ਚਿੱਕੜ ਨਾਲ਼ ਭਰੀਆਂ ਕੱਚੀਆਂ ਗ਼ਲੀਆਂ ਕਈ ਕਈ ਕਿਲੋਮੀਟਰਾਂ ਤੱਕ ਫ਼ੈਲੀਆਂ ਹੋਈਆਂ ਹਨ। ਇਸ ਤੋਂ ਛੁੱਟ, ਸੌਰਾ ਦੇ ਹਸਪਤਾਲ ਤੱਕ ਪੁੱਜਣ ਦਾ ਸਫ਼ਰ ਨਾ ਮੁੱਕਣ ਵਾਲ਼ੀ ਲੜਾਈ ਜਿਹਾ ਹੈ। ਮੁਬੀਨਾ ਅਤੇ ਅਰਸ਼ੀਦ ਹੁਸੈਨ ਅਖ਼ੂਨ ਨੂੰ ਆਪਣੇ ਬੇਟੇ ਮੋਹਸਿਨ ਦੀ ਸਿਹਤ ਨਾਲ਼ ਜੁੜੇ ਮਸ਼ਵਰਿਆਂ ਲਈ ਮਹੀਨਿਆਂ ਬੱਧੀ ਘੱਟ ਤੋਂ ਘੱਟ ਇੱਕ ਵਾਰੀ ਹਸਪਤਾਲ ਜਾਣਾ ਪੈਂਦਾ ਹੈ। ਅਰਸ਼ੀਦ ਕਰੀਬ ਨੌ ਸਾਲ ਦੇ ਆਪਣੇ ਬੇਟੇ ਨੂੰ ਗੋਦੀ ਚੁੱਕ ਕੇ, ਵਿਸਥਾਪਤਾਂ ਵਾਸਤੇ ਬਣਾਈ ਗਈ ਹਾਊਸਿੰਗ ਕਲੋਨੀ 'ਰਖ-ਏ-ਅਰਥ' ਦੀਆਂ ਗਲ਼ੀਆਂ ਨੂੰ ਪਾਰ ਕਰਦੇ ਹਨ, ਜੋ ਪਿਘਲਦੀ ਬਰਫ਼ ਅਤੇ ਸੀਵੇਜ ਦੇ ਗੰਦੇ ਪਾਣੀ ਨਾਲ਼ ਅਕਸਰ ਭਰ ਜਾਂਦਾ ਹੈ।

ਆਮ ਤੌਰ 'ਤੇ ਉਹ 2-3 ਕਿਲੋਮੀਟਰ ਪੈਦਲ ਤੁਰਨ ਤੋਂ ਬਾਅਦ ਹੀ ਆਟੋਰਿਕਸ਼ਾ ਫੜ੍ਹ ਪਾਉਂਦੇ ਹਨ। ਇਹ ਆਟੋਰਿਕਸ਼ਾ ਉਨ੍ਹਾਂ ਨੂੰ 500 ਰੁਪਏ ਵਿੱਚ ਕਰੀਬ 10 ਕਿਲੋਮੀਟਰ ਦੂਰ, ਉੱਤਰੀ ਸ਼੍ਰੀਨਗਰ ਦੇ ਸੌਰਾ ਇਲਾਕੇ ਵਿੱਚ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ ਤੱਕ ਪਹੁੰਚ ਦਿੰਦਾ ਹੈ। ਕਈ ਵਾਰੀ, ਪਰਿਵਾਰ ਨੂੰ ਹਸਪਤਾਲ ਤੱਕ ਦੀ ਦੂਰੀ ਵੀ ਪੈਦਲ ਹੀ ਤੈਅ ਕਰਨੀ ਪੈਂਦੀ ਹੈ। ਪਿਛਲੇ ਸਾਲ ਹੋਈ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਅਕਸਰ ਅਜਿਹੀ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਸੀ। ਮੁਬੀਨਾ ਕਹਿੰਦੀ ਹਨ,''ਇਸ ਚੱਕਰ ਵਿੱਚ ਪੂਰਾ ਦਿਨ ਲੱਗ ਜਾਂਦਾ ਹੈ।''

ਮੁਬੀਨਾ ਅਤੇ ਅਰਸ਼ੀਦ ਦੀ ਦੁਨੀਆ ਬਦਲੀ ਨੂੰ ਕਰੀਬ ਨੌ ਸਾਲ ਬੀਤ ਚੁੱਕੇ ਹਨ। 2012 ਵਿੱਚ, ਜਦੋਂ ਮੋਹਸਿਨ ਬੱਸ ਕੁਝ ਕੁ ਦਿਨਾਂ ਦਾ ਹੀ ਸੀ ਤਦ ਉਹਨੂੰ ਬੁਖ਼ਾਰ ਦੇ ਨਾਲ਼-ਨਾਲ਼ ਪੀਲੀਏ ਦੀ ਸ਼ਿਕਾਇਤ ਹੋ ਗਈ ਸੀ, ਜਿਸ ਵਿੱਚ ਬਿਲਰੂਬੀਨ ਦਾ ਪੱਧਰ ਕਾਫ਼ੀ ਜ਼ਿਆਦਾ ਵੱਧ ਗਿਆ ਸੀ। ਇਸ ਤੋਂ ਬਾਅਦ ਫਿਰ ਕੀ ਸੀ... ਡਾਕਟਰਾਂ ਕੋਲ਼ ਜਾਣ ਦਾ ਇੱਕ ਸਿਲਸਿਲਾ ਜਿਹਾ ਹੀ ਸ਼ੁਰੂ ਹੋ ਗਿਆ। ਮੋਹਸਿਨ ਨੂੰ ਸ਼੍ਰੀਨਗਰ ਵਿੱਚ ਸਥਿਤ ਬੱਚਿਆਂ ਦੇ ਸਰਕਾਰੀ ਹਸਪਤਾਲ ਜੀ.ਬੀ. ਪੰਤ ਵਿਖੇ ਦੋ ਮਹੀਨੇ ਰੱਖਿਆ ਗਿਆ। ਅਖ਼ੀਰ ਵਿੱਚ ਉਨ੍ਹਾਂ ਨੂੰ ਇਹੀ ਦੱਸਿਆ ਗਿਆ ਕਿ ਉਨ੍ਹਾਂ ਦਾ ਬੱਚਾ 'ਅਸਧਾਰਣ' ਹੈ।

ਆਪਣੀ ਉਮਰ ਦੇ 30ਵੇਂ ਵਰ੍ਹੇ ਵਿੱਚ ਮੁਬੀਨਾ ਚੇਤੇ ਕਰਦਿਆਂ ਦੱਸਦੀ ਹਨ,''ਜਦੋਂ ਉਹਦੀ ਹਾਲਤ ਵਿੱਚ ਸੁਧਾਰ ਨਾ ਹੋਇਆ ਤਾਂ ਅਸੀਂ ਉਹਨੂੰ ਇੱਕ ਪ੍ਰਾਇਵੇਟ ਡਾਕਟਰ ਕੋਲ਼ ਲੈ ਗਏ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਹਦਾ ਦਿਮਾਗ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਉਹ ਕਦੇ ਵੀ ਬਹਿ ਨਹੀਂ ਸਕੇਗਾ ਅਤੇ ਨਾ ਹੀ ਤੁਰ ਹੀ ਸਕੇਗਾ।''

ਆਖ਼ਰਕਾਰ, ਜਾਂਚ ਤੋਂ ਇਹ ਪਤਾ ਚੱਲਿਆ ਕਿ ਮੋਹਸਿਨ ਨੂੰ ਦਿਮਾਗ਼ੀ ਲਕਵਾ ਹੈ। ਇਹ ਪਤਾ ਚੱਲਣ ਤੋਂ ਬਾਅਦ ਤੋਂ ਹੀ ਮੁਬੀਨਾ ਆਪਣਾ ਬਹੁਤਾ ਸਮਾਂ ਆਪਣੇ ਬੇਟੇ ਦੀ ਦੇਖਭਾਲ਼ ਵਿੱਚ ਬਿਤਾਉਂਦੀ ਹਨ। ਉਹ ਕਹਿੰਦੀ ਹਨ,''ਮੈਨੂੰ ਉਹਦਾ ਪੇਸ਼ਾਬ ਸਾਫ਼ ਕਰਨਾ ਪੈਂਦਾ ਹੈ, ਉਹਦਾ ਬਿਸਤਰਾ ਧੋਣਾ ਪੈਂਦਾ ਹੈ, ਉਹਦੇ ਕੱਪੜੇ ਧੋਣੇ ਪੈਂਦੇ ਹਨ ਅਤੇ ਉਹਨੂੰ ਫੜ੍ਹ ਕੇ ਬਿਠਾਉਣਾ ਪੈਂਦਾ ਹੈ। ਉਹ ਪੂਰਾ ਦਿਨ ਮੇਰੀ ਗੋਦੀ ਵਿੱਚ ਹੀ ਰਹਿੰਦਾ ਹੈ।''

'When his condition didn’t improve, we took him to a private doctor who told us that his brain is completely damaged and he will never be able to sit or walk'
PHOTO • Kanika Gupta
'When his condition didn’t improve, we took him to a private doctor who told us that his brain is completely damaged and he will never be able to sit or walk'
PHOTO • Kanika Gupta

' ਜਦੋਂ ਉਹਦੀ ਹਾਲਤ ਵਿੱਚ ਸੁਧਾਰ ਨਾ ਹੋਇਆ, ਤਾਂ ਅਸੀਂ ਉਹਨੂੰ ਇੱਕ ਪ੍ਰਾਇਵੇਟ ਡਾਕਟਰ ਕੋਲ਼ ਲੈ ਗਏ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਹਦਾ ਦਿਮਾਗ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਉਹ ਨਾ ਤਾਂ ਕਦੇ ਬਹਿ ਸਕੇਗਾ ਅਤੇ ਨਾ ਹੀ ਤੁਰ ਹੀ ਸਕੇਗਾ '

ਸਾਲ 2019 ਤੱਕ ਭਾਵ ਰੇਖ-ਏ-ਅਰਥ ਵਿਖੇ, ਜਿੱਥੇ ਅਵਾਸ ਦੇ ਨਾਮ 'ਤੇ ਅਧੂਰੀਆਂ ਛੱਤਾਂ ਅਤੇ ਖਾਲੀ ਕੰਕਰੀਟ ਦੇ ਢਾਂਚੇ ਜਿਹੇ ਖੜ੍ਹੇ ਕੀਤੇ ਗਏ ਸਨ, ਵਿਸਥਾਪਤ ਹੋਣ ਤੋਂ ਪਹਿਲਾਂ ਤੀਕਰ ਉਨ੍ਹਾਂ ਦਾ ਸੰਘਰਸ਼ ਕੁਝ ਘੱਟ ਸੀ।

ਪਹਿਲਾਂ ਉਹ ਡਲ ਝੀਲ ਦੇ ਮੀਰ ਬੇਹਰੀ ਇਲਾਕੇ ਵਿੱਚ ਰਹਿੰਦੇ ਸਨ। ਮੁਬੀਨਾ ਦੇ ਕੋਲ਼ ਆਪਣਾ ਕੰਮ ਸੀ ਆਪਣੀ ਕਮਾਈ ਸੀ। ''ਮਹੀਨੇ ਦੇ 10-15 ਦਿਨ ਮੈਂ ਡਲ ਝੀਲ ਵਿੱਚ ਘਾਹ ਪੁੱਟਦੀ ਸਾਂ,'' ਉਹ ਕਹਿੰਦੀ ਹਨ। ਇਹਦੇ ਨਾਲ਼-ਨਾਲ਼ ਮੁਬੀਨਾ ਚਟਾਈਆਂ ਵੀ ਬੁਣਦੀ ਸਨ ਅਤੇ ਜੋ ਸਥਾਨਕ ਬਜ਼ਾਰ ਵਿੱਚ ਪ੍ਰਤੀ ਚਟਾਈ 50 ਰੁਪਏ ਵਿੱਚ ਵਿਕਦੀ ਸੀ। ਇਸ ਤੋਂ ਇਲਾਵਾ, ਉਹ ਮਹੀਨੇ ਦੇ ਲਗਭਗ 15-20 ਦਿਨ ਝੀਲ ਵਿੱਚੋਂ ਲਿਲੀ ਕੱਢਣ ਦਾ ਕੰਮ ਵੀ ਕਰਦੀ ਸਨ ਅਤੇ ਉਨ੍ਹਾਂ ਨੂੰ ਚਾਰ ਘੰਟੇ ਕੰਮ ਦੇ ਬਦਲੇ 300 ਰੁਪਏ ਦਿਹਾੜੀ ਮਿਲ਼ਦੀ। ਸੀਜ਼ਨ ਵਾਲ਼ੇ ਮਹੀਨੀਂ ਅਰਸ਼ੀਦ ਬਤੌਰ ਖ਼ੇਤ ਮਜ਼ਦੂਰ, ਮਹੀਨੇ ਦੇ 20-25 ਦਿਨ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਕਰੀਬ 1000 ਰੁਪਏ ਦਿਹਾੜੀ ਮਿਲ਼ ਜਾਇਆ ਕਰਦੀ ਅਤੇ ਨਾਲ਼ੋ-ਨਾਲ਼ ਮੰਡੀ ਵਿੱਚ ਸਬਜ਼ੀ ਵੇਚ ਕੇ ਉਹ ਘੱਟੋ-ਘੱਟ 500 ਰੁਪਏ ਦਾ ਨਫ਼ਾ ਕਮਾਉਂਦੇ।

ਪਰਿਵਾਰ ਨੂੰ ਮਹੀਨੇ ਵਿੱਚ ਚੰਗੀ-ਭਲ਼ੀ ਆਮਦਨੀ ਹੋ ਜਾਇਆ ਕਰਦੀ, ਜਿਸ ਨਾਲ਼ ਵਧੀਆ ਤਰ੍ਹਾਂ ਗੁਜ਼ਾਰਾ ਚੱਲੀ ਜਾ ਰਿਹਾ ਸੀ। ਮੋਹਸਿਨ ਨੂੰ ਜਿਨ੍ਹਾਂ ਹਸਪਤਾਲਾਂ ਵਿੱਚ ਦਿਖਾਇਆ ਜਾਂਦਾ ਉਹ ਸਾਰੇ ਦੇ ਸਾਰੇ ਮੀਰ ਬੇਹਰੀ ਦੇ ਨੇੜੇ-ਤੇੜੇ ਹੀ ਹੁੰਦੇ ਸਨ।

''ਪਰ ਮੋਹਸਿਨ ਦੇ ਪੈਦਾ ਹੋਣ ਤੋਂ ਬਾਅਦ, ਮੈਂ ਕੰਮ ਕਰਨਾ ਬੰਦ ਕਰ ਦਿੱਤਾ ਸੀ,'' ਮੁਬੀਨਾ ਕਹਿੰਦੀ ਹਨ। ''ਫਿਰ ਮੇਰੀ ਸੱਸ ਕਹਿੰਦੀ ਸੀ ਕਿ ਮੈਂ ਸਦਾ ਆਪਣੇ ਬੇਟੇ ਨਾਲ਼ ਹੀ ਚਿਪਕੀ ਰਹਿੰਦੀ ਹਾਂ ਅਤੇ ਘਰ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਾਉਣ ਦੀ ਮੇਰੇ ਕੋਲ਼ ਵਿਹਲ ਨਹੀਂ ਹੁੰਦੀ। ਦੱਸ ਸਾਨੂੰ ਇੱਥੇ (ਮੀਰ ਬੇਹਰੀ ਵਿੱਚ) ਰੱਖਣ ਦਾ ਮਤਲਬ ਹੀ ਕੀ ਸੀ?''

ਮੁਬੀਨਾ ਅਤੇ ਅਰਸ਼ੀਦ ਨੂੰ ਘਰ ਛੱਡ ਕੇ ਜਾਣ ਲਈ ਕਹਿ ਦਿੱਤਾ ਗਿਆ। ਉਨ੍ਹਾਂ ਨੇ ਨੇੜੇ ਹੀ ਇੱਕ ਟੀਨ ਦਾ ਸ਼ੈੱਡ ਪਾਇਆ। ਸਤੰਬਰ 2014 ਵਿੱਚ ਆਏ ਹੜ੍ਹ ਕਾਰਨ ਇਹ ਕਮਜ਼ੋਰ ਢਾਰਾ ਢਹਿ ਗਿਆ। ਇਸ ਤੋਂ ਬਾਅਦ, ਉਹ ਰਿਸ਼ਤੇਦਾਰਾਂ ਦੇ ਨਾਲ਼ ਰਹਿਣ ਚਲੇ ਗਏ ਅਤੇ ਫਿਰ ਬਾਰ ਬਾਰ ਰਹਿਣ ਦੀ ਥਾਂ ਬਦਲਣੀ ਪਈ ਅਤੇ ਹਰ ਵਾਰ ਉਨ੍ਹਾਂ ਨੂੰ ਆਰਜ਼ੀ ਸ਼ੈੱਡ ਬਣਾ ਕੇ ਹੀ ਰਹਿਣਾ ਪਿਆ।

ਪਰ ਹਰ ਵਾਰੀ ਮੋਹਸਿਨ ਦੇ ਇਲਾਜ, ਜਾਂਚ ਨਾਲ਼ ਜੁੜੇ ਡਾਕਟਰ ਅਤੇ ਹਸਪਤਾਲ ਸਦਾ ਹੀ ਸਾਡੀ ਪਹੁੰਚ ਦੇ ਦਾਇਰੇ ਵਿੱਚ ਹੀ ਰਹੇ।

The family sitting in the sun outside Arshid’s parents’ home in Rakh-e-Arth, Srinagar
PHOTO • Kanika Gupta
The family sitting in the sun outside Arshid’s parents’ home in Rakh-e-Arth, Srinagar
PHOTO • Kanika Gupta

ਸ਼੍ਰੀਨਗਰ ਦੇ ' ਰਖ-ਏ-ਅਰਥ ' ਵਿੱਚ ਅਰਸ਼ੀਦ ਦੇ ਮਾਂ-ਬਾਪ ਦੇ ਘਰ ਦੇ ਬਾਹਰ ਧੁੱਪੇ ਬੈਠਾ ਪਰਿਵਾਰ

ਹਾਲਾਂਕਿ, ਸਾਲ 2017 ਵਿੱਚ ਜੰਮੂ-ਕਸ਼ਮੀਰ ਝੀਲ ਅਤੇ ਜਲਮਾਰਗ ਵਿਕਾਸ ਅਥਾਰਿਟੀ (LAWDA) ਨੇ ਡਲ ਝੀਲ ਇਲਾਕੇ ਵਿੱਚ ਇੱਕ 'ਮੁੜ-ਵਸੇਬਾ' ਅਭਿਆਨ ਸ਼ੁਰੂ ਕੀਤਾ ਸੀ। ਅਧਿਕਾਰੀਆਂ ਨੇ ਅਰਸ਼ੀਦ ਦੇ ਪਿਤਾ, ਗ਼ੁਲਾਮ ਰਸੂਲ ਅਖੂਨ ਨਾਲ਼ ਸੰਪਰਕ ਸਾਧਿਆ, ਜੋ 70 ਸਾਲ ਦੇ ਹਨ ਅਤੇ ਝੀਲ ਦੇ ਦੀਪਾਂ 'ਤੇ ਖੇਤੀ ਕਰਨ ਵਾਲ਼ੇ ਕਿਸਾਨ ਰਹੇ ਹਨ। ਉਨ੍ਹਾਂ ਨੇ ਡਲ ਝੀਲ ਤੋਂ ਕਰੀਬ 12 ਕਿਲੋਮੀਟਰ ਦੂਰ ਬੇਮਿਨਾ ਇਲਾਕੇ ਵਿੱਚ, ਵਿਸਥਾਪਤਾਂ ਵਾਸਤੇ ਬਣਾਈ ਗਈ 'ਰਖ-ਏ-ਅਰਥ' ਕਲੋਨੀ ਵਿੱਚ ਕਰੀਬ 2,000 ਵਰਗ ਫੁੱਟ ਦੇ ਪਲਾਟ 'ਤੇ ਘਰ ਬਣਾਉਣ ਲਈ ਕਰੀਬ 1 ਲੱਖ ਰੁਪਏ ਦਾ ਮਤਾ ਪ੍ਰਵਾਨ ਕਰ ਲਿਆ।

ਅਰਸ਼ੀਦ ਦੱਸਦੇ ਹਨ,''ਮੇਰੇ ਪਿਤਾ ਨੇ ਕਿਹਾ ਕਿ ਉਹ ਜਾ ਰਹੇ ਹਨ ਅਤੇ ਮੈਂ ਉਨ੍ਹਾਂ ਦੇ ਨਾਲ਼ ਚੱਲ ਸਕਦਾ ਹਾਂ ਜਾਂ ਜਿੱਥੇ ਮੈਂ ਸਾਂ ਉੱਥੇ ਹੀ ਰਹਾਂ। ਉਸ ਸਮੇਂ ਤੱਕ, ਸਾਡਾ ਇੱਕ ਹੋਰ ਬੇਟਾ ਅਲੀ ਪੈਦਾ ਹੋ ਗਿਆ ਸੀ, ਜਿਹਦਾ ਜਨਮ ਸਾਲ 2014 ਵਿੱਚ ਹੋਇਆ ਸੀ। ਮੈਂ ਉਨ੍ਹਾਂ ਨਾਲ਼ ਜਾਣ ਲਈ ਰਾਜ਼ੀ ਹੋ ਗਿਆ। ਉਨ੍ਹਾਂ ਨੇ ਸਾਨੂੰ ਆਪਣੇ ਘਰ ਦੇ ਪਿਛਲੇ (ਰਖ-ਏ-ਅਰਥ ਵਿੱਚ) ਇੱਕ ਛੋਟੀ ਜਿਹੀ ਥਾਂ ਦੇ ਦਿੱਤੀ, ਜਿੱਥੇ ਅਸੀਂ ਚਾਰਾਂ ਵਾਸਤੇ ਛੋਟਾ ਜਿਹਾ ਢਾਰਾ ਬਣਾ ਲਿਆ।''

ਉਹ 2019 ਦਾ ਵੇਲ਼ਾ ਸੀ, ਜਦੋਂ ਅਖੂਨ ਪਰਿਵਾਰ ਦੇ ਨਾਲ਼-ਨਾਲ਼ ਕਰੀਬ 1,000 ਪਰਿਵਾਰ ਘਰੋਂ ਬੇਘਰ ਹੋ ਇੰਨੀ ਦੂਰ ਇਸ ਕਲੋਨੀ ਵਿੱਚ ਰਹਿਣ ਚਲਾ ਗਿਆ ਸੀ, ਜਿੱਥੇ ਨਾ ਤਾਂ ਸੜਕਾਂ ਹੀ ਹਨ ਅਤੇ ਨਾ ਹੀ ਆਵਾਜਾਈ ਵਾਸਤੇ ਢੰਗ ਦੇ ਸਾਧਨ ਹਨ, ਨਾ ਕੋਈ ਸਕੂਲ ਹੈ ਅਤੇ ਨਾ ਹੀ ਕੋਈ ਹਸਪਤਾਲ ਹੀ। ਇੱਥੋਂ ਤੱਕ ਕਿ ਰੁਜ਼ਗਾਰ ਦਾ ਕੋਈ ਵਸੀਲਾ ਤੱਕ ਮੌਜੂਦ ਨਹੀਂ ਹੈ; ਸਿਰਫ਼ ਪਾਣੀ ਅਤੇ ਬਿਜਲੀ ਹੀ ਉਪਲਬਧ ਹੈ। LAWDA ਦੇ ਵਾਈਸ ਚੇਅਰਮੈਨ ਤੁਫ਼ੈਲ ਮੱਟੂ ਕਹਿੰਦੇ ਹਨ,''ਅਸੀਂ ਪਹਿਲਾ ਕਲੱਸਟਰ (ਤਿੰਨਾਂ ਵਿੱਚੋਂ) ਅਤੇ 4,600 ਪਲਾਟ ਤਿਆਰ ਕਰ ਲਏ ਹਨ। ਹੁਣ ਤੱਕ 2,280 ਪਰਿਵਾਰਾਂ ਨੂੰ ਜ਼ਮੀਨ ਦੇ ਪਲਾਟ ਜਾਰੀ ਕੀਤੇ ਜਾ ਚੁੱਕੇ ਹਨ।

ਅਰਸ਼ੀਦ ਰੁਜ਼ਗਾਰ ਲੱਭਣ ਖ਼ਾਤਰ, ਰਖ-ਏ-ਅਰਥ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਸਥਿਤ ਲੇਬਰ ਨਾਕਾ ਜਾਂਦੇ ਹਨ। ਉਹ ਦੱਸਦੇ ਹਨ,''ਕਾਫ਼ੀ ਸਾਰੇ ਲੋਕ ਸਵੇਰੇ 7 ਵਜੇ ਉੱਥੇ ਆਉਂਦੇ ਹਨ ਅਤੇ ਕੰਮ ਦੀ ਤਲਾਸ਼ ਵਿੱਚ ਦੁਪਹਿਰ ਤੱਕ ਉੱਥੇ ਉਡੀਕ ਕਰਦੇ ਹਨ। ਮੈਨੂੰ ਆਮ ਤੌਰ 'ਤੇ ਕੰਸਟ੍ਰਕਸ਼ਨ ਸਾਈਟ 'ਤੇ ਪੱਥਰ ਢੋਹਣ ਦਾ ਕੰਮ ਮਿਲ਼ਦਾ ਹੈ।'' ਪਰ, ਇਹ ਕੰਮ 500 ਰੁਪਏ ਦਿਹਾੜੀ ਦੇ ਹਿਸਾਬ ਨਾਲ਼ ਬਾਮੁਸ਼ਕਲ ਮਹੀਨੇ ਦੇ 12-15 ਦਿਨ ਲਈ ਹੀ ਮਿਲ਼ਦਾ ਹੈ ਅਤੇ ਡਲ ਝੀਲ 'ਤੇ ਉਨ੍ਹਾਂ ਦੀ ਜਿੰਨੀ ਵੀ ਕਮਾਈ ਹੁੰਦੀ ਸੀ, ਇਹ ਉਸ ਕਮਾਈ ਨਾਲ਼ੋਂ ਬੇਹੱਦ ਘੱਟ ਹੈ।

ਅਰਸ਼ੀਦ ਕਹਿੰਦੇ ਹਨ,''ਜਦੋਂ ਕੰਮ ਨਹੀਂ ਹੁੰਦਾ ਹੈ, ਤਾਂ ਬਚਤ ਦੇ ਪੈਸਿਆਂ ਨਾਲ਼ ਆਪਣਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਜਦੋਂ ਸਾਡੇ ਕੋਲ਼ ਪੈਸੇ ਹੀ ਨਹੀਂ ਹਨ ਤਾਂ ਦੱਸੋ ਅਸੀਂ ਮੋਹਸਿਨ ਨੂੰ ਇਲਾਜ ਲਈ ਕਿੱਥੇ ਲਿਜਾ ਸਕਦੇ ਹਾਂ।''

Rakh-e-Arth has just one sub-health centre that can only handle basic healthcare functions; for emergencies people have to travel to the urban primary health centre at Pantha Chowk, 15 kilometres away. Or, like the Akhoon family, they have to go to the hospital in Soura
PHOTO • Kanika Gupta
Rakh-e-Arth has just one sub-health centre that can only handle basic healthcare functions; for emergencies people have to travel to the urban primary health centre at Pantha Chowk, 15 kilometres away. Or, like the Akhoon family, they have to go to the hospital in Soura
PHOTO • Kanika Gupta

ਰਖ-ਏ-ਅਰਥ ਵਿੱਚ ਸਿਰਫ਼ ਉਪ-ਸਿਹਤ ਕੇਂਦਰ ਹੈ, ਜਿੱਥੇ ਸਿਰਫ਼ ਬੁਨਿਆਦੀ ਸਿਹਤ ਸੁਵਿਧਾਵਾਂ ਹੀ ਉਪਲਬਧ ਹੋ ਪਾਉਂਦੀਆਂ ਹਨ ; ਐਮਰਜੈਂਸੀ ਦੀ ਹਾਲਤ ਵਿੱਚ ਲੋਕਾਂ ਨੂੰ 15 ਕਿਲੋਮੀਟਰ ਦੂਰ ਪੰਖਾ ਚੌਕ ' ਤੇ ਸਥਿਤ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਤੱਕ ਜਾਣਾ ਪੈਂਦਾ ਹੈ ਜਾਂ ਉਨ੍ਹਾਂ ਨੂੰ ਅਖੂਨ ਪਰਿਵਾਰ ਵਾਂਗਰ ਹੀ ਸੌਰਾ ਵਿੱਚ ਸਥਿਤ ਹਸਪਤਾਲ ਜਾਣਾ ਪੈਂਦਾ ਹੈ

ਇਹ ਵਿਸਥਾਪਤ (ਲੋਕਾਂ ਦੀ) ਕਲੋਨੀ ਸ਼੍ਰੀਨਗਰ ਦੇ ਬਟਮਾਲੂ ਇਲਾਕੇ ਦੇ ਘੇਰੇ ਵਿੱਚ ਆਉਂਦੀ ਹੈ। ਬਟਮਾਲੂ ਦੀ ਜ਼ੋਨਲ ਮੈਡੀਕਲ ਅਫ਼ਸਰ ਸਮੀਨਾ ਜਾਨ ਕਹਿੰਦੀ ਹਨ,''ਰਖ-ਏ-ਅਰਥ ਵਿੱਚ ਸਿਰਫ਼ ਇੱਕ ਉਪ-ਸਿਹਤ ਕੇਂਦਰ ਹੈ, ਜਿੱਥੇ ਸਿਰਫ਼ ਡਾਇਬਟੀਜ਼ ਅਤੇ ਬੀਪੀ ਜਿਹੇ ਗ਼ੈਰ-ਸੰਚਾਰੀ ਰੋਗਾਂ ਦੀ ਹੀ ਜਾਂਚ ਹੋ ਸਕਦੀ ਹੈ ਅਤੇ ਜਾਂ ਫਿਰ ਗਰਭਵਤੀ ਔਰਤਾਂ ਦੀ ਪ੍ਰਸਵ ਪੂਰਵ ਜਾਂਚ ਦੇ ਨਾਲ਼ ਨਾਲ਼ ਬੱਚਿਆਂ ਦਾ ਵੈਕਸੀਨੇਸ਼ਨ ਹੋ ਸਕਦਾ ਹੈ।

ਰਖ-ਏ-ਅਰਥ ਵਿੱਚ ਇੱਕ ਸਿਹਤ ਕੇਂਦਰ ਅਤੇ ਇੱਕ ਹਸਪਤਾਲ ਬਣਾਇਆ ਜਾ ਰਿਹਾ ਹੈ। LAWDA ਦੇ ਤੁਫ਼ੈਲ ਮੱਟੂ ਕਹਿੰਦੇ ਹਨ,''ਇਮਾਰਤ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ ਅਤੇ ਛੇਤੀ ਹੀ ਉੱਥੇ ਕੰਮ ਚਾਲੂ ਹੋ ਜਾਵੇਗਾ। ਅਜੇ ਤੱਕ, ਉਪ ਸਿਹਤ ਕੇਂਦਰ ਵਿੱਚ ਸਿਰਫ਼ ਇੱਕ ਛੋਟੀ ਡਿਸਪੈਂਸਰੀ ਸ਼ੁਰੂ ਕੀਤੀ ਗਈ ਹੈ। ਦਿਨ ਵਿੱਚ ਕੁਝ ਘੰਟਿਆਂ ਲਈ ਇੱਕ ਡਾਕਟਰ ਵੀ ਆਉਂਦਾ ਹੈ।'' ਇਸਲਈ, ਇੱਥੋਂ ਦੇ ਲੋਕਾਂ ਨੂੰ ਐਮਰਜੈਂਸੀ ਦੀ ਹਾਲਤ ਵਿੱਚ 15 ਕਿਲੋਮੀਟਰ ਦੂਰ ਪੰਖਾ ਚੌਕ ਸਥਿਤ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਤੱਕ ਜਾਣਾ ਪੈਂਦਾ ਹੈ ਜਾਂ ਫਿਰ, ਅਖੂਨ ਪਰਿਵਾਰ ਵਾਂਗ ਉਨ੍ਹਾਂ ਨੂੰ ਵੀ ਸੌਰਾ ਦੇ ਹਸਪਤਾਲ ਜਾਣਾ ਪੈਂਦਾ ਹੈ।

ਜਦੋਂ ਤੋਂ ਉਹ ਇਸ ਕਲੋਨੀ ਵਿੱਚ ਰਹਿਣ ਆਏ ਹਨ, ਮੁਬੀਨਾ ਦੀ ਖ਼ੁਦ ਦੀ ਤਬੀਅਤ ਨਾਸਾਜ਼ ਰਹਿਣ ਲੱਗੀ ਹੈ ਅਤੇ ਉਹ ਪੈਲੀਪਟੇਸ਼ਨ (ਦਿਲ ਰੋਗ) ਨਾਲ਼ ਪੀੜਤ ਹਨ। ਉਹ ਕਹਿੰਦੀ ਹਨ,''ਮੇਰਾ ਬੱਚਾ ਬੀਮਾਰ ਰਹਿੰਦਾ ਹੈ, ਜਿਸ ਕਰਕੇ ਮੈਨੂੰ ਕਈ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ। ਉਹਦੇ ਹੱਥ ਕੰਮ ਨਹੀਂ ਕਰਦੇ, ਉਹਦੇ ਪੈਰ ਕੰਮ ਨਹੀਂ ਕਰਦੇ, ਉਹਦੀ ਦਿਮਾਗ਼ ਵੀ ਕੰਮ ਨਹੀਂ ਕਰਦਾ। ਮੈਂ ਸਵੇਰ ਤੋਂ ਲੈ ਕੇ ਸ਼ਾਮਾਂ ਤੀਕਰ ਉਹਨੂੰ ਆਪਣੀ ਗੋਦੀ ਵਿੱਚ ਬਿਠਾਈ ਰੱਖਦੀ ਹਾਂ ਅਤੇ ਸ਼ਾਮਾਂ ਤੀਕਰ ਮੇਰੇ ਖ਼ੁਦ ਦੇ ਜਿਸਮ ਵਿੱਚ ਸ਼ਦੀਦ ਪੀੜ੍ਹ ਹੋਣ ਲੱਗਦੀ ਹੈ। ਮੈਂ ਉਹਦੀ ਚਿੰਤਾ ਵਿੱਚ ਹੀ ਬੀਮਾਰ ਪੈ ਗਈ ਹਾਂ ਅਤੇ ਫਿਰ ਵੀ ਉਹਦੀ ਦੇਖਭਾਲ਼ ਵਿੱਚ ਲੱਗੀ ਰਹਿੰਦੀ ਹਾਂ। ਜੇ ਮੈਂ ਡਾਕਟਰ ਕੋਲ਼ ਜਾਂਦੀ ਹਾਂ ਤਾਂ ਉਹ ਮੈਨੂੰ ਇਲਾਜ ਅਤੇ ਟੈਸਟ ਕਰਾਉਣ ਲਈ ਕਹਿੰਦੀ ਹਨ। ਮੇਰੀ ਕਮਾਈ 10 ਰੁਪਏ ਵੀ ਨਹੀਂ ਰਹੀ, ਦੱਸੋ ਮੈਂ ਆਪਣੇ ਇਲਾਜ ਦਾ ਖ਼ਰਚਾ ਕਿਵੇਂ ਝੱਲਾਂ...''

ਉਨ੍ਹਾਂ ਦੇ ਬੇਟੇ ਦੀ ਇੱਕ ਵਾਰ ਦੀ ਦਵਾਈ 700 ਰੁਪਏ (10 ਦਿਨਾਂ ਦੀ) ਦੀ ਆਉਂਦੀ ਹੈ ਜੋ ਲਗਾਤਾਰ ਚੱਲਣ ਵਾਲ਼ੀ ਦਵਾਈ ਹੈ। ਬਾਰ-ਬਾਰ ਚੜ੍ਹਨ ਵਾਲ਼ੇ ਬੁਖ਼ਾਰ, ਅਲਸਰ ਅਤੇ ਚੱਕਤਿਆਂ ਦੇ ਕਾਰਨ ਕਰਕੇ ਉਹਨੂੰ ਲਗਭਗ ਹਰ ਮਹੀਨੇ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ। 'ਜੰਮੂ ਅਤੇ ਕਸ਼ਮੀਰ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਸ ਵੈਲਫੇਅਰ ਬੋਰਡ' ਦੁਆਰਾ ਅਰਸ਼ੀਦ ਨੂੰ ਜਾਰੀ ਕੀਤੇ ਗਏ ਲੇਬਰ ਕਾਰਡ ਦੇ ਅਧਾਰ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਫ਼ਤ ਇਲਾਜ ਮਿਲ਼ਣਾ ਚਾਹੀਦਾ ਹੈ, ਜੋ ਅਰਸ਼ੀਦ ਲਈ ਹਰ ਸਾਲ 1 ਲੱਖ ਰੁਪਏ ਤੱਕ ਦੀਆਂ ਮੈਡੀਕਲ ਸੁਵਿਧਾਵਾਂ ਦਾ ਅਧਿਕਾਰ ਦਿੰਦਾ ਹੈ। ਪਰ ਕਾਰਡ ਨੂੰ ਵੈਧ ਰੱਖਣ ਵਾਸਤੇ ਸਲਾਨਾ ਇੱਕ ਛੋਟੀ ਜਿਹੀ ਫ਼ੀਸ ਵੀ ਭਰਨੀ ਪੈਂਦੀ ਹੈ ਅਤੇ ਇਹਨੂੰ ਦੋਬਾਰਾ ਬਣਵਾਉਣ ਲਈ 90 ਦਿਨਾਂ ਦੇ ਰੁਜ਼ਗਾਰ ਪ੍ਰਮਾਣ-ਪੱਤਰ ਦੀ ਲੋੜ ਪੈਂਦੀ ਹੈ। ਅਰਸ਼ੀਦ ਇਸ ਸਭ ਕਾਸੇ ਦਾ ਪ੍ਰਬੰਧਨ ਨਹੀਂ ਚਲਾ ਪਾਉਂਦੇ।

Left: Younger son Ali says, 'My father doesn’t have money, how can I go to school?' Right: The family's tin home behind Arshid's father’s house
PHOTO • Kanika Gupta
Left: Younger son Ali says, 'My father doesn’t have money, how can I go to school?' Right: The family's tin home behind Arshid's father’s house
PHOTO • Kanika Gupta

ਖੱਬੇ : ਛੋਟਾ ਬੇਟਾ ਅਲੀ ਕਹਿੰਦਾ ਹੈ, ' ਮੇਰੇ ਪਿਤਾ ਦੇ ਕੋਲ਼ ਪੈਸਾ ਨਹੀਂ ਹੈ, ਮੈਂ ਸਕੂਲ ਕਿਵੇਂ ਜਾ ਸਕਦਾ ਹਾਂ ? ' ਸੱਜੇ : ਪਿਤਾ ਦੇ ਘਰ ਦੇ ਮਗਰਲੇ ਪਾਸੇ ਅਰਸ਼ੀਦ ਦਾ ਟੀਨ ਦਾ ਸ਼ੈੱਡ

ਜੀ.ਬੀ. ਪੰਤ ਹਸਪਤਾਲ ਦੇ ਡਾ. ਮੁਦਾਸਿਰ ਰਾਥਰ ਕਹਿੰਦੇ ਹਨ,''ਦੂਸਰੇ ਬੱਚਿਆਂ ਵਾਂਗਰ ਮੋਹਸਿਨ ਨਾ ਤਾਂ ਤੁਰ ਪਾਵੇਗਾ ਨਾ ਹੀ ਸਕੂਲ ਹੀ ਜਾ ਪਾਵੇਗਾ, ਨਾ ਖੇਡ ਪਾਵੇਗਾ ਅਤੇ ਨਾ ਹੀ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਹੋ ਪਾਵੇਗਾ।'' ਡਾਕਟਰ ਸਿਰਫ਼ ਸੰਕ੍ਰਮਣ, ਦੌਰੇ ਅਤੇ ਸਿਹਤ ਸਬੰਧੀ  ਦੂਸਰੀਆਂ ਸਮੱਸਿਆਂ ਦੇ ਇਲਾਜ ਵਿੱਚ ਮਦਦ ਕਰ ਸਕਦੇ ਹਨ ਅਤੇ ਸਪੈਸਟੀਸਿਟੀ ਵਾਸਤੇ ਫਿਜਿਓਥੈਰੇਪੀ ਦਿੰਦੇ ਹਨ। ਸ਼੍ਰੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਦੀ ਬਾਲ ਰੋਗ ਮਾਹਰ ਡਾ. ਅਸਿਆ ਅੰਜੁਮ ਦੱਸਦੀ ਹਨ,''ਦਿਮਾਗ਼ੀ ਲਕਵਾ ਇੱਕ ਅਜਿਹਾ ਨਿਊਰੋਲਾਜਿਕਲ ਡਿਸਆਰਡਰ ਹੈ ਜਿਹਦਾ ਕੋਈ ਇਲਾਜ ਨਹੀਂ ਹੈ। ਜੇਕਰ ਨਵਜਾਤ ਬੱਚਿਆਂ ਦੇ ਜਨਮ ਮੌਕੇ ਦੇ ਪੀਲੀਏ ਨੂੰ ਸਹੀ ਤਰ੍ਹਾਂ ਇਲਾਜ ਨਹੀਂ ਮਿਲ਼ ਪਾਉਂਦਾ ਤਾਂ ਇਹ ਇਸ ਨਿਊਰੋਲਾਜਿਕਲ ਡਿਸਆਰਡਰ ਨੂੰ ਜਨਮ ਦੇ ਸਕਦਾ ਹੈ। ਇਹਦੇ ਅਸਰਾਤ ਫਿਰ, ਦਿਮਾਗ਼ ਦੇ ਨੁਕਸਾਨੇ ਜਾਣ ਹਿੱਲ-ਜੁੱਲ ਨਾਲ਼ ਜੁੜੀਆਂ ਸਮੱਸਿਆਵਾਂ, ਸਪੈਸਟੀਸਿਟੀ, ਮੰਦਬੁੱਧਤਾ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ।''

ਕੰਮ ਲੱਭਣ ਖ਼ਾਤਰ ਭੱਜਨੱਸ ਅਤੇ ਇੱਕ ਡਾਕਟਰ ਤੋਂ ਦੂਸਰੇ ਡਾਕਟਰ ਮਗਰ ਕੀਤੀ ਭੱਜਨੱਸ ਕਰਨ ਤੋਂ ਇਲਾਵਾ, ਮੁਬੀਨਾ ਅਤੇ ਅਰਸ਼ੀਦ ਆਪਣਾ ਪੂਰਾ ਸਮਾਂ ਅਤੇ ਪੈਸਾ ਮੋਹਸਿਨ ਦੇ ਇਲਾਜ ਅਤੇ ਛੋਟੇ ਬੇਟੇ ਦੀ ਦੇਖਭਾਲ਼ ਵਿੱਚ ਖ਼ਰਚਦੇ ਹਨ। ਸੱਤ ਸਾਲਾਂ ਨੂੰ ਢੁਕਣ ਵਾਲ਼ਾ ਛੋਟਾ ਅਲੀ ਸ਼ਿਕਾਇਤ ਕਰਦਾ ਹੈ,''ਉਹ ਪੂਰਾ ਸਮਾਂ ਬਾਯਾ (ਭਰਾ) ਨੂੰ ਹੀ ਗੋਦੀ ਚੁੱਕੀ ਰੱਖਦੀ ਹਨ। ਉਹ ਮੈਨੂੰ ਤਾਂ ਕਦੇ ਗਲ਼ੇ ਵੀ ਨਹੀਂ ਲਾਉਂਦੀ। ਅਲੀ ਨੂੰ ਆਪਣੇ ਭਰਾ ਨਾਲ਼ ਨੇੜਤਾ ਵਧਾਉਣ ਵਿੱਚ ਦਿੱਕਤ ਹੁੰਦੀ ਹੈ ਕਿਉਂਕਿ ''ਉਹ ਕਦੇ ਮੇਰੇ ਨਾਲ਼ ਗੱਲ ਨਹੀਂ ਕਰਦਾ, ਨਾ ਖੇਡਦਾ ਹੈ ਅਤੇ ਮੈਂ ਉਹਦੀ ਮਦਦ ਕਰਨ ਲਈ ਅਜੇ ਬਹੁਤ ਛੋਟਾ ਹਾਂ।''

ਅਲੀ ਸਕੂਲ ਨਹੀਂ ਜਾਂਦਾ। ਉਹ ਪੁੱਛਦਾ ਹੈ,''ਜਦੋਂ ਮੇਰੇ ਪਿਤਾ ਕੋਲ਼ ਪੈਸੇ ਹੀ ਨਹੀਂ ਤਾਂ ਮੈਂ ਸਕੂਲ ਕਿਵੇਂ ਜਾ ਸਕਦਾ ਹਾਂ?'' ਵੈਸੇ ਤਾਂ ਰਖ-ਏ-ਅਰਥ ਵਿੱਚ ਕੋਈ ਸਕੂਲ ਹੈ ਹੀ ਨਹੀਂ। LAWDA  ਦੁਆਰਾ ਕੀਤਾ ਗਿਆ ਵਾਅਦਾ ਹਾਲੇ ਅਧਵਾਟੇ ਲਮਕ ਰਿਹਾ ਹੈ। ਨੇੜਲਾ ਸਰਕਾਰੀ ਸਕੂਲ ਲਗਭਗ ਦੋ ਕਿਲੋਮੀਟਰ ਦੂਰ ਬੇਮਿਨਾ ਵਿੱਚ ਸਥਿਤ ਹੈ ਅਤੇ ਉਹ ਹੈ ਵੀ ਵੱਡੇ ਬੱਚਿਆਂ ਦਾ ਸਕੂਲ।

ਮੁਬੀਨਾ ਕਹਿੰਦੀ ਹਨ,''ਰਖ-ਏ-ਅਰਥ ਆਉਣ ਤੋਂ ਛੇ ਮਹੀਨੇ ਅੰਦਰ ਹੀ ਸਾਨੂੰ ਪਤਾ ਚੱਲ ਗਿਆ ਸੀ ਕਿ ਅਸੀਂ ਇੱਥੇ ਬਹੁਤਾ ਸਮਾਂ ਨਹੀਂ ਰਹਿ ਸਕਾਂਗੇ। ਇੱਥੋਂ ਦੀ ਹਾਲਤ ਵਾਕਈ ਕਾਫ਼ੀ ਖ਼ਰਾਬ ਹੈ। ਮੋਹਸਿਨ ਨੂੰ ਹਸਪਤਾਲ ਲੈ ਜਾਣ ਲਈ ਸਾਡੇ ਕੋਲ਼ ਆਵਾਜਾਈ ਦੇ ਸਾਧਨ ਵੀ ਨਹੀਂ ਹਨ ਅਤੇ ਜਦੋਂ ਸਾਡੇ ਕੋਲ਼ (ਇਸ ਕੰਮ ਵਾਸਤੇ) ਪੈਸੇ ਵੀ ਨਹੀਂ ਹੁੰਦਾ ਤਾਂ ਕਾਫ਼ੀ ਮੁਸ਼ਕਲ ਦਰਪੇਸ਼ ਆਉਂਦੀ ਹੈ।''

''ਇੱਥੇ ਕੋਈ ਕੰਮ ਨਹੀਂ ਹੈ, ਦੱਸੋ ਅਸੀਂ ਕੀ ਕਰੀਏ? ਮੈਂ ਕੰਮ ਦੀ ਭਾਲ਼ ਕਰਾਂ ਜਾਂ ਕਰਜ਼ਾ ਚੁੱਕਾਂ। ਸਾਡੇ ਕੋਲ਼ ਹੋਰ ਕੋਈ ਚਾਰਾ ਵੀ ਤਾਂ ਨਹੀਂ,'' ਅਰਸ਼ੀਦ ਕਹਿੰਦੇ ਹਨ।

ਤਰਜਮਾ: ਕਮਲਜੀਤ ਕੌਰ

Kanika Gupta

Kanika Gupta is a freelance journalist and photographer from New Delhi.

Other stories by Kanika Gupta
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur