ਲੈਨਿਨਦਾਸਨ 30 ਕਿਸਮਾਂ ਦੇ ਚੌਲ਼ ਖ਼ੁਦ ਉਗਾਉਂਦੇ ਹਨ ਤੇ 15 ਹੋਰ ਕਿਸਮਾਂ ਦੇ ਚੌਲ਼ ਵੀ ਵੇਚਦੇ ਹਨ ਜੋ ਉਨ੍ਹਾਂ ਦੇ ਨਾਲ਼ ਦੇ ਕਿਸਾਨ ਸਾਥੀਆਂ ਨੇ ਉਗਾਏ ਹੁੰਦੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਝੋਨੇ ਦੇ 80 ਕਿਸਮਾਂ ਦੇ ਬੀਜ ਸਾਂਭੇ ਹੋਏ ਹਨ। ਇਹ ਸਾਰਾ ਕੁਝ ਤਮਿਲ਼ਨਾਡੂ ਦੇ ਤਿਰੂਵੰਨਾਮਲਾਈ ਵਿਖੇ ਉਨ੍ਹਾਂ ਦੇ ਪਰਿਵਾਰ ਦੀ 6 ਏਕੜ  (ਕਿੱਲੇ) ਭੋਇੰ 'ਤੇ ਹੀ ਸੰਭਵ ਹੁੰਦਾ ਹੈ।

ਚੌਲ਼ਾਂ ਦੀਆਂ ਕਿਸਮਾਂ ਦੀ ਇਸ ਗਿਣਤੀ ਤੋਂ ਹੈਰਾਨ ਨਾ ਹੋਣਾਂ, ਦਰਅਸਲ ਲੰਬੇ ਸਮੇਂ ਤੋਂ ਬੇਰੁਖੀ ਦਾ ਸੰਤਾਪ ਹੰਢਾਉਣ ਵਾਲ਼ੀਆਂ ਚੌਲ਼ਾਂ ਦੀਆਂ ਇਹੀ ਕਿਸਮਾਂ ਇਸ ਇਲਾਕੇ ਦੇ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ ਵੱਧ ਅਨੁਕੂਲ ਹਨ। ਲੈਨਿਨ (ਇਸੇ ਨਾਮ ਨਾਲ਼ ਸੱਦੇ ਜਾਂਦੇ) ਤੇ ਉਨ੍ਹਾਂ ਦੇ ਸਾਥੀ ਚੌਲ਼ਾਂ ਦੀਆਂ ਨਵੀਨ ਕਿਸਮਾਂ ਨੂੰ ਬਦਲਣ ਦੀ ਕੋਸ਼ਿਸ਼ ਦੇ ਨਾਲ਼-ਨਾਲ਼ ਇੱਕ-ਫ਼ਸਲੀ (ਮੋਨੋ-ਕ੍ਰਾਪਿੰਗ) ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਦੀ ਯੋਜਨਾ ਗੁਆਚ ਚੁੱਕੀ ਫ਼ਸਲੀ-ਵਿਭਿੰਨਤਾ ਨੂੰ ਬਹਾਲ ਕਰਨਾ ਤੇ ਚੌਲ਼ਾਂ ਦੀ ਖੇਤੀ ਅੰਦਰ ਇੱਕ ਇਨਕਲਾਬ ਲਿਆਉਣਾ ਹੈ।

ਇਹ ਆਪਣੀ ਹੀ ਤਰ੍ਹਾਂ ਦਾ ਇਨਕਲਾਬ ਇਸ ਨਵੇਂ ਉਭਰੇ ਲੈਨਿਨ ਦੀ ਅਗਵਾਈ ਵਿੱਚ ਹੋਵੇਗਾ।

ਕਦੇ ਬੱਕਰੀਆਂ ਦਾ ਵਾੜਾ ਰਹੀ ਇਹ ਥਾਂ ਅੱਜਕੱਲ੍ਹ ਸੈਂਕੜੇ ਬੋਰੀਆਂ ਸਾਂਭਣ ਦਾ ਗੁਦਾਮ ਬਣੀ ਹੋਈ ਹੈ। ਉਨ੍ਹਾਂ ਦੇ ਖੇਤਾਂ ਦੇ ਨਾਲ਼ ਪੈਂਦੀ ਇਹ ਥਾਂ ਪੋਲੂਰ ਤਾਲੁਕਾ ਦੇ ਸੇਂਗੁਨਮ ਪਿੰਡ ਵਿੱਚ ਸਥਿਤ ਹੈ।

ਬਾਹਰੋਂ ਦੇਖਿਆ ਇਹ ਢਾਂਚਾ ਕਾਫ਼ੀ ਮਾਮੂਲੀ ਜਾਪਦਾ ਹੈ ਪਰ ਅੰਦਰ ਪੈਰ ਪਾਉਂਦਿਆਂ ਹੀ ਸਾਡੀ ਧਾਰਨਾ ਯਕਦਮ ਬਦਲਣ ਲੱਗਦੀ ਹੈ। ਬੋਰੀ ਅੰਦਰ ਸੂਆ ਵਾੜ੍ਹ ਚੌਲ਼ਾਂ ਦੇ ਦਾਣੇ ਬਾਹਰ ਕੱਢਦਿਆਂ ਲੈਨਿਨ ਕਹਿੰਦੇ ਹਨ,''ਇਹ ਕਰੂੱਪੂ ਕਵੁਨੀ ਹੈ, ਜੋ ਸੀਰਗਾ ਸਾਂਬਾ ਹੈ।'' ਚੌਲ਼ਾਂ ਦੀਆਂ ਦੋਵੇਂ ਦੇਸੀ ਕਿਸਮਾਂ ਨੂੰ ਉਹ ਆਪਣੀ ਤਲ਼ੀ 'ਤੇ ਧਰਦੇ ਹਨ। ਪਹਿਲੇ ਵਾਲ਼ੇ ਚੌਲ਼ ਕਾਲ਼ੇ ਤੇ ਚਮਕਦਾਰ ਹਨ ਤੇ ਦੂਜੇ ਵਾਲ਼ੇ ਪਤਲੇ ਤੇ ਖ਼ੁਸ਼ਬੂਦਾਰ। ਇੱਕ ਖੂੰਜੇ ਵਿੱਚੋਂ ਉਹ ਮਾਪਕ: ਪਾੜੀ, ਮਰੱਕਾ ਕੱਢ ਲਿਆਉਂਦੇ ਹਨ, ਇਨ੍ਹਾਂ ਦੋਵਾਂ ਮਾਪਕਾਂ ਵਿੱਚ ਅਨਾਜ ਦੀ ਵੱਖ-ਵੱਖ ਮਾਤਰਾ ਆਉਂਦੀ ਹੈ।

ਇਸੇ ਸ਼ੈੱਡ ਤੋਂ ਲੈਨਿਨ ਬਗ਼ੈਰ ਕਿਸੇ ਰੌਲ਼ੇ-ਰੱਪੇ ਦੇ ਚੌਲ਼ ਤੋਲਦੇ ਤੇ ਪੈਕ ਕਰਦੇ ਹਨ ਤੇ ਪੈਦਾਵਾਰ ਨੂੰ ਬੰਗਲੁਰੂ, ਨਾਗਰਕੋਇਲ ਤੱਕ ਭੇਜਦੇ ਹਨ। ਸਭ ਦੇਖਿਆਂ ਇੰਝ ਜਾਪਦਾ ਹੈ ਜਿਵੇਂ ਉਹ ਦਹਾਕਿਆਂ ਤੋਂ ਚੌਲ਼ ਵੇਚਦੇ ਰਹੇ ਹੋਣ, ਪਰ ਇਸ ਕੰਮ ਨੂੰ ਕਰਦਿਆਂ ਉਨ੍ਹਾਂ ਨੂੰ ਮਹਿਜ ਛੇ ਸਾਲ ਹੀ ਹੋਏ ਹਨ।

PHOTO • M. Palani Kumar
PHOTO • M. Palani Kumar

ਖੱਬੇ : ਲੈਨਿਨ ਦੇ ਝੋਨੇ ਦਾ ਖੇਤ। ਸੱਜੇ : ਉਹ ਸਾਨੂੰ ਸਿਰਫ਼ ਝੋਨੇ ਦੇ ਬੀਜ ਹੀ ਦਿਖਾਉਂਦੇ ਹਨ

PHOTO • M. Palani Kumar
PHOTO • M. Palani Kumar

ਖੱਬੇ : ਲੈਨਿਨ ਆਪਣੇ ਗੋਦਾਮ ਦੇ ਅੰਦਰ ਕੰਮ ਕਰ ਰਹੇ ਹਨ ਸੱਜੇ : ਕਰੂਪੂ ਕਾਵੁਨੀ , ਦੇਸੀ ਚੌਲ਼

''ਝੋਨਾ ਕਦੇ ਵੀ ਸਾਡੀ ਵਿਰਾਸਤੀ ਫ਼ਸਲ ਨਹੀਂ ਰਿਹਾ,'' 34 ਸਾਲਾ ਲੈਨਿਨ ਮੁਸਕਰਾਉਂਦੇ ਹਨ। ਇਸ ਜ਼ਿਲ੍ਹੇ ਦੇ ਵਰਖਾ ਅਧਾਰਤ ਭੋਇੰ ਲੰਬੇ ਸਮੇਂ ਤੋਂ ਫਲ਼ੀਆਂ, ਤੇਲ਼-ਬੀਜ਼ਾਂ ਤੇ ਬਾਜਰੇ ਦਾ ਘਰ ਰਹੀ ਹੈ। ''ਝੋਨੇ ਦੀ ਕਾਸ਼ਤ ਕਰਨਾ ਸਾਡੀ ਪਰੰਪਰਾਈ (ਵਿਰਾਸਤ) ਨਹੀਂ ਰਿਹਾ।'' ਉਨ੍ਹਾਂ ਦੀ ਮਾਂ, 68 ਸਾਲਾ ਸਵਿਤਰੀ ਕਰਾਮਨੀ (ਲੋਬੀਆ/ਫਲ਼ੀਆਂ) ਉਗਾਇਆ ਤੇ ਵੇਚਿਆ ਕਰਦੀ। ਭਾਵੇਂ, ਜਿੰਨੀ ਵੀ ਉਪਜ ਉਹ ਵੇਚਿਆ ਕਰਦੀ, ਉਸ ਵਿੱਚੋਂ ਦੋ ਮੁੱਠੀਆਂ ਦਾਣੇ ਮੁਫ਼ਤ ਹੀ ਵੰਡ ਵੀ ਦਿਆ ਕਰਦੀ। ''ਜੇ ਅਸੀਂ ਅੰਮਾ ਵੱਲ਼ੋਂ ਦਾਨ ਕੀਤੇ ਅਨਾਜ ਦੀ ਕੀਮਤ ਲਾਉਣ ਬੈਠੀਏ ਤਾਂ ਅੱਜ ਉਹ ਕਾਫ਼ੀ ਪੈਸਾ ਬਣ ਜਾਵੇਗਾ!'' ਲੈਨਿਨ ਦੇ ਪਰਿਵਾਰ ਦੀ ਮੁੱਖ ਤੌਰ ਫ਼ਸਲ ਕਲੱਕਾ (ਭਾਵ ਮੂੰਗਫਲੀ) ਸੀ ਜੋ ਉਨ੍ਹਾਂ ਦੇ ਪਿਤਾ, 73 ਸਾਲਾ ਈਲੂਮਲਈ ਉਗਾਉਂਦੇ ਤੇ ਵੇਚਦੇ ਸਨ। ''ਕਲੱਕਾ ਦੀ ਕਮਾਈ ਦਾ ਪੈਸਾ ਅੱਪਾ ਨੂੰ ਜਾਂਦਾ ਤੇ ਕਰਮਾਨੀ ਫ਼ਸਲ ਤੋਂ ਹੋਣ ਵਾਲ਼ੀ ਵਾਧੂ ਕਮਾਈ ਅੰਮਾ ਨੂੰ ਜਾਂਦੀ।

ਲੈਨਿਨ ਦੀ ਦਾਸਤਾਨ 'ਇਸ ਤੋਂ ਪਹਿਲਾਂ ਕਿ ਮੈਂ ਕਿਸਾਨ ਬਣਦਾ' ਚੇਨੱਈ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਉਹ ਵੀ ਕਾਰਪੋਰੇਟ ਹੇਠ ਨੌਕਰੀ ਕਰਦੇ ਸਨ। ਦੋ ਡਿਗਰੀ (ਇੱਕ ਮਾਸਟਰੀ ਵੀ ਜੋ ਇਨ੍ਹਾਂ ਪੂਰਾ ਨਹੀਂ ਕੀਤਾ) ਧਾਰਕ ਲੈਨਿਨ ਦੀ ਚੰਗੀ ਆਮਦਨੀ ਸੀ। ਪਰ ਫਿਰ ਇੱਕ ਦਿਨ ਉਨ੍ਹਾਂ ਨੇ ਕਿਸਾਨ 'ਤੇ ਬਣੀ ਮਾਰਮਿਕ ਫ਼ਿਲਮ: ਓਨਪਾਟੂ ਰੂਪਈ ਨੋਟੂ (ਨੌਂ ਰੁਪਈਏ ਦਾ ਨੋਟ) ਦੇਖੀ। ਫ਼ਿਲਮ ਨੂੰ ਦੇਖ ਉਨ੍ਹਾਂ ਅੰਦਰ ਆਪਣੇ ਮਾਪਿਆਂ ਨਾਲ਼ ਰਹਿਣ ਦੀ ਤਾਂਘ ਜਾਗ ਪਈ ਤੇ 2015 ਵਿੱਚ ਲੈਨਿਨ ਘਰ ਮੁੜ ਆਏ।

''ਉਦੋਂ ਮੈਂ 25 ਵਰ੍ਹਿਆਂ ਦਾ ਸਾਂ ਤੇ ਮੇਰੇ ਕੋਲ਼ ਨਾ ਕੋਈ ਯੋਜਨਾ ਸੀ ਤੇ ਨਾ ਕੋਈ ਮੁੱਦਾ। ਮੈਂ ਬੱਸ ਸਬਜ਼ੀਆਂ ਤੇ ਫਲ਼ੀਆਂ ਬੀਜਦਾ।'' ਤਿੰਨ ਸਾਲ ਬੀਤਦਿਆਂ ਇਕੱਠਿਆਂ ਕਈ ਕਾਰਕ ਉਭਰੇ ਜਿਨ੍ਹਾਂ ਨੇ ਲੈਨਿਨ ਨੂੰ ਝੋਨਾ ਤੇ ਕਮਾਦ ਉਗਾਉਣ ਲਈ ਮਜ਼ਬੂਰ ਕਰਕੇ ਰੱਖ ਦਿੱਤਾ। ਮਸ਼ੀਨਰੀ, ਮੰਡੀਆ ਤੇ ਹੋਰ ਤਾਂ ਹੋਰ ਸਭ ਤੋਂ ਵੱਧ ਬਾਂਦਰਾਂ ਨੇ ਉਨ੍ਹਾਂ ਦੇ ਫ਼ੈਸਲੇ ਨੂੰ ਪ੍ਰਭਾਵਤ ਕੀਤਾ।

ਅਤੇ ਮੀਂਹ ਨੇ ਵੀ। ''ਭਾਵੇਂ ਕਿ ਕਿਸਾਨ ਆਮ ਬੋਲ਼ਚਾਲ਼ ਵਿੱਚ 'ਜਲਵਾਯੂ ਤਬਦੀਲੀ' ਸ਼ਬਦ ਨਾ ਵਰਤਣ, ਪਰ ਉਹ ਤੁਹਾਨੂੰ ਇਸ ਬਾਰੇ ਬਾਖ਼ੂਬੀ ਦੱਸ ਦੇਣਗੇ।'' ਲੈਨਿਨ ਕਹਿੰਦੇ ਹਨ ਕਿ ਬੇਮੌਸਮੇ ਮੀਂਹ ਦੀ ਉਡੀਕ ਕਰਨਾ ਅਜਿਹੇ ਪ੍ਰਹੁਣੇ ਦੀ ਉਡੀਕ ਕਰਨ ਜਿਹਾ ਹੈ ਜੋ ਕਦੇ ਵੀ ਤੁਹਾਡੇ ਮੂੰਹ ਵਿੱਚ ਬੁਰਕੀ ਪਾਉਣ ਨਹੀਂ ਆਉਂਦਾ। ''ਜਦੋਂ ਤੁਸੀਂ ਭੁੱਖ ਨਾਲ਼ ਵਿਲ਼ਕ-ਵਿਲ਼ਕ ਕੇ ਮਰ ਜਾਂਦੇ ਹੋ ਤਦ ਉਹ ਆਉਂਦਾ ਹੈ ਤੇ ਤੁਹਾਡੀ ਲਾਸ਼ 'ਤੇ ਮਾਲ਼ਾ ਪਾਉਂਦਾ ਹੈ...''

ਨਿੰਮ ਛਾਵੇਂ, ਗ੍ਰੇਨਾਈਟ ਦੇ ਬੈਂਚ 'ਤੇ ਬੈਠਦਿਆਂ, ਅੰਬ ਚੂਪਦਿਆਂ, ਲੈਨਿਨ ਤਿੰਨ ਘੰਟੇ ਲਗਾਤਾਰ ਬੋਲਦੇ ਜਾਂਦੇ ਹਨ। ਉਨ੍ਹਾਂ ਦੀ ਗੱਲਬਾਤ ਦੇ ਕੇਂਦਰ ਵਿੱਚ ਪ੍ਰਾਚੀਨ ਕਵੀ ਤੀਰੂਵੱਲੂਰ, ਤਮਿਲ਼ਨਾਡੂ ਵਿਖੇ ਜੈਵਿਕ ਖੇਤੀ ਦੇ ਜਨਕ, ਨੰਮਾਲਵਾਰ ਤੇ ਚੌਲ਼ਾਂ ਦੇ ਪ੍ਰਸਿੱਧ ਸੰਰਖਣਵਾਦੀ ਦੇਬਲ ਦੇਬ ਛਾਏ ਰਹੇ। ਲੈਨਿਨ ਕਹਿੰਦੇ ਹਨ ਕਿ ਦੇਸੀ (ਵਿਰਾਸਤੀ) ਕਿਸਮਾਂ ਤੇ ਜੈਵਿਕ ਖੇਤੀ ਦੇ ਰਾਹ ਪੈਣਾ ਲਾਜ਼ਮੀ ਤੇ ਅਟਲ ਵੀ ਹਨ।

ਚਾਰ ਸਾਲਾਂ ਦੇ ਵਕਫ਼ੇ ਦੌਰਾਨ ਸਾਡੀਆਂ ਹੋਈਆਂ ਤਿੰਨ ਬੈਠਕਾਂ ਵਿੱਚ, ਉਹ ਮੈਨੂੰ ਖੇਤੀਬਾੜੀ, ਜਲਵਾਯੂ ਤਬਦੀਲੀ, ਜੈਵ-ਵਿਭਿੰਨਤਾ ਤੇ ਮੰਡੀਆਂ ਨੂੰ ਲੈ ਕੇ ਸਿੱਖਿਅਤ ਕਰਦੇ ਰਹੇ।

ਇਹ ਲੈਨਿਨ ਦੀ ਕਹਾਣੀ ਹੈ ਅਤੇ ਉਸ ਚੌਲ਼ ਦੀ ਵੀ, ਜਿਹਨੂੰ ਹੁਣ ਮਾਨਸੂਨ 'ਤੇ ਨਿਰਭਰ ਜ਼ਮੀਨ ਤੇ ਸੋਕਾ ਮਾਰੇ ਖੇਤਾਂ 'ਤੇ ਡੂੰਘੇ ਬੋਰਵੈੱਲਾਂ ਦੇ ਪਾਣੀ ਤੇ ਉਨ੍ਹਾਂ ਬੀਜ਼ਾਂ ਦੀ ਮਦਦ ਨਾਲ਼ ਉਗਾਇਆ ਜਾਂਦਾ ਹੈ ਜਿਨ੍ਹਾਂ 'ਤੇ ਨਾਵਾਂ ਦੀ ਥਾਂ ਅੱਖਰ ਤੇ ਨੰਬਰ ਦਰਜ ਹੁੰਦੇ ਹਨ ...

PHOTO • M. Palani Kumar
PHOTO • M. Palani Kumar

ਲੈਨਿਨ ਦੀ ਮਾਂ, ਸਾਵਿਤਰੀ ਚੌਲ਼ ਨੂੰ ਮਾਪਣ ਲਈ ਵਰਤੇ ਜਾਣ ਵਾਲ਼ੇ ਲੋਹੇ ਦੇ ਭਾਂਡੇ ਪੜੀ ਅਤੇ ਮਰੱਕਾ (ਖੱਬੇ) ਨੂੰ ਦਿਖਾਉਂਦੀ ਹੋਈ। ਉਹ ਪੈਡ ਨੂੰ ਤੁਯਾਮੱਲੀ ਝੋਨੇ ਦੀ ਦੇਸੀ ਕਿਸਮ (ਸੱਜੇ) ਨਾਲ਼ ਭਰਦੀ ਹੈ

*****

ਕਿਸਾਨ, ਜਿਹਦੇ ਕੋਲ਼ ਬੜੀਆਂ ਨੇ ਮੱਝਾਂ
ਤੇ ਪਹਾੜੋਂ ਉੱਚੇ ਅਨਾਜ ਦੇ ਨੇ ਭੰਡਾਰ!
ਤੁਸੀਂ ਪਹੁ-ਫੁਟਾਲ਼ੇ ਹੋ ਉੱਠ ਜਾਂਦੇ
ਬਹੁਤਾ ਸੋਏ ਬਗ਼ੈਰ ਤੇ ਤਾਂਘ ਭਰੇ ਹੱਥਾਂ
ਨਾਲ਼ ਵਧੀਆ ਚੌਲ਼ਾਂ ਨਾਲ਼ ਭਰੇ ਕੌਲੇ ਵਿੱਚ
ਕਾਲ਼ੀਆਂ ਅੱਖਾਂ ਵਾਲ਼ੀ ਵਰਾਮ ਮੱਛੀ ਹੋ ਖਾਂਦੇ।

ਨਟ੍ਰਿਨਈ 60, ਮਰੂਤਮ ਤਿਨਈ।

ਤਮਿਲ਼ ਧਰਤੀ ਸਦਾ ਤੋਂ ਚੌਲ਼ਾਂ ਦੀ ਖੇਤੀ ਦਾ ਘਰ ਰਹੀ ਹੈ। ਇਸ ਖ਼ੂਬਸੂਰਤ ਕਵਿਤਾ ਅੰਦਰ ਕਿਸਾਨ, ਉਹਦੇ ਅਨਾਜ ਭੰਡਾਰ ਤੇ ਉਹਦੇ ਰੋਟੀ ਦਾ ਵਰਣਨ ਹੈ, ਜੋ ਕਿ 2,000 ਸਾਲ ਪਹਿਲਾਂ ਸੰਗਮ ਯੁੱਗ ਦੇ ਸਮੇਂ ਨੂੰ ਦਰਸਾਉਂਦੀ ਹੈ। ਉਪ-ਮਹਾਦੀਪ ਅੰਦਰ ਚੌਲ਼ਾਂ ਦੀ ਕਾਸ਼ਤ ਕੋਈ 8 ਹਜ਼ਾਰ ਸਾਲਾਂ ਤੋਂ ਕੀਤੀ ਜਾ ਰਹੀ ਹੈ।

''ਪੁਰਾਤੱਤਵ ਤੇ ਜੈਨੇਟਿਕ ਸਬੂਤ ਦੱਸਦੇ ਹਨ ਕਿ ਏਸ਼ੀਆਈ ਚੌਲ਼ਾਂ (ਭਾਰਤੀ ਉਪ-ਮਹਾਂਦੀਪ ਤੋਂ ਕਾਸ਼ਤ ਕੀਤੇ ਕਰੀਬ ਸਾਰੇ ਹੀ ਚੌਲ਼ ਇਸੇ ਸਮੂਹ ਨਾਲ਼ ਸਬੰਧਤ ਹਨ) ਦੀ ਇੰਡੀਕਾ ਉਪ-ਕਿਸਮ 7,000 ਤੋਂ 9,000 ਸਾਲ ਪਹਿਲਾਂ ਪੂਰਬੀ ਹਿਮਾਲਿਆ ਦੀ ਤਲਹਟੀ ਵਿੱਚ ਉਗਾਈ ਜਾਂਦੀ ਸੀ,'' ਦੇਬਲ ਦੇਬ ਸਾਇੰਟੀਫਿਕ ਅਮਰੀਕਨ ਵਿੱਚ ਲਿਖਦੇ ਹਨ। ''ਅਗਲੇ ਹਜ਼ਾਰਾਂ ਸਾਲਾਂ ਦੇ ਅਨੁਕੂਲਨ ਤੇ ਉਤਪਾਦਨ ਤੋਂ ਬਾਅਦ ਪਰੰਪਰਾਗਤ ਕਿਸਾਨਾਂ ਨੇ ਭੂ-ਪ੍ਰਜਾਤੀਆਂ ਦੇ ਇੱਕ ਖ਼ੁਸ਼ਹਾਲ ਕੋਸ਼ ਦੀ ਰਚਨਾ ਕੀਤੀ, ਜੋ ਵੱਖ-ਵੱਖ ਮਿੱਟੀਆਂ, ਭੂਗੋਲਿਕ ਹਾਲਤਾਂ ਤੇ ਸੂਖਮ ਜਲਵਾਯੂ ਦੇ ਲਈ ਪੂਰੀ ਤਰ੍ਹਾਂ ਢੁਕਵੀਂ ਤੇ ਵਿਸ਼ੇਸ਼ ਸੱਭਿਆਚਾਰਕ, ਪੋਸ਼ਣ ਤੇ ਚਿਕਿਸਤਕ ਲੋੜਾਂ ਦੇ ਅਨੁਕੂਲ ਵੀ ਸੀ।'' ਸਾਲ 1970 ਦੇ ਦਹਾਕੇ ਤੱਕ ਭਾਰਤੀ ਖੇਤਾਂ ਵਿੱਚ ਇਸੇ ਤਰ੍ਹਾਂ ਦੀਆਂ ''ਲਗਭਗ 110,000 ਕਿਸਮਾਂ'' ਵਿਕਸਤ ਕੀਤੀ ਜਾ ਚੁੱਕੀਆਂ ਸਨ।''

ਪਰ ਜਿਵੇਂ-ਜਿਵੇਂ ਸਾਲ ਬੀਤਦੇ ਗਏ, ਖਾਸ ਕਰਕੇ ਹਰੇ ਇਨਕਲਾਬ ਤੋਂ ਬਾਅਦ, ਵਿਭਿੰਨਤਾ ਦੀਆਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਮਾਂ ਖਤਮ ਹੋ ਗਈਆਂ। 60ਵਿਆਂ ਦੇ ਮੱਧ ਵਿੱਚ ਖੁਰਾਕ ਅਤੇ ਖੇਤੀਬਾੜੀ ਮੰਤਰੀ ਵਜੋਂ ਸੀ ਸੁਬਰਾਮਨੀਅਮ ਦੀ ਸਵੈਜੀਵਨੀ "ਹਰੇ ਇਨਕਲਾਬ" ਦੇ ਦੂਜੇ ਭਾਗ ਵਿੱਚ, "ਗੰਭੀਰ ਅਤੇ ਵਿਆਪਕ ਸੋਕੇ ਦੀਆਂ ਸਥਿਤੀਆਂ ਬਾਰੇ ਲਿਖਣ ਦੇ ਨਾਲ਼-ਨਾਲ਼ 1965-67 ਵਿੱਚ ਹੋਈ ਅਨਾਜ ਦੀ ਭਾਰੀ ਕਮੀ" ਅਤੇ "ਅਮਰੀਕਾ ਨਾਲ਼ ਪੀਐਲ -480 ਸਮਝੌਤੇ ਤਹਿਤ ਅਨਾਜ ਦੀ ਦਰਾਮਦ 'ਤੇ ਨਿਰੰਤਰ ਨਿਰਭਰਤਾ" ਬਾਰੇ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਮਤੇ ਬਾਰੇ ਵੀ ਲਿਖਦੇ ਹਨ।

PHOTO • M. Palani Kumar
PHOTO • M. Palani Kumar

ਲੈਨਿਨ ਚੌਲ਼ ਦੀਆਂ ਤੁਯਾਮਾਲੀ (ਖੱਬੇ) ਅਤੇ ਮੁਲੰਕਾਇਮਾ (ਸੱਜੇ) ਕਿਸਮਾਂ ਨੂੰ ਉਗਾਉਂਦੇ ਅਤੇ ਸੰਭਾਲਦੇ ਹਨ

ਸਰਕਾਰ ਅਤੇ ਇਸ ਦੇ ਨੇਤਾਵਾਂ ਕੋਲ਼ ਦੋ ਵਿਕਲਪ ਸਨ - ਜ਼ਮੀਨ ਨੂੰ ਦੁਬਾਰਾ ਵੰਡਣਾ, ਜੋ ਇੱਕ ਰਾਜਨੀਤਿਕ (ਅਤੇ ਸੰਭਾਵਿਤ ਤੌਰ 'ਤੇ ਚਿੰਤਾਜਨਕ) ਹੱਲ ਸੀ ਅਤੇ ਦੂਜਾ ਇੱਕ ਵਿਗਿਆਨਕ ਅਤੇ ਤਕਨੀਕੀ ਹੱਲ (ਜੋ ਸਾਰੇ ਕਿਸਾਨਾਂ ਨੂੰ ਬਰਾਬਰ ਲਾਭ ਨਹੀਂ ਪਹੁੰਚਾ ਸਕਦਾ)।  ਇਸਲਈ ਉਨ੍ਹਾਂ ਨੇ ਝੋਨੇ ਅਤੇ ਕਣਕ ਦੀਆਂ ਉੱਚ ਪੈਦਾਵਾਰ ਵਾਲ਼ੀਆਂ ਕਿਸਮਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਪੰਜ ਦਹਾਕਿਆਂ ਬਾਅਦ, ਅੱਜ ਭਾਰਤ ਕੋਲ਼ ਚੌਲ਼ ਅਤੇ ਕਣਕ ਦਾ ਵਾਧੂ ਭੰਡਾਰ ਹੈ ਅਤੇ ਇਹ ਬਹੁਤ ਸਾਰੀਆਂ ਫ਼ਸਲਾਂ ਦਾ ਨਿਰਯਾਤ ਕਰਦਾ ਹੈ। ਹਾਲਾਂਕਿ, ਖੇਤੀਬਾੜੀ ਖੇਤਰ ਸਮੱਸਿਆਵਾਂ ਨਾਲ਼ ਘਿਰਿਆ ਹੋਇਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿੱਚ ਚਾਰ ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਦੇਸ਼ ਵਿੱਚ ਵਾਜਬ ਕੀਮਤਾਂ ਅਤੇ ਵਾਜਬ ਨੀਤੀਆਂ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਵੱਡੇ ਵਿਰੋਧ ਪ੍ਰਦਰਸ਼ਨ ਵੇਖੇ ਹਨ ਅਤੇ ਜਦੋਂ ਤੱਕ ਤੁਸੀਂ ਇਸ ਲੇਖ ਨੂੰ ਪੜ੍ਹਦੇ ਹੋ, ਇੱਕ ਦਰਜਨ ਕਿਸਾਨਾਂ ਨੇ ਖੇਤੀ ਛੱਡ ਦਿੱਤੀ ਹੈ।

ਇਹ ਸਾਨੂੰ ਲੈਨਿਨ ਅਤੇ ਉਸ ਦੇ ਇਨਕਲਾਬ ਦੀ ਕਹਾਣੀ ਵੱਲ ਵਾਪਸ ਲਿਆਉਂਦੇ ਹਨ। ਖੇਤੀਬਾੜੀ ਅਤੇ ਫ਼ਸਲ ਦੇ ਅੰਦਰ ਵਿਭਿੰਨਤਾ ਕਿਉਂ ਮਹੱਤਵਪੂਰਨ ਹੈ? ਕਿਉਂਕਿ, ਪਸ਼ੂਆਂ, ਕਪਾਹ ਅਤੇ ਕੇਲੇ ਦੀ ਤਰ੍ਹਾਂ, ਵਿਸ਼ਵ ਘੱਟ ਕਿਸਮਾਂ ਉਗਾ ਰਿਹਾ ਸੀ ਅਤੇ ਵਧੇਰੇ ਦੁੱਧ, ਧਾਗਾ ਅਤੇ ਫਲ ਪ੍ਰਾਪਤ ਕਰ ਰਿਹਾ ਸੀ। ਪਰ ਦੇਬ ਚੇਤਾਵਨੀ ਦਿੰਦੇ ਹਨ, "ਮੋਨੋਕਲਚਰ ਦਾ ਵਿਸ਼ਾਲ ਵਿਸਥਾਰ ਕੁਝ ਕੀੜੇ-ਮਕੌੜਿਆਂ ਲਈ ਤਿਉਹਾਰ ਪ੍ਰਦਾਨ ਕਰਦਾ ਹੈ।

ਸਵਾਮੀਨਾਥਨ, ਇੱਕ ਖੇਤੀਬਾੜੀ ਵਿਗਿਆਨੀ ਅਤੇ ਭਾਰਤ ਦੀ ਹਰੇ ਇਨਕਲਾਬ ਦੇ ਪਿਤਾ, ਨੇ ਚੇਤਾਵਨੀ ਦਿੱਤੀ ਸੀ ਕਿ "ਜੇ ਸਥਾਨਕ ਤੌਰ 'ਤੇ ਅਨੁਕੂਲ ਫ਼ਸਲਾਂ ਦੀਆਂ ਸਾਰੀਆਂ ਕਿਸਮਾਂ ਨੂੰ ਇੱਕ ਜਾਂ ਦੋ ਉੱਚ ਝਾੜ ਦੇਣ ਵਾਲ਼ੀਆਂ ਕਿਸਮਾਂ ਨਾਲ਼ ਬਦਲ ਦਿੱਤਾ ਜਾਂਦਾ ਹੈ, ਤਾਂ ਇਸ ਨਾਲ਼ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ ਜੋ ਸਾਰੀਆਂ ਫ਼ਸਲਾਂ ਨੂੰ ਖਤਮ ਕਰਨ ਦੇ ਸਮਰੱਥ ਹਨ।''

ਭਾਵੇਂਕਿ ਆਲਮੀ ਪੱਧਰ 'ਤੇ ਚੌਲ਼ਾਂ ਦੀਆਂ ਨਵੀਆਂ ਕਿਸਮਾਂ ਨੇ ਆਪਣੇ ਪੈਰ ਪਸਾਰ ਲਏ ਹਨ। 28 ਨਵੰਬਰ 1966 ਨੂੰ ਕੌਮਾਂਤਰੀ ਚੌਲ਼ ਖੋਜ ਸੰਸਥਾ ਵੱਲੋਂ ਪੇਸ਼ ਕੀਤਾ ਜਾਣ ਵਾਲ਼ਾ ਪਹਿਲਾ ਆਧੁਨਿਕ ਚੌਲ਼ ''ਗੁਮਨਾਮ ਨਾਮ IR8'' ਪੈ ਗਿਆ। ਰਾਈਸ ਟੂਡੇ ਦੇ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਛੇਤੀ ਹੀ, ਇਸ ਅਰਧ-ਬੌਣੀ ਕਿਸਮ ਨੂੰ ''ਚਮਤਕਾਰਕ ਚੌਲ਼'' ਦਾ ਰੂਪ ਕਰਾਰ ਦਿੱਤਾ ਗਿਆ ਤੇ ਇਹਨੇ ਏਸ਼ੀਆ ਤੇ ਉਹਦੇ ਬਾਹਰ ਦੇ ਇਲਾਕਿਆਂ ਵਿੱਚ ਭਾਰੀ ਤਬਦੀਲੀਆਂ ਲਿਆਂਦੀਆਂ।

ਬੈਂਜਾਮਿਨ ਰੋਬਰਟ ਸਾਈਗਲ ਆਪਣੀ ਕਿਤਾਬ ਹੰਗਰੀ ਨੇਸ਼ਨ ਵਿੱਚ ਲਿਖਦੇ ਹਨ ਕਿ ਮਦਰਾਸ (ਉਸ ਵੇਲ਼ੇ ਦਾ ਚੇਨੱਈ) ਦੇ ਬਾਹਰ ਦਾ ਇੱਕ ਧਨੀ ਕਿਸਾਨ ਆਪਣੇ ਮਹਿਮਾਨਾਂ ਨੂੰ ''IR-8'' ਇਡਲੀ ਦਾ ਨਾਸ਼ਤਾ ਪਰੋਸਦਾ ਸੀ। ਉਹਦੇ ਮਹਿਮਾਨ ਜਿਨ੍ਹਾਂ ਵਿੱਚ ਹੋਰ ਕਿਸਾਨ ਤੇ ਪੱਤਰਕਾਰ ਸ਼ਾਮਲ ਸਨ-''ਨੂੰ ਦੱਸਿਆ ਗਿਆ ਸੀ ਕਿ IR-8 ਚੌਲ਼ ਫਿਲੀਪੀਨਜ਼ ਤੋਂ ਭਾਰਤ ਆਇਆ ਹੈ ਤੇ ਇਹਦੇ ਫੁੱਲੇ-ਫੁੱਲੇ ਦਾਣੇ ਜਿੰਨੇ ਸੁਆਦੀ ਸਨ ਓਨੀ ਹੀ ਭਰਪੂਰ ਮਾਤਰਾ ਵਿੱਚ ਇਹ ਉਪਲਬਧ ਵੀ ਹਨ।''

PHOTO • M. Palani Kumar
PHOTO • M. Palani Kumar

ਹਰੇ-ਭਰੇ ਝੋਨੇ ਦੇ ਖੇਤ (ਖੱਬੇ) ਤੇ ਛਟਾਈ ਮਗਰੋਂ ਝੋਨੇ ਦੇ ਦਾਣੇ (ਸੱਜੇ)

ਕਿਤਾਬ ਸਟੱਫਡ ਐਂਡ ਸਟਾਰਵਡ ਵਿੱਚ ਰਾਜ ਪਟੇਲ ਦਾ ਕਹਿਣਾ ਹੈ ਕਿ ਇਹ ਨਵੀਆਂ ਕਿਸਮਾਂ ਸਫ਼ਲਤਾਪੂਰਵਕ ਤਾਂ ਹੀ ਉਗਾਈਆਂ ਜਾ ਸਕਦੀਆਂ ਹਨ ਜੇ ਉਨ੍ਹਾਂ ਨੂੰ ''ਪ੍ਰਯੋਗਸ਼ਾਲਾ-ਸੰਪੰਨ ਸਥਿਤੀਆਂ (ਭਾਵ ਨੇੜਿਓਂ ਨਿਰੀਖਣ ਪ੍ਰਕਿਰਿਆ) ਵਿੱਚ ਲਗਾਇਆ ਜਾਵੇ'', ਜਿਸ ਲਈ ਸਿੰਚਾਈ, ਖਾਦਾਂ ਅਤੇ ਕੀਟਨਾਸ਼ਕਾਂ ਦੀ ਲੋੜ ਹੁੰਦੀ ਹੈ। ਉਹ ਇਹ ਵੀ ਮੰਨਦੇ ਹਨ ਕਿ "ਕੁਝ ਥਾਵਾਂ 'ਤੇ, ਅੰਸ਼ਕ ਤੌਰ 'ਤੇ ਹੀ ਸਹੀ ਹਰੇ ਇਨਕਲਾਬ ਦੀ ਤਕਨਾਲੋਜੀ ਕਾਰਨ, ਭੁੱਖਮਰੀ 'ਤੇ ਲਗਾਮ ਜ਼ਰੂਰ ਲਾਈ ਗਈ। ਪਰ ਉਸ ਬਦਲੇ ਸਮਾਜਿਕ ਅਤੇ ਵਾਤਾਵਰਣਕ ਤਾਣੇ-ਬਾਣੇ ਨੂੰ ਖਾਸੀ ਕੀਮਤ ਅਦਾ ਕਰਨੀ ਪਈ।"

ਪੇਂਡੂ ਅਤੇ ਖੇਤੀਬਾੜੀ ਭਾਰਤ ਦੀ ਸਥਿਤੀ ਰਿਪੋਰਟ 2020 ਕਹਿੰਦੀ ਹੈ ਕਿ ਕਣਕ, ਝੋਨੇ ਅਤੇ ਗੰਨੇ ਜਿਹੀਆਂ ਚੋਣਵੀਆਂ ਫ਼ਸਲਾਂ 'ਤੇ ਮਿਲ਼ਦੀਆਂ ਸਬਸਿਡੀਆਂ ਨੇ "ਕਿਸਾਨਾਂ ਨੂੰ ਵੱਡੇ ਪੱਧਰ 'ਤੇ ਇਨ੍ਹਾਂ ਹੀ ਫ਼ਸਲਾਂ ਦਾ ਰੁਖ ਕਰਨ ਨੂੰ ਮਜ਼ਬੂਰ ਕਰ ਦਿੱਤਾ।" ਇਹਨੇ ਖ਼ੁਸ਼ਕ ਭੋਇੰ ਵਾਲ਼ੇ ਇਲਾਕਿਆਂ ਵਿੱਚ ਸੇਂਜੂ ਖੇਤੀਬਾੜੀ ਲਿਆ ਕੇ ਫ਼ਸਲੀ ਪੈਟਰਨ ਨੂੰ ਤਾਂ ਵਿਗਾੜ ਹੀ ਸੁੱਟਿਆ, ਨਾਲ਼ ਹੀ ਫ਼ਸਲੀ ਵਿਭਿੰਨਤਾ ਨੂੰ ਘਟਾਉਣ ਕਾਰਨ ਸਾਡੀਆਂ ਪਲੇਟਾਂ ਵਿੱਚੋਂ ਪੌਸ਼ਟਿਕ ਅਨਾਜ ਤੱਕ ਗਾਇਬ ਕਰ ਸੁੱਟਿਆ। ਹੁਣ ਪਾਲਿਸ਼ ਕੀਤੇ ਚੌਲ਼, ਕਣਕ ਤੇ ਰਿਫਾਇੰਡ ਖੰਡ ਤੋਂ ਮਿਲ਼ਣ ਵਾਲ਼ੀਆਂ ਫੋਕੀਆਂ ਕੈਲੋਰੀਆਂ ਨੇ ਲੋਕਾਂ ਦੀ ਸਿਹਤ 'ਤੇ ਬਹੁਤ ਮਾੜਾ ਅਸਰ ਪਾਇਆ।"

ਲੈਨਿਨ ਕਹਿੰਦੇ ਹਨ ਕਿ ਇਸ ਸਭ ਦੀ ਯਾਦ ਅੱਜ ਵੀ ਤਿਰੂਵੰਨਾਮਲਾਈ  ਜ਼ਿਲ੍ਹੇ ਵਿੱਚ ਜ਼ਿੰਦਾ ਹੈ। ਆਪਣੇ ਮਗਰਲੇ ਇੱਕ ਖੇਤ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੇ ਹਨ,"ਅੱਪਾ ਦੇ ਸਮੇਂ ਦੌਰਾਨ, ਸਿਰਫ਼ ਮਾਨਵਰੀ (ਬਾਰਸ਼ 'ਤੇ ਅਧਾਰਤ) ਫ਼ਸਲਾਂ ਅਤੇ ਫਲ਼ੀਦਾਰ ਪੌਦਿਆਂ ਦੀ ਵੱਡੇ ਪੱਧਰ 'ਤੇ ਕਾਸ਼ਤ ਕੀਤੀ ਜਾਂਦੀ ਸੀ। ਅਸੀਂ ਝੀਲ਼ ਦੇ ਕਿਨਾਰੇ ਸਾਲ ਵਿੱਚ ਸਿਰਫ਼ ਇੱਕੋ ਵਾਰ ਸਾਂਬਾ (ਝੋਨਾ) ਉਗਾਉਂਦੇ ਸੀ। ਅੱਜ, ਸੇਂਜੂ ਜ਼ਮੀਨ ਦੀ ਮਾਤਰਾ ਵਿੱਚ ਤੇਜ਼ੀ ਨਾਲ਼ ਵਾਧਾ ਹੋਇਆ ਹੈ। ਵੀਹ ਸਾਲ ਪਹਿਲਾਂ, ਅੱਪਾ ਨੇ ਬੈਂਕ ਤੋਂ ਕਰਜ਼ਾ ਲਿਆ ਅਤੇ ਬੋਰਵੈੱਲ ਕੁਨੈਕਸ਼ਨ ਪ੍ਰਾਪਤ ਕੀਤਾ। ਉਦੋਂ ਤੱਕ, ਖੇਤਾਂ ਵਿੱਚ ਇਸ ਤਰ੍ਹਾਂ ਝੋਨਾ ਨਹੀਂ ਉਗਾਇਆ ਜਾ ਸਕਦਾ ਸੀ।" ਇਸ ਖੇਤ ਵਿੱਚ ਝੋਨੇ ਦੇ ਨੰਨ੍ਹੇ ਹਰੀਅਲ ਪੌਦੇ, ਚਿੱਕੜ ਬਣ ਚੁੱਕਿਆ ਪਾਣੀ, ਰੁੱਖਾਂ ਦਾ ਪੈਂਦਾ ਪਰਛਾਵਾਂ, ਝਾਕਦਾ ਗਗਨ ਤੇ ਸੂਰਜ ਵਿਲੱਖਣ ਨਜ਼ਾਰਾ ਪੇਸ਼ ਕਰ ਰਿਹਾ ਹੈ।

"ਪੁਰਾਣੇ ਕਿਸਾਨਾਂ ਨੂੰ ਪੁੱਛੋ," ਲੈਨਿਨ ਮੈਨੂੰ ਦੱਸਦੇ, "ਅਤੇ ਉਹ ਤੁਹਾਨੂੰ ਦੱਸਣਗੇ ਕਿ IR8 ਉਨ੍ਹਾਂ ਦਾ ਢਿੱਡ ਕਿਵੇਂ ਭਰਦਾ ਹੈ। ਤੁਸੀਂ ਇਹ ਵੀ ਸੁਣੋਗੇ ਕਿ ਗਾਂ ਦੇ ਚਾਰੇ ਦਾ ਖਰਚਾ ਵੀ ਘੱਟ ਗਿਆ ਹੈ।'' ਕਲਸਪੱਕਮ ਦੀ ਇੱਕ ਬੈਠਕ ਵਿੱਚ, ਮਜ਼ਾਕੀਆ ਲਹਿਜੇ ਵਿੱਚ ਕਿਸਾਨ ਕਹਿੰਦੇ ਹਨ, "ਕੀ ਤੁਸੀਂ ਜਾਣਦੇ ਹੋ ਕਿ ਕੁਝ ਕਿਸਾਨ ਪਰਿਵਾਰਾਂ ਵਿੱਚ, ਗੀਂਢੇ ਲੋਕਾਂ ਨੂੰ ਅਜੇ ਵੀ ਇਰੇਟੂ (ਤਾਮਿਲ਼ ਵਿੱਚ IR8 ) ਕਿਹਾ ਜਾਂਦਾ ਹੈ?" ਚੁਫ਼ੇਰੇ ਠਹਾਕਾ ਗੂੰਜ ਉੱਠਦਾ ਹੈ।

ਪਰ ਜਿਓਂ ਹੀ ਜੈਵ ਵਿਭਿੰਨਤਾ ਦੀ ਗੱਲ ਆਉਂਦੀ ਹੈ, ਠਹਾਕਾ ਗੁਆਚ ਜਾਂਦਾ ਹੈ।

PHOTO • M. Palani Kumar
PHOTO • M. Palani Kumar

ਖੱਬੇ: ਗੋਦਾਮ ਤੋਂ ਝੋਨੇ ਦੇ ਖੇਤ ਵੱਲ ਪੈਦਲ ਜਾਂਦੇ ਲੈਨਿਨ। ਸੱਜੇ: ਇਸ ਖੇਤ ਵਿੱਚ , ਉਹ ਝੋਨੇ ਦੀਆਂ ਵਿਰਾਸਤੀ ਕਿਸਮਾਂ ਦੀ ਕਾਸ਼ਤ ਕਰਦੇ ਤੇ ਸਾਂਭ-ਸੰਭਾਲ਼ ਵੀ ਕਰਦੇ ਹਨ

*****

ਲੈਨਿਨ ਨਾਲ਼ ਮੇਰੀ ਪਹਿਲੀ ਮੁਲਾਕਾਤ 2021 ਵਿੱਚ ਹੋਈ ਸੀ, ਜਦੋਂ ਉਹ ਜਲਵਾਯੂ ਤਬਦੀਲੀ ਅਤੇ ਖੇਤੀ ਬਾਰੇ ਕਿਸਾਨਾਂ ਦੇ ਇੱਕ ਸਮੂਹ ਨਾਲ਼ ਗੱਲ ਕਰ ਰਹੇ ਸਨ। ਇਹ ਤਿਰੂਵੰਨਾਮਲਾਈ  ਜ਼ਿਲ੍ਹੇ ਦੇ ਕਲਾਸਪਕਮ ਕਸਬੇ ਵਿਖੇ ਪਰੰਪਰਈਆ ਵਿਧਾਈਗਲ ਮਯਮ [ਰਵਾਇਤੀ ਬੀਜ ਫੋਰਮ] ਦੀ ਮਹੀਨੇਵਾਰ ਬੈਠਕ ਦਾ ਮੌਕਾ ਸੀ। ਇਸ ਗਰੁੱਪ ਦੇ ਮੈਂਬਰ ਹਰ ਮਹੀਨੇ ਦੀ 5 ਤਾਰੀਖ ਨੂੰ ਮਿਲ਼ਦੇ ਹਨ। ਸਤੰਬਰ ਦੀ ਉਸ ਨਿਖਰੀ ਸਵੇਰ ਨੂੰ ਬਹੁਤ ਗਰਮੀ ਸੀ, ਪਰ ਮੰਦਰ ਦੇ ਪਿੱਛੇ ਨਿੰਮ ਦੀ ਛਾਂ ਹੇਠ ਗਰਮੀ ਤੋਂ ਕੁਝ ਰਾਹਤ ਮਿਲ਼ੀ। ਅਸੀਂ ਉੱਥੇ ਬੈਠ ਕੇ ਲੈਨਿਨ ਨੂੰ ਬੋਲ਼ਦਿਆਂ ਸੁਣਿਆ, ਹਾਸਾ ਮਜ਼ਾਕ ਕੀਤਾ ਤੇ ਕਾਫ਼ੀ ਕੁਝ ਸਿੱਖਿਆ ਵੀ।

ਲੈਨਿਨ ਕਹਿੰਦੇ ਹਨ, "ਜਦੋਂ ਅਸੀਂ ਆਪਣੇ ਆਪ ਨੂੰ ਜੈਵਿਕ ਕਿਸਾਨ ਕਹਿੰਦੇ ਹਾਂ ਤੇ ਲੋਕ ਜਾਂ ਤਾਂ ਸਾਡੇ ਪੈਰ ਛੂੰਹਦੇ ਹਨ ਜਾਂ ਸਾਨੂੰ ਮੂਰਖ ਕਹਿੰਦੇ ਹਨ।'' ਫੋਰਮ ਦੇ ਸਹਿ-ਸੰਸਥਾਪਕ,  ਪੀ.ਟੀ. ਰਾਜੇਂਦਰਨ (68) ਅੱਗੋਂ ਸਵਾਲ ਕਰਦੇ ਹਨ,''ਪਰ ਕੀ ਅੱਜ ਦੀ ਨਵੀਂ ਪੀੜ੍ਹੀ ਜੈਵਿਕ ਖੇਤੀ ਬਾਰੇ ਕੁਝ ਜਾਣਦੀ ਹੈ? ਉਨ੍ਹਾਂ ਨੇ ਸ਼ਾਇਦ ਪੰਚਕਾਵਿਅਮ (ਗਊ ਮੂਤ, ਗੋਬਰ ਅਤੇ ਹੋਰ ਸਮੱਗਰੀ, ਜੋ ਵਾਧੇ-ਵਿਕਾਸ ਅਤੇ ਪ੍ਰਤੀਰੋਧਤਾ ਲਈ ਵਧੀਆ ਹੈ) ਬਾਰੇ ਸੁਣਿਆ ਹੋਵੇਗਾ। ਪਰ ਜੈਵਿਕ ਖੇਤੀ ਇਸ ਸਭ ਤੋਂ ਵੱਧ ਕੇ ਹੋਰ ਵੀ ਬਹੁਤ ਕੁਝ ਹੈ।"

ਕਈ ਵਾਰ ਕਿਸਾਨਾਂ ਲਈ ਜੈਵਿਕ ਤਬਦੀਲੀ ਆਪਣੇ-ਆਪ ਵੀ ਆਉਂਦੀ ਹੈ। ਲੈਨਿਨ ਦੇ ਪਿਤਾ, ਏਲੂਮਲ ਨੇ ਰਸਾਇਣਕ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਇਸਲਈ ਛੱਡੀ ਕਿਉਂਕਿ ਉਹ ਬਹੁਤ ਮਹਿੰਗੀਆਂ ਸਨ। ਲੈਨਿਨ ਦੇ ਸ਼ਬਦਾਂ ਵਿੱਚ: "ਹਰੇਕ ਛਿੜਕਾਅ 'ਤੇ ਕਈ-ਕਈ ਹਜ਼ਾਰ ਰੁਪਏ ਖਰਚ ਕੀਤੇ ਜਾਂਦੇ।'' ਅੱਪਾ ਨੇ ਫਿਰ ਪਸੁਮਾਈ ਵਿਕਾਟਨ [ਇੱਕ ਖੇਤੀਬਾੜੀ ਮੈਗਜ਼ੀਨ] ਪੜ੍ਹੀ ਤੇ ਖੇਤ-ਅਧਾਰਤ ਕੁਦਰਤੀ ਸਮੱਗਰੀ ਦਾ ਪ੍ਰਯੋਗ ਕੀਤਾ ਅਤੇ ਮੈਨੂੰ ਉਨ੍ਹਾਂ ਦਾ ਛਿੜਕਾਅ ਕਰਨ ਲਈ ਦਿੱਤਾ। ਮੈਂ ਉਸੇ ਤਰ੍ਹਾਂ ਛਿੜਕਾਅ ਕੀਤਾ।" ਇਹਨੇ ਵਧੀਆ ਕੰਮ ਕੀਤਾ।

ਹਰ ਮਹੀਨੇ, ਫੋਰਮ ਦੇ ਕਿਸਾਨ ਵਿਚਾਰ ਵਟਾਂਦਰੇ ਲਈ ਇੱਕ ਵਿਸ਼ਾ ਚੁਣਦੇ ਹਨ। ਕੁਝ ਲੋਕ ਵਿਕਰੀ ਲਈ ਕੰਦ, ਦਾਲ਼ਾਂ ਅਤੇ ਕੋਲ਼ਡ-ਪ੍ਰੈਸਡ ਤੇਲ ਲਿਆਉਂਦੇ ਹਨ। ਕੋਈ ਸ਼ਾਮਲ ਲੋਕਾਂ ਨੂੰ ਖਾਣਾ ਖੁਆਉਂਦਾ ਹੈ; ਜਦੋਂ ਕਿ ਦੂਜਾ ਦਾਲ ਅਤੇ ਸਬਜ਼ੀਆਂ ਲਿਆਉਂਦਾ ਹੈ। ਖੁੱਲ੍ਹੇ ਅਸਮਾਨ ਹੇਠ, ਚੁੱਲ੍ਹੇ ਦੀ ਬਲ਼ਦੀ ਅੱਗ 'ਤੇ ਚੌਲ਼ਾਂ ਦੀਆਂ ਕੁਝ ਦੇਸੀ ਕਿਸਮਾਂ ਪਕਾਈਆਂ ਜਾਂਦੀਆਂ ਹਨ। ਫਿਰ ਕੇਲੇ ਦੇ ਪੱਤਿਆਂ 'ਤੇ ਸ਼ੋਰਬੇ ਅਤੇ ਸੁਆਦੀ ਸਾਂਬਰ ਨਾਲ਼ ਪਰੋਸਿਆ ਜਾਂਦਾ ਹੈ। 100 ਮੈਂਬਰਾਂ ਦੇ ਦੁਪਹਿਰ ਦੇ ਖਾਣੇ ਲਈ ਕੋਈ 3,000 ਰੁਪਏ ਖਰਚਾ ਆਉਂਦਾ ਹੈ।

ਉਦੋਂ ਤੱਕ, ਕਿਸਾਨ ਜਲਵਾਯੂ ਤਬਦੀਲੀ 'ਤੇ ਬਹਿਸ ਜਾਰੀ ਰੱਖਦੇ ਹਨ। ਉਹ ਕਹਿੰਦੇ ਹਨ ਕਿ ਇਸ ਨਾਲ਼ ਨਜਿੱਠਣ ਲਈ ਜੈਵਿਕ ਖੇਤੀ, ਫ਼ਸਲਾਂ ਦੀਆਂ ਅਦਲਾ-ਬਦਲੀ, ਦੇਸੀ ਕਿਸਮਾਂ ਨੂੰ ਉਗਾਉਣਾ ਬਿਹਤਰ ਤਰੀਕਾ ਹੈ।

ਰਾਜੇਂਦਰਨ ਕਹਿੰਦੇ ਹਨ, "ਕਾਲ਼ੇ ਬੱਦਲ ਘਿਰਦੇ ਹਨ। ਕਿਸਾਨ ਮੀਂਹ ਦੀ ਉਮੀਦ ਕਰ ਰਹੇ ਹਨ। ਪਰ ਫਿਰ... ਮੀਂਹ ਨਹੀਂ ਪੈਂਦਾ! ਅਤੇ ਜਨਵਰੀ ਵਿੱਚ, ਜਦੋਂ ਝੋਨਾ ਵਾਢੀ ਲਈ ਤਰ-ਬਰ-ਤਿਆਰ ਖੜ੍ਹਾ ਹੁੰਦਾ ਹੈ, ਤਾਂ ਭਾਰੀ ਮੀਂਹ ਪੈਂ ਜਾਂਦਾ ਹੈ ਅਤੇ ਫ਼ਸਲ ਤਬਾਹ ਹੋ ਜਾਂਦੀ ਹੈ। ਅਸੀਂ ਕੀ ਕਰ ਸਕਦੇ ਹਾਂ? ਇਸੇ ਲਈ ਮੈਂ ਸਲਾਹ ਦਿੰਦਾਂ ਰਹਿੰਦਾ ਹਾਂ ਕਿ ਕਦੇ ਵੀ ਸਿਰਫ਼ ਇੱਕੋ ਫ਼ਸਲ 'ਤੇ ਬਹੁਤਾ ਜ਼ਿਆਦਾ ਨਿਰਭਰ ਨਾ ਹੋਵੋ।" ਗੱਲ ਜਾਰੀ ਰੱਖਦਿਆਂ ਰਾਜੇਂਦਰਨ ਕਹਿੰਦੇ ਹਨ,"ਖੇਤ ਦੀਆਂ ਵੱਟਾਂ 'ਤੇ ਅਗੱਟੀ (ਹਮਿੰਗਬਰਡ ਦੇ ਰੁੱਖ) ਅਤੇ ਸੁੱਕੀ ਜ਼ਮੀਨ ਵਿੱਚ ਖਜੂਰ ਦੇ ਰੁੱਖ ਉਗਾਓ। ਸਿਰਫ਼ ਮੂੰਗਫਲੀ ਅਤੇ ਝੋਨਾ ਲਗਾਉਣ ਤੱਕ ਹੀ ਸੀਮਤ ਨਾ ਰਹੋ।"

PHOTO • M. Palani Kumar
PHOTO • M. Palani Kumar

ਕਲਾਸਪਕਮ ਆਰਗੈਨਿਕ ਫੋਰਮ ਵਿਖੇ ਕਿਸਾਨਾਂ ਨਾਲ਼ ਗੱਲਬਾਤ ਕਰਦਿਆਂ ਪੀ.ਟੀ . ਰਾਜੇਂਦਰਨ (ਖੱਬੇ) ਅਤੇ ਲੈਨਿਨ (ਸੱਜੇ)

PHOTO • M. Palani Kumar
PHOTO • M. Palani Kumar

ਖੱਬੇ: ਬੈਠਕ ਵਾਲ਼ੀ ਥਾਂ ' ਤੇ ਵੱਖ-ਵੱਖ ਕਿਸਮਾਂ ਦੀਆਂ ਫਲ਼ੀਆਂ , ਦਾਲਾਂ ਅਤੇ ਚੌਲ਼ ਵੇਚੇ ਜਾ ਰਹੇ ਹਨ। ਸੱਜੇ: ਪੱਕਿਆ ਭੋਜਨ ਜੋ ਫੋਰਮ ਦੇ ਭਾਗੀਦਾਰਾਂ ਨੂੰ ਦਿੱਤਾ ਜਾਂਦਾ ਹੈ

ਜੈਵਿਕ ਕਿਸਾਨ ਅੰਦੋਲਨ - ਘੱਟੋ ਘੱਟ ਤਿਰੂਵੰਨਾਮਲਾਈ ਜ਼ਿਲ੍ਹੇ ਵਿੱਚ - ਹੁਣ ਕਿਸਾਨਾਂ ਨੂੰ ਸਿੱਖਿਅਤ ਕਰਨ ਤੋਂ ਖਪਤਕਾਰਾਂ ਨੂੰ ਸਿੱਖਿਅਤ ਕਰਨ ਵੱਲ ਤਬਦੀਲ ਹੋ ਗਿਆ ਹੈ। ਇੱਕ ਬਜ਼ੁਰਗ ਕਿਸਾਨ ਕਹਿੰਦਾ ਹੈ, "ਹਮੇਸ਼ਾ ਇੱਕੋ ਕਿਸਮ ਦੇ ਚੌਲ਼ਾਂ ਦੀ ਉਮੀਦ ਨਾ ਕਰੋ।" ਇਹ ਮਸਲਾ ਸਾਂਝੀ ਅਵਾਜ਼ ਬਣ ਚੁੱਕਿਆ ਹੈ। ''ਗਾਹਕ ਪੰਜ ਕਿਲੋ ਦੇ ਬੋਰਿਆਂ ਵਿੱਚ ਚੌਲ਼ ਚਾਹੁੰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਘਰ ਵਿੱਚ ਵੱਡੀ ਮਾਤਰਾ ਨੂੰ ਸਟੋਰ ਕਰਨ ਲਈ ਜਗ੍ਹਾ ਨਹੀਂ ਹੈ।'' ਬਜ਼ੁਰਗ ਕਿਸਾਨ ਵਿਅੰਗ ਕੱਸਦਿਆਂ ਗੱਲ ਜਾਰੀ ਰੱਖਦਾ ਹੈ: ''ਜਦੋਂ ਤੁਸੀਂ ਘਰ ਖਰੀਦਦੇ ਹੋ, ਤਾਂ ਕਾਰ ਅਤੇ ਬਾਈਕ ਪਾਰਕ ਕਰਨ ਲਈ ਜਗ੍ਹਾ ਹੁੰਦੀ ਹੈ, ਫਿਰ ਦੱਸੋ ਚੌਲ਼ਾਂ ਦੀ ਬੋਰੀ ਲਈ ਥਾਂ ਕਿਉਂ ਨਹੀਂ ਹੋ ਸਕਦੀ?''

ਕਿਸਾਨਾਂ ਦੀ ਦਲੀਲ ਹੈ ਕਿ ਥੋੜ੍ਹੀ ਮਾਤਰਾ ਵਿੱਚ ਚੌਲ਼ ਵੇਚਣਾ ਸਿਰ-ਖਪਾਈ ਦਾ ਕੰਮ ਹੈ। ਇੰਝ ਵੱਡੀ ਮਾਤਰਾ ਵਿੱਚ ਚੌਲ਼ ਵੇਚਣ ਨਾਲ਼ੋਂ ਵੱਧ ਸਮਾਂ, ਮਿਹਨਤ ਅਤੇ ਖਰਚਾ ਲੱਗਦਾ ਹੈ।  "ਹਾਈਬ੍ਰਿਡ ਚੌਲ਼ ਹੁਣ ਸਿਪਮ [26 ਕਿਲੋ ਗ੍ਰਾਮ ਦਾ ਬੈਗ] ਵਜੋਂ ਵੇਚਿਆ ਜਾਂਦਾ ਹੈ। ਪੈਕੇਜਿੰਗ ਦੀ ਲਾਗਤ ਦਸ ਰੁਪਏ ਤੋਂ ਵੀ ਘੱਟ ਹੈ। ਜਦੋਂ ਕਿ ਪੰਜ ਕਿਲੋ ਚੌਲ਼ ਵੇਚਣ ਲਈ ਸਾਨੂੰ 30 ਰੁਪਏ ਦਾ ਖ਼ਰਚਾ ਆਉਂਦਾ ਹੈ।" ਲੈਨਿਨ ਦੱਸਦੇ ਹਨ। " ਨਾਕੂ ਤਲੂਧੂ '' ਉਹ ਲੰਬਾ ਸਾਹ ਲੈਂਦਿਆਂ ਕਹਿੰਦੇ ਹਨ। ਤਮਿਲ ਭਾਸ਼ਾ ਵਿੱਚ ਇਹ ਸ਼ਬਦ ਮੋਟੇ ਤੌਰ 'ਤੇ ਥਕਾਵਟ ਤੇ ਅਕੇਵੇਂ ਨੂੰ ਪ੍ਰਗਟਾਉਣ ਲਈ ਜ਼ੁਬਾਨ ਰਾਹੀਂ ਜਿਓਂ ਬਾਹਰ ਕੱਢਦੇ ਹੋਏ ਵਰਤਿਆ ਜਾਂਦਾ ਹੈ।"ਸ਼ਹਿਰ ਦੇ ਲੋਕ ਅਕਸਰ ਇਹ ਨਹੀਂ ਸਮਝਦੇ ਕਿ ਪਿੰਡ ਵਿੱਚ ਇਹ ਕਿਵੇਂ ਕੰਮ ਕਰਦਾ ਹੈ।''

ਲੈਨਿਨ ਕੋਲ਼ ਕੰਮ ਅਤੇ ਕੰਮ ਦੇ ਘੰਟਿਆਂ ਦੀ ਇੱਕ ਸਧਾਰਣ ਪਰਿਭਾਸ਼ਾ ਹੈ। "ਜਦੋਂ ਮੈਂ ਸੌਂ ਨਾ ਰਿਹਾ ਹੋਵਾਂ ਜਾਂ ਵਾਹਨ (ਮੋਟਰ-ਸਾਈਕਲ) ਨਾ ਚਲਾ ਰਿਹਾ ਹੋਵਾਂ... ਮੈਂ ਕੰਮ ਕਰਦਾ ਰਹਿੰਦਾ ਹਾਂ।'' ਪਰ ਜਦੋਂ ਉਹ ਆਪਣੀ ਮੋਟਰ-ਸਾਈਕਲ 'ਤੇ ਸਵਾਰ ਹੁੰਦੇ ਹਨ ਉਸ ਸਮੇਂ ਵੀ ਉਹ ਕੰਮ ਹੀ ਕਰ ਰਹੇ ਹੁੰਦੇ ਹਨ; ਮੋਟਰ-ਸਾਈਕਲ ਮਗਰ ਚੌਲ਼ਾਂ ਦੀਆਂ ਬੋਰੀਆਂ ਬੰਨ੍ਹੀ, ਗਾਹਕਾਂ ਨੂੰ ਵੰਡਣ ਜਾਂਦੇ ਹਨ। ਉਨ੍ਹਾਂ ਦਾ ਫੋਨ ਵੀ ਲਗਾਤਾਰ ਕੰਮ ਵਿੱਚ ਸਹਾਇਤਾ ਕਰਦਾ ਹੈ; ਇਹ ਸਵੇਰੇ ਪੰਜ ਵਜੇ ਹੀ ਵੱਜਣਾ ਸ਼ੁਰੂ ਕਰ ਦਿੰਦਾ ਹੈ ਅਤੇ ਰਾਤ ਦੇ ਦਸ ਵਜੇ ਤੱਕ ਚੱਲਦਾ ਹੈ। ਜਦੋਂ ਲੈਨਿਨ ਨੂੰ ਕੁਝ ਸਮਾਂ ਮਿਲ਼ਦਾ ਹੈ ਤਾਂ ਉਹ ਵਟਸਐਪ ਮੈਸੇਜਾਂ ਦਾ ਜਵਾਬ ਦਿੰਦੇ ਹਨ। ਉਹ ਲਿਖਣ ਲਈ ਵੀ ਸਮਾਂ ਕੱਢ ਹੀ ਲੈਂਦੇ ਹਨ।

"ਅਸੀਂ ਤਿਰੂਵੰਨਾਮਲਾਈ ਜ਼ਿਲ੍ਹੇ ਵਿੱਚ ਝੋਨੇ ਦੀਆਂ ਸਾਰੀਆਂ ਦੇਸੀ ਕਿਸਮਾਂ ਵਾਲ਼ਾ ਇੱਕ ਕਿਤਾਬਚਾ ਤਿਆਰ ਕੀਤਾ ਹੈ। ਇਹ ਦਸਤਾਵੇਜ ਮਕਬੂਲ ਹੋ ਗਿਆ ਤੇ ਤੇਜ਼ੀ ਨਾਲ਼ ਫੈਲ ਵੀ ਗਿਆ। "ਮੇਰੇ ਮਾਮਾ ਪੋਨੂ (ਮਾਮੇ ਦੀ ਧੀ) ਨੇ ਮੈਨੂੰ ਵਟਸਐਪ 'ਤੇ ਭੇਜਿਆ ਅਤੇ ਕਿਹਾ, 'ਦੇਖੋ ਕਿਸੇ ਨੇ ਕਿੰਨਾ ਚੰਗਾ ਕੰਮ ਕੀਤਾ ਹੈ,' ਮੈਂ ਉਸ ਨੂੰ ਆਖਰੀ ਪੰਨਾ ਦੇਖਣ ਲਈ ਕਿਹਾ। ਉਸ ਨੂੰ ਉੱਥੇ ਮੇਰਾ ਨਾਮ ਮਿਲਿਆ: ਲੈਨਿਨਦਾਸਨ।''

ਆਤਮ-ਵਿਸ਼ਵਾਸੀ, ਨਰਮ ਲਹਿਜੇ ਵਿੱਚ ਬੋਲਣ ਵਾਲ਼ੇ, ਲੈਨਿਨ ਸੌਖਿਆਂ ਹੀ ਤਾਮਿਲ਼ ਅਤੇ ਅੰਗਰੇਜ਼ੀ ਵਿੱਚ ਗੱਲ ਕਰ ਲੈਂਦੇ ਹਨ। ਉਨ੍ਹਾਂ ਦੇ ਪਿਤਾ, ਏਲੂਮਲ ਕਮਿਊਨਿਸਟ (ਬੱਸ ਇੰਝ ਹੀ ਉਨ੍ਹਾਂ ਦਾ ਨਾਮ, ਲੈਨਿਨ ਪਿਆ) ਸਨ। ਜਵਾਨੀ ਵਿੱਚ, ਲੈਨਿਨ ਨੇ ਖੇਤਾਂ ਵਿੱਚ ਕੰਮ ਕਰਦਿਆਂ ਘੰਟਿਆਂ-ਬੱਧੀ ਪਸੀਨਾ ਵਹਾਇਆ। ਹਾਲਾਂਕਿ, ਜੈਵਿਕ ਕਿਸਾਨ ਅਤੇ ਚੌਲ਼ਾਂ ਦੀ ਸੰਭਾਲ਼ ਕਰਨ ਵਾਲ਼ੇ ਬਣਨ ਦੀ ਕਦੇ ਕੋਈ ਯੋਜਨਾ ਨਹੀਂ ਸੀ।

PHOTO • M. Palani Kumar

ਲੈਨਿਨ ਦੇਸੀ ਚੌਲ਼ਾਂ ਦੀਆਂ ਕਿਸਮਾਂ ਦਾ ਪ੍ਰਦਰਸ਼ਨ ਕਰਦੇ ਹੋਏ

"ਆਪਣੀ ਡਬਲ ਗ੍ਰੈਜੂਏਸ਼ਨ ਤੋਂ ਬਾਅਦ, ਮੈਂ ਚੇਨਈ ਦੇ ਐਗਮੋਰ ਵਿੱਚ ਨੌਕਰੀ ਕਰਦਾ ਸਾਂ ਅਤੇ ਉੱਥੇ ਰਹਿੰਦਾ ਵੀ ਸਾਂ। 2015 ਵਿੱਚ, ਮੈਂ ਮਾਰਕਿਟ ਰਿਸਰਚ ਕਰਕੇ ਹਰ ਮਹੀਨੇ 25,000 ਰੁਪਏ ਕਮਾਉਂਦਾ ਸਾਂ। ਇਹ ਚੰਗੀ ਕਮਾਈ ਸੀ..."

ਜਦੋਂ ਉਹ ਸੇਂਗੁਨਮ ਵਾਪਸ ਆਏ ਤਾਂ ਉਨ੍ਹਾਂ ਨੇ ਰਸਾਇਣਕ ਖਾਦਾਂ ਦੀ ਵਰਤੋਂ ਕਰਕੇ ਖੇਤੀ ਕੀਤੀ। "ਮੈਂ ਲੌਕੀ, ਬੈਂਗਣ, ਟਮਾਟਰ ਉਗਾ ਕੇ ਇੱਥੇ ਵੇਚਿਆ ਕਰਦਾ," ਉਹ ਸਾਡੇ ਨਾਲ਼ ਵਾਲ਼ੀ ਸੜਕ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। ਉਸੇ ਸਮੇਂ ਦੌਰਾਨ ਹੀ ਉਨ੍ਹਾਂ ਦੀਆਂ ਤਿੰਨੋਂ ਭੈਣਾਂ ਦਾ ਵਿਆਹ ਹੋ ਗਿਆ।

"ਮੇਰੀ ਦਰਮਿਆਨੀ ਭੈਣ ਦੇ ਵਿਆਹ ਦਾ ਖ਼ਰਚਾ ਹਲਦੀ ਦੀ ਫ਼ਸਲ ਤੋਂ ਆਇਆ ਸੀ। ਪਰ ਕੀ ਤੁਸੀਂ ਜਾਣਦੇ ਹੋ? ਇਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਹਲਦੀ ਉਬਾਲਣ ਦੇ ਕੰਮ ਵਿੱਚ ਪੂਰੇ ਪਰਿਵਾਰ ਨੂੰ ਲੱਗਣਾ ਪੈਂਦਾ ਹੈ,'' ਉਹ ਕਹਿੰਦੇ ਹਨ।

ਜਦੋਂ ਲੈਨਿਨ ਦੀਆਂ ਭੈਣਾਂ ਆਪਣੇ ਸਹੁਰੇ ਘਰ ਚਲੀਆਂ ਗਈਆਂ ਤਾਂ ਉਨ੍ਹਾਂ ਨੂੰ ਇਕੱਲਿਆਂ ਖੇਤਾਂ ਅਤੇ ਘਰ ਵਿੱਚ ਕੰਮ ਕਰਨਾ ਮੁਸ਼ਕਲ ਹੋਣ ਲੱਗਾ। ਉਹ ਇਕੱਲਿਆਂ ਨਾ ਤਾਂ ਬਾਰਸ਼ ਆਧਾਰਿਤ ਵੱਖ-ਵੱਖ ਫ਼ਸਲਾਂ ਉਗਾ ਸਕੇ ਅਤੇ ਨਾ ਹੀ ਸਬਜ਼ੀ ਦੀ ਤੁੜਾਈ ਮਗਰੋਂ ਰੋਜ਼-ਰੋਜ਼ ਵੇਚਣ ਦਾ ਕੰਮ ਹੀ ਕਰ ਸਕੇ। ਮੌਸਮੀ ਫ਼ਸਲਾਂ ਉਗਾਉਣੀਆਂ ਵੀ ਮੁਸ਼ਕਲ ਸਨ- ਸਮੇਂ ਸਿਰ ਬਿਜਾਈ ਤੇ ਫਿਰ ਕੀੜਿਆਂ, ਤੋਤਿਆਂ ਅਤੇ ਸ਼ਿਕਾਰੀਆਂ ਤੋਂ ਬਚਾਉਣਾ ਵੀ ਵੱਡਾ ਕੰਮ ਸੀ ਜਿਸ ਲਈ ਸਰੋਤਾਂ ਦੀ ਜ਼ਰੂਰਤ ਸੀ। "ਮੱਕੀ, ਮੂੰਗਫਲੀ, ਛੋਲਿਆਂ ਦੀ ਰਾਖੀ ਕਰਨ ਅਤੇ ਪੱਕੀ ਫ਼ਸਲ ਨੂੰ ਇਕੱਠਾ ਕਰਨ ਲਈ ਬਹੁਤ ਸਾਰੇ ਲੋਕਾਂ ਦੀ ਲੋੜ ਹੁੰਦੀ ਹੈ। ਮੈਂ ਇੰਨਾ ਸਾਰਾ ਕੰਮ ਆਪਣੇ ਦੋ ਹੱਥਾਂ-ਪੈਰਾਂ ਨਾਲ਼ ਕਿਵੇਂ ਕਰ ਸਕਦਾ ਸਾਂ ਅਤੇ ਆਪਣੇ ਬਜ਼ੁਰਗ ਮਾਪਿਆਂ ਵੱਲੋਂ ਮਿਲ਼ਦੀ ਥੋੜ੍ਹੀ ਜਿਹੀ ਮਦਦ ਨਾਲ਼ ਇੰਨਾ ਕੁਝ ਕਰਨਾ ਸੰਭਵ ਸੀ?"

ਲਗਭਗ ਉਸੇ ਸਮੇਂ ਬਾਂਦਰਾਂ ਦੇ ਹਮਲਿਆਂ ਵਿੱਚ ਭਾਰੀ ਵਾਧਾ ਹੋ ਗਿਆ। ਉਹ ਉਤਾਂਹ ਵੱਲ ਇਸ਼ਾਰਾ ਕਰਦਿਆਂ  ਕਹਿੰਦੇ ਹਨ, "ਕੀ ਤੁਸੀਂ ਉਸ ਨਾਰੀਅਲ ਦੇ ਰੁੱਖ ਨੂੰ ਵੇਖਦੇ ਹੋ? ਬਾਂਦਰ ਰੁੱਖਾਂ ਦੀਆਂ ਟੀਸੀਆਂ ਤੋਂ ਹੁੰਦੇ ਹੋਏ ਉਨ੍ਹਾਂ ਬੋਹੜਾਂ 'ਤੇ ਸੌਂ ਜਾਇਆ ਕਰਦੇ। ਚਾਲੀ ਤੋਂ ਸੱਠ ਬਾਂਦਰ ਇਕੱਠੇ ਹੋ ਸਾਡੇ ਖੇਤਾਂ 'ਤੇ ਛਾਪੇ ਮਾਰਦੇ। ਮੇਰੇ ਤੋਂ ਉਹ ਥੋੜ੍ਹਾ ਡਰਿਆ ਕਰਦੇ ਕਿਉਂਕਿ ਮੈਂ ਛੋਹਲੇ ਪੈਰੀਂ ਉਨ੍ਹਾਂ ਦਾ ਪਿੱਛਾ ਕਰ ਸਕਦਾ ਸਾਂ। ਪਰ ਉਹ ਬੜੇ ਚਾਤਰ ਸਨ ਅਤੇ ਮੇਰੇ ਮਾਪਿਆਂ ਨਾਲ਼ ਮਨੋਵਿਗਿਆਨਕ ਚਾਲਾਂ ਚੱਲਿਆ ਕਰਦੇ। ਇੱਕ ਬਾਂਦਰ ਹੇਠਾਂ ਆਉਂਦਾ ਤੇ ਜਿਓਂ ਹੀ ਮਾਂ-ਬਾਬਾ ਉਹਦਾ ਪਿੱਛਾ ਕਰਨ ਲੱਗਦੇ, ਬਾਕੀ ਦੀ ਢਾਣੀ ਦਰੱਖਤ ਤੋਂ ਹੇਠਾਂ ਆ ਫ਼ਸਲ 'ਤੇ ਧਾਵਾ ਬੋਲ ਦਿੰਦੀ... ਅਸੀਂ ਬਾਂਦਰਾਂ ਦੀ ਚਲਾਕੀ ਬਾਰੇ ਜੋ ਕੁਝ ਵੀ ਕਿਤਾਬਾਂ ਵਿੱਚ ਪੜ੍ਹਦੇ ਰਹੇ ਹਾਂ ਉਹ ਗਲਤ ਨਹੀਂ ਹੈ, ਬਾਂਦਰ ਸੱਚੀਓ ਬੜੇ ਸਮਾਰਟ ਹੁੰਦੇ ਹਨ!''

ਇਹ ਖ਼ਤਰਾ ਲਗਭਗ ਚਾਰ ਸਾਲਾਂ ਤੱਕ ਜਾਰੀ ਰਿਹਾ ਅਤੇ ਫਿਰ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਜ਼ਿਆਦਾਤਰ ਕਿਸਾਨਾਂ ਨੇ ਅਜਿਹੀਆਂ ਫ਼ਸਲਾਂ ਵੱਲ ਰੁਖ ਕੀਤਾ ਜਿਨ੍ਹਾਂ ਨੂੰ ਬਾਂਦਰ ਖਾ ਨਹੀਂ ਸਕਦੇ ਸਨ। ਲੈਨਿਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਝੋਨਾ ਅਤੇ ਗੰਨਾ ਉਗਾਉਣਾ ਸ਼ੁਰੂ ਕਰ ਦਿੱਤਾ।

PHOTO • M. Palani Kumar
PHOTO • Sabari Girisan

ਲੈਨਿਨ ਆਪਣੇ ਕਿਸਾਨ ਦੋਸਤ , ਐੱਸ. ਵਿਗਨੇਸ਼ (ਸੱਜੇ) ਨਾਲ਼ ਆਪਣੇ ਮੋਟਰ-ਸਾਈਕਲ ' ਤੇ ਚੌਲ਼ਾਂ ਦੀਆਂ ਬੋਰੀਆਂ ਲੋਡ ਕਰ ਰਹੇ ਹਨ

*****

"ਝੋਨਾ ਸਾਡਾ ਮਾਣ ਹੈ," ਲੈਨਿਨ ਕਹਿੰਦੇ ਹਨ। ''ਝੋਨਾ ਇੱਥੇ ਇੱਕ ਵੱਕਾਰੀ ਫ਼ਸਲ ਹੈ। ਪਸ਼ੂਪਾਲਕਾਂ ਨੂੰ ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਉਨ੍ਹਾਂ ਦੀਆਂ ਗਊਆਂ ਅਤੇ ਬੱਕਰੀਆਂ ਕਿਸੇ ਹੋਰ ਦੇ ਖੇਤ ਵਿੱਚ ਚਰਦੀਆਂ ਹੋਣ ਤਾਂ। ਪਰ ਜੇ ਖੇਤ ਝੋਨੇ ਦਾ ਹੋਵੇ ਤਾਂ ਉਹ ਆਉਣਗੇ ਅਤੇ ਮੁਆਫੀ ਮੰਗਣਗੇ, ਭਾਵੇਂ ਇਹ ਸਭ ਅਚਾਨਕ ਹੀ ਕਿਉਂ ਨਾ ਹੋਇਆ ਹੋਵੇ ਅਤੇ ਪਏ ਘਾਟੇ ਦੀ ਭਰਪਾਈ ਕਰਨ ਦੀ ਪੇਸ਼ਕਸ਼ ਵੀ ਕਰਨਗੇ। ਇਸ ਫ਼ਸਲ ਦਾ ਬਹੁਤ ਸਤਿਕਾਰ ਹੈ।''

ਇਹ ਫ਼ਸਲ ਤਕਨੀਕੀ ਤਰੱਕੀ, ਮਸ਼ੀਨਾਂ ਦੇ ਲਾਭਾਂ ਅਤੇ ਬਾਜ਼ਾਰਾਂ ਤੱਕ ਪਹੁੰਚ ਦੇ ਨਾਲ਼ ਆਉਂਦੀ ਹੈ। ਲੈਨਿਨ ਇਸ ਨੂੰ ਸੌਵਰੀਅਮ (ਆਰਾਮ) ਕਹਿੰਦੇ ਹਨ। "ਦੇਖੋ, ਝੋਨੇ ਦੇ ਕਿਸਾਨ ਤਕਨੀਕੀ ਹੱਲ ਲੱਭ ਰਹੇ ਹਨ, ਨਾ ਕਿ ਸਮਾਜਿਕ ਹੱਲ ਅਤੇ ਇੱਕ ਅਜਿਹਾ ਹੱਲ ਜੋ ਇੱਕੋ ਫ਼ਸਲ ਵੱਲ ਲੈ ਜਾਂਦਾ ਹੈ," ਉਹ ਕਹਿੰਦੇ ਹਨ।

ਖੇਤੀਬਾੜੀ ਜ਼ਮੀਨ ਨੂੰ ਰਵਾਇਤੀ ਤੌਰ 'ਤੇ ਪੁੰਸਾਈ ਨੀਲਮ (ਸੁੱਕੀ ਜਾਂ ਬਾਰਸ਼ ਆਧਾਰਿਤ ਜ਼ਮੀਨ) ਅਤੇ ਨਾਨਸਾਈ ਨੀਲਮ (ਗਿੱਲੀ ਜਾਂ ਸਿੰਚਾਈ ਵਾਲ਼ੀ ਜ਼ਮੀਨ) ਵਿੱਚ ਵੰਡਿਆ ਜਾਂਦਾ ਹੈ। ਲੈਨਿਨ ਦੱਸਦੇ ਹਨ, "ਪੁੰਸਾਈ ਉਹ ਧਰਤੀ ਹੈ ਜਿੱਥੇ ਤੁਸੀਂ ਵੱਖ-ਵੱਖ ਫ਼ਸਲਾਂ ਉਗਾ ਸਕਦੇ ਹੋ। ਅਸਲ ਵਿੱਚ, ਤੁਸੀਂ ਉੱਥੇ ਘਰ ਲਈ ਲੋੜੀਂਦੀ ਹਰ ਚੀਜ਼ ਉਗਾ ਸਕਦੇ ਹੋ। ਜਦੋਂ ਵੀ ਕਿਸਾਨਾਂ ਨੂੰ ਸਮਾਂ ਮਿਲ਼ਦਾ ਸੀ, ਉਹ ਪੁਲੌਦੀ- ਸੁੱਕੀ, ਧੂੜ ਭਰੀ ਜ਼ਮੀਨ 'ਤੇ ਹਲ਼ ਚਲਾ ਦਿਆ ਕਰਦੇ ਸਨ। ਇਹ ਸਮੇਂ ਅਤੇ ਮਿਹਨਤ ਦੀ 'ਬੱਚਤ' ਕਰਨ ਵਰਗਾ ਸੀ, ਜਿਵੇਂ ਕਿ ਇਸ ਨੂੰ ਖੇਤ ਵਿੱਚ 'ਬੈਂਕ' ਵਿੱਚ ਰੱਖਣਾ। ਪਰ ਮਸ਼ੀਨੀਕਰਨ ਨਾਲ਼ ਇਹ ਸਭ ਬਦਲ ਗਿਆ। ਰਾਤੋ ਰਾਤ ਤੁਸੀਂ 20 ਏਕੜ ਜ਼ਮੀਨ ਵਾਹ ਸਕਦੇ ਹੋ।''

ਕਿਸਾਨ ਇੱਕ ਫ਼ਸਲ ਚੱਕਰ ਲਈ ਪੁੰਸਾਈ ਵਿੱਚ ਚੌਲ਼ਾਂ ਦੀਆਂ ਦੇਸੀ ਕਿਸਮਾਂ ਉਗਾਉਂਦੇ। ਲੈਨਿਨ ਦੱਸਦੇ ਹਨ, "ਉਹ ਪੂਨਕਾਰ ਜਾਂ ਕੁਲੰਕਰ ਕਿਸਮਾਂ ਚੁਣਦੇ, ਚੌਲ਼ਾਂ ਦੀਆਂ ਇਹ ਦੋਵੇਂ ਕਿਸਮਾਂ ਲਗਭਗ ਇੱਕੋ ਜਿਹੀਆਂ ਲੱਗਦੀਆਂ। ਦੋਵਾਂ ਵਿਚਕਾਰ ਅੰਤਰ ਸਿਰਫ਼ ਫ਼ਸਲ ਚੱਕਰ ਦੀ ਮਿਆਦ ਦਾ ਹੈ। ਜੇ ਤੁਹਾਨੂੰ ਪਾਣੀ ਖਤਮ ਹੋਣ ਦੀ ਚਿੰਤਾ ਸਤਾਉਂਦੀ ਤਾਂ ਤੁਸੀਂ ਪੂਨਕਾਰ ਲਗਾ ਸਕਦੇ ਸੋ, ਜੋ 75 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਜਦੋਂ ਕਿ ਹੋਰਨਾਂ ਨੂੰ 90 ਦਿਨ ਲੱਗਦੇ ਹਨ।''

ਲੈਨਿਨ ਦੱਸਦੇ ਹਨ ਕਿ ਮਸ਼ੀਨੀਕਰਨ ਨੇ ਖੇਤ ਵਿੱਚ ਜ਼ਿਆਦਾ ਪਾਣੀ ਸਟੋਰ ਕੀਤੇ ਬਿਨਾਂ ਹੀ ਜ਼ਮੀਨ ਦੇ ਛੋਟੇ ਤੋਂ ਛੋਟੇ ਟੁਕੜੇ 'ਤੇ ਵੀ ਝੋਨਾ ਉਗਾਉਣਾ ਸੰਭਵ ਬਣਾ ਦਿੱਤਾ ਹੈ। "ਪਿਛਲੇ 10 ਜਾਂ 15 ਸਾਲਾਂ ਤੋਂ ਇਨ੍ਹਾਂ ਹਿੱਸਿਆਂ ਵਿੱਚ ਬਲਦਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ। ਕਿਉਂਕਿ ਨਵੀਆਂ ਮਸ਼ੀਨਾਂ ਕਿਰਾਏ 'ਤੇ (ਜਾਂ ਵਿਕਰੀ ਲਈ ਵੀ) ਉਪਲਬਧ ਹਨ, ਇਸ ਲਈ ਇੱਕ ਜਾਂ ਅੱਧਾ ਏਕੜ ਜ਼ਮੀਨ ਵਾਹੀ ਜਾਣੀ ਵੀ ਸੰਭਵ ਹੋ ਗਈ ਹੈ ਅਤੇ ਹੁਣ ਵਧੇਰੇ ਲੋਕੀਂ ਝੋਨਾ ਬੀਜ ਸਕਦੇ ਹਨ। "ਜਿੱਥੋਂ ਤੱਕ ਝੋਨੇ ਦੀ ਫ਼ਸਲ ਦਾ ਸਵਾਲ ਹੈ, ਮਸ਼ੀਨਾਂ ਬੀਜ ਬੀਜਣ ਤੋਂ ਸ਼ੁਰੂ ਕਰਕੇ ਬੀਜ ਕੱਢਣ ਤੱਕ ਦਾ ਹਰ ਕੰਮ ਕਰ ਸਕਦੀਆਂ ਹਨ।''

ਕਈ ਵਾਰ ਤਾਂ ਇਓਂ ਜਾਪਦਾ ਹੈ ਝੋਨਾ ਬੀਜਣਾ ਆਦਮੀ ਤੇ ਮਸ਼ੀਨ ਦਰਮਿਆਨ ਕਾਰੋਬਾਰ ਹੋਵੇ। ਤਿਲ ਦੀ ਤਰ੍ਹਾਂ - ਬਾਰਸ਼ ਵਾਲ਼ੀਆਂ ਫ਼ਸਲਾਂ ਨੂੰ ਸਟੋਰ ਕਰਨਾ, ਸੁਕਾਉਣਾ ਅਤੇ ਕੁੱਟਣਾ (ਗਾਹੁਣਾ) ਵੱਧ ਅਸਾਨ ਹੈ। "ਇਸ ਨੂੰ ਉਗਾਉਣ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਇੱਕ ਵਾਰ ਜਦੋਂ ਤੁਸੀਂ ਬੀਜ ਫੈਲਾ ਦਿੰਦੇ ਹੋ, ਤਾਂ ਤੁਸੀਂ ਅਰਾਮ ਨਾਲ਼ ਬਹਿ ਸਕਦੇ ਹੋ," ਇਹ ਦੱਸਦੇ ਹੋਏ ਲੈਨਿਨ ਆਪਣਾ ਹੱਥ ਅਰਧ-ਚੱਕਰ ਵਿੱਚ ਇੰਝ ਹਿਲਾਉਂਦੇ ਹਨ ਜਿਓਂ ਸੱਚੀਓ ਬੀਜ ਸੁੱਟ ਰਹੇ ਹੋਣ। ਪਰ ਇਨ੍ਹਾਂ ਫ਼ਸਲਾਂ ਦੀ ਥਾਂ ਝੋਨੇ ਨੇ ਲੈ ਲਈ ਹੈ ਕਿਉਂਕਿ ਇਹਦੀ ਪੈਦਾਵਾਰ ਚੰਗੀ ਹੁੰਦੀ ਹੈ। "ਜੇ ਤੁਸੀਂ 2.5 ਏਕੜ ਵਿੱਚ ਤਿਲ ਉਗਾਉਂਦੇ ਹੋ, ਤਾਂ ਤੁਹਾਡੇ ਹੱਥ ਸਿਰਫ਼ ਦਸ ਬੋਰੀਆਂ ਦਾ ਝਾੜ ਲੱਗੇਗਾ। ਇੰਨੀ ਉਪਜ ਨੂੰ ਤੁਸੀਂ ਕਿਰਾਏ ਦੇ ਆਟੋ ਵਿੱਚ ਲੱਦ ਮਾਰਕਿਟ ਲਿਜਾ ਸਕਦੇ ਹੋ ਅਤੇ ਝੋਨਾ? ਇਹਦੀ ਪੈਦਾਵਾਰ ਨੂੰ ਢੋਹਣ ਲਈ ਤੁਹਾਨੂੰ ਇੱਕ ਟਿੱਪਰ ਟਰੱਕ ਦੀ ਲੋੜ ਪੈ ਸਕਦੀ ਹੈ!"

PHOTO • M. Palani Kumar

ਪੂਨਕਾਰ ਕਿਸਮ ਵਾਲ਼ਾ ਝੋਨੇ ਦਾ ਖੇਤ

PHOTO • M. Palani Kumar
PHOTO • M. Palani Kumar

ਖੱਬੇ: ਝੋਨੇ ਦੀ ਛਟਾਈ ਵਾਲ਼ੀ ਥਾਂ। ਸੱਜੇ: ਗੋਦਾਮ ਵਿੱਚ ਲੈਨਿਨ

ਦੂਜੀ ਗੱਲ ਚੌਲ਼ਾਂ ਲਈ ਨਿਯੰਤਰਤ ਮੰਡੀਆਂ/ਬਜ਼ਾਰ ਵੀ ਮੌਜੂਦ ਹਨ ਅਤੇ ਪੂਰੀ ਸਪਲਾਈ ਚੇਨ ਬਿਹਤਰ ਕਿਸਮਾਂ ਦੀ ਹਮਾਇਤ ਕਰਦੀ ਹੈ। ਹਰੇ ਇਨਕਲਾਬ ਤੋਂ ਬਾਅਦ ਆਧੁਨਿਕ ਚੌਲ਼ ਮਿੱਲਾਂ ਖੁੱਲ੍ਹੀਆਂ, ਜਿਨ੍ਹਾਂ ਕੋਲ਼ ਗੁਣਵੱਤਾ ਦੇ ਨਜ਼ਰੀਏ ਤੋਂ ਮਿਆਰੀ ਮਸ਼ੀਨਰੀਆਂ ਵੀ ਹਨ, ਜਿਸ ਵਿੱਚ ਛਣਾਈ ਵੀ ਸ਼ਾਮਲ ਹੈ। ਇਹ ਦੇਸੀ ਕਿਸਮਾਂ ਲਈ ਢੁਕਵਾਂ ਨਹੀਂ ਹੈ, ਕਿਉਂਕਿ ਦੇਸੀ ਕਿਸਮ ਦੇ ਦਾਣਿਆਂ ਦੇ ਆਕਾਰ ਵੱਖੋ ਵੱਖਰੇ ਹੁੰਦੇ ਹਨ। ਇਸ ਤੋਂ ਇਲਾਵਾ ਆਧੁਨਿਕ ਮਿੱਲਾਂ ਵਿੱਚ ਰੰਗੀਨ ਚੌਲ਼ਾਂ ਦੀ ਪ੍ਰੋਸੈਸਿੰਗ ਨਹੀਂ ਕੀਤੀ ਜਾ ਸਕਦੀ। "ਚੌਲ਼ ਮਿੱਲਾਂ ਦੇ ਮਾਲਕ ਹਰੇ ਇਨਕਲਾਬ ਦੇ ਵੱਡੇ ਸਮਰਥਕ ਨਹੀਂ ਵੀ ਹੋ ਸਕਦੇ ਜਾਂ ਇਸ ਬਾਰੇ ਕੋਈ ਅਜ਼ਾਦ ਰਾਏ ਤੱਕ ਨਾ ਰੱਖਦੇ ਹੋਣ। ਪਰ ਉਹ ਸਮਝਦੇ ਹਨ ਕਿ ਲੋਕਾਂ ਨੂੰ ਪਤਲੇ, ਚਮਕਦਾਰ, ਚਿੱਟੇ ਚੌਲ਼ਾਂ ਦੇ ਦਾਣੇ ਵਧੀਆ ਲੱਗਦੇ ਹਨ ਤੇ ਅਜਿਹੇ ਗੁਣ ਸਿਰਫ਼ ਹਾਈਬ੍ਰਿਡ ਚੌਲ਼ਾਂ ਅੰਦਰ ਹੀ ਹੁੰਦੇ ਹਨ। ਇੰਨਾ ਹੀ ਨਹੀਂ ਚੌਲ਼ਾਂ ਦੀਆਂ ਇਹ ਮਿੱਲਾਂ ਇਸੇ ਪਸੰਦ ਨੂੰ ਪੂਰਿਆਂ ਕਰਨ ਦੀ ਉਮੀਦ ਨਾਲ਼ ਖੋਲ੍ਹੀਆਂ ਵੀ ਗਈਆਂ ਹਨ।''

ਲੈਨਿਨ ਦੱਸਦੇ ਹਨ ਕਿ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਜਿਹੜਾ ਕਿਸਾਨ ਦੇਸੀ ਚੌਲ਼ਾਂ ਵਿੱਚ ਵਿਭਿੰਨਤਾ ਲਿਆਉਂਦਾ ਹੈ ਅਤੇ ਚੌਲ਼ਾਂ ਦੀਆਂ ਅਜਿਹੀਆਂ ਕਿਸਮਾਂ ਦੀ ਕਾਸ਼ਤ ਕਰਦਾ ਹੈ, ਉਸ ਨੂੰ ਆਪਣੇ ਗਿਆਨ ਅਤੇ ਛੋਟੇ (ਅਤੇ ਬਦਕਿਸਮਤੀ ਨਾਲ਼ ਘਟ ਰਹੇ) ਪ੍ਰੋਸੈਸਿੰਗ ਯੂਨਿਟਾਂ 'ਤੇ ਨਿਰਭਰ ਕਰਨਾ ਪੈਂਦਾ ਹੈ, ਇਸ ਬਾਰੇ ਪਹਿਲਾਂ ਤੋਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਸਨੂੰ ਕਿਸ ਕਿਸਮ ਦੀ ਸਮਾਜਿਕ ਸਹਾਇਤਾ ਮਿਲੇਗੀ। "ਜਦੋਂ ਕਿ ਉੱਨਤ ਕਿਸਮਾਂ ਦੇ ਚੌਲ਼ਾਂ ਦੀਆਂ ਸਾਰੀਆਂ ਆਧੁਨਿਕ ਕਿਸਮਾਂ ਨੂੰ ਇਹ ਸਾਰੀਆਂ ਸੁਵਿਧਾਵਾਂ ਖ਼ੁਦ-ਬ-ਖ਼ੁਦ ਪ੍ਰਾਪਤ ਹਨ।"

*****

ਚੇਨਈ ਤੋਂ ਲਗਭਗ 190 ਕਿਲੋਮੀਟਰ ਦੱਖਣ-ਪੂਰਬ ਵਿੱਚ ਸਥਿਤ ਤਿਰੂਵੰਨਾਮਲਾਈ ਚੁਫ਼ੇਰਿਓਂ ਜ਼ਮੀਨ ਨਾਲ਼ ਘਿਰਿਆ ਜ਼ਿਲ੍ਹਾ ਹੈ, ਜਿੱਥੇ ਰਹਿਣ ਵਾਲ਼ਾ ਹਰ ਦੂਜਾ ਵਿਅਕਤੀ "ਖੇਤੀਬਾੜੀ ਨਾਲ਼ ਸਬੰਧਤ ਕੰਮ" 'ਤੇ ਨਿਰਭਰ ਹੈ। ਖੰਡ ਮਿੱਲਾਂ ਤੋਂ ਇਲਾਵਾ, ਖੇਤਰ ਵਿੱਚ ਬਹੁਤ ਸਾਰੀਆਂ ਚੌਲ਼ ਮਿੱਲਾਂ ਵੀ ਹਨ।

2020-21 ਵਿੱਚ, ਤਿਰੂਵੰਨਾਮਲਾਈ ਤਾਮਿਲ਼ਨਾਡੂ ਵਿੱਚ ਝੋਨੇ ਦੀ ਕਾਸ਼ਤ ਅਧੀਨ ਤੀਜਾ ਸਭ ਤੋਂ ਵੱਡਾ ਖੇਤਰ ਸੀ ਪਰ ਉਤਪਾਦਨ ਵਿੱਚ ਪਹਿਲੇ ਸਥਾਨ 'ਤੇ ਰਿਹਾ, ਰਾਜ ਦੇ ਕੁੱਲ ਚੌਲ਼ ਉਤਪਾਦਨ ਦਾ 10 ਪ੍ਰਤੀਸ਼ਤ ਤੋਂ ਥੋੜ੍ਹਾ ਜਿਹਾ ਵੱਧ ਇਸੇ ਜ਼ਿਲ੍ਹੇ ਤੋਂ ਆਉਂਦਾ ਹੈ। ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੇ ਈਕੋਟੈਕਨਾਲੋਜੀ ਦੇ ਮੁੱਖ ਵਿਗਿਆਨੀ ਡਾ. ਆਰ. ਗੋਪੀਨਾਥ ਕਹਿੰਦੇ ਹਨ, "ਹੋਰ ਜ਼ਿਲ੍ਹਿਆਂ ਵਿੱਚ 3,500 ਕਿਲੋਗ੍ਰਾਮ ਦੇ ਮੁਕਾਬਲੇ ਔਸਤਨ 3,907 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਝਾੜ ਦੇ ਨਾਲ਼, ਤਿਰੂਵੰਨਾਮਲਾਈ ਚੌਲ਼ਾਂ ਦੇ ਉਤਪਾਦਨ ਵਿੱਚ ਰਾਜ ਦੇ ਸਾਰੇ ਜ਼ਿਲ੍ਹਿਆਂ ਨੂੰ ਪਿੱਛੇ ਛੱਡ ਦਿੰਦਾ ਹੈ।''

ਐੱਮ.ਐੱਸ.ਐੱਸ.ਆਰ.ਐੱਫ. - ਈਕੋਟੈਕਨਾਲੋਜੀ ਦੇ ਡਾਇਰੈਕਟਰ, ਡਾ. ਆਰ. ਰੇਂਗਾਲਕਸ਼ਮੀ ਦਾ ਕਹਿਣਾ ਹੈ ਕਿ ਤਿਰੂਵੰਨਾਮਲਾਈ ਜ਼ਿਲ੍ਹੇ ਵਿੱਚ ਝੋਨੇ ਦੀ ਕਾਸ਼ਤ ਦੀ ਮਾਤਰਾ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ,''ਇਸ ਦੇ ਕਈ ਕਾਰਨ ਜ਼ਿੰਮੇਵਾਰ ਹਨ। ਇੱਕ ਤਾਂ ਇਹ ਕਿ ਜਦੋਂ ਮੀਂਹ ਪੈਂਦਾ ਹੈ, ਤਾਂ ਕਿਸਾਨ ਜੋਖਮ ਨੂੰ ਘਟਾਉਣਾ ਚਾਹੁੰਦੇ ਹਨ ਅਤੇ ਉਪਲਬਧ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਝੋਨੇ ਦੀ ਕਾਸ਼ਤ ਕਰਦੇ ਹਨ। ਇਹ ਕਦਮ ਉਨ੍ਹਾਂ ਨੂੰ ਚੰਗੀ ਪੈਦਾਵਾਰ ਅਤੇ ਸੰਭਵ ਤੌਰ 'ਤੇ ਮੁਨਾਫ਼ਾ ਦਿੰਦਾ ਹੈ। ਦੂਜਾ, ਉਨ੍ਹਾਂ ਖੇਤਰਾਂ ਵਿੱਚ ਜਿੱਥੇ ਚੌਲ਼ ਡਿਨਰ ਟੇਬਲ [ਰਾਤ ਦੇ ਖਾਣੇ] ਜਾਂ ਪਰਿਵਾਰ ਦੀ ਖੁਰਾਕ ਵਜੋਂ ਉਗਾਇਆ ਜਾਂਦਾ ਹੈ, ਉੱਥੇ ਕਿਸਾਨ ਨਿਸ਼ਚਤ ਤੌਰ 'ਤੇ ਇਸ ਨੂੰ ਉਗਾਉਣਗੇ ਅਤੇ ਅੰਤ ਵਿੱਚ, ਧਰਤੀ ਹੇਠਲੇ ਪਾਣੀ 'ਤੇ ਵਧਦੀ ਨਿਰਭਰਤਾ ਕਾਰਨ ਝੋਨੇ ਦੀ ਪੈਦਾਵਾਰ ਦੇ ਰਕਬੇ ਵਿੱਚ ਵਾਧਾ ਨਾ ਹੋਣ ਦੇ ਬਾਵਜੂਦ ਉਤਪਾਦਨ ਵਿੱਚ ਵਾਧਾ ਜ਼ਰੂਰ ਹੋਇਆ ਹੈ।''

ਝੋਨੇ ਦੀ ਫ਼ਸਲ ਬਹੁਤ ਪਾਣੀ ਮੰਗਦੀ ਹੈ। ਡਾ. ਗੋਪੀਨਾਥ ਕਹਿੰਦੇ ਹਨ, "ਨਾਬਾਰਡ ਦੀ ਪ੍ਰਮੁੱਖ ਭਾਰਤੀ ਫ਼ਸਲਾਂ ਦੀ ਜਲ ਉਤਪਾਦਕਤਾ ਮੈਪਿੰਗ (2018) ਦੇ ਅਨੁਸਾਰ, ਇੱਕ ਕਿਲੋ ਚੌਲ਼ ਪੈਦਾ ਕਰਨ ਲਈ ਲਗਭਗ 3,000 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਪੰਜਾਬ-ਹਰਿਆਣਾ ਖੇਤਰ ਵਿੱਚ ਇਹ ਲੋੜ 5,000 ਲੀਟਰ ਤੱਕ ਜਾਂਦੀ ਹੈ।''

PHOTO • M. Palani Kumar

ਲੈਨਿਨ ਦੇ ਖੇਤ ਵਿੱਚ ਹੁਣੇ-ਹੁਣੇ ਲਾਈ ਝੋਨੇ ਦੀ ਪਨੀਰੀ

ਲੈਨਿਨ ਦੇ ਖੇਤ ਸਿੰਚਾਈ ਵਾਸਤੇ 100 ਫੁੱਟ ਡੂੰਘੇ ਪੁੱਟੇ ਖੂਹ ਦੇ ਪਾਣੀ 'ਤੇ ਨਿਰਭਰ ਕਰਦੇ ਹਨ। "ਇਹ ਸਾਡੀ ਫ਼ਸਲ ਲਈ ਕਾਫ਼ੀ ਹੈ। ਅਸੀਂ ਤਿੰਨ ਇੰਚ ਮੋਟੀ ਪਾਈਪ ਲੱਗੀ ਮੋਟਰ ਨੂੰ ਇੱਕ ਵਾਰੀ ਵਿੱਚ ਦੋ-ਦੋ ਘੰਟਿਆਂ ਲਈ ਦਿਹਾੜੀ ਵਿੱਚ ਪੰਜ ਵਾਰੀਂ ਚਲਾ ਸਕਦੇ ਹਾਂ। ਪਰ," ਉਹ ਕਹਿੰਦੇ ਹਨ, "ਮੈਂ ਚੱਲਦੀ ਮੋਟਰ ਛੱਡ ਕੇ ਆਪ ਇੱਧਰ-ਓਧਰ ਨਹੀਂ ਜਾ ਸਕਦਾ..."

ਡਾ. ਰੇਂਗਾਲਕਸ਼ਮੀ ਦੱਸਦੀ ਹੈ ਕਿ 2000 ਅਤੇ 2010 ਦੇ ਵਿਚਕਾਰ ਸਿੰਚਾਈ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ। "ਉਸੇ ਸਮੇਂ, ਵਧੇਰੇ ਹਾਰਸ ਪਾਵਰ ਵਾਲ਼ੀਆਂ ਬੋਰਵੈੱਲ ਮੋਟਰਾਂ ਵੀ ਉਪਲਬਧ ਹੋ ਗਈਆਂ। ਇਸ ਤੋਂ ਇਲਾਵਾ, ਡ੍ਰਿਲਿੰਗ ਮਸ਼ੀਨਾਂ ਆਮ ਹੋ ਗਈਆਂ ਸਨ। ਤਾਮਿਲ਼ਨਾਡੂ ਦਾ ਤਿਰੂਚੇਨਗੋਡੇ ਬੋਰਵੈੱਲ ਨਾਲ਼ ਸਬੰਧਤ ਸਮਾਨ ਦਾ ਕੇਂਦਰ ਬਣ ਗਿਆ। ਕਈ ਵਾਰ ਕਿਸਾਨ ਹਰ ਤਿੰਨ ਤੋਂ ਚਾਰ ਸਾਲਾਂ ਬਾਅਦ ਨਵਾਂ ਬੋਰ ਕਰਾ ਲੈਂਦੇ ਹਨ। ਜੇ ਉਹ ਸਿਰਫ਼ ਮੀਂਹ ਦੇ ਪਾਣੀ 'ਤੇ ਨਿਰਭਰ ਰਹਿੰਦੇ ਤਾਂ ਉਹ ਤਿੰਨ ਤੋਂ ਪੰਜ ਮਹੀਨੇ ਹੀ ਖੇਤੀ ਕਰ ਪਾਉਂਦੇ। ਸਿੰਚਾਈ ਦੇ ਕਾਰਨ, ਉਹ ਨਿਰੰਤਰ ਕੰਮ ਕਰਨ ਦੇ ਯੋਗ ਹੋਏ ਅਤੇ ਉਤਪਾਦਕਤਾ ਪ੍ਰਭਾਵਿਤ ਨਾ ਹੋਈ। ਇਸਲਈ ਚੌਲ਼ਾਂ ਦੀ ਪੈਦਾਵਾਰ ਦੀ ਨਜ਼ਰ ਤੋਂ ਇਹ ਅਹਿਮ ਮੋੜ ਸੀ। 1970 ਦੇ ਦਹਾਕੇ ਤੱਕ, ਚੌਲ਼ ਜ਼ਿਆਦਾਤਰ ਤਿਉਹਾਰਾਂ ਦਾ ਭੋਜਨ ਮੰਨਿਆ ਜਾਂਦਾ ਸੀ; ਹੁਣ ਇਸ ਨੂੰ ਰੋਜ਼ਾਨਾ ਪਕਾਇਆ ਜਾਂਦਾ ਹੈ। ਜਨਤਕ ਵੰਡ ਪ੍ਰਣਾਲੀ ਦੁਆਰਾ ਇਹਦੀ ਵਿਆਪਕ ਉਪਲਬਧਤਾ ਨੇ ਵੀ ਚੌਲ਼ ਦੀ ਖਪਤ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।''

ਤਾਮਿਲ਼ਨਾਡੂ ਵਿੱਚ ਹੁਣ ਕੁੱਲ ਫ਼ਸਲੀ ਰਕਬੇ ਦੇ 35 ਪ੍ਰਤੀਸ਼ਤ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਪਰ ਕਿੰਨੇ ਕਿਸਾਨ ਜੈਵਿਕ ਉਪਕਰਣਾਂ ਨਾਲ਼ ਸਥਾਨਕ (ਦੇਸੀ) ਕਿਸਮਾਂ ਉਗਾਉਂਦੇ ਹਨ?

ਸਵਾਲ ਚੰਗਾ ਹੈ, ਲੈਨਿਨ ਮੁਸਕਰਾਉਂਦੇ ਹਨ। "ਜੇ ਤੁਸੀਂ ਇਸ ਨੂੰ ਐਕਸਲ ਸ਼ੀਟ ਵਿੱਚ ਲਿਖੋ ਤਾਂ ਤੁਹਾਨੂੰ ਸਿੰਜਾਈ ਹੇਠ ਝੋਨੇ ਦੀ ਜ਼ਮੀਨ ਦੇ ਸਿਰਫ਼ 1 ਜਾਂ 2 ਪ੍ਰਤੀਸ਼ਤ ਵਿੱਚ ਹੀ ਦੇਸੀ ਕਿਸਮਾਂ ਮਿਲ਼ਣਗੀਆਂ," ਉਹ ਕਹਿੰਦੇ ਹਨ। ''ਇਹ ਅੰਦਾਜ਼ਾ ਵੀ ਵੱਧ ਹੋ ਸਕਦਾ ਹੈ। ਵੱਡੀ ਗੱਲ ਇਹ ਹੈ ਕਿ ਪੂਰੇ ਸੂਬੇ ਅੰਦਰ ਇਹਦਾ ਪ੍ਰਚਲਨ ਵਧਿਆ ਹੈ।''

ਪਰ ਲੈਨਿਨ ਦੀ ਅਸਲ ਚਿੰਤਾ ਇਹ ਹੈ ਕਿ ਆਧੁਨਿਕ ਕਿਸਮਾਂ ਉਗਾਉਣ ਵਾਲ਼ੇ ਕਿਸਾਨਾਂ ਨੂੰ ਕਿਸ ਕਿਸਮ ਦੀ ਸਿਖਲਾਈ ਮਿਲ਼ਦੀ ਹੈ? "ਉਨ੍ਹਾਂ ਨੂੰ ਬੱਸ ਉਤਪਾਦਨ ਵਧਾਉਣ ਦੀ ਗੱਲ ਕਹੀ ਜਾਂਦੀ ਹੈ ਤਾਂਕਿ ਉਨ੍ਹਾਂ ਦੀ ਆਮਦਨੀ ਵੱਧ ਸਕੇ। ਉੱਪਰੋਂ ਨਿਰਦੇਸ਼ ਆਉਂਦੇ ਹਨ- ਚੇਨੱਈ ਤੋਂ ਕੋਇੰਬਟੂਰ ਤੱਕ, ਤੇ ਵੱਖ-ਵੱਖ ਬਲਾਕਾਂ ਤੱਕ ਤੇ ਫਿਰ ਕਿਸਾਨਾਂ ਤੱਕ ਪਹੁੰਚਦੇ ਹਨ। ਕੀ ਇਸ ਤਰੀਕੇ ਨਾਲ਼ ਉਹ ਪਿਛੜ ਨਹੀਂ ਜਾਣਗੇ? ਉਹ ਆਪਣੇ ਬਾਰੇ ਕੁਝ ਨਹੀਂ ਸੋਚ ਪਾਉਣਗੇ,'' ਹੈਰਾਨ ਹੁੰਦਿਆਂ ਲੈਨਿਨ ਕਹਿੰਦੇ ਹਨ।

ਉਹ ਕਹਿੰਦੇ ਹਨ ਕਿ ਇਹ ਸਿਰਫ਼ ਉਦੋਂ ਹੁੰਦਾ ਹੈ ਜਦੋਂ ਉਹ ਮੁੱਲ ਵਾਧੇ ਬਾਰੇ ਗੱਲ ਕਰਦੇ ਹਨ ਤਦ ਉਨ੍ਹਾਂ ਦੀ ਪਹੁੰਚ 'ਹੇਠਾਂ ਤੋਂ ਉੱਪਰ' ਜਾਂਦੀ ਹੈ। "ਸਾਨੂੰ ਚੌਲ਼ਾਂ ਨੂੰ ਪ੍ਰੋਸੈਸ ਕਰਨ, ਇਸ ਨੂੰ ਪੈਕ ਕਰਨ ਆਦਿ ਦੇ ਨਿਰਦੇਸ਼ ਦਿੱਤੇ ਜਾਂਦੇ ਹਨ..." ਕਿਸਾਨਾਂ ਨੂੰ ਉਤਪਾਦਨ ਅਤੇ ਆਮਦਨੀ ਦੀ ਐਨਕ ਰਾਹੀਂ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਅੰਦਰ ਇਹ ਤਾਂਘ ਜਗਾਈ ਜਾਂਦੀ ਹੈ ਕਿ ਵੱਧ ਪੈਦਾਵਾਰ ਦਾ ਟੀਚਾ ਪ੍ਰਾਪਤ ਕਰਨਾ ਹੀ ਹੈ।

PHOTO • M. Palani Kumar

ਲੈਨਿਨ ਅਤੇ ਉਨ੍ਹਾਂ ਦੇ ਦੋਸਤ ਝੋਨੇ ਦੀਆਂ ਕਈ ਕਿਸਮਾਂ ਦਿਖਾਉਂਦੇ ਹੋਏ

ਲੈਨਿਨ ਦੱਸਦੇ ਹਨ ਕਿ ਜੈਵਿਕ ਕਿਸਾਨ ਇੱਕ ਸਮੂਹ ਵਜੋਂ ਵਿਭਿੰਨਤਾ, ਨਿਰੰਤਰਤਾ ਅਤੇ ਸਥਿਰਤਾ ਅਤੇ ਹੋਰ ਮੁੱਦਿਆਂ ਵਰਗੀਆਂ ਚੀਜ਼ਾਂ ਵਿੱਚ ਦਿਲਚਸਪੀ ਰੱਖਦੇ ਹਨ ਜੋ ਲੋਕਾਂ 'ਤੇ ਬਹੁਤ ਪ੍ਰਭਾਵ ਪਾਉਂਦੇ ਹਨ। "ਕੀ ਸਾਨੂੰ ਚੌਲ਼ ਜਾਂ ਖੇਤੀ ਦੇ ਵਿਸ਼ੇ 'ਤੇ ਬਰਾਬਰ ਦਾ ਭਾਈਵਾਲ ਸਮਝਦੇ ਹੋਏ ਆਹਮੋ-ਸਾਹਮਣੇ ਬਿਠਾ ਕੇ ਗੱਲਬਾਤ ਨਹੀਂ ਹੋਣੀ ਚਾਹੀਦੀ? ਭਰਪੂਰ ਤਜ਼ਰਬੇ ਵਾਲੇ ਕਿਸਾਨਾਂ ਨੂੰ ਇਸ ਪੂਰੀ ਪ੍ਰਕਿਰਿਆ ਤੋਂ ਬਾਹਰ ਕਿਉਂ ਰੱਖਿਆ ਜਾਂਦਾ ਹੈ?''

ਤਿਰੂਵੰਨਾਮਲਾਈ ਵਿੱਚ ਜੈਵਿਕ ਖੇਤੀ ਬਹੁਤ ਪ੍ਰਸਿੱਧ ਹੈ। ਲੈਨਿਨ ਕਹਿੰਦੇ ਹਨ, "ਖਾਸ ਕਰਕੇ ਨੌਜਵਾਨ ਮਰਦ ਕਿਸਾਨਾਂ ਵਿੱਚ, 25 ਤੋਂ 30 ਸਾਲ ਦੀ ਉਮਰ ਦੇ ਘੱਟੋ-ਘੱਟ ਅੱਧੇ ਕਿਸਾਨ ਰਸਾਇਣ ਮੁਕਤ ਖੇਤੀ ਕਰਦੇ ਹਨ। ਜ਼ਿਲ੍ਹੇ ਵਿੱਚ ਬਹੁਤ ਸਾਰੇ ਸਲਾਹਕਾਰ ਵੀ ਹਨ "ਜ਼ਿਮੀਂਦਾਰਾਂ ਤੋਂ ਲੈ ਕੇ ਬਿਲਕੁਲ ਬੇਜ਼ਮੀਨੇ ਤੱਕ, ਬਹੁਤ ਸਾਰੇ ਅਧਿਆਪਕ ਵੀ ਹਨ!" ਉਹ ਕਲਾਸਪਕਮ ਫੋਰਮ ਵੈਂਕਟਚਲਮ ਅਈਆ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹਨ। ਇਸ ਤੋਂ ਇਲਾਵਾ ਤਮਿਲਨਾਡੂ ਵਿਖੇ ਜੈਵਿਕ ਖੇਤੀ ਦੇ ਕਰਤਾ-ਧਰਤਾ ਤੇ ਵਿਚਾਰਕ ਨਮਲਵਾਰ, ਪਾਮਯਾਨ (ਚਿੰਤਕ ਅਤੇ ਜੈਵਿਕ ਕਿਸਾਨ), ਮੀਨਾਕਸ਼ੀ ਸੁੰਦਰਮ ਅਤੇ ਖੇਤੀ-ਵਿਗਿਆਨਕ ਡਾ. ਵੀ. ਅਰੀਵੁੱਡਈ ਨੰਬੀ ਜ਼ਿਲ੍ਹੇ ਦੇ ਨੌਜਵਾਨਾਂ ਲਈ ਨਿੱਜੀ ਪ੍ਰੇਰਣਾਸ੍ਰੋਤ ਹਨ। "ਇੰਝ ਬਹੁਤ ਸਾਰੇ ਮਸ਼ਹੂਰ ਲੋਕਾਂ ਨੇ ਸਾਨੂੰ ਸਿਖਾਇਆ ਹੈ," ਉਹ ਕਹਿੰਦੇ ਹਨ।

ਕੁਝ ਕਿਸਾਨਾਂ ਕੋਲ਼ ਆਮਦਨ ਦਾ ਇੱਕ ਵਾਧੂ ਸਰੋਤ (ਖੇਤੀ ਤੋਂ ਇਲਾਵਾ) ਵੀ ਹੁੰਦਾ ਹੈ। "ਉਹ ਸਮਝਦੇ ਹਨ ਕਿ ਖੇਤੀਬਾੜੀ ਤੋਂ ਹੋਣ ਵਾਲ਼ੀ ਕਮਾਈ ਕਾਫ਼ੀ ਨਹੀਂ ਹੋ ਸਕਦੀ।'' ਇਹ ਵਾਧੂ ਕਮਾਈ ਹੋਰ ਲੋੜਾਂ ਨੂੰ ਪੂਰਿਆਂ ਕਰਨ ਦੇ ਕੰਮ ਆਉਂਦੀ ਹੈ।

ਮਾਰਚ 2024 ਵਿੱਚ ਮੇਰੀ ਤੀਜੀ ਫੇਰੀ ਦੌਰਾਨ, ਲੈਨਿਨ ਮੈਨੂੰ ਦੱਸਦੇ ਹਨ ਕਿ ਇੱਕ ਕਿਸਾਨ ਜੋ ਲਗਾਤਾਰ ਸਿੱਖ ਰਿਹਾ ਹੈ ਉਹ ਕਦੇ ਵੀ ਸਿੱਖਣਾ ਬੰਦ ਨਹੀਂ ਕਰਦਾ। ਉਹ ਅੱਗੇ ਕਹਿੰਦੇ ਹਨ, "ਆਪਣੇ ਤਜ਼ਰਬੇ ਨਾਲ਼ ਮੈਂ ਫ਼ਸਲਾਂ ਬਾਰੇ ਸਿੱਖਦਾ ਹਾਂ: ਚੌਲ਼ਾਂ ਦੀ ਇੱਕ ਕਿਸਮ ਜਿਸ ਦੇ ਪੌਦੇ ਉੱਚੇ ਹੁੰਦੇ ਹਨ ਅਤੇ ਚੰਗਾ ਝਾੜ ਦਿੰਦੇ ਹਨ, ਜੋ ਮੀਂਹ ਦਾ ਸਾਹਮਣਾ ਕਰ ਸਕਦੀ ਹੋਵੇ। ਮੈਂ 4C ਦੇ ਢਾਂਚੇ 'ਤੇ ਵੀ ਭਰੋਸਾ ਕਰਦਾ ਹਾਂ: ਕੰਜਰਵੇਸ਼ਨ, ਕਲਟੀਵੇਸ਼ਨ, ਕੰਜੰਪਸ਼ਨ ਤੇ ਕਾਮਰਸ (ਸੰਭਾਲ਼, ਖੇਤੀ, ਖਪਤ ਅਤੇ ਵਣਜ)''

ਅਸੀਂ ਵਾੜੇ ਤੋਂ ਹੁੰਦੇ ਹੋਏ ਉਨ੍ਹਾਂ ਦੇ ਖੇਤਾਂ ਵੱਲ ਜਾਂਦੇ ਹਾਂ। ਇਹ ਬਹੁਤ ਹੀ ਥੋੜ੍ਹੀ ਦੂਰੀ ਹੈ-ਛੋਲਿਆਂ ਦੇ ਖੇਤੋਂ ਪਾਰ, ਗੰਨੇ ਦੇ ਪੌਦਿਆਂ ਦੇ ਨਾਲ਼ ਵਾਲ਼ਾ ਖੇਤ। ਇਨ੍ਹਾਂ ਖੇਤਾਂ ਦੇ ਪਾਰ ਚੌਰਸ ਛੱਤਾਂ ਵਾਲ਼ੇ ਕੁਝ ਮਕਾਨ ਹਨ। "ਇੱਥੇ ਜ਼ਮੀਨ ਹੁਣ ਵਰਗ ਫੁੱਟ ਦੀ ਕੀਮਤ 'ਤੇ ਵੇਚੀ ਜਾਂਦੀ ਹੈ,'' ਲੈਨਿਨ ਲੰਬਾ ਸਾਹ ਖਿੱਚਦਿਆਂ ਕਹਿੰਦੇ ਹਨ। ''ਇੱਥੋਂ ਤੱਕ ਕਿ ਸਮਾਜਵਾਦੀ ਵਿਚਾਰਾਂ ਵਾਲ਼ੇ ਲੋਕ ਵੀ ਹੁਣ ਪੂੰਜੀਵਾਦ ਦੇ ਲਾਲਚ ਵੱਸ ਪੈ ਗਏ ਹਨ।''

ਉਹ ਇੱਕ ਚੌਥਾਈ ਭੋਇੰ ਵਿੱਚ ਪੂਨਕਾਰ ਕਿਸਮ ਦਾ ਝੋਨਾ ਉਗਾਉਂਦੇ ਹਨ। ''ਮੈਂ ਪੂਨਕਾਰ ਦੇ ਬੀਜ ਇੱਕ ਹੋਰ ਕਿਸਾਨ ਨੂੰ ਦਿੱਤੇ ਸਨ। ਉਹਨੇ ਫ਼ਸਲ ਕੱਟਣ ਤੋਂ ਬਾਅਦ ਮੈਨੂੰ ਉਹ ਬੀਜ ਵਾਪਸ ਕਰ ਦਿੱਤੇ।'' ਮੁਫ਼ਤ ਦਾ ਇਹ ਲੈਣ-ਦੇਣ ਇਹ ਯਕੀਨੀ ਬਣਾਉਂਦਾ ਹੈ ਕਿ ਆਪਸ ਵਿੱਚ ਇਨ੍ਹਾਂ ਬੀਜਾਂ ਦੇ ਪ੍ਰਸਾਰ ਵਿੱਚ ਵਾਧਾ ਹੁੰਦਾ ਰਹੇ।

ਜ਼ਮੀਨ ਦੇ ਦੂਜੇ ਹਿੱਸੇ ਵਿੱਚ, ਉਹ ਸਾਨੂੰ ਇੱਕ ਕਿਸਮ ਦਿਖਾਉਂਦੇ ਹਨ ਜਿਸਨੂੰ ਵਲਾਈਪੂ ਸਾਂਬਾ ਕਿਹਾ ਜਾਂਦਾ ਹੈ। "ਦੂਜੇ ਸੰਭਾਲਕਰਤਾ, ਕਾਰਤੀ ਅੰਨਾ ਨੇ ਮੈਨੂੰ ਇਹ ਬੀਜ ਦਿੱਤੇ।" ਝੋਨੇ ਦੀ ਨਾੜ ਨਾਲ਼ ਲੱਗੀਆਂ ਬਲੀਆਂ ਨੂੰ ਹੱਥ ਵਿੱਚ ਗੁੱਛੇ ਵਾਂਗਰ ਫੜ੍ਹਦਿਆਂ ਲੈਨਿਨ ਕਹਿੰਦੇ ਹਨ। ''ਸਾਨੂੰ ਇਨ੍ਹਾਂ ਕਿਸਮਾਂ ਨੂੰ ਅਪਣਾਉਣਾ ਹੋਵੇਗਾ।'' ਉਨ੍ਹਾਂ ਦੇ ਹੱਥ ਵਿੱਚ ਗੁੱਛੇ ਦਾ ਰੂਪ ਧਾਰੀ ਅਨਾਜ ਦੇ ਦਾਣੇ ਬੜੇ ਮਾਣ ਨਾਲ਼ ਝੂਮਦੇ ਜਾਪ ਰਹੇ ਹਨ। ਅਕਾਰ ਤੋਂ ਸੱਚੀਓ ਵਲਾਈਪੂ (ਕੇਲੇ ਦੇ ਫੁੱਲ) ਲੱਗਦੇ ਹਨ, ਅਜਿਹੇ ਗਹਿਣੇ ਵੀ, ਜਿਨ੍ਹਾਂ ਨੂੰ ਕਿਸੇ ਸੁਨਿਆਰ ਨੇ ਹੱਥੀਂ ਘੜ੍ਹਿਆ ਹੋਵੇ!''

PHOTO • M. Palani Kumar
PHOTO • M. Palani Kumar

ਲੈਨਿਨ ਸਾਨੂੰ ਚੌਲ਼ਾਂ ਦੀ ਇੱਕ ਦੇਸੀ , ਵਲਾਈਪੂ ਸਾਂਬਾ ਦਿਖਾਉਂਦੇ ਹਨ

ਲੈਨਿਨ ਮੰਨਦੇ ਹਨ ਕਿ ਸਰਕਾਰ ਵਿਭਿੰਨਤਾ ਮੇਲਿਆਂ ਅਤੇ ਸਿਖਲਾਈ ਪ੍ਰੋਗਰਾਮਾਂ ਦੇ ਆਯੋਜਨ ਜ਼ਰੀਏ ਜੈਵਿਕ ਖੇਤੀ ਅਤੇ ਦੇਸੀ ਕਿਸਮਾਂ ਨੂੰ ਮਕਬੂਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। "ਇਹ ਸੋਚਣਾ ਫਿਲਹਾਲ ਬੇਕਾਰ ਹੈ ਕਿ ਸਥਿਤੀ ਰਾਤੋ-ਰਾਤ ਬਦਲ ਜਾਵੇਗੀ। ਉਹ ਖਾਦ ਦੀਆਂ ਸਾਰੀਆਂ ਫੈਕਟਰੀਆਂ ਅਤੇ ਬੀਜ ਦੀਆਂ ਦੁਕਾਨਾਂ ਨੂੰ ਅਚਾਨਕ ਬੰਦ ਨਹੀਂ ਕਰ ਸਕਦੇ? ਤਬਦੀਲੀ ਹੌਲ਼ੀ-ਹੌਲ਼ੀ ਹੀ ਹੋਵੇਗੀ,'' ਉਹ ਕਹਿੰਦੇ ਹਨ।

ਤਾਮਿਲ਼ਨਾਡੂ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਐੱਮ.ਆਰ.ਕੇ. ਪਨੀਰਸੇਲਵਮ ਨੇ ਆਪਣੇ 2024 ਦੇ ਖੇਤੀਬਾੜੀ ਬਜਟ ਭਾਸ਼ਣ ਵਿੱਚ ਕਿਹਾ ਕਿ ਝੋਨੇ ਦੀਆਂ ਦੇਸੀ ਕਿਸਮਾਂ ਦੀ ਸੰਭਾਲ਼ ਲਈ ਗਠਿਤ ਨੇਲ ਜੈਰਾਮਨ ਮਿਸ਼ਨ ਤਹਿਤ,''2023-2024 ਦੌਰਾਨ 12,400 ਏਕੜ ਰਕਬੇ ਵਿੱਚ ਦੇਸੀ ਕਿਸਮਾਂ ਦੀ ਖੇਤੀ ਕਰਕੇ ਕੋਈ 20,979 ਕਿਸਾਨਾਂ ਨੇ ਲਾਹਾ ਲਿਆ।''

ਇਹ ਮਿਸ਼ਨ ਮਰਹੂਮ ਨੇਲ ਜੈਰਾਮਨ ਨੂੰ ਇੱਕ ਪ੍ਰਤੀਕਾਤਮਕ ਸ਼ਰਧਾਂਜਲੀ ਹੈ, ਜਿਨ੍ਹਾਂ ਨੇ 2007 ਵਿੱਚ ਨੇਲ ਤੀਰੂਵਿਲਾ ਦੇ ਨਾਮ ਹੇਠ ਤਾਮਿਲ਼ਨਾਡੂ ਵਿਖੇ ਦੇਸੀ ਝੋਨੇ ਦੇ ਬੀਜ ਅਦਾਨ-ਪ੍ਰਦਾਨ ਕਰਦੇ ਮੇਲੇ ਦੀ ਸ਼ੁਰੂਆਤ ਕੀਤੀ ਸੀ – ਇਹ ਮੇਲਾ 'ਸੇਵ ਅਵਰ ਰਾਈਸ' ਅਭਿਆਨ ਦਾ ਹਿੱਸਾ ਸੀ। ਲੈਨਿਨ ਕਹਿੰਦੇ ਹਨ, "12 ਸਾਲਾਂ ਵਿੱਚ ਉਨ੍ਹਾਂ ਨੇ ਅਤੇ  ਉਤਸ਼ਾਹ ਤੇ ਸਵੈ-ਭਰੋਸੇ ਨਾਲ਼ ਭਰੇ ਜੈਵਿਕ ਕਿਸਾਨ ਅਤੇ ਬੀਜਾਂ ਸੰਭਾਲ਼ਣ ਵਾਲ਼ੇ ਉਨ੍ਹਾਂ ਦੇ ਸਮਰਥਕਾਂ ਨੇ ਕਰੀਬ 174 ਕਿਸਮਾਂ ਇਕੱਠੀਆਂ ਕੀਤੀਆਂ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਮਾਂ ਖ਼ਤਮ ਹੋਣ ਦੀ ਕਗਾਰ 'ਤੇ ਸਨ।''

ਲੈਨਿਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਚੌਲ਼ ਦੀਆਂ ਦੇਸੀ ਕਿਸਮਾਂ ਨੂੰ ਪ੍ਰਸਿੱਧ ਬਣਾਉਣ ਲਈ ਕੀ ਕੁਝ ਕਰਨਾ ਪੈਂਦਾ ਹੈ। ''ਸੰਰਖਣ ਸਭ ਤੋਂ ਕੇਂਦਰੀ ਧੁਰਾ ਹੈ, ਜਿੱਥੇ ਝੋਨੇ ਦੀ ਕਾਸ਼ਤ ਥੋੜ੍ਹੇ ਜਿਹੇ ਰਕਬੇ ਵਿੱਚ ਕੀਤੀ ਜਾਂਦੀ ਹੈ। ਉਨ੍ਹਾਂ ਦੀ ਜੈਨੇਟਿਕ ਸ਼ੁੱਧਤਾ ਅਤੇ ਕਿਸਮਾਂ ਦੀ ਸੁਰੱਖਿਆ 'ਤੇ ਖਾਸਾ ਧਿਆਨ ਦਿੱਤੇ ਜਾਣ ਦੀ ਲੋੜ ਹੈ। ਫ਼ਸਲ ਲਈ ਇਨ੍ਹਾਂ ਕਿਸਮਾਂ ਦੇ ਵਿਸਤਾਰ ਦੀ ਲੋੜ ਹੈ,ਜਿਸ ਲਈ ਸਮਾਜ ਦਾ ਸਹਿਯੋਗ ਮਿਲ਼ਣਾ ਲਾਜ਼ਮੀ ਹੈ। ਆਖਰੀ ਦੋ C’s – ਕੰਜੰਪਸ਼ਨ ਤੇ ਕਾਮਰਸ (ਖਪਤ ਅਤੇ ਵਣਜ)- ਦੋਵੇਂ ਇੱਕ ਦੂਜੇ ਨਾਲ਼ ਜੁੜੇ ਹੋਏ ਹਨ। ਤੁਸੀਂ ਬਜ਼ਾਰ ਸਥਾਪਤ ਕਰਦੇ ਹੋ ਅਤੇ ਇਸ ਨੂੰ ਗਾਹਕ ਤੱਕ ਲਿਜਾਂਦੇ ਹੋ। ਮਿਸਾਲ ਦੇ ਤੌਰ 'ਤੇ ਅਸੀਂ ਸੀਰਗਾ ਸਾਂਭਾ ਤੇ ਅਵਾਲ (ਚਿੜਵੜਾ) ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਪ੍ਰਯੋਗ ਬਹੁਤ ਸਫ਼ਲ ਵੀ ਰਿਹਾ,'' ਉਹ ਖ਼ੁਸ ਹੁੰਦਿਆਂ ਦੱਸਦੇ ਹਨ,''ਹੁਣ ਅਸੀਂ ਗੁਆਚੀਆਂ ਪੱਧਤੀਆਂ ਨੂੰ ਦੁਬਾਰਾ ਲੱਭਣ ਅਤੇ ਉਨ੍ਹਾਂ ਨੂੰ ਪ੍ਰਸਿੱਧ ਬਣਾਉਣ ਬਾਰੇ ਸੋਚ ਰਹੇ ਹਾਂ!''

ਲੈਨਿਨ ਦਾ ਕਹਿਣਾ ਹੈ ਕਿ ਤਾਮਿਲਨਾਡੂ ਵਿੱਚ ਸੀਰਗ ਸਾਂਬਾ ਦਾ ਇੱਕ 'ਆਕਰਸ਼ਕ ਬਜ਼ਾਰ' ਹੈ। "ਲੋਕ ਬਿਰਯਾਨੀ ਵਿੱਚ ਬਾਸਮਤੀ ਦੀ ਬਜਾਏ ਇਸੇ ਚੌਲ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਇੱਥੇ ਕੋਈ ਬਾਸਮਤੀ ਪ੍ਰੋਸੈਸਿੰਗ ਯੂਨਿਟ ਨਹੀਂ ਹੈ।'' ਪਿਛਲੇ ਪਾਸੇ ਹਾਰਨ ਵੱਜਦੇ ਸੁਣੇ ਜਾ ਸਕਦੇ ਹਨ, ਜਿਵੇਂ ਕਿ ਉਹ ਵੀ ਸੀਰਗ ਸਾਂਬਾ ਦਾ ਸਵਾਗਤ ਕਰ ਰਹੇ ਹੋਣ। ਇਸੇ ਤਰ੍ਹਾਂ ਕਿਸਾਨਾਂ 'ਚ ਕਰੱਪੂ ਕਵੁਨੀ ਦੀ ਤੁਲਨਾ ਧੋਨੀ ਦੇ ਛੱਕੇ ਨਾਲ਼ ਕੀਤੀ ਜਾਂਦੀ ਹੈ। ਇੱਥੇ ਸਿਰਫ਼ ਇੱਕ ਹੀ ਝੋਲ਼ ਹੈ। "ਮੰਨ ਲਓ ਕੋਈ ਮੁਕਾਬਲੇ ਵਿੱਚ ਉਤਰਦਾ ਹੈ ਤੇ ਇੱਕ ਵੱਡੇ ਖੇਤ ਵਿੱਚ ਕਰੱਪੂ ਕਵੁਨੀ ਚੌਲ਼ ਦੀ ਖੇਤੀ ਸ਼ੁਰੂ ਕਰਦਾ ਹੈ- ਕੋਈ 2,000 ਦੇ ਆਸਪਾਸ ਦੀਆਂ ਬੋਰੀਆਂ ਦੀ। ਤਾਂ ਜ਼ਾਹਿਰ ਗੱਲ ਹੈ ਕਿ ਉਹ ਪੂਰੀ ਬਾਜ਼ੀ ਪਟਲ ਕੇ ਰੱਖ ਦੇਵੇਗਾ ਤੇ ਕੀਮਤਾਂ ਮੂੰਹ ਪਰਨੇ ਡਿੱਗਣੀਆਂ।'' ਛੋਟੇ ਖੇਤਾਂ ਵਾਸਤੇ ਸਭ ਤੋਂ ਵੱਡਾ ਲਾਭ- ਉਨ੍ਹਾਂ ਦੀ ਵੰਨ-ਸੁਵੰਨਤਾ ਤੇ ਘੱਟ ਮਾਤਰਾਵਾਂ- ਉਨ੍ਹਾਂ ਦੇ ਨੁਕਸਾਨ ਦਾ ਸਭ ਤੋਂ ਵੱਡਾ ਤੇ ਗੰਭੀਰ ਕਾਰਨ ਬਣ ਸਕਦੀਆਂ ਹਨ।

PHOTO • M. Palani Kumar
PHOTO • M. Palani Kumar

ਖੱਬੇ: ਲੈਨਿਨ ਦੁਆਰਾ ਉਗਾਈ ਗਈ ਕਰੱਪੂ ਕਵੁਨੀ ਕਿਸਮ। ਸੱਜੇ: ਫੋਰਮ ਵਿੱਚ ਵੇਚਣ ਲਈ ਲਿਆਂਦਾ ਗਿਆ ਇਲਪਾਈਪੂ ਸਾਂਬਾ , ਜੋ ਬਿਨਾ ਪਾਲਿਸ਼ ਵਾਲ਼ਾ ਕੱਚਾ ਚੌਲ਼ ਹੈ

*****

ਸਭ ਤੋਂ ਵੱਡਾ ਲਾਭ ਜਿਹਨੂੰ ਸਮਝਣਾ ਸਭ ਤੋਂ ਸੁਖਾਲ਼ਾ ਵੀ ਹੈ, ਉਹ ਹੈ ਇਹਦਾ ਆਰਥਿਕ ਪੱਖ। ਜੈਵਿਕ ਉਪਕਰਣਾਂ ਨਾਲ਼ ਝੋਨੇ ਦੀਆਂ ਦੇਸੀ ਕਿਸਮਾਂ ਉਗਾਉਣਾ ਲਾਭਦਾਇਕ ਹੈ? "ਹਾਂ, ਬਿਲੁਕਲ ਹੈ," ਲੈਨਿਨ ਮਸਾਂ ਸੁਣੀਂਦੀ ਪਰ ਦ੍ਰਿੜ ਅਵਾਜ਼ ਵਿੱਚ ਕਹਿੰਦੇ ਹਨ।

ਲੈਨਿਨ ਦੇ ਹਿਸਾਬ ਨਾਲ਼ ਇੱਕ ਏਕੜ ਝੋਨੇ ਦੀ ਪੈਦਾਵਾਰ ਤੋਂ ਲਗਭਗ 10,000 ਰੁਪਏ ਦਾ ਮੁਨਾਫ਼ਾ ਹੁੰਦਾ ਹੈ। "ਇੱਕ ਏਕੜ ਦੇਸੀ ਚੌਲ਼ਾਂ ਨੂੰ ਜੈਵਿਕ ਤਰੀਕੇ ਨਾਲ਼ ਉਗਾਉਣ ਦੀ ਲਾਗਤ 20,000 ਰੁਪਏ ਆਉਂਦੀ ਹੈ," ਉਹ ਕਹਿੰਦੇ ਹਨ,''ਰਸਾਇਣਕ ਉਪਕਰਣਾਂ ਨਾਲ਼ ਇਹੀ ਖਰਚ ਵੱਧ ਕੇ 30,000 ਤੋਂ 35,000 ਰੁਪਏ ਦੇ ਵਿਚਕਾਰ ਹੋ ਜਾਂਦਾ ਹੈ। ਉਪਜ ਤੋਂ ਹੋਣ ਵਾਲ਼ਾ ਲਾਭ ਵੀ ਲਾਗਤ ਦੇ ਹੀ ਅਨੁਪਾਤ ਵਿੱਚ ਰਹਿੰਦਾ ਹੈ। ਦੇਸੀ ਚੌਲ਼ਾਂ ਦਾ ਉਤਪਾਦਨ ਔਸਤਨ 15 ਤੋਂ 22 ਬੋਰੀਆਂ ਪ੍ਰਤੀ ਏਕੜ ਹੁੰਦਾ ਹੈ। ਇੱਕ ਬੋਰੀ ਵਿੱਚ 75 ਕਿਲੋ ਚੌਲ਼ ਹੁੰਦੇ ਹਨ। ਆਧੁਨਿਕ ਕਿਸਮਾਂ ਵਿੱਚ ਇਹ ਵੱਧ ਕੇ ਲਗਭਗ 30 ਬੋਰੀਆਂ ਤੱਕ ਪਹੁੰਚ ਜਾਂਦਾ ਹੈ।''

ਲੈਨਿਨ ਜ਼ਿਆਦਾਤਰ ਕੰਮ ਆਪਣੇ ਹੱਥੀਂ ਕਰਦੇ ਹਨ ਤਾਂ ਜੋ ਲਾਗਤ ਘੱਟ ਆਵੇ। ਵਾਢੀ ਤੋਂ ਬਾਅਦ, ਉਹ ਭਰੀਆਂ ਬੰਨ੍ਹਦੇ,ਛਟਾਈ ਕਰਦੇ ਤੇ ਦਾਣੇ ਵੀ ਇਕੱਠੇ ਕਰਦੇ ਹਨ ਅਤੇ ਅਖੀਰ ਅਨਾਜ ਨੂੰ ਬੋਰੀਆਂ ਵਿੱਚ ਭਰਦੇ ਹਨ। ਇਸ ਨਾਲ਼ ਉਨ੍ਹਾਂ ਨੂੰ ਪ੍ਰਤੀ ਏਕੜ ਲਗਭਗ 12,000 ਰੁਪਏ ਦੀ ਬੱਚਤ ਹੁੰਦੀ ਹੈ। ਪਰ ਉਹ ਸਾਵਧਾਨੀ ਨਾਲ਼ ਕਿਰਤ ਦੇ ਮੁੱਲ ਨੂੰ ਲਾਗਤ ਵਿੱਚ ਜੋੜਨਾ ਨਹੀਂ ਭੁੱਲਦੇ। "ਮੈਨੂੰ ਲੱਗਦਾ ਹੈ ਕਿ ਸਾਨੂੰ ਵਧੇਰੇ ਸਥਾਨਕ ਅੰਕੜਿਆਂ ਦੀ ਲੋੜ ਹੈ।

ਉਦਾਹਰਣ ਵਜੋਂ, 30 ਸੈਂਟ ਭੋਇੰ 'ਤੇ ਮਾਪਿਲਾਈ ਸਾਂਬਾ ਵਰਗੀ ਦੇਸੀ ਕਿਸਮ ਦੀ ਕਾਸ਼ਤ ਕਰਕੇ ਹੱਥ ਤੇ ਮਸ਼ੀਨ ਨਾਲ਼ ਕੀਤੀ ਗਈ ਕਟਾਈ ਦੀ ਲਾਗਤ ਜੋੜ ਕੇ ਸਾਵਧਾਨੀ ਨਾਲ਼ ਉਹਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ।'' ਉਹ ਦੂਰਦਰਸ਼ੀ ਹਨ ਤੇ ਇਹ ਸਮਝਦੇ ਹਨ ਕਿ ਮਸ਼ੀਨੀਕਰਨ ਕਿਰਤ ਨੂੰ ਤਾਂ ਘੱਟ ਕਰਦਾ ਸਕਦਾ ਹੈ, ਲਾਗਤ ਨੂੰ ਨਹੀਂ। ''ਜੇ ਮੁੱਲ ਅਧਾਰਤ ਲਾਭ ਹੁੰਦਾ ਵੀ ਹੈ ਤਾਂ ਇਹ ਕਿਸਾਨ ਦੇ ਹੱਥ ਨਹੀਂ ਆਉਂਦਾ। ਗਾਇਬ ਹੋ ਜਾਂਦਾ ਹੈ।''

ਦੇਬਲ ਦੇਬ ਦਾ ਹਵਾਲ਼ਾ ਦਿੰਦੇ ਹੋਏ ਲੈਨਿਨ ਕਹਿੰਦੇ ਹਨ ਕਿ ਮੁਨਾਫ਼ੇ ਨੂੰ ਵੱਖਰੇ ਤਰੀਕੇ ਨਾਲ਼ ਸਮਝਣ ਦੀ ਲੋੜ ਹੈ। "ਜੇ ਤੁਸੀਂ ਹਰ ਚੀਜ਼ ਨੂੰ ਸ਼ਾਮਲ ਕਰਦੇ ਹੋ - ਪਰਾਲ਼ੀ, ਫੱਕ, ਚਿੜਵੜਾ, ਬੀਜ ਅਤੇ ਇੱਥੋਂ ਤੱਕ ਕਿ ਚੌਲ਼ ਵੀ ਤਾਂ ਲਾਭਦਾਇਕ ਹੈ। ਲੁਕਵੀਂ ਬਚਤ ਇਹ ਹੈ ਕਿ ਜ਼ਮੀਨ ਨੂੰ ਕਿੰਨਾ ਲਾਭ ਹੁੰਦਾ ਹੈ। ਮੰਡੀ ਵਿੱਚ ਝੋਨਾ ਵਿਕਣ ਤੋਂ ਛੁੱਟ ਵੀ ਸੋਚਣਾ ਜ਼ਰੂਰੀ ਹੈ।

ਭਾਵੇਂ ਦੇਸੀ ਕਿਸਮਾਂ 'ਤੇ ਬਹੁਤ ਘੱਟ ਪ੍ਰਕਿਰਿਆ ਦੀ ਲੋੜ ਹੁੰਦੀ ਹੈ। "ਖਪਤਕਾਰ ਵੀ ਜੈਵਿਕ ਉਤਪਾਦਾਂ ਤੋਂ ਬਾਹਰੀ ਸੁੰਦਰਤਾ ਦੀ ਉਮੀਦ ਨਹੀਂ ਕਰਦੇ।" ਇਹ ਗੱਲ ਕਿਸਾਨ ਬਾਖ਼ੂਬੀ ਸਮਝਦੇ ਵੀ ਹਨ- ਕਿ ਸੇਬ ਬੇਢੱਬੇ ਹੋ ਸਕਦੇ ਹਨ, ਗਾਜਰਾਂ ਵੀ ਮੋਟੀਆਂ-ਤਿੱਖੀਆਂ ਹੋ ਸਕਦੀਆਂ ਹਨ ਅਤੇ ਚੌਲ਼ਾਂ ਦੇ ਦਾਣੇ ਵੀ ਰੰਗੀਨ ਜਾਂ ਛੋਟੇ-ਵੱਡੇ ਹੋ ਸਕਦੇ ਹਨ। ਪਰ ਉਹ ਆਪਣੇ-ਆਪ ਵਿੱਚ ਸਿਹਤਮੰਦ ਹਨ ਅਤੇ ਸਿਰਫ਼ ਦਿੱਖ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਅਸਵੀਕਾਰ ਨਹੀਂ ਕੀਤਾ ਜਾ ਸਕਦਾ।

ਪਰ ਕਿਸਾਨ ਸਮੂਹਾਂ ਲਈ ਇਹ ਮਹੱਤਵਪੂਰਨ ਅਤੇ ਜ਼ਰੂਰੀ ਹੈ ਕਿ ਉਹ ਆਰਥਿਕਤਾ ਨੂੰ ਸੰਤੁਲਿਤ ਰੱਖਣ ਲਈ ਵਿਕਰੀ ਅਤੇ ਸਪਲਾਈ ਚੇਨ ਦਾ ਧਿਆਨ ਰੱਖਣ ਅਤੇ ਲੈਨਿਨ ਇਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਪਿਛਲੇ ਦੋ ਸਾਲਾਂ ਤੋਂ, ਉਹ ਇਲਾਕੇ ਦੇ ਕਈ ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਦੇਸੀ ਚੌਲ਼ਾਂ ਨੂੰ ਆਪਣੇ ਗੋਦਾਮ ਤੋਂ ਵੰਡ ਰਹੇ ਹਨ। ਪਿਛਲੇ 6 ਮਹੀਨਿਆਂ ਵਿੱਚ, ਉਨ੍ਹਾਂ ਨੇ ਆਪਣੇ 10X11 ਫੁੱਟ ਦੇ ਸ਼ੈੱਡ ਤੋਂ ਉਨ੍ਹਾਂ ਨੇ 60 ਟਨ ਚੌਲ਼ ਵੇਚਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਦੇ ਗਾਹਕਾਂ ਨੂੰ ਉਨ੍ਹਾਂ 'ਤੇ ਭਰੋਸਾ ਹੈ ਅਤੇ ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹਨ। ਲੈਨਿਨ ਕਹਿੰਦੇ ਹਨ, "ਉਹ ਮੈਨੂੰ ਬੈਠਕਾਂ ਵਿੱਚ ਬੋਲਦਿਆਂ ਸੁਣਦੇ ਹਨ, ਉਹ ਜਾਣਦੇ ਹਨ ਕਿ ਮੇਰਾ ਘਰ ਕਿੱਥੇ ਹੈ ਅਤੇ ਮੈਂ ਕੀ ਕੰਮ ਕਰਦਾ ਹਾਂ। ਇਸ ਲਈ ਉਹ ਬੇਫ਼ਿਕਰ ਹੋ ਕੇ ਆਪਣੀ ਉਪਜ ਇੱਥੇ ਲਿਆਉਂਦੇ ਹਨ ਤੇ ਮੈਨੂੰ ਕਹਿੰਦੇ ਹਨ ਕਿ ਜਦੋਂ ਵੀ ਉਨ੍ਹਾਂ ਦੀ ਫ਼ਸਲ ਵਿਕੇਗੀ, ਉਹ ਆਪਣਾ ਪੈਸਾ ਲੈਣ ਆਉਣਗੇ।''

PHOTO • M. Palani Kumar

ਝੋਨੇ ਦੀ ਕੱਟੀ ਹੋਈ ਫ਼ਸਲ, ਛਟਾਈ ਦੀ ਉਡੀਕ ਵਿੱਚ

PHOTO • M. Palani Kumar
PHOTO • Aparna Karthikeyan

ਖੱਬੇ: ਲੈਨਿਨ ਮਰੱਕਾ ਦੀ ਵਰਤੋਂ ਕਰਕੇ ਝੋਨੇ ਨੂੰ ਤੋਲਦੇ ਹਨ। ਸੱਜੇ: ਡਿਲੀਵਰੀ ਲਈ ਵਿਗਨੇਸ਼ ਦੀ ਬਾਈਕ ' ਤੇ ਚੌਲ਼ਾਂ ਦੀਆਂ ਬੋਰੀਆਂ ਲੋਡ ਕਰਦੇ ਲੈਨਿਨ

ਉਨ੍ਹਾਂ ਦੇ ਗਾਹਕ ਸਾਰਾ ਦਿਨ ਉਨ੍ਹਾਂ ਨੂੰ ਕਾਲ ਕਰਦੇ ਅਤੇ ਮੈਸੇਜ ਕਰਦੇ ਹਨ। ਇਹ ਇੱਕ ਮੁਸ਼ਕਲ ਕੰਮ ਹੈ। ਚੌਲ਼ਾਂ ਦੀ ਤੁਲਾਈ, ਪੈਕ ਕਰਨ ਤੇ ਕਈ ਵਾਰ ਚੌਲ਼ਾਂ ਦੇ ਬੈਗ ਲੈ ਕੇ ਤਿਰੂਵੰਨਾਮਲਾਈ, ਅਰਾਨੀ, ਕੰਨਮੰਗਲਮ ਜਿਹੇ ਨੇੜਲੇ ਸ਼ਹਿਰਾਂ ਵਿੱਚ ਪਹੁੰਚਾਉਣ ਦੇ ਕੰਮ ਵਿੱਚ ਉਨ੍ਹਾਂ ਨੂੰ ਲਗਾਤਾਰ ਭੱਜਨੱਸ ਕਰਦੇ ਰਹਿਣਾ ਪੈਂਦਾ ਹੈ...

ਲੈਨਿਨ ਦੇ ਕੋਲ਼ ਕੁਝ ਗਾਹਕ ਅਚਾਨਕ ਵੀ ਆ ਜਾਂਦੇ ਹਨ। "ਜੋ ਲੋਕ (ਰਸਾਇਣਕ) ਖਾਦ ਵੇਚਦੇ ਹਨ, ਜੋ ਹਾਈਬ੍ਰਿਡ (ਹਾਈਬ੍ਰਿਡ) ਬੀਜ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ, ਉਹ ਸਾਰੇ ਮੇਰੇ ਕੋਲੋਂ ਚੌਲ਼ ਖਰੀਦਦੇ ਹਨ,'' ਇਸ ਵਿਡੰਬਨਾ 'ਤੇ ਲੈਨਿਨ ਹੱਸਦੇ ਹਨ, "ਖੇਤੀ ਉਤਪਾਦ ਵਿਕਰੀ ਕੰਪਨੀ ਦੇ ਮਾਲਕ ਮੈਨੂੰ ਕਹਿੰਦੇ ਹਨ ਕਿ ਮੈਂ ਬਿਨਾ ਨਾਂਅ ਵਾਲ਼ੀਆਂ ਸਾਦਾ ਬੋਰੀਆਂ ਵਿੱਚ ਚੌਲ਼ ਭਰ ਕੇ ਉਨ੍ਹਾਂ ਦੀਆਂ ਦੁਕਾਨਾਂ 'ਤੇ ਛੱਡ ਜਾਵਾਂ। ਇਹਦੇ ਪੈਸੇ ਉਹ ਮੈਨੂੰ ਜੀ-ਪੇਅ ਰਾਹੀਂ ਦਿੰਦੇ ਹਨ। ਉਹ ਇਹ ਕੰਮ ਬਿਨਾ ਕਿਸੇ ਰੌਲ਼ੇ-ਰੱਪੇ ਦੇ ਕਰਨਾ ਚਾਹੁੰਦੇ ਹਨ।''

ਚੌਲ਼ਾਂ ਦੇ ਵਿਤਰਣ ਤੋਂ ਹਰ ਮਹੀਨੇ ਚਾਰ ਤੋਂ ਅੱਠ ਲੱਖ ਦਾ ਕਾਰੋਬਾਰ ਹੁੰਦਾ ਹੈ। ਲਗਭਗ 4,000 ਤੋਂ 8,000 ਰੁਪਏ ਦਾ ਮੁਨਾਫ਼ਾ ਹੁੰਦਾ ਹੈ। ਖ਼ੈਰ ਲੈਨਿਨ ਇਸੇ ਤੋਂ ਖੁਸ਼ ਹਨ। "ਜਦੋਂ ਮੈਂ ਚੌਲ਼ਾਂ ਨੂੰ ਸਟੋਰ ਕਰਨ ਲਈ ਸ਼ਹਿਰ ਵਿੱਚ ਇੱਕ ਕਮਰਾ ਕਿਰਾਏ 'ਤੇ ਲਿਆ, ਤਾਂ ਉਹਦਾ ਕਿਰਾਇਆ ਭਰਨਾ ਮੁਸ਼ਕਲ ਹੋਣ ਲੱਗਿਆ। ਕਿਰਾਇਆ ਜ਼ਿਆਦਾ ਸੀ, ਖੇਤ ਤੋਂ ਦੂਰ ਰਹਿਣਾ ਮੁਸ਼ਕਲ ਸੀ ਅਤੇ ਹੈਲਪਰ ਨੂੰ ਕੀਤੇ ਜਾਣ ਵਾਲ਼ੇ ਭੁਗਤਾਨਾਂ 'ਤੇ ਬਹੁਤ ਸਾਰਾ ਪੈਸਾ ਖਰਚ ਕਰਨਾ ਪੈਂਦਾ ਸੀ। ਉਸ ਸਮੇਂ ਮੈਂ ਨੇੜੇ ਦੀ ਇੱਕ ਵੱਡੀ ਚੌਲ਼ ਮਿੱਲ ਤੋਂ ਖ਼ੌਫ਼ ਖਾਇਆ ਕਰਦਾ ਸਾਂ। ਇਸ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਸਨ ਅਤੇ ਉਨ੍ਹਾਂ ਕੋਲ਼ ਬਿਲਕੁਲ ਨਵੀਂ ਮਸ਼ੀਨਰੀ ਸੀ। ਮੈਂ ਵੀ ਮਿੱਲ ਅੰਦਰ ਜਾਣ ਤੋਂ ਝਿਜਕਿਆ ਕਰਦਾ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਸ ਮਿੱਲ 'ਤੇ ਕਰੋੜਾਂ ਰੁਪਏ ਦਾ ਕਰਜ਼ਾ ਸੀ।''

ਲੈਨਿਨ ਦਾ ਕਹਿਣਾ ਹੈ ਕਿ ਪਿਛਲੀ ਪੀੜ੍ਹੀ ਨੇ ਦੇਸੀ ਚੌਲ਼ਾਂ ਨੂੰ ਉਤਸ਼ਾਹਤ ਕਰਦੇ ਹੋਏ ਕੋਈ ਪੈਸਾ ਨਹੀਂ ਕਮਾਇਆ। "ਮੈਂ ਥੋੜ੍ਹਾ ਜਿਹਾ ਮੁਨਾਫ਼ਾ ਕਮਾਉਂਦਾ ਹਾਂ, ਕੁਦਰਤ ਦੇ ਨਾਲ਼ ਰਹਿੰਦਾ ਹਾਂ, ਵਾਤਾਵਰਣ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਂਦਾ ਹਾਂ ਅਤੇ ਚੌਲ਼ ਦੀਆਂ ਗੁੰਮ ਹੋਈਆਂ ਕਿਸਮਾਂ ਨੂੰ ਇੱਕ ਵਾਰ ਫਿਰ ਜਿਊਂਦਾ ਕਰਦਾ ਹਾਂ।'' ਇਸ ਵਿੱਚ ਦੱਸੋ ਕਿਹੜਾ ਕੰਮ ਹੈ ਜੋ ਖ਼ੁਸ਼ੀ ਨਹੀਂ ਦੇਵੇਗਾ, ਉਨ੍ਹਾਂ ਦੀ ਫੈਲਦੀ ਮੁਸਕਾਨ ਸਵਾਲ ਕਰਦੀ ਜਾਪਦੀ ਹੈ।

ਲੈਨਿਨ ਮੁਸਕਰਾਉਂਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਲਿਸ਼ਕਣ ਲੱਗਦੀਆਂ ਹਨ। ਆਪਣੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦਾ ਚਿਹਰਾ ਲਿਸ਼-ਲਿਸ਼ ਕਰ ਉੱਠਦਾ ਹੈ। ਉਹ ਪੰਜ ਚੀਜ਼ਾਂ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਵਿੱਚ ਹਨ: ਬੀਜ, ਵਣਜ, ਕਿਤਾਬਾਂ, ਦਸਤਕਾਰੀ ਅਤੇ ਸੰਰਖਣ।

ਦੋ ਕੁੱਤੇ ਵੀ ਸਾਡੇ ਨਾਲ਼ ਖੇਤ ਵਿੱਚ ਘੁੰਮ ਰਹੇ ਹੁੰਦੇ ਹਨ ਜਿਓਂ ਸਾਡੀ ਗੱਲਬਾਤ ਸੁਣਦੇ ਹੋਣ। "ਬਿੱਲੀਆਂ ਕਿਸਾਨਾਂ ਲਈ ਵਧੇਰੇ ਮਦਦਗਾਰ ਹੁੰਦੀਆਂ ਹਨ,'' ਮੈਨੂੰ ਕੁੱਤਿਆਂ ਦੀਆਂ ਤਸਵੀਰਾਂ ਲੈਂਦਿਆਂ ਦੇਖ ਲੈਨਿਨ ਮੁਸਕਰਾਉਂਦੇ ਹਨ। ''ਖ਼ਾਸਕਰ ਜੇ ਉਹ ਚੂਹਿਆਂ ਦੀਆਂ ਚੰਗੀਆਂ ਸ਼ਿਕਾਰੀ ਹੋਣ।" ਸਾਡੇ ਨਾਲ਼ ਘੁੰਮ ਰਹੇ ਛੋਟੇ ਜਿਹੇ ਕੁੱਤੇ ਨਾ ਜ਼ੁਬਾਨ ਬਾਹਰ ਕੱਢੀ ਹੋਈ ਹੈ।

*****

ਮਾਰਚ 2024 ਦੀ ਆਪਣੀ ਮਹੀਨੇਵਾਰ ਬੈਠਕ ਵਿੱਚ ਕਲਾਸਪੱਕਮ ਆਰਗੈਨਿਕ ਫਾਰਮਰਸ ਫੋਰਮ ਤਿੰਨ ਦਿਨ ਪਹਿਲਾਂ ਹੀ 5 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਿਹਾ ਹੈ। ਪੁਰਸ਼ਾਂ ਨੇ ਅੱਜ ਇੱਕ ਤਰ੍ਹਾਂ ਨਾਲ਼ ਔਰਤਾਂ ਦਾ ਅਨੁਸਰਣ ਕਰਨ ਦਾ ਫ਼ੈਸਲਾ ਲਿਆ ਹੈ। ਅੱਜ ਔਰਤਾਂ ਹੀ ਬੋਲ ਰਹੀਆਂ ਹਨ। ਕਿਸਾਨ ਸੁਮਤੀ ਪੁਰਸ਼ਾਂ ਤੋਂ ਪੁੱਛਦੀ ਹਨ: "ਜੇ ਤੁਹਾਡੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਦੇ ਨਾਂਅ ਜ਼ਮੀਨਾਂ ਬੋਲਦੀਆਂ ਹੁੰਦੀਆਂ– ਤੁਹਾਡੀ ਭੈਣ, ਤੁਹਾਡੀ ਪਤਨੀ ਦੇ ਨਾਮ 'ਤੇ, ਤਾਂ ਅੱਜ ਇੱਥੇ ਬਹੁਤੀ ਗਿਣਤੀ ਵਿੱਚ ਔਰਤਾਂ ਇਕੱਠੀਆਂ ਹੋਈਆਂ ਹੁੰਦੀਆਂ। ਠੀਕ ਕਿ ਨਹੀਂ?" ਹਾਜ਼ਰ ਲੋਕਾਂ ਨੇ ਤਾੜੀਆਂ ਮਾਰ ਉਨ੍ਹਾਂ ਦੇ ਸਵਾਲ ਦਾ ਸਵਾਗਤ ਕੀਤਾ।

PHOTO • M. Palani Kumar
PHOTO • M. Palani Kumar

5 ਮਾਰਚ 2024 ਨੂੰ ਕਲਾਸਪੱਕਮ ਆਰਗੈਨਿਕ ਫੋਰਮ ਦੀ ਮੀਟਿੰਗ , ਜਦੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

PHOTO • Sabari Girisan
PHOTO • Aparna Karthikeyan

ਜੁਲਾਈ 2023 ਵਿੱਚ ਕਲਾਸਪੱਕਮ ਵਿਖੇ ਸ਼ੁੱਕਰਵਾਰੀ ਬਜ਼ਾਰ ਜਿੱਥੇ ਕਿਸਾਨ ਆਪਣੀ ਉਪਜ ਨਾਲ਼ ਆਉਂਦੇ ਹਨ ਅਤੇ ਇਸਨੂੰ ਸਿੱਧੇ ਖਪਤਕਾਰਾਂ ਨੂੰ ਵੇਚਦੇ ਹਨ

"ਅਸੀਂ ਹਰ ਸਾਲ ਮਹਿਲਾ ਦਿਵਸ ਮਨਾਉਣ ਜਾ ਰਹੇ ਹਾਂ," ਰਾਜੇਂਦਰਨ ਐਲਾਨ ਕਰਦੇ ਹਨ। ਹਰ ਕੋਈ ਤਾੜੀਆਂ ਮਾਰਦਾ ਹੈ। ਉਨ੍ਹਾਂ ਦੀਆਂ ਹੋਰ ਯੋਜਨਾਵਾਂ ਵੀ ਹਨ। ਹਫ਼ਤਾਵਾਰੀ ਬਜ਼ਾਰ ਜੋ ਹਰ ਸ਼ੁੱਕਰਵਾਰ ਨੂੰ ਲੱਗਦਾ ਹੈ ਤੇ ਦੋ ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਬਹੁਤ ਸਫ਼ਲ ਰਿਹਾ ਹੈ। ਨੇੜਲੇ ਪਿੰਡਾਂ ਦੇ ਲਗਭਗ ਦਸ ਕਿਸਾਨ ਆਪਣੀ ਉਪਜ ਲਿਆਉਂਦੇ ਹਨ ਅਤੇ ਕਲਾਸਪੱਕਮ ਦੇ ਇੱਕ ਸਕੂਲ ਦੇ ਸਾਹਮਣੇ ਇਮਲੀ ਦੇ ਰੁੱਖ ਦੀ ਛਾਂਵੇਂ ਬਹਿ ਵੇਚਦੇ ਹਨ। ਤਮਿਲ ਮਹੀਨੇ ਆਦਿ (ਅੱਧ ਜੁਲਾਈ ਤੋਂ ਅੱਧ ਅਗਸਤ ਤੱਕ) ਵਿੱਚ ਬਿਜਾਈ ਦੇ ਮੌਸਮ ਤੋਂ ਪਹਿਲਾਂ ਅਯੋਜਿਤ ਹੋਣ ਵਾਲੇ ਸਾਲਾਨਾ ਬੀਜ ਮੇਲੇ ਲਈ ਤਰੀਕਾਂ ਤੈਅ ਹੋ ਗਈਆਂ ਹਨ। ਜਨਵਰੀ ਵਿੱਚ ਇੱਕ ਫੂਡ ਫੈਸਟੀਵਲ ਵੀ ਆਯੋਜਿਤ ਹੋਣਾ ਹੈ। "ਆਓ ਫਿਰ ਮਈ ਵਿੱਚ ਇੱਕ ਮਹਾਪੰਚਾਇਤ ਵੀ ਕਰੀਏ," ਰਾਜੇਂਦਰਨ ਕਹਿੰਦੇ ਹਨ। ''ਸਾਨੂੰ ਕਈ ਗੱਲਾਂ ਵਿਚਾਰ ਦੀ ਲੋੜ ਹੈ ਤੇ ਹੋਰ ਬੜੇ ਸਾਰੇ ਕੰਮ ਵੀ ਕਰਨੇ ਹਨ।''

ਹਾਲਾਂਕਿ, ਕੁਝ ਮੁੱਦੇ ਅਜਿਹੇ ਹਨ ਜਿਨ੍ਹਾਂ 'ਤੇ ਜਨਤਕ ਤੌਰ 'ਤੇ ਚਰਚਾ ਨਹੀਂ ਕੀਤੀ ਗਈ। ਲੈਨਿਨ ਅੱਗੇ ਕਹਿੰਦੇ ਹਨ ਕਿ ਝੋਨਾ ਕਿਸਾਨਾਂ ਦੇ ਗੌਰਵ ਨਾਲ਼ ਜੁੜਿਆ ਹੋਇਆ ਹੋ ਸਕਦਾ ਹੈ; ਪਰ ਸਮਾਜ ਵਿੱਚ ਕਿਸਾਨਾਂ ਨੂੰ ਰੁਤਬਾ ਹਾਸਲ ਨਹੀਂ ਹੈ।  "ਫ਼ਿਲਮਾਂ ਦੀ ਗੱਲ ਕਰੀਏ ਤਾਂ ਫ਼ਿਲਮਾਂ ਦੇ ਹੀਰੋ ਹਮੇਸ਼ਾ ਡਾਕਟਰ, ਇੰਜੀਨੀਅਰ ਅਤੇ ਵਕੀਲ ਹੁੰਦੇ ਹਨ। ਕਿਸਾਨ ਕਿਤੇ ਨਜ਼ਰ ਆਉਂਦੇ ਨੇ?'' ਰਾਜੇਂਦਰਨ ਪੁੱਛਦੇ ਹਨ। "ਇਨ੍ਹਾਂ ਸਭ ਗੱਲਾਂ ਦਾ ਅਸਰ ਇਸ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ-ਮੰਡੀ ਵਿੱਚ ਕਿਸਾਨਾਂ ਨੂੰ ਕਿਹੜੀ ਨਜ਼ਰ ਨਾਲ਼ ਦੇਖਿਆ ਜਾਂਦਾ ਹੈ,'' ਲੈਨਿਨ ਨੁਕਤਾ ਚੁੱਕਦੇ ਹਨ।

ਲੈਨਿਨ ਕਹਿੰਦੇ ਹਨ, "ਭਾਵੇਂ ਸਾਡੇ ਕੋਲ਼ ਜ਼ਮੀਨ ਹੋਵੇ, ਡਿਗਰੀ (ਕਈ ਵਾਰ ਤਾਂ ਦੋ-ਦੋ) ਅਤੇ ਸਾਡੀ ਆਮਦਨੀ ਵੀ ਚੰਗੀ-ਭਲ਼ੀ ਹੋਵੇ, ਫਿਰ ਵੀ ਸਾਨੂੰ ਠੁਕਰਾ ਦਿੱਤਾ ਜਾਂਦਾ ਹੈ ਕਿਉਂਕਿ ਅਸੀਂ ਕਿਸਾਨ ਹਾਂ। ਖੇਤੀਬਾੜੀ ਆਪਣੇ ਆਪ ਵਿੱਚ ਇੰਨੀ ਅਨਿਸ਼ਚਿਤ ਹੋ ਗਈ ਹੈ ਕਿ ਕੋਈ ਵੀ ਵਿਆਹ ਲਈ ਲਾੜਾ ਲੱਭਣ ਦੀ ਸੂਰਤ ਵਿੱਚ ਵੀ ਕਿਸਾਨ ਵਾਲ਼ਾ ਕਾਲਮ ਦੇਖਣਾ ਤੱਕ ਨਹੀਂ ਚਾਹੁੰਦਾ, ਠੀਕ ਕਿਹਾ ਜਾਂ ਨਹੀਂ?"

ਇੱਕ ਇਮਾਨਦਾਰ ਕਿਸਾਨ ਅਤੇ ਵਿਤਰਕ ਵਜੋਂ, ਲੈਨਿਨ ਵਿਭਿੰਨਤਾ ਵਿੱਚ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਦਾ ਹੱਲ ਵੇਖਦੇ ਹਨ। "ਜ਼ਿੰਦਗੀ ਵਾਂਗੂ ਰੁਜ਼ਗਾਰ ਵਿੱਚ ਵੀ ਤੁਸੀਂ ਜਦੋਂ ਵਸੀਲਿਆਂ ਦੀਆਂ ਲੜੀਆਂ ਵਧਾਉਂਦੇ ਹੋ, ਤਾਂ ਤੁਹਾਡੀਆਂ ਸਫ਼ਲਤਾ ਦੀਆਂ ਸੰਭਾਵਨਾਵਾਂ ਵੀ ਉਸੇ ਸਮੇਂ ਵਿਕਸਤ ਹੋਣ ਲੱਗਦੀਆਂ ਹਨ," ਉਹ ਕਹਿੰਦੇ ਹਨ।

ਜਦੋਂ ਤੁਸੀਂ ਵਧੇਰੇ ਕਿਸਮਾਂ ਦੀ ਕਾਸ਼ਤ ਕਰਦੇ ਹੋ ਅਤੇ ਵੇਚਦੇ ਹੋ ਤਾਂ ਤੁਸੀਂ ਜੋਖਮਾਂ ਨੂੰ ਘੱਟ ਕਰਦੇ ਹੋ। "ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਦਾ ਇਹੀ ਇੱਕੋ ਇੱਕ ਤਰੀਕਾ ਹੈ," ਉਹ ਕਹਿੰਦੇ ਹਨ, ਇਸ ਨੂੰ ਵਿਸ਼ੇਸ਼ ਉਦਾਹਰਣਾਂ ਅਤੇ ਵਿਕਾਸ ਦੇ ਸਮੇਂ ਨਾਲ਼ ਸਮਝਾਉਂਦੇ ਹਨ। "ਇਹ ਗਲਤ ਧਾਰਨਾ ਹੈ ਕਿ ਆਧੁਨਿਕ ਕਿਸਮਾਂ ਜਲਦੀ ਹੀ ਵਾਢੀ ਲਈ ਤਿਆਰ ਹੋ ਜਾਂਦੀਆਂ ਹਨ ਅਤੇ ਦੇਸੀ ਝੋਨੇ ਨੂੰ ਵਧੇਰੇ ਸਮਾਂ ਲੱਗਦਾ ਹੈ। ਇਹ ਗਲਤ ਹੈ। ਦੇਸੀ ਬੀਜਾਂ ਵਿੱਚ ਛੋਟੀ ਅਤੇ ਲੰਬੀ ਮਿਆਦ ਦੋਵਾਂ ਦੇ ਵਾਢੀ ਚੱਕਰ ਹੁੰਦੇ ਹਨ। ਜਦੋਂ ਕਿ ਹਾਈਬ੍ਰਿਡ ਬੀਜਾਂ ਦੀ ਵਾਢੀ ਦਾ ਚੱਕਰ ਜ਼ਿਆਦਾਤਰ ਮੱਧਮ ਮਿਆਦ ਦਾ ਹੁੰਦਾ ਹੈ। ਉਨ੍ਹਾਂ ਕੋਲ਼ ਵਾਢੀ ਲਈ ਸਿਰਫ਼ ਇੱਕ ਜਾਂ ਦੋ ਨਿਸ਼ਚਿਤ ਮਿਆਦ ਹੁੰਦੀ ਹੈ,'' ਉਹ ਗੱਲ ਪੂਰੀ ਕਰਦੇ ਹਨ।

ਦੇਸੀ ਝੋਨੇ ਵਿੱਚ ਹੋਰ ਵੀ ਬਹੁਤ ਸਾਰੇ ਵਿਕਲਪ ਹਨ। "ਕੁਝ ਜਸ਼ਨਾਂ ਲਈ ਉਗਾਏ ਜਾਂਦੇ ਹਨ (ਤਿਉਹਾਰਾਂ ਵਿੱਚ ਵਰਤੇ ਜਾਣ ਲਈ) ਅਤੇ ਕੁਝ ਦਵਾਈਆਂ ਲਈ ਵੀ। ਉਹ ਮਜ਼ਬੂਤ ਹੁੰਦੇ ਹਨ, ਕੀੜਿਆਂ ਤੇ ਸੋਕੇ ਦੇ ਪ੍ਰਤੀਰੋਧਕ ਹੁੰਦੇ ਹਨ ਅਤੇ ਮਿੱਟੀ ਦੇ ਖਾਰੇਪਣ ਦੇ ਵਿਰੁੱਧ ਵੀ ਬਚ ਸਕਦੇ ਹਨ।'''

PHOTO • M. Palani Kumar
PHOTO • M. Palani Kumar

ਲੈਨਿਨ ਵੱਲੋਂ ਬੀਜੀਆਂ ਖੁਦਰਾਏ ਵਾਲ ਸਾਂਬਾ (ਖੱਬੇ) ਅਤੇ ਰੱਤਸਾਲੀ (ਸੱਜੇ) ਜਿਹੀਆਂ ਕਿਸਮਾਂ

ਡਾ. ਰੇਂਗਾਲਕਸ਼ਮੀ ਦਾ ਕਹਿਣਾ ਹੈ ਕਿ ਜਿੱਥੇ ਮੁਸ਼ਕਲਾਂ ਜ਼ਿਆਦਾ ਹਨ, ਉੱਥੇ ਵਿਭਿੰਨਤਾ ਵੀ ਜ਼ਿਆਦਾ ਹੈ। "ਤੱਟਵਰਤੀ ਤਾਮਿਲ਼ਨਾਡੂ ਅਤੇ ਖਾਸ ਤੌਰ 'ਤੇ ਕਡਲੂਰ ਤੋਂ ਰਾਮਨਾਥਪੁਰਮ ਜ਼ਿਲ੍ਹਿਆਂ ਦੇ ਖੇਤਰ ਨੂੰ ਲਓ, ਜਿੱਥੇ ਖਾਰਾਪਣ ਅਤੇ ਮਿੱਟੀ ਦੀ ਕਿਸਮ ਝੋਨੇ ਦੀਆਂ ਕਈ ਵੱਖ-ਵੱਖ ਦੇਸੀ ਕਿਸਮਾਂ ਦਾ ਕਾਰਨ ਬਣਦੀ ਹੈ, ਜੋ ਵੱਖ-ਵੱਖ ਸਮੇਂ ਵਿੱਚ ਪੱਕਦੀਆਂ ਹਨ। ਉਦਾਹਰਣ ਵਜੋਂ, ਨਾਗਾਪੱਟੀਨਮ ਅਤੇ ਵੇਦਰਾਨਯਮ ਦੇ ਵਿਚਕਾਰਲੇ ਖੇਤਰ ਵਿੱਚ, ਚੌਲ਼ਾਂ ਵਿੱਚ 20 ਤੋਂ ਵੱਧ ਅਜਿਹੀਆਂ ਕਿਸਮਾਂ ਉਗਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਕੁਲੀਵੇਦੀਚਨ ਆਦਿ ਕਿਹਾ ਜਾਂਦਾ ਸੀ।''

"ਨਾਗਾਪੱਟੀਨਮ ਅਤੇ ਪੁੰਬੂਹਾਰ ਦੇ ਵਿਚਕਾਰ, ਚੌਲ਼ਾਂ ਦੀ ਇੱਕ ਹੋਰ ਕਿਸਮ ਉਗਾਈ ਜਾਂਦੀ ਹੈ ਜਿਸਨੂੰ ਕੁਲੁਰੂੰਡਾਈ ਕਿਹਾ ਜਾਂਦਾ ਹੈ ਅਤੇ ਪਿਛਲੇ ਸਮੇਂ ਵਿੱਚ, ਸੂਖਮ-ਖੇਤੀਬਾੜੀ-ਵਾਤਾਵਰਣ ਪ੍ਰਣਾਲੀ ਦੇ ਪ੍ਰਬੰਧਨ ਲਈ ਕਈ ਸਥਾਨਕ ਤੌਰ 'ਤੇ ਅਨੁਕੂਲ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਸੀ। ਇਨ੍ਹਾਂ ਬੀਜਾਂ ਨੂੰ ਇੱਕ ਜੈਵਿਕ (ਆਣੁਵਾਂਸ਼ਿਕ) ਵਸਤੂ ਮੰਨਿਆ ਜਾਂਦਾ ਸੀ ਅਤੇ ਆਉਣ ਵਾਲ਼ੇ ਮੌਸਮ ਲਈ ਸੁਰੱਖਿਅਤ ਰੱਖਿਆ ਜਾਂਦਾ ਸੀ। ਪਰ ਹੁਣ ਜਦੋਂ ਬੀਜ ਬਾਹਰੋਂ ਆ ਰਹੇ ਹਨ, ਤਾਂ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਆਦਤ ਭੁੱਲ ਗਈ ਹੈ।'' ਇਹੀ ਕਾਰਨ ਹੈ ਕਿ ਜਦੋਂ ਜਲਵਾਯੂ ਪਰਿਵਰਤਨ ਕਾਰਨ ਵਧੇਰੇ ਮੁਸੀਬਤ ਆਉਂਦੀ ਹੈ, ਤਾਂ ਡਾ. ਰੇਂਗਾਲਕਸ਼ਮੀ ਦੇ ਅਨੁਸਾਰ, "ਵਿਭਿੰਨਤਾਵਾਂ ਦਾ ਗਿਆਨ ਅਲੋਪ ਹੋ ਜਾਂਦਾ ਹੈ।''

ਲੈਨਿਨ ਦਾ ਕਹਿਣਾ ਹੈ ਕਿ ਵਿਭਿੰਨਤਾ ਛੋਟੀਆਂ ਖੇਤੀਬਾੜੀ ਜ਼ਮੀਨਾਂ ਰਾਹੀਂ ਬਚਦੀ ਹੈ ਜਿੱਥੇ ਇਕੱਠਿਆਂ ਕਈ ਫ਼ਸਲਾਂ ਉਗਾਈਆਂ ਜਾਂਦੀਆਂ ਹਨ। "ਮਸ਼ੀਨਰੀ ਪ੍ਰਕਿਰਿਆਵਾਂ ਅਤੇ ਵੱਡੇ ਬਾਜ਼ਾਰਾਂ ਨੇ ਸਦਾ ਇਹਨੂੰ ਘੱਟ ਕਰਕੇ ਹੀ ਅੰਗਿਆ ਹੈ। ਅਜੇ ਵੀ ਅਜਿਹੀਆਂ ਫ਼ਸਲਾਂ ਹਨ ਜੋ ਜਲਵਾਯੂ ਪਰਿਵਰਤਨ ਕਾਰਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਬਾਰਸ਼ ਵਾਲ਼ੇ ਖੇਤਰਾਂ ਵਿੱਚ ਉਗਾਈਆਂ ਜਾ ਸਕਦੀਆਂ ਹਨ। ਰਾਗੀ, ਤਿਲ, ਹਰੇ ਮਟਰ, ਬਟਰ ਬੀਨ ਜਾਂ ਸੀਵਾ ਬੀਨ, ਬਾਜਰਾ, ਜਵਾਰ... ਇਹ ਫ਼ਸਲਾਂ ਵੀ ਸ਼ਾਨਦਾਰ ਹਨ। ਪਰ ਅਜਿਹੇ ਸਮੇਂ ਜਦੋਂ ਕਿਸਾਨ ਉਦਯੋਗਿਕ ਖੇਤੀ ਦੇ ਤਰੀਕਿਆਂ ਨੂੰ ਅਪਣਾ ਰਹੇ ਹਨ ਅਤੇ ਜਦੋਂ ਖੇਤੀਬਾੜੀ ਅਧਾਰਤ ਸਮਾਜਿਕ ਢਾਂਚੇ ਦੀ ਥਾਂ ਮਸ਼ੀਨੀ ਗਤੀਵਿਧੀਆਂ ਦੀ ਲੜੀ ਲੈ ਰਹੀ ਹੈ, ਗਿਆਨ ਨੂੰ ਤੇਜ਼ੀ ਨਾਲ਼ ਭੁਲਾਇਆ ਜਾ ਰਿਹਾ ਹੈ,'' ਲੈਨਿਨ ਕਹਿੰਦੇ ਹਨ।

ਸਭ ਤੋਂ ਵੱਡਾ ਨੁਕਸਾਨ ਹੁਨਰ ਦੇ ਨਾ ਹੋਣ ਦੇ ਰੂਪ ਵਿੱਚ ਹੁੰਦਾ ਹੈ। ਇਸ ਲਈ ਨਹੀਂ ਕਿ ਇਹ ਗਿਆਨ ਬੇਲੋੜਾ ਹੈ, ਬਲਕਿ ਇਸ ਲਈ ਕਿ ਇਹ ਗਿਆਨ- ਅਤੇ ਇਹ ਹੁਨਰ- ਪਿਛੜਿਆ ਮੰਨ ਲਿਆ ਜਾਂਦਾ ਹੈ। ਲੈਨਿਨ ਦਲੀਲ ਦਿੰਦੇ ਹਨ, "ਅਤੇ ਕਿਸੇ ਵੀ ਬੁੱਧੀਮਾਨ ਆਦਮੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਵਿਨਾਸ਼ਕਾਰੀ ਵਿਸ਼ਵਾਸ ਤੇ ਮਾਨਸਿਕਤਾ ਦੇ ਕਾਰਨ ਬਹੁਤ ਸਾਰੇ ਜਾਣਕਾਰ ਸਮਾਜ ਦੀਆਂ ਨਜ਼ਰਾਂ ਵਿੱਚ ਆਏ।''

ਲੈਨਿਨ ਦਾ ਮੰਨਣਾ ਹੈ ਕਿ ਇਸ ਦਾ ਹੱਲ ਹੈ। ਉਨ੍ਹਾਂ ਕਿਹਾ,''ਸਾਨੂੰ ਉਨ੍ਹਾਂ ਕਿਸਮਾਂ ਨੂੰ ਚਿੰਨ੍ਹਿਤ ਕਰਨ ਦੀ ਲੋੜ ਹੈ ਜੋ ਮੂਲ ਰੂਪ ਨਾਲ਼ ਇਸ ਖੇਤਰ ਤੋਂ ਹਨ। ਉਨ੍ਹਾਂ ਕਿਸਮਾਂ ਨੂੰ ਸੁਰੱਖਿਅਤ ਰੱਖਣਾ ਹੋਵੇਗਾ, ਉਗਾਉਣਾ ਹੋਵੇਗਾ ਤੇ ਸਾਡੀਆਂ ਥਾਲ਼ੀਆਂ ਤੱਕ ਪਹੁੰਚਾਉਣਾ ਵੀ ਹੋਵੇਗਾ। ਪਰ ਇਸ ਦੇ ਲਈ ਤੁਹਾਨੂੰ ਤਿਰੂਵੰਨਾਮਲਾਈ ਵਿੱਚ ਹੀ ਸੌ ਸਾਹਸੀ ਲੋਕਾਂ ਦੀ ਲੋੜ ਹੈ, ਤਾਂ ਜੋ ਇੱਕ ਰਾਖਸ਼ ਵਰਗੇ ਬਜ਼ਾਰ ਦਾ ਸਾਹਮਣਾ ਕਰ ਸਕਣ।''

"ਪੰਜ ਸਾਲਾਂ ਵਿੱਚ, ਮੈਂ ਸਹਿਕਾਰੀ ਖੇਤੀ ਦਾ ਹਿੱਸਾ ਬਣਨਾ ਚਾਹੁੰਦਾ ਹਾਂ ਅਤੇ ਭਾਈਚਾਰਕ ਖੇਤੀ ਸ਼ੁਰੂ ਕਰਨਾ ਚਾਹੁੰਦਾ ਹਾਂ। ਤੁਸੀਂ ਜਾਣਦੇ ਹੋ ਕਿ ਪਿਛਲੇ ਸਾਲ ਕਈ ਦਿਨਾਂ ਤੱਕ ਮੀਂਹ ਪਿਆ ਅਤੇ ਚਾਲ਼ੀ ਦਿਨ ਚੰਗੀ ਤਰ੍ਹਾਂ ਧੁੱਪ ਨਾ ਨਿਕਲ਼ੀ। ਦੱਸੋ ਅਜਿਹੀ ਹਾਲਤ ਵਿੱਚ ਝੋਨਾ ਕਿਵੇਂ ਸੁੱਕ ਸਕਦਾ? ਸਾਨੂੰ ਡਰਾਇਰ ਸੁਵਿਧਾ ਸਥਾਪਤ ਕਰਨ ਦੀ ਲੋੜ ਹੈ। ਜੇਕਰ ਅਸੀਂ ਮਿਲ਼ ਕੇ ਕੰਮ ਕਰਾਂਗੇ ਤਾਂ ਸਾਡੇ ਕੋਲ਼ ਤਾਕਤ ਹੋਵੇਗੀ।''

ਉਨ੍ਹਾਂ ਨੂੰ ਯਕੀਨ ਹੈ ਕਿ ਤਬਦੀਲੀ ਆਵੇਗੀ। ਬਦਲਾਅ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਦਿੱਸਣ ਲੱਗਿਆ ਹੈ। ਜੂਨ ਵਿੱਚ ਉਨ੍ਹਾਂ ਦਾ ਵਿਆਹ ਹੋਣ ਵਾਲ਼ਾ ਹੈ। ''ਸਿਆਸੀ ਜਾਂ ਨੀਤੀਗਤ ਪੱਧਰ 'ਤੇ ਤਬਦੀਲੀਆਂ ਹੌਲ਼ੀ-ਹੌਲ਼ੀ ਹੀ ਹੋਣਗੀਆਂ। ਕਾਹਲੀ ਵਿੱਚ ਲਏ ਗਏ ਫ਼ੈਸਲਿਆਂ ਨਾਲ਼ ਤੁਹਾਨੂੰ ਨੁਕਸਾਨ ਝੱਲਣੇ ਪੈ ਸਕਦੇ ਹਨ।''

ਇਹੀ ਕਾਰਨ ਹੈ ਕਿ ਲੈਨਿਨ ਦੀ ਸੁਸਤ ਰਫ਼ਤਾਰ, ਖ਼ਾਮੋਸ਼ ਅੰਦੋਲਨ, ਜਿਸ ਵਿੱਚ ਉਨ੍ਹਾਂ ਦੇ ਦੋਸਤ ਉਨ੍ਹਾਂ ਦੇ ਨਾਲ਼ ਹਨ, ਸ਼ਾਇਦ ਸਫ਼ਲਤਾ ਪਾ ਜਾਵੇ...

ਇਸ ਖੋਜ ਅਧਿਐਨ ਨੂੰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੁਆਰਾ ਆਪਣੇ ਖੋਜ ਫੰਡਿੰਗ ਪ੍ਰੋਗਰਾਮ 2020 ਤਹਿਤ ਫੰਡ ਦਿੱਤਾ ਗਿਆ ਹੈ।

ਕਵਰ ਫ਼ੋਟੋ: ਚੌਲ਼ ਦੀਆਂ ਕਿਸਮਾਂ - ਕੁਲੰਕਾਰ, ਕਰੁਦਨ ਸਾਂਬਾ ਅਤੇ ਕਰੁਣਸੀਰਕ ਸਾਂਬਾ।
ਫ਼ੋਟੋ - ਐੱਮ. ਪਲਾਨੀ ਕੁਮਾਰ

ਤਰਜਮਾ: ਕਮਲਜੀਤ ਕੌਰ

Aparna Karthikeyan

اپرنا کارتی کیئن ایک آزاد صحافی، مصنفہ اور پاری کی سینئر فیلو ہیں۔ ان کی غیر فکشن تصنیف ’Nine Rupees and Hour‘ میں تمل ناڈو کے ختم ہوتے ذریعہ معاش کو دستاویزی شکل دی گئی ہے۔ انہوں نے بچوں کے لیے پانچ کتابیں لکھیں ہیں۔ اپرنا اپنی فیملی اور کتوں کے ساتھ چنئی میں رہتی ہیں۔

کے ذریعہ دیگر اسٹوریز اپرنا کارتکیئن
Photographs : M. Palani Kumar

ایم پلنی کمار پیپلز آرکائیو آف رورل انڈیا کے اسٹاف فوٹوگرافر ہیں۔ وہ کام کرنے والی خواتین اور محروم طبقوں کی زندگیوں کو دستاویزی شکل دینے میں دلچسپی رکھتے ہیں۔ پلنی نے ۲۰۲۱ میں ’ایمپلیفائی گرانٹ‘ اور ۲۰۲۰ میں ’سمیُکت درشٹی اور فوٹو ساؤتھ ایشیا گرانٹ‘ حاصل کیا تھا۔ سال ۲۰۲۲ میں انہیں پہلے ’دیانیتا سنگھ-پاری ڈاکیومینٹری فوٹوگرافی ایوارڈ‘ سے نوازا گیا تھا۔ پلنی تمل زبان میں فلم ساز دویہ بھارتی کی ہدایت کاری میں، تمل ناڈو کے ہاتھ سے میلا ڈھونے والوں پر بنائی گئی دستاویزی فلم ’ککوس‘ (بیت الخلاء) کے سنیماٹوگرافر بھی تھے۔

کے ذریعہ دیگر اسٹوریز M. Palani Kumar

پی سائی ناتھ ’پیپلز آرکائیو آف رورل انڈیا‘ کے بانی ایڈیٹر ہیں۔ وہ کئی دہائیوں تک دیہی ہندوستان کے رپورٹر رہے اور Everybody Loves a Good Drought اور The Last Heroes: Foot Soldiers of Indian Freedom کے مصنف ہیں۔

کے ذریعہ دیگر اسٹوریز پی۔ سائی ناتھ
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur