਰਸ ਪਾਰਟੀ (1942 ਦੇ ਭਾਰਤ ਛੱਡੋ ਅੰਦੋਲਨ ਦੇ ਆਸਪਾਸ) ਦੇ ਨੈੱਟਵਰਕ ਸ਼ਾਮਲ ਸਨ। ਉਹ ਇਸ ਵਿੱਚ ਤੇਜ਼ ਰਹੇ ਹੋਣਗੇ- ਕਿਉਂਕਿ ਉਹ ਕਦੇ ਫੜ੍ਹੇ ਨਹੀਂ ਗਏ। ''ਮੈਂ ਜੇਲ੍ਹ ਨਹੀਂ ਗਿਆ,'' ਕਰੀਬ ਮੁਆਫੀ ਮੰਗਦਿਆਂ ਉਹ ਕਹਿੰਦੇ ਹਨ। ਇਹ ਗੱਲ ਸਾਨੂੰ ਦੂਸਰੇ ਲੋਕ ਦੱਸਦੇ ਹਨ ਕਿ ਉਨ੍ਹਾਂ ਨੂੰ ਤਾਮਰ ਪੱਤਰ ਵੀ ਪ੍ਰਵਾਨ ਨਹੀਂ ਕੀਤਾ ਅਤੇ 1972 ਤੋਂ ਅਜ਼ਾਦੀ ਘੁਲਾਟੀਆਂ ਨੂੰ ਦਿੱਤੀ ਜਾਣ ਵਾਲ਼ੀ ਪੈਨਸ਼ਨ ਵੀ ਨਹੀਂ ਲਈ।
'ਮੈਂ ਜੇਲ੍ਹ ਨਹੀਂ ਗਿਆ,' ਕਰੀਬ ਮੁਆਫੀ ਮੰਗਦਿਆਂ ਉਹ ਕਹਿੰਦੇ ਹਨ। ਇਹ ਗੱਲ ਸਾਨੂੰ ਦੂਸਰੇ ਲੋਕ ਦੱਸਦੇ ਹਨ ਕਿ ਉਨ੍ਹਾਂ ਨੂੰ ਤਾਮਰ ਪੱਤਰ ਵੀ ਪ੍ਰਵਾਨ ਨਹੀਂ ਕੀਤਾ ਅਤੇ 1972 ਤੋਂ ਅਜ਼ਾਦੀ ਘੁਲਾਟੀਆਂ ਨੂੰ ਦਿੱਤੀ ਜਾਣ ਵਾਲ਼ੀ ਪੈਨਸ਼ਨ ਵੀ ਨਹੀਂ ਲਈ।
''ਮੈਂ ਇੰਝ ਕਿਵੇਂ ਕਰ ਸਕਦਾ ਸਾਂ?'' ਉਹ ਜਵਾਬ ਦਿੰਦੇ ਹਨ, ਜਦੋਂ ਅਸੀਂ ਉਨ੍ਹਾਂ ਤੋਂ ਕੋਲ੍ਹਾਪੁਰ ਜਿਲ੍ਹੇ ਦੇ ਕਾਗਲ ਤਾਲੁਕਾ ਦੇ ਸਿੱਧਨੇਰਲੀ ਪਿੰਡ ਵਿੱਚ, ਉਨ੍ਹਾਂ ਦੇ ਬੇਟੇ ਦੇ ਘਰੇ ਇਸ ਬਾਰੇ ਪੁੱਛਿਆ। ''ਜਦੋਂ ਢਿੱਡ ਭਰਨ ਲਈ ਸਾਡੇ ਕੋਲ਼ ਜ਼ਮੀਨ ਸੀ ਤਾਂ ਕੁਝ ਮੰਗਣ ਦੀ ਲੋੜ ਹੀ ਕੀ ਸੀ?'' ਉਦੋਂ ਉਨ੍ਹਾਂ ਕੋਲ਼ 18 ਏਕੜ ਜ਼ਮੀਨ ਸੀ। ''ਇਸਲਈ ਮੈਂ ਪੈਨਸ਼ਨ ਮੰਗੀ ਨਹੀਂ ਨਾ ਹੀ ਬਿਨੈ ਹੀ ਕੀਤਾ।'' ਉਹ ਕਈ ਖੱਬੇਪੱਖੀ ਅਜ਼ਾਦੀ ਘੁਲਾਟੀਆਂ ਦੁਆਰਾ ਕਹੀ ਗਈ ਗੱਲ ਨੂੰ ਦਹੁਰਾਉਂਦੇ ਹਨ: ਅਸੀਂ ਇਸ ਦੇਸ਼ ਦੀ ਅਜ਼ਾਦੀ ਲਈ ਲੜੇ ਸੀ ਪੈਨਸ਼ਨ ਲੈਣ ਵਾਸਤੇ ਨਹੀਂ।'' ਅਤੇ ਉਹ ਇਸ ਗੱਲ 'ਤੇ ਬਾਰ-ਬਾਰ ਜੋਰ ਦਿੰਦੇ ਹਨ ਕਿ ਉਨ੍ਹਾਂ ਦੀ ਭੂਮਿਕਾ ਬਹੁਤ ਹੀ ਛੋਟੀ ਸੀ- ਹਾਲਾਂਕਿ ਇਨਕਲਾਬੀ ਭੂਮੀਗਤ ਅੰਦੋਲਨ ਵਿੱਚ ਹਰਕਾਰੇ ਦਾ ਕੰਮ ਖਤਰੇ ਭਰਿਆ ਹੁੰਦਾ ਸੀ, ਖਾਸ ਕਰਕੇ ਜਦੋਂ ਯੁੱਧ ਦੇ ਸਮੇਂ ਉਪ-ਨਿਵੇਸ਼ੀ ਸਰਕਾਰ ਨੇ ਕਾਰਕੁੰਨਾਂ ਨੂੰ ਆਮ ਦਿਨਾਂ ਦੇ ਮੁਕਾਬਲੇ ਹੋਰ ਵੀ ਤੇਜੀ ਨਾਲ਼ ਫਾਹੇ ਲਾਉਣਾ ਸ਼ੁਰੂ ਕਰ ਦਿੱਤਾ ਸੀ।
ਸ਼ਾਇਦ ਉਨ੍ਹਾਂ ਦੀ ਮਾਂ ਨੂੰ ਇਨ੍ਹਾਂ ਖ਼ਤਰਿਆਂ ਦੀ ਜਾਣਕਾਰੀ ਨਹੀਂ ਸੀ, ਇਸੇ ਲਈ ਉਨ੍ਹਾਂ ਨੇ ਹਰਕਾਰੇ ਦੇ ਰੂਪ ਵਿੱਚ ਆਪਣੇ ਬੇਟੇ ਦਾ ਕੰਮ ਪ੍ਰਵਾਨ ਕਰ ਲਿਆ- ਜਦੋਂ ਤੱਕ ਕਿ ਉਹ ਅਵਾਮ ਦਰਮਿਆਨ ਸਪੱਸ਼ਟ ਰੂਪ ਨਾਲ਼ ਇਹ ਕੰਮ ਕਰਦੇ ਹੋਏ ਨਾ ਦਿੱਸੇ। ਉਨ੍ਹਾਂ ਦਾ ਪੂਰਾ ਪਰਿਵਾਰ, ਉਨ੍ਹਾਂ ਦੀ ਮਾਂ ਨੂੰ ਛੱਡ ਕੇ, ਉਨ੍ਹਾਂ ਦਾ ਪੂਰਾ ਟੱਬਰ ਕਾਗਲ ਦੇ ਸਿੱਧਨੇਰਲੀ ਪਿੰਡ ਸਥਿਤ ਆਪਣੇ ਜੱਦੀ ਘਰ ਚਲੇ ਜਾਣ ਦੇ ਫੌਰਨ ਬਾਅਦ ਹੀ ਪਲੇਗ ਮਹਾਂਮਾਰੀ ਦੀ ਭੇਂਟ ਚੜ੍ਹ ਗਿਆ। 27 ਮਈ, 1918 ਨੂੰ ਉਸੇ ਤਾਲੁਕਾ ਦੇ ਕਰਨੂਰ ਪਿੰਡ ਵਿੱਚ ਆਪਣੇ ਨਾਨਕੇ ਪਰਿਵਾਰ ਵਿੱਚ ਜੰਮੇ ਗਣਪਤੀ ਦੱਸਦੇ ਹਨ ਕਿ ਉਸ ਸਮੇਂ ਉਹ ਸਿਰਫ਼ ''ਸਾਢੇ ਚਾਰ ਮਹੀਨਿਆਂ'' ਦੇ ਸਨ।
ਉਹ ਪਰਿਵਾਰਕ ਜ਼ਮੀਨ ਦੇ ਇਕਲੌਤੇ ਵਾਰਸ ਬਣ ਗਏ ਅਤੇ ਉਨ੍ਹਾਂ ਦੀ ਮਾਂ ਨੇ ਸੋਚਿਆ- ਉਨ੍ਹਾਂ ਨੂੰ ਕਿਸੇ ਵੀ ਉਦੇਸ਼ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ''ਉਹ ਤਾਂ ਜਦੋਂ (1945 ਦੌਰਾਨ) ਮੈਂ ਸ਼ਰੇਆਮ ਜਲੂਸ ਵਿੱਚ ਹਿੱਸਾ ਲਿਆ ਅਤੇ ਇੱਥੋਂ ਤੱਕ ਕਿ ਆਪ ਹੀ ਅਯੋਜਿਤ ਕਰਵਾਇਆ ਤਦ ਜਾ ਕੇ ਲੋਕਾਂ ਨੂੰ ਮੇਰੇ ਰਾਜਨੀਤਕ ਰੁਝਾਨ ਬਾਰੇ ਪਤਾ ਚੱਲਿਆ।'' ਅਤੇ ਉਹ 1930 ਦੇ ਦਹਾਕੇ ਦੇ ਅੰਤ ਅਤੇ 1940 ਦੇ ਦਹਾਕੇ ਦੇ ਸ਼ੁਰੂ ਵਿੱਚ ਸਿੱਧਨੇਰਲੀ ਦੇ ਖੇਤ ਵਿੱਚ ਅੰਦੋਲਨਕਾਰੀਆਂ ਦੇ ਨਾਲ਼ ਚੁੱਪ ਚੁਪੀਤੇ ਬੈਠਕਾਂ ਕਰਿਆ ਕਰਦੇ ਸਨ। ''ਘਰ ਵਿੱਚ ਸਿਰਫ਼ ਮੇਰੀ ਮਾਂ ਅਤੇ ਮੈਂ ਸਾਂ- ਬਾਕੀ ਸਭ ਦੀ ਮੌਤ ਹੋ ਚੁੱਕੀ ਸੀ- ਅਤੇ ਲੋਕਾਂ ਦੀ ਸਾਡੇ ਨਾਲ਼ ਹਮਦਰਦੀ ਸੀ ਅਤੇ ਉਹ ਮੇਰਾ ਧਿਆਨ ਰੱਖਦੇ ਸਨ।''
ਉਨ੍ਹਾਂ ਦੇ ਦੌਰ ਦੇ ਲੱਖਾਂ ਹੋਰ ਵਿਅਕਤੀਆਂ ਵਾਂਗ, ਇਹ ਸਾਰਾ ਕੁਝ ਸ਼ੁਰੂ ਹੋਇਆ ਜਦੋਂ ਗਣਪਤੀ ਪਾਟਿਲ 12 ਸਾਲ ਦੀ ਉਮਰੇ ਖੁਦ ਨਾਲ਼ੋਂ ਪੰਜ ਗੁਣਾ ਉਮਰ ਦੇ ਇਸ ਵਿਅਕਤੀ ਨੂੰ ਮਿਲ਼ੇ। ਪਾਟਿਲ ਸਿੱਧਨੇਰਲੀ ਤੋਂ ਅੱਜ ਦੇ ਕਰਨਾਟਕ ਸਥਿਤ, ਨਿਪਾਣੀ ਤੱਕ 28 ਕਿਮੀ ਪੈਦਲ ਤੁਰ ਕੇ ਮੋਹਨਦਾਸ ਕਰਮਚੰਦ ਗਾਂਧੀ ਦਾ ਭਾਸ਼ਣ ਸੁਣਨ ਗਏ ਸਨ। ਇਹਨੇ ਉਨ੍ਹਾਂ ਦੀ ਜਿੰਦਗੀ ਬਦਲ ਦਿੱਤੀ। ਬਾਲਕ ਗਣਪਤੀ ਸਮਾਰੋਹ ਦੇ ਅੰਤ ਵਿੱਚ ਮੰਚ ਤੱਕ ਵੀ ਅੱਪੜ ਗਏ ਅਤੇ ''ਸਿਰਫ਼ ਮਹਾਤਮਾ ਦੀ ਦੇਹ ਨੂੰ ਛੂਹ ਲੈਣ ਭਰ ਨਾਲ਼ ਹੀ ਖੁਸ ਹੋ ਗਏ।''
ਹਾਲਾਂਕਿ ਉਹ ਕਾਂਗਰਸ ਪਾਰਟੀ ਦੇ ਮੈਂਬਰ, ਭਾਰਤ ਛੱਡੋ ਅੰਦੋਲਨ ਦੀ ਪਹਿਲੀ ਸ਼ਾਮ 1941 ਵਿੱਚ ਹੀ ਬਣੇ। ਨਾਲ਼ ਹੀ ਨਾਲ਼, ਉਨ੍ਹਾਂ ਦਾ ਹੋਰ ਰਾਜਨੀਤਕ ਸ਼ਕਤੀਆਂ ਵੱਲ ਰੁਝਾਨ ਵੀ ਬਣਿਆ ਰਿਹਾ। 1930 ਵਿੱਚ ਜਦੋਂ ਉਹ ਨਿਪਾਣੀ ਗਏ ਸਨ ਉਦੋਂ ਤੋਂ ਲੈ ਕੇ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੱਕ, ਉਨ੍ਹਾਂ ਦੇ ਮੁੱਖ ਤਾਰ ਉਸ ਪਾਰਟੀ ਦੇ ਸਮਾਜਵਾਦੀ ਗੁੱਟ ਦੇ ਨਾਲ਼ ਹੀ ਜੁੜੇ ਹੋਏ ਸਨ। 