"ਨਾ ਮੇਰੇ ਕੋਲ਼ ਅਤੇ ਨਾ ਹੀ ਮੇਰੇ ਪੁਰਖਿਆਂ ਕੋਲ਼ ਪੈਲੀ ਸੀ," ਕਮਲਜੀਤ ਕੌਰ ਦਾ ਕਹਿਣਾ ਹੈ। "ਬਾਵਜੂਦ ਇਹਦੇ, ਮੈਂ ਇੱਥੇ ਹਾਂ ਅਤੇ ਆਪਣੇ ਹੀ ਤਰੀਕੇ (ਛੋਟੇ) ਨਾਲ਼ ਕਿਸਾਨਾਂ ਦੀ ਮਦਦ ਕਰ ਰਹੀ ਹਾਂ, ਕਿਉਂਕਿ ਮੈਨੂੰ ਖ਼ਦਸ਼ਾ ਹੈ ਕਿ ਜੇਕਰ ਮੈਂ ਇੰਝ ਨਾ ਕੀਤਾ, ਤਾਂ ਮੈਨੂੰ ਆਪਣੇ ਬੱਚਿਆਂ ਦੀ ਪਲੇਟ ਵਿੱਚ ਆਖ਼ਰੀ ਬੁਰਕੀ ਬਚਾਉਣ ਖਾਤਰ ਕਾਰਪੋਰੇਟਾਂ ਦੇ ਲਾਲਚ ਨਾਲ਼ ਨਜਿੱਠਣਾ ਪਵੇਗਾ।"

ਕਮਲਜੀਤ, ਉਮਰ 35 ਸਾਲ, ਪੰਜਾਬ ਦੇ ਲੁਧਿਆਣਾ ਸ਼ਹਿਰ ਵਿਖੇ ਅਧਿਆਪਕਾ ਹਨ ਅਤੇ ਇੱਥੇ ਸਿੰਘੂ ਵਿਖੇ ਆਪਣੀਆਂ ਕੁਝ ਸਹੇਲੀਆਂ ਦੇ ਨਾਲ਼ ਛਾਂ-ਦਾਰ ਥਾਂ 'ਤੇ ਬੈਠ ਕੇ ਦੋ ਸਿਲਾਈ ਮਸ਼ੀਨਾਂ ਨਾਲ਼ ਕੰਮ ਚਲਾ ਰਹੀ ਹੈ। ਉਹ ਵਾਰੋ-ਵਾਰੀ ਧਰਨਾ-ਸਥਲ 'ਤੇ ਆਉਂਦੀਆਂ ਹਨ, ਇੱਕ ਵਾਰ ਆ ਕੇ ਤਿੰਨ ਦਿਨ ਰੁਕਦੀਆਂ ਹਨ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਝੱਗਿਆਂ ਦੇ ਟੁੱਟੇ ਬੀੜੇ ਜਾਂ ਪਾਟੇ ਲੀੜਿਆਂ (ਸਲਵਾਰ-ਕਮੀਜ਼) ਦੀ ਮੁਫ਼ਤ ਮੁਰੰਮਤ ਕਰਦੀਆਂ ਹਨ। ਉਨ੍ਹਾਂ ਦੇ ਕੋਲ਼ ਹਰ ਰੋਜ਼ ਕਰੀਬ 200 ਲੋਕ ਸੇਵਾ ਲੈਣ ਆਉਂਦੇ ਹਨ।

ਸਿੰਘੂ ਵਿਖੇ, ਪ੍ਰਦਰਸ਼ਨ ਪ੍ਰਤੀ ਆਪਣੀ ਇਕਜੁਟਤਾ ਦਿਖਾਉਣ ਦੇ ਕਈ ਤਰ੍ਹਾਂ ਦੇ ਤਰੀਕਿਆਂ ਨਾਲ਼ ਇਹ ਸੇਵਾਵਾਂ ਵੰਨ-ਸੁਵੰਨੇ ਰੂਪਾਂ ਵਿੱਚ ਉਪਲਬਧ ਹਨ।

ਉਨ੍ਹਾਂ ਸੇਵਾ ਦੇਣ ਵਾਲਿਆਂ ਵਿੱਚੋਂ ਇੱਕ ਇਰਸ਼ਾਦ (ਪੂਰਾ ਨਾਂਅ ਉਪਲਬਧ ਨਹੀਂ) ਵੀ ਹਨ। ਸਿੰਘੂ ਬਾਰਡਰ ਤੋਂ ਕਰੀਬ ਚਾਰ ਕਿਲੋਮੀਟਰ ਦੀ ਦੂਰੀ 'ਤੇ, ਕੁੰਡਲੀ ਉਦਯੋਗਿਕ ਖੇਤਰ ਵਿੱਚ ਸਥਿਤ ਟੀਡੀਆਈ ਮਾਲ ਦੇ ਬਾਹਰ ਭੀੜੀ ਨੁਕਰੇ, ਉਹ ਸਿੱਖ ਪ੍ਰਦਰਸ਼ਨਕਾਰੀਆਂ ਦੇ ਨੰਗੇ ਸਿਰਾਂ ਦੀ ਮਾਲਸ਼ ਕਰ ਰਹੇ ਹਨ। ਕਈ ਹੋਰ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਇਰਸ਼ਾਦ ਕੁਰੂਕਸ਼ੇਤਰ ਦੇ ਰਹਿਣ ਵਾਲੇ ਨਾਈ ਹਨ ਅਤੇ ਕਹਿੰਦੇ ਹਨ ਕਿ ਸਾਂਝ-ਭਿਆਲੀ (ਬਰਾਦਰੀ) ਦੀ ਭਾਵਨਾ ਸਦਕਾ ਇੱਥੇ ਆਏ ਹਨ।

ਇਸੇ ਰਸਤੇ 'ਤੇ, ਆਪਣੇ ਮਿਨੀ-ਟਰੱਕ ਦੇ ਬਾਹਰ ਸਰਦਾਰ ਗੁਰਮੀਕ ਸਿੰਘ ਵੀ ਬੈਠੇ ਹੋਏ ਹਨ, ਜਿਨ੍ਹਾਂ ਦੇ ਚੁਫੇਰੇ ਮੁਫ਼ਤ ਵਿੱਚ ਮਾਲਸ਼ ਕਰਾਉਣ ਵਾਲਾ ਅਜਿਹਾ ਹਜੂਮ ਜਮ੍ਹਾ ਹੈ, ਜਿਨ੍ਹਾਂ ਦੇ ਪੰਜਾਬ ਤੋਂ ਸਿੰਘੂ ਤੱਕ ਦਾ ਘੰਟਿਆਂ-ਬੱਧੀ ਪੈਂਡਾ ਟਰਾਲੀਆਂ ਦੇ ਮੁਕੰਮਲ ਕਰਨ ਤੋਂ ਪੱਠਿਆਂ ਵਿੱਚ ਪੀੜ੍ਹ ਹੋ ਰਹੀ ਹੈ। "ਇਸ ਸਮੇਂ ਉਹ ਕਈ ਹੋਰ ਤਰ੍ਹਾਂ ਦੀਆਂ ਪੀੜ੍ਹਾਂ ਵਿੱਚੋਂ ਦੀ ਲੰਘ ਰਹੇ ਹਨ..." ਉਨ੍ਹਾਂ ਦਾ ਕਹਿਣਾ ਹੈ ਕਿ ਇਹੀ ਉਹ ਗੱਲ ਹੈ ਜੋ ਉਨ੍ਹਾਂ ਨੂੰ ਇੱਥੇ ਮਦਦ ਵਾਸਤੇ ਖਿੱਚ ਲਿਆਈ ਹੈ।

ਚੰਡੀਗੜ੍ਹ ਦੇ ਡਾਕਟਰ ਸੁਰਿੰਦਰ ਕੁਮਾਰ, ਸਿੰਘੂ ਵਿੱਚ ਹੋਰਨਾਂ ਡਾਕਟਰਾਂ ਨਾਲ਼ ਮਿਲ਼ ਕੇ ਮੈਡੀਕਲ ਕੈਂਪ ਚਲਾ ਕੇ ਆਪਣੀ ਸੇਵਾ ਨਿਭਾਅ ਰਹੇ ਹਨ। ਇਹ ਕੈਂਪ ਧਰਨਾ-ਸਥਲ 'ਤੇ ਮੌਜੂਦ ਕਈ ਮੈਡੀਕਲ ਕੈਂਪਾਂ ਵਿੱਚ ਇੱਕ ਹੈ- ਉਨ੍ਹਾਂ ਵਿੱਚ ਕੁਝ ਤਾਂ ਕੋਲਕਾਤਾ ਜਾਂ ਹੈਦਰਾਬਾਦ ਜਿਹੇ ਦੁਰੇਡੇ ਇਲਾਕਿਆਂ ਤੋਂ ਆਏ ਡਾਕਟਰਾਂ ਦੁਆਰਾ ਚਲਾਏ ਜਾ ਰਹੇ ਹਨ। "ਅਸੀਂ ਡਿਗਰੀ ਕਰਦੇ ਸਮੇਂ ਚੁੱਕੀ ਗਈ ਸਹੁੰ ਦਾ ਪਾਲਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ-ਸਾਡੀ ਕੋਸ਼ਿਸ਼ ਦਿਨੋ-ਦਿਨ ਵੱਧਦੀ ਠੰਡ ਦਾ ਸਾਹਮਣਾ ਕਰ ਰਹੇ ਬਜੁਰਗਾਂ ਦੇ ਸੇਵਾ ਕਰਨ ਦੇ ਰੂਪ ਵਿੱਚ ਹੈ ਜੋ ਖੁੱਲ੍ਹੀਆਂ ਸੜਕਾਂ 'ਤੇ ਆਪਣੇ ਦਿਨ ਕੱਟ  ਰਹੇ ਹਨ," ਸੁਰਿੰਦਰ ਕਹਿੰਦੇ ਹਨ।

Kamaljit Kaur, a teacher from Ludhiana, and her colleagues have brought two sewing machines to Singhu, and fix for free missing shirt-buttons or tears in salwar-kameez outfits of the protesting farmers – as their form of solidarity
PHOTO • Joydip Mitra

ਲੁਧਿਆਣਾ ਦੀ ਅਧਿਆਪਿਕਾ ਕਮਲਜੀਤ ਕੌਰ ਅਤੇ ਉਨ੍ਹਾਂ ਦੀ ਸਾਥਣਾਂ ਸਿੰਘੂ ਧਰਨਾ-ਸਥਲ 'ਤੇ ਦੋ ਸਿਲਾਈ-ਮਸ਼ੀਨਾਂ ਲਿਆਈਆਂ ਹਨ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਝੱਗਿਆਂ ਦੇ ਟੁੱਟੇ ਬੀੜੇ ਲਾਉਣ ਜਾਂ ਪਾਟੀਆਂ ਕਮੀਜ਼ਾਂ-ਸਲਵਾਰਾਂ ਦੀ ਮੁਫ਼ਤ ਵਿੱਚ ਮੁਰੰਮਤ ਕਰਦੀਆਂ ਹਨ-ਇਕਜੁਟਤਾ ਦਿਖਾਉਣ ਦਾ ਉਨ੍ਹਾਂ ਦਾ ਢੰਗ ਨਿਵੇਕਲਾ ਹੈ

ਮਨੋਬਲ ਨੂੰ ਉਚੇਰਾ ਰੱਖਣ ਦੀ ਮਦਦ ਵਾਸਤੇ, ਲੁਧਿਆਣਾ ਦੇ ਸਤਪਾਲ ਸਿੰਘ ਅਤੇ ਉਨ੍ਹਾਂ ਦੇ ਦੋਸਤ ਗੰਨਾ ਨਪੀੜਨ (ਪੀਹਣ) ਵਾਲੀ ਭਾਰੀ ਮਸ਼ੀਨ ਨੂੰ ਖੁੱਲ੍ਹੇ ਟਰੱਕ 'ਤੇ ਲੱਦ ਕੇ ਸਿੰਘੂ ਤੱਕ ਲਿਆਏ ਹਨ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਆਮ ਤੌਰ 'ਤੇ ਖੰਡ-ਮਿੱਲਾਂ ਵਿੱਚ ਕੀਤੀ ਜਾਂਦੀ ਹੈ- ਧਰਨਾ ਸਥਲ ਵਿਖੇ, ਸਤਪਾਲ ਦੁਆਰਾ ਲਿਆਂਦੀ ਗਈ ਗੰਨਾ-ਨਪੀੜਨ ਮਸ਼ੀਨ ਕੱਢਿਆ ਤਾਜਾ ਜੂਸ ਹਰ ਲੰਘਣ ਵਾਲੇ ਨੂੰ ਪਿਆਇਆ ਜਾਂਦਾ ਹੈ। ਉਹ ਰੋਜਾਨਾ ਇੱਕ ਟਰੱਕ ਗੰਨੇ ਦਾ ਜੂਸ ਕੱਢਦੇ ਹਨ, ਜਿਹਦੀ ਖਰੀਦ ਦੀ ਸੇਵਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਲੀਵਾਲ ਵੱਲੋਂ ਕੀਤੀ ਗਈ ਹੈ।

ਅਤੇ ਕੁੰਡਲੀ ਦੇ ਉਸੇ ਮਾਲ ਦੇ ਮੈਦਾਨ ਵਿੱਚ, ਬਠਿੰਡਾ ਦੇ ਨਿਹੰਗ ਅਮਨਦੀਪ ਸਿੰਘ, ਕਾਲੇ ਘੋੜੇ ਨੂੰ ਨਹਾਉਂਦੇ ਦੌਰਾਨ ਕਹਿੰਦੇ ਹਨ ਕਿ ਉਹ ਪੰਜਾਬ ਦੇ ਖੇਤੀ ਅਰਥਚਾਰੇ ਨੂੰ ਬਚਾਉਣ ਖਾਤਰ ਲਈ ਸਿੰਘੂ ਆਏ ਹਨ। ਮਾਲ ਦੇ ਕੋਲ਼ ਲੱਗੇ ਲੰਗਰ ਵਿੱਚ ਹਰੇਕ ਆਉਣ ਵਾਲੇ ਨੂੰ ਲੰਗਰ ਛਕਾਉਣ ਦੇ ਨਾਲ਼-ਨਾਲ਼ ਅਮਨਦੀਪ ਅਤੇ ਹੋਰ (ਉਹ ਸਾਰੇ ਨਿਹੰਗ, ਜੋ ਸਿੱਖ ਦੀ ਖਾਲਸਾ ਫੌਜ ਨਾਲ਼ ਸਬੰਧਤ ਹਨ) ਸਾਥੀ, ਹਰ ਸ਼ਾਮੀਂ ਕੀਰਤਨ ਕਰਨ ਵਿੱਚ ਮਸ਼ਗੂਲ ਹੋ ਜਾਂਦੇ ਹਨ ਜੋ ਉਹ ਉਨ੍ਹਾਂ ਟੈਂਟਾਂ ਦੇ ਨੇੜੇ ਕਰਦੇ ਹਨ ਜੋ ਉਨ੍ਹਾਂ ਦੁਆਰਾ ਦਿੱਲੀ ਪੁਲਿਸ ਦੁਆਰਾ ਬੈਰੀਕੇਡਾਂ ਵਜੋਂ ਵਰਤੀਂਦੇ ਕੰਟਨੇਰਾਂ ਦੀ ਛਾਵੇਂ ਗੱਡੇ ਗਏ ਹਨ।

ਅੰਮ੍ਰਿਤਸਰ ਦੇ ਰਹਿਣ ਵਾਲੇ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ, ਗੁਰਵੇਜ ਸਿੰਘ ਹੋਰ ਵਿਦਿਆਰਥੀਆਂ ਦੇ ਨਾਲ਼, ਸਿੰਘੂ ਵਿੱਚ ਡਟੇ ਕਿਸਾਨਾਂ ਨੂੰ ਪੰਦਰਵਾੜਾ ਅਖ਼ਬਾਰ, ਟਰਾਲੀ ਟਾਈਮਜ਼  ਵੰਡਦੇ ਹਨ। ਉਨ੍ਹਾਂ ਨੇ ਕੱਪੜਿਆਂ ਅਤੇ ਪਲਾਸਟਿਕ ਦੀਆਂ ਸ਼ੀਟਾਂ ਦੇ ਨਾਲ਼ ਇੱਕ ਵੱਡੀ ਸਾਰੀ ਥਾਂ ਘੇਰ ਰੱਖੀ ਹੈ ਅਤੇ ਅੰਦਰ ਕਾਗ਼ਜ਼ ਅਤੇ ਪੈੱਨ ਰੱਖੇ ਹੋਏ ਹਨ ਤਾਂ ਕਿ ਹਰੇਕ ਆਉਣ ਵਾਲਾ ਪੋਸਟਰਾਂ ਵਾਸਤੇ ਕੋਈ ਨਾ ਕੋਈ ਨਾਅਰਾ ਲਿਖੇ- ਉੱਥੇ ਅਜਿਹੇ ਕਈ ਪੋਸਟਰਾਂ ਦੀ ਪ੍ਰਦਰਸ਼ਨੀ ਲੱਗੀ ਰਹਿੰਦੀ ਹੈ ਅਤੇ ਉਹ ਮੁਫ਼ਤ ਦੀ ਲਾਈਬ੍ਰੇਰੀ ਵੀ ਚਲਾਉਂਦੇ ਹਨ ਅਤੇ ਖੁਦ ਪੋਸਟਰ ਵੀ ਤਿਆਰ ਕਰਦੇ ਹਨ (ਸਭ ਤੋਂ ਉਪਰ ਕਵਰ ਫੋਟੋ ਵਿੱਚ ਦੇਖੋ)।

ਰਾਤ ਪੈਣ 'ਤੇ ਸਾਡੇ ਕੁੰਡਲੀ ਤੋਂ ਸਿੰਘੂ ਬਾਰਡਰ ਪਰਤਣ ਵੇਲੇ, ਖੁਦ ਨੂੰ ਨਿੱਘਾ ਕਰਨ ਲਈ ਅਸੀਂ ਕਈ ਦਫਾ ਅੱਗ ਕੋਲ਼ ਰੁੱਕਦੇ ਹਾਂ, ਜਿਹਦੇ ਚੁਫੇਰੇ ਕਈ ਸਮੂਹ ਇਕੱਠੇ ਹੋ ਕੇ ਬਹਿੰਦੇ ਹਨ।

ਉਸੇ ਸੜਕ 'ਤੇ ਅਸੀਂ ਬਾਬਾ ਗੁਰਪਾਲ ਸਿੰਘ ਨੂੰ ਵੀ ਉਨ੍ਹਾਂ ਦੇ ਟੈਂਟ ਵਿੱਚ ਜਾ ਮਿਲੇ ਅਤੇ ਉਨ੍ਹਾਂ ਦੇ ਹੱਥੋਂ ਚਾਹ ਪੀਤੀ ਜੋ ਉਹ ਸਦਾ ਤਿਆਰ ਰੱਖਦੇ ਹਨ। ਬਾਬਾ ਗੁਰਪਾਲ, ਉਮਰ 86 ਸਾਲ, ਪਟਿਆਲਾ ਦੇ ਕੋਲ਼ ਖਾਨਪੁਰ ਗੋਂਡੀਆ ਗੁਰਦੁਆਰੇ ਵਿੱਚ ਬੈਰਾਗੀ ਅਤੇ ਗ੍ਰੰਥੀ ਹਨ। ਉਹ ਇੱਕ ਵਿਦਵਾਨ ਵਿਅਕਤੀ ਹਨ ਅਤੇ ਸਿੱਖ ਪਛਾਣ-ਅਧਾਰਤ ਸਿਆਸਤ ਦਾ ਇਤਿਹਾਸ ਦੱਸਦੇ ਹਨ ਅਤੇ ਇਹ ਵੀ ਦੱਸਦੇ ਹਨ ਕਿ ਕਿਵੇਂ ਕਿਸਾਨਾਂ ਦਾ ਇਹ ਪ੍ਰਦਰਸ਼ਨ ਉਨ੍ਹਾਂ ਹੱਦਾਂ ਨੂੰ ਪਾਰ ਕਰਕੇ ਸਰਬਤ ਦੇ ਭਲੇ ਦਾ ਕੁੱਲ ਭਾਰਤੀ ਅੰਦੋਲਨ ਬਣ ਗਿਆ ਹੈ।

ਮੈਂ ਬਾਬਾ ਗੁਰਪਾਲ ਤੋਂ ਪੁੱਛਦਾ ਹਾਂ ਕਿ ਉਹ ਆਪਣੇ ਬਜੁਰਗ ਸਾਥੀਆਂ ਦੇ ਨਾਲ਼ ਸਿੰਘੂ ਵਿਖੇ ਸੇਵਾ ਕਿਉਂ ਨਿਭਾਅ ਰਹੇ ਹਨ, ਦਿਨ ਦੇ ਅੱਠ ਘੰਟੇ ਸਾਰਿਆਂ ਨੂੰ ਚਾਹ ਕਿਉਂ ਵਰਤਾਉਂਦੇ ਹਨ। ਰਾਤ ਵੇਲੇ ਉਸ ਸਾਂਝੀ ਅੱਗ ਅਤੇ ਧੂੰਏ ਦੀ ਬੱਦਲ ਨੂੰ ਦੇਖਦਿਆਂ, ਉਨ੍ਹਾਂ ਨੇ ਜਵਾਬ ਦਿੱਤਾ,"ਇਹ ਸਾਡੇ ਸਾਰਿਆਂ ਲਈ ਘਰੋਂ ਬਾਹਰ ਨਿਕਲ਼ਣ ਅਤੇ ਆਪਣਾ ਯੋਗਦਾਨ ਪਾਉਣ ਦਾ ਸਮਾਂ ਹੈ, ਕਿਉਂਕਿ ਇਹ ਹੁਣ ਚੰਗਿਆਈ ਅਤੇ ਬੁਰਾਈ ਦਰਮਿਆਨ ਸਿੱਧੀ ਲੜਾਈ ਬਣ ਗਈ ਹੈ। ਕੁਰੂਕਸ਼ੇਤਰ ਦੇ ਯੁੱਧ (ਮਹਾਂਭਾਰਤ) ਵਿੱਚ ਵੀ ਇਹੀ ਹੋਇਆ ਸੀ।"

PHOTO • Joydip Mitra

ਕੁਰੂਕਸ਼ੇਤਰ ਦੇ ਇੱਕ ਬਜੁਰਗ ਸਵੈ-ਸੇਵਕ, ਦਿਨ ਦਾ ਵੱਡਾ ਹਿੱਸਾ ਆਪਣੇ ਕੋਲ਼ ਆਉਣ ਵਾਲੇ ਹਰੇਕ ਵਿਅਕਤੀ ਵਾਸਤੇ ਮੇਥੀ ਦਾ ਪਰਾਠਾ ਤਿਆਰ ਕਰਨ ਵਿੱਚ ਬਿਤਾਉਂਦੇ ਹਨ। ਸਿੰਘੂ ਵਿਖੇ ਜਿੱਥੇ ਕਾਫੀ ਸਾਰੇ ਲੰਗਰਾਂ ਵਿੱਚ ਰੋਟੀ ਬਣਾਉਣ ਵਾਲੀ ਮਸ਼ੀਨ ਦੀ ਵਰਤੋਂ ਹੋ ਰਹੀ ਹੈ (ਕੁਝ ਮਸ਼ੀਨਾਂ ਤਾਂ ਇੱਕ ਘੰਟੇ ਵਿੱਚ 2,000 ਰੋਟੀਆਂ ਬਣਾ ਸਕਦੀਆਂ ਹਨ)-ਉੱਥੇ ਹੀ ਉਹ ਖੁਦ ਨੂੰ ਪਰਾਠੇ ਬਣਾਉਣ ਵਾਲੀ ਮਸ਼ੀਨ ਵਿੱਚ ਬਦਲ ਕੇ ਆਪਣੀ ਸੇਵਾ ਦੇ ਰਹੇ ਹਨ |


PHOTO • Joydip Mitra

ਸਤਪਾਲ ਸਿੰਘ (ਸੱਜੇ ਬੈਠੇ, ਜੂਸ 'ਤੇ ਲੂਣ ਧੂੜਦੇ ਹੋਏ) ਅਤੇ ਲੁਧਿਆਣਾ ਤੋਂ ਉਨ੍ਹਾਂ ਦੇ ਦੋਸਤ ਗੰਨੇ ਨੂੰ ਪੀਹਣ ਦੌਰਾਨ ਇੱਕ ਭਾਰੀ ਮਸ਼ੀਨ ਖੁੱਲ੍ਹੇ ਟਰੱਕ ਵਿੱਚ ਲੱਦ ਕੇ ਸਿੰਘੂ ਤੱਕ ਲਿਆਏ ਹਨ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਆਮ ਤੌਰ 'ਤੇ ਖੰਡ ਮਿੱਲਾਂ ਵਿੱਚ ਕੀਤੀ ਜਾਂਦੀ ਹੈ- ਧਰਨਾ ਸਥਲ 'ਤੇ ਇਹ ਮਸ਼ੀਨ ਉੱਥੋਂ ਲੰਘਣ ਵਾਲੇ ਹਰੇਕ ਵਿਅਕਤੀ ਲਈ ਤਾਜਾ ਮਿੱਠਾ ਰਸ ਕੱਢਦੀ ਹੈ |


PHOTO • Joydip Mitra

ਟਰੱਕ ਦੇ ਨਾਲ਼ ਕਰਕੇ ਜੁੜੇ ਸ਼ੀਸ਼ਿਆਂ ਦੀ ਪੰਕਤੀ ਜੋ ਕਿ ਸਿੱਖ ਕਿਸਾਨਾਂ ਨੂੰ ਪੱਗ ਬੰਨ੍ਹਣ ਅਤੇ ਹੋਰਨਾਂ ਕੰਮਾਂ ਵਿੱਚ ਮਦਦ ਕਰਦੀ ਹੈ। ਇਸ ਟਰੱਕ ਤੋਂ ਪੂਰਾ ਦਿਨ ਟੂਥਬੁਰਸ਼, ਟੂਥਪੇਸਟ, ਸਾਬਣ ਅਤੇ ਹੈਂਡ ਸੈਂਟੀਟਾਈਜ਼ਰ ਵੀ ਵੰਡੇ ਜਾਂਦੇ ਹਨ |


PHOTO • Joydip Mitra

ਹਰਿਆਣਾ ਦੇ ਇੱਕ ਪਿੰਡ ਨੇ ਸਿੰਘੂ ਵਿੱਚ ਸੌਰ-ਪੈਨਲਾਂ ਨਾਲ਼ ਲੈਸ ਕੀਤਾ ਇੱਕ ਟਰੱਕ ਭੇਜਿਆ ਹੈ, ਜੋ ਟਰੱਕ ਦੇ ਕਿਨਾਰੇ ਲਮਕਾਏ ਗਏ ਚਾਰਜਿੰਗ ਪੋਰਟਾਂ ਨੂੰ ਬਿਜਲੀ ਪ੍ਰਦਾਨ ਕਰਦਾ ਹੈ। ਪ੍ਰਦਰਸਨਕਾਰੀ ਇਸੇ ਮੋਬਾਇਲ ਚਾਰਜਰ ਨਾਲ਼ ਆਪਣੇ ਫੋਨ ਚਾਰਜ ਕਰਦੇ ਹਨ |


PHOTO • Joydip Mitra

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਖੁਕਰਾਨਾ ਪਿੰਡ ਦੇ ਨੌਜਵਾਨਾਂ ਨੇ ਇੱਕ ਪੇਸ਼ੇਵਰ ਮੋਚੀ ਨੂੰ ਕੰਮ 'ਤੇ ਰੱਖਿਆ ਹੈ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਜੁੱਤੀ ਗੰਢਣ ਵਿੱਚ ਉਹਦੀ ਮਦਦ ਕਰਦੇ ਹਨ |


PHOTO • Joydip Mitra

ਇਹ ਯਕੀਨੀ ਬਣਾਉਣ ਲਈ ਕਿ ਖੁੱਲ੍ਹੇ ਰਾਜਮਾਰਗ 'ਤੇ ਹਫ਼ਤਿਆਂ-ਬੱਧੀ ਡੇਰਾ ਲਾਈ ਰੱਖਣ ਦੇ ਬਾਵਜੂਦ ਕੱਪੜੇ ਧੋਤੇ ਹੋਏ ਅਤੇ ਸਾਫ਼ ਰਹਿਣ, ਇਸ ਵਾਸਤੇ ਕਈ ਸਵੈ-ਸੇਵਕਾਂ ਨੇ ਮੁਫ਼ਤ ਲਾਉਂਡਰੀ ਸੇਵਾ ਸ਼ੁਰੂ ਕੀਤੀ ਹੈ। ਅੱਧਾ ਦਰਜਨ ਵਾਸ਼ਿੰਗ ਮਸ਼ੀਨਾਂ ਇੱਕ ਘੇਰੇ ਵਿੱਚ ਰੱਖੀਆਂ ਹੋਈਆਂ ਹਨ, ਜਿੱਥੇ ਕੋਈ ਵੀ ਆ ਸਕਦਾ ਹੈ ਅਤੇ ਸਵੈ-ਸੇਵਕਾਂ ਨੂੰ ਆਪਣੇ ਕੱਪੜੇ ਧੋਣ ਦੀ ਬੇਨਤੀ ਕਰ ਸਕਦਾ ਹੈ

PHOTO • Joydip Mitra

ਅਮਨਦੀਪ ਸਿੰਘ ਨਿਹੰਗ ਆਪਣੇ ਘੋੜੇ ਨੂੰ ਨੁਹਾ ਰਹੇ ਹਨ, ਤਾਂਕਿ ਸ਼ਾਮ ਦੇ ਕੀਰਤਨ ਲਈ ਤਿਆਰ ਹੋ ਸਕਣ। ਵਿਖਿਆਨ ਅਤੇ ਹੋਰਨਾਂ ਧਾਰਮਿਕ ਗਤੀਵਿਧੀਆਂ ਤੋਂ ਇਲਾਵਾ, ਸਿੰਘੂ 'ਤੇ ਡੇਰਾ ਪਾਈ ਬੈਠੇ ਨਿਹੰਗਾਂ ਦਾ ਇੱਕ ਦਲ ਆਪਣੇ ਲੰਗਰ ਤੋਂ ਹਰ ਆਉਣ ਵਾਲੇ ਵਿਅਕਤੀ ਨੂੰ ਭੋਜਨ ਛਕਾਉਂਦਾ ਹੈ |


PHOTO • Joydip Mitra

ਜਲੰਧਰ ਦੀ ਇੱਕ ਅਧਿਆਪਕਾ, ਬਲਜਿੰਦਰ ਕੌਰ ਅਤੇ ਅਣਗਿਣਤ ਗੱਦਿਆਂ, ਕੰਬਲਾਂ, ਸਿਰਹਾਣਿਆਂ ਨਾਲ਼ ਤੂਸਰੀ ਥਾਂ ਦੀ ਰਾਖੀ ਬੈਠੀ ਹਨ; ਇਹਦਾ ਬੰਦੋਬਸਤ ਉਨ੍ਹਾਂ ਪ੍ਰਦਰਸ਼ਨਕਾਰੀਆਂ ਅਤੇ ਹਮਦਰਦਾਂ ਨੂੰ ਬਰਾਬਰ ਰੂਪ ਵਿੱਚ ਪਨਾਹ ਅਤੇ ਅਰਾਮ ਪ੍ਰਦਾਨ ਕਰਨ ਦੇ ਮੱਦੇਨਜ਼ਰ ਕੀਤਾ ਗਿਆ ਹੈ, ਜੋ ਸਿੰਘੂ ਵਿਖੇ ਸ਼ਾਇਦ ਇੱਕ ਜਾਂ ਦੋ ਰਾਤਾਂ ਹੀ ਬਿਤਾਉਣ ਚਾਹੁੰਣ |


PHOTO • Joydip Mitra

ਫ੍ਰੈਂਡਸ ਆਫ਼ ਭਗਤ ਸਿੰਘ ਸੋਸਾਇਟੀ ਦੇ ਮੈਂਬਰ ਪ੍ਰਦਰਸ਼ਨਕਾਰੀਆਂ ਵਾਸਤੇ ਪ੍ਰਕਾਸ਼ਤ ਕੀਤੀ ਜਾਣ ਵਾਲੀ ਅਖ਼ਬਾਰ, ਟਰਾਲੀ ਟਾਇਮਜ਼ ਵੰਡ ਰਹੇ ਹਨ। ਉਹ ਇੱਕ ਮੁਫ਼ਤ ਲਾਈਬ੍ਰੇਰੀ ਚਲਾਉਣ ਤੋਂ ਇਲਾਵਾ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਉਂਦੇ ਹਨ ਅਤੇ ਹਰ ਸ਼ਾਮੀਂ ਵਿਚਾਰ-ਚਰਚਾ ਦੇ ਇੱਕ ਸੈਸ਼ਨ ਦੀ ਵਿਵਸਥਾ ਵੀ ਕਰਦੇ ਹਨ |


PHOTO • Joydip Mitra

ਪੰਜਾਬ ਦੀ ਇੱਕ ਐੱਨਜੀਓ ਨੇ ਪ੍ਰਦਰਸ਼ਨਕਾਰੀਆਂ ਦੀ ਠਾਰ੍ਹ ਅਤੇ ਠੰਡੀਆਂ ਰਾਤਾਂ ਵਿੱਚ ਉਨ੍ਹਾਂ ਨੂੰ ਨਿੱਘਾ ਰੱਖਣ ਲਈ ਸਿੰਘੂ ਵਿਖੇ ਇੱਕ ਪੈਟਰੋਲ ਪੰਪ ਦੇ ਵਿਹੜੇ ਵਿੱਚ 100 ਹਾਈਕਿੰਗ ਟੈਂਟ ਲਗਾਏ ਹਨ; ਉਹ ਇਹਨੂੰ 'ਟੈਂਟ ਸਿਟੀ' ਕਹਿੰਦੇ ਹਨ |


PHOTO • Joydip Mitra

ਚੰਡੀਗੜ੍ਹ ਦੇ ਡਾਕਟਰ ਸੁਰਿੰਦਰ ਕੁਮਾਰ, ਹੋਰਨਾਂ ਡਾਕਟਰਾਂ ਦੇ ਨਾਲ਼ ਸਿੰਘੂ ਵਿੱਚ ਇੱਕ ਮੈਡੀਕਲ ਕੈਂਪ ਲਗਾ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਹ ਧਰਨੇ ਦੀ ਥਾਂ 'ਤੇ ਮੌਜੂਦ ਅੰਦਾਜਤਨ 30 ਤੋਂ ਵੀ ਵੱਧ ਮੈਡੀਕਲ ਕੈਂਪਾਂ ਵਿੱਚੋਂ ਇੱਕ ਹੈ |


PHOTO • Joydip Mitra

ਸਰਦਾਰ ਗੁਰਮੀਤ ਸਿੰਘ ਇੱਕ ਹਕੀਮ ਹਨ, ਜਿਨ੍ਹਾਂ ਨੇ ਹੱਡੀਆਂ ਨੂੰ ਅਤੇ ਖਿੱਚੇ ਹੋਏ ਪੱਠਿਆਂ ਨੂੰ ਸਹੀ ਥਾਂ 'ਤੇ ਲਿਆਉਣ ਲਈ ਖੁਦ ਨੂੰ ਸਿਖਿਅਤ ਕੀਤਾ ਹੋਇਆ ਹੈ, ਇੱਥੇ ਭਰੀਆਂ ਹੋਈਆਂ ਟਰਾਲੀਆਂ ਵਿੱਚ ਲੰਬਾ ਪੈਂਡਾ ਤੈਅ ਕਰਨ ਕਾਰਨ ਥੱਕੇ ਅਤੇ ਪੀੜ੍ਹ ਤੋਂ ਪੀੜਤ ਲੋਕਾਂ ਦੀ ਮਾਲਸ਼ ਕਰ ਰਹੇ ਹਨ |


PHOTO • Joydip Mitra

ਸਿੰਘੂ ਵਿਖੇ 'ਪੱਗੜੀ ਲੰਗਰ', ਜਿੱਥੇ ਸਿਰ 'ਤੇ ਪੱਗ ਬੰਨ੍ਹਣ ਵਾਲੇ ਆਪਣੇ ਸਿਰ 'ਤੇ ਨਵੇਂ ਤਰੀਕੇ ਦੀ ਪੱਗ ਬੰਨ੍ਹਵਾ ਸਕਦੇ ਹਨ। ਜੋ ਪੱਗ ਨਹੀਂ ਬੰਨ੍ਹਦੇ ਉਹ ਵੀ ਪੱਗ ਬੰਨ੍ਹਵਾ ਕੇ ਆਪਣੀ ਇਕਜੁਟਤਾ ਦਰਸਾਉਂਦੇ ਹਨ |


PHOTO • Joydip Mitra

86 ਸਾਲ ਦੇ ਬਾਬਾ ਗੁਰਪਾਲ ਸਿੰਘ ਪਟਿਆਲਾ ਦੇ ਕੋਲ਼ ਖਾਨਪੁਰ ਗੋਂਡੀਆ ਗੁਰਦੁਆਰੇ ਵਿੱਚ ਇੱਕ ਬੈਰਾਗੀ ਅਤੇ ਗ੍ਰੰਥੀ ਹਨ। ਉਹ ਇੱਕ ਵਿਦਵਾਨ ਵਿਅਕਤੀ ਹਨ ਅਤੇ ਸਿੱਖ ਪਛਾਣ-ਅਧਾਰਤ ਸਿਆਸਤ ਦਾ ਇਤਿਹਾਸ ਦੱਸਦੇ ਹਨ ਅਤੇ ਇਹ ਵੀ ਦੱਸਦੇ ਹਨ ਕਿ ਕਿਵੇਂ ਕਿਸਾਨਾਂ ਦਾ ਇਹ ਪ੍ਰਦਰਸ਼ਨ ਉਨ੍ਹਾਂ ਹੱਦਾਂ ਨੂੰ ਪਾਰ ਕਰਕੇ ਸਰਬਤ ਦੇ ਭਲੇ ਦਾ ਕੁੱਲ ਭਾਰਤੀ ਅੰਦੋਲਨ ਬਣ ਗਿਆ ਹੈ। 'ਇਹ ਸਾਡੇ ਸਾਰਿਆਂ ਵਾਸਤੇ ਘਰੋਂ ਬਾਹਰ ਨਿਕਲ਼ਣ ਅਤੇ ਆਪਣਾ ਯੋਗਦਾਨ ਪਾਉਣ ਦਾ ਸਮਾਂ ਹੈ, ਕਿਉਂਕਿ ਇਹ ਹੁਣ ਚੰਗਿਆਈ ਅਤੇ ਬੁਰਾਈ ਦਰਮਿਆਨ ਸਿੱਧੀ ਲੜਾਈ ਬਣ ਗਈ ਹੈ, ' ਉਨ੍ਹਾਂ ਦਾ ਕਹਿਣਾ ਹੈ |

ਤਰਜਮਾ: ਕਮਲਜੀਤ ਕੌਰ

Joydip Mitra

جوئے دیپ مترا کولکاتا میں مقیم ایک فری لانس فوٹوگرافر ہیں، جو ہندوستان بھر کے عوام، میلوں اور تہواروں کی تصویریں کھینچنے میں مصروف ہیں۔ ان کی یہ تصویریں کئی رسالوں میں شائع ہو چکی ہیں، جیسے ’جیٹ وِنگس‘، ’آؤٹ لُک ٹریویلر‘، اور ’انڈیا ٹوڈے ٹریول پلس‘۔

کے ذریعہ دیگر اسٹوریز Joydip Mitra
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur