60 ਸਾਲਾਂ ਨੂੰ ਪੁੱਜੇ ਸੁਬਈਆ ਪਿਛਲੇ ਕਈ ਸਾਲਾਂ ਤੋਂ ਆਪਣੇ ਆਸ-ਪਾਸ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਲੱਗੇ ਬੋਹੜ ਦੇ ਰੁੱਖਾਂ ਨੂੰ ਵੇਚਦੇ ਦੇਖ ਅਕਸਰ ਬੇਚੈਨ ਹੋ ਉੱਠਦੇ। ਦੋ ਦਹਾਕੇ ਪਹਿਲਾਂ, ਸੁਬਈਆ ਨੇ ਵੀ ਆਪਣੇ ਦੋ ਏਕੜ ਦੇ ਖੇਤ ਵਿੱਚ ਬੋਹੜ ਦਾ ਰੁੱਖ ਲਾਇਆ ਸੀ। ਇੰਨੇ ਵਕਫ਼ੇ ਵਿੱਚ ਇੱਕ ਕਲਮ ਹੁਣ ਵੱਡੇ ਰੁੱਖ ਦਾ ਅਕਾਰ ਲੈ ਚੁੱਕੀ ਸੀ। ਇਹਦੀਆਂ ਟਾਹਣੀਆਂ ਨੇ ਪੈਰ ਪਸਾਰੇ ਤੇ ਉਹ ਕਿਸੇ ਵੱਡ-ਅਕਾਰੀ ਛੱਤਰੀ ਜਿਹਾ ਬਣ ਗਿਆ ਜੋ ਹੁਣ ਗਰਮੀ ਰੁੱਤੇ ਛਾਂ ਤੇ ਪਨਾਹ ਦੋਵਾਂ ਦਾ ਕੰਮ ਕਰਦਾ ਸੀ।

ਪਰ ਇਸ ਵਾਰ ਅਜਿਹਾ ਕੁਝ ਵਾਪਰਿਆ ਕਿ ਸੁਬਈਆ ਨੂੰ ਆਪਣਾ ਉਹੀ ਬੋਹੜ ਸਿਰਫ਼ 8,000 ਰੁਪਏ ਵਿੱਚ ਵੇਚਣ ਨੂੰ ਮਜ਼ਬੂਰ ਹੋਣਾ ਪਿਆ। ਉਨ੍ਹਾਂ ਨੇ ਇਹ ਕਦਮ ਪਤਨੀ ਦੇ ਇਲਾਜ ਲਈ ਚੁੱਕਿਆ ਸੀ। ਦੋ ਸਾਲ ਪਹਿਲਾਂ ਗੌਰੀ-ਗਣੇਸ਼ ਹੱਬਾ (ਕਰਨਾਟਕ ਦਾ ਇੱਕ ਤਿਓਹਾਰ) ਤੋਂ ਪੰਦਰਾਂ ਕੁ ਦਿਨ ਪਹਿਲਾਂ ਸੁਬਈਆ ਦੀ ਪਤਨੀ, 56 ਸਾਲਾ ਮਹਾਦੇਵੰਮਾ ਜਦੋਂ ਬੱਕਰੀਆਂ ਚਰਾ ਰਹੀ ਸਨ ਤਾਂ ਅਚਾਨਕ ਪੈਰ ਫਿਸਲਣ ਨਾਲ਼ ਸੰਤੁਲਨ ਗੁਆ ਬੈਠੀ ਤੇ ਉਨ੍ਹਾਂ ਦੇ ਚੂਲ਼ੇ ਦੀ ਹੱਡੀ ਟੁੱਟ ਗਈ।

''ਮੈਂ ਇੱਜੜ 'ਚੋਂ ਵੱਖ ਹੋਏ ਮੇਮਣੇ ਮਗਰ ਭੱਜੀ ਸਾਂ ਤੇ ਮੇਰੀ ਨਜ਼ਰ ਉਸ ਪੱਥਰ 'ਤੇ ਪਈ ਹੀ ਨਾ। ਡਿੱਗਣ ਤੋਂ ਬਾਅਦ ਮੈਂ ਆਪੋਂ ਖੜ੍ਹੀ ਵੀ ਨਾ ਹੋ ਸਕੀ,'' ਉਸ ਮੰਦਭਾਗੇ ਦਿਨ ਬਾਰੇ ਚੇਤੇ ਕਰਦਿਆਂ ਮਹਾਦੇਵੰਮਾ ਕਹਿੰਦੀ ਹਨ,''ਮੈਨੂੰ ਸ਼ਦੀਦ ਪੀੜ੍ਹ ਹੋ ਰਹੀ ਸੀ। ਸ਼ੁਕਰ ਆ ਉੱਥੋਂ ਲੰਘਦੇ ਰਾਹਗੀਰਾਂ ਨੇ ਮੇਰੀ ਮਦਦ ਕੀਤੀ ਤੇ ਮੈਨੂੰ ਘਰ ਪਹੁੰਚਾਇਆ।''

ਇਸ ਘਟਨਾ ਨੇ ਪਤੀ-ਪਤਨੀ ਦੀ ਪਹਿਲਾਂ ਤੋਂ ਨਾਜ਼ੁਕ ਹਾਲਤ ਨੂੰ ਹੋਰ ਗੰਭੀਰ ਬਣਾ ਦਿੱਤਾ।

Left: Mahadevamma uses a walker to stroll in the front yard of her house.
PHOTO • Rangaswamy
Right: Subbaiah had to sell the beloved banyan tree he planted and nurtured on his field to raise funds for Mahadevamma’s medical treatment
PHOTO • Rangaswamy

ਖੱਬੇ ਪਾਸੇ: ਮਹਾਦੇਵੰਮਾ ਆਪਣੇ ਘਰ ਦੇ ਬਾਹਰ ਖੁੱਲ੍ਹੀ ਥਾਵੇਂ ਤੁਰਨ ਲਈ ਇੱਕ ਵਾਕਰ ਦੀ ਮਦਦ ਲੈਂਦੀ ਹੋਈ। ਸੱਜੇ ਪਾਸੇ: ਸੁਬਈਆ ਨੂੰ ਆਪਣੇ ਪਿਆਰੇ ਬੋਹੜ ਦੇ ਰੁੱਖ ਨੂੰ ਵੇਚਣਾ ਪਿਆ ਜੋ ਉਨ੍ਹਾਂ ਨੇ ਆਪਣੇ ਖੇਤ ਵਿੱਚ ਲਗਾਇਆ ਸੀ ਅਤੇ ਬੜੇ ਪਿਆਰ ਨਾਲ਼ ਪਾਲ਼ਿਆ ਸੀ। ਫਿਰ ਉਸੇ ਪੈਸਿਆਂ ਨਾਲ਼ ਮਹਾਦੇਵੰਮਾ ਦੇ ਇਲਾਜ ਦਾ ਖਰਚਾ ਚੁੱਕਿਆ ਸੀ

ਸੁਬਈਆ ਅਤੇ ਮਹਾਦੇਵੰਮਾ ਮੈਸੂਰੂ-ਊਟੀ ਹਾਈਵੇ 'ਤੇ ਨੰਜੰਗੁਦ ਕਸਬੇ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ 'ਤੇ ਹੁਨਾਸਾਂਲੂ ਪਿੰਡ ਵਿੱਚ ਰਹਿੰਦੇ ਹਨ। ਉਹ ਆਦਿ ਕਰਨਾਟਕ (ਏਕੇ) ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ ਜਿਸ ਨੂੰ ਕਰਨਾਟਕ ਵਿੱਚ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਕੀਤਾ ਗਿਆ ਹੈ। ਉਨ੍ਹਾਂ ਦੀ ਇਕ 20 ਸਾਲਾ ਬੇਟੀ ਪਵਿਤਰਾ ਅਤੇ 18 ਸਾਲ ਦਾ ਬੇਟਾ ਅਭਿਸ਼ੇਕ ਹਨ।

ਪਵਿਤਰਾ ਨੇ 8ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ। ਅਭਿਸ਼ੇਕ ਨੂੰ ਜਨਮ ਤੋਂ ਹੀ ਘੱਟ ਸੁਣਦਾ ਸੀ। ਬਾਅਦ ਦੇ ਸਾਲਾਂ ਵਿਚ, ਉਸ ਦੀ ਸਮੱਸਿਆ ਨੇ ਹੋਰ ਗੰਭੀਰ ਰੂਪ ਧਾਰਨ ਕਰ ਲਿਆ ਅਤੇ ਹੁਣ ਜਦੋਂ ਦੂਜੇ ਗੱਲ ਕਰ ਰਹੇ ਹੁੰਦੇ ਹਨ ਤਾਂ ਉਸ ਨੂੰ ਦੋਵਾਂ ਕੰਨਾਂ ਤੋਂ ਹੀ ਲਗਭਗ ਨਹੀਂ ਸੁਣਦਾ। ਇਸੇ ਕਾਰਨ ਉਹ ਬੋਲਣਾ ਵੀ ਨਹੀਂ ਸਿੱਖ ਸਕਿਆ। ਅਭਿਸ਼ੇਕ ਸਿਰਫ਼ ਇਸ਼ਾਰਿਆਂ ਰਾਹੀਂ ਸੰਵਾਦ ਕਰਦਾ ਹੈ ਅਤੇ ਉਸ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ ਕਿਉਂਕਿ ਉਹ ਵਾਹਨਾਂ ਦੀ ਹਰਕਤ ਜਾਂ ਉਨ੍ਹਾਂ ਦੇ ਹਾਰਨਾਂ ਦੀ ਆਵਾਜ਼ ਨਹੀਂ ਸੁਣ ਪਾਉਂਦਾ।

ਸੁਬਈਆ ਨੇ ਮੰਡਿਆ ਜ਼ਿਲ੍ਹੇ ਦੇ ਪਾਂਡਵਪੁਰਾ ਤਾਲੁਕਾ ਦੇ ਚਿਨਾਕੁਰਲੀ ਪਿੰਡ ਦੇ ਗਿਆਨਵਿਕਸ ਸਪੈਸ਼ਲ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਆਪਣੇ ਬੇਟੇ ਦਾ ਦਾਖਲਾ ਕਰਵਾਇਆ, ਜਿਸ ਨੂੰ ਸਿਰਫ ਗੂੰਗੇ ਅਤੇ ਬੋਲੇ ਬੱਚਿਆਂ ਲਈ ਸ਼ੁਰੂ ਕੀਤਾ ਗਿਆ ਹੈ। ਅਭਿਸ਼ੇਕ ਨੇ ਹੁਣ 12ਵੀਂ ਜਮਾਤ ਤੱਕ ਦੀ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ। ਹੁਣ ਉਹ ਪਰਿਵਾਰਕ ਗਾਂ ਦੀ ਦੇਖਭਾਲ਼ ਕਰਨ ਦੇ ਨਾਲ਼-ਨਾਲ਼ ਨੇੜਲੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਨੌਕਰੀ ਦੀ ਤਲਾਸ਼ ਕਰਦਾ ਰਹਿੰਦਾ ਹੈ ਤਾਂਕਿ ਪਰਿਵਾਰ ਦੇ ਖਰਚੇ ਵਿੱਚ ਆਪਣੀ ਹਿੱਸੇਦਾਰੀ ਪਾ ਸਕੇ।

ਦੂਜੇ ਪਾਸੇ, ਮਹਾਦੇਵੰਮਾ ਦੇ ਡਾਕਟਰੀ ਖਰਚਿਆਂ ਦਾ ਸਿੱਧਾ ਅਸਰ ਪਰਿਵਾਰ ਦੀ ਮਾਮੂਲੀ ਬੱਚਤ 'ਤੇ ਪਿਆ। ਆਪਣੇ ਬੋਹੜ ਦੇ ਦਰੱਖਤ ਨੂੰ ਵੇਚਣ ਤੋਂ ਬਾਅਦ ਵੀ, ਸੁਬਈਆ ਨੂੰ ਆਪਣੀ ਦੋ ਏਕੜ ਸੁੱਕੀ ਜ਼ਮੀਨ ਤਿੰਨ ਸਾਲ ਦੇ ਠੇਕੇ 'ਤੇ ਪਿੰਡ ਦੇ ਕਿਸੇ ਹੋਰ ਕਿਸਾਨ ਨੂੰ ਦੇਣੀ ਪਈ, ਜਿਹਦੇ ਬਦਲੇ ਉਨ੍ਹਾਂ ਨੂੰ 70,000 ਰੁਪਏ ਮਿਲ਼ੇ।

Mahadevamma (left) in happier times pounding turmeric tubers to bits. She used to earn Rs. 200 a day working on neigbouring farms before her fracture and subsequent injuries left her crippled.
PHOTO • Ramya Coushik
Right: (From left to right) Pavithra, Subbaiah, Mahadevamma and Abhishek in front of their home
PHOTO • Rangaswamy

ਮਹਾਦੇਵੰਮਾ (ਖੱਬੇ) ਆਪਣੇ ਚੰਗੇ ਦਿਨਾਂ ਵਿੱਚ ਹਲਦੀ ਦੀਆਂ ਗੰਢਾਂ ਨੂੰ ਕੁੱਟ ਕੇ ਛੋਟੇ-ਛੋਟੇ ਟੁਕੜੇ ਕਰਦੀ ਹੋਈ। ਚੂਲ਼ੇ ਦੀ ਹੱਡੀ ਟੁੱਟਣ ਤੋਂ ਪਹਿਲਾਂ, ਉਹ ਨੇੜਲੇ ਖੇਤਾਂ ਵਿੱਚ ਕੰਮ ਕਰਦੀ ਅਤੇ 200 ਰੁਪਏ ਦਿਹਾੜੀ ਕਮਾਉਂਦੀ ਸੀ। ਸੱਜੇ ਪਾਸੇ: ਆਪਣੇ ਘਰ ਦੇ ਸਾਹਮਣੇ (ਖੱਬਿਓਂ ਤੋਂ ਸੱਜੇ) ਪਵਿਤਰਾ, ਸੁਬਈਆ, ਮਹਾਦੇਵੰਮਾ ਅਤੇ ਅਭਿਸ਼ੇਕ

ਪੂਰੀ ਜਾਂਚ ਤੋਂ ਬਾਅਦ, ਮੈਸੂਰੂ ਦੇ ਕੇ.ਆਰ. ਹਸਪਤਾਲ ਦੇ ਡਾਕਟਰ ਇਸ ਨਤੀਜੇ 'ਤੇ ਪਹੁੰਚੇ ਕਿ ਮਹਾਦੇਵੰਮਾ ਨੂੰ ਸਰਜਰੀ ਕਰਵਾਉਣੀ ਪਵੇਗੀ, ਪਰ ਇਹ ਕੋਈ ਸੌਖਾ ਕੰਮ ਨਹੀਂ ਸੀ ਕਿਉਂਕਿ ਉਹ ਉਸ ਸਮੇਂ ਅਨੀਮੀਆ ਦੇ ਨਾਲ਼-ਨਾਲ਼ ਥਾਇਰਾਇਡ ਦੀ ਸਮੱਸਿਆ ਤੋਂ ਵੀ ਪੀੜਤ ਸਨ। ਪਰ 15 ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਰਹਿਣ ਤੋਂ ਬਾਅਦ, ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ ਸਰਜਰੀ ਲਈ ਛੇ ਹਫਤਿਆਂ ਦੇ ਅੰਦਰ ਦੁਬਾਰਾ ਆਉਣ ਦੀ ਹਦਾਇਤ ਦੇ ਨਾਲ਼ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

ਮਹਾਦੇਵੰਮਾ ਸਰੀਰਕ ਰੂਪ ਤੋਂ ਇਸ ਪਰੇਸ਼ਾਨੀ ਤੇ ਪੀੜ੍ਹ ਨੂੰ ਬਰਦਾਸ਼ਤ ਕਰਨ ਵਿੱਚ ਅਸਮਰਥ ਸਨ, ਇਸਲਈ ਪਤੀ-ਪਤਨੀ ਨੇ ਓਪਰੇਸ਼ਨ ਦੀ ਬਜਾਇ ਆਪਣੇ ਘਰੋਂ ਕੋਈ 130 ਕਿਲੋਮੀਟਰ ਦੂਰ ਗੁਆਂਢ ਦੇ ਤਮਿਲ਼ਨਾਡੂ ਦੇ ਇਰੋਡ ਜ਼ਿਲ੍ਹੇ ਦੇ ਸਿੰਗੁਰੀਪਲਾਯਮ ਪਿੰਡ ਵਿਖੇ ਵਿਕਲਪਿਕ ਇਲਾਜ ਕਰਾਉਣ ਦਾ ਫੈਸਲਾ ਕੀਤਾ। ਸਿੰਗੁਰੀਪਲਾਯਮ ਆਪਣੇ ਰਵਾਇਤੀ ਹੱਡੀਆਂ ਦੇ ਇਲਾਜ ਕੇਂਦਰਾਂ ਲਈ ਮਸ਼ਹੂਰ ਹੈ। ਉੱਥੇ ਪਹੁੰਚ ਕੇ ਮਹਾਦੇਵੰਮਾ ਦੀ ਲੱਤ ਨੂੰ ਅੱਡੀ ਤੋਂ ਚੂਲੇ ਤੱਕ ਫੱਟੀਆਂ ਨਾਲ਼ ਬੰਨ੍ਹਿਆ ਗਿਆ ਅਤੇ ਟੁੱਟੇ ਹੋਏ ਚੂਲ਼ੇ 'ਤੇ ਆਯੁਰਵੈਦਿਕ ਤੇਲ ਮਲ਼ਿਆ ਗਿਆ। ਇਹ ਮੈਡੀਕਲ ਪ੍ਰੈਕਟਿਸ ਕੋਈ ਸਸਤੀ ਨਹੀਂ ਸੀ। ਸੁਬਈਆ ਅਤੇ ਮਹਾਦੇਵੰਮਾ ਨੂੰ ਇਲਾਜ ਦੇ ਚਾਰ ਸੈਸ਼ਨਾਂ ਲਈ ਹਰ ਪੰਦਰਾਂ ਦਿਨਾਂ ਬਾਅਦ ਕਿਰਾਏ ਦੀ ਕਾਰ ਵਿੱਚ ਸਿੰਗੁਰੀਪਲਾਯਮ ਜਾਣਾ ਪੈਂਦਾ ਸੀ। ਪਰਿਵਾਰ ਨੂੰ ਹਰੇਕ ਮੈਡੀਕਲ ਸੈਸ਼ਨ ਲਈ 6,000 ਰੁਪਏ ਅਤੇ ਸਿੰਗੁਰੀਪਲਾਯਮ ਤੋਂ ਆਉਣ-ਜਾਣ ਲਈ ਕਾਰ ਦੇ ਕਿਰਾਏ ਲਈ 4,500 ਰੁਪਏ ਅੱਡ ਤੋਂ ਦੇਣੇ ਪੈਂਦੇ ਸਨ।

ਇਲਾਜ ਦੇ ਨਾਲ਼ ਹੋਰ ਉਲਝਣਾਂ ਵੀ ਸ਼ੁਰੂ ਹੋ ਗਈਆਂ। ਫੱਟੀਆਂ ਦੇ ਤਿੱਖੇ ਕੰਢੇ ਮਹਾਦੇਵੰਮਾ ਦੇ ਪੈਰ ਵਿੱਚ ਚੁੱਭਦੇ ਰਹਿੰਦੇ ਅਤੇ ਉਨ੍ਹਾਂ ਦੀ ਰਗੜ ਕਾਰਨ ਉਨ੍ਹਾਂ ਦੀ ਚਮੜੀ 'ਤੇ ਜ਼ਖਮ ਹੋ ਗਿਆ। ਇਹ ਜ਼ਖ਼ਮ ਹੌਲ਼ੀ-ਹੌਲ਼ੀ ਇੰਨਾ ਡੂੰਘਾ ਹੋ ਗਿਆ ਕਿ ਅੰਦਰੋਂ ਹੱਡੀਆਂ ਦਿਖਾਈ ਦੇਣ ਲੱਗੀਆਂ। ਸੁਬਈਆ ਫਿਰ ਮਹਾਦੇਵੰਮਾ ਨੂੰ ਨੰਜਨਗੁਡ ਦੇ ਇੱਕ ਨਿੱਜੀ ਕਲੀਨਿਕ ਵਿੱਚ ਲੈ ਗਏ। ਉੱਥੇ ਉਨ੍ਹਾਂ ਜ਼ਖਮਾਂ ਦੇ ਇਲਾਜ ਲਈ 30,000 ਰੁਪਏ ਵੱਖਰੇ ਤੌਰ 'ਤੇ ਖਰਚ ਕਰਨੇ ਪਏ ਪਰ ਪੈਰਾਂ ਦੇ ਜ਼ਖਮ ਰਾਜ਼ੀ ਨਾ ਹੋਏ।

ਬਦਕਿਸਮਤੀ ਇੱਥੇ ਹੀ ਨਾ ਮੁੱਕੀ। ਆਪਣੀ ਜ਼ਖਮੀ ਲੱਤ ਨਾਲ਼ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਮਹਾਦੇਵੰਮਾ ਦੋ ਵਾਰ ਹੋਰ ਡਿੱਗ ਪਈ ਜਿਸ ਨਾਲ਼ ਉਨ੍ਹਾਂ ਦੀਆਂ ਮੁਸੀਬਤਾਂ ਹੋਰ ਵੱਧ ਗਈਆਂ। ਉਨ੍ਹਾਂ ਦੇ ਗੋਡੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਨੇੜਲੇ ਹਸਪਤਾਲ ਵਿੱਚ ਇਲਾਜ ਕਰਵਾਉਣ ਦਾ 4,000 ਰੁਪਏ ਦਾ ਹੋਰ ਖਰਚਾ ਆਇਆ ਸੀ। ਇਲਾਜ ਦੇ ਬਾਅਦ, ਉਹ ਅਜੇ ਵੀ ਆਪਣੇ ਗੋਡੇ ਪੂਰੀ ਤਰ੍ਹਾਂ ਮੋੜ ਨਹੀਂ ਪਾਉਂਦੀ।

Left: Mahadevamma's x-ray showing her fracture.
PHOTO • Rangaswamy
Right: Her wounded foot where the splint pressed down.  Mahadevamma can no longer use this foot while walking
PHOTO • Rangaswamy

ਖੱਬੇ ਪਾਸੇ: ਮਹਾਦੇਵੰਮਾ ਦੇ ਐਕਸਰੇ ਵਿੱਚ ਉਨ੍ਹਾਂ ਦੀ ਟੁੱਟੀ ਹੋਈ ਹੱਡੀ ਸਾਫ਼ ਦਿਖਾਈ ਦੇ ਰਹੀ ਸੀ। ਸੱਜੇ ਪਾਸੇ: ਉਨ੍ਹਾਂ ਦਾ ਜ਼ਖ਼ਮੀ ਪੈਰ ਜਿੱਥੇ ਫੱਟੀਆਂ ਚੁੱਭਦੀਆਂ ਰਹੀਆਂ ਸਨ। ਮਹਾਦੇਵੰਮਾ ਹੁਣ ਤੁਰਨ ਲਈ ਇਸ ਲੱਤ ਦੀ ਵਰਤੋਂ ਨਹੀਂ ਕਰ ਸਕਦੀ

ਆਪਣੀ ਦੋ ਏਕੜ ਦੀ ਪੈਲ਼ੀ ਠੇਕੇ 'ਤੇ ਦੇਣ ਤੋਂ ਬਾਅਦ, ਸੁਬਈਆ ਨੇ ਜ਼ਮੀਨ ਤੋਂ ਹੋਣ ਵਾਲ਼ੀ ਆਮਦਨੀ ਵੀ ਗੁਆ ਲਈ। ਪਹਿਲਾਂ ਮਾਨਸੂਨ ਦੇ ਮੌਸਮ ਵਿੱਚ ਉਹ ਇਸ ਜ਼ਮੀਨ 'ਤੇ ਕਪਾਹ, ਮੱਕੀ, ਛੋਲੇ, ਮੂੰਗੀ, ਦਾਲਾਂ ਅਤੇ ਲੋਬੀਆ ਆਦਿ ਦੀ ਬਿਜਾਈ ਕਰਕੇ ਚੰਗੀ ਕਮਾਈ ਕਰਦੇ ਸਨ। ਉਨ੍ਹਾਂ ਨੂੰ ਇੱਕ ਸਥਾਨਕ ਸੈਲਫ-ਹੈਲਪ ਗਰੁੱਪ ਪਾਸੋਂ 4 ਫੀਸਦ ਦੀ ਦਰ ਨਾਲ਼ 100,000 ਰੁਪਏ ਦਾ ਲੋਨ ਲੈਣਾ ਪਿਆ ਹੈ। ਵਿਆਜ ਦੇ ਰੂਪ ਵਿੱਚ ਉਨ੍ਹਾਂ ਨੂੰ 3,000 ਰੁਪਏ ਪ੍ਰਤੀ ਮਹੀਨਾ ਦੇਣਾ ਪੈਂਦਾ ਹੈ। ਪੂਰਾ ਕਰਜ਼ਾ ਚੁਕਾਉਣ ਲਈ ਉਨ੍ਹਾਂ ਨੂੰ 14 ਕਿਸ਼ਤਾਂ ਹੋਰ ਅਦਾ ਕਰਨੀਆਂ ਪੈਣਗੀਆਂ। ਲੀਜ਼ 'ਤੇ ਦਿੱਤੀ ਗਈ ਜ਼ਮੀਨ ਨੂੰ ਵਾਪਸ ਲੈਣ ਲਈ ਉਨ੍ਹਾਂ ਨੂੰ ਪਟੇ ਦੀ ਰਾਸ਼ੀ ਵਜੋਂ 70,000 ਰੁਪਏ ਅੱਡ ਤੋਂ ਚੁਕਾਉਣੇ ਪੈਣੇ ਹਨ।

ਜਿਸ ਦਿਨ ਉਨ੍ਹਾਂ ਨੂੰ ਕੰਮ ਮਿਲ਼ ਜਾਵੇ ਤਾਂ 500 ਰੁਪਏ ਦੀ ਕਮਾਈ ਹੋ ਜਾਂਦੀ ਹੈ। ਆਮ ਤੌਰ 'ਤੇ, ਉਹਨਾਂ ਨੂੰ ਮਹੀਨੇ ਵਿੱਚ ਕੇਵਲ 20 ਦਿਨ ਹੀ ਕੰਮ ਮਿਲ਼ਦਾ ਹੈ। ਉਹ ਆਲ਼ੇ-ਦੁਆਲ਼ੇ ਦੇ ਇਲਾਕਿਆਂ ਵਿੱਚ ਖੇਤ ਮਜ਼ਦੂਰ ਵਜੋਂ ਕੰਮ ਕਰਦੇ ਹਨ ਅਤੇ ਪਿੰਡ ਵਿੱਚ ਕਿਸੇ ਉਸਾਰੀ ਅਧੀਨ ਇਮਾਰਤ ਵਿੱਚ ਦਿਹਾੜੀ ਮਜ਼ਦੂਰੀ ਵੀ ਕੰਮ ਕਰਦੇ ਹਨ। ਗੰਨੇ ਦੀ ਕਟਾਈ ਦੇ ਮੌਸਮ ਦੌਰਾਨ, ਸੁਬਈਆ ਖੰਡ ਦੀਆਂ ਫੈਕਟਰੀਆਂ ਵਿੱਚ ਗੰਨੇ ਦੇ ਟੁਕੜੇ ਕਰਨ ਦਾ ਕੰਮ ਵੀ ਕਰਦੇ ਹਨ। ਕਦੇ ਮਹਾਦੇਵੰਮਾ ਵੀ ਆਪਣੇ ਘਰ ਦੇ ਕੰਮ ਮੁਕਾ ਕੇ ਆਸ-ਪਾਸ ਦੇ ਖੇਤਾਂ 'ਚੋਂ ਘਾਹ ਪੁੱਟ ਤੇ ਨਦੀਨ ਚੁਗ ਕੇ 200 ਰੁਪਏ ਦਿਹਾੜੀ ਕਮਾ ਲਿਆ ਕਰਦੀ। ਇੰਨੇ ਨਾਲ਼ ਹੀ ਘਰ ਦੀ ਆਮਦਨੀ ਵਿੱਚ ਵਾਧਾ ਹੋ ਜਾਂਦਾ। ਪਰ ਹੁਣ ਤਾਂ ਬਗ਼ੈਰ ਸਹਾਰੇ ਤੁਰਨਾ ਉਨ੍ਹਾਂ ਲਈ ਸੰਭਵ ਹੀ ਨਹੀਂ ਰਿਹਾ।

ਉਨ੍ਹਾਂ ਦੀ ਦੁਧਾਰੂ ਗਾਂ, ਜੋ ਹਰ ਮਹੀਨੇ 200 ਲੀਟਰ ਦੁੱਧ ਦਿੰਦੀ ਸੀ ਅਤੇ ਘਰੇਲੂ ਆਮਦਨ ਵਿੱਚ 6,000 ਰੁਪਏ ਦਾ ਯੋਗਦਾਨ ਪਾਉਂਦੀ ਸੀ, ਦਾ ਪਿਛਲੇ ਦੋ ਸਾਲਾਂ ਤੋਂ ਸੂਆ ਨਹੀਂ ਹੋਇਆ। ਇਸ ਕਾਰਨ ਵੀ ਪਰਿਵਾਰ ਦੀ ਆਮਦਨੀ ਨੂੰ ਝਟਕਾ ਲੱਗਾ ਹੈ।

ਉਨ੍ਹਾਂ ਦਾ ਪੂਰਾ ਪਰਿਵਾਰ ਹੁਨਾਸਨਾਲੂ ਪਿੰਡ ਦੇ ਸਿਰੇ 'ਤੇ ਇੱਕ ਭੀੜੀ ਗਲੀ ਵਿੱਚ ਬਣੇ ਇੱਕ ਕਮਰੇ ਦੇ ਚੂਨਾ ਲਿਪੇ ਘਰ ਵਿੱਚ ਰਹਿੰਦਾ ਹੈ।

ਇਨ੍ਹਾਂ ਹਾਦਸਿਆਂ ਤੋਂ ਪਹਿਲਾਂ, ਸੁਬਈਆ ਨੂੰ ਆਪਣੇ ਪੁੱਤਰ ਤੋਂ ਬਹੁਤ ਉਮੀਦਾਂ ਸਨ। ਉਹ ਉਸਨੂੰ ਇੱਕ ਅਜਿਹੇ ਸਕੂਲ ਵਿੱਚ ਦਾਖਲ ਕਰਨਾ ਚਾਹੁੰਦੇ ਸਨ ਜਿੱਥੇ ਸੁਣਨ ਵਿੱਚ ਅਸਮਰਥ ਬੱਚਿਆਂ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ। "ਉਹ ਬੋਲ ਨਹੀਂ ਸਕਦਾ, ਨਹੀਂ ਤਾਂ ਉਹ ਹੁਸ਼ਿਆਰ ਬੜਾ ਹੈ," ਉਹ ਆਪਣੇ ਬੇਟੇ ਬਾਰੇ ਗੱਲ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਮਾਣਭਰੀ ਚਮਕ ਦਿੱਸਣ ਲੱਗਦੀ ਹੈ। ਪਰ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਹ ਉਸ ਦੇ ਭਵਿੱਖ ਲਈ ਕੁਝ ਨਹੀਂ ਕਰ ਪਾ ਰਹੇ।

Left: Subbaiah at work. He earns Rs. 500 for a day of work that starts at 9 a.m. and stretches till 5 a.m.
PHOTO • Rangaswamy
Right: Mahadevamma stands with the support of a walker along with Subbaiah in front of the single-room house they share with their two children
PHOTO • Rangaswamy

ਖੱਬੇ ਪਾਸੇ: ਸੁਬਈਆ ਆਪਣਾ ਕੰਮ ਕਰ ਰਹੇ ਹਨ ਹੈ। ਜਿਸ ਦਿਨ ਉਨ੍ਹਾਂ ਨੂੰ ਕੰਮ ਮਿਲ਼ਦਾ ਹੈ, ਉਹ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਕੰਮ ਕਰਕੇ 500 ਰੁਪਏ ਕਮਾਉਂਦੇ ਹਨ। ਸੱਜੇ ਪਾਸੇ: ਮਹਾਦੇਵੰਮਾ ਇੱਕ ਵਾਕਰ ਦੀ ਮਦਦ ਨਾਲ਼ ਪਤੀ ਸੁਬਈਆ ਨਾਲ਼ ਆਪਣੇ ਇੱਕ ਕਮਰੇ ਦੇ ਘਰ ਦੇ ਸਾਹਮਣੇ ਖੜ੍ਹੀ ਹਨ। ਉਨ੍ਹਾਂ ਦੇ ਦੋ ਬੱਚੇ ਵੀ ਉਸੇ ਘਰ ਵਿੱਚ ਉਨ੍ਹਾਂ ਦੇ ਨਾਲ਼ ਰਹਿੰਦੇ ਹਨ

ਉਨ੍ਹਾਂ ਦੀ ਬੇਟੀ ਪਵਿਤਰਾ ਖਾਣਾ ਪਕਾਉਂਦੀ ਹੈ ਤੇ ਸਾਫ਼-ਸਫ਼ਾਈ ਕਰਦੇ ਹੋਏ ਘਰ ਦੀਆਂ ਹੋਰ ਚੀਜ਼ਾਂ ਦਾ ਧਿਆਨ ਰੱਖਦੀ ਹੈ। ਪਵਿਤਰਾ ਦੇ ਵਿਆਹ ਦੀਆਂ ਉਮੀਦਾਂ ਘੱਟ ਹਨ, ਉਨ੍ਹਾਂ ਦਾ ਚਿੰਤਤ ਪਿਤਾ ਦਾ ਕਹਿਣਾ ਹੈ ਕਿਉਂਕਿ ਸੁਬਈਆ ਦਾ ਪਰਿਵਾਰ ਵਿਆਹ ਦਾ ਖਰਚਾ ਚੁੱਕਣ ਵਿੱਚ ਅਸਮਰੱਥ ਹੈ।

"ਉਸ ਨੂੰ ਹਸਪਤਾਲ ਲਿਜਾਣ ਲਈ ਮੈਨੂੰ 500 ਰੁਪਏ ਦਾ ਖਰਚਾ ਆਉਂਦਾ ਹੈ। ਐਕਸ-ਰੇ ਅਤੇ ਦਵਾਈਆਂ ਦੀ ਕੀਮਤ ਵੱਖਰੀ ਲੱਗਦੀ ਹੈ। ਅਸੀਂ ਪਹਿਲਾਂ ਹੀ ਉਸ ਦੇ ਇਲਾਜ 'ਤੇ ਆਪਣੀ ਸਾਰੀ ਬਚਤ ਖਰਚ ਕਰ ਚੁੱਕੇ ਹਾਂ। ਹੁਣ ਅਸੀਂ ਪੈਸੇ ਕਿੱਥੋਂ ਲਿਆਵਾਂਗੇ?'' ਸੁਬਈਆ ਨੇ ਨਿਰਾਸ਼ ਹੁੰਦਿਆਂ ਕਿਹਾ।

ਉਨ੍ਹਾਂ ਨੂੰ ਅੱਜ ਵੀ ਰੁੱਖ ਦੇ ਕੱਟਣ 'ਤੇ ਬਹੁਤ ਪਛਤਾਵਾ ਹੈ। "ਮੈਂ ਇਸ ਰੁੱਖ ਨੂੰ ਆਪਣੇ ਹੱਥੀਂ ਲਾਇਆ ਅਤੇ ਪਾਲ਼ਿਆ ਸੀ। ਕਾਸ਼! ਮੈਂ ਇਸ ਨੂੰ ਨਾ ਵੇਚਦਾ, ਪਰ ਮੇਰੇ ਕੋਲ਼ ਹੋਰ ਕੋਈ ਵਿਕਲਪ ਕਿੱਥੇ ਸੀ?''

ਮਹਾਦੇਵੰਮਾ ਨੂੰ ਜਿਹੜੇ ਲੰਬੇ ਇਲਾਜ ਦੀ ਲੋੜ ਹੈ, ਉਹਦਾ ਖ਼ਰਚਾ ਉਠਾ ਸਕਣਾ ਪਰਿਵਾਰ ਲਈ ਬੜਾ ਮੁਸ਼ਕਲ ਹੈ। ਉਨ੍ਹਾਂ ਨੂੰ ਵਧੀਆ ਇਲਾਜ ਪ੍ਰਾਪਤ ਕਰਨ ਅਤੇ ਇਸ ਨੂੰ ਜਾਰੀ ਰੱਖਣ ਲਈ ਬਹੁਤ ਸਾਰੇ ਪੈਸੇ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਆਪਣੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਅਤੇ ਆਪਣੇ ਬੱਚਿਆਂ ਦੀ ਦੇਖਭਾਲ਼ ਕਰਨ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵੀ ਪੈਸੇ ਦੀ ਲੋੜ ਹੈ।

ਨਿਰਾਸ਼ਾਵੱਸ ਪਈ ਮਹਾਦੇਵੰਮਾ ਕਹਿੰਦੀ ਹਨ, "ਮੈਂ ਆਪਣੇ ਘਰ ਦੇ ਸਾਹਮਣੇ ਖੁੱਲ੍ਹੇ ਵਿਹੜੇ ਵਿੱਚ ਬਿਨਾਂ ਕਿਸੇ ਸਹਾਰੇ ਦੇ ਸ਼ਾਇਦ ਕਦੇ ਵੀ ਤੁਰ ਨਹੀਂ ਸਕਾਂਗੀ।''

"ਚਾਰ ਬਾਲਗ਼ਾਂ ਦੇ ਪਰਿਵਾਰ ਦਾ ਖਰਚਾ ਤੋਰਨ ਵਾਲ਼ਾ ਮੈਂ ਇਕੱਲਾ ਹੀ ਕਮਾਊ ਹਾਂ। ਮੈਂ ਨਹੀਂ ਚਾਹਾਂਗਾ ਕਿ ਮੇਰੇ ਦੁਸ਼ਮਣ ਨੂੰ ਵੀ ਕਦੇ ਇਹ ਦਿਨ ਦੇਖਣਾ ਨਸੀਬ ਹੋਵੇ। ਮੈਨੂੰ ਆਪਣੀਆਂ ਮੁਸੀਬਤਾਂ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ," ਇੰਨਾ ਕਹਿੰਦੇ ਹੋਏ ਸੁਬਈਆ ਪੂਰੀ ਤਰ੍ਹਾਂ ਟੁੱਟੇ ਹੋਏ ਦਿਖਾਈ ਦੇ ਰਹੇ ਹਨ।

ਤਰਜਮਾ: ਕਮਲਜੀਤ ਕੌਰ

Ramya Coushik

رامیا کوشک، بنگلور میں مقیم ایک کمیونی کیشن کنسلٹینٹ ہیں۔ وہ قدرت اور قدرتی کھیتی سے متعلق موضوعات پر لکھتی ہیں۔

کے ذریعہ دیگر اسٹوریز Ramya Coushik
Editor : Vishaka George

وشاکھا جارج، پاری کی سینئر ایڈیٹر ہیں۔ وہ معاش اور ماحولیات سے متعلق امور پر رپورٹنگ کرتی ہیں۔ وشاکھا، پاری کے سوشل میڈیا سے جڑے کاموں کی سربراہ ہیں اور پاری ایجوکیشن ٹیم کی بھی رکن ہیں، جو دیہی علاقوں کے مسائل کو کلاس روم اور نصاب کا حصہ بنانے کے لیے اسکولوں اور کالجوں کے ساتھ مل کر کام کرتی ہے۔

کے ذریعہ دیگر اسٹوریز وشاکا جارج
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur