ਸਵੇਰੇ ਪਤੀ ਦੇ ਕੰਮ 'ਤੇ ਨਿਕਲ਼ਣ ਤੋਂ ਪਹਿਲਾਂ ਨੇਹਾ ਤੋਮਰ (ਕਹਾਣੀ ਵਿਚਲੇ ਸਾਰੇ ਨਾਮ ਬਦਲ ਦਿੱਤੇ ਗਏ ਹਨ) ਨੇ ਆਪਣੇ ਪਤੀ ਦੇ ਪੈਰੀਂ ਹੱਥ ਲਾਏ। ਇੰਝ ਰੋਜ਼-ਰੋਜ਼ ਨਹੀਂ ਵਾਪਰਦਾ ਸੀ, ਪਰ ਉਨ੍ਹਾਂ ਖ਼ਾਸ ਦਿਨਾਂ ਵਿੱਚ ਇਹ ਨਿਯਮ ਦਹੁਰਾਇਆ ਜਾਂਦਾ ਸੀ ਜਦੋਂ ਕੁਝ ਮਹੱਤਵਪੂਰਨ ਕਰਨ ਲਈ ਨੇਹਾ ਨੂੰ ਘਰੋਂ ਬਾਹਰ ਜਾਣ ਦੀ ਲੋੜ ਹੁੰਦੀ ਸੀ। ਭੇਟੁਆ ਬਲਾਕ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਪਰਿਸਰ ਵਿੱਚ ਬੈਠੀ ਨੇਹਾ ਨੇ ਉਦਾਹਰਣ ਦਿੰਦਿਆਂ ਕਿਹਾ,''ਜਿਵੇਂ ਕਿ ਉਦੋਂ, ਜਦੋਂ ਮੈਂ ਆਪਣੇ ਪੇਕੇ ਘਰ ਜਾਂਦੀ ਹਾਂ।''
ਨੇਹਾ ਅਮੇਠੀ ਤਹਿਸੀਲ ਦੇ ਇਸ ਸਿਹਤ ਕੇਂਦਰ ਵਿੱਚ ਆਪਣੀ ਸੱਸ ਦੇ ਨਾਲ਼ ਆਈ ਸਨ, ਜੋ ਨੇਹਾ ਦੇ ਚੌਥੇ ਬੱਚੇ ਨੂੰ ਸੰਭਾਲ਼ ਰਹੀ ਸੀ, ਇਹ ਬੱਚਾ (ਬੇਟਾ) ਅਜੇ ਤਿੰਨ ਮਹੀਨਿਆਂ ਦਾ ਹੀ ਹੈ ਅਤੇ ਉਹਦਾ ਕੋਈ ਨਾਮ ਨਹੀਂ ਰੱਖਿਆ ਗਿਆ। ਉਹ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਭੇਟੁਆ ਪਿੰਡ ਤੋਂ ਆਈਆਂ ਸਨ। ਨੇਹਾ ਅਤੇ ਉਨ੍ਹਾਂ ਦੇ ਪਤੀ ਅਕਾਸ਼ ਖ਼ੇਤ ਮਜ਼ਦੂਰ ਹਨ ਅਤੇ ਦੋਵਾਂ ਨੇ ਮਿਲ਼ ਕੇ ਇਹ ਤੈਅ ਕੀਤਾ ਕਿ ਹੁਣ ਹੋਰ ਬੱਚਾ ਪੈਦਾ ਨਹੀਂ ਕਰਾਂਗੇ। ਇਸ ਗੱਲ਼ 'ਤੇ ਜ਼ੋਰ ਦਿੰਦਿਆਂ ਨੇਹਾ ਕਹਿੰਦੀ ਹਨ,'' ਇਤਨੀ ਤੋ ਹਮਾਰੀ ਮਰਜ਼ੀ ਹੋਨੀ ਚਾਹੀਏ, '' ਜਿਨ੍ਹਾਂ ਦੇ ਵਿਆਹ ਤੋਂ ਬਾਅਦ ਇੰਨੇ ਘੱਟ ਸਮੇਂ ਦੇ ਅੰਦਰ-ਅੰਦਰ ਚਾਰ ਬੱਚੇ ਪੈਦਾ ਹੋ ਗਏ। ਬੱਚਿਆਂ ਵਿੱਚ ਉਨ੍ਹਾਂ ਦੀਆਂ ਦੋ ਧੀਆਂ ਹਨ ਜਿਨ੍ਹਾਂ ਦੀ ਉਮਰ 5 ਸਾਲ ਅਤੇ 4 ਸਾਲ ਹੈ ਇੱਕ ਡੇਢ ਸਾਲ ਦਾ ਬੇਟਾ ਹੈ। ਚੌਥੇ ਬੱਚੇ ਵੱਲ ਜੋ ਦਾਦੀ ਦੀ ਗੋਦ ਵਿੱਚ ਅਰਾਮ ਨਾਲ਼ ਸੌਂ ਰਿਹਾ ਸੀ, ਇਸ਼ਾਰਾ ਕਰਦਿਆਂ ਕਿਹਾ, ''ਇਹ ਵੀ ਇਨ੍ਹਾਂ ਦੀ ਮਿਹਰਬਾਨੀ ਨਾਲ਼ ਹੀ ਹੋਇਆ ਹੈ,''।
ਵਿਆਹ ਦੇ ਛੇ ਸਾਲਾਂ ਦੇ ਸਮੇਂ ਦੌਰਾਨ ਨੇਹਾ ਨੂੰ ਇਨ੍ਹਾਂ ਗੱਲਾਂ ਦੀ ਜਾਣਕਾਰੀ ਨਹੀਂ ਹੋਈ ਕਿ ਗਰਭਨਿਰੋਧਕਾਂ ਦੇ ਇਸਤੇਮਾਲ ਜਾਂ ਦੋ ਬੱਚਿਆਂ ਦੇ ਪੈਦਾ ਹੋਣ ਦਰਮਿਆਨ ਫ਼ਰਕ ਕਿਵੇਂ ਰੱਖਣਾ ਹੈ। ਨੇਹਾ ਕਹਿੰਦੀ ਹਨ,''ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਕਿਸੇ ਨੇ ਮੈਨੂੰ ਕੁਝ ਦੱਸਿਆ ਹੀ ਨਹੀਂ, ਬੱਸ ਇੰਨਾ ਹੀ ਸਿਖਾਇਆ ਸੀ ਕਿ ਮੈਂ ਹਰ ਹੀਲੇ ਆਪਣੇ ਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਹਰ ਗੱਲ ਸੁਣਨੀ ਹੈ।'' ਸ਼ੁਰੂਆਤੀ ਦੋ ਵਾਰ ਗਰਭਵਤੀ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਚੱਲ ਸਕਿਆ ਕਿ ਜੇ ਉਹ ਗਰਭ ਠਹਿਰਣ ਦੇ ਜ਼ਿਆਦਾ ਸੰਭਾਵਨਾ-ਸੰਪੰਨ ਦਿਨਾਂ (ਓਵੁਲੇਸ਼ਨ ਦੇ ਆਸਪਾਸ), ਯਾਨਿ ਆਪਣਾ ਪੀਰੀਅਡ ਸ਼ੁਰੂ ਹੋਣ ਦੇ ਲਗਭਗ ਦੋ ਹਫ਼ਤਿਆਂ ਤੱਕ ਸੈਕਸ ਤੋਂ ਪਰਹੇਜ ਕਰਦੀ ਹਨ ਤਾਂ ਦੋਬਾਰਾ ਗਰਭਵਤੀ ਹੋਣ ਦੀ ਸੰਭਾਵਨਾ ਨੂੰ ਘੱਟ ਕਰ ਸਕਦੀ ਹਨ। ਨੇਹਾ ਦੱਸਦੀ ਹਨ,''ਮੈਂ ਢਿੱਡ ਪੀੜ੍ਹ ਦਾ ਬਹਾਨਾ ਕਰਦੀ ਜਾਂ ਰਾਤ ਵੇਲ਼ੇ ਦੇਰ ਨਾਲ਼ ਕੰਮ ਖਤਮ ਕਰਨ ਦੇ ਬਹਾਨੇ ਲੱਭਦੀ, ਪਰ ਮੇਰੀ ਸੱਸ ਨੂੰ ਛੇਤੀ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਮੈਂ ਕੀ ਕਰ ਰਹੀ ਸਾਂ।''
ਗਰਭਨਿਰੋਧਕ ਦੇ ਰਵਾਇਤੀ ਤਰੀਕਿਆਂ, ਜਿਵੇਂ ਸਰੀਰਕ ਸਬੰਧ ਕਾਇਮ ਕਰਨ ਤੋਂ ਬਚਣਾ, ਗਰਭ ਠਹਿਰਣ ਦੇ ਸੰਭਾਵਨਾ ਸੰਪੰਨ ਦਿਨਾਂ ਵਿੱਚ ਸੰਯਮ ਵਰਤਣਾ ਅਤੇ ਸਬੰਧ ਬਣਾਉਂਦੇ ਵੇਲ਼ੇ ਸੁਰੱਖਿਅਤ ਕਾਲ਼ ਨੂੰ ਧਿਆਨ ਵਿੱਚ ਰੱਖਣ ਜਿਹੀਆਂ ਚੀਜ਼ਾਂ ਵੱਲ ਤਾਂ ਨੇਹਾ ਧਿਆਨ ਦੇ ਹੀ ਰਹੀ ਸਨ, ਇਹੀ ਉਹ ਢੰਗ ਹਨ ਜੋ ਬਾਕੀ ਭਾਰਤ ਦੇ ਮੁਕਾਬਲੇ ਵਿੱਚ ਯੂਪੀ ਵਿੱਚ ਵੱਧ ਪ੍ਰਚਲਿਤ ਰਹੇ ਹਨ। ਰੀਪ੍ਰੋਡਕਟਿਵ ਹੈਲਥ ਨਾਮਕ ਰਸਾਲੇ ਵਿੱਚ 2019 ਵਿੱਚ ਪ੍ਰਕਾਸਤ ਇੱਕ ਖੋਜ-ਪੱਤਰ ਦੇ ਮੁਤਾਬਕ, ਜੋ ਨੈਸ਼ਨਲ ਫ਼ੈਮਿਲੀ ਹੈਲਥ ਸਰਵੇਅ (ਐੱਨਐੱਫ਼ਐੱਚਐੱਸ-4, 2015-16) ਦੇ ਅੰਕੜਿਆਂ 'ਤੇ ਅਧਾਰਤ ਹੈ, ਰਾਜ ਵਿੱਚ ਅਪਣਾਏ ਜਾਂਦੇ ਗਰਭਨਿਰੋਧਕ ਦੇ ਤਰੀਕਿਆਂ ਵਿੱਚੋਂ 22 ਫੀਸਦ ਮਾਮਲਿਆਂ ਵਿੱਚ ਇਹੀ ਤਰੀਕੇ ਅਪਣਾਏ ਜਾਂਦੇ ਹਨ, ਇਹਦੀ ਤੁਲਨਾ ਵਿੱਚ ਰਾਸ਼ਟਰੀ ਪੱਧਰ 'ਤੇ ਸਿਰਫ਼ 9 ਫੀਸਦ ਮਾਮਲਿਆਂ ਵਿੱਚ ਇਸ ਤਰ੍ਹਾਂ ਦੇ ਤਰੀਕਿਆਂ ਦਾ ਇਸਤੇਮਾਲ ਦੇਖਿਆ ਗਿਆ ਹੈ। ਇਸ ਖੋਜ-ਪੱਤਰ ਦੇ ਮੁਤਾਬਕ ਵਰਤਮਾਨ ਵਿੱਚ ਯੂਪੀ ਵਿੱਚ ਮੌਜੂਦਾ ਸਮੇਂ ਵਿਆਹੁਤਾ ਔਰਤਾਂ ਵਿੱਚੋਂ ਸਿਰਫ਼ 50 ਫੀਸਦ ਹੀ ਪਰਿਵਾਰ ਨਿਯੋਜਨ ਦੇ ਆਧੁਨਿਕ ਤਰੀਕਿਆਂ ਜਿਵੇਂ ਕੰਡੋਮ, ਗੋਲ਼ੀ ਅਤੇ ਨਸਬੰਦੀ ਦਾ ਇਸਤੇਮਾਲ ਕਰਦੀਆਂ ਹਨ, ਦੂਜੇ ਪਾਸੇ ਰਾਸ਼ਟਰੀ ਪੱਧਰ 'ਤੇ ਇਹਦੀ ਵਰਤੋਂ 72 ਫੀਸਦ ਹੀ ਹੈ।
ਇੱਕ ਦੁਰਘਟਨਾ ਵਿੱਚ ਅਕਾਸ਼ ਦੀ ਲੱਤ ਟੁੱਟ ਜਾਣ ਤੋਂ ਬਾਅਦ ਮੁਸ਼ਕਲਾਂ ਵਧਣ ਲੱਗੀਆਂ, ਉਹ ਕੰਮ ਕਰਨ ਅਤੇ ਪੈਸਾ ਕਮਾ ਸਕਣ ਦੀ ਹਾਲਤ ਵਿੱਚ ਨਾ ਰਹੇ, ਫਿਰ ਕਿਤੇ ਜਾ ਕੇ ਨੇਹਾ ਆਪਣੇ ਪਤੀ ਨਾਲ਼ 'ਓਪਰੇਸ਼ਨ ਕਰਵਾਉਣ' ਜਾਣ ਦੇ ਸਬੰਧ ਵਿੱਚ ਗੱਲ ਕਰ ਸਕਣ ਦੀ ਹਿੰਮਤ ਕਰ ਸਕੀ। ਔਰਤਾਂ ਦੀ ਨਸਬੰਦੀ 'ਤੇ ਗੱਲ ਕਰਦਿਆਂ ਇਸ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਵਿੱਚ ਫੈਲੋਪਿਅਨ ਟਿਊਬ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਤਾਂਕਿ ਉਹ ਗਰਭਵਤੀ ਨਾ ਹੋ ਸਕੇ। ਇਹਦੇ ਬਾਅਦ ਵੀ ਯਕੀਨ ਨਾ ਹੋਣ ਦਾ ਸੂਰਤ ਵਿੱਚ ਨੇਹਾ ਦੀ ਸੱਸ ਉਨ੍ਹਾਂ ਦੇ ਨਾਲ਼ ਹਸਪਤਾਲ ਤੱਕ ਗਈ ਸਨ, ਪਰ ਉਨ੍ਹਾਂ ਨੇ ਉਮੀਦ ਨਾ ਛੱਡੀ। '' ਭਗਵਾਨ ਔਰ ਬੱਚੇ ਕੇ ਬੀਚ ਮੇਂ ਕਭੀ ਨਹੀਂ ਆਨਾ ਚਾਹੀਏ ''' ਇਹ ਵਾਕ ਉਹ ਆਪਣੇ ਆਪ ਹੀ ਬੁੜਬੜਾਉਂਦੀ ਰਹੀ ਜਾਂ ਸ਼ਾਇਦ ਉਹ ਨੇਹਾ ਅਤੇ ਉਨ੍ਹਾਂ ਹੋਰਨਾਂ 22 ਔਰਤਾਂ 'ਤੇ ਵਿਅੰਗ ਕੱਸਦਿਆਂ ਮਸਾਂ ਸੁਣੀਦੀਂ ਅਵਾਜ਼ ਵਿੱਚ ਬੋਲੀ ਜਾ ਰਹੀ ਸਨ, ਜੋ ਔਰਤਾਂ ਬੰਦੋੜਿਆ, ਨੌਗਿਰਵਾ, ਸਨਾਹਾ ਅਤੇ ਟਿਕਰੀ ਜਿਹੇ ਨੇੜਲੇ ਪਿੰਡਾਂ ਵਿੱਚੋਂ ਸੀਐੱਚਸੀ ਵਿਖੇ ਆਈਆਂ ਸਨ।
ਨਵੰਬਰ ਮਹੀਨੇ ਦੀ ਉਸ ਠੰਡੀ ਸਵੇਰ ਨੂੰ ਬਾਮੁਸ਼ਕਲ 10 ਵੱਜ ਰਹੇ ਸਨ, ਪਰ ਜ਼ਿਆਦਾਤਰ ਔਰਤਾਂ 9 ਵਜੇ ਦੇ ਆਸਪਾਸ ਹੀ ਪਹੁੰਚ ਗਈਆਂ ਸਨ ਅਤੇ ਦਿਨ ਬੀਤਣ ਦੇ ਨਾਲ਼-ਨਾਲ਼ ਹੋਰ ਵੀ ਔਰਤਾਂ ਆਉਂਦੀਆਂ ਗਈਆਂ। ਭੇਟੁਆ ਭਾਈਚਾਰਾ ਸਿਹਤ ਕੇਂਦਰ ਦੇ ਇੰਚਾਰਜ ਮੈਡੀਕਲ ਅਧਿਕਾਰੀ ਡਾਕਟਰ ਅਭਿਮੰਯੂ ਵਰਮਾ ਕਹਿੰਦੇ ਹਨ,''ਖ਼ਾਸ ਤੌਰ 'ਤੇ ਅਕਤੂਬਰ ਤੋਂ ਮਾਰਚ ਤੱਕ ਦੇ ਵਕਫ਼ੇ ਦੌਰਾਨ, ਮਹਿਲਾ ਨਸਬੰਦੀ ਦਿਵਸ ਮੌਕੇ ਕਰੀਬ 30-40 ਔਰਤਾਂ ਆਉਂਦੀਆਂ ਹਨ। ਉਹ ਸਰਜਰੀ ਕਰਵਾਉਣ ਲਈ ਇਨ੍ਹਾਂ ਮਹੀਨਿਆਂ ਨੂੰ ਹੀ ਤਰਜੀਹ ਦਿੰਦੀਆਂ ਹਨ। ਇਨ੍ਹੀਂ ਦਿਨੀਂ ਮੌਸਮ ਠੰਡਾ ਹੁੰਦਾ ਹੈ ਅਤੇ ਟਾਂਕੇ ਤੇਜ਼ੀ ਨਾਲ਼ ਰਾਜ਼ੀ ਹੋ ਜਾਂਦੇ ਹਨ, ਟਾਂਕੇ ਪਕਤੇ ਨਹੀਂ ਹੈਂ (ਲਾਗ ਦੀ ਸੰਭਾਵਨਾ ਵੀ ਕਾਫ਼ੀ ਘੱਟ ਰਹਿੰਦੀ ਹੈ।''
ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦੇ ਤਖ਼ਤਪੁਰ ਬਲਾਕ ਵਿੱਚ 8 ਨਵੰਬਰ, 2014 ਨੂੰ ਹੋਈ ਤ੍ਰਾਸਦੀ ਤੋਂ ਬਾਅਦ ਨਸਬੰਦੀ ਵਾਸਤੇ 'ਕੈਂਪ' ਲਾਉਣ ਦੀ ਪਹਿਲ ਦੇ ਖ਼ਿਲਾਫ਼ ਲੋਕਾਂ ਵਿੱਚ ਵੱਡੇ ਪੱਧਰ 'ਤੇ ਰੋਹ ਸੀ। ਉਸ ਕੈਂਪ ਵਿੱਚ 13 ਔਰਤਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ ਸੀ
ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦੇ ਤਖ਼ਤਪੁਰ ਬਲਾਕ ਵਿੱਚ 8 ਨਵੰਬਰ, 2014 ਨੂੰ ਹੋਈ ਤ੍ਰਾਸਦੀ ਤੋਂ ਬਾਅਦ ਨਸਬੰਦੀ ਵਾਸਤੇ 'ਕੈਂਪ' ਲਾਉਣ ਦੀ ਪਹਿਲ ਦੇ ਖ਼ਿਲਾਫ਼ ਲੋਕਾਂ ਵਿੱਚ ਵੱਡੇ ਪੱਧਰ 'ਤੇ ਰੋਹ ਸੀ। ਉਸ ਕੈਂਪ ਵਿੱਚ 13 ਔਰਤਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ ਸੀ। ਜਦੋਂ ਜ਼ਿਲ੍ਹਾ ਹਸਪਤਾਲ ਦੇ ਇੱਕ ਸਰਜਨ ਦੁਆਰਾ ਲੰਬੇ ਸਮੇਂ ਤੱਕ ਬੰਦ ਪਈ ਇਮਾਰਤ ਨੂੰ ਬਿਨਾਂ ਰੋਗਾਣੂ ਮੁਕਤ ਕੀਤੇ ਉਸ ਵਿੱਚ 90 ਮਿੰਟਾਂ ਦੇ ਅੰਦਰ ਅੰਦਰ 83 ਔਰਤਾਂ ਦੀ ਨਸਬੰਦੀ ਕਰ ਦਿੱਤੀ ਗਈ ਸੀ। ਸਰਜਨ ਨੇ ਇੱਕੋ ਲੈਪ੍ਰੋਸਕੋਪ ਦੀ ਵਰਤੋਂ ਕੀਤੀ ਸੀ ਅਤੇ ਏਸੇਪਿਸਸ ਲਈ ਕੋਈ ਸਾਵਧਾਨੀ ਨਹੀਂ ਵਰਤੀ ਸੀ।
ਇਹ ਕੋਈ ਪਹਿਲਾ ਸਮੂਹਿਕ ਸਰਜਰੀ ਕੈਂਪ ਨਹੀਂ ਸੀ, ਜਿਸ ਅੰਦਰ ਔਰਤਾਂ ਦੀ ਸਿਹਤ ਨੂੰ ਲੈ ਕੇ ਇਸ ਤਰ੍ਹਾਂ ਦੀ ਲਾਪਰਵਾਹੀ ਵਰਤੀ ਗਈ ਸੀ। ਬਿਹਾਰ ਦੇ ਅਰਰਿਆ ਜ਼ਿਲ੍ਹੇ ਦੇ ਕੁਰਸਾਕਾਂਟਾ ਬਲਾਕ ਵਿੱਚ ਸਥਿਤ ਕਪਰਫੋੜਾ ਬਸਤੀ ਵਿੱਚ 7 ਜਨਵਰੀ 2012 ਨੂੰ 53 ਔਰਤਾਂ ਦੀ ਨਸਬੰਦੀ ਇੱਕ ਸਕੂਲ ਅੰਦਰ ਕਰ ਦਿੱਤੀ ਗਈ ਸੀ; ਇਹ ਪੂਰਾ ਕਾਰਜ ਇੱਕ ਟਾਰਚ ਦੀ ਰੌਸ਼ਨੀ ਵਿੱਚ ਅਤੇ ਬਗ਼ੈਰ ਕਿਸੇ ਸਾਫ਼-ਸਫ਼ਾਈ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਸੀ।
ਅਰਰਿਆ ਦੀ ਘਟਨਾ ਤੋਂ ਬਾਅਦ ਸਿਹਤ ਅਧਿਕਾਰ ਕਾਰਕੁੰਨ ਦੇਵਿਕਾ ਵਿਸ਼ਵਾਸ ਦੁਆਰਾ 2012 ਵਿੱਚ ਦਾਇਰ ਇੱਕ ਜਨਹਿਤ ਅਪੀਲ 'ਤੇ 14 ਸਤੰਬਰ 2016 ਨੂੰ ਫ਼ੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਤਿੰਨ ਸਾਲ ਦੇ ਅੰਦਰ ਅੰਦਰ ਸਾਰੇ ਕੈਂਪ-ਅਧਾਰਤ ਸਮੂਹਿਕ ਨਸਬੰਦੀ ਨੂੰ ਰੋਕਣ ਅਤੇ ਇਹਦੀ ਬਜਾਇ ਪਰਿਵਾਰ ਨਿਯੋਜਨ ਯੋਜਨਾ ਦੇ ਤਹਿਤ ਸਿਹਤ ਸੁਵਿਧਾਵਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੇਵਾਵਾਂ ਤੱਕ ਪਹੁੰਚ ਨੂੰ ਬੇਹਤਰ ਕਰਨ 'ਤੇ ਧਿਆਨ ਕੇਂਦਰਤ ਕਰਨ ਦਾ ਨਿਰਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਯੂਪੀ, ਕੇਰਲ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਣੇ ਹੋਰਨਾਂ ਰਾਜਾਂ ਵੱਲੋਂ ਵੀ ਨਸਬੰਦੀ ਕੈਂਪਾਂ ਵਿੱਚ ਢੰਗ ਨਾਲ਼ ਦੇਖਭਾਲ਼ ਨਾ ਕੀਤੇ ਜਾਣ ਦੇ ਸਬੂਤ ਪੇਸ਼ ਕੀਤੇ ਗਏ ਸਨ।
ਇਸ ਤੋਂ ਬਾਅਦ ਨਸਬੰਦੀ ਲਈ ਕੈਂਪ ਲਗਾਉਣ ਦੀ ਪਹਿਲ ਦੀ ਥਾਂ 'ਫਿਕਸਡ ਡੇ ਸਰਵਿਸਜ' ਨੇ ਲੈ ਲਈ। ਇੰਝ ਹੋਣ ਦਾ ਮਤਲਬ ਸੀ ਕਿ ਹੁਣ ਜੋ ਵੀ ਔਰਤਾਂ ਅਤੇ ਪੁਰਸ਼ ਨਸਬੰਦੀ ਕਰਾਉਣਾ ਚਾਹੁੰਦੇ ਹਨ, ਉਹ ਮਹੀਨੇ ਦੇ ਉਸ ਨਿਸ਼ਚਿਤ ਦਿਨ ਆਪਣੇ ਜ਼ਿਲ੍ਹੇ ਦੇ ਕਮਿਊਨਿਟੀ ਹੈਲਥ ਸੈਂਟਰ ਆ ਸਕਦੇ ਹਨ। ਉਮੀਦ ਇਹ ਸੀ ਕਿ ਇਹ ਪ੍ਰਣਾਲੀ ਹਾਲਤਾਂ ਦੀ ਬੇਹਤਰ ਨਿਗਰਾਨੀ ਤੇ ਰੈਗੁਲੇਸ਼ਨ ਵਿੱਚ ਮਦਦਗਾਰ ਸਾਬਤ ਹੋਵੇਗੀ। ਤੈਅ ਦਿਨ ਨੂੰ ਵੱਡੇ ਪੈਮਾਨੇ 'ਤੇ ਨਸਬੰਦੀ ਦਿਵਸ ਵਜੋਂ ਮਨਾਇਆ ਜਾਂਦਾ ਸੀ, ਪਰ ਨਸਬੰਦੀ ਲਈ ਪੁਰਸ਼ ਸ਼ਾਇਦ ਹੀ ਕਦੇ ਆਉਂਦੇ ਸਨ, ਇਸਲਈ ਅਣਅਧਿਕਾਰਕ ਰੂਪ ਨਾਲ਼ ਉਸ ਦਿਨ ਨੂੰ ਮਹਿਲਾ ਨਸਬੰਦੀ ਦਿਵਸ ਕਿਹਾ ਜਾਣ ਲੱਗਿਆ।
ਅਤੇ ਅਦਾਲਤ ਦੇ ਹੁਕਮ ਦੇ ਬਾਵਜੂਦ, ਨਸਬੰਦੀ ਨੂੰ, ਖ਼ਾਸ ਕਰਕੇ ਮਹਿਲਾ ਨਸਬੰਦੀ ਨੂੰ, ਗਰਭਨਿਰੋਧਕ ਦੇ ਇੱਕ ਤਰੀਕੇ ਵਜੋਂ ਅਹਿਮਤੀਅਤ ਦਿੱਤੀ ਗਈ।
ਰਾਸ਼ਟਰੀ ਸਿਹਤ ਮਿਸ਼ਨ ਦੀ ਸਾਲ 2017 ਦੀ 11ਵੀਂ ਕਾਮਨ ਰਿਵਿਊ ਮਿਸ਼ਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੂਰੇ ਭਾਰਤ ਵਿੱਚ ਨਸਬੰਦੀ ਦੇ ਕੁਝ ਮਾਮਲਿਆਂ ਵਿੱਚ 93 ਫੀਸਦ ਮਹਿਲਾ ਨਸਬੰਦੀ ਦੇ ਮਾਮਲੇ ਹਨ। ਅਜੇ 2016-17 ਵਿੱਚ ਹੀ ਭਾਰਤ ਨੇ ਆਪਣੇ ਪਰਿਵਾਰ ਨਿਯੋਜਨ ਫੰਡ ਦਾ 85 ਫੀਸਦੀ ਹਿੱਸਾ ਮਹਿਲਾ ਨਸਬੰਦੀ 'ਤੇ ਖ਼ਰਚ ਕੀਤਾ ਅਤੇ 2019 ਵਿੱਚ ਰਿਪ੍ਰੋਡਕਟਿਵ ਹੈਲਥ / ਵਿੱਚ ਪ੍ਰਕਾਸ਼ਤ ਪੱਤਰ ਅਨੁਸਾਰ ਯੂਪੀ ਵਿੱਚ ਜਿੱਥੇ ਇੱਕ ਪਾਸੇ ਇਸ ਪ੍ਰਕਿਰਿਆ ਵਿੱਚ (1998-99 ਦੀ ਤੁਲਨਾ ਵਿੱਚ) ਘਾਟ ਦੇਖੀ ਗਈ, ਉੱਥੇ ਦੂਸਰੇ ਪਾਸੇ ਇਹ ਪ੍ਰਕਿਰਿਆ ਪ੍ਰਾਇਮਰੀ ਤਰੀਕਾ ਬਣੀ ਰਹੀ, ਜਿਹਦੇ ਤਹਿਤ 33 ਫੀਸਦ ਗਰਭਨਿਰੋਧਕ ਵਰਤੋਂਕਾਰ ਉੱਚ-ਪ੍ਰਜਨਨ ਦਰ ਵਾਲ਼ੇ ਜ਼ਿਲ੍ਹਿਆਂ ਦੇ ਅਤੇ 41 ਫੀਸਦ ਵਰਤੋਂਕਾਰ ਘੱਟ ਪ੍ਰਜਨਨ ਦਰ ਵਾਲ਼ੇ ਜ਼ਿਲ੍ਹਿਆਂ ਦੇ ਸਨ, ਜਿਨ੍ਹਾਂ ਦੀ ਪ੍ਰਾਥਮਿਕਤਾ ਔਰਤਾਂ ਦੀ ਨਸਬੰਦੀ ਕਰਨਾ ਸੀ।
ਸੁਲਤਾਨਪੁਰ ਜ਼ਿਲ੍ਹੇ ਵਿੱਚ, ਨਸਬੰਦੀ ਦੀ ਪ੍ਰਕਿਰਿਆ ਦੇ ਸੰਚਾਲਨ ਦਾ ਪੂਰਾ ਕਾਰਜਭਾਰ 2 ਤੋਂ 3 ਡਾਕਟਰਾਂ ਸਿਰ ਪਿਆ। ਉਹ ਤਹਿਸੀਲ ਜਾਂ ਜ਼ਿਲ੍ਹਾ ਪੱਧਰ 'ਤੇ ਪਰਿਵਾਰ ਨਿਯੋਜਨ ਕੋਆਰਡੀਨੇਟਰ ਦੁਆਰਾ ਤਿਆਰ ਰੋਸਟਰ ਦੇ ਮੁਤਾਬਕ ਕੰਮ ਕਰਦੇ ਅਤੇ 12 ਤੋਂ 15 ਬਲਾਕ ਵਿੱਚ ਫੈਲੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦਾ ਦੌਰਾ ਕਰਦੇ ਸਨ। ਹਰੇਕ ਕਮਿਊਨਿਟੀ ਹੈਲਥ ਸੈਂਟਰ ਮੋਟੇ ਤੌਰ 'ਤੇ ਮਹੀਨੇ ਵਿੱਚ ਇੱਕ ਵਾਰੀ ਨਸਬੰਦੀ ਦਿਵਸ ਅਯੋਜਿਤ ਕਰਨ ਵਿੱਚ ਸਮਰੱਥ ਸਨ, ਜਿੱਥੇ ਪੁਰਸ਼ ਅਤੇ ਮਹਿਲਾਵਾਂ ਇਸ ਪ੍ਰਕਿਰਿਆ ਵਿੱਚੋਂ ਲੰਘ ਸਕਦੇ ਸਨ।
ਭੇਟੂਆ ਸਿਹਤ ਕੇਂਦਰ ਵਿੱਚ ਅਜਿਹੇ ਹੀ ਕਿਸੇ ਨਿਰਧਾਰਤ ਦਿਨ ਇਹ ਗੱਲ ਸਾਫ਼ ਹੋ ਗਈ ਕਿ ਔਰਤਾਂ ਦੀ ਨਸਬੰਦੀ ਦੇ ਲਈ ਦਿਨਾਂ ਦੀ ਸੀਮਤ ਸੰਖਿਆ, ਇਸ ਪ੍ਰਕਿਰਿਆ ਵਿੱਚੋਂ ਲੰਘਣ ਲਈ ਤਿਆਰ ਲੋਕਾਂ ਦੀ ਮੰਗ ਨੂੰ ਪੂਰਿਆਂ ਕਰਨ ਲਈ ਨਾਕਾਫ਼ੀ ਹੈ। ਸ਼ਾਮ ਨੂੰ 4 ਵਜੇ ਜਦੋਂ ਰੋਸਟਰ 'ਤੇ ਨਿਰਧਾਰਤ ਸਰਜਨ ਸਰਕਾਰੀ ਸਿਹਤ ਮੇਲੇ ਵਿੱਚ ਹਿੱਸਾ ਲੈਣ ਕਾਰਨ ਕਾਫ਼ੀ ਦੇਰੀ ਨਾਲ਼ ਅੱਪੜਿਆ ਤਾਂ ਸਮੇਂ ਰੋਗੀਆਂ ਦੀ ਗਿਣਤੀ 30 ਤੱਕ ਪਹੁੰਚ ਚੁੱਕੀ ਸੀ। ਦੋ ਔਰਤਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਗਿਆ, ਕਿਉਂਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਉਹ ਗਰਭਵਤੀ ਹਨ।
ਇਮਾਰਤ ਦੇ ਐਨ ਅਖ਼ਰੀਲੇ ਸਿਰੇ 'ਤੇ ਓਪਰੇਸ਼ਨ ਥੀਏਟਰ ਜਿਹਾ ਜਾਪਣ ਵਾਲ਼ਾ ਕਮਰਾ ਦੁਪਹਿਰ ਤੋਂ ਹੀ ਤਿਆਰ ਰੱਖਿਆ ਗਿਆ ਸੀ। ਵੱਡੀ ਸਾਰੇ ਖਿੜਕੀ 'ਤੇ ਲੱਗੇ ਬੇਹੱਦ ਪਤਲੇ ਪਰਦਿਆਂ ਵਿੱਚੋਂ ਦੀ ਘੱਟਾ ਅੰਦਰ ਆ ਰਿਹਾ ਸੀ, ਪਰ ਫਿਰ ਵੀ ਅੰਦਰ ਠੰਡ ਹੀ ਸੀ। ਕਮਰੇ ਦੇ ਵਿਚਕਾਰ ਕਰਕੇ ਤਿੰਨ 'ਓਪਰੇਸ਼ਨ ਟੇਬਲ' ਲਾਈਨ ਵਿੱਚ ਲੱਗੇ ਹੋਏ ਸਨ। ਉਨ੍ਹਾਂ ਨੂੰ ਇੱਕ ਪਾਸਿਓਂ ਥੋੜ੍ਹਾ ਝੁਕਾ ਦਿੱਤਾ ਗਿਆ ਸੀ, ਜਦੋਂਕਿ ਦੂਸਰੀ ਪਾਸੇ ਇੱਟਾਂ ਦੇ ਸਹਾਰੇ ਥੋੜ੍ਹਾ ਉੱਚਾ ਕਰ ਦਿੱਤਾ ਗਿਆ ਸੀ ਤਾਂਕਿ ਸਰਜਰੀ ਦੌਰਾਨ ਡਾਕਟਰ ਦੀ ਪਹੁੰਚ ਸੁਖਾਲੀ ਹੋ ਸਕੇ।
ਡਾਕਟਰ ਰਾਹੁਲ ਗੋਸਵਾਮੀ ਨੇ ਇੱਟਾਂ ਵੱਲ ਇਸ਼ਾਰਾ ਕਰਦਿਆਂ ਕਿਹਾ,''ਮੈਡੀਕਲ ਸਕੂਲ ਵਿੱਚ ਅਸੀਂ ਟ੍ਰੇਂਡੇਲਨਬਰਗ ਸੁਵਿਧਾ ਵਾਲ਼ੇ ਓਪਰੇਸ਼ਨ ਟੇਬਲ ਬਾਰੇ ਸਿੱਖਿਆ ਸੀ। ਉਨ੍ਹਾਂ ਨੂੰ ਝੁਕਾਇਆ ਜਾ ਸਕਦਾ ਹੈ। ਪਰ ਇੱਥੇ ਪੰਜ ਸਾਲਾਂ ਤੱਕ ਰਹਿਣ ਦੌਰਾਨ ਮੈਂ ਇੱਥੇ ਉਸ ਤਰ੍ਹਾਂ ਦਾ ਇੱਕ ਵੀ ਟੇਬਲ ਨਹੀਂ ਦੇਖਿਆ, ਇਸਲਈ ਅਸੀਂ ਆਪਣਾ ਹੀ ਤਰੀਕਾ ਲੱਭਿਆ ਹੈ। ਸਰਜਰੀ ਦੌਰਾਨ ਗ਼ਲਤ ਮੁਦਰਾ (ਪੋਸਚਰ) ਨਾਲ਼ ਦਿੱਕਤਾਂ ਪੈਦਾ ਹੋ ਸਕਦੀਆਂ ਹਨ।''
ਨੇਹਾ ਸਰਜਰੀ ਲਈ ਕਮਰੇ ਵਿੱਚ ਲਿਆਂਦੀਆਂ ਜਾਣ ਵਾਲ਼ੀਆਂ ਪਹਿਲੀਆਂ ਤਿੰਨ ਔਰਤਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਸੱਸ ਨੂੰ ਬਾਹਰ ਉਡੀਕ ਕਰਨ ਲਈ ਕਿਹਾ ਗਿਆ ਸੀ। ਤਿੰਨੋਂ ਔਰਤਾਂ ਵਿੱਚੋਂ ਕਿਸੇ ਨੇ ਕਦੇ ਵੀ ਕਿਸੇ ਆਧੁਨਿਕ ਗਰਭਨਿਰੋਧਕ ਤਰੀਕੇ ਦਾ ਇਸਤੇਮਾਲ ਨਹੀਂ ਕੀਤਾ ਸੀ। ਨੇਹਾ ਨੂੰ ਘੱਟੋ-ਘੱਟ ਉਨ੍ਹਾਂ ਬਾਰੇ ਜਾਣਕਾਰੀ ਤਾਂ ਸੀ, ਪਰ ਉਨ੍ਹਾਂ ਦੇ ਇਸਤੇਮਾਲ ਤੋਂ ਕਤਰਾਉਂਦੀ ਰਹੀ। ਉਨ੍ਹਾਂ ਨੇ ਬੱਚੇਦਾਨੀ ਦੇ ਅੰਦਰ ਰੱਖੇ ਜਾਣ ਵਾਲ਼ੇ ਯੰਤਰ (IUD) ਦਾ ਜ਼ਿਕਰ ਕਰਦਿਆਂ ਕਿਹਾ,''ਮੈਂ ਉਸ ਬਾਰੇ ਜਾਣਦੀ ਹਾਂ, ਪਰ ਗੋਲ਼ੀਆਂ ਖਾਣ ਨਾਲ਼ ਉਲਟੀ ਆਉਂਦੀ ਹੈ ਅਤੇ ਕਾਪਰ-ਟੀ ਡਰਾਉਣੀ ਲੱਗਦੀ ਹੈ। ਇਹ ਇੱਕ ਲੰਬੇ-ਜਿਹੇ ਤੀਲੇ ਵਰਗੀ ਹੁੰਦੀ ਹੈ।''
ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁੰਨ (ਆਸ਼ਾ) ਦੀਪਲਤਾ ਯਾਦਵ, ਜੋ ਹੋਰ ਦੋ ਔਰਤਾਂ ਦੇ ਨਾਲ਼ ਆਈ ਸਨ, ਇਹ ਗੱਲ ਸੁਣ ਕੇ ਮੁਸਕਰਾਈ। ਯਾਦਵ ਕਹਿੰਦੀ ਹਨ,''ਕਾਪਰ ਆਈਯੂਡੀ ਬਾਰੇ ਗੱਲ ਕਰਨ 'ਤੇ ਤੁਹਾਨੂੰ ਆਮ ਤੌਰ 'ਤੇ ਇਹੀ ਸੁਣਨ ਨੂੰ ਮਿਲ਼ਦਾ ਹੈ। ਹਾਲਾਂਕਿ ਅੰਦਰਲੇ ਪਾਸੇ ਵਾਲ਼ਾ ਯੰਤਰ ਕਾਫ਼ੀ ਛੋਟਾ ਅਤੇ ਟੀ-ਅਕਾਰ ਦਾ ਹੁੰਦਾ ਹੈ, ਸਿਰਫ਼ ਪੈਕੇਜਿੰਗ ਲੰਬੀ ਹੁੰਦੀ ਹੈ, ਇਸਲਈ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਪੂਰੀ ਚੀਜ਼ ਹੀ ਅੰਦਰ ਪਾਈ ਜਾਵੇਗੀ।'' ਇੱਥੇ ਅੱਜ ਦੇ ਦਿਨ ਉਨ੍ਹਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਇਸ ਪ੍ਰਕਿਰਿਆ ਲਈ ਉਹ ਜਿੰਨੀਆਂ ਵੀ ਔਰਤਾਂ ਨੂੰ ਇੱਥੇ ਲੈ ਕੇ ਆਈ ਸਨ, ਉਹਦੇ ਬਦਲੇ ਉਨ੍ਹਾਂ ਨੂੰ 200 ਰੁਪਏ ਹਰ ਔਰਤ ਦੇ ਹਿਸਾਬ ਨਾਲ਼ ਮਿਲ਼ਣਗੇ, ਪਰ ਯਾਦਵ ਲੰਬੇ ਸਮੇਂ ਤੱਕ ਰੁਕਦੀ ਹਨ, ਦੋਵਾਂ ਔਰਤਾਂ ਨੂੰ ਬੈੱਡ 'ਤੇ ਚੜ੍ਹਨ ਵਿੱਚ ਮਦਦ ਕਰਦੀ ਹਨ ਅਤੇ ਐਨਸਥੀਸਿਆ (ਬੇਹੋਸ਼ੀ ਦੀ ਦਵਾਈ) ਦੇ ਅਸਰ ਕਰਨ ਤੱਕ ਉਡੀਕ ਕਰਦੀ ਹਨ।
ਓਪਰੇਟਿੰਗ ਟੇਬਲ 'ਤੇ ਪਹੁੰਚ ਜਾਣ ਤੋਂ ਬਾਅਦ ਤੁਸੀਂ ਇੱਕ ਔਰਤ ਤੋਂ ਦੂਜੀ ਔਰਤ ਵਿੱਚ ਫ਼ਰਕ ਨਹੀਂ ਲੱਭ ਸਕਦੇ ਕਿਉਂਕਿ ਉਨ੍ਹਾਂ ਸਿਰ ਇੱਕ ਪਾਸੇ ਨੂੰ ਝੁਕੇ ਹੁੰਦੇ ਹਨ। ਜਿਸ ਸਮੇਂ ਡਾਕਟਰ ਇੱਕ-ਇੱਕ ਕਰਕੇ ਹਰ ਇੱਕ ਟੇਬਲ 'ਤੇ ਗਏ, ਉਨ੍ਹਾਂ ਦੇ ਸਿਰ ਡਰ ਅਤੇ ਥਕਾਵਟ ਨਾਲ਼ ਇੱਕ ਪਾਸੇ ਨੂੰ ਝੁਕੇ ਹੋਏ ਸਨ। ਇਸ ਪ੍ਰਕਿਰਿਆ ਨੇ ਉਨ੍ਹਾਂ ਸਾਰਿਆਂ ਨੂੰ ਇੱਕੋ ਕਮਰੇ ਵਿੱਚ ਥੋੜ੍ਹੀ ਅਸਧਾਰਣ ਹਾਲਤ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ। ਪਰ ਕਿਸੇ ਦੇ ਕੋਲ਼ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਸੋਚਣ ਦਾ ਸਮਾਂ ਨਹੀਂ ਸੀ। ਪ੍ਰਕਿਰਿਆ ਨੂੰ ਨੇਪਰੇ ਚਾੜ੍ਹਦੇ ਸਮੇਂ ਓਪਰੇਸ਼ਨ ਵਾਲ਼ੇ ਕਮਰੇ ਦਾ ਬੂਹਾ ਕਈ ਵਾਰ ਖੁੱਲ੍ਹਦਾ ਅਤੇ ਬੰਦ ਹੁੰਦਾ ਸੀ, ਜਿਸ ਕਰਕੇ ਔਰਤਾਂ ਦੀ ਨਿੱਜਤਾ ਭੰਗ ਹੋ ਰਹੀ ਸੀ।
ਕਮਰੇ ਵਿੱਚ ਉਨ੍ਹਾਂ ਦੇ ਸਾਹਾਂ ਦੀ ਕੰਪਨ ਅਤੇ ਔਜਾਰਾਂ ਦੀ ਖੜ-ਖੜ ਸਾਫ਼ ਸੁਣੀ ਜਾ ਸਕਦੀ ਸੀ। ਇੱਕ ਸਹਾਇਕ ਨੇ ਉਨ੍ਹਾਂ ਦੀ ਹਾਲਤ ਜਾਂਚੀ ਅਤੇ ਉਨ੍ਹਾਂ ਦੀਆਂ ਸਾੜੀਆਂ ਨੂੰ ਐਡਜੈਸਟ ਕੀਤਾ, ਤਾਂਕਿ ਡਾਕਟਕਰ ਠੀਕ ਤਰ੍ਹਾਂ ਨਾਲ਼ ਚੀਰਾ ਲਾ ਸਕੇ।
ਗੋਸਵਾਮੀ ਦੱਸਦੇ ਹਨ,''ਨਸਬੰਦੀ ਦੀ ਪ੍ਰਕਿਰਿਆ ਦੇ ਸਾਰੇ ਤਿੰਨ ਪੜਾਵਾਂ ਵਿੱਚ ਚੀਰਾ ਲਾਉਣਾ, ਉਹਨੂੰ ਬੰਦ ਕਰਨਾ ਅਤੇ ਲੈਪ੍ਰੋਸਕੋਪਿਕ ਯੰਤਰਾਂ ਦੇ ਨਾਲ਼ ਫੈਲੋਪਿਅਨ ਟਿਊਬ 'ਤੇ ਕੰਮ ਕਰਨਾ ਸ਼ਾਮਲ ਹੁੰਦਾ ਹੈ, ਨਾਲ਼ ਹੀ ਇਹਦੇ ਲਈ ਰੌਸ਼ਨੀ ਦਾ ਢੁੱਕਵਾਂ ਬੰਦੋਬਸਤ ਹੋਣਾ ਬੇਹੱਦ ਲਾਜ਼ਮੀ ਹੈ।'' ਦਿਨ ਢਲਣ ਦੇ ਨਾਲ਼-ਨਾਲ਼ ਬਾਹਰ ਰੌਸ਼ਨੀ ਘੱਟਦੀ ਗਈ, ਤਾਂ ਕਮਰੇ ਅੰਦਰਲੀ ਰੌਸ਼ਨੀ ਵੀ ਕਾਫ਼ੀ ਨਹੀਂ ਲੱਗ ਰਹੀ ਸੀ ਪਰ ਕਿਸੇ ਨੇ ਵੀ ਉੱਥੇ ਮੌਜੂਦ ਐਂਮਰਜੈਂਸੀ ਲਾਈਟਾਂ ਨਹੀਂ ਜਗਾਈਆਂ।
ਪੰਜ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਇੱਕ ਔਰਤ ਦੀ ਸਰਜਰੀ ਦੀ ਪ੍ਰਕਿਰਿਆ ਪੂਰੀ ਹੋ ਗਈ ਅਤੇ ਡਾਕਟਰ ਅਗਲੇ ਮੇਜ਼ 'ਤੇ ਚਲਾ ਗਿਆ। ਉਨ੍ਹਾਂ ਨੇ ਕਿਹਾ,'' ਹੋ ਗਿਆ , ਡਨ!'' ਇਹ ਇਸ਼ਾਰਾ ਉੱਥੇ ਮੌਜੂਦ ਸਹਾਇਕ ਅਤੇ ਆਸ਼ਾ ਵਰਕਰ ਲਈ ਸੀ ਤਾਂਕਿ ਔਰਤ ਨੂੰ ਮੇਜ਼ ਦੇ ਹੇਠਾਂ ਉਤਰਣ ਵਿੱਚ ਮਦਦ ਕੀਤੀ ਜਾਵੇ ਅਤੇ ਅਗਲੇ ਸਮੂਹ ਨੂੰ ਸਰਜਰੀ ਲਈ ਤਿਆਰ ਰੱਖਿਆ ਜਾਵੇ।
ਨਾਲ਼ ਦੇ ਕਮਰੇ ਵਿੱਚ ਗੱਦੇ ਵਿਛਾ ਦਿੱਤੇ ਗਏ ਸਨ। ਪੀਲ਼ੀਆਂ ਕੰਧਾਂ 'ਤੇ ਸਲ੍ਹਾਬ ਦੇ ਕਈ ਦਾਗ਼ ਸਨ। ਸਾਹਮਣੇ ਦੇ ਬੂਹੇ ਦੇ ਕੋਲ਼ ਮੌਜੂਦ ਪਖ਼ਾਨੇ ਵਿੱਚੋਂ ਬਦਬੂਦਾਰ ਹਵਾੜ ਉੱਠ ਰਹੀ ਸੀ। ਸਰਜਰੀ ਦੀ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਨੇਹਾ ਨੂੰ ਲਿਟਾਉਣ ਲਈ ਲਿਆਂਦਾ ਗਿਆ, ਫਿਰ ਮਾਸਾ ਅਰਾਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਤੇ ਹੋਰਨਾਂ ਔਰਤਾਂ ਨੂੰ ਇੱਕ ਐਂਬੂਲੈਂਸ ਰਾਹੀਂ ਘਰ ਛੱਡਿਆ ਗਿਆ। ਅੱਧੇ ਘੰਟੇ ਮਗਰੋਂ ਜਦੋਂ ਉਹ ਐਂਬੂਲੈਂਸ 'ਤੇ ਚੜ੍ਹੀ, ਉਦੋਂ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਹੋਸ਼ ਨਹੀਂ ਆਇਆ ਸੀ। ਉਹ ਆਂਸ਼ਕ ਰੂਪ ਨਾਲ਼ ਅਜੇ ਵੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੀ ਸਨ, ਕਿਉਂਕਿ ਇਹ ਸਾਰਾ ਕੁਝ ਬੜੀ ਜਲਦੀ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ਼ ਬੇਹੋਸ਼ ਹੋਣ ਤੱਕ ਨਹੀਂ ਉਡੀਕਿਆ ਗਿਆ।
ਜਦੋਂ ਉਹ ਆਪਣੀ ਸੱਸ ਦੇ ਨਾਲ਼ ਘਰ ਅਪੜੀ ਤਾਂ ਅਕਾਸ਼ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੀ ਸੱਸ ਵਿਅੰਗ ਕੱਸਦਿਆਂ ਕਹਿੰਦੀ ਹਨ,''ਪੁਰਸ਼ ਜਦੋਂ ਘਰ ਮੁੜਦੇ ਹਨ ਤਾਂ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਮਾਂ, ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ ਬੱਚੇ, ਉਨ੍ਹਾਂ ਦਾ ਕੁੱਤਾ ਉਡੀਕ ਕਰਦਾ ਹੋਇਆ ਮਿਲ਼ੇ, ਇਸ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਚਾਹੁੰਦੇ।'' ਇਹਦੇ ਬਾਅਦ ਉਨ੍ਹਾਂ ਦੀ ਸੱਸ ਨੇਹਾ ਲਈ ਚਾਹ ਬਣਾਉਣ ਸਿੱਧੇ ਘਰ ਦੇ ਕੋਨੇ ਵਿੱਚ ਬਣੀ ਰਸੋਈ ਵਿੱਚ ਚਲੀ ਗਈ।
''ਟੀਕਾ ਲਾਉਣ ਤੋਂ ਬਾਅਦ ਵੀ ਦਰਦ ਹੋ ਰਿਹਾ ਸੀ,'' ਉਨ੍ਹਾਂ ਨੇ ਢਿੱਡ ਫੜ੍ਹ ਕੇ ਉਸ ਥਾਂ ਨੂੰ ਦਿਖਾਉਂਦਿਆਂ ਕਿਹਾ, ਜਿੱਥੇ ਪੱਟੀ ਦੇ ਚੌਰਸ ਟੁਕੜੇ ਨਾਲ਼ ਚੀਰੇ ਨੂੰ ਢੱਕਿਆ ਹੋਇਆ ਸੀ।
ਦੋ ਦਿਨ ਬਾਅਦ ਨੇਹਾ ਰਸੋਈ ਵਿੱਚ ਵਾਪਸ ਕੰਮ ਕਰਨ ਲੱਗੀ ਸਨ, ਪੈਰਾਂ ਭਾਰ ਬੈਠੀ, ਖਾਣਾ ਪਕਾਉਂਦੀ ਹੋਈ। ਪੱਟੀ ਅਜੇ ਵੀ ਥਾਵੇਂ ਲੱਗੀ ਹੋਈ ਸੀ, ਪੀੜ੍ਹ ਦੇ ਨਿਸ਼ਾਨਾਤ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਝਲਕ ਰਹੇ ਸਨ ਅਤੇ ਟਾਂਕਿਆਂ ਦਾ ਵੀ ਰਾਜ਼ੀ ਹੋਣਾ ਅਜੇ ਬਾਕੀ ਸੀ।
'' ਪਰ ਝੰਜਟ ਖਤਮ (ਯੱਭ ਮੁੱਕਿਆ),'' ਉਨ੍ਹਾਂ ਨੇ ਕਿਹਾ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