1937 ਵਿੱਚ ਉਨ੍ਹਾਂ ਨੇ ਬੇਲਗੌਮ ਦੇ ਅੱਪਾਚੀਵਾੜੀ ਦੇ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ ਸੀ, ਜਿਹਦਾ ਅਯੋਜਨ ਸਮਾਜਵਾਦੀ ਨੇਤਾ ਐੱਸਐੱਮ ਜੋਸ਼ੀ ਅਤੇ ਐੱਨਜੀ ਗੋਰੇ ਨੇ ਕੀਤਾ ਸੀ। ਉੱਥੇ ਸਤਾਰਾ ਦੀ ਭਵਿੱਖੀ ਪ੍ਰਤੀ ਸਰਕਾਰ ਨੇ ਨਾਗਨਾਥ ਨਾਇਕਵਾੜੀ ਨੇ ਵੀ ਹਿੱਸਾ ਲੈਣ ਵਾਲ਼ਿਆਂ ਨੂੰ ਸੰਬੋਧਤ ਕੀਤਾ ਸੀ ਅਤੇ ਗਣਪਤੀ ਸਮੇਤ ਸਾਰਿਆਂ ਨੇ ਹਥਿਆਰਾਂ ਦੀ ਟ੍ਰੇਨਿੰਗ ਵੀ ਲਈ ਸੀ। (ਦੇਖੋ ' ਕੈਪਟਨ ਐਲਡਰ ਬ੍ਰਦਰ ਅਤੇ ਤੂਫਾਨੀ ਸੈਨਾ ਅਤੇ ਪ੍ਰਤੀ ਸਰਕਾਰ ਦੀ ਅੰਤਮ ਵਾਹੋ-ਵਾਹੀ )
ਉਹ ਦੱਸਦੇ ਹਨ ਕਿ 1942 ਵਿੱਚ ''ਭਾਰਤੀ ਕਮਿਊਨਿਸਟ ਪਾਰਟੀ ਤੋਂ ਕੱਢੇ ਗਏ ਨੇਤਾਵਾਂ ਜਿਵੇਂ ਸੰਤਰਾਮ ਪਾਟਿਲ, ਯਸ਼ਵੰਤ ਚੱਹਾਣ (ਕਾਂਗਰਸ ਨੇਤਾ ਵਾਈ.ਬੀ. ਚੱਵਾਨ ਦੇ ਭੁਲੇਖਾ 'ਚ ਨੇ ਰਹਿਣਾ), ਐੱਸਕੇ ਲਿਮਯੇ, ਡੀਐੱਸ ਕੁਲਕਰਣੀ ਅਤੇ ਹੋਰ ਕਾਰਕੁੰਨਾਂ ਨੇ ਨਵਜੀਵਨ ਸੰਗਠਨ (ਨਵ ਜੀਵਨ ਯੂਨੀਅਨ) ਦੀ ਸਥਾਪਨਾ ਕੀਤੀ।'' ਗਣਪਤੀ ਉਨ੍ਹਾਂ ਨਾਲ਼ ਜੁੜ ਗਏ।
ਉਸ ਵੇਲ਼ੇ, ਇਨ੍ਹਾਂ ਨੇਤਾਵਾਂ ਨੇ ਕੋਈ ਵੱਖਰਾ ਦਲ ਨਹੀਂ ਸੀ ਬਣਾਇਆ, ਸਗੋਂ ਇਨ੍ਹਾਂ ਨੇ ਜੋ ਸਮੂਹ ਬਣਾਇਆ ਸੀ ਉਹ ਲਾਲ ਨਿਸ਼ਾਨ ਦੇ ਨਾਮ ਨਾਲ਼ ਜਾਣਿਆ ਜਾਣ ਲੱਗਿਆ। (ਇਹ 1965 ਵਿੱਚ ਇੱਕ ਰਾਜਨੀਤਕ ਦਲ ਦੇ ਤੌਰ 'ਤੇ ਉਭਰਿਆ, ਪਰ 1990 ਦੇ ਦਹਾਕੇ ਵਿੱਚ ਦੋਬਾਰਾ ਖਿੰਡ ਗਿਆ)।
