ਇੱਥੇ ਰੋਟੀ ਘੱਟ ਮਿਲਦੀ ਹੈ, ਚਿੱਟਾ ਸ਼ਰੇਆਮ ਮਿਲਦਾ ਹੈ।

ਹਰਬੰਸ ਕੌਰ ਦਾ ਇਕਲੌਤਾ ਪੁੱਤਰ ਨਸ਼ੇ ਦਾ ਆਦੀ ਹੈ। “ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਲੜ-ਭਿੜ ਕੇ ਸਾਰੇ ਪੈਸੇ ਲੈ ਜਾਂਦਾ ਹੈ ਤੇ ਨਸ਼ਿਆਂ ’ਤੇ ਲਾ ਦਿੰਦਾ ਹੈ,” 25 ਸਾਲਾ ਜਵਾਨ ਪੁੱਤ, ਜੋ ਖੁਦ ਨਵਾਂ-ਨਵਾਂ ਪਿਤਾ ਬਣਿਆ ਹੈ, ਦੀ ਅਭਾਗੀ ਮਾਂ ਕਹਿ ਰਹੀ ਹੈ। ਉਹ ਦੱਸਦੀ ਹੈ ਕਿ ਚਿੱਟਾ, ਟੀਕੇ ਤੇ ਨਸ਼ੇ ਦੇ ਕੈਪਸੂਲ ਪਿੰਡ ਵਿੱਚ ਸੌਖਿਆਂ ਹੀ ਮਿਲ ਜਾਂਦੇ ਹਨ।

“ਜੇ ਸਰਕਾਰ ਚਾਹੇ ਤਾਂ ਨਸ਼ਾ ਬੰਦ ਕਰਾ ਸਕਦੀ ਹੈ। ਜੇ ਨਸ਼ਾ ਬੰਦ ਨਾ ਹੋਇਆ ਤਾਂ ਸਾਡੇ ਬੱਚੇ ਮਰ ਜਾਣਗੇ।” ਹਰਬੰਸ ਕੌਰ ਦਿਹਾੜੀਦਾਰ ਮਜ਼ਦੂਰ ਹੈ ਤੇ ਰਾਉਕੇ ਕਲ੍ਹਾਂ ਪਿੰਡ ਵਿੱਚ ਆਲੂਆਂ ਦੀ ਸਟੋਰੇਜ ਯੂਨਿਟ ਵਿੱਚ ਕੰਮ ਕਰਦੀ ਹੈ। ਆਲੂਆਂ ਦੀ ਇੱਕ ਬੋਰੀ ਭਰਨ ਦੇ ਉਹਨੂੰ 15 ਰੁਪਏ ਮਿਲਦੇ ਹਨ, ਤੇ ਉਹ ਦਿਨ ਦੀਆਂ 12 ਕੁ ਬੋਰੀਆਂ ਭਰ ਕੇ ਤਕਰੀਬਨ 180 ਰੁਪਏ ਕਮਾਉਂਦੀ ਹੈ। ਉਹਦਾ 45 ਸਾਲਾ ਪਤੀ, ਸੁਖਦੇਵ ਸਿੰਘ ਨਿਹਾਲ ਸਿੰਘ ਵਾਲਾ ਦੇ ਇੱਕ ਗੁਦਾਮ ਵਿੱਚ ਦਿਹਾੜੀ ਕਰਦਾ ਹੈ, ਜੋ ਉਹਨਾਂ ਦੇ ਪਿੰਡ ਨੰਗਲ ਤੋਂ ਚਾਰ ਕੁ ਕਿਲੋਮੀਟਰ ਦੂਰ ਪੈਂਦਾ ਹੈ। ਉਹ ਕਣਕ ਜਾਂ ਚੌਲਾਂ ਦੀਆਂ ਬੋਰੀਆਂ ਭਰਨ ਦਾ ਵੀ ਕੰਮ ਕਰਦਾ ਹੈ, ਜਦ ਇਹ ਕੰਮ ਮਿਲੇ ਤਾਂ ਦਿਨ ਦੇ 300 ਰੁਪਏ ਕਮਾ ਲੈਂਦਾ ਹੈ। ਪਰਿਵਾਰ ਦਾ ਗੁਜ਼ਾਰਾ ਇਹਨਾਂ ਦੋਵਾਂ ਦੀ ਕਮਾਈ ਨਾਲ ਹੀ ਹੁੰਦਾ ਹੈ।

