82 ਸਾਲਾ ਆਰਿਫ਼ਾ (ਬਦਲਿਆ ਨਾਮ) ਆਪਣੀ ਉਮਰ ਦੇ ਇਸ ਪੜਾਅ ਵਿੱਚ ਸਾਰਾ ਕੁਝ ਦੇਖ ਚੁੱਕੀ ਹਨ। ਉਨ੍ਹਾਂ ਦਾ ਅਧਾਰ ਕਾਰਡ ਦੱਸਦਾ ਹੈ ਕਿ ਉਹ 1 ਜਨਵਰੀ 1938 ਵਿੱਚ ਪੈਦਾ ਹੋਈ ਸਨ। ਆਰਿਫ਼ਾ ਨਹੀਂ ਜਾਣਦੀ ਕਿ ਇਹ ਸੰਨ ਸਹੀ ਹੈ ਜਾਂ ਗ਼ਲਤ, ਪਰ ਉਨ੍ਹਾਂ ਨੂੰ ਇੰਨਾ ਜ਼ਰੂਰ ਚੇਤਾ ਹੈ ਕਿ 16 ਸਾਲ ਦੀ ਉਮਰੇ ਉਹ 20 ਸਾਲਾ ਰਿਜ਼ਵਾਨ ਖ਼ਾਨ ਦੀ ਦੂਸਰੀ ਪਤਨੀ ਬਣ ਕੇ ਹਰਿਆਣਾ ਦੇ ਨੂਹ ਜ਼ਿਲਏ ਦੇ ਬੀਵਾਂ ਪਿੰਡ ਆਈ ਸਨ। ''ਮੇਰੀ ਮਾਂ ਨੇ ਰਿਜ਼ਵਾਨ ਅਤੇ ਮੇਰਾ ਵਿਆਹ ਉਦੋਂ ਕੀਤਾ ਜਦੋਂ ਮੇਰੀ ਵੱਡੀ ਭੈਣ (ਰਿਜ਼ਵਾਨ ਦੀ ਪਹਿਲੀ ਪਤਨੀ) ਅਤੇ ਉਨ੍ਹਾਂ ਦੇ ਛੇ ਬੱਚਿਆਂ ਦੀ ਮੌਤ ਵੰਡ ਦੌਰਾਨ ਮੱਚੀ ਭਗਦੜ ਵਿੱਚ ਕੁਚਲੇ ਜਾਣ ਕਾਰਨ ਹੋ ਗਈ ਸੀ,'' ਆਰਿਫ਼ਾ ਚੇਤੇ ਕਰਦਿਆਂ ਦੱਸਦੀ ਹਨ।
ਉਨ੍ਹਾਂ ਨੂੰ ਥੋੜ੍ਹਾ-ਬਹੁਤ ਇਹ ਵੀ ਚੇਤਾ ਹੈ ਕਿ ਜਦੋਂ ਮਹਾਤਮਾ ਗਾਂਧੀ ਮੇਵਾਤ ਦੇ ਇੱਕ ਪਿੰਡ ਵਿੱਚ ਆਏ ਸਨ ਅਤੇ ਮੇਵ ਮੁਸਲਮਾਨਾਂ ਨੂੰ ਕਿਹਾ ਸੀ ਕਿ ਉਹ ਪਾਕਿਸਤਾਨ ਨਾ ਜਾਣ। ਹਰਿਆਣਾ ਦੇ ਮੇਵ ਮੁਸਲਮਾਨ ਹਰ ਸਾਲ 19 ਦਸੰਬਰ ਨੂੰ ਨੂਹ ਦੇ ਘਾਸੇੜਾ ਪਿੰਡ ਵਿੱਚ ਗਾਂਧੀ ਜੀ ਦੀ ਉਸ ਯਾਤਰਾ ਦੀ ਯਾਦ ਵਿੱਚ ਮੇਵਾਤ ਦਿਵਸ (2006 ਤੱਕ ਨੂਹ ਨੂੰ ਮੇਵਾਤ ਕਿਹਾ ਜਾਂਦਾ ਸੀ) ਮਨਾਉਂਦੇ ਹਨ।
ਆਰਿਫ਼ਾ ਨੂੰ ਇਹ ਵੀ ਚੇਤਾ ਹੈ ਕਿ ਕਿਵੇਂ ਭੁੰਜੇ ਬੈਠਦੇ ਸਮੇਂ ਮਾਂ ਨੇ ਉਨ੍ਹਾਂ ਨੂੰ ਸਮਝਾਇਆ ਸੀ ਕਿ ਉਨ੍ਹਾਂ ਨੂੰ ਰਿਜ਼ਵਾਨ ਨਾਲ਼ ਵਿਆਹ ਕਿਉਂ ਕਰਨਾ ਚਾਹੀਦਾ ਹੈ। ''ਉਹਦੇ ਕੋਲ਼ ਤਾਂ ਕੁਝ ਵੀ ਨਹੀਂ ਬਚਿਆ, ਮੇਰੀ ਮਾਂ ਨੇ ਮੈਨੂੰ ਸਮਝਾਇਆ। ਮੇਰੀ ਮਾਂ ਨੇ ਮੁਝੇ ਉਸੇ ਦੇ ਦਿਆ ਫਿਰ ,'' ਆਰਿਫ਼ਾ ਕਹਿੰਦੀ ਹਨ, ਇਹ ਦੱਸਦਿਆਂ ਕਿ ਕਿਵੇਂ ਬੀਵਾਂ ਉਨ੍ਹਾਂ ਦਾ ਘਰ ਬਣ ਗਿਆ ਜੋ ਕਿ ਉਨ੍ਹਾਂ ਦੇ ਪਿੰਡ ਰੇਠੋੜਾ ਤੋਂ ਕਰੀਬ 15 ਕਿਲੋਮੀਟਰ ਦੂਰ ਹੈ, ਦੋਵਾਂ ਹੀ ਪਿੰਡ ਉਸ ਜ਼ਿਲ੍ਹੇ ਦਾ ਹਿੱਸਾ ਹਨ ਜੋ ਕਿ ਦੇਸ਼ ਦੇ ਸਭ ਤੋਂ ਘੱਟ ਵਿਕਸਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ।
ਬੀਵਾਂ, ਦੇਸ਼ ਦੀ ਰਾਜਧਾਨੀ ਤੋਂ ਕਰੀਬ 80 ਕਿਲੋਮੀਟਰ ਅਰਾਵਲੀ ਪਰਬਤ ਦੀ ਤਲਹੱਟੀ ਵਿੱਚ ਹਰਿਆਣਾ-ਰਾਜਸਥਾਨ ਸੀਮਾ 'ਤੇ ਫਿਰੋਜਪੁਰ ਦੇ ਝਿਰਕਾ ਬਲਾਕ ਵਿੱਚ ਸਥਿਤ ਇੱਕ ਪਿੰਡ ਹੈ। ਦਿੱਲੀ ਤੋਂ ਨੂਹ ਜਾਣ ਵਾਲ਼ੀ ਸੜਕ ਦੱਖਣੀ ਹਰਿਆਣਾ ਦੇ ਗੁਰੂਗ੍ਰਾਮ ਤੋਂ ਹੋ ਕੇ ਲੰਘਦੀ ਹੈ ਜੋ ਭਾਰਤ ਵਿੱਚ ਤੀਜਾ ਪ੍ਰਤੀ ਵਿਅਕਤੀ ਸਭ ਤੋਂ ਵੱਧ ਆਮਦਨ ਵਾਲ਼ਾ ਇੱਕ ਵਿੱਤੀ ਅਤੇ ਉਦਯੋਗਿਕ ਕੇਂਦਰ ਹੈ, ਅਤੇ ਇਹ ਸੜਕ ਤੁਹਾਨੂੰ ਦੇਸ ਦੇ ਸਭ ਤੋਂ ਪਿਛੜੇ ਜ਼ਿਲ੍ਹੇ ਲੈ ਜਾਂਦੀ ਹੈ। ਇੱਥੋਂ ਦੇ ਹਰੇ-ਭਰੇ ਖੇਤ, ਖ਼ੁਸ਼ਕ ਪਹਾੜੀਆਂ, ਖ਼ਸਤਾ-ਹਾਲਤ ਬੁਨਿਆਦੀ ਢਾਂਚੇ ਅਤੇ ਪਾਣੀ ਦੀ ਕਿੱਲਤ ਆਰਿਫ਼ਾ ਜਿਹੇ ਕਈ ਲੋਕਾਂ ਦੇ ਜੀਵਨ ਦਾ ਹਿੱਸਾ ਹਨ।
ਮੇਵ ਮੁਸਲਿਮ ਭਾਈਚਾਰਾ ਹਰਿਆਣਾ ਦੇ ਇਸ ਇਲਾਕੇ ਅਤੇ ਗੁਆਂਢੀ ਰਾਜ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਰਹਿੰਦੇ ਹਨ। ਨੂਹ ਜ਼ਿਲ੍ਹੇ ਵਿੱਚ ਮੁਸਲਮਾਨਾਂ ਦੀ ਅਬਾਦੀ 79.2 ਫੀਸਦ ( ਮਰਦਮਸ਼ੁਮਾਰੀ 2011 ) ਹੈ।
1970 ਦੇ ਦਹਾਕੇ ਵਿੱਚ, ਜਦੋਂ ਆਰਿਫ਼ਾ ਦੇ ਪਤੀ ਰਿਜ਼ਵਾਨ ਨੇ ਬੀਵਾਂ ਤੋਂ ਪੈਦਲ ਤੁਰ ਤੁਰ ਕੇ ਰੇਤ, ਪੱਥਰ ਅਤੇ ਸਿਲੀਕਾ ਦੀਆਂ ਖੰਦਕਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਤਦ ਆਰਿਫ਼ਾ ਦੀ ਦੁਨੀਆ ਇਨ੍ਹਾਂ ਪਹਾੜੀਆਂ ਨਾਲ਼ ਘਿਰੀ ਹੋਈ ਸੀ ਅਤੇ ਉਨ੍ਹਾਂ ਦਾ ਸਭ ਤੋਂ ਵੱਡਾ ਕੰਮ ਸੀ ਪਾਣੀ ਲਿਆਉਣਾ। 22 ਸਾਲ ਪਹਿਲਾਂ ਰਿਜ਼ਵਾਨ ਦੀ ਮੌਤ ਤੋਂ ਬਾਅਦ, ਆਰਿਫ਼ਾ ਆਪਣਾ ਅਤੇ ਆਪਣੇ ਅੱਠ ਬੱਚਿਆਂ ਦਾ ਢਿੱਡ ਭਰਨ ਖ਼ਾਤਰ ਖੇਤਾਂ ਵਿੱਚ ਮਜ਼ਦੂਰੀ ਕਰਨ ਲੱਗੀ ਅਤੇ ਉਦੋਂ ਉਨ੍ਹਾਂ ਨੂੰ 10 ਤੋਂ 20 ਰੁਪਏ ਦਿਹਾੜੀ ਮਿਲ਼ਦੀ ਸੀ ਜਿਵੇਂ ਕਿ ਉਹ ਦੱਸਦੀ ਹਨ,''ਸਾਡੀ ਮਾਨਤਾ ਹੈ ਕਿ ਜਿੰਨੇ ਬੱਚੇ ਪੈਦਾ ਕਰ ਸਕਦੇ ਹੋ ਕਰੋ, ਅੱਲ੍ਹਾ ਅੰਗ-ਸੰਗ ਸਹਾਈ ਹੋਵੇਗਾ,'' ਉਹ ਦੱਸਦੀ ਹਨ।
ਉਨ੍ਹਾਂ ਦੀਆਂ ਚਾਰੇ ਧੀਆਂ ਵਿਆਹੁਤਾ ਹਨ ਅਤੇ ਵੱਖੋ-ਵੱਖ ਪਿੰਡਾਂ ਵਿੱਚ ਰਹਿੰਦੀਆਂ ਹਨ। ਉਨ੍ਹਾਂ ਦੇ ਚਾਰੇ ਬੇਟੇ ਆਪੋ ਆਪਣੇ ਪਰਿਵਾਰ ਦੇ ਨਾਲ਼ ਵੱਖਰੇ ਰਹਿੰਦੇ ਹਨ; ਉਨ੍ਹਾਂ ਵਿੱਚੋਂ ਤਿੰਨ ਕਿਸਾਨ ਹਨ, ਇੱਕ ਨਿੱਜੀ ਫਾਰਮ ਵਿੱਚ ਕੰਮ ਕਰਦਾ ਹੈ। ਆਰਿਫ਼ਾ ਆਪਣੇ ਇੱਕ ਕਮਰੇ ਦੇ ਘਰ ਵਿੱਚ ਇਕੱਲਿਆਂ ਰਹਿਣਾ ਪਸੰਦ ਕਰਦੀ ਹਨ। ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤ ਦੇ 12 ਬੱਚੇ ਹਨ। ਆਰਿਫ਼ਾ ਦੱਸਦੀ ਹਨ ਕਿ ਉਨ੍ਹਾਂ ਵਾਂਗਰ ਉਨ੍ਹਾਂ ਦੀ ਕੋਈ ਵੀ ਨੂੰਹ ਗਰਭਨਿਰੋਧਕ ਦੀ ਵਰਤੋਂ ਨਹੀਂ ਕਰਦੀ। ''ਗਰਭਨਿਰੋਧਕ ਦਾ ਇਸਤੇਮਾਲ ਸਾਡੇ ਧਰਮ ਵਿੱਚ ਅਪਰਾਧ ਮੰਨਿਆ ਜਾਂਦਾ ਹੈ,'' ਉਹ ਕਹਿੰਦੀ ਹਨ। ਉਹ ਨਾਲ਼ ਦੀ ਨਾਲ਼ ਫ਼ਰਮਾਉਂਦੀ ਹਨ,''ਕਰੀਬ 12 ਬੱਚਿਆਂ ਤੋਂ ਬਾਅਦ ਇਹ ਖ਼ੁਦ-ਬ-ਖ਼ੁਦ ਰੁੱਕ ਜਾਂਦਾ ਹੈ।''
ਹਾਲਾਂਕਿ ਕਿ ਰਿਜ਼ਵਾਨ ਦੀ ਮੌਤ ਬੁਢਾਪੇ ਵਿੱਚ ਹੋਈ ਸੀ, ਪਰ ਮੇਵਾਤ ਜ਼ਿਲ੍ਹੇ ਵਿੱਚ ਬਹੁਤੇਰੀਆਂ ਔਰਤਾਂ ਨੇ ਤਪੇਦਿਕ ਦੇ ਕਾਰਨ ਆਪਣੇ ਪਤੀ ਗੁਆ ਲਏ। ਟੀਬੀ ਦੇ ਕਾਰਨ ਬੀਵਾਂ ਵਿੱਚ ਵੀ 957 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਵਿੱਚੋਂ ਇੱਕ ਬਹਾਰ ਦੇ ਪਤੀ ਦਾਨਿਸ਼ (ਬਦਲਿਆ ਨਾਮ) ਵੀ ਸਨ। ਬੀਵਾਂ ਦੇ ਜਿਸ ਘਰ ਵਿੱਚ ਉਹ 40 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਹਨ, ਉੱਥੇ ਉਨ੍ਹਾਂ ਨੇ 2014 ਵਿੱਚ ਉਨ੍ਹਾਂ ਨੇ ਤਪੇਦਿਕ ਕਾਰਨ ਆਪਣੀ ਪਤੀ ਦੇ ਸਿਹਤ ਨੂੰ ਦਿਨੋਂ-ਦਿਨ ਵਿਗੜਦੇ ਦੇਖਿਆ। ''ਉਨ੍ਹਾਂ ਦੀ ਛਾਤੀ ਵਿੱਚ ਪੀੜ੍ਹ ਰਹਿੰਦੀ ਸੀ ਅਤੇ ਖੰਘਦੇ ਵੇਲ਼ੇ ਖ਼ੂਨ ਨਿਕਲ਼ਦਾ ਸੀ,'' ਉਹ ਚੇਤੇ ਕਰਦੀ ਹਨ। ਬਹਾਰ, ਜੋ ਹੁਣ ਕਰੀਬ 60 ਸਾਲ ਦੀ ਹਨ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਜੋ ਨਾਲ਼ ਵਾਲ਼ੇ ਮਕਾਨ ਵਿੱਚ ਰਹਿੰਦੀਆਂ ਹਨ, ਉਨ੍ਹਾਂ ਦੇ ਪਤੀ ਵੀ ਇਸੇ ਸਾਲ ਤਪੇਦਿਕ ਦੀ ਬਲ਼ੀ ਚੜ੍ਹ ਗਏ। ''ਲੋਕ ਕਹਿੰਦੇ ਹਨ ਇਹ ਸਭ ਹੋਣਾ ਸਾਡੀ ਕਿਸਮਤ ਵਿੱਚ ਲਿਖਿਆ ਹੋਇਆ ਸੀ। ਪਰ ਅਸੀਂ ਮੰਨਦੇ ਹਾਂ ਕਿ ਇਨ੍ਹਾਂ ਪਹਾੜੀਆਂ ਨੇ ਸਾਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।''
(2002 ਵਿੱਚ, ਸੁਪਰੀਮ ਕੋਰਟ ਨੇ ਫ਼ਰੀਦਾਬਾਦ ਅਤੇ ਗੁਆਂਢੀ ਇਲਾਕਿਆਂ ਵਿੱਚ ਵੱਡੇ ਪੱਧਰ 'ਤੇ ਮੱਚੀ ਤਬਾਹੀ ਨੂੰ ਦੇਖਦਿਆਂ ਹਰਿਆਣਾ ਵਿੱਚ ਖੰਦਕ ਗਤੀਵਿਧੀਆਂ 'ਤੇ ਰੋਕ ਲਾ ਦਿੱਤੀ ਸੀ। ਸੁਪਰੀਮ ਕੋਰਟ ਦੀ ਇਹ ਪਾਬੰਦੀ ਸਿਰਫ਼ ਵਾਤਾਵਰਣ ਦੇ ਨੁਕਸਾਨਾਂ ਨੂੰ ਰੋਕਣ ਲਈ ਹੀ ਸੀ। ਇਸ ਵਿੱਚ ਤਪੇਦਿਕ ਦਾ ਕੋਈ ਜ਼ਿਕਰ ਨਹੀਂ ਮਿਲ਼ਦਾ। ਸਿਰਫ਼ ਸੁਣੀਆਂ-ਸੁਣਾਈਆਂ ਗੱਲਾਂ ਅਤੇ ਕੁਝ ਰਿਪੋਰਟਾਂ ਹੀ ਦੋਵਾਂ ਵਿੱਚ ਲਿੰਕ ਦਾ ਕੰਮ ਕਰਦੀਆਂ ਹਨ।)
ਇੱਥੋਂ ਸੱਤ ਕਿਲੋਮੀਟਰ ਦੂਰ, ਨੂਹ ਦੇ ਜ਼ਿਲ੍ਹਾ ਹੈੱਡਕੁਆਰਟਰ ਦੇ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ), ਜੋ ਕਿ ਬੀਵਾਂ ਦੇ ਸਭ ਤੋਂ ਨੇੜੇ ਹੈ, ਉੱਥੋਂ ਦੇ ਕਰਮਚਾਰੀ ਪਵਨ ਕੁਮਾਰ ਸਾਨੂੰ 2019 ਵਿੱਚ ਤਪੇਦਿਕ ਕਾਰਨ 45 ਸਾਲਾ ਵਾਇਜ਼ ਦੀ ਮੌਤ ਦਾ ਰਿਕਾਰਡ ਦਿਖਾਉਂਦੇ ਹਨ। ਰਿਕਾਰਡ ਮੁਤਾਬਕ, ਬੀਵਾਂ ਵਿੱਚ ਸੱਤ ਹੋਰ ਪੁਰਸ਼ ਵੀ ਤਪੇਦਿਕ ਨਾਲ਼ ਜੂਝ ਰਹੇ ਹਨ। ''ਹੋਰ ਵੀ ਕਈ ਪੀੜਤ ਹੋ ਸਕਦੇ, ਕਿਉਂਕਿ ਬਹੁਤ ਸਾਰੇ ਲੋਕ ਤਾਂ ਪੀਐੱਚਸੀ ਆਉਂਦੇ ਹੀ ਨਹੀਂ,'' ਕੁਮਾਰ ਦੱਸਦੇ ਹਨ।
ਵਾਇਜ਼ ਦਾ ਵਿਆਹ 40 ਸਾਲਾ ਫਾਇਜ਼ਾ (ਦੋਵੇਂ ਬਦਲੇ ਹੋਏ ਨਾਮ) ਨਾਲ਼ ਹੋਇਆ ਸੀ। ''ਨੌਗਾਂਵਾ ਵਿੱਚ ਕੋਈ ਕੰਮ ਹੀ ਨਹੀਂ ਸੀ,'' ਉਹ ਸਾਨੂੰ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਬਾਰੇ ਦੱਸਦੀ ਹਨ। ''ਮੇਰੇ ਪਤੀ ਨੂੰ ਜਦੋਂ ਖੰਦਕਾਂ ਵਿੱਚ ਕੰਮ ਮਿਲ਼ਣ ਬਾਰੇ ਪਤਾ ਲੱਗਿਆ ਤਾਂ ਉਹ ਬੀਵਾਂ ਆ ਗਏ। ਮੈਂ ਵੀ ਇੱਕ ਸਾਲ ਬਾਅਦ ਉਨ੍ਹਾਂ ਦੇ ਕੋਲ਼ ਆ ਗਈ ਅਤੇ ਇੱਥੇ ਅਸੀਂ ਦੋਵਾਂ ਨੇ ਆਪਣਾ ਘਰ ਬਣਾਇਆ।'' ਫਾਇਜ਼ਾ ਦੇ ਘਰ 12 ਬੱਚੇ ਪੈਦਾ ਹੋਏ। ਚਾਰ ਦੇ ਬੇਵਕਤੀ ਹੋਏ ਜਨਮ ਕਾਰਨ ਮੌਤ ਹੋ ਗਈ। ''ਅਜੇ ਇੱਕ ਬੱਚਾ ਬਾਮੁਸ਼ਕਲ ਹੀ ਬਹਿਣਾ ਸਿੱਖਦਾ ਕਿ ਦੂਸਰਾ ਜੰਮ ਪੈਂਦਾ,'' ਉਹ ਦੱਸਦੀ ਹਨ।
ਉਹ ਅਤੇ ਆਰਿਫ਼ਾ ਹੁਣ 1800 ਰੁਪਏ ਮਹੀਨਾ ਮਿਲ਼ਣ ਵਾਲ਼ੀ ਪੈਨਸ਼ਨ 'ਤੇ ਗੁਜ਼ਾਰਾ ਕਰ ਰਹੀਆਂ ਹਨ। ਉਨ੍ਹਾਂ ਨੂੰ ਬਾਮੁਸ਼ਕਲ ਹੀ ਕੋਈ ਕੰਮ ਮਿਲ਼ਦਾ ਹੈ। ''ਜੇ ਅਸੀਂ ਕੰਮ ਮੰਗਦੀਆਂ ਹਾਂ ਤਾਂ ਸਾਨੂੰ ਅੱਗੋਂ ਸੁਣਨ ਨੂੰ ਮਿਲ਼ਦਾ ਹੈ ਕਿ ਤੁਸੀਂ ਬਹੁਤ ਕਮਜ਼ੋਰ ਹੋ। ਉਹ ਕਹਿੰਦੇ ਹਨ ਇਹ 40 ਕਿਲੋ ਹੈ, ਕੈਸੇ ਉਠਾਏਗੀ ਯਹ ? 66 ਸਾਲਾ ਵਿਧਵਾ, ਹਾਦਿਆ (ਬਦਲਿਆ ਨਾਮ) ਦੱਸਦੀ ਹਨ, ਸਦਾ ਮਿਲ਼ਦੇ ਤਾਅਨੇ ਦੀ ਨਕਲ਼ ਕਰਦਿਆਂ ਕਹਿੰਦੀ ਹਨ। ਇਸਲਈ ਪੈਨਸ਼ਨ ਦਾ ਹਰ ਇੱਕ ਰੁਪਿਆ ਬਚਾਇਆ ਜਾਂਦਾ ਹੈ। ਇਲਾਜ ਦੀਆਂ ਸਭ ਤੋਂ ਬੁਨਿਆਦੀ ਲੋੜਾਂ ਤੱਕ ਨੂੰ ਪੂਰਿਆਂ ਕਰਨ ਲਈ ਨੂਹ ਦੇ ਪੀਐੱਚਸੀ ਤੱਕ ਜਾਣ ਲਈ ਆਟੋ ਵਾਲ਼ੇ ਨੂੰ 10 ਰੁਪਏ ਕਿਰਾਇਆ ਦੇਣਾ ਪੈਂਦਾ ਹੈ, ਪਰ ਉਹ ਪੈਦਲ ਹੀ ਪੈਂਡਾ ਤੈਅ ਕਰਕੇ ਪੈਸੇ ਬਚਾ ਲੈਂਦੀਆਂ ਹਨ। ''ਅਸੀਂ ਡਾਕਟਰ ਕੋਲ਼ ਜਾਣ ਵਾਲ਼ੀਆਂ ਸਾਰੀਆਂ ਬੁੱਢੀਆਂ ਔਰਤਾਂ ਨੂੰ ਇਕੱਠਾ ਕਰਦੀਆਂ ਹਾਂ ਜੋ ਡਾਕਟਰ ਕੋਲ਼ ਜਾਣਾ ਚਾਹੁੰਦੀਆਂ ਹਨ। ਫਿਰ ਅਸੀਂ ਪੀਐੱਚਸੀ ਦਾ ਰਾਹ ਫੜ੍ਹਦੀਆਂ ਹਾਂ। ਸਾਹ ਲੈਣ ਲਈ ਰਸਤੇ ਵਿੱਚ ਕਿਤੇ ਬਹਿ ਜਾਈਦਾ ਹੈ ਤਾਂ ਕਿ ਅਗਲਾ ਪੈਂਡਾ ਤੈਅ ਕੀਤਾ ਜਾ ਸਕੇ। ਪੂਰਾ ਦਿਨ ਇਸੇ ਸਫ਼ਰ ਵਿੱਚ ਨਿਕਲ਼ ਜਾਂਦਾ ਹੈ,'' ਹਾਦਿਆ ਦੱਸਦੀ ਹਨ।
ਬਚਪਨ ਵਿੱਚ ਹਾਦਿਆ ਕਦੇ ਸਕੂਲ ਨਹੀਂ ਗਈ। ਉਹ ਦੱਸਦੀ ਹਨ ਕਿ ਸੋਨੀਪਤ, ਹਰਿਆਣਾ ਦੇ ਖ਼ੇਤਾਂ ਨੇ ਉਨ੍ਹਾਂ ਨੂੰ ਸਾਰਾ ਕੁਝ ਸਿਖਾ ਛੱਡਿਆ, ਜਿੱਥੇ ਉਨ੍ਹਾਂ ਦੀ ਮਾਂ ਮਜ਼ਦੂਰੀ ਕਰਦੀ ਸਨ। ਉਨ੍ਹਾਂ ਦਾ ਵਿਆਹ 15 ਸਾਲ ਦੀ ਉਮਰੇ ਫ਼ਾਹਿਦ ਨਾਲ਼ ਹੋਇਆ ਸੀ। ਫ਼ਾਹਿਦ ਨੇ ਜਦੋਂ ਅਰਾਵਲੀ ਦੀਆਂ ਪਹਾੜੀਆਂ ਦੀਆਂ ਖੰਦਕਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਹਾਦਿਆ ਦੀ ਸੱਸ ਨੇ ਉਨ੍ਹਾਂ ਨੂੰ ਖੇਤਾਂ ਵਿੱਚੋਂ ਨਦੀਨ ਕੱਢ ਸੁੱਟਣ ਲਈ ਖੁਰਪਾ ਫੜ੍ਹਾ ਦਿੱਤਾ।
ਜਦੋਂ 2005 ਵਿੱਚ ਫ਼ਾਹਿਦ ਦੀ ਤਪੇਦਿਕ ਕਾਰਨ ਮੌਤ ਹੋਈ ਤਾਂ ਹਾਦਿਆ ਦਾ ਜੀਵਨ ਖ਼ੇਤਾਂ ਵਿੱਚ ਮਜ਼ਦੂਰੀ ਕਰਨ ਅਤੇ ਉਧਾਰ ਚੁੱਕਣ ਅਤੇ ਉਧਾਰ ਲਾਹੁਣ ਵਿੱਚ ਬੀਤਣ ਲੱਗਿਆ। ''ਦਿਨ ਵੇਲ਼ੇ ਮੈਂ ਖ਼ੇਤਾਂ ਵਿੱਚ ਪਸੀਨਾ ਵਹਾਉਂਦੀ ਅਤੇ ਰਾਤ ਵੇਲ਼ੇ ਬੱਚਿਆਂ ਦੀ ਦੇਖਭਾਲ਼ ਕਰਦੀ ਸਾਂ। ਫਕੀਰਨੀ ਜੈਸੀ ਹਾਲਤ ਹੋ ਗਈ ਥੀ ,'' ਉਹ ਅੱਗੇ ਕਹਿੰਦੀ ਹਨ।
''ਮੈਂ ਵਿਆਹ ਹੋਣ ਤੋਂ ਸਾਲ ਦੇ ਅੰਦਰ ਅੰਦਰ ਇੱਕ ਬੱਚੀ ਨੂੰ ਜਨਮ ਦਿੱਤਾ। ਬਾਕੀ ਦੇ ਬੱਚੇ ਹਰ ਦੂਸਰੇ ਜਾਂ ਤੀਸਰੇ ਸਾਲ ਵਿੱਚ ਪੈਦਾ ਹੁੰਦੇ ਰਹੇ। ਪਹਿਲੇ ਕਾ ਸ਼ੁੱਧ ਜ਼ਮਾਨਾ ਥਾ, '' ਚਾਰ ਧੀਆਂ ਅਤੇ ਚਾਰ ਪੁੱਤਾਂ ਦੀ ਮਾਂ, ਹਾਦਿਆ ਕਹਿੰਦੀ ਹਨ, ਉਹ ਆਪਣੀ ਗੱਲ ਵਿੱਚ ਆਪਣੇ ਜ਼ਮਾਨੇ ਦੇ ਪ੍ਰਜਨਨ ਸਬੰਧੀ ਮੁੱਦਿਆਂ 'ਤੇ ਚੁੱਪੀ ਅਤੇ ਪ੍ਰਜਨਨ ਸਬੰਧੀ ਦਖ਼ਲ ਬਾਰੇ ਜਾਗਰੂਕਤਾ ਦੀ ਘਾਟ ਦਾ ਜ਼ਿਕਰ ਕਰਦੀ ਹਨ।
ਨੂਹ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਵਿੱਚ ਸੀਨੀਅਰ ਮੈਡੀਕਲ ਅਧਿਕਾਰੀ, ਗੋਵਿੰਦ ਸ਼ਰਣ ਵੀ ਉਨ੍ਹਾਂ ਦਿਨਾਂ ਨੂੰ ਚੇਤੇ ਕਰਦੇ ਹਨ। ਤੀਹ ਸਾਲ ਪਹਿਲਾਂ, ਜਦੋਂ ਉਨ੍ਹਾਂ ਨੇ ਸੀਐੱਚਸੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਲੋਕ ਪਰਿਵਾਰ ਨਿਯੋਜਨ ਨਾਲ਼ ਜੁੜੀ ਕਿਸੇ ਵੀ ਚੀਜ਼ 'ਤੇ ਚਰਚਾ ਕਰਨ ਤੋਂ ਝਿਜਕਦੇ ਸਨ। ਹੁਣ ਇੰਝ ਨਹੀਂ ਹੈ। ''ਪਹਿਲਾਂ, ਜੇ ਅਸੀਂ ਪਰਿਵਾਰ ਨਿਯੋਜਨ 'ਤੇ ਚਰਚਾ ਕਰਦੇ ਤਾਂ ਲੋਕਾਂ ਨੂੰ ਗੁੱਸਾ ਚੜ੍ਹ ਜਾਂਦਾ ਸੀ। ਮੇਵ ਭਾਈਚਾਰੇ ਵਿੱਚ ਹੁਣ ਕਾਪਰ-ਟੀ ਦੀ ਵਰਤੋਂ ਕਰਨ ਫ਼ੈਸਲਾ ਪਤੀ-ਪਤਨੀ ਦੁਆਰਾ ਹੀ ਕੀਤਾ ਜਾਂਦਾ ਹੈ। ਪਰ ਉਹ ਅਜੇ ਵੀ ਇਸੇ ਮਸਲੇ ਨੂੰ ਪਰਿਵਾਰ ਦੇ ਬਜ਼ੁਰਗਾਂ ਤੋਂ ਲੁਕ ਕੇ ਰੱਖਣ ਪਸੰਦ ਕਰਦੇ ਹਨ। ਅਕਸਰ ਔਰਤਾਂ ਸਾਨੂੰ ਉਨ੍ਹਾਂ ਦੀ ਸੱਸ ਸਾਹਮਣੇ ਇਸ ਗੱਲ ਦਾ ਖ਼ੁਲਾਸਾ ਨਾ ਕਰਨ ਦੀ ਬੇਨਤੀ ਕਰਦੀਆਂ ਹਨ,'' ਸ਼ਰਣ ਕਹਿੰਦੀ ਹਨ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 (2015-2016) ਮੁਤਾਬਕ, ਵਰਤਮਾਨ ਵਿੱਚ ਨੂਹ ਜ਼ਿਲ੍ਹਾ (ਪੇਂਡੂ) ਦੀ 15-49 ਉਮਰ ਵਰਗ ਦੀਆਂ ਵਿਆਹੁਤਾ ਔਰਤਾਂ ਵਿੱਚੋਂ ਸਿਰਫ਼ 13.5 ਫੀਸਦ ਔਰਤਾਂ ਹੀ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਨਿਯੋਜਨ ਪੱਧਤੀ ਦੀ ਵਰਤੋਂ ਕਰਦੀਆਂ ਹਨ। ਹਰਿਆਣਾ ਸੂਬੇ ਦੇ ਕੁੱਲ ਦੇ 2.1 ਦੇ ਮੁਕਾਬਲੇ ਨੂਹ ਜ਼ਿਲ੍ਹੇ ਦੀ ਪ੍ਰਜਨਨ ਦਰ (TFR) 4.9 ਹੈ (ਮਰਦਮਸ਼ੁਮਾਰੀ 2011), ਜੋ ਕਿ ਬਹੁਤ ਜ਼ਿਆਦਾ ਹੈ। ਨੂਹ ਜ਼ਿਲ੍ਹੇ ਦੇ ਗ੍ਰਾਮੀਣ ਇਲਾਕਿਆਂ ਵਿੱਚ, 15-49 ਸਾਲ ਦੀ ਉਮਰ ਦੀਆਂ ਸਿਰਫ਼ 33.6 ਫੀਸਦ ਔਰਤਾਂ ਹੀ ਪੜ੍ਹੀਆਂ-ਲਿਖੀਆਂ ਹਨ, 20-24 ਸਾਲ ਦੀਆਂ ਕਰੀਬ 40 ਫੀਸਦ ਔਰਤਾਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਹੈ ਅਤੇ ਸਿਰਫ਼ 36.7 ਫੀਸਦ ਦਾ ਹੀ ਸੰਸਥਾਗਤ ਪ੍ਰਸਵ ਹੋ ਪਾਇਆ ਹੈ।
ਨੂਹ ਜ਼ਿਲ੍ਹੇ ਦੇ ਗ੍ਰਾਮੀਣ ਇਲਾਕਿਆਂ ਵਿੱਚ ਕਰੀਬ 1.2 ਫੀਸਦ ਔਰਤਾਂ ਦੁਆਰਾ ਕਾਪਰ-ਟੀ ਜਿਹੇ ਬੱਚੇਦਾਨੀ ਅੰਦਰ ਰੱਖੇ ਜਾਂਦੇ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਦਾ ਕਾਰਨ ਇਹ ਹੈ ਕਿ ਕਾਪਰ-ਟੀ ਨੂੰ ਸਰੀਰ ਵਿੱਚ ਇੱਕ ਬਾਹਰੀ ਵਸਤੂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਨੂਹ ਪੀਐੱਚਸੀ ਦੀ ਸਹਾਇਕ ਨਰਸ ਦਾਈ (ਏਐੱਨਐੱਮ) ਸੁਨੀਤਾ ਦੇਵੀ ਕਹਿੰਦੀ ਹਨ,''ਕਿਸੇ ਦੇ ਸਰੀਰ ਅੰਦਰ ਕੋਈ ਵੀ ਅਜਿਹੀ ਵਸਤੂ ਪਾਉਣਾ ਉਨ੍ਹਾਂ ਦੇ ਧਰਮ ਦੇ ਖ਼ਿਲਾਫ਼ ਹੈ, ਉਹ ਅਕਸਰ ਇਹ ਗੱਲ ਕਹਿੰਦੀ ਰਹੇਗੀ।''
ਫਿਰ ਵੀ, ਜਿਵੇਂ ਕਿ ਐੱਨਐੱਫ਼ਐੱਚਐੱਸ-4 ਦੱਸਦੇ ਹਨ, ਪਰਿਵਾਰ ਨਿਯੋਜਨ ਦੀ ਅਪੂਰਨ ਲੋੜ ਜਿਸ ਅੰਦਰ ਗਰਭਨਿਰੋਧਕ ਦੀ ਵਰਤੋਂ ਨਾ ਕਰਨ ਵਾਲ਼ੀਆਂ ਔਰਤਾਂ ਅਗਲੇ ਗਰਭ ਵਿੱਚ ਫ਼ਰਕ ਰੱਖਣਾ ਚਾਹੁੰਦੀਆਂ ਹਨ ਜਾਂ ਹੋਰ ਗਰਭਧਾਰਣ ਨੂੰ ਰੋਕਣਾ ਚਾਹੁੰਦੀਆਂ ਹਨ, 29.4 ਫੀਸਦ (ਗ੍ਰਾਮੀਣ) ਹੈ ਜੋ ਕਾਫ਼ੀ ਵੱਧ ਹੈ।
''ਸਮਾਜਿਕ-ਆਰਥਿਕ ਕਾਰਨਾਂ ਕਰਕੇ, ਕਿਉਂਕਿ ਨੂਹ ਵਿੱਚ ਮੁੱਖ ਰੂਪ ਨਾਲ਼ ਮੁਸਲਿਮ ਅਬਾਦੀ ਹੈ, ਪਰਿਵਾਰ ਨਿਯੋਜਨ ਦੇ ਤਰੀਕਿਆਂ ਪ੍ਰਤੀ ਲੋਕਾਂ ਦਾ ਝੁਕਾਅ ਹਮੇਸ਼ਾ ਘੱਟ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਇਲਾਕੇ ਵਿੱਚ ਅਪੂਰਨ ਲੋੜ ਵੱਧ ਹੈ। ਸੱਭਿਆਚਾਰ ਕਾਰਨ ਵੀ ਆਪਣੀ ਭੂਮਿਕਾ ਨਿਭਾਉਂਦੇ ਹਨ। ਉਹ ਸਾਨੂੰ ਕਹਿੰਦੀਆਂ ਹਨ, ਬੱਚੇ ਤੋਂ ਅੱਲ੍ਹਾ ਕੀ ਦੇਨ ਹੈਂ, '' ਡਾ. ਰੁਚੀ (ਆਪਣੇ ਪਹਿਲਾ ਨਾਮ ਹੀ ਵਰਤਦੀ ਹਨ) ਪਰਿਵਾਰ ਕਲਿਆਣਾ, ਹਰਿਆਣਾ ਦੀ ਮੈਡੀਕਲ ਅਧਿਕਾਰੀ, ਕਹਿੰਦੀ ਹਨ। ''ਪਤਨੀ ਨਿਯਮਤ ਰੂਪ ਨਾਲ਼ ਗੋਲ਼ੀ ਉਦੋਂ ਹੀ ਖਾਂਦੀ ਹੈ, ਜਦੋਂ ਪਤੀ ਉਹਦਾ ਸਹਿਯੋਗ ਕਰਦਾ ਹੈ ਅਤੇ ਉਹਦੇ ਲਈ ਬਾਹਰੋਂ ਖਰੀਦ ਲਿਆਉਂਦਾ ਹੈ। ਕਾਪਰ-ਟੀ ਨੂੰ ਲੈ ਕੇ ਕੁਝ ਕਹੀਆ-ਸੁਣੀਆਂ ਗੱਲਾਂ ਹਨ। ਹਾਲਾਂਕਿ, ਇੰਜੈਕਸ਼ਨ ਵਾਲ਼ੇ ਗਰਭਨਿਰੋਧਕ, ਅੰਤਰਾ ਨੂੰ ਸ਼ੁਰੂ ਕਰਨ ਤੋਂ ਬਾਅਦ ਹਾਲਤ ਵਿੱਚ ਕੁਝ ਸੁਧਾਰ ਹੋ ਰਿਹਾ ਹੈ। ਇਸ ਖ਼ਾਸ ਵਿਧੀ ਨੂੰ ਲੈ ਕੇ ਪੁਰਸ਼ ਕੋਈ ਦਖ਼ਲ ਨਹੀਂ ਦਿੰਦੇ। ਔਰਤ ਹਸਪਤਾਲੋਂ ਇਹਦੀ ਖ਼ੁਰਾਕ ਲੈ ਸਕਦੀ ਹੈ।''
ਇੰਜੈਕਸ਼ਨ ਦੁਆਰਾ ਲਈ ਜਾਣ ਵਾਲ਼ੇ ਗਰਭਨਿਰੋਧਕ, ਅੰਤਰਾ, ਦੀ ਖ਼ੁਰਾਕ ਤਿੰਨ ਮਹੀਨੇ ਤੱਕ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਇਹਨੂੰ ਹਰਿਆਣਾ ਵਿੱਚ ਕਾਫ਼ੀ ਲੋਕ-ਪ੍ਰਸਿੱਧੀ ਹਾਸਲ ਹੈ, ਜੋ ਕਿ 2017 ਵਿੱਚ ਇੰਜੈਕਸ਼ਨ ਲਗਾਉਣ ਯੋਗ ਗਰਭਨਿਰੋਧਕਾਂ ਨੂੰ ਅਪਣਾਉਣ ਵਾਲ਼ਾ ਪਹਿਲਾ ਸੂਬਾ ਸੀ। ਉਦੋਂ ਤੋਂ 16,000 ਤੋਂ ਵੱਧ ਔਰਤਾਂ ਨੇ ਇਹਦੀ ਵਰਤੋਂ ਕੀਤੀ ਹੈ, ਜਿਵੇਂ ਕਿ ਇੱਕ ਸਮਾਚਾਰ ਰਿਪੋਰਟ ਵਿੱਚ ਕਿਹਾ ਗਿਆ ਹੈ, ਜੋ ਕਿ ਵਿਭਾਗ ਦੁਆਰਾ 2018-19 ਵਿੱਚ ਸਵੈ-ਨਿਰਧਾਰਤ ਕੀਤੇ ਗਏ 18,000 ਦੇ ਟੀਚੇ ਦਾ 92.3 ਫੀਸਦ ਹੈ।
ਇੰਜੈਕਸ਼ਨ ਦੁਆਰਾ ਗਰਭਨਿਰੋਧਕ ਜਿੱਥੇ ਧਾਰਮਿਕ ਰੁਕਾਵਟ ਦੇ ਫ਼ਿਕਰਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ, ਉੱਥੇ ਹੀ ਹੋਰ ਕਾਰਨ ਵੀ ਹਨ ਜੋ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਪਹੁੰਚਾਉਣ ਦੇ ਰਾਹ ਵਿੱਚ ਅੜਿਕਾ ਡਾਹੁੰਦੇ ਹਨ, ਖਾਸ ਕਰਕੇ ਘੱਟ-ਗਿਣਤੀ ਭਾਈਚਾਰਿਆਂ ਵਿੱਚ। ਅਧਿਐਨਾਂ ਤੋਂ ਸੰਕੇਤ ਮਿਲ਼ਦਾ ਹੈ ਕਿ ਸਿਹਤ ਸੇਵਾ ਪ੍ਰਦਾਤਿਆਂ ਦਾ ਅਵੇਸਲਾ ਰਵੱਈਆ ਅਤੇ ਸਿਹਤੇ ਕੇਂਦਰਾਂ 'ਤੇ ਲੰਬੇ ਸਮੇਂ ਦੀ ਉਡੀਕ ਕਰਨਾ ਵੀ ਔਰਤਾਂ ਨੂੰ ਗਰਭਨਿਰੋਧਕ ਬਾਰੇ ਸਰਗਰਮੀ ਨਾਲ਼ ਸਲਾਹ ਲੈਣੋਂ ਰੋਕਦਾ ਹੈ।
ਸੀਈਐੱਚਏਟੀ (ਸੈਂਟਰ ਫਾਰ ਇੰਕੂਆਇਰੀ ਇਨ ਹੈਲਥ ਐਂਡ ਅਲਾਇਟ ਥੀਮਸ, ਮੁੰਬਈ ਸਥਿਤ) ਦੁਆਰਾ 2013 ਵਿੱਚ ਇਹ ਪਤਾ ਲਾਉਣ ਲਈ ਇੱਕ ਅਧਿਐਨ ਕਰਾਇਆ ਗਿਆ ਕਿ ਸਿਹਤ ਕੇਂਦਰਾਂ ਵਿੱਚ ਵੱਖ-ਵੱਖ ਭਾਈਚਾਰਿਆਂ ਦੀਆਂ ਔਰਤਾਂ ਬਾਰੇ ਧਾਰਨਾਵਾਂ 'ਤੇ ਅਧਾਰਤ ਪੱਖਪਾਤ ਦੀ ਹਕੀਕਤ ਕੀ ਹੈ; ਤਾਂ ਪਤਾ ਚੱਲਿਆ ਕਿ ਭਾਵੇਂ ਵਰਗ ਦੇ ਅਧਾਰ 'ਤੇ ਸਾਰੀਆਂ ਔਰਤਾਂ ਦੇ ਨਾਲ਼ ਭੇਦਭਾਵ ਕੀਤਾ ਜਾਂਦਾ ਸੀ; ਪਰ ਮੁਸਲਮਾਨ ਔਰਤਾਂ ਨੇ ਇਹਦਾ ਤਿੱਖਾ ਤਜ਼ਰਬਾ ਕੀਤਾ ਜੋ ਉਨ੍ਹਾਂ ਨੇ ਪਰਿਵਾਰ ਨਿਯੋਜਨ ਦੇ ਆਪਣੇ ਵਿਕਲਪਾਂ, ਆਪਣੇ ਭਾਈਚਾਰਿਆਂ ਬਾਰੇ ਨਕਾਰਾਤਮਕ ਟਿੱਪਣੀਆਂ ਅਤੇ ਲੇਬਰ ਰੂਮ ਵਿੱਚ ਹੁੰਦੇ ਹੀਣੇ ਸਲੂਕ ਦੇ ਰੂਪ ਵਿੱਚ ਹੰਢਾਇਆ ਹੈ।
ਸੀਈਐੱਚਏਟੀ ਦੀ ਕੋਆਰਡੀਨੇਟਰ, ਸੰਗੀਤਾ ਰੇਗੇ ਕਹਿੰਦੀ ਹਨ,''ਚਿੰਤਾ ਦਾ ਵਿਸ਼ਾ ਇਹ ਹੈ ਕਿ ਸਰਕਾਰ ਦੇ ਪ੍ਰੋਗਰਾਮ ਗਰਭਨਿਰੋਧਕਾਂ ਲਈ ਆਪੋ-ਆਪਣੀ ਪਸੰਦ ਮੁਤਾਬਕ ਵੱਖੋ-ਵੱਖ ਵਿਧੀਆਂ ਪ੍ਰਦਾਨ ਕਰਨ ਦੀ ਸ਼ੇਖੀ ਕਿਉਂ ਨਾ ਮਾਰਦੇ ਹੋਣ; ਪਰ ਅਕਸਰ ਇਹ ਦੇਖਿਆ ਗਿਆ ਹੈ ਕਿ ਸਿਹਤ ਪ੍ਰਦਾਤਾ ਆਮ ਤੌਰ 'ਤੇ ਸਾਰੀਆਂ ਔਰਤਾਂ ਲਈ ਖ਼ੁਦ ਫ਼ੈਸਲੇ ਲੈਂਦੇ ਹਨ; ਮੁਸਲਿਮ ਭਾਈਚਾਰੇ ਨਾਲ਼ ਸਬੰਧਤ ਔਰਤਾਂ ਦਰਪੇਸ਼ ਰੁਕਾਵਟਾਂ ਨੂੰ ਸਮਝਣ ਅਤੇ ਢੁੱਕਵੇਂ ਗਰਭਨਿਰੋਧਕ ਵਿਕਲਪਾਂ 'ਤੇ ਚਰਚਾ ਕਰਨ ਲਈ ਉਨ੍ਹਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।
ਨੂਹ ਵਿੱਚ, ਪਰਿਵਾਰ ਨਿਯੋਜਨ ਦੇ ਲਈ ਉੱਚ ਅਪੂਰਣ ਲੋੜ ਦੇ ਬਾਵਜੂਦ, ਐੱਨਐੱਫ਼ਐੱਚਐੱਸ-4 (2015-16) ਦੱਸਦਾ ਹੈ ਕਿ ਗ੍ਰਾਮੀਣ ਇਲਾਕਿਆਂ ਵਿੱਚ ਗਰਭਨਿਰੋਧਕ ਦੀ ਵਰਤੋਂ ਕਰਨ ਵਾਲ਼ੀਆਂ ਔਰਤਾਂ ਵਿੱਚੋਂ ਸਿਰਫ਼ 7.3 ਫੀਸਦ ਨੇ ਹੀ ਕਦੇ ਪਰਿਵਾਰ ਨਿਯੋਜਨ 'ਤੇ ਚਰਚਾ ਕਰਨ ਲਈ ਸਿਹਤ ਕਰਮੀ ਨਾਲ਼ ਸੰਪਰਕ ਕੀਤਾ ਸੀ।
28 ਸਾਲਾ ਆਸ਼ਾ ਵਰਕਰ ਸੁਮਨ, ਜਿਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਬੀਵਾਂ ਵਿਖੇ ਕੰਮ ਕੀਤਾ ਹੈ, ਦਾ ਕਹਿਣਾ ਹੈ ਕਿ ਉਹ ਅਕਸਰ ਔਰਤਾਂ 'ਤੇ ਹੀ ਛੱਡ ਦਿੰਦੀ ਹਨ ਕਿ ਪਰਿਵਾਰ ਨਿਯੋਜਨ ਬਾਰੇ ਉਹ ਆਪਣਾ ਮਨ ਖ਼ੁਦ ਹੀ ਬਣਾਉਣ ਅਤੇ ਫ਼ੈਸਲਾ ਲੈਣ 'ਤੇ ਉਨ੍ਹਾਂ ਨਾਲ਼ ਚਰਚਾ ਕਰਨ। ਸੁਮਨ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਨਿਰਾਸ਼ਾਜਨਕ ਬੁਨਿਆਦੀ ਢਾਂਚਾ ਸਿਹਤ ਸੇਵਾ ਤੱਕ ਪਹੁੰਚਣ ਵਿੱਚ ਵੱਡੀ ਰੁਕਾਵਟ ਹੈ। ਇਹ ਸਾਰੀਆਂ ਔਰਤਾਂ ਨੂੰ ਪ੍ਰਭਾਵਤ ਕਰਦਾ ਹੈ, ਪਰ ਬਜ਼ੁਰਗ ਔਰਤਾਂ ਨੂੰ ਸਭ ਤੋਂ ਵੱਧ ਪ੍ਰਭਾਵਤ ਹੁੰਦੀਆਂ ਹਨ।
''ਨੂਹ ਦੇ ਪੀਐੱਚਸੀ ਤੱਕ ਜਾਣ ਲਈ ਸਾਨੂੰ ਤਿੰਨ-ਪਹੀਏ ਵਾਹਨ ਪੜ੍ਹਨ ਲਈ ਘੰਟਿਆਂ-ਬੱਧੀ ਉਡੀਕ ਕਰਨੀ ਪੈਂਦੀ ਹੈ,'' ਸੁਮਨ ਦੱਸਦੀ ਹਨ। ''ਸਿਰਫ਼ ਪਰਿਵਾਰ ਨਿਯੋਜਨ ਦੀ ਹੀ ਗੱਲ ਨਹੀਂ, ਸਿਹਤ ਸਬੰਧੀ ਕਿਸੇ ਵੀ ਸਮੱਸਿਆ ਲਈ ਸਿਹਤ ਕੇਂਦਰ ਅਪੜਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਪੈਦਲ ਤੁਰਨ ਨਾਲ਼ ਉਹ ਥੱਕ ਜਾਂਦੀਆਂ ਹਨ। ਹਕੀਕਤ ਵਿੱਚ ਮੈਂ ਮਜ਼ਬੂਰ ਹਾਂ।''
ਦਹਾਕਿਆਖਂ ਤੋਂ ਇੱਥੇ ਇੰਝ ਹੀ ਹੈ- ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਜਦੋਂ ਤੋਂ ਉਹ ਇਸ ਪਿੰਡ ਵਿੱਚ ਰਹਿ ਰਹੀ ਹਨ, ਇੱਥੇ ਕੁਝ ਵੀ ਨਹੀਂ ਬਦਲਿਆ ਹੈ, ਬਹਾਰ ਕਹਿੰਦੀ ਹਨ। ਸਮੇਂ ਤੋਂ ਪਹਿਲਾਂ ਜਨਮ ਲੈਣ ਕਾਰਨ ਉਨ੍ਹਾਂ ਦੇ ਸੱਤ ਬੱਚਿਆਂ ਦੀ ਮੌਤ ਹੋ ਗਈ ਸੀ। ਇਹਦੇ ਬਾਅਦ ਜੋ ਛੇ ਬੱਚੇ ਪੈਦਾ ਹੋਏ, ਉਹ ਸਾਰੇ ਜਿਊਂਦੇ ਹਨ। ''ਉਸ ਸਮੇਂ ਇੱਥੇ ਕੋਈ ਹਸਪਤਾਲ ਨਹੀਂ ਸੀ,'' ਉਹ ਦੱਸਦੀ ਹਨ,''ਅਤੇ ਅੱਜ ਵੀ ਸਾਡੇ ਪਿੰਡ ਵਿੱਚ ਕੋਈ ਸਿਹਤ ਕੇਂਦਰ ਨਹੀਂ ਹੈ।''
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