''ਅਸੀਂ ਤੰਬੂ ਵਿੱਚ ਬੈਠੇ ਹੋਏ ਸਾਂ, ਉਨ੍ਹਾਂ ਇਹਨੂੰ ਪਾੜ ਸੁੱਟਿਆ। ਅਸੀਂ ਫਿਰ ਵੀ ਬੈਠੇ ਰਹੇ,'' ਬਜ਼ੁਰਗ ਅਜ਼ਾਦੀ ਘੁਲਾਟੀਏ ਨੇ ਸਾਨੂੰ ਦੱਸਿਆ। ''ਉਨ੍ਹਾਂ ਨੇ ਜ਼ਮੀਨ 'ਤੇ ਪਾਣੀ ਸੁੱਟਿਆ ਫਿਰ ਸਾਡੇ 'ਤੇ ਵੀ। ਉਨ੍ਹਾਂ ਜ਼ਮੀਨ ਗਿੱਲੀ ਕਰਕੇ ਸਾਡੇ ਬੈਠਣ ਵਿੱਚ ਦਿੱਕਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਤਾਂ ਵੀ ਬੈਠੇ ਰਹੇ। ਇਸ ਤੋਂ ਬਾਅਦ ਜਦੋਂ ਮੈਂ ਥੋੜ੍ਹਾ ਪਾਣੀ ਪੀਣ ਲਈ ਬਾਹਰ ਗਿਆ ਤੇ ਟੂਟੀ ਕੋਲ਼ ਜਾ ਕੇ ਜਿਓਂ ਹੀ ਝੁੱਕਿਆ, ਉਨ੍ਹਾਂ ਨੇ ਮੇਰੇ ਸਿਰ 'ਤੇ ਵਾਰ ਕੀਤਾ ਅਤੇ ਮੇਰੀ ਖੋਪੜੀ ਤੋੜ ਸੁੱਟੀ। ਮੈਨੂੰ ਤੁਰੰਤ ਹਸਪਤਾਲ ਖੜ੍ਹਿਆ ਗਿਆ ਸੀ।''
ਬਾਜੀ ਮੁਹੰਮਦ ਭਾਰਤ ਦੇ ਆਖ਼ਰੀ ਬਚੇ ਅਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਹਨ- ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਉਨ੍ਹਾਂ ਚਾਰ ਜਾਂ ਪੰਜ ਅਜ਼ਾਦੀ ਘੁਲਾਟੀਆਂ ਵਿੱਚੋਂ ਇੱਕ, ਜੋ ਓੜੀਸਾ ਦੇ ਕੋਰਾਪੁਟ ਖੇਤਰ ਵਿੱਚ ਹਾਲੇ ਵੀ ਜੀਵਤ ਹਨ। ਉਹ 1942 ਦੇ ਬ੍ਰਿਟਿਸ਼ ਤਸ਼ੱਦਦਾਂ ਦੀ ਗੱਲ ਨਹੀਂ ਕਰ ਰਹੇ ਹਨ। (ਹਾਲਾਂਕਿ ਉਨ੍ਹਾਂ ਕੋਲ਼ ਇਸ ਬਾਬਤ ਦੱਸਣ ਨੂੰ ਬਹੁਤ ਕੁਝ ਹੈ।) ਸਗੋਂ ਉਹ ਅੱਧੀ ਸਦੀ ਤੋਂ ਬਾਅਦ, 1992 ਵਿੱਚ ਬਾਬਰੀ ਮਸਜਿਦ ਨੂੰ ਤੋੜੇ ਜਾਣ ਦੌਰਾਨ ਆਪਣੇ ਉੱਪਰ ਹੋਏ ਹਮਲੇ ਬਾਰੇ ਦੱਸ ਰਹੇ ਹਨ। ''ਮੈਂ ਉੱਥੇ 100 ਮੈਂਬਰੀ ਸ਼ਾਂਤੀ ਟੀਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਮੌਜੂਦ ਸਾਂ।'' ਪਰ ਇਸ ਟੀਮ ਨੂੰ ਵੀ ਚੈਨ ਨਾ ਲੈਣ ਦਿੱਤਾ ਗਿਆ। ਜੀਵਨ ਦੇ 75 ਵਰ੍ਹੇ ਪੂਰੇ ਕਰ ਚੁੱਕੇ ਬਜ਼ੁਰਗ ਗਾਂਧੀਵਾਦੀ ਯੋਧਾ, ਆਪਣੇ ਜ਼ਖਮੀ ਸਿਰ ਨੂੰ ਲੈ ਕੇ 10 ਦਿਨਾਂ ਤੱਕ ਹਸਪਤਾਲ ਵਿੱਚ ਅਤੇ ਇੱਕ ਮਹੀਨੇ ਤੱਕ ਵਾਰਾਣਸੀ ਦੇ ਇੱਕ ਆਸ਼ਰਮ ਵਿੱਚ ਪਏ ਰਹੇ।
ਜਦੋਂ ਉਹ ਆਪਣੀ ਕਹਾਣੀ ਦੱਸ ਰਹੇ ਹਨ ਤਾਂ ਉਨ੍ਹਾਂ ਦੇ ਚਿਹਰੇ 'ਤੇ ਰਤਾ ਭਰ ਵੀ ਗੁੱਸਾ ਨਹੀਂ ਹੈ। ਉਨ੍ਹਾਂ ਦੇ ਮਨ ਵਿੱਚ ਰਾਸ਼ਟਰੀ ਸਵੈ-ਸੇਵਕ ਸੰਘ ਜਾਂ ਬਜਰੰਗ ਦਲ ਦੇ ਖਿਲਾਫ਼ ਵੀ ਨਫ਼ਰਤ ਦਾ ਕੋਈ ਭਾਵ ਜਿਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਉਹ ਇੱਕ ਸ਼ਰੀਫ਼ ਬਜ਼ੁਰਗ ਹਨ ਜੋ ਸਦਾ ਮੁਸਕਰਾਉਂਦੇ ਰਹਿੰਦੇ ਹਨ ਅਤੇ ਉਹ ਗਾਂਧੀ ਦੇ ਪੱਕੇ ਭਗਤ ਹਨ। ਉਹ ਇੱਕ ਅਜਿਹੇ ਮੁਸਲਮਾਨ ਹਨ, ਜੋ ਨਬਰੰਗਪੁਰ ਵਿੱਚ ਗਾਂ-ਹੱਤਿਆ ਵਿਰੋਧੀ ਲੀਗ ਦੀ ਅਗਵਾਈ ਕਰ ਰਹੇ ਹਨ। ''ਹਮਲੇ ਤੋਂ ਬਾਅਦ ਬੀਜੂ ਪਟਨਾਇਕ ਮੇਰੇ ਘਰ ਆਏ ਅਤੇ ਮੈਨੂੰ ਬੜਾ ਝਿੜਕਿਆ। ਉਹ ਇਸ ਗੱਲੋਂ ਚਿੰਤਤ ਸਨ ਕਿ ਆਪਣੀ ਉਮਰ ਦੇ ਇਸ ਪੜਾਅ ਵਿੱਚ ਵੀ ਮੈਂ ਸ਼ਾਂਤਮਈ ਪ੍ਰਦਰਸ਼ਨ ਵਿੱਚ ਸਰਗਰਮ ਹਾਂ। ਇਸ ਤੋਂ ਪਹਿਲਾਂ ਵੀ, ਮੈਂ 12 ਸਾਲਾਂ ਤੱਕ ਅਜ਼ਾਦੀ ਘੁਲਾਟੀਆਂ ਨੂੰ ਮਿਲ਼ਣ ਵਾਲ਼ੀ ਪੈਨਸ਼ਨ ਪ੍ਰਵਾਨ ਨਾ ਕੀਤੀ ਤਾਂ ਵੀ ਉਨ੍ਹਾਂ ਨੇ ਮੈਨੂੰ ਬੁਰਾ-ਭਲਾ ਕਿਹਾ ਸੀ।''
ਬਾਜੀ ਮੁਹੰਮਦ ਇੱਕ ਮੁੱਕਦੇ ਜਾਂਦੇ ਕਬੀਲੇ ਦੀ ਰੰਗਦਾਰ ਆਸਾਰ ਹਨ। ਭਾਰਤ ਦੇ ਅਣਗਿਣਤ ਗ੍ਰਾਮੀਣਾਂ ਨੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀ ਦਿੱਤੀ ਹੈ। ਪਰ, ਜੋ ਪੀੜ੍ਹੀ ਦੇਸ਼ ਨੂੰ ਇੱਥੋਂ ਤੱਕ ਲੈ ਆਈ, ਉਹ ਹੌਲ਼ੀ-ਹੌਲ਼ੀ ਮਰ ਰਹੀ ਹੈ,ਇਹਦੇ (ਪੀੜ੍ਹੀ) ਬਹੁਤੇਰੇ ਮੈਂਬਰ 80 ਜਾਂ 90 ਦੀ ਉਮਰ ਪਾਰ ਕਰ ਚੁੱਕੇ ਹਨ। ਬਾਜੀ ਦੀ ਉਮਰ ਵੀ 90 ਦੇ ਆਸ-ਪਾਸ ਹੈ।
''1930 ਦੇ ਦਹਾਕੇ ਵਿੱਚ ਮੈਂ ਪੜ੍ਹ ਰਿਹਾ ਸਾ, ਪਰ ਮੈਂ ਦਸਵੀਂ ਤੋਂ ਅੱਗੇ ਨਹੀਂ ਪੜ੍ਹ ਪਾਇਆ। ਮੇਰੇ ਗੁਰੂ ਸਦਾ ਸ਼ਿਵ ਤ੍ਰਿਪਾਠੀ ਸਨ, ਜੋ ਬਾਅਦ ਵਿੱਚ ਓੜੀਸਾ ਦੇ ਮੁੱਖਮੰਤਰੀ ਬਣੇ। ਮੈਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ ਇਹਦੇ ਨਬਰੰਗਪੁਰ ਇਕਾਈ ਦਾ ਪ੍ਰਧਾਨ ਬਣਿਆ (ਜੋ ਹੁਣ ਤੱਕ ਕੋਰਾਪੁਟ ਜਿਲ੍ਹੇ ਦਾ ਹੀ ਹਿੱਸਾ ਸੀ)। ਮੈਂ ਇੱਥੇ ਕਾਂਗਰਸ ਦੇ 20,000 ਮੈਂਬਰ ਬਣਾਏ। ਇਸ ਇਲਾਕੇ ਦਾ ਉਬਾਲ਼ ਬਹੁਤ ਸ਼ਾਨਦਾਰ ਸੀ। ਇਹ ਸੱਤਿਆਗ੍ਰਹਿ ਲਈ ਸਭ ਤੋਂ ਚੰਗੀ ਜਗ੍ਹਾ ਸਾਬਤ ਹੋਈ।''
ਪਰ, ਜਿਸ ਸਮੇਂ ਹਜ਼ਾਰਾਂ ਲੋਕ ਕੋਰਾਪੁਟ ਵੱਲ ਮਾਰਚ ਕਰ ਰਹੇ ਸਨ, ਬਾਜੀ ਮੁਹੰਮਦ ਨੇ ਕੋਈ ਹੋਰ ਹੀ ਰਾਹ ਫੜ੍ਹਿਆ ਸੀ। ''ਮੈਂ ਗਾਂਧੀ ਜੀ ਕੋਲ਼ ਗਿਆ। ਮੈਂ ਉਨ੍ਹਾਂ ਨੂੰ ਮਿਲ਼ਣਾ ਹੀ ਸੀ।'' ਇਸਲਈ ਉਨ੍ਹਾਂ ਨੇ ''ਇੱਕ ਸਾਈਕਲ ਚੁੱਕਿਆ, ਦੋਸਤ ਲਕਸ਼ਮਣ ਸਾਹੂ ਨੂੰ ਨਾਲ਼ ਲਿਆ, ਜੇਬ੍ਹ ਵਿੱਚ ਨਵਾਂ ਪੈਸਾ ਤੱਕ ਨਹੀਂ ਸੀ ਅਤੇ ਇੱਥੋਂ ਰਾਏਪੁਰ ਅੱਪੜ ਗਏ।'' ਬੀਹੜ ਪਹਾੜੀ ਰਸਤਿਆਂ ਥਾਣੀ ਹੋ ਕੇ ਉਨ੍ਹਾਂ ਨੇ 350 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ''ਉੱਥੋਂ ਅਸੀਂ ਵਰਧਾ ਵਾਸਤੇ ਰੇਲ ਫੜ੍ਹੀ ਅਤੇ ਸੇਵਾਗ੍ਰਾਮ ਪਹੁੰਚੇ। ਉਨ੍ਹਾਂ ਦੇ ਆਸ਼ਰਮ ਵਿੱਚ ਕਈ ਮਹਾਨ ਲੋਕ ਸਨ। ਸਾਨੂੰ ਹੈਰਾਨੀ ਹੋਈ ਅਤੇ ਚਿੰਤਾ ਵੀ। ਕੀ ਅਸੀਂ ਉਨ੍ਹਾਂ ਨਾਲ਼ ਕਦੇ ਮਿਲ਼ ਸਕਾਂਗੇ? ਲੋਕਾਂ ਨੇ ਸਾਨੂੰ ਉਨ੍ਹਾਂ ਦੇ ਸਕੱਤਰ ਮਹਾਦੇਵ ਦੇਸਾਈ ਨੂੰ ਪੁੱਛਣ ਲਈ ਕਿਹਾ।
''ਦੇਸਾਈ ਨੇ ਸਾਨੂੰ ਕਿਹਾ ਕਿ ਅਸੀਂ ਸ਼ਾਮੀਂ 5 ਵਜੇ ਉਨ੍ਹਾਂ ਨਾਲ਼ ਗੱਲ ਕਰੀਏ, ਜਦੋਂ ਉਹ ਟਹਿਲਣ ਨਿਕਲ਼ਦੇ ਹਨ। ਇਹ ਚੰਗਾ ਰਹੇਗਾ, ਮੈਂ ਸੋਚਿਆ। ਅਰਾਮ ਨਾਲ਼ ਮੁਲਾਕਾਤ ਹੋ ਜਾਵੇਗੀ। ਪਰ ਉਹ ਬੜੀ ਤੇਜ਼ ਤੁਰਦੇ ਸਨ! ਮੇਰੀ ਦੌੜ ਦੇ ਬਰਾਬਰ ਤਾਂ ਉਨ੍ਹਾਂ ਦੀ ਚਾਲ ਹੀ ਸੀ। ਅੰਤ ਵਿੱਚ, ਜਦੋਂ ਮੈਂ ਉਨ੍ਹਾਂ ਨੂੰ ਫੜ੍ਹ ਸਕਣ ਵਿੱਚ ਨਾਕਾਮ ਰਿਹਾ ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ: ਕ੍ਰਿਪਾ ਕਰਕੇ ਠਹਿਰ ਜਾਓ: ਮੈਂ ਸਿਰਫ਼ ਤੁਹਾਨੂੰ ਸਿਰਫ਼ ਦੇਖਣ ਖਾਤਰ ਹੀ ਉੜੀਸਾ ਤੋਂ ਚੱਲ ਕੇ ਇੱਥੋਂ ਤੱਕ ਆਇਆ ਹਾਂ।
''ਉਨ੍ਹਾਂ ਨੇ ਬੜੇ ਮਜੇ ਨਾਲ਼ ਕਿਹਾ: 'ਕੀ ਦੇਖਣਾ ਚਾਹੁੰਦੇ ਹੋ? ਮੈਂ ਇੱਕ ਇਨਸਾਨ ਹੀ ਹਾਂ, ਦੋ ਹੱਥ, ਦੋ ਪੈਰ, ਦੋ ਅੱਖਾਂ। ਕੀ ਤੁਸੀਂ ਉੜੀਸਾ ਵਿੱਚ ਇੱਕ ਸੱਤਿਆਗ੍ਰਹੀ ਹੋ?' ਮੈਂ ਜਵਾਬ ਦਿੱਤਾ ਕਿ ਮੈਂ ਇੰਝ ਬਣਨ ਦਾ ਪ੍ਰਣ ਜ਼ਰੂਰ ਲਿਆ ਹੈ।
''ਜਾਓ'', ਗਾਂਧੀ ਨੇ ਕਿਹਾ, ''ਜਾਓ ਲਾਠੀ ਖਾਓ''। ''ਦੇਸ਼ ਲਈ ਕੁਰਬਾਨੀ ਦਿਓ।'' ਸੱਤ ਦਿਨਾਂ ਬਾਅਦ ਅਸੀਂ ਉਹੀ ਕੁਝ ਕਰਨ ਲਈ ਪਰਤੇ, ਜਿਵੇਂ ਕਿ ਗਾਂਧੀ ਜੀ ਨੇ ਸਾਨੂੰ ਹੁਕਮ ਦਿੱਤਾ ਸੀ।'' ਬਾਜੀ ਮੁਹੰਮਦ ਨੇ ਯੁੱਧ-ਵਿਰੋਧੀ ਅੰਦੋਲਨ ਦੇ ਰੂਪ ਵਿੱਚ ਨਬਰੰਗਪੁਰ ਮਸਜਿਦ ਦੇ ਬਾਹਰ ਸੱਤਿਆਗ੍ਰਹਿ ਕੀਤਾ। ਇਸ ਆਰੋਪ ਵਿੱਚ ਉਨ੍ਹਾਂ ਨੂੰ ''ਜੇਲ੍ਹ ਵਿੱਚ 6 ਮਹੀਨੇ ਬਿਤਾਉਣੇ ਪਏ ਅਤੇ 50 ਰੁਪਏ ਦੇ ਜੁਰਮਾਨਾ ਭਰਨਾ ਪਿਆ। ਉਨ੍ਹੀਂ ਦਿਨੀਂ ਇਹ ਬਹੁਤ ਵੱਡੀ ਰਾਸ਼ੀ ਹੋਇਆ ਕਰਦੀ ਸੀ।''
ਇਸ ਤੋਂ ਬਾਅਦ ਹੋਰ ਵੀ ਕਈ ਘਟਨਾਵਾਂ ਹੋਈਆਂ। ''ਇੱਕ ਵਾਰ, ਜੇਲ੍ਹ ਵਿੱਚ, ਪੁਲਿਸ 'ਤੇ ਹਮਲਾ ਕਰਨ ਲਈ ਲੋਕ ਇਕੱਠੇ ਹੋ ਗਏ। ਮੈਂ ਵਿਚਕਾਰ ਪੈ ਕੇ ਇਹਨੂੰ ਰੋਕ ਦਿੱਤਾ। 'ਮਰਾਂਗੇ ਪਰ ਮਾਰਾਂਗੇ ਨਹੀਂ', ਮੈਂ ਕਿਹਾ।''


