ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈਆਂ ਝੜਪਾਂ, ਜਿਸ ਦੌਰਾਨ ਸੰਤੋਖ ਸਿੰਘ ਅੱਥਰੂ ਗੈਸ ਦੇ ਗੋਲ਼ੇ ਨਾਲ਼ ਜ਼ਖ਼ਮੀ ਹੋਇਆ ਸੀ, ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ।

ਪਰ 70 ਸਾਲਾ ਇਹ ਬਜ਼ੁਰਗ ਅਜੇ ਵੀ ਸਿੰਘੂ ਧਰਨੇ 'ਤੇ ਡਟਿਆ ਹੋਇਆ ਹੈ ਅਤੇ ਨਵੇਂ ਖੇਤੀ ਕਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ। "ਅਸੀਂ ਉੱਥੇ ਸ਼ਾਂਤਮਈ ਤਰੀਕੇ ਨਾਲ਼ ਬੈਠੇ ਸਾਂ ਕਿ ਅਚਾਨਕ ਅਸੀਂ ਗੋਲ਼ੀਆਂ ਚੱਲਣ ਦੀ ਅਵਾਜ਼ ਸੁਣੀ," 27 ਨਵੰਬਰ ਬਾਰੇ ਗੱਲ ਕਰਦਿਆਂ ਉਹ ਕਹਿੰਦਾ ਹੈ, ਜਿਸ ਦਿਨ ਅੱਥਰੂ ਗੈਸ ਦੇ ਇੱਕ ਗੋਲ਼ੇ ਨੇ ਉਹਦੀ ਖੱਬੀ ਅੱਖ ਜ਼ਖ਼ਮੀ ਕਰ ਸੁੱਟੀ ਸੀ।

ਇੱਕ ਦਿਨ ਪਹਿਲਾਂ ਹੀ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਵਿੱਚ ਪੈਂਦੇ ਉਹਦੇ ਗਾਰਖਾ ਪਿੰਡ ਦੇ 17 ਜਣੇ ਦਿੱਲੀ ਵਾਸਤੇ ਰਵਾਨਾ ਹੋਏ ਅਤੇ ਅਗਲੀ ਸਵੇਰ ਇੱਥੇ ਅੱਪੜ ਗਏ। "ਜਦੋਂ ਅਸੀਂ ਅੱਪੜੇ ਤਾਂ 50,000-60,000 ਲੋਕ ਇੱਥੇ ਜਮ੍ਹਾ ਹੋਏ ਪਏ ਸਨ। ਮੈਂ ਭਾਸ਼ਣ ਸੁਣਨ ਗਿਆ ਅਤੇ ਹੋਰਨਾ ਪ੍ਰਦਰਸ਼ਨਕਾਰੀਆਂ ਨਾਲ਼ ਉੱਥੇ ਬੈਠ ਗਿਆ," ਚੇਤੇ ਕਰਦਿਆਂ ਸੰਤੋਖ ਸਿੰਘ ਕਹਿੰਦਾ ਹੈ।

ਸਵੇਰੇ ਕਰੀਬ 11 ਵਜੇ, ਹਫ਼ੜਾ-ਦਫੜੀ ਮੱਚ ਗਈ ਅਤੇ ਦੇਖਦੇ ਹੀ ਦੇਖਦੇ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੇ ਗੋਲ਼ੇ ਵਰ੍ਹਨ ਲੱਗੇ। "ਮੇਰੇ ਅੱਗੇ ਬੈਠੇ ਨੌਜਵਾਨ ਭੁੜ੍ਹਕ ਕੇ ਉੱਠੇ, ਉਨ੍ਹਾਂ ਨੇ ਮੇਰੇ ਵੱਲ ਛਾਲ਼ ਮਾਰੀ ਅਤੇ ਦੂਜੇ ਪਾਸੇ ਭੱਜ ਗਏ। ਮੈਂ ਉੱਠਿਆ ਅਤੇ ਖ਼ੁਦ ਨੂੰ ਸੰਭਾਲ਼ਿਆ," ਸੰਤੋਖ ਸਿੰਘ ਦੱਸਦਾ ਹੈ। "ਮੈਂ ਸੁਰੱਖਿਆ ਬਲਾਂ 'ਤੇ ਚੀਕਿਆ: 'ਤੁਸੀਂ ਸਾਨੂੰ ਕਿਉਂ ਉਕਸਾ ਰਹੇ ਹੋ? ਅਸੀਂ ਇੱਥੇ ਸ਼ਾਂਤਮਈ ਤਰੀਕੇ ਨਾਲ਼ ਬੈਠੇ ਹੋਏ ਸਾਂ।' ਉਨ੍ਹਾਂ ਨੇ ਗੁੱਸੇ ਨਾਲ਼ ਮੋੜਵਾਂ ਜਵਾਬ ਦਿੱਤਾ: 'ਭੀੜ ਨੂੰ ਤਿੱਤਰ-ਬਿੱਤਰ ਕਰਨ ਵਾਸਤੇ ਸਾਨੂੰ ਇੰਝ ਕਰਨਾ ਪਿਆ।' ਐਨ ਉਦੋਂ ਹੀ ਮੇਰੇ ਮੂਹਰੇ ਬੈਠੇ ਬੱਚੇ ਨੇ ਜਿਓਂ ਹੀ ਤੋਪ ਦਾ ਗੋਲ਼ਾ ਆਪਣੇ ਵੱਲ ਆਉਂਦਾ ਦੇਖਿਆ ਤਾਂ  ਉਹ ਭੱਜ ਨਿਕਲ਼ਿਆ ਅਤੇ ਗੋਲ਼ਾ ਉਹਦੇ (ਬੱਚੇ ਦੇ) ਵੱਜਣ ਦੀ ਬਜਾਇ ਮੇਰੇ ਵੱਜ ਗਿਆ। ਪਰ ਮੈਂ ਉੱਥੋਂ ਮਾਸਾ ਨਾ ਹਿੱਲਿਆ। "

ਸਰਦਾਰ ਸੰਤੋਖ ਸਿੰਘ, ਜਿਹਨੇ ਪੰਜਾਬ ਦੀ ਚੋਲ੍ਹਾ ਤਹਿਸੀਲ ਵਿੱਚ ਪੈਂਦੇ ਆਪਣੇ ਪਿੰਡ ਅੰਦਰ ਆਪਣੀ ਪੂਰੀ ਜ਼ਿੰਦਗੀ ਝੋਨੇ ਅਤੇ ਕਣਕ ਦੀ ਕਾਸ਼ਤ ਕਰਦਿਆਂ ਬਿਤਾਈ, ਅੱਗੇ ਕਹਿੰਦਾ ਹੈ, "ਮੈਨੂੰ ਉਦੋਂ ਤੱਕ ਆਪਣੇ ਜ਼ਖ਼ਮੀ ਹੋਣ ਦਾ ਅਹਿਸਾਸ ਹੀ ਨਾ ਹੋਇਆ ਜਦੋਂ ਤੱਕ ਕਿ ਲੋਕਾਂ ਦੇ ਹਜ਼ੂਮ ਨੇ ਮੈਨੂੰ ਘੇਰ ਨਹੀਂ ਲਿਆ। ਲੋਕਾਂ ਨੇ ਮੈਨੂੰ ਦੱਸਿਆ ਕਿ ਮੇਰੇ ਬਹੁਤ ਜ਼ਿਆਦਾ ਲਹੂ ਵੱਗ ਰਿਹਾ ਸੀ ਅਤੇ ਉਨ੍ਹਾਂ ਨੇ ਮੈਨੂੰ ਹਸਪਤਾਲ ਲਿਜਾਣ ਲਈ ਵੀ ਕਿਹਾ। ਪਰ ਮੈਂ ਮਨ੍ਹਾਂ ਕਰ ਦਿੱਤਾ ਅਤੇ ਭੱਜ ਨਿਕਲ਼ੇ ਪ੍ਰਦਰਸ਼ਨਕਾਰੀਆਂ ਨੂੰ ਵਾਪਸ ਬੁਲਾਉਣ ਲੱਗਿਆ। ਭੱਜੋ ਨਾ ਭੱਜੋ ਨਾ, ਮੈਂ ਕਿਹਾ। ਅੱਗੇ ਵੱਧਦੇ ਰਹੋ। ਅਸੀਂ ਵਾਪਸ ਮੁੜਨ ਲਈ ਇੰਨੀ ਦੂਰ ਨਹੀਂ ਆਏ। ਮੈਂ ਸਰਕਾਰੀ ਬਲਾਂ ਤੋਂ ਪੁੱਛਣਾ ਚਾਹਿਆ ਕਿ ਉਨ੍ਹਾਂ ਨੇ ਸਾਡੇ 'ਤੇ ਹਮਲਾ ਕਿਉਂ ਕੀਤਾ। ਮੈਂ ਉਨ੍ਹਾਂ ਨੂੰ ਮੇਰੇ ਨਾਲ਼ ਲੜਨ ਵਾਸਤੇ ਵੰਗਾਰਿਆ। ਉਨ੍ਹਾਂ ਦੀਆਂ ਗੋਲ਼ੀਆਂ ਸਾਨੂੰ ਡਰਾ ਨਹੀਂ ਸਕਦੀਆਂ।"

ਗੋਲੇ ਨਾਲ਼ ਫੱਟੜ ਹੋਣ ਤੋਂ ਬਾਅਦ, ਸਿੰਘ ਦੀ ਅੱਖ 'ਤੇ ਅੱਠ ਟਾਂਕੇ ਲੱਗੇ ਅਤੇ ਉਹਦੇ ਅੱਖ ਵਿੱਚ ਲਹੂ ਦਾ ਥੱਕਾ ਬਣ ਗਿਆ। "ਮੇਰੇ ਪਿੰਡ ਦੇ ਨੌਜਵਾਨ ਮੈਨੂੰ ਚੁੱਕ ਕੇ ਧਰਨਾ-ਸਥਲ ਦੇ ਨੇੜਲੇ ਹਸਪਤਾਲ ਲੈ ਗਏ। ਉਸ ਹਸਪਤਾਲ ਵਾਲ਼ਿਆਂ ਨੇ ਸਾਨੂੰ ਅੰਦਰ ਵੜ੍ਹਨ ਤੋਂ ਮਨ੍ਹਾਂ ਕਰ ਦਿੱਤਾ ਅਤੇ ਸਾਨੂੰ ਦੇਖ ਕੇ ਆਪਣੇ ਹਸਤਪਾਲ ਦੇ ਬੂਹੇ ਬੰਦ ਕਰ ਲਏ। ਇਹ ਸਭ ਅਰਾਜਕਤਾ ਦਾ ਹੀ ਅੰਗ ਸੀ। ਵਢਭਾਗੀਂ, ਉੱਥੇ ਹੀ ਪੰਜਾਬ ਤੋਂ ਆਈ ਇੱਕ ਐਂਬੂਲੈਂਸ ਖੜ੍ਹੀ ਸੀ। ਸਾਨੂੰ ਦੇਖ ਕੇ ਉਹ ਭੱਜ ਕੇ ਸਾਡੇ ਕੋਲ਼ ਆਏ ਅਤੇ ਮੈਨੂੰ ਟਾਂਕੇ ਲਗਾਏ ਅਤੇ ਦਵਾਈ ਦਿੱਤੀ। ਉਹ ਗੋਲ਼ਿਆਂ ਤੋਂ ਫੱਟੜ ਹੋਏ ਹੋਰਨਾਂ ਲੋਕਾਂ ਦਾ ਇਲਾਜ ਵੀ ਕਰ ਰਹੇ ਸਨ।"
PHOTO • Kanika Gupta

ਸੰਤੋਖ ਸਿੰਘ ਬੁੱਲ੍ਹਾਂ 'ਤੇ ਮੁਸਕਾਨ ਲਿਆ ਕੇ ਅਤੇ ਮਾਣ ਭਰੀ ਅਵਾਜ਼ ਨਾਲ਼ ਉਸ ਦਿਨ ਨੂੰ ਚੇਤੇ ਕਰਦਾ ਹੈ: 'ਇਹ ਫੱਟ ਉਨ੍ਹਾਂ ਫੱਟਾਂ ਦੇ ਮੁਕਾਬਲੇ ਕੁਝ ਵੀ ਨਹੀਂ ਸੀ ਜੋ ਅਸੀਂ ਖੇਤਾਂ ਵਿੱਚ ਕੰਮ ਕਰਦਿਆਂ ਹੰਢਾਉਂਦੇ ਹਾਂ '

ਸੰਤੋਖ ਸਿੰਘ ਬੁੱਲ੍ਹਾਂ 'ਤੇ ਮੁਸਕਾਨ ਲਿਆ ਕੇ ਅਤੇ ਮਾਣ ਭਰੀ ਅਵਾਜ਼ ਨਾਲ਼ ਉਸ ਦਿਨ ਨੂੰ ਚੇਤੇ ਕਰਦਾ ਹੈ। "ਇਹ ਫੱਟ ਉਨ੍ਹਾਂ ਫੱਟਾਂ ਦੇ ਮੁਕਾਬਲੇ ਕੁਝ ਵੀ ਨਹੀਂ ਸੀ ਜੋ ਅਸੀਂ ਖੇਤਾਂ ਵਿੱਚ ਕੰਮ ਕਰਦਿਆਂ ਹੰਢਾਉਂਦੇ ਹਾਂ। ਵਾਢੀ ਵੇਲ਼ੇ ਡੂੰਘੇ ਫੱਟ ਲੱਗਣਾ ਤਾਂ ਆਮ ਗੱਲ ਹੈ। ਮੈਂ ਇੱਕ ਕਿਸਾਨ ਹਾਂ, ਮੈਂ ਲਹੂ ਵਗਣ ਦਾ ਆਦੀ ਹਾਂ। ਕੀ ਉਹ ਇਹ ਸੋਚਦੇ ਹਨ ਕਿ ਉਨ੍ਹਾਂ ਦੇ ਗੋਲ਼ੇ ਸਾਨੂੰ ਖਦੇੜ ਦੇਣਗੇ?"

ਇਸ ਹਾਦਸੇ ਨੂੰ ਹੋਇਆਂ ਇੱਕ ਮਹੀਨਾ ਬੀਤ ਗਿਆ ਹੈ ਅਤੇ ਸਿੰਘ ਅਤੇ ਹੋਰ ਪ੍ਰਦਰਸ਼ਨਕਾਰੀ ਅਜੇ ਤੀਕਰ ਬਾਰਡਰ 'ਤੇ ਤੈਨਾਤ ਹਨ ਅਤੇ ਸਰਕਾਰ ਨਾਲ਼ ਇੱਕ ਤੋਂ ਬਾਅਦ ਦੂਜੀ ਨਾਕਾਮ ਰਹਿ ਰਹੀ ਵਾਰਤਾਲਾਪ ਤੋਂ ਬਾਅਦ ਵੀ ਪੱਕੇ-ਪੈਰੀਂ ਡਟੇ ਹੋਏ ਹਨ।

ਬਿੱਲ ਜਿਨ੍ਹਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨਾਂ ਦੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਭਾਰਤੀ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਅਧਿਕਾਰਾਂ ਨੂੰ ਅਯੋਗ ਕਰਨ ਦੇ ਨਾਲ਼-ਨਾਲ਼ ਕਨੂੰਨਾਂ ਦੀ ਵੀ ਅਲੋਚਨਾ ਕੀਤੀ ਗਈ ਹੈ।

5 ਜੂਨ 2020 ਨੂੰ ਪਹਿਲਾਂ ਇਹ ਬਿੱਲ ਇੱਕ ਆਰਡੀਨੈਂਸ ਵਜੋਂ ਪਾਸ ਹੋਏ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲਾਂ ਦੇ ਨਾਮ ਵਜੋਂ ਪੇਸ਼ ਕੀਤੇ ਗਏ ਅਤੇ ਉਸੇ ਮਹੀਨੇ ਦੀ 20 ਤਰੀਕ ਤੱਕ ਕਨੂੰਨ ਬਣਨ ਦੀ ਪ੍ਰਕਿਰਿਆ ਨੂੰ ਪਾਰ ਕਰ ਗਏ। ਕਿਸਾਨਾਂ ਇਨ੍ਹਾਂ ਕਨੂੰਨਾਂ ਨੂੰ (ਕੇਂਦਰ ਸਰਕਾਰ ਦੁਆਰਾ) ਵੱਡੇ ਕਾਰਪੋਰੇਟਾਂ ਲਈ ਕਿਸਾਨਾਂ ਅਤੇ ਖੇਤੀ ਪ੍ਰਤੀ ਆਪਣੀ ਵੱਧ ਤੋਂ ਵੱਧ ਸ਼ਕਤੀ ਦੀ ਵਰਤੋਂ ਕੀਤੇ ਜਾਣ ਲਈ ਮੈਦਾਨ ਮੁਹੱਈਆ ਕਰਾਏ ਜਾਣ ਦੇ ਰੂਪ ਵਿੱਚ ਦੇਖਦੇ ਹਨ। ਉਹ ਘੱਟੋ-ਘੱਟ ਸਮਰਥਨ ਮੁੱਲ (MSP), ਖੇਤੀਬਾੜੀ ਉਤਪਾਦਨ (ਝਾੜ) ਮਾਰਕੀਟਿੰਗ ਕਮੇਟੀਆਂ (APMCs), ਰਾਜ ਖਰੀਦ ਸਣੇ ਕਿਸਾਨੀ ਨੂੰ ਹਮਾਇਤ ਦੇਣ ਵਰਗੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ।

"ਸਾਨੂੰ ਲੰਬੇ ਸਮੇਂ ਤੱਕ ਬਿਠਾਈ ਰੱਖਣਾ ਸਰਕਾਰ ਦੀ ਚਾਲ ਹ ਤਾਂਕਿ ਅਸੀਂ ਥੱਕ ਜਾਈਏ ਅਤੇ ਆਪਣਾ ਜਿਹਾ ਮੂੰਹ ਲੈ ਕੇ ਵਾਪਸ ਪਰਤ ਜਾਈਏ। ਪਰ ਜੇਕਰ ਉਹ ਇੰਝ ਸੋਚਦੇ ਹਨ ਤਾਂ ਉਹ ਗ਼ਲਤ ਹਨ। ਅਸੀਂ ਇੱਥੇ ਵਾਪਸ ਮੁੜਨ ਵਾਸਤੇ ਨਹੀਂ ਆਏ। ਮੈਂ ਪਹਿਲਾਂ ਹੀ ਕਹਿ ਦਿੱਤਾ ਹੈ ਅਤੇ ਦੋਬਾਰਾ ਕਹਿੰਦਾ ਹਾਂ: ਸਾਨੂੰ ਇੱਥੇ ਬੈਠੇ ਰਹਿਣ ਵਿੱਚ ਮਾਸਾ ਸਮੱਸਿਆ ਨਹੀਂ ਹੈ। ਸਾਡੇ ਟਰੈਕਟਰ ਟਰਾਲੀਆਂ ਰਾਸ਼ਨ ਨਾਲ਼ ਭਰੀਆਂ ਹਨ। ਸਾਡੇ ਸਿੱਖ ਭਰਾ ਸਾਨੂੰ ਹਰ ਲੋੜੀਂਦੀ ਵਸਤ ਮੁਹੱਈਆ ਕਰਵਾ ਰਹੇ ਹਨ। ਜਦੋਂ ਤੱਕ ਉਹ ਸਾਨੂੰ ਸਾਡੇ ਹੱਕ ਨਹੀਂ ਦਿੰਦੇ ਅਸੀਂ ਮੁੜਾਂਗੇ ਨਹੀਂ। ਸਾਡੀ ਲੜਾਈ ਇਨ੍ਹਾਂ ਕਨੂੰਨਾਂ ਨੂੰ ਵਾਪਸ ਕਰਾਏ ਜਾਣ ਖ਼ਿਲਾਫ਼ ਹੈ। ਜੇਕਰ ਅਸੀਂ ਅੱਜ  ਵਿਰੋਧ ਨਹੀਂ ਕਰਦੇ ਤਾਂ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਖ਼ਰਾਬ ਹੋ ਜਾਣਗੀਆਂ। ਅਸੀਂ ਆਪਣੇ ਹੱਕ ਲੈ ਕੇ ਹੀ ਪਿਛਾਂਹ ਮੁੜਾਂਗੇ, ਬਦਰੰਗ ਨਹੀਂ।"

ਤਰਜਮਾ: ਕਮਲਜੀਤ ਕੌਰ
Kanika Gupta

Kanika Gupta is a freelance journalist and photographer from New Delhi.

Other stories by Kanika Gupta
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur