ਜਿਓਂ ਅਸੀਂ ਜੀਪ ਤੋਂ ਹੇਠਾਂ ਉਤਰੇ, ਰਾਜਾਵੋਮੰਗੀ ਦੇ ਕਿਲ੍ਹਾਬੰਦ ਪੁਲਿਸ ਸਟੇਸ਼ਨ ਅੰਦਰ ਸਿਪਾਹੀਆਂ ਨੇ ਘਬਰਾ ਕੇ ਆਪੋ-ਆਪਣੀ ਪੋਜੀਸ਼ਨ ਲੈ ਲਈ। ਇਹ ਸਟੇਸ਼ਨ ਆਪਣੇ ਆਪ ਵਿੱਚ ਪੁਲਿਸ ਸੁਰੱਖਿਆ ਹੇਠ ਹੈ। ਖਾਸ ਹਥਿਆਰਬੰਦ ਪੁਲਿਸ ਨੇ ਇਹਨੂੰ ਚੁਫੇਰਿਓਂ ਘੇਰਿਆ ਹੋਇਆ ਹੈ। ਬਾਵਜੂਦ ਇਹ ਦੇਖ ਕੇ ਵੀ ਕਿ ਅਸੀਂ ਕੈਮਰੇ ਨਾਲ਼ ਲੈਸ ਹਾਂ, ਤਣਾਓ ਘੱਟ ਨਹੀਂ ਹੋਇਆ। ਪੂਰਬੀ ਗੋਦਾਵਰੀ ਦੇ ਇਸ ਹਿੱਸੇ ਵਿੱਚ ਪੁਲਿਸ ਸਟੇਸ਼ਨ ਦੀ ਫ਼ੋਟੋਗਰਾਫੀ ਵਰਜਿਤ ਹੈ।
ਅੰਦਰੂਨੀ ਗਲਿਆਰੇ ਦੀ ਸੁਰੱਖਿਆ 'ਤੇ ਤੈਨਾਤ ਹੈੱਡ ਕਾਂਸਟੇਬਨ ਨੇ ਜਾਣਨਾ ਚਾਹਿਆ ਕਿ ਅਸੀਂ ਕੌਣ ਹਾਂ। ਪੱਤਰਕਾਰ? ਇਸ ਸ਼ਬਦ ਨੇ ਕੁਝ ਰਾਹਤ ਬਖਸ਼ੀ। ''ਪ੍ਰਤਿਕਿਰਿਆ ਦੇਣ ਵਿੱਚ ਤੁਸੀਂ ਥੋੜ੍ਹੀ ਦੇਰੀ ਨਹੀਂ ਰਹੇ?'' ਮੈਂ ਪੁੱਛਿਆ। ''ਤੁਹਾਡੇ ਸਟੇਸ਼ਨ 'ਤੇ ਤਾਂ 75 ਸਾਲ ਪਹਿਲਾਂ ਹਮਲਾ ਹੋਇਆ ਸੀ।''
''ਕੌਣ ਜਾਣਦਾ ਹੈ?'' ਉਹਨੇ ਦਾਰਸ਼ਿਨਕ ਲਹਿਜੇ ਵਿੱਚ ਕਿਹਾ। ''ਅੱਜ ਦੁਪਹਿਰ ਨੂੰ ਦੋਬਾਰਾ ਵੀ ਹੋ ਸਕਦਾ ਸੀ।''
ਆਂਧਰਾ ਪ੍ਰਦੇਸ਼ ਦੇ ਇਸ ਆਦਿਵਾਸੀ ਇਲਾਕੇ ਨੂੰ 'ਏਜੰਸੀ' ਇਲਾਕੇ ਵਜੋਂ ਜਾਣਿਆਂ ਜਾਂਦਾ ਹੈ। ਅਗਸਤ 1922 ਨੂੰ ਉਨ੍ਹਾਂ ਨੇ (ਸਥਾਨਕ ਲੋਕਾਂ) ਬਗਾਵਤ ਦਾ ਝੰਡਾ ਚੁੱਕ ਲਿਆ। ਪਹਿਲੀ ਨਜ਼ਰੇ ਤਾਂ ਇਹਦਾ ਕਾਰਨ ਸਥਾਨਕ ਉਬਾਲ਼ ਜਾਪਿਆ ਪਰ ਜਲਦੀ ਹੀ ਇਸ ਬਗਾਵਤ ਨੇ ਰਾਜਨੀਤਕ ਰੂਪ ਧਾਰ ਲਿਆ। ਇੱਕ ਗੈਰ-ਆਦਿਵਾਸੀ, ਅੱਲੂਰੀ ਰਾਮਚੰਦਰ ਰਾਜੂ (ਸੀਤਾਰਾਮ ਰਾਜੂ ਦੇ ਨਾਮ ਵਜੋਂ ਵੱਧ ਜਾਣੇ ਜਾਂਦੇ) ਨੇ ਮਾਨਯਮ ਵਿਦਰੋਹ ਵਿੱਚ ਪਹਾੜੀ ਆਦਿਵਾਸੀਆਂ ਦੀ ਅਗਵਾਈ ਕੀਤੀ, ਜਿਵੇਂ ਸਥਾਨਕ ਰੂਪ ਵਿੱਚ ਕਿਹਾ ਜਾਂਦਾ ਹੈ। ਇੱਥੇ, ਲੋਕ ਸਿਰਫ਼ ਸਮੱਸਿਆਂ ਦੇ ਹੱਲ ਦੀ ਹੀ ਮੰਗ ਨਹੀਂ ਕਰ ਰਹੇ ਸਨ। 1922 ਤੱਕ ਆਉਂਦੇ-ਆਉਂਦੇ, ਉਨ੍ਹਾਂ ਨੇ ਬ੍ਰਿਟਿਸ਼ ਰਾਜ ਨੂੰ ਜੜ੍ਹੋਂ ਉਖਾਰ ਸੁੱਟਣ ਦੀ ਲੜਾਈ ਵਿੱਢ ਦਿੱਤੀ। ਬਾਗ਼ੀਆਂ ਨੇ ਏਜੰਸੀ ਖੇਤਰ ਵਿੱਚ ਮੌਜੂਦ ਕਈ ਪੁਲਿਸ ਸਟੇਸ਼ਨਾਂ, ਜਿਨ੍ਹਾਂ ਵਿੱਚੋਂ ਇੱਕ ਰਾਜਾਵੋਮੰਗੀ ਪੁਲਿਸ ਸਟੇਸ਼ਨ ਵੀ ਹੈ, 'ਤੇ ਹਮਲਾ ਕਰਕੇ ਆਪਣਾ ਮਕਸਦ ਸਪੱਸ਼ਟ ਕਰ ਦਿੱਤਾ ਸੀ।
ਇਸ ਇਲਾਕੇ ਦੇ ਉਹ ਮਸਲੇ, ਜਿਨ੍ਹਾਂ ਕਰਕੇ ਲੋਕਾਂ ਨੇ ਅੰਗਰੇਜ਼ਾਂ ਨਾਲ਼ ਲੜਾਈ ਲੜੀ, 75 ਸਾਲ ਬੀਤ ਜਾਣ ਬਾਅਦ ਵੀ ਮੌਜੂਦ ਹਨ।