ਪੰਜਾਬ ਦੇ ਮੋਗਾ ਦੇ ਇਸ ਪਿੰਡ ਵਿੱਚ, ਸਿੱਧਾ ਮੁੱਦੇ ਦੀ ਗੱਲ ਕਰਦਿਆਂ ਉਹਨਾਂ ਦੀ ਗੁਆਂਢਣ ਕਿਰਨ ਕੌਰ ਨੇ ਕਿਹਾ, “ਜਿਹੜਾ ਸਾਡੇ ਪਿੰਡ ਵਿੱਚੋਂ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰੇਗਾ, ਉਹਨੂੰ ਵੋਟ ਪਾਵਾਂਗੇ।”

ਕਿਰਨ ਦੀ ਇਹ ਸਾਫ਼-ਬਿਆਨੀ ਇਸ ਕਰਕੇ ਹੈ ਕਿ ਉਹਦਾ ਪਤੀ ਵੀ ਨਸ਼ੇ ਦਾ ਆਦੀ ਹੈ। ਦੋ ਬੱਚਿਆਂ, ਤਿੰਨ ਸਾਲ ਦੀ ਬੇਟੀ ਤੇ ਛੇ ਮਹੀਨੇ ਦਾ ਬੇਟਾ, ਦੀ ਮਾਂ ਨੇ ਕਿਹਾ, “ਮੇਰਾ ਪਤੀ ਮਜ਼ਦੂਰੀ ਕਰਦਾ ਹੈ ਤੇ ਨਸ਼ੇ ਦਾ ਆਦੀ ਹੈ। ਪਿਛਲੇ ਤਿੰਨ ਸਾਲਾਂ ਤੋਂ ਉਹ ਨਸ਼ੇ ਦੀ ਲਪੇਟ ਵਿੱਚ ਹੈ। ਜੋ ਵੀ ਕਮਾਉਂਦਾ ਹੈ, ਨਸ਼ੇ ’ਤੇ ਖ਼ਰਚ ਦਿੰਦਾ ਹੈ।”

ਅੱਠ-ਜਣਿਆਂ ਦੇ ਇਸ ਟੱਬਰ ਦੇ ਘਰ ਦੀਆਂ ਕੰਧਾਂ ’ਚ ਆਈਆਂ ਤਰੇੜਾਂ ਵੱਲ ਵੇਖਦਿਆਂ ਉਹਨੇ ਕਿਹਾ, “ਕਮਰਿਆਂ ਨੂੰ ਠੀਕ ਕਰਾਉਣ ਲਈ ਪੈਸੇ ਕਿੱਥੋਂ ਆਉਣਗੇ?”

PHOTO • Sanskriti Talwar

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨੰਗਲ ਪਿੰਡ ਦੀ ਹਰਬੰਸ ਕੌਰ ਤੇ ਉਹਦਾ ਪਤੀ ਸੁਖਦੇਵ ਸਿੰਘ ਆਪਣੇ ਇਕਲੌਤੇ ਪੁੱਤਰ ਨੂੰ ਨਸ਼ੇ ਦੇ ਚੁੰਗਲ ’ਚੋਂ ਬਚਾਉਣ ਲਈ ਜੱਦੋਜਹਿਦ ਕਰ ਰਹੇ ਹਨ

ਮੋਗਾ ਜ਼ਿਲ੍ਹੇ ਦਾ ਨੰਗਲ ਪਿੰਡ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਪੈਂਦਾ ਹੈ ਤੇ ਇੱਥੇ 1 ਜੂਨ ਨੂੰ ਵੋਟਾਂ ਪੈਣਗੀਆਂ।

ਛੇ ਮਹੀਨੇ ਪਹਿਲਾਂ, ਨੰਗਲ ਦੇ ਇੱਕ 24 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਭਰ ਜੁਆਨੀ ਵਿੱਚ ਨੌਜਵਾਨ ਦੇ ਚਲੇ ਜਾਣ ਨੇ ਪਿੰਡ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। “ਬੇਰੁਜ਼ਗਾਰੀ ਕਰਕੇ ਮੁੰਡੇ ਵਿਹਲੇ ਬੈਠੇ ਰਹਿੰਦੇ ਨੇ ਤੇ ਮਾੜੀ ਸੰਗਤ ਵਿੱਚ ਪੈ ਜਾਂਦੇ ਹਨ,” 2008 ਤੋਂ ਨੰਗਲ ਵਿੱਚ ਆਸ਼ਾ ਵਰਕਰ ਵਜੋਂ ਕੰਮ ਕਰ ਰਹੀ ਪਰਮਜੀਤ ਕੌਰ ਨੇ ਕਿਹਾ।

ਉਹ ਕਹਿੰਦੀ ਹੈ, “ਸਿਰਫ਼ ਸਰਕਾਰ ਹੀ ਇਹਦਾ (ਨਸ਼ੇ ਦਾ) ਹੱਲ ਕਰ ਸਕਦੀ ਹੈ।” (ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ) 2022 ਵਿੱਚ ਪੰਜਾਬ ’ਚ 144 ਲੋਕਾਂ (ਸਾਰੇ ਪੁਰਸ਼) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

2022 ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਜੇ ਉਹਨਾਂ ਦੀ ਪਾਰਟੀ ਜਿੱਤ ਗਈ ਤਾਂ ਤਿੰਨ ਮਹੀਨੇ ਅੰਦਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦੇਣਗੇ। ਇਸੇ ਤਰ੍ਹਾਂ ਦਾ ਐਲਾਨ, ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ 2023 ਨੂੰ ਆਜ਼ਾਦੀ ਦਿਹਾੜੇ ’ਤੇ ਪਟਿਆਲਾ ਵਿੱਚ ਭਾਸ਼ਣ ਕਰਦਿਆਂ ਕੀਤਾ ਸੀ ਕਿ ਸਾਲ ਵਿੱਚ ਸੂਬੇ ਵਿੱਚੋਂ ਨਸ਼ਾ ਖ਼ਤਮ ਕਰ ਦਿਆਂਗੇ।

ਆਬਕਾਰੀ ਵਿਭਾਗਾਂ ਜ਼ਰੀਏ ਸੂਬਾ ਸਰਕਾਰਾਂ ਕਈ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ, ਵਰਤੋਂ, ਤੇ ਵਪਾਰ ਨੂੰ ਕੰਟਰੋਲ ਕਰਦੀਆਂ ਹਨ। ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਵਿਕਰੀ ਤੇ ਵਪਾਰ ਸੰਗਠਿਤ ਮਾਫ਼ੀਆ ਚਲਾਉਂਦਾ ਹੈ। “ਪਿੰਡੋਂ ਬਾਹਰਲੇ ਲੋਕ ਜਿਹਨਾਂ ਦੇ ਮੋਗਾ, ਲੁਧਿਆਣਾ, ਬਰਨਾਲਾ ਤੇ ਹੋਰ ਥਾਵਾਂ ’ਤੇ ਲਿੰਕ ਹਨ, ਉਹ ਸਾਡੇ ਪਿੰਡ ਵਿੱਚ ਨਸ਼ਾ ਲਿਆਉਂਦੇ ਹਨ,” ਨੰਗਲ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਬੂਟਾ ਨੰਗਲ ਨੇ ਕਿਹਾ।

PHOTO • Sanskriti Talwar
PHOTO • Sanskriti Talwar

ਸੂਬਾ ਸਰਕਾਰਾਂ ਕਈ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ, ਵਰਤੋਂ, ਤੇ ਵਪਾਰ ਕੰਟਰੋਲ ਕਰਦੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਵਿਕਰੀ ਤੇ ਵਪਾਰ ਸੰਗਠਿਤ ਮਾਫ਼ੀਆ ਚਲਾਉਂਦਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂਬਰ ਬੂਟਾ ਨੰਗਲ (ਨੀਲੇ ਕੁੜ੍ਹਤੇ ਵਿੱਚ) ਆਪਣੇ ਪਰਿਵਾਰ ਨਾਲ (ਖੱਬੇ)। ਪਿੰਡ ਨੰਗਲ (ਸੱਜੇ) ਜਿੱਥੇ ਅਮਨਦੀਪ ਕੌਰ ਤੇ ਕਿਰਨ ਕੌਰ ਰਹਿੰਦੀਆਂ ਹਨ

ਨਸ਼ੀਲੀਆਂ ਦਵਾਈਆਂ ਅਤੇ ਮਨੋ-ਉਤੇਜਕ ਪਦਾਰਥ ਕਾਨੂੰਨ , 1985 ਮੁਤਾਬਕ ਭਾਰਤ ਵਿੱਚ ਨਸ਼ਿਆਂ ਦੀ ਵਰਤੋਂ ਤੇ ਨਸ਼ੇ ਰੱਖਣੇ ਗੈਰ-ਕਾਨੂੰਨੀ ਅਪਰਾਧ ਹਨ। “ਪਰ ਪੁਲਿਸ ਵਾਲੇ ਵੀ ਦਾਬੇ ਕਰਕੇ ਕੋਈ ਕਾਰਵਾਈ ਨਹੀਂ ਕਰਦੇ,” ਕਮੇਟੀ ਮੈਂਬਰ ਸੁਖਚੈਨ ਸਿੰਘ ਨੇ ਕਿਹਾ। ਉਹਨੇ ਕਿਹਾ, “ਜੇ ਵਿਧਾਇਕ ਚਾਹੁਣ ਤਾਂ ਸਾਡੇ ਪਿੰਡ ਵਿੱਚ ਨਸ਼ਾ ਬੰਦ ਕਰਾ ਸਕਦੇ ਹਨ।” ਸਾਬਕਾ ਸਰਪੰਚ, ਲਖਵੀਰ ਸਿੰਘ ਜੋ ਹੁਣ ਕਾਂਗਰਸ ਨਾਲ ਹੈ, ਨੇ ਸਹਿਮਤ ਹੁੰਦਿਆਂ ਕਿਹਾ, “ਪਿੱਛੇ ਤੋਂ ਸਰਕਾਰ ਰੋਕੇ ਤਾਂ ਰੁਕੂਗਾ।”

ਪਰ, ਨੰਗਲ ਵਾਸੀ ਕਮਲਜੀਤ ਕੌਰ ਦਾ ਕਹਿਣਾ ਹੈ, ਸਿਆਸਤਦਾਨ ਇਸ ਮਸਲੇ ਬਾਰੇ ਗੱਲ ਨਹੀਂ ਕਰ ਰਹੇ। ਉਹਨੇ ਕਿਹਾ ਕਿ ਫਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਨੇ ਆਪਣੀ ਰੈਲੀ ਵਿੱਚ ਨਸ਼ੇ ਦੇ ਕੋਹੜ ਬਾਰੇ ਗੱਲ ਨਹੀਂ ਕੀਤੀ। “ਉਹ ਬਸ ਔਰਤਾਂ ਲਈ ਲੁਭਾਉਣੇ ਵਾਅਦੇ ਕਰਕੇ ਵੋਟਾਂ ਮੰਗ ਰਹੇ ਹਨ,” 40 ਸਾਲਾ ਕਮਲਜੀਤ ਨੇ ਕਿਹਾ ਜੋ ਦਲਿਤ ਮਜ਼ਹਬੀ ਸਿੱਖ ਸਮਾਜ ਨਾਲ ਸਬੰਧ ਰੱਖਦੀ ਹੈ। “ਦੁੱਖ ਦੀ ਗੱਲ ਹੈ ਕਿ ਕਿਸੇ ਵੀ ਪਾਰਟੀ ਨੇ ਇਸ ਮਸਲੇ ’ਤੇ ਗੱਲ ਨਹੀਂ ਕੀਤੀ,” ਮਈ ਵਿੱਚ ਉਹਨਾਂ ਦੇ ਪਿੰਡ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਰੱਖੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾਂਦਿਆਂ ਉਹਨੇ ਕਿਹਾ।

*****

ਪਤੀ ਦੇ ਨਸ਼ੇ ਵਿੱਚੋਂ ਨਿਕਲਣ ਦਾ ਕੋਈ ਰਾਹ ਨਜ਼ਰ ਨਾ ਆਉਣ ਕਾਰਨ ਪਰਿਵਾਰ ਦੀ ਜ਼ਿੰਮੇਵਾਰੀ ਕਿਰਨ ਦੇ ਸਿਰ ’ਤੇ ਆ ਪਈ ਹੈ, ਜੋ ਜ਼ਿੰਮੀਦਾਰਾਂ ਦੇ ਖੇਤਾਂ ਵਿੱਚ ਦਿਹਾੜੀ ਕਰਦੀ ਹੈ। 23 ਸਾਲਾ ਕਿਰਨ ਨੂੰ ਆਖਰੀ ਵਾਰ ਦਿਹਾੜੀ ਫਰਵਰੀ 2024 ਵਿੱਚ ਮਿਲੀ ਸੀ ਜਦ ਉਹਨੇ ਆਪਣੇ ਨਵਜਾਤ ਬੱਚੇ ਨੂੰ ਆਪਣੇ ਕੋਲ ਦਰੱਖਤ ਦੀ ਛਾਵੇਂ ਪਲਾਸਟਿਕ ਦੀ ਬੋਰੀ ’ਤੇ ਪਾ ਕੇ ਆਲੂ ਪੁੱਟੇ ਸਨ। ਇਹ ਕੰਮ ਤਕਰੀਬਨ 20 ਦਿਨ ਚੱਲਿਆ। ਗੱਲ 400 ਰੁਪਏ ਦਿਹਾੜੀ ਦੀ ਹੋਈ ਸੀ ਪਰ ਅਖੀਰ ਨੂੰ 300 ਰੁਪਏ ਦਿਹਾੜੀ ਦਿੱਤੀ ਗਈ।

ਉਹਦੇ ਨਾਲ ਜਾ ਰਹੀ ਉਹਦੀ ਸਹੇਲੀ ਤੇ ਗੁਆਂਢਣ ਅਮਨਦੀਪ ਕੌਰ ਨੇ ਕਿਹਾ ਕਿ (ਉੱਚੀ ਜਾਤੀ ਦੇ) ਕਿਸਾਨ ਉਹਨਾਂ ਨੂੰ ਧਰਨਿਆਂ ਤੇ ਲੈ ਜਾਂਦੇ ਹਨ, ਪਰ ਖੇਤ ਮਜ਼ਦੂਰਾਂ ਨੂੰ ਬਣਦੀ ਦਿਹਾੜੀ ਨਹੀਂ ਮਿਲਦੀ। “ਸਾਡੇ ਨਾਲ ਕੌਣ ਖੜ੍ਹਦਾ ਹੈ? ਕੋਈ ਨਹੀਂ। ਉਹ ਸਾਨੂੰ ਪਿੱਛੇ ਰਹਿਣ ਲਈ ਕਹਿੰਦੇ ਹਨ ਕਿਉਂਕਿ ਅਸੀਂ ਨੀਵੀਆਂ ਜਾਤੀਆਂ ਦੇ ਹਾਂ, ਹਾਲਾਂਕਿ ਅਸੀਂ ਸਭ ਨਾਲੋਂ ਵੱਧ ਕੰਮ ਕਰਦੇ ਹਾਂ।”

PHOTO • Sanskriti Talwar
PHOTO • Sanskriti Talwar

ਅਮਨਦੀਪ ਕੌਰ ਤੇ ਕਿਰਨ ਕੌਰ (ਗੁਲਾਬੀ ਸੂਟ) ਸਰਬਜੀਤ ਕੌਰ ਨੂੰ ਅਲਵਿਦਾ ਕਹਿਣ ਆਏ ਰਿਸ਼ਤੇਦਾਰਾਂ ਲਈ ਭੋਜਨ ਤਿਆਰ ਕਰ ਰਹੀਆਂ ਹਨ, ਜੋ ਨੌਕਰੀ ਦੀ ਤਲਾਸ਼ ਵਿੱਚ ਇੰਗਲੈਂਡ ਜਾ ਰਹੀ ਹੈ। ਪੰਜਾਬ ਵਿੱਚ ਆਪਣੇ ਪਿੰਡ ਨੰਗਲ ’ਚ ਕਿਰਨ ਦੀ ਸੱਸ ਬਲਜੀਤ ਕੌਰ (ਪੀਲਾ ਸੂਟ)

ਕਿਰਨ ਤੇ ਅਮਨਦੀਪ ਵਰਗੇ ਦਲਿਤ ਪੰਜਾਬ ਦੀ ਵਸੋਂ ਦਾ 31.94 ਫੀਸਦ – (2011 ਦੀ ਮਰਦਮਸ਼ੁਮਾਰੀ ਮੁਤਾਬਕ) ਦੇਸ਼ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਵੱਧ – ਹਨ। ਧਰਨੇ ਦੌਰਾਨ ਦਲਿਤ ਦਿਹਾੜੀਦਾਰਾਂ ਦੀ ਮੁੱਖ ਮੰਗ 700 ਤੋਂ 1,000 ਰੁਪਏ ਤੱਕ ਦਿਹਾੜੀ ਵਧਾਉਣਾ ਸੀ।

ਅਮਨਦੀਪ ਦਾ ਕਹਿਣਾ ਹੈ ਕਿ ਔਰਤ ਖੇਤ ਮਜ਼ਦੂਰਾਂ ਨੂੰ ਹੁਣ ਜੂਨ ਵਿੱਚ ਸਾਉਣੀ ਵੇਲੇ ਕੰਮ ਮਿਲੇਗਾ, ਜਦ ਉਹਨਾਂ ਨੂੰ ਇੱਕ ਏਕੜ ਵਿੱਚ ਝੋਨਾ ਲਾਉਣ ਦੇ 4,000 ਰੁਪਏ ਮਿਲਣਗੇ ਅਤੇ ਹਰ ਮਜ਼ਦੂਰ ਇੱਕ ਦਿਨ ਦੇ 400 ਰੁਪਏ ਕਮਾਵੇਗੀ। “ਉਸ ਤੋਂ ਬਾਅਦ ਪੂਰੀ ਸਰਦੀ ਸਾਨੂੰ ਕੰਮ ਨਹੀਂ ਮਿਲੇਗਾ,” ਉਹਨੇ ਕਿਹਾ।

ਦੂਸਰਾ ਵਿਕਲਪ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ (ਮਨਰੇਗਾ) ਸਕੀਮ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਸਾਲ ਵਿੱਚ 100 ਦਿਨ ਕੰਮ ਮਿਲਣ ਦੀ ਗਾਰੰਟੀ ਹੈ। ਪਰ ਕਿਰਨ ਦੀ 50 ਸਾਲਾ ਸੱਸ, ਬਲਜੀਤ ਕੌਰ ਦਾ ਕਹਿਣਾ ਹੈ ਕਿ ਪਿੰਡ ਵਿੱਚ ਉਹਨਾਂ ਨੂੰ ਇਸ ਤਹਿਤ 10 ਦਿਨ ਤੋਂ ਵੱਧ ਕੰਮ ਨਹੀਂ ਮਿਲਦਾ।

ਘਰ ਦੇ ਖ਼ਰਚੇ ਵਿੱਚ ਮਦਦ ਕਰਨ ਲਈ ਬਲਜੀਤ ਇੱਕ ਉੱਚੀ ਜਾਤੀ ਵਾਲਿਆਂ ਦੇ ਘਰ 200 ਰੁਪਏ ਦਿਹਾੜੀ ’ਤੇ ਕੰਮ ਕਰਦੀ ਹੈ। ਅਮਨਦੀਪ ਕਿਤਾਬਾਂ ’ਤੇ ਪਲਾਸਟਿਕ ਚੜ੍ਹਾਉਣ ਦੇ 20 ਰੁਪਏ ਪ੍ਰਤੀ ਕਿਤਾਬ ਕਮਾਉਂਦੀ ਹੈ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ 2022 ਦੀਆਂ ਚੋਣਾਂ ਵੇਲੇ 1,000 ਰੁਪਏ ਮਹੀਨਾ ਦੇਣ ਦਾ ਜੋ ਵਾਅਦਾ ਆਮ ਆਦਮੀ ਪਾਰਟੀ ਨੇ ਕੀਤਾ ਸੀ, ਉਹਦੇ ਨਾਲ ਕਾਫ਼ੀ ਮਦਦ ਮਿਲਣੀ ਸੀ। “ਅਸੀਂ ਮਿਹਨਤ ਕੀਤੀ ਤੇ ਫਾਰਮ ਭਰਨ ਲਈ 200 ਰੁਪਏ ਖ਼ਰਚੇ ਪਰ ਹੱਥ ਕੁਝ ਨਹੀਂ ਆਇਆ,” ਬਲਜੀਤ ਕੌਰ ਨੇ ਕਿਹਾ।

PHOTO • Sanskriti Talwar
PHOTO • Sanskriti Talwar

ਮੋਗਾ ਜ਼ਿਲ੍ਹੇ ਦੇ ਨੰਗਲ ਪਿੰਡ ਵਿੱਚ ਬਲਜੀਤ ਤੇ ਕਿਰਨ ਦਾ ਘਰ। ਨੌਕਰੀ ਦੀ ਤਲਾਸ਼ ਵਿੱਚ ਇੰਗਲੈਂਡ ਜਾਣ ਲਈ ਆਪਣਾ ਸਮਾਨ ਬੰਨ੍ਹ ਰਹੀ ਸਰਬਜੀਤ ਕੌਰ। ‘ਜਦ ਨੌਕਰੀਆਂ ਹੀ ਨਹੀਂ ਤਾਂ ਪੰਜਾਬ ਵਿੱਚ ਸਮਾਂ ਬਰਬਾਦ ਕਰਨ ਦਾ ਕੋਈ ਫ਼ਾਇਦਾ ਨਹੀਂ। ਇੱਥੇ ਸਿਰਫ਼ ਨਸ਼ੇ ਹਨ, ਉਹ ਕਹਿੰਦੀ ਹੈ

ਪਰੇਸ਼ਾਨ ਹੋ ਚੁੱਕੀ ਬਲਜੀਤ ਹੁਣ ਆਪਣੀ ਸਭ ਤੋਂ ਛੋਟੀ ਬੇਟੀ, 24 ਸਾਲਾ ਸਰਬਜੀਤ ਕੌਰ ਨੂੰ ਨੌਕਰੀ ਲਈ ਇੰਗਲੈਂਡ ਭੇਜਣ ਦੀ ਤਿਆਰੀ ਕਰ ਰਹੀ ਹੈ। ਇਹ ਉਹ ਸੁਪਨਾ ਹੈ ਜਿਸ ’ਤੇ ਪਰਿਵਾਰ ਨੇ ਆਪਣੀ ਕਾਰ ਤੇ ਮੋਟਰਸਾਇਕਲ ਵੇਚ ਕੇ ਸ਼ਾਹੂਕਾਰਾਂ ਤੋਂ ਪੈਸੇ ਉਧਾਰੇ ਫੜ ਕੇ 13 ਲੱਖ ਖਰਚੇ ਹਨ।

ਸਰਬਜੀਤ ਨੇ ਦੋ ਸਾਲ ਪਹਿਲਾਂ ਬੀਐਡ ਕੀਤੀ ਹੈ ਪਰ ਕੋਈ ਨੌਕਰੀ ਨਹੀਂ ਮਿਲੀ। “ਜਦ ਨੌਕਰੀਆਂ ਹੀ ਨਹੀਂ ਤਾਂ ਪੰਜਾਬ ਵਿੱਚ ਸਮਾਂ ਬਰਬਾਦ ਕਰਨ ਦਾ ਕੋਈ ਫ਼ਾਇਦਾ ਨਹੀਂ। ਇੱਥੇ ਸਿਰਫ਼ ਨਸ਼ਾ ਹੈ,” ਉਹ ਕਹਿੰਦੀ ਹੈ।

ਨੌਕਰੀ ਮਿਲਣ ਤੱਕ 24 ਸਾਲਾ ਸਰਬਜੀਤ ਆਪਣੀਆਂ ਸਹੇਲੀਆਂ ਨਾਲ ਰਹੇਗੀ: “ਵਿਦੇਸ਼ ਜਾਣਾ ਮੇਰਾ ਬਚਪਨ ਤੋਂ ਸੁਪਨਾ ਸੀ। ਹੁਣ ਸੁਪਨਾ ਜ਼ਰੂਰਤ ਬਣ ਗਿਆ।” ਉਹਨਾਂ ਦਾ ਪਰਿਵਾਰ ਸਵੇਰੇ-ਸ਼ਾਮ ਨੇੜਲੇ ਪਿੰਡਾਂ ਵਿੱਚ ਦੁੱਧ ਸਪਲਾਈ ਕਰਦਾ ਹੈ ਜਿਸ ਤੋਂ ਉਹ ਦਿਨ ਦੇ ਤਕਰੀਬਨ 1,000 ਰੁਪਏ ਕਮਾ ਲੈਂਦੇ ਹਨ ਅਤੇ ਇਹ ਪੈਸੇ ਕਰਜ਼ਾ ਉਤਾਰਨ ਤੇ ਘਰ ਦਾ ਖਰਚਾ ਚਲਾਉਣ ਵਿੱਚ ਜਾਂਦਾ ਹੈ।

“ਮਾਪੇ ਹੋਣ ਦੇ ਨਾਤੇ ਅਸੀਂ ਇਹਨੂੰ ਵਿਆਹ ਕੇ ਭੇਜਣਾ ਸੀ, ਪਰ ਹੁਣ ਅਸੀਂ ਇਹਨੂੰ ਵਿਦੇਸ਼ ਭੇਜ ਰਹੇ ਹਾਂ। ਘੱਟੋ-ਘੱਟ ਇਹ ਕੁਝ ਬਣ ਜਾਵੇਗੀ ਤੇ ਫਿਰ ਆਪਣੀ ਮਰਜ਼ੀ ਮੁਤਾਬਕ ਵਿਆਹ ਕਰਾ ਲਵੇਗੀ,” ਬਲਜੀਤ ਕੌਰ ਕਹਿੰਦੀ ਹੈ।

ਤਰਜਮਾ: ਅਰਸ਼ਦੀਪ ਅਰਸ਼ੀ

Sanskriti Talwar

Sanskriti Talwar is an independent journalist based in New Delhi, and a PARI MMF Fellow for 2023.

Other stories by Sanskriti Talwar
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Arshdeep Arshi

Arshdeep Arshi is an independent journalist and translator based in Chandigarh and has worked with News18 Punjab and Hindustan Times. She has an M Phil in English literature from Punjabi University, Patiala.

Other stories by Arshdeep Arshi