ਗਣਪਤੀ ਪਾਟਿਲ ਦੱਸਦੇ ਹਨ ਕਿ ਅਜ਼ਾਦੀ ਦੇ ਪਹਿਲਾਂ ਦੀ ਸਾਰੀ ਉੱਥਲ-ਪੁੱਥਲ ਦੌਰਾਨ ਉਹ ''ਆਪਣੇ ਵੱਖੋ-ਵੱਖ ਸਮੂਹਾਂ ਅਤੇ ਕਾਮਰੇਡਾਂ ਤੱਕ ਸੁਨੇਹੇ, ਦਸਤਾਵੇਜ ਅਤੇ ਸੂਚਨਾ ਪਹੁੰਚਾਉਂਦੇ ਸਨ।'' ਉਹ ਉਨ੍ਹਾਂ ਕਾਰਜਾਂ ਦੇ ਵੇਰਵੇ ਦੀ ਗੱਲ ਹਲੀਮੀ ਨਾਲ਼ ਟਾਲ਼ ਜਾਂਦੇ ਹਨ, ਇਹ ਕਹਿੰਦਿਆਂ ਕਿ ਇਸ ਵਿੱਚ ਉਨ੍ਹਾਂ ਦੀ ਕੇਂਦਰੀ ਭੂਮਿਕਾ ਨਹੀਂ ਸੀ। ਫਿਰ ਵੀ, ਉਹ ਬਜ਼ੁਰਗ ਸੱਜਣ ਹੱਸਦੇ ਹਨ (ਪਰ ਖੁਸ਼ ਹਨ) ਜਦੋਂ ਉਨ੍ਹਾਂ ਦੇ ਬੇਟੇ ਦੇ ਘਰੇ ਦੁਪਹਿਰ ਦੇ ਭੋਜਨ ਸਮੇਂ ਕੋਈ ਕਹਿੰਦਾ ਹੈ ਕਿ ਇੱਕ ਦੂਤ ਤੇ ਹਰਕਾਰੇ ਦੇ ਰੂਪ ਵਿੱਚ ਇਨ੍ਹਾਂ ਦੀ ਯੋਗਤਾ ਦਾ ਪਤਾ 12 ਸਾਲ ਦੀ ਉਮਰ ਵਿੱਚ ਉਦੋਂ ਹੀ ਪਤਾ ਲੱਗ ਗਿਆ ਸੀ, ਜਦੋਂ ਉਹ ਮਲ੍ਹਕੜੇ ਜਿਹੇ 56 ਕਿਮੀ ਪੈਦਲ ਤੁਰਦੇ ਹੋਏ ਨਿਪਾਣੀ ਗਏ ਅਤੇ ਫਿਰ ਉੱਥੋਂ ਵਾਪਸ ਆ ਗਏ।
''ਅਜ਼ਾਦੀ ਤੋਂ ਬਾਅਦ,'' ਗਣਪਤੀ ਕਹਿੰਦੇ ਹਨ,''ਲਾਲ ਨਿਸ਼ਾਨ ਨੇ ਕਿਸਾਨ ਮਜ਼ਦੂਰ ਪਾਰਟੀ (ਪੀਡਬਲਿਊਪੀ) ਦੇ ਨਾਲ਼ ਰਲ਼ ਕੇ ਕਾਮਗਾਰ ਕਿਸਾਨ ਪਾਰਟੀ ਬਣਾਈ।'' ਇਹ ਦਲ, ਪ੍ਰਸਿੱਧ ਨਾਨਾ ਪਾਟਿਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵਿੱਚ ਸ਼ਾਮਲ ਹੋਣ ਦੇ ਨਾਲ਼ ਹੀ ਖਿੰਡ ਗਿਆ। ਪੀਡਬਲਿਊਪੀ ਦਾ ਪੁਨਰਗਠਨ ਹੋਇਆ ਅਤੇ ਲਾਲ ਨਿਸ਼ਾਨ ਫਿਰ ਤੋਂ ਇਕੱਠਾ ਹੋਈ। 2018 ਵਿੱਚ, ਐੱਲਐੱਨਪੀ ਦਾ ਉਹ ਧੜਾ ਜਿਹਨੂੰ ਗਣਪਤੀ ਜਾਣਦੇ ਸਨ, ਸੀਪੀਆਈ ਨਾਲ਼ ਜੁੜ ਗਿਆ।
ਸਾਲ 1947 ਵਿੱਚ ਅਜ਼ਾਦੀ ਮਿਲ਼ਣ ਤੋਂ ਬਾਅਦ, ਕੋਲ੍ਹਾਪੁਰ ਵਿੱਚ ਭੂ-ਸੁਧਾਰ ਸੰਘਰਸ਼ ਜਿਹੇ ਕਈ ਅੰਦੋਲਨਾਂ ਵਿੱਚ ਪਾਟਿਲ ਦੀ ਭੂਮਿਕਾ ਵੱਧ ਕੇਂਦਰੀ ਸੀ। ਖੁਦ ਜਿਮੀਂਦਾਰ ਹੋਣ ਦੇ ਬਾਵਜੂਦ, ਉਨ੍ਹਾਂ ਨੇ ਖੇਤ ਮਜ਼ਦੂਰਾਂ ਨੂੰ ਬੇਹਤਰ ਮਿਹਨਤਾਨਾ ਦਵਾਉਣ ਦੀ ਲੜਾਈ ਲੜੀ ਅਤੇ ਉਨ੍ਹਾਂ ਨੂੰ ਇੱਕ ਘੱਟੋਘੱਟ ਚੰਗੀ ਮਜ਼ਦੂਰੀ ਦਵਾਉਣ ਲਈ ਦੂਸਰੇ ਕਿਸਾਨਾਂ ਨੂੰ ਮਨਾਇਆ। ਉਨ੍ਹਾਂ ਨੇ ਸਿੰਚਾਈ ਲਈ 'ਕੋਲ੍ਹਾਪੁਰ-ਜਿਹਾ ਬੰਨ੍ਹ' ਵਿਕਸਤ ਕਰਨ 'ਤੇ ਜੋਰ ਦਿੱਤਾ- ਇਹਦਾ ਪਹਿਲਾ ਬੰਨ੍ਹ (ਜਿਹਦੇ ਉੱਪਰ ਅਸੀਂ ਬੈਠੇ ਹਾਂ) ਅਜੇ ਵੀ ਕਰੀਬ ਇੱਕ ਦਰਜਨ ਪਿੰਡਾਂ ਦੇ ਕੰਮ ਆ ਰਿਹਾ ਹੈ, ਜਦੋਂਕਿ ਬਾਕੀ ਸਥਾਨਕ ਕਿਸਾਨਾਂ ਦੇ ਕੰਟਰੋਲ ਵਿੱਚ ਹੈ।
''ਅਸੀਂ ਕਰੀਬ 20 ਪਿੰਡਾਂ ਦੇ ਕਿਸਾਨਾਂ ਕੋਲ਼ੋਂ ਪੈਸਾ ਇਕੱਠਾ ਕਰਕੇ ਇਹਦਾ ਨਿਰਮਾਣ ਸਹਿਕਾਰੀ ਢੰਗ ਨਾਲ਼ ਕਰਵਾਇਆ,'' ਗਣਪਤੀ ਕਹਿੰਦੇ ਹਨ। ਦੂਧਗੰਗਾ ਨਦੀ 'ਤੇ ਸਥਿਤ ਪੱਥਰ ਦੀ ਚਿਣਾਈ ਨਾਲ਼ ਬਣਿਆ ਇਹ ਬੰਨ੍ਹ 4,000 ਏਕੜ ਤੋਂ ਵੱਧ ਭੂਮੀ ਦੀ ਸਿੰਚਾਈ ਕਰਦਾ ਹੈ। ਪਰ, ਉਹ ਫ਼ਖਰ ਨਾਲ਼ ਕਹਿੰਦੇ ਹਨ ਕਿ ਇਹ ਕੰਮ ਬਿਨਾਂ ਕਿਸੇ ਸਥਾਨਾਂਤਰਣ ਦੇ ਪੂਰਾ ਹੋਇਆ ਸੀ। ਅੱਜ, ਇਹਨੂੰ ਇੱਕ ਰਾਜ-ਪੱਧਰੀ ਸਿੰਚਾਈ ਵਸੀਲਾ ਯੋਜਨਾ ਦੇ ਤੌਰ 'ਤੇ ਵਰਗੀਕ੍ਰਿਤ ਕੀਤਾ ਜਾਵੇਗਾ।
''ਇਸ ਕਿਸਮ ਦਾ ਬੰਨ੍ਹ ਨਦੀ ਦੇ ਵਹਾਅ ਦੀ ਦਿਸ਼ਾ ਵਿੱਚ ਬਣਾਇਆ ਜਾਂਦਾ ਹੈ,'' ਅਜੀਤ ਪਾਟਿਲ ਕਹਿੰਦੇ ਹਨ, ਜੋ ਕੋਲ੍ਹਾਪੁਰ ਦੇ ਇੱਕ ਇੰਜੀਨੀਅਰ ਅਤੇ ਗਣਪਤੀ ਦੇ ਪੁਰਾਣੇ ਸਾਥੀ, ਸਵਰਗਵਾਸੀ ਪਾਟਿਲ (ਲਾਲ ਨਿਸ਼ਾਨ ਪਾਰਟੀ ਦੇ ਸਹਿ-ਸੰਸਥਾਪਕ) ਦੇ ਪੁੱਤਰ ਹਨ। ''ਜ਼ਮੀਨ ਨਾ ਤਾਂ ਉਸ ਸਮੇਂ ਡੁੱਬੀ ਸੀ ਨਾ ਅੱਜ ਹੀ ਡੁੱਬੀ ਹੈ ਅਤੇ ਨਦੀ ਦਾ ਵਹਾਓ ਅਣਉੱਚਿਤ ਢੰਗ ਨਾਲ਼ ਨਹੀਂ ਰੋਕਿਆ ਗਿਆ। ਸਾਲ ਭਰ ਰਹਿਣ ਵਾਲ਼ਾ ਪਾਣੀ ਦਾ ਭੰਡਾਰ ਭੂ-ਜਲ ਦੇ ਦੋਵੇਂ ਪਾਸੀਂ ਭਰਿਆ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਸਿੱਧੀ ਸਿੰਚਾਈ ਦੇ ਇਲਾਕੇ ਦੇ ਬਾਹਰ ਪੈਣ ਵਾਲ਼ੇ ਖੂਹਾਂ ਦੀ ਸਿੰਚਾਈ ਸਮਰੱਥਾ ਵੀ ਵਧਾਉਂਦਾ ਹੈ। ਇਹ ਘੱਟ ਲਾਗਤ ਦਾ ਹੈ, ਜਿਹਦਾ ਰਖ-ਰਖਾਓ ਸਥਾਨਕ ਲੋਕਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਚੁਗਿਰਦੇ ਅਤੇ ਵਾਤਾਵਰਣ ਨੂੰ ਨਾ-ਮਾਤਰ ਨੁਕਸਾਨ ਪਹੁੰਚਾਉਂਦਾ ਹੈ।''
ਅਤੇ ਅਸੀਂ ਮਈ ਦੀ ਲੂੰਹਦੀ ਗਰਮੀ ਵਿੱਚ ਵੀ, ਪਾਣੀ ਨਾਲ਼ ਨੱਕੋਨੱਕ ਭਰਿਆ ਬੰਨ੍ਹ ਦੇਖ ਰਹੇ ਹਾਂ, ਅਤੇ ਬੰਨ੍ਹ ਦੇ 'ਬੂਹੇ' ਵਹਾਅ ਨੂੰ ਕਾਬੂ ਕਰਨ ਲਈ ਖੁੱਲ੍ਹੇ ਹਨ। ਬੰਨ੍ਹ ਦੇ ਰੁਕੇ ਹੋਏ ਪਾਣੀ ਵਿੱਚ ਕੁਝ ਹੱਦ ਤੱਕ ਮੱਛੀ ਪਾਲਣ ਵੀ ਹੁੰਦਾ ਹੈ।
''ਅਸੀਂ 1959 ਵਿੱਚ ਇਹਨੂੰ ਬਣਵਾਇਆ ਸੀ,'' ਗਣਪਤੀ ਪਾਟਿਲ ਫ਼ਖਰ ਨਾਲ਼ ਕਹਿੰਦੇ ਹਨ। ਉਹ, ਸਾਡੇ ਪੁੱਛੇ ਬਗੈਰ, ਇਹ ਨਹੀਂ ਦੱਸਦੇ ਕਿ ਉਹ ਪਟੇ 'ਤੇ ਲਈ ਗਈ ਕਈ ਏਕੜ ਜ਼ਮੀਨ 'ਤੇ ਖੇਤੀ ਕਰ ਰਹੇ ਸਨ, ਜਿੱਥੇ ਬੰਨ੍ਹ ਦਾ ਸਿੱਧਾ ਲਾਭ ਪਹੁੰਚ ਰਿਹਾ ਸੀ। ਉਨ੍ਹਾਂ ਨੇ ਉਹ ਪਟਾ ਰੱਦ ਕਰ ਦਿੱਤਾ ਸੀ ਅਤੇ ਜ਼ਮੀਨ ਗੈਰ-ਹਾਜ਼ਰ ਮਾਲਕ ਨੂੰ ਮੋੜ ਦਿੱਤੀ ਸੀ। ਉਨ੍ਹਾਂ ਲਈ ਇਹ ਜ਼ਰੂਰੀ ਸੀ ਕਿ ''ਮੈਂ ਇਹ ਕੰਮ ਆਪਣੇ ਨਿੱਜੀ ਫਾਇਦੇ ਲਈ ਕਰਦਾ ਹੋਇਆ ਪ੍ਰਤੀਤ ਨਾ ਹੋਵਾਂ।'' ਇਹ ਪਾਰਦਰਸ਼ਤਾ ਅਤੇ ਕੋਈ ਹਿੱਤ ਦਾ ਟਕਰਾਓ ਨਾ ਰਹਿਣ ਦੇ ਕਾਰਨ ਉਹ ਅਤੇ ਕਿਸਾਨਾਂ ਨੂੰ ਇਸ ਸਹਿਕਾਰੀ ਕਾਰਜ ਵਿੱਚ ਜੋੜ ਸਕੇ। ਉਨ੍ਹਾਂ ਨੇ ਬੰਨ੍ਹ ਬਣਾਉਣ ਲਈ 1 ਲੱਖ ਰੁਪਏ ਦਾ ਬੈਂਕ ਕਰਜ਼ਾ ਲਿਆ, 75,000 ਰੁਪਏ ਵਿੱਚ ਇਹਨੂੰ ਪੂਰਿਆਂ ਕਰਵਾਇਆ-ਅਤੇ ਬਚੇ ਹੋਏ 25,000 ਰੁਪਏ ਫੌਰਨ ਮੋੜ ਦਿੱਤੇ। ਉਨ੍ਹਾਂ ਨੇ ਬੈਂਕ ਕਰਜ਼ਾ ਨਿਰਧਾਰਤ ਤਿੰਨ ਸਾਲਾਂ ਦੇ ਅੰਦਰ ਅੰਦਰ ਅਦਾ ਕਰ ਦਿੱਤਾ। (ਅੱਜ, ਇਸ ਪੱਧਰੀ ਦੇ ਪ੍ਰਾਜੈਕਟ ਵਿੱਚ 3-4 ਕਰੋੜ ਰੁਪਏ ਲੱਗਣਗੇ, ਅੱਗੇ ਚੱਲ ਕੇ ਉਸ ਵਿੱਚ ਮਹਿੰਗਾਈ ਦੀ ਦਰ ਨਾਲ਼ ਲਾਗਤ ਵੱਧਦੀ ਚਲੀ ਜਾਵੇਗੀ ਅਤੇ ਅਖੀਰ ਕਰਜ਼ਾ ਚੁਕਾਇਆ ਹੀ ਨਹੀਂ ਜਾ ਸਕੇਗਾ।)
ਅਸੀਂ ਇਸ ਬੁੱਢੇ ਅਜ਼ਾਦੀ ਘੁਲਾਟੀਏ ਨੂੰ ਪੂਰੇ ਦਿਨ ਸਰਗਰਮ ਰੱਖਿਆ, ਉਹ ਵੀ ਮਈ ਦੀ ਲੂੰਹਦੀ ਗਰਮੀ ਵਿੱਚ, ਪਰ ਉਹ ਥੱਕੇ ਹੋਏ ਨਾ ਲੱਗੇ। ਉਹ ਸਾਨੂੰ ਆਸ-ਪਾਸ ਘੁਮਾ ਕੇ ਅਤੇ ਸਾਡੀ ਉਤਸੁਕਤਾ ਨੂੰ ਸ਼ਾਂਤ ਕਰਕੇ ਖੁਸ਼ ਹਨ। ਅੰਤ ਵਿੱਚ, ਅਸੀੰ ਪੁਲ ਤੋਂ ਉਤਰ ਕੇ ਆਪਣੀਆਂ ਗੱਡੀਆਂ ਵੱਲ ਜਾਂਦੇ ਹਾਂ। ਉਨ੍ਹਾਂ ਦੇ ਕੋਲ ਸੈਨਾ ਦੀ ਜੀਪ ਹੈ-ਆਪਣੇ ਜਾਂ ਆਪਣੇ ਭਰਾ ਦੇ ਪੋਤੇ ਦੁਆਰਾ ਭੇਂਟ ਕੀਤੀ ਗਈ। ਤ੍ਰਾਸਦੀ ਇਹ ਹੈ ਕਿ ਇਹਦੇ ਅਗਲੇ ਬੰਪਰ 'ਤੇ ਅੰਗਰੇਜਾਂ ਦਾ ਇੱਕ ਝੰਡਾ ਪੇਂਟ ਕੀਤਾ ਹੋਇਆ ਹੈ ਤੇ ਬੋਨਟ ਦੋਵਾਂ ਕਿਨਾਰਿਆਂ 'ਤੇ USA C928635' ਛਪਿਆ ਹੈ। ਸ਼ਾਇਦ ਇਹੀ ਪੀੜ੍ਹੀ ਦਾ ਪਾੜਾ ਹੈ।
ਇਸ ਜੀਪ ਦੇ ਪ੍ਰਮੁੱਖ ਮਾਲਕ ਹਾਲਾਂਕਿ ਪੂਰਾ ਜੀਵਨ ਇੱਕ ਦੂਸਰੇ ਝੰਡੇ ਦੇ ਮਗਰ ਚੱਲਦੇ ਰਹੇ ਅਤੇ ਅੱਜ ਵੀ ਚੱਲਦੇ ਹਨ।
ਤਰਜਮਾ: ਕਮਲਜੀਤ ਕੌਰ