ਮੱਛੀ ਦੇ ਵਪਾਰ ਵਿੱਚ ਬਰਫ਼ ਵੇਚਣ ਵਾਲ਼ਿਆਂ ਦੀ ਭੂਮਿਕਾ ਕਾਫ਼ੀ ਅਹਿਮ ਹੈ। ਖ਼ਾਸ ਕਰਕੇ ਤਮਿਲਨਾਡੂ ਦੇ ਤਟ 'ਤੇ ਸਥਿਤ ਕਡਲੂਰ ਫ਼ਿਸ਼ਿੰਗ ਹਾਰਬਰ ਵਿਖੇ, ਉਹ ਵੀ ਗਰਮ ਮੌਸਮ ਦੌਰਾਨ ਤਾਂ। ਇੱਥੇ ਸ਼ਹਿਰ ਦੇ ਓਲਡ ਟਾਊਨ ਹਾਰਬਰ ਵਿਖੇ ਵੱਡੀਆਂ-ਵੱਡੀਆਂ ਕੰਪਨੀਆਂ ਮੱਛੀ ਦੇ ਵੱਡੇ ਵਪਾਰੀਆਂ ਨੂੰ ਤੇ ਮਸ਼ੀਨੀ ਬੇੜੀਆਂ ਨੂੰ ਵੱਡੀ ਮਾਤਰਾ ਵਿੱਚ ਬਰਫ਼ ਸਪਲਾਈ ਕਰਦੀਆਂ ਹਨ।
ਉਨ੍ਹਾਂ ਸਾਰਿਆਂ ਵਿਚਾਲੇ ਆਪਣੀ ਇੱਕ ਅੱਡ ਪਛਾਣ ਬਣਾਉਣ ਵਾਲ਼ੀ ਕਵਿਤਾ, ਇੱਕ ਬਰਫ਼ ਵਿਕ੍ਰੇਤਾ ਦੇ ਰੂਪ ਵਿੱਚ ਕੰਮ ਕਰਦੀ ਹਨ। ਉਹ ਬਰਫ਼ ਦੀਆਂ ਵੱਡੀਆਂ ਸਿੱਲਾਂ 800 ਰੁਪਏ ਪ੍ਰਤੀ ਸਿੱਲ ਦੇ ਹਿਸਾਬ ਨਾਲ਼ ਖ਼ਰੀਦ ਕੇ ਤੇ ਉਨ੍ਹਾਂ ਸਿੱਲਾਂ ਨੂੰ ਅੱਠ ਬਰਾਬਰ ਟੁਕੜਿਆਂ ਵਿੱਚ ਤੋੜ ਕੇ ਫਿਰ ਹਰੇਕ ਟੁਕੜੇ ਨੂੰ 100 ਰੁਪਏ ਵਿੱਚ ਵੇਚਦੀ ਹਨ। ਇਹ ਮੁਸ਼ੱਕਤ ਭਰਿਆ ਕੰਮ ਹੈ। ਇਸ ਕੰਮ ਲਈ ਕਵਿਤਾ ਨੇ ਅੱਡ ਤੋਂ ਮਜ਼ਦੂਰ ਰੱਖਿਆ ਹੋਇਆ ਹੈ, ਜਿਹਨੂੰ ਉਹ 600 ਰੁਪਏ ਦਿਹਾੜੀ ਤੋਂ ਇਲਾਵਾ ਦੋ ਡੰਗ ਖਾਣਾ ਵੀ ਦਿੰਦੀ ਹਨ।
''ਮੈਂ ਉਨ੍ਹਾਂ ਔਰਤਾਂ ਤੱਕ ਛੋਟੀਆਂ ਸਿੱਲਾਂ ਪਹੁੰਚਾਉਣ ਵਿੱਚ ਮਦਦ ਕਰਦੀ ਹਾਂ ਜਿਨ੍ਹਾਂ ਨੂੰ ਇਹਦੀ ਲੋੜ ਹੁੰਦੀ ਹੈ,'' 41 ਸਾਲਾ ਕਵਿਤਾ ਕਹਿੰਦੀ ਹਨ,''ਇਹ ਬੜਾ ਮੁਸ਼ੱਕਤ ਭਰਿਆ ਕੰਮ ਹੈ, ਇਹਦੇ ਬਾਅਦ ਵੀ ਅਸੀਂ ਬਾਮੁਸ਼ਕਲ ਗੁਜ਼ਾਰੇ ਜੋਗਾ ਹੀ ਕਮਾ ਪਾਉਂਦੇ ਹਾਂ। ਮੈਂ ਵੀ ਪੈਸੇ ਬਚਾਉਣਾ ਚਾਹੁੰਦੀ ਹਾਂ, ਪਰ ਮੈਂ ਇਨ੍ਹਾਂ ਵੱਡੀਆਂ-ਵੱਡੀਆਂ ਕੰਪਨੀਆਂ ਨਾਲ਼ ਮੁਕਾਬਲਾ ਕਿਵੇਂ ਕਰ ਸਕਦੀ ਹਾਂ।''
ਬਰਫ਼ ਵੇਚਣ ਦਾ ਕੰਮ ਕਵਿਤਾ ਨੇ 2017 ਵਿੱਚ ਸ਼ੁਰੂ ਕੀਤਾ। ਕਵਿਤਾ ਦੱਸਦੀ ਹੈ,''ਮੈਂ ਆਪਣੇ ਸਹੁਰੇ ਅਮ੍ਰਿਤਲਿੰਗਮ ਦੀ ਸਿਹਤ ਵਿੱਚ ਪਏ ਵਿਗਾੜ ਤੋਂ ਬਾਅਦ ਬਰਫ਼ ਵੇਚਣ ਦੇ ਉਨ੍ਹਾਂ ਦੇ ਕੰਮ ਵਿੱਚ ਮਦਦ ਕਰਨ ਲੱਗੀ। ਮੇਰੇ ਪਤੀ ਨੂੰ ਇਸ ਕੰਮ ਵਿੱਚ ਕੋਈ ਰੁਚੀ ਨਹੀਂ ਸੀ ਤੇ ਮੇਰਾ ਦਿਓਰ ਵਿਦੇਸ਼ ਗਿਆ ਹੋਇਆ ਸੀ।'' ਇਸ ਤੋਂ ਇਲਾਵਾ ਸਕੂਲੀ ਸਿੱਖਿਆ ਪ੍ਰਾਪਤ ਕਵਿਤਾ ਨੂੰ ਇਸ ਕਾਰੋਬਾਰ ਨੂੰ ਸਮਝਣ ਲਾਇਕ ਕਾਫ਼ੀ ਸਮਝ ਸੀ।
ਕਵਿਤਾ ਆਪਣੇ ਪੰਜ ਭੈਣ-ਭਰਾਵਾਂ ਵਿੱਚ ਸਾਰਿਆਂ ਤੋਂ ਛੋਟੀ ਹੈ। ਉਨ੍ਹਾਂ ਦੇ ਪਿਤਾ, ਜੋ ਸਵੈ-ਸਿੱਖਿਅਤ ਮਕੈਨਿਕ ਸਨ, ਅਚਾਨਕ ਬੀਮਾਰ ਪੈ ਗਏ। ਉਸ ਵੇਲ਼ੇ ਕਵਿਤਾ ਸਿਰਫ਼ 14 ਸਾਲਾਂ ਦੀ ਸਨ ਤੇ 9ਵੀਂ ਜਮਾਤ ਵਿੱਚ ਪੜ੍ਹਦੀ ਸਨ। ਬੱਸ ਉਦੋਂ ਹੀ ਕਵਿਤਾ ਨੂੰ ਸਕੂਲ ਛੱਡ ਆਪਣੀ ਮਾਂ ਨਾਲ਼ ਖੇਤ ਮਜ਼ਦੂਰੀ ਦਾ ਕੰਮ ਕਰਨਾ ਪਿਆ। ਉਹ ਪਨੀਰੀ ਲਾਉਣ ਤੇ ਨਦੀਨ ਪੁੱਟਣ ਦਾ ਕੰਮ ਕਰਦੀ।
ਜਦੋਂ ਅੰਬੂ ਰਾਜ ਤੇ ਕਵਿਤਾ ਦਾ ਵਿਆਹ ਹੋਇਆ ਤਾਂ ਉਹ 23 ਸਾਲਾਂ ਦੀ ਸਨ। ਅੰਬੂ ਰਾਜ ਇੱਕ ਕਲਾਕਾਰ ਹਨ ਤੇ ਪੇਂਟਿੰਗ ਦਾ ਕੰਮ ਕਰਦੇ ਹਨ। ਉਹ ਜੋੜਾ ਕਡਲੂਰ ਓਲਡ ਟਾਊਨ ਬੰਦਰਗਾਹ ਦੇ ਨੇੜੇ ਇੱਕ ਛੋਟੀ ਜਿਹੀ ਬਸਤੀ ਸੰਦਰੂਰਪਲਾਯਮ ਵਿਖੇ ਆਪਣੇ ਦੋ ਬੱਚਿਆਂ- 17 ਸਾਲਾ ਵੈਂਕਟੇਸ਼ਨ ਤੇ 15 ਸਾਲਾ ਤੰਗ ਮਿਤਰਾ ਨਾਲ਼ ਰਹਿੰਦਾ ਹੈ।
ਕਵਿਤਾ ਦੇ 75 ਸਾਲਾ ਸਹੁਰਾ ਸਾਹਬ ਅਮ੍ਰਿਤਲਿੰਗਮ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬੰਦਰਗਾਹ ਵਿਖੇ ਬਰਫ਼ ਵੇਚਣ ਦਾ ਕੰਮ ਕਰਦੇ ਆਏ ਸਨ। ਉਦੋਂ ਬਰਫ਼ ਦੇ ਛੋਟੇ ਟੁਕੜੇ ਵੇਚਣ ਦਾ ਕੰਮ ਕੋਈ ਨਹੀਂ ਕਰਦਾ ਸੀ ਤੇ ਵਪਾਰੀਆਂ ਨੂੰ ਬਰਫ਼ ਦੀ ਵੱਡੀ ਮਾਤਰਾ ਹੀ ਵੇਚੀ ਜਾਂਦੀ ਸੀ। ਅਮ੍ਰਿਤਲਿੰਗਮ ਦੇ ਕੋਲ਼ ਇੰਨੀ ਪੂੰਜੀ ਨਹੀਂ ਸੀ ਕਿ ਉਹ ਵੱਡੀ ਮਾਤਰਾ ਵਿੱਚ ਬਰਫ਼ ਦੀ ਸਪਲਾਈ ਕਰ ਪਾਉਂਦੇ, ਇਸੇ ਲਈ ਉਨ੍ਹਾਂ ਨੂੰ ਛੋਟੇ ਵਪਾਰੀਆਂ ਨੂੰ ਬਰਫ਼ ਵੇਚਣ ਦਾ ਮੌਕਾ ਹੱਥ ਲੱਗ ਗਿਆ।
ਕਵਿਤਾ ਕਹਿੰਦੀ ਹਨ,''ਵੱਡੇ ਵਪਾਰੀਆਂ ਕੋਲ਼ ਆਪਣੀ ਖ਼ੁਦ ਦੀ ਬਰਫ਼ ਦੀ ਫ਼ੈਕਟਰੀ, ਢੁਆਈ ਵਾਸਤੇ ਮਜ਼ਦੂਰ, ਆਵਾਜਾਈ ਦੇ ਸਾਧਨ ਤੇ ਵਿਕ੍ਰੇਤਾ ਹੁੰਦੇ ਹਨ।'' ਕਵਿਤਾ ਦੇ ਆਪਣੇ ਛੋਟੇ ਤੇ ਨਿਗੂਣੇ ਵਸੀਲੇ 20 ਵਰਗ ਫੁੱਟ ਦੀ ਇੱਕ ਦੁਕਾਨ ਤੱਕ ਸੀਮਤ ਹਨ ਜਿਨ੍ਹਾਂ ਬਦਲੇ ਉਨ੍ਹਾਂ ਨੂੰ ਹਰ ਮਹੀਨੇ 1,000 ਰੁਪਏ ਕਿਰਾਇਆ ਦੇਣਾ ਪੈਂਦਾ ਹੈ। ਇਸੇ ਦੁਕਾਨ ਵਿੱਚ ਬਰਫ਼ ਦੀਆਂ ਵੱਡੀਆਂ ਸਿੱਲਾਂ ਲਿਆ ਕੇ ਉਨ੍ਹਾਂ ਨੂੰ ਵੇਚਣ ਲਈ ਛੋਟੇ-ਛੋਟੇ ਟੁਕੜਿਆਂ ਵਿੱਚ ਤੋੜਿਆ ਜਾਂਦਾ ਹੈ।
''ਬਰਫ਼ ਦੇ ਵੱਡੇ ਵਪਾਰੀਆਂ ਦੇ ਨਾਲ਼ ਸਾਡਾ ਮੁਕਾਬਲਾ ਵੱਧਦਾ ਜਾ ਰਿਹਾ ਹੈ, ਪਰ ਮੈਨੂੰ ਸਾਬਤ ਕਦਮ ਰਹਿਣਾ ਹੋਵੇਗਾ,'' ਕਵਿਤਾ ਦਾ ਸੁਰ ਦ੍ਰਿੜ ਸੀ।
ਮੱਛੀ ਕਾਰੋਬਾਰ ਵਿੱਚ ਮੱਛੀ ਨੂੰ ਸੋਧਣਾ, ਭੰਡਾਰ ਕਰਨਾ, ਵੰਡ ਤੇ ਖ਼ਰੀਦੋ-ਫ਼ਰੋਖਤ ਦੇ ਵੱਖ-ਵੱਖ ਪੱਧਰਾਂ 'ਤੇ ਬਰਫ਼ ਦੀ ਲੋੜ ਹੁੰਦੀ ਹੈ। ਕੇਂਦਰੀ ਸਮੁੰਦਰੀ ਮੱਛੀ ਖ਼ੋਜ ਸੰਸਥਾ ਵੱਲੋਂ ਪ੍ਰਕਾਸ਼ਤ ਸਮੁੰਦਰੀ ਮੱਛੀ ਗਣਨਾ 2016 ਮੁਤਾਬਕ ਮੱਛੀ ਉਦਯੋਗ ਵਿੱਚ ਸ਼ਾਮਲ ਰੁਜ਼ਗਾਰਾਂ ਵਿੱਚ ਮੱਛੀ ਦੀ ਵੰਡ, ਜਾਲ਼-ਨਿਰਮਾਣ ਤੇ ਮੁਰੰਮਤ, ਸੰਰਖਣ, ਸੋਧ ਤੇ ਉਨ੍ਹਾਂ ਦੀ ਸਫ਼ਾਈ ਜਿਹੇ ਕੰਮ ਸ਼ਾਮਲ ਹਨ। ਕਾਮਿਆਂ ਨੂੰ ਵੀ 'ਮਜ਼ਦੂਰ' ਤੇ 'ਹੋਰ' ਦੀਆਂ ਸ਼੍ਰੇਣੀਆਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ। 'ਹੋਰ' ਵਿੱਚ ਉਹ ਲੋਕ ਆਉਂਦੇ ਹਨ ਜੋ ਨੀਲਾਮੀ, ਬਰਫ਼ ਦੀਆਂ ਸਿੱਲਾਂ ਤੋੜਨ, ਸਿੱਪੀ, ਸ਼ੈਲ ਤੇ ਸਮੁੰਦਰੀ ਘਾਹ, ਸਜਾਉਟੀ ਮੱਛੀ ਆਦਿ ਇਕੱਠਾ ਕਰਨ ਜਿਹੇ ਕੰਮਾਂ ਵਿੱਚ ਲੱਗੇ ਹੋਏ ਹਨ।
ਤਮਿਲਨਾਡੂ ਵਿੱਚ, 2,700 ਔਰਤਾਂ ਤੇ 2,221 ਪੁਰਸ਼ਾਂ ਨੂੰ 'ਹੋਰ' ਸ਼੍ਰੇਣੀ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ, ਜਦੋਂਕਿ ਕਡਲੂਰ ਜ਼ਿਲ੍ਹੇ ਵਿਖੇ ਇਹ ਅੰਕੜਾ 404 ਔਰਤਾਂ ਤੇ 35 ਪੁਰਸ਼ਾਂ ਦਾ ਹੈ। ਇਨ੍ਹਾਂ ਵਿੱਚੋਂ ਤਿੰਨ-ਚੌਥਾਈ ਅਬਾਦੀ ਕਡਲੂਰ ਓਲਡ ਟਾਊਨ ਹਾਰਬਰ ਦੇ ਨੇੜਲੇ ਪਿੰਡਾਂ ਵਿੱਚ ਵੱਸੀ ਹੋਈ ਹੈ। ਬਰਫ਼ ਨਾਲ਼ ਜੁੜੇ ਰੁਜ਼ਗਾਰਾਂ ਵਿੱਚ ਆਮ ਤੌਰ 'ਤੇ ਉਹ ਲੋਕ ਹਨ ਜੋ ਸਿੱਲਾਂ ਦੀ ਢੁਆਈ ਕਰਨ ਤੋਂ ਇਲਾਵਾ ਮੱਛੀਆਂ ਨੂੰ ਬਰਫ਼ ਲਾ ਕੇ ਪੈਕ ਕਰਦੇ ਹਨ ਤੇ ਉਨ੍ਹਾਂ ਨੂੰ ਗੱਡੀਆਂ ਵਿੱਚ ਲੱਦਦੇ ਹਨ ਜੋ ਉਨ੍ਹਾਂ ਨੂੰ ਦੂਜੀਆਂ ਥਾਵਾਂ 'ਤੇ ਲੈ ਜਾਂਦੀਆਂ ਹਨ।
ਕਵਿਤਾ ਦੋ ਕੰਪਨੀਆਂ ਤੋਂ ਬਰਫ਼ ਦੀਆਂ ਸਿੱਲਾਂ ਖਰੀਦਦੀ ਹਨ ਜੋ ਨੇੜੇ ਹੀ ਸਟੇਟ ਇੰਡਸਟ੍ਰੀਜ਼ ਪ੍ਰਮੋਸ਼ਨ ਕਾਰਪੋਰੇਸ਼ਨ ਆਫ਼ ਤਮਿਲਨਾਡੂ ਲਿਮਿਟਡ (ਐੱਸਆਈਪੀਸੀਓਟੀ) ਦੇ ਉਦਯੋਗਕ ਇਲਾਕੇ ਵਿੱਚ ਸਥਿਤ ਹਨ। ਉਹ ਬਰਫ਼ ਨੂੰ ਛੋਟੇ ਵਿਕ੍ਰੇਤਾਵਾਂ ਤੋਂ ਲਿਆ ਕੇ ਸਿਰ 'ਤੋ ਬਰਫ਼ ਢੋਹਣ ਵਾਲ਼ਿਆਂ ਨੂੰ ਵੇਚਦੀ ਹਨ।
ਲੰਬੇ ਤੇ ਪਤਲੇ ਸਰੀਰ ਵਾਲ਼ੀ ਕਵਿਤਾ ਨੂੰ ਦੇਖ ਕੇ ਉਨ੍ਹਾਂ ਦੀ ਸਰੀਰਕ ਮੁਸ਼ੱਕਤ ਦਾ ਅੰਦਾਜ਼ਾ ਨਹੀਂ ਲੱਗਦਾ। ''ਬੰਦਰਗਾਹ 'ਤੇ ਸਾਡੀ ਦੁਕਾਨ ਤੋਂ ਪੁੱਲ ਦੇ ਹੇਠਾਂ ਤੀਕਰ, ਜਿੱਥੇ ਔਰਤਾਂ ਇਨ੍ਹੀਂ ਦਿਨੀਂ ਮੱਛੀ ਵੇਚਣ ਲਈ ਬਹਿੰਦੀਆਂ ਹਨ, ਸਿਰ 'ਤੇ ਬਰਫ਼ ਚੁੱਕ ਕੇ ਲਿਜਾਣਾ ਕਾਫ਼ੀ ਮੁਸ਼ਕਲ ਕੰਮ ਹੈ,'' ਉਹ ਕਹਿੰਦੀ ਹਨ। ਬਰਫ਼ ਦੀਆਂ ਸਿੱਲਾਂ ਨੂੰ ਦੁਕਾਨ ਤੋਂ ਬਜ਼ਾਰ ਤੱਕ ਲਿਜਾਣ ਲਈ ਕਿਰਾਏ ਦੀ ਮੋਟਰਸਾਈਕਲ ਵੈਨ ਲੈਣ 'ਤੇ ਵੀ ਇੱਕ ਗੇੜੇ ਦਾ 100 ਰੁਪਿਆ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ, ਬਰਫ਼ ਤੋੜਨ ਵਾਲ਼ੀ ਮਸ਼ੀਨ ਵਿੱਚ ਪਾਉਣ ਲਈ ਕਵਿਤਾ ਨੂੰ ਹਰ ਦਿਨ 200 ਰੁਪਏ ਦੀ ਡੀਜ਼ਲ ਵੀ ਭਰਾਉਣਾ ਪੈਂਦਾ ਹੈ।
ਇਸ ਕਾਰੋਬਾਰ ਨੂੰ ਚਲਾਉਣਾ ਕੋਈ ਸਸਤਾ ਸੌਦਾ ਨਹੀਂ। ਕਵਿਤਾ ਬਰਫ਼ ਦੀਆਂ 210 ਸਿੱਲਾਂ 21,000 ਰੁਪਏ ਵਿੱਚ ਖ਼ਰੀਦਦੀ ਹਨ ਤੇ ਮਜ਼ਦੂਰੀ, ਬਾਲ਼ਣ, ਕਿਰਾਏ ਤੇ ਆਵਾਜਾਈ ਵਾਸਤੇ ਵਾਧੂ ਹਫ਼ਤਾਵਰੀ ਪੈਸਾ ਵੀ ਭਰਦੀ ਹਨ। ਇਨ੍ਹਾਂ ਸਾਰਿਆਂ ਨੂੰ ਮਿਲ਼ਾ ਕੇ ਉਨ੍ਹਾਂ ਦਾ ਖ਼ਰਚਾ 26,000 ਰੁਪਏ ਤੋਂ ਵੀ ਵੱਧ ਹੋ ਜਾਂਦਾ ਹੈ। ਜਿੱਥੋਂ ਤੱਕ ਉਨ੍ਹਾਂ ਦੀ ਕਮਾਈ ਦਾ ਸਵਾਲ ਹੈ ਤਾਂ ਇਹ ਬੜੀ ਮੁਸ਼ਕਲ ਨਾਲ਼ 29,000 ਤੋਂ 31500 ਰੁਪਏ ਦੇ ਨੇੜੇ ਤੇੜੇ ਹੀ ਰਹਿੰਦੀ ਹੈ। ਇਸ ਹਿਸਾਬੇ ਉਨ੍ਹਾਂ ਨੂੰ ਹਫ਼ਤੇ ਦਾ ਸਿਰਫ਼ 3,000 ਤੋਂ 3,500 ਦਾ ਹੀ ਲਾਭ ਹੁੰਦਾ ਹੈ, ਜਿਹਨੂੰ ਕਿਸੇ ਵੀ ਨਜ਼ਰੋਂ ਕਾਫ਼ੀ ਨਹੀਂ ਕਿਹਾ ਜਾ ਸਕਦਾ। ਬਾਕੀ, ਇਹ ਕਮਾਈ ਵੀ ਕਵਿਤਾ ਤੇ ਅੰਬੂ ਰਾਜ ਦੀ ਸਾਂਝੀ ਕਮਾਈ ਹੈ।
ਕਿਉਂਕਿ ਕਵਿਤਾ ਖ਼ੁਦ ਇੱਕ ਮਛੇਰਾ ਨਹੀਂ ਹਨ, ਇਸੇ ਲਈ ਉਹ ਕਿਸੇ ਮਹਿਲਾ-ਮਛੇਰੇ ਸਹਿਕਾਰਤਾ ਸੋਸਾਇਟੀ ਦੀ ਮੈਂਬਰ ਬਣਨ ਦੀ ਯੋਗਤਾ ਨਹੀਂ ਰੱਖਦੀ। ਇਸ ਕਾਰਨ ਕਰਕੇ ਉਹ ਕਿਸੇ ਵੀ ਸਰਕਾਰੀ ਕਲਿਆਣਕਾਰੀ ਯੋਜਨਾ ਦੇ ਦਾਇਰੇ ਵਿੱਚ ਵੀ ਨਹੀਂ ਆਉਂਦੀ। ਉਹ ਵੱਨੀਯਾਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ, ਜਿਹਨੂੰ ਅਤਿ-ਪਿਛੜਾ ਵਰਗ (ਐੱਮਬੀਸੀ) ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਹੈ ਤੇ ਮੱਛੀ ਪਾਲਣ ਤੇ ਕਾਰੋਬਾਰ ਨਾਲ਼ ਜੁੜੀਆਂ ਜਾਤੀਆਂ ਵਿੱਚ ਇਹਦੀ ਗਣਨਾ ਨਹੀਂ ਹੁੰਦੀ ।
ਸਰਕਾਰੀ ਨੀਤੀਆਂ ਕਵਿਤਾ ਜਿਹੀਆਂ ਔਰਤਾਂ ਬਾਰੇ ਸਤਹੀ ਜਿਹਾ ਜ਼ਿਕਰ ਕਰਦੀਆਂ ਲੱਗਦੀਆਂ ਹਨ, ਜਿਨ੍ਹਾਂ ਦੀ ਕਿਰਤ ਮੱਛੀ ਖੇਤਰ ਵਿੱਚ ਹਾਸ਼ੀਏ 'ਤੇ ਰਹਿ ਜਾਂਦੀ ਹੈ। ਉਦਾਹਰਣ ਲਈ, ਤਮਿਲਨਾਡੂ ਫਿਸ਼ਰਮੈਨ ਐਂਡ ਲੇਬਰਸ ਇੰਗੇਜਡ ਇਨ ਫਿਸ਼ਿੰਗ ਐਂਡ ਅਦਰ ਅਲਾਇਡ ਐਕਟੀਵਿਟੀਜ਼ (ਸਮਾਜਿਕ ਸੁਰੱਖਿਆ ਤੇ ਕਲਿਆਣ) ਐਕਟ, 2007 ਮੁਤਾਬਕ ਕਵਿਤਾ ਨੂੰ 'ਸਮੁੰਦਰੀ ਤਟੀ ਕਾਮੇ' ਵਜੋਂ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਬਰਫ਼ ਦੀ ਢੋਆ-ਢੁਆਈ ਕਰਨ ਤੇ ਉਹਨੂੰ ਛੋਟੇ ਟੁਕੜਿਆਂ ਵਿੱਚ ਤੋੜਨਾ, ਮੱਛੀ ਨੂੰ ਬਕਸੇ ਵਿੱਚ ਪੈਕ ਕਰਨਾ ਤੇ ਉਨ੍ਹਾਂ ਨੂੰ ਭੇਜਣ ਵਾਸਤੇ ਗੱਡੀ ਵਿੱਚ ਲੱਦਣ ਜਿਹੇ ਕੰਮ ਸ਼ਾਮਲ ਹਨ। ਪਰ ਇਸ ਵਰਗੀਕਰਣ ਨਾਲ਼ ਉਨ੍ਹਾਂ ਨੂੰ ਲਾਭ ਦੇ ਰੂਪ ਵਿੱਚ ਕੁਝ ਵੀ ਹਾਸਲ ਨਹੀਂ ਹੋ ਰਿਹਾ ਹੈ।
*****
ਕਵਿਤਾ ਤੇ ਉਨ੍ਹਾਂ ਦੇ ਪਤੀ, 42 ਸਾਲਾ ਅੰਬੂ ਰਾਜ ਦੇ ਦਿਨ ਦੀ ਸ਼ੁਰੂਆਤ ਤੜਕਸਾਰ ਹੀ ਹੋ ਜਾਂਦੀ ਹੈ। ਉਹ ਤੜਕੇ 3 ਵਜੇ ਬੰਦਰਗਾਹ ਲਈ ਨਿਕਲ਼ ਜਾਂਦੇ ਹਨ ਤੇ ਉੱਥੇ ਬਰਫ਼ ਵੇਚਣ ਦੇ ਆਪਣੇ ਕੰਮ ਵਿੱਚ ਰੁੱਝ ਜਾਂਦੇ ਹਨ। ਸਭ ਤੋਂ ਵੱਧ ਬਰਫ਼ ਇਸੇ ਸਮੇਂ ਵਿਕਦੀ ਹੈ,''ਸਵੇਰੇ 3 ਵਜੇ ਤੋਂ 6 ਵਜੇ ਤੱਕ,'' ਜਦੋਂ ਅੱਡੋ-ਅੱਡ ਰਾਜਾਂ ਦੇ ਵਪਾਰੀ ਮੱਛੀਆਂ ਖਰੀਦਣ ਆਉਂਦੇ ਹਨ। ਜ਼ਿਆਦਾਤਰ ਮਛੇਰੇ ਆਪਣੀਆਂ ਫੜ੍ਹੀਆਂ ਹੋਈਆਂ ਮੱਛੀਆਂ ਵਾਲ਼ੀ ਬੇੜੀ ਵੀ ਇਸੇ ਸਮੇਂ ਖਾਲੀ ਕਰਦੇ ਹਨ ਤੇ ਉਨ੍ਹਾਂ ਨੂੰ ਮੱਛੀ ਸਾਂਭਣ ਲਈ ਬਰਫ਼ ਦੀ ਹੀ ਲੋੜ ਪੈਂਦੀ ਹੈ।
ਸਵੇਰੇ 6 ਵਜੇ ਕਵਿਤਾ ਦੀ ਸੱਸ, 65 ਸਾਲਾ ਸੀਤਾ ਉਨ੍ਹਾਂ ਦਾ ਕੰਮ ਸਾਂਭਣ ਲਈ ਪਹੁੰਚ ਜਾਂਦੀ ਹੈ। ਕਵਿਤਾ ਘਰ ਮੁੜ ਕੇ ਬੱਚਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਉਨ੍ਹਾਂ ਲਈ ਖਾਣਾ ਪਕਾਉਂਦੀ ਹਨ। ਕਰੀਬ 10 ਵਜੇ ਉਹ ਬਰਫ਼ ਵੇਚਣ ਲਈ ਦੋਬਾਰਾ ਬੰਦਰਗਾਹ ਅੱਪੜ ਜਾਂਦੀ ਹਨ। ਉਹ ਘਰੋਂ ਬੰਦਰਗਾਹ ਆਉਣ-ਜਾਣ ਵਾਸਤੇ ਸਾਈਕਲ ਦਾ ਇਸਤੇਮਾਲ ਕਰਦੀ ਹਨ। ਸਾਈਕਲ ਸਹਾਰੇ ਉਨ੍ਹਾਂ ਨੂੰ ਘਰੋਂ ਬੰਦਰਗਾਹ 'ਤੇ ਪੈਂਦੀ ਆਪਣੀ ਦੁਕਾਨ ਤੱਕ ਪਹੁੰਚਣ ਤੇ ਉੱਥੋਂ ਘਰ ਵਾਪਸ ਮੁੜਨ ਵਿੱਚ ਸਿਰਫ਼ ਪੰਜ ਮਿੰਟ ਹੀ ਲੱਗਦੇ ਹਨ। ਹਾਲਾਂਕਿ, ਬੰਦਰਗਾਹ ਵਿਖੇ ਪਖ਼ਾਨੇ ਜਾਂ ਹੱਥ-ਪੈਰ ਧੋਣ ਦੀ ਕੋਈ ਸੁਵਿਧਾ ਨਹੀਂ ਹੈ, ਇਹ ਇੱਕ ਵੱਡੀ ਸਮੱਸਿਆ ਹੈ।
ਪਰਿਵਾਰਕ ਮਾਮਲਿਆਂ ਵਿੱਚ ਫ਼ੈਸਲਾਂ ਲੈਣ ਵਿੱਚ ਸੀਤਾ ਦੀ ਪ੍ਰਮੁੱਖ ਭੂਮਿਕਾ ਰਹਿੰਦੀ ਹੈ। ਕਵਿਤਾ ਦੱਸਦੀ ਹਨ,''ਬਰਫ਼ ਤੋੜਨ ਵਾਲ਼ੀ ਮਸ਼ੀਨ ਖ਼ਰੀਦਣ ਲਈ ਉਨ੍ਹਾਂ ਨੇ ਹੀ ਇੱਕ ਨਿੱਜੀ ਵਿੱਤ ਕੰਪਨੀ ਕੋਲ਼ੋਂ 50,000 ਰੁਪਏ ਦਾ ਕਰਜ਼ਾ ਲਿਆ ਸੀ।''
ਗੱਲ ਜਾਰੀ ਰੱਖਦਿਆਂ ਉਹ ਕਹਿੰਦੀ ਹਨ: ''ਮੈਂ ਤਾਂ ਇੰਨਾ ਵੀ ਨਹੀਂ ਜਾਣਦੀ ਕਿ ਸਾਡੇ ਉਧਾਰ ਦਾ ਵਿਆਜ ਕਿੰਨਾ ਹੈ। ਮੇਰੀ ਸੱਸ ਹੀ ਇਹ ਸਾਰਾ ਕੁਝ ਸੰਭਾਲ਼ਦੀ ਹੈ ਤੇ ਘਰ ਦੇ ਵੱਡੇ ਫ਼ੈਸਲੇ ਵੀ ਉਹੀ ਲੈਂਦੀ ਹੈ।''
ਹਾਲਾਂਕਿ, ਕਵਿਤਾ ਨੂੰ ਵਪਾਰ ਕਰਨ ਦੇ ਸਾਰੇ ਤੌਰ-ਤਰੀਕੇ ਆਉਂਦੇ ਹਨ। ਜਦੋਂ ਉਹ ਕਿਸੇ ਨੂੰ ਉਧਾਰ ਵੇਚਦੀ ਹਨ ਤਾਂ ਉਹ ਫ਼ੌਰਨ ਗਾਹਕ ਦਾ ਨਾਮ ਤੇ ਬਕਾਇਆ ਰਾਸ਼ੀ ਵਗੈਰਾ ਲਿਖ ਲੈਂਦੀ ਹਨ। ਨਾਲ਼ ਹੀ, ਉਹ ਬਰਫ਼ ਦੀ ਖ਼ਰੀਦੋ-ਫ਼ਰੋਖਤ ਦਾ ਹਿਸਾਬ-ਕਿਤਾਬ ਵੀ ਰੱਖਦੀ ਹਨ। ਪਰ, ਅਖ਼ੀਰ ਉਨ੍ਹਾਂ ਨੂੰ ਆਪਣੀ ਪੂਰੀ ਕਮਾਈ ਆਪਣੀ ਸੱਸ ਦੇ ਹੱਥਾਂ ਵਿੱਚ ਫੜ੍ਹਾਉਣੀ ਪੈਂਦੀ ਹੈ।
ਕਵਿਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਵੀ ਨਹੀਂ ਹੈ, ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ। ਉਹ ਕਹਿੰਦੀ ਹਨ,''ਮੇਰੀ ਇੱਕ ਕਮਾਈ ਹੈ, ਜਿਹਦੇ ਕਾਰਨ ਹੀ ਮੈਨੂੰ ਘਰ ਵਿੱਚ ਇੱਜ਼ਤ-ਮਾਣ ਮਿਲ਼ਦਾ ਹੈ; ਭਾਵੇਂ ਮੇਰੇ ਹੱਥ ਵਿੱਚ ਕੋਈ ਪੈਸਾ ਨਾ ਹੀ ਰਹਿੰਦਾ ਹੋਵੇ।'' ਉਨ੍ਹਾਂ ਦਾ ਪੂਰਾ ਪਰਿਵਾਰ ਤਿੰਨ ਕਮਰਿਆਂ ਵਾਲ਼ੇ ਘਰ ਵਿੱਚ ਰਹਿੰਦਾ ਹੈ, ਜੋ ਬੰਦਰਗਾਹ ਤੋਂ 2 ਕਿਲੋਮੀਟਰ ਦੂਰ ਹੈ।
ਉਹ ਦੱਸਦੀ ਹਨ,''ਸਾਡਾ ਪਰਿਵਾਰ ਆਪਸ ਵਿੱਚ ਬੜਾ ਕਰੀਬ ਹੈ ਤੇ ਅਸੀਂ ਇੱਕ-ਦੂਜੇ ਦਾ ਖ਼ਾਸਾ ਖ਼ਿਆਲ ਰੱਖਦੇ ਹਾਂ।'' ਉਨ੍ਹਾਂ ਦੇ ਬੱਚਿਆਂ ਦੀ ਫ਼ੀਸ ਦਿਓਰ ਅਰੁਲ ਰਾਜ ਭਰਦੇ ਹਨ, ਜਿਨ੍ਹਾਂ ਨੇ ਮੈਕੇਨੀਕਲ ਇੰਜੀਅਰਿੰਗ ਦੀ ਪੜ੍ਹਾਈ ਕੀਤੀ ਹੈ ਤੇ ਸਿੰਗਾਪੁਰ ਵਿੱਚ ਕੰਮ ਕਰਦੇ ਹਨ।
ਵੱਧਦੀ ਉਮਰ ਨਾਲ਼ ਉਨ੍ਹਾਂ ਦੇ ਸੱਸ-ਸਹੁਰੇ ਨੂੰ ਸਿਹਤ ਸਬੰਧੀ ਸਮੱਸਿਆਵਾਂ ਘੇਰਨ ਲੱਗੀਆਂ ਹਨ। ਕਵਿਤਾ ਨੂੰ ਪਰਿਵਾਰ ਪ੍ਰਤੀ ਆਪਣੀਆਂ ਵੱਧ ਰਹੀਆਂ ਜ਼ਿੰਮੇਦਾਰੀਆਂ ਦਾ ਵੀ ਅਹਿਸਾਸ ਹੈ ਤੇ ਬਰਫ਼ ਦੇ ਵਪਾਰ ਦਾ ਵੀ।
ਤਰਜਮਾ: ਕਮਲਜੀਤ ਕੌਰ