ਮੈਂ ਪਨਾਮਿਕ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਸੌ ਤੋਂ ਵੱਧ ਲੋਕਾਂ ਨੂੰ ਕੋਵਿਡ-19 ਵੈਕਸੀਨ ਲਵਾਏ ਜਾਣ ਲਈ ਉਡੀਕ ਕਰਦੇ ਦੇਖਿਆ। 11 ਅਗਸਤ ਦਾ ਦਿਨ ਸੀ। ਕੀ ਇਹ ਕੇਂਦਰ ਵੀ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਮੌਜੂਦ ਹਜ਼ਾਰਾਂ ਟੀਕਾ-ਕੇਂਦਰਾਂ ਵਾਂਗ ਹੈ ਜਿੱਥੇ ਲੱਖਾਂ ਲੋਕ ਉਡੀਕ ਕਰਦੇ ਹਨ? ਨਾ ਬਿਲਕੁਲ ਵੀ ਨਹੀਂ। ਲੇਹ ਦੇ ਪਨਾਮਿਕ ਬਲਾਕ ਅੰਦਰ ਸਭ ਤੋਂ ਵੱਧ ਉੱਚਾਈ 'ਤੇ ਸਥਿਤ ਥਾਂ ਸਮੁੰਦਰ ਤਲ ਤੋਂ 19,901 ਫੁੱਟ ਉੱਚਾਈ 'ਤੇ ਹੈ। ਹਾਲਾਂਕਿ, ਇਸੇ ਨਾਮ ਦੇ ਮੁੱਖ ਪਿੰਡ (ਦੂਸਰਾ ਪਨਾਮਿਕ) ਦੀ ਉੱਚਾਈ ਹਜ਼ਾਰਾਂ ਫੁੱਟ ਘੱਟ ਹੈ। ਪਰ ਕਰੀਬ 11,000 ਫੁੱਟ ਦੀ ਉੱਚਾਈ 'ਤੇ ਹੁੰਦੇ ਹੋਏ ਵੀ ਇਹ ਪ੍ਰਾਇਮਰੀ ਸਿਹਤ ਕੇਂਦਰ, ਅਜੇ ਵੀ ਦੇਸ਼ ਵਿੱਚ ਸਭ ਤੋਂ ਵੱਧ ਉੱਚਾਈ 'ਤੇ ਸਥਿਤ ਵੈਕਸੀਨੇਸ਼ਨ ਕੇਂਦਰਾਂ ਵਿੱਚੋਂ ਇੱਕ ਹੈ।

ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਬਹੁਤੇਰਿਆਂ ਹਿੱਸਿਆਂ ਤੱਕ ਕੋਵਿਡ-19 ਵੈਕਸੀਨ ਲਿਆਉਣਾ ਅਤੇ ਉਨ੍ਹਾਂ ਨੂੰ ਸਟੌਕ ਕਰਕੇ  ਰੱਖਣਾ ਕਾਫ਼ੀ ਵੱਡੀ ਗੱਲ ਹੈ। ਦੂਰ-ਦੁਰਾਡੇ ਇਲਾਕਿਆਂ ਤੋਂ ਲੋਕਾਂ ਨੂੰ ਕੇਂਦਰ ਵਿਖੇ ਵੈਕਸੀਨ ਲਵਾਉਣ ਲਈ ਪਹੁੰਚਣ ਵਿੱਚ ਦਰਪੇਸ਼ ਚੁਣੌਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਚਾਹੀਦਾ ਹੈ।

ਇਸ ਕੇਂਦਰ ਦੀ ਵਿਲੱਖਣ ਉੱਚਾਈ ਤੋਂ ਇਲਾਵਾ ਹੋਰ ਵੀ ਕਾਫ਼ੀ ਕੁਝ ਧਿਆਨ ਦੇਣ ਯੋਗ ਹੈ। ਹਾਂ ਇਹ ਕੇਂਦਰ ਅਸਧਾਰਣ ਉੱਚਾਈ 'ਤੇ ਸਥਿਤ ਹੈ। ਲੇਹ ਵਿੱਚ ਸਿਆਚੀਨ ਗਲੇਸ਼ੀਅਰ ਦੇ ਬੇਹੱਦ ਨੇੜੇ ਸਥਿਤ ਇਸ ਪ੍ਰਾਇਮਰੀ ਸਿਹਤ ਕੇਂਦਰ ਵੱਲੋਂ ਇੱਕ ਦਿਨ ਵਿੱਚ ਸੈਨਾ ਦੇ 250 ਜਵਾਨਾਂ ਨੂੰ ਵੈਕਸੀਨ ਦਾ ਡੋਜ਼ ਲਾ ਕੇ ਇੱਕ ਅਨੋਖਾ ਰਿਕਾਰਡ ਵੀ ਦਰਜ ਕੀਤਾ ਹੈ। ਉਹ ਸਾਰਾ ਕੁਝ ਨਾਮਾਤਰ ਇੰਟਰਨੈੱਟ ਕੁਨੈਕਟੀਵਿਟੀ ਅਤੇ ਖਸਤਾ ਹਾਲਤ ਸੰਚਾਰ ਪ੍ਰਣਾਲੀ ਦੇ ਹੁੰਦੇ ਹੋਏ ਦਰਜ਼ ਹੋਇਆ। ਲਾਜ਼ਮੀ ਸੁਵਿਧਾਵਾਂ ਦੀ ਇਸ ਕਿਲੱਤ ਦੇ ਚੱਲਦਿਆਂ, ਲੱਦਾਖ ਵਿੱਚ ਸਥਿਤ ਕੁਝ ਹੋਰਨਾਂ ਕੇਂਦਰਾਂ ਵਾਂਗ ਪਨਾਮਿਕ ਸਥਿਤ ਇਸ ਪ੍ਰਾਇਮਰੀ ਸਿਹਤ ਕੇਂਦਰ ਨੇ ਵੀ ਵੈਕਸੀਨੇਸ਼ਨ ਡ੍ਰਾਈਵ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ।

ਪਰ ਲੇਹ ਕਸਬੇ ਤੋਂ ਕਰੀਬ 140 ਕਿਲੋਮੀਟਰ ਦੂਰ ਇਸ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਬਗ਼ੈਰ ਇੰਟਰਨੈੱਟ ਕਿਵੇਂ ਸਾਰੇ ਕਾਸੇ ਦਾ ਪ੍ਰਬੰਧ ਕੀਤਾ ਜਾਂਦਾ ਹੈ? ਇੱਥੋਂ ਦੇ ਕੋਲਡ ਚੇਨ ਸੰਚਾਲਕ ਸੇਰਿੰਗ ਅੰਚੋਕ ਦੀਆਂ ਗੱਲਾਂ ਤੋਂ ਇਹ ਸਾਰਾ ਕੁਝ ਬੇਹੱਦ ਆਸਾਨ ਜਾਪਿਆ। ਉਹ ਕਹਿੰਦੇ ਹਨ,''ਇਹ ਕੋਈ ਮੁਸ਼ਕਲ ਕੰਮ ਨਹੀਂ ਹੈ। ਅਸੀਂ ਬੱਸ ਥੋੜ੍ਹਾ ਧੀਰਜ ਤੋਂ ਕੰਮ ਲਿਆ। ਘੰਟਿਆਂ-ਬੱਧੀ ਕੰਮੀਂ ਲੱਗੇ ਰਹੇ ਅਤੇ ਅਖ਼ੀਰ ਅਸੀਂ ਆਪਣੇ ਕੰਮ ਵਿੱਚ ਸਫ਼ਲ ਰਹੇ।'' ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਲੋਕਾਂ ਨੇ ਬੇਹੱਦ ਖ਼ਰਾਬ ਇੰਟਰਨੈੱਟ ਕੁਨੈਕਸ਼ਨ ਦੇ ਕਾਰਨ ਉਸ ਕੰਮ ਵਿੱਚ ਆਪਣੇ ਦਿਨ ਦੇ ਕਈ ਘੰਟੇ ਲਾਏ ਜਿਸ ਕੰਮ ਨੂੰ ਬਾਕੀ ਥਾਏਂ ਕਰਨ ਵਿੱਚ ਸਿਰਫ਼ ਕੁਝ ਮਿੰਟ ਹੀ ਲੱਗਦੇ ਸਨ ਅਤੇ ਵੈਕਸੀਨ ਲਾਉਣ ਦੀ ਅਸਲ ਪ੍ਰਕਿਰਿਆ ਵਿੱਚ ਤਾਂ ਹੋਰ ਵੀ ਵੱਧ ਸਮਾਂ ਲੱਗਿਆ।

PHOTO • Ritayan Mukherjee

'' ਮੈਂ ਨਹੀਂ ਚਾਹੁੰਦਾ ਕਿ ਮੇਰੀ ਤਸਵੀਰ ਖਿੱਚੀ ਜਾਵੇ, '' ਪਨਾਮਿਕ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਦੀ ਫ਼ਾਰਮਾਸਿਸਟ ਅਤੇ ਸਟੈਂਜ਼ਿਨ ਡੋਲਮਾ ਦੇ 8 ਸਾਲਾ ਬੇਟੇ ਜਿਗਮਤ ਜਾਰਫਲ ਕਹਿੰਦੇ ਹਨ। ਇਹ ਬੱਚਾ ਵੈਕਸੀਨੇਸ਼ਨ ਡ੍ਰਾਈਵ ਦੌਰਾਨ ਆਪਣੀ ਡਿਊਟੀ ' ਤੇ ਤਾਇਨਾਤ ਆਪਣੀ ਮਾਂ ਦੇ ਨਾਲ਼ ਹੀ ਹੁੰਦਾ ਹੈ

ਪ੍ਰਾਇਮਰੀ ਸਿਹਤ ਕੇਂਦਰ ਵਿਖੇ ਬਤੌਰ ਫ਼ਾਰਮਾਸਿਸਟ ਕੰਮ ਕਰਨ ਵਾਲ਼ੀ ਸਟੈਂਜ਼ਿਨ ਡੋਲਮਾ ਨੂੰ ਘੰਟਿਆਂ ਤੱਕ ਕੰਮ ਕਰਨ ਦੌਰਾਨ, ਆਮ ਤੌਰ 'ਤੇ ਆਪਣੇ ਆਸਪਾਸ ਹੀ ਮੌਜੂਦ 8 ਸਾਲਾ ਬੇਟੇ 'ਤੇ ਵੀ ਨਜ਼ਰ ਰੱਖਣੀ ਪੈਂਦੀ ਹੈ। ਉਹ ਕਹਿੰਦੀ ਹਨ,''ਮੇਰਾ ਛੋਟਾ ਬੇਟਾ ਬਹੁਤਾ ਚਿਰ ਮੇਰੇ ਤੋਂ ਦੂਰ ਨਹੀਂ ਰਹਿ ਸਕਦਾ। ਇਸਲਈ ਜਦੋਂ ਜ਼ਿਆਦਾ ਦੇਰ (ਵੈਕਸੀਨੇਸ਼ਨ ਦੇ ਦਿਨੀਂ) ਤੱਕ ਕੰਮ ਕਰਨਾ ਹੁੰਦਾ ਹੈ ਤਾਂ ਉਹ ਮੇਰੇ ਨਾਲ਼ ਹੀ ਆ ਜਾਂਦਾ ਹੈ। ਉਹ ਪੂਰਾ ਦਿਨ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਹੀ ਰਹਿੰਦਾ ਹੈ। ਰਾਤ ਦੀ ਸ਼ਿਫਟ ਵੇਲ਼ੇ ਵੀ ਉਹ ਮੇਰੇ ਨਾਲ਼ ਹੀ ਹੁੰਦਾ ਹੈ।''

ਉਹ ਆਪਣੇ ਬੇਟੇ ਨੂੰ ਨਾਲ਼ ਰੱਖਣ ਦੇ ਖ਼ਤਰੇ ਤੋਂ ਅਣਜਾਣ ਨਹੀਂ ਹਨ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇੱਕ ਮਾਂ ਆਪਣੇ ਬੱਚੇ ਦੀ ਬਿਹਤਰ ਦੇਖਭਾਲ਼ ਕਰ ਸਕਦੀ ਹੈ। ਉਹ ਕਹਿੰਦੀ ਹਨ,''ਇੱਥੇ ਆਉਣ ਵਾਲ਼ੇ ਮਰੀਜ਼ ਅਤੇ ਮੇਰਾ ਬੇਟਾ, ਦੋਵੇਂ ਹੀ ਮੇਰੇ ਲਈ ਬਰਾਬਰ ਅਹਿਮੀਅਤ ਰੱਖਦੇ ਹਨ।''

ਮਨੀਪੁਰ ਦੇ ਰਹਿਣ ਵਾਲੇ, ਸਿਹਤ ਕੇਂਦਰ ਦੇ ਰੈਜੀਡੈਂਟ ਡਾ. ਚਾਬੁੰਗਬਾਮ ਮਿਰਾਬਾ ਮੇਈਤੇਈ ਨੇ ਚੇਤੇ ਕਰਦਿਆਂ ਕਿਹਾ,''ਸ਼ੁਰੂ-ਸ਼ੁਰੂ ਵਿੱਚ ਥੋੜ੍ਹੀ ਅਰਾਜਕਤਾ ਦੀ ਹਾਲਤ ਬਣੀ ਸੀ। ਸੀਮਤ ਸੁਵਿਧਾਵਾਂ ਅਤੇ ਸੀਮਤ ਜਾਣਕਾਰੀ ਦੇ ਨਾਲ਼ ਅਸੀਂ ਢਾਂਚੇ ਨੂੰ ਦਰੁੱਸਤ ਕਰਨ ਦੀ ਬਿਹਤਰ ਕੋਸ਼ਿਸ਼ ਕੀਤੀ। ਅਖ਼ੀਰ ਹਾਲਾਤ ਸਾਡੇ ਕਾਬੂ ਹੇਠ ਆ ਗਏ ਅਤੇ ਇਹਦੇ ਨਾਲ਼ ਹੀ ਅਸੀਂ ਪਿੰਡ ਵਾਲ਼ਿਆਂ ਨੂੰ ਵੈਕਸੀਨ ਦੀ ਲੋੜ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਵੀ ਵਿੱਢੀ।''

ਕੋਵਿਡ ਦੀ ਦੂਸਰੀ ਲਹਿਰ ਵਿੱਚ ਦੇਸ਼ ਦੇ ਬਹੁਤੇਰੇ ਹਿੱਸਿਆਂ ਵਾਂਗਰ ਲੱਦਾਖ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਸੀ। ਇਸ ਵਾਧੇ ਦੇ ਕਾਰਨ ਵਜੋਂ ਆਵਾਜਾਈ ਦੀ ਨਿਰੰਤਰਤਾ ਦੇ ਬਣੇ ਰਹਿਣ, ਮੌਸਮੀ ਮਜ਼ਦੂਰਾਂ ਦੀ ਆਮਦ ਅਤੇ ਕੇਂਦਰ ਸਾਸ਼ਤ ਪ੍ਰਦੇਸ਼ ਤੋਂ ਬਾਹਰ ਪੜ੍ਹਦੇ ਜਾਂ ਕੰਮ ਕਰਦੇ ਲੱਦਾਖੀਆਂ ਦੀ ਲੇਹ ਕਸਬੇ (ਘਰ) ਵਾਪਸੀ ਨੂੰ ਦੇਖਿਆ ਜਾਂਦਾ ਹੈ।

''ਇਹ ਬੇਹੱਦ ਖ਼ਰਾਬ ਦੌਰ ਸੀ। ਉਸ ਵੇਲ਼ੇ ਸਾਡੇ ਕੋਲ਼ ਉਹ ਜ਼ਰੂਰੀ ਢਾਂਚਾ (ਇੰਫ੍ਰਾਸਟ੍ਰਕਚਰ) ਨਹੀਂ ਸੀ ਕਿ ਅਸੀਂ ਲੇਹ ਕਸਬੇ ਵਿੱਚ ਵੱਡੇ ਪੱਧਰ 'ਤੇ ਬੀਮਾਰੀ ਦੇ ਲੱਛਣਾਂ ਵਾਲ਼ੇ ਲੋਕਾਂ ਦਾ ਪਰੀਖਣ ਕਰ ਸਕੀਏ। ਇਸਲਈ, ਸਾਨੂੰ ਜਾਂਚ ਵਾਸਤੇ ਨਮੂਨਿਆਂ ਨੂੰ ਚੰਡੀਗੜ੍ਹ ਭੇਜਣਾ ਪੈਂਦਾ ਸੀ। ਜਾਂਚ ਦੇ ਨਤੀਜੇ ਆਉਣ ਵਿੱਚ ਕਈ ਦਿਨ ਲੱਗ ਜਾਂਦੇ ਸਨ। ਪਰ, ਹੁਣ ਅਸੀਂ ਇੱਥੇ ਲੇਹ ਦੇ ਸੋਨਮ ਨੁਰਬੂ ਮੇਮੋਰਿਅਲ ਹਸਪਤਾਲ ਵਿੱਚ ਹਰ ਦਿਨ ਤਕਰੀਬਨ 1,000 ਲੋਕਾਂ ਦੀ ਜਾਂਚ ਕਰ ਸਕਦੇ ਹਾਂ। ਇਸ ਸਾਲ ਦੀ ਸ਼ੁਰੂਆਤ ਵਿੱਚ ਅਸੀਂ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ, ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹ ਦੇਣ ਦੀ ਯੋਜਨਾ ਬਣਾਈ। ਕਹਿਣ ਦਾ ਭਾਵ ਕਿ ਅਕਤੂਬਰ ਦੇ ਅੰਤ ਤੀਕਰ ਅਸੀਂ ਕੰਮ ਮੁਕੰਮਲ ਕਰ ਲੈਣਾ ਹੈ।''

ਇੱਥੇ ਸਿਹਤ ਕੇਂਦਰਾਂ ਵਿੱਚ ਅਸਥਿਰ ਇੰਟਰਨੈੱਟ ਕੁਨੈਕਸ਼ਨ ਅਤੇ ਸੰਚਾਰ ਦੀਆਂ ਤਕਨੀਕੀ ਸੇਵਾਵਾਂ ਤੱਕ ਲੋਕਾਂ ਦੀ ਸੀਮਤ ਪਹੁੰਚ ਕਾਰਨ, ਉਨ੍ਹਾਂ ਨੂੰ ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਪੂਰਿਆ ਕਰਨ ਲਈ ਬਿਲਕੁਲ ਨਵੇਂ ਅਤੇ ਪ੍ਰਯੋਗਾਤਮਕ ਤੌਰ-ਤਰੀਕਿਆਂ ਦੀ ਤਲਾਸ਼ ਕਰਨੀ ਪੈਂਦੀ ਹੈ। ਲੇਹ ਜ਼ਿਲ੍ਹੇ ਵਿੱਚ ਸਮੁੰਦਰ ਤਲ ਤੋਂ 9,799 ਫੁੱਟ ਦੀ ਉੱਚਾਈ 'ਤੇ ਸਥਿਤ ਖਾਲਸੀ ਪਿੰਡ ਦੀ ਸਿਹਤ ਕਰਮੀ ਕੁੰਜਾਂਗ ਚੋਰੋਲ ਕਹਿੰਦੀ ਹਨ,''ਬਜ਼ੁਰਗ ਲੋਕ ਸਮਾਰਟਫ਼ੋਨ ਦਾ ਇਸਤੇਮਾਲ ਮਾਸਾ ਵੀ ਨਹੀਂ ਕਰਦੇ ਅਤੇ ਇੰਟਰਨੈੱਟ ਨਾਲ਼ ਜੁੜੀਆਂ ਸਮੱਸਿਆਵਾਂ ਵੀ ਹਨ ਹੀ।'' ਸੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਸਿਹਤ-ਕਰਮੀਆਂ ਨੇ ਇਹ ਮੱਲ੍ਹਾਂ ਮਾਰੀਆਂ ਕਿਵੇਂ?

PHOTO • Ritayan Mukherjee

ਖਾਲਸੀ ਤਹਿਸੀਲ ਵਿੱਚ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਬਤੌਰ ਫ਼ਿਜਿਓਥੈਰੇਪਿਸਟ ਕੰਮ ਕਰਨ ਵਾਲ਼ੀ ਕੁੰਜਾਂਗ ਚੋਰੋਲ ਖਾਲਸੀ ਪਿੰਡ ਵਿਖੇ ਇੱਕ ਮਰੀਜ਼ ਨਾਲ਼ ਸਬੰਧਤ ਜਾਣਕਾਰੀ ਨੂੰ ਕੋਵਿਡ ਐਪ ' ਤੇ ਦਰਜ ਕਰਦੀ ਹੋਈ

ਕੁੰਜਾਂਗ ਨੇ, ਜਿਨ੍ਹਾਂ ਨੂੰ ਇੱਥੇ 'ਕੂਨੇ' ਨਾਮ ਨਾਲ਼ ਸੱਦਿਆ ਜਾਂਦਾ ਹੈ, ਕਿਹਾ: ''ਪਹਿਲੀ ਡੋਜ਼ ਤੋਂ ਬਾਅਦ ਅਸੀਂ ਯੂਨੀਕ ਨੰਬਰ ਅਤੇ ਵੈਕਸੀਨ ਦੀ ਦੂਸਰੀ ਡੋਜ਼ ਦੀ ਤਰੀਕ ਕਾਗ਼ਜ਼ 'ਤੇ ਲਿਖ ਕੇ ਰੱਖ ਲਈ। ਉਹਦੇ ਬਾਅਦ, ਅਸੀਂ ਕਾਗ਼ਜ਼ ਦੇ ਉਸ ਟੁਕੜੇ ਨੂੰ ਲੋਕਾਂ ਦੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ਼ ਨੱਥੀ ਕਰ ਦਿੱਤਾ। ਜਿਵੇਂ ਉਨ੍ਹਾਂ ਦੇ ਅਧਾਰ ਕਾਰਡ ਨਾਲ਼। ਕੁਝ ਇਸੇ ਤਰ੍ਹਾਂ ਅਸੀਂ ਪੂਰੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਅਤੇ ਹੁਣ ਤੱਕ ਬੱਸ ਇਹੀ ਤਰੀਕਾ ਪਿੰਡ ਦੇ ਲੋਕਾਂ ਵਾਸਤੇ ਕਾਰਗਰ ਸਾਬਤ ਹੋਇਆ ਹੈ।''

ਉਹ ਅੱਗੇ ਕਹਿੰਦੀ ਹਨ,''ਵੈਕਸੀਨ ਦੀ ਡੋਜ਼ ਪੂਰੀ ਹੋਣ ਦੇ ਬਾਅਦ ਅਸੀਂ ਵੈਕਸੀਨੇਸ਼ਨ ਸਰਟੀਫਿਕੇਟ ਪ੍ਰਿੰਟ ਕੀਤਾ ਅਤੇ ਲੋਕਾਂ ਨੂੰ ਫੜ੍ਹਾ ਦਿੱਤਾ।''

ਜਿਸ ਸਮੇਂ ਸਾਰੇ ਸਿਹਤ ਕੇਂਦਰ ਅਤੇ ਹਸਪਤਾਲ ਕੋਵਿਡ ਨਾਲ਼ ਦੋ ਹੱਥ ਹੋਣ ਲਈ ਆਪਣੇ ਪੂਰੇ ਵਸੀਲਿਆਂ ਦਾ ਇਸਤੇਮਾਲ ਕਰ ਰਹੇ ਸਨ, ਫਿਆਂਗ ਪਿੰਡ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਵੈਕਸੀਨੇਸ਼ਨ ਡ੍ਰਾਈਵ ਦੇ ਸਮਾਨਾਂਤਰ ਹੀ ਬੱਚਿਆਂ ਵਾਸਤੇ ਰੂਟੀਨ ਟੀਕਾਕਰਣ ਦੀ ਸੇਵਾ ਪ੍ਰਦਾਨ ਕਰਨ ਦੀ ਘਟਨਾ ਮੇਰੇ ਲਈ ਬੇਹੱਦ ਹਲੂਣ ਕੇ ਰੱਖ ਦੇਣ ਵਾਲੀ ਸੀ। ਫਿਆਂਗ ਪਿੰਡ ਉਹ ਪਿੰਡ ਹੈ ਜਿਹਦੀ ਸਮੁੰਦਰ ਤਲ ਤੋਂ ਉੱਚਾਈ ਕਰੀਬ 12,000 ਫੁੱਟ ਹੈ।

ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਕ ਦੇ ਪ੍ਰਸ਼ਾਸਨ ਵੱਲੋਂ ਹੁਣ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਵੈਕਸੀਨ ਲਵਾਉਣ ਦੀ ਤੈਅ ਉਮਰ ਦੇ 100 ਫੀਸਦ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ ਲੱਗ ਚੁੱਕੀ ਹੈ ਅਤੇ ਦਾਅਵਾ ਇੱਕ ਖੁੱਲ੍ਹੀ ਚੁਣੌਤੀ ਹੋ ਸਕਦਾ ਹੈ। ਇਸ ਸਭ ਦੇ ਬਾਵਜੂਦ ਵੀ ਜ਼ਮੀਨ 'ਤੇ ਕੰਮ ਕਰਦੇ ਇਨ੍ਹਾਂ ਬੀਹੜ ਪਹਾੜੀ ਇਲਾਕਿਆਂ ਵਿੱਚ ਆਵਾਗਮਨ ਕਰਨ ਵਾਲ਼ੇ ਹਿਰਾਵਲ ਭੂਮਿਕਾ ਨਿਭਾਉਂਦੇ ਇਨ੍ਹਾਂ ਸਿਹਤਕਰਮੀਆਂ ਦਰਪੇਸ਼ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਕਿਤੇ ਕੋਈ ਜ਼ਿਕਰ ਹੀ ਨਹੀਂ ਹੈ। ਸਥਾਈ ਤੌਰ 'ਤੇ ਠੰਡੇ ਅਤੇ ਖ਼ੁਸ਼ਕ ਮੌਸਮ ਵਿੱਚ, ਸਮੁੰਦਰ ਤਲ ਤੋਂ 8,000 ਤੋਂ 20,000 ਫੁੱਟ ਦੀ ਰੇਜ਼ ਵਾਲ਼ੀ ਉੱਚਾਈ 'ਤੇ ਰਹਿੰਦੇ ਲੱਦਾਖ ਦੇ ਤਕਰੀਬਨ 270,000 ਨਿਵਾਸੀਆਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਲਈ ਬੇਹੱਦ ਮੁਸ਼ੱਕਤ ਕਰਨੀ ਪਈ।

ਲੇਹ ਦੇ ਵੈਕਸੀਨ ਅਤੇ ਕੋਲਡ ਚੇਨ ਮੈਨੇਜਰ ਜਿਗਮਤ ਨਾਮਗਿਆਲ ਕਹਿੰਦੇ ਹਨ,''ਸਾਨੂੰ ਬੇਹੱਦ ਚੁਣੌਤੀ ਭਰੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂਆਤੀ ਦਿਨਾਂ ਵਿੱਚ ਸਾਨੂੰ ਕੋਵਿਡ ਐਪ ਨਾਲ਼ ਰੂਬਰੂ ਹੋਣਾ ਸਿਖਣਾ ਪਿਆ। ਪਨਾਮਿਕ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਾਂਗ, ਦੂਰ-ਦੁਰੇਡੇ ਇਲਾਕਿਆਂ ਵਿੱਚ ਸਥਿਤ ਕਈ ਸਿਹਤ ਕੇਂਦਰ ਵਿੱਚ ਸਥਿਰ ਇੰਟਰਨੈੱਟ ਕੁਨੈਕਸ਼ਨ ਵੀ ਨਹੀਂ ਹੈ।'' ਨਾਮਗਿਆਲ ਇਸ ਠੰਡੇ ਰੇਗੀਸਤਾਨ ਵਿੱਚ ਅਕਸਰ ਸਿਰਫ਼ ਇਹ ਸੁਨਿਸ਼ਚਿਤ ਕਰਨ ਲਈ 300 ਕਿਲੋਮੀਟਰ ਤੋਂ ਵੱਧ ਪੈਂਡਾ ਤੈਅ ਕਰਦੇ ਹਨ ਕਿ ਵੈਕਸੀਨ ਦੇ ਢੁੱਕਵੇਂ ਤਾਪਮਾਨ 'ਤੇ ਹੋਏ ਭੰਡਾਰਨ ਅਤੇ ਸਾਰੇ ਭੰਡਾਰਨ ਕੇਂਦਰਾਂ ਵਿਖੇ ਉਨ੍ਹਾਂ ਦੀ ਲੋੜੀਂਦੀ ਮਾਤਰਾ ਵਿੱਚ ਉਪਲਬਧਤਾ ਹੋਵੇ।''

PHOTO • Ritayan Mukherjee

ਸਮੁੰਦਰ ਤਲ ਤੋਂ ਕਰੀਬ 12,000 ਦੂਰੀ ' ਤੇ ਸਥਿਤ ਫ਼ਿਆਂਗ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਡਾਕਟਰ, ਵੈਕਸੀਨੇਸ਼ਨ ਡ੍ਰਾਈਵ ਦੇ ਨਾਲ਼ੋਂ-ਨਾਲ਼ ਬੱਚਿਆਂ ਦਾ ਟੀਕਾਕਰਨ ਅਭਿਆਨ ਵੀ ਚਲਾ ਰਹੇ ਹਨ

ਖਾਲਸੀ ਤਹਿਸੀਲ ਦੇ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਕੰਮ ਕਰਨ ਵਾਲ਼ੇ ਡੇਚੇਨ ਆਂਗਮੋ ਕਹਿੰਦੇ ਹਨ,''ਸਿਰਫ਼ ਕੋਵਿਨ ਐਪ ਦਾ ਇਸਤੇਮਾਲ ਕਰਨਾ ਕੋਈ ਚੁਣੌਤੀ ਨਹੀਂ, ਸਗੋਂ ਵੱਡੀਆਂ ਚੁਣੌਤੀਆਂ ਤਾਂ ਵੈਕਸੀਨ ਦੀ ਬਰਬਾਦੀ ਨਾਲ਼ ਜੁੜੀਆਂ ਹੋਈਆਂ ਹਨ। ਕੇਂਦਰ ਸਰਕਾਰ ਵੱਲੋਂ ਵੈਕਸੀਨ ਬਰਬਾਦ ਨਾ ਕਰਨ ਦੀਆਂ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ।''

ਆਂਗਮੋ ਨੇ ਜਿਹੜੀ ਗੱਲ ਵੱਲ ਇਸ਼ਾਰਾ ਕੀਤਾ ਹੈ ਉਹ ਬੇਹੱਦ ਵੱਡੀ ਚੁਣੌਤੀ ਹੈ। ਉਹ ਦੱਸਦੇ ਹਨ,''ਇੱਕ ਸ਼ੀਸ਼ੀ ਵਿੱਚੋਂ ਅਸੀਂ ਵੈਕਸੀਨ ਦੀਆਂ 10 ਡੋਜਾਂ ਲਾ ਸਕਦੇ ਹਾਂ। ਪਰ, ਜਦੋਂ ਸ਼ੀਸ਼ੀ ਇੱਕ ਵਾਰ ਖੁੱਲ੍ਹ ਜਾਂਦੀ ਹੈ ਤਾਂ ਚਾਰ ਘੰਟਿਆਂ ਦੇ ਅੰਦਰ-ਅੰਦਰ ਉਹਦਾ ਪੂਰਾ ਇਸਤੇਮਾਲ ਕਰਨਾ ਹੁੰਦਾ ਹੈ। ਖਾਲਸੀ ਸਥਿਤ ਸਾਡੇ ਪਿੰਡ ਜਿਹੇ ਬੀਹੜ ਪਿੰਡਾਂ ਵਿੱਚ, ਚਾਰ ਘੰਟਿਆਂ ਦੇ ਇਸ ਸਮੇਂ ਦੌਰਾਨ ਸਿਰਫ਼ 4 ਜਾਂ 5 ਲੋਕ ਹੀ ਟੀਕਾ ਲਵਾਉਣ ਆਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਇੱਥੇ ਆਉਣ ਲਈ ਕਾਫ਼ੀ ਜ਼ਿਆਦਾ ਦੂਰੀ ਤੈਅ ਕਰਨੀ ਪੈਂਦੀ ਹੈ। ਇਸਲਈ, ਬਰਬਾਦੀ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਇਸ ਤੋਂਥ ਬਚਣ ਲਈ, ਮੇਰੇ ਕਾਫ਼ੀ ਸਾਰੇ ਸਾਥੀ ਇੱਕ ਦਿਨ ਪਹਿਲਾਂ ਪਿੰਡ ਵਿੱਚ ਇਹ ਯਕੀਨੀ ਬਣਾਉਣ ਲਈ ਜਾਂਦੇ ਰਹੇ ਸਨ ਕਿ ਲੋਕ ਸਮੇਂ ਸਿਰ ਸਿਹਤ ਕੇਂਦਰ ਆ ਜਾਣ। ਇਹ ਅਕੇਵੇਂ ਭਰਿਆ ਅਤੇ ਥਕਾ ਸੁੱਟਣ ਵਾਲ਼ਾ ਕੰਮ ਹੈ, ਪਰ ਇਸ ਕੋਸ਼ਿਸ਼ ਨਾਲ਼ ਗੱਲ ਬਣ ਗਈ। ਫ਼ਲਸਰੂਪ ਸਾਡੇ ਕੇਂਦਰ ਵਿਖੇ ਵੈਕਸੀਨ ਬਰਬਾਦ ਨਹੀਂ ਹੁੰਦੀ।''

ਬਾਅਦ ਵਿੱਚ ਮੈਨੂੰ ਇਹ ਵੀ ਪਤਾ ਚੱਲਿਆ ਕਿ ਖਾਲਸੀ ਦੇ ਹੈਲਥਕੇਅਰ ਸਟਾਫ਼ ਦੇ ਲੋਕ ਆਪਣੇ ਨਾਲ਼ ਵੈਕਸੀਨ ਲੈ ਕੇ ਲਿੰਗਸੇਟ ਨਾਮਕ ਬੀਹੜ ਪਿੰਡ ਤੱਕ ਗਏ। ਇਹ ਪਿੰਡ ਵੀ ਤਹਿਸੀਲ ਦੇ ਦਾਇਰੇ ਹੇਠ ਆਉਂਦਾ ਹੈ। ਜਨਾਨਾ-ਰੋਗ ਮਾਹਰ ਡਾ. ਪਦਮਾ ਉਸ ਦਿਨ ਵੈਕਸੀਨੇਸ਼ਨ ਇੰਚਾਰਜ ਸਨ; ਉਹ ਕਹਿੰਦੀ ਹਨ,''ਸ਼ੁਰੂ-ਸ਼ੁਰੂ ਵਿੱਚ ਲੋਕਾਂ ਅੰਦਰ ਵੈਕਸੀਨ ਨੂੰ ਲੈ ਕੇ ਕੁਝ ਝਿਜਕ ਸੀ, ਪਰ ਸਾਡੇ ਸਮਝਾਉਣ ਬਾਅਦ ਉਨ੍ਹਾਂ ਨੂੰ ਇਹਦੀ ਅਹਿਮੀਅਤ ਸਮਝ ਆ ਗਈ। ਹੁਣ ਅਸੀਂ ਇੱਕ ਦਿਨ ਵਿੱਚ 500 ਲੋਕਾਂ ਨੂੰ ਵੈਕਸੀਨ ਲਾਉਣ ਦਾ ਰਿਕਾਰਡ ਕਾਇਮ ਕੀਤਾ ਹੈ ਅਤੇ ਉਹ ਉਪਲਬਧੀ ਇੱਕ ਟੀਮ ਵਿੱਚ ਕੰਮ ਕਰਨ ਕਾਰਨ ਹੀ ਮਿਲ਼ੀ ਹੈ।''

ਜਿਗਮਤ ਨਾਮਗਿਆਲ ਕਹਿੰਦੇ ਹਨ,''ਮੈਨੂੰ ਇਸ ਗੱਲ ਤੋਂ ਹੈਰਾਨੀ ਹੁੰਦੀ ਹੈ ਕਿ ਨਰਸਾਂ, ਫ਼ਾਰਮਾਸਿਸਟਾਂ ਅਤੇ ਡਾਕਟਰਾਂ ਨੇ ਇਸ ਚੁਣੌਤੀ ਦਾ ਸਾਹਮਣਾ ਕਿਵੇਂ ਕੀਤਾ ਅਤੇ ਵੈਕਸੀਨੇਸ਼ਨ ਡ੍ਰਾਈਵ ਨੂੰ ਸਫ਼ਲ ਕਿਵੇਂ ਬਣਾਇਆ। ਉਸ ਸਮੇਂ ਅਸੀਂ ਨਾ ਸਿਰਫ਼ ਲੱਦਾਖ ਦੇ ਲੋਕਾਂ ਨੂੰ ਵੈਕਸੀਨ ਲਾ ਰਹੇ ਸਾਂ, ਸਗੋਂ ਉਹਦੇ ਨਾਲ਼-ਨਾਲ਼ ਹੀ ਅਸੀਂ ਸੀਜ਼ਨਲ ਪ੍ਰਵਾਸੀ ਮਜ਼ਦੂਰਾਂ, ਨੇਪਾਲ ਤੋਂ ਆਏ ਕਾਮਿਆਂ ਅਤੇ ਇੱਥੋਂ ਤੱਕ ਕਿ ਦੂਸਰਾ ਰਾਜਾਂ ਤੋਂ ਆਉਣ ਵਾਲ਼ੇ ਉਨ੍ਹਾਂ ਯਾਤਰੀਆਂ ਨੂੰ ਵੀ ਵੈਕਸੀਨ ਲਾਈ ਜਿਨ੍ਹਾਂ ਨੂੰ ਅਜੇ ਲੱਗੀ ਨਹੀਂ ਸੀ।''

ਇਹ ਕੋਈ ਝੂਠਾ ਦਾਅਵਾ ਨਹੀਂ ਹੈ। ਮੇਰੀ ਝਾਰਖੰਡ ਦੇ ਕੁਝ ਸੀਜ਼ਨਲ ਪ੍ਰਵਾਸੀ ਮਜ਼ਦੂਰਾਂ ਨਾਲ਼ ਮੁਲਾਕਾਤ ਹੋਈ, ਜੋ ਪਨਾਮਿਕ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਦੇ ਕੋਲ਼ ਹੀ ਸੜਕ ਬਣਾ ਰਹੇ ਸਨ। ਉਨ੍ਹਾਂ ਨੇ ਮੈਨੂੰ ਕਿਹਾ,''ਅਸੀਂ ਇਸ ਗੱਲ ਲਈ ਸ਼ੁਕਰੀਆ ਅਦਾ ਕਰਦੇ ਹਾਂ ਕਿ ਅਸੀਂ ਲੱਦਾਖ ਵਿੱਚ ਹਾਂ। ਸਾਨੂੰ ਸਾਰਿਆਂ ਨੂੰ ਵੈਕਸੀਨ ਦੀ ਪਹਿਲੀ ਡੋਜ ਲੱਗ ਚੁੱਕੀ ਹੈ। ਹੁਣ ਅਸੀਂ ਦੂਸਰੀ ਡੋਜ ਦੀ ਉਡੀਕ ਕਰ ਰਹੇ ਹਾਂ। ਇਸਲਈ, ਜਦੋਂ ਅਸੀਂ ਆਪਣੇ ਘਰ ਵਾਪਸ ਜਾਵਾਂਗੇ ਤਾਂ ਸਾਡੇ ਅੰਦਰ ਕੋਵਿਡ ਖ਼ਿਲਾਫ਼ ਪ੍ਰਤਿਰੋਧਕ ਸਮਰੱਥਾ ਵਿਕਸਤ ਹੋ ਚੁੱਕੀ ਹੋਵੇਗੀ। ਇੰਝ ਸਾਡੇ ਪਰਿਵਾਰ ਵੀ ਸੁਰੱਖਿਅਤ ਰਹਿਣ ਸਕਣਗੇ।''

PHOTO • Ritayan Mukherjee

ਪਨਾਮਿਕ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਇੱਕ ਸਿਹਤ ਕਰਮੀ ਇੰਟਰਨੈੱਟ ਕੁਨੈਕਸ਼ਨ ਚੈੱਕ ਕਰਦੇ ਹੋਏ ; ਇੱਥੇ ਕੁਨੈਕਟੀਵਿਟੀ ਸਭ ਤੋਂ ਵੱਡੀ ਚੁਣੌਤੀ ਹੈ


PHOTO • Ritayan Mukherjee

ਲੇਹ ਕਸਬੇ ਤੋਂ ਤਕਰੀਬਨ 140 ਕਿਲੋਮੀਟਰ ਦੀ ਦੂਰੀ ' ਤੇ, ਪਨਾਮਿਕ ਵਿਖੇ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਲਾਈਨ ਵਿੱਚ ਲੱਗੇ 100 (ਕਰੀਬ) ਲੋਕ। ਇਹ ਕੇਂਦਰ ਸਿਆਚਿਨ ਗਲੇਸ਼ਿਅਰ ਦੇ ਬੇਹੱਦ ਨੇੜੇ ਸਥਿਤ ਹੈ। ਪਨਾਮਿਕ ਬਲਾਕ ਦੀ ਸਭ ਤੋਂ ਵੱਧ ਉੱਚਾਈ ' ਤੇ ਸਥਿਤ ਇਸ ਥਾਂ ਦੀ ਸਮੁੰਦਰ ਤਲ ਤੋਂ 19,091 ਫੁੱਟ ਹੈ


PHOTO • Ritayan Mukherjee

ਫ਼ਾਰਮਾਸਿਸਟ ਸਟੈਂਜ਼ਿਨ ਡੋਲਮਾ ਵੈਕਸੀਨ ਲਾਉਣ ਦੀ ਤਿਆਰੀ ਕਰਦੇ ਹੋਏ


PHOTO • Ritayan Mukherjee

ਸੇਰਿੰਗ ਆਂਗਚੋਕ, ਪਨਾਮਿਕ ਸਥਿਤ ਸਿਹਤ ਕੇਂਦਰ ਵਿਖੇ ਵੈਕਸੀਨ ਸਟਾਕ ਚੈੱਕ ਕਰਦੇ ਹੋਏ। ਭਾਵੇਂ ਕੋਵਿਨ ਐਪ ਦੀ ਮਦਦ ਨਾਲ਼ ਡਿਜ਼ੀਟਲ ਤਰੀਕੇ ਨਾਲ਼ ਸਟਾਕ ਦੀ ਮੌਜੂਦਗੀ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ ਪਰ ਕਦੇ-ਕਦਾਈਂ ਉਹਦੀ ਸੰਖਿਆ ਅਸਲ ਅੰਕੜਿਆਂ ਤੋਂ ਵੱਖ ਹੋ ਸਕਦੀ ਹੁੰਦੀ ਹੈ। ਇਸਲਈ, ਸਿਹਤ ਕਰਮੀ ਹਮੇਸ਼ਾ ਦੂਜੀ ਵਾਰ ਜਾਂਚ ਕਰਦੇ ਹਨ


PHOTO • Ritayan Mukherjee

ਪਨਾਮਿਕ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਕੰਮ ਕਰਨ ਵਾਲ਼ੀ ਸਿਹਤ ਕਰਮੀ ਸੇਵਾਂਗ ਡੋਲਮਾ ਘਬਰਾਏ ਹੋਏ ਮਰੀਜ਼ ਨੂੰ ਤਸੱਲੀ ਦੇ ਕੇ ਸ਼ਾਂਤ ਕਰਦੀ ਹੋਈ


PHOTO • Ritayan Mukherjee

ਡਾ. ਚਾਬੁੰਗਬਾਮ ਮਿਰਾਬਾ ਮੇਈਤੇਈ ਕਈ ਦਿਨਾਂ ਤੋਂ ਬੁਖ਼ਾਰ ਨਾਲ਼ ਜੂਝਦੇ ਰਹਿਣ ਤੋਂ ਬਾਅਦ ਕੇਂਦਰ ਵਿਖੇ ਆਏ ਬੁੱਧ ਭਿਕਸ਼ੂ ਦੀ ਸਿਹਤ ਜਾਂਚ ਕਰਦੇ ਹੋਏ


PHOTO • Ritayan Mukherjee

ਦਮੇ ਦੀ ਸ਼ਿਕਾਇਤ ਤੋਂ ਪੀੜਤ ਇੱਕ ਬੱਚੇ ਤੇਨਜਿੰਗ ਨੂੰ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਨੇਬੂਲਾਇਜ਼ਰ ਲਗਾਉਂਦੀ ਹੋਈ ਸੀਨੀਅਰ ਨਰਸ


PHOTO • Ritayan Mukherjee

ਡਾ. ਚਾਬੁੰਗਬਾਮ ਇੱਕ ਗ੍ਰਾਮੀਣ ਵਿਅਕਤੀ ਦੀ ਖੇਤੀ ਦੇ ਕੰਮ ਕਰਦਿਆਂ ਜ਼ਖਮੀ ਉਂਗਲ ' ਤੇ ਟਾਂਕਾ ਲਾਉਂਦੇ ਹੋਏ। ਪਨਾਮਿਕ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਤਾਇਨਾਤ ਡਾਕਟਰਾਂ ਨੇ ਇਸ ਮਹਾਂਮਾਰੀ ਕਾਲ਼ ਦੌਰਾਨ ਵੀ ਵੱਖ-ਵੱਖ ਰੋਗਾਂ ਦਾ ਇਲਾਜ ਕਰਨਾ ਜਾਰੀ ਰੱਖਿਆ


PHOTO • Ritayan Mukherjee

ਤੁਰਤੁਕ ਪਿੰਡ ਦੇ ਰਹਿਣ ਵਾਲ਼ੇ ਅਤੇ ਪਨਾਮਿਕ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਕੰਮ ਕਰਨ ਵਾਲ਼ੇ ਫ਼ਾਰਮਾਸਿਸਟ ਅਲੀ ਮੂਸ਼ਾ ਕਹਿੰਦੇ ਹਨ, '' ਇੱਥੇ ਸ਼ੁਰੂਆਤ ਵਿੱਚ ਸੰਕ੍ਰਮਣ ਦੇ ਮਾਮਲੇ ਕਾਬੂ ਤੋਂ ਬਾਹਰ ਹੋ ਗਈ ਸਨ, ਪਰ ਹੁਣ ਅਸੀਂ ਵੱਡੇ ਪੱਧਰ ' ਤੇ ਲੋਕਾਂ ਨੂੰ ਵੈਕਸੀਨ ਲਾ ਦਿੱਤੀ ਹੈ ''


PHOTO • Ritayan Mukherjee

ਖਾਲਸੀ ਪਿੰਡ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਡੇਚੇਨ ਆਂਗਮੋ ਆਪਣੇ ਸਾਥੀ ਕਰਮਚਾਰੀ ਸੇਰਿੰਗ ਲੈਂਡੌਲ ਨੂੰ ਵੈਕਸੀਨ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਪੀਪੀਈ ਕਿਟ ਪਾਉਣ ਵਿੱਚ ਮਦਦ ਕਰਦੇ ਸਮੇਂ


PHOTO • Ritayan Mukherjee

ਖਾਲਸੀ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਜਨਾਨਾ ਰੋਗ ਮਾਹਰ ਡਾ. ਪਦਮਾ ਵੈਕਸੀਨੇਸ਼ਨ ਡ੍ਰਾਈਵ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਫ਼ੋਨ ' ਤੇ ਕੁਝ ਵੇਰਵੇ ਜਾਂਚਦੀ ਹੋਈ


PHOTO • Ritayan Mukherjee

ਖਾਲਸੀ ਪਿੰਡ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਡੇਚੇਨ ਆਂਗਮੋ ਅਗਲੇ ਮਰੀਜ਼ ਦੀ ਉਡੀਕ ਕਰਦਿਆਂ। ਲੱਦਾਖ ਵਿੱਚ ਵੈਕਸੀਨ ਨੂੰ ਬਰਬਾਦ ਹੋਣ ਤੋਂ ਬਚਾਉਣ ਸਭ ਤੋਂ ਵੱਡੀ ਚੁਣੌਤੀ ਰਿਹਾ, ਇਸਲਈ ਸਿਹਤ ਕਰਮੀ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਇੱਕ ਸ਼ੀਸ਼ੀ ਵਿੱਚੋਂ ਉਹ 10-11 ਡੋਜਾਂ ਲਾ ਸਕਣ


PHOTO • Ritayan Mukherjee

ਖਾਲਸੀ ਪਿੰਡ ਵਿੱਚ ਵੈਕਸੀਨੇਸ਼ਨ ਸੈਂਟਰ ਵਜੋਂ ਇਸਤੇਮਾਲ ਕੀਤੇ ਜਾ ਰਹੇ ਸਕੂਲ ਦੇ ਇੱਕ ਕਮਰੇ ਵਿੱਚ ਆਪਣੀ ਵਾਰੀ ਦੀ ਉਡੀਕ ਕਰਦੇ ਲੋਕ


PHOTO • Ritayan Mukherjee

ਖਾਲਸੀ ਤਹਿਸੀਲ ਦੇ ਦੂਰ-ਦੁਰਾਡੇ ਪਿੰਡ ਤੋਂ ਵੈਕਸੀਨ ਦੀ ਦੂਸਰੀ ਡੋਜ ਲਵਾਉਣ ਆਏ ਬਜ਼ੁਰਗ ਵਿਅਕਤੀ ਦੀ ਮਦਦ ਕਰਦੇ ਸਿਹਤ ਕਰਮੀ


PHOTO • Ritayan Mukherjee

ਖਾਲਸੀ ਪਿੰਡ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਲਾਮਾਯੁਰੂ ਇਲਾਕੇ ਤੋਂ ਆਇਆ ਇੱਕ ਗ੍ਰਾਮੀਣ ਵੈਕਸੀਨ ਦੀ ਦੂਸਰੀ ਡੋਜ ਲਵਾਉਂਦਾ ਹੋਇਆ


PHOTO • Ritayan Mukherjee

ਡੇਚੇਨ ਆਂਗਮੋ, ਖਾਲਸੀ ਪਿੰਡ ਦੇ ਇੱਕ ਬਜ਼ੁਰਗ ਨੂੰ ਸਾਵਧਾਨੀ ਨਾਲ਼ ਵੈਕਸੀਨ ਲਾਉਂਦੀ ਹੋਈ


PHOTO • Ritayan Mukherjee

ਟੀਕਾ ਲੱਗਣ ਤੋਂ ਬਾਅਦ ਵੈਕਸੀਨੇਸ਼ਨ ਦਾ ਸਰਟੀਫਿਕੇਟ ਦਿਖਾਉਂਦਾ ਇੱਕ ਵਿਅਕਤੀ


PHOTO • Ritayan Mukherjee

ਖਾਲਸੀ ਪਿੰਡ ਸਥਿਤ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਸੇਰਿੰਗ ਆਂਗਚੁਕ ਕਹਿੰਦੇ ਹਨ, ' ' ਇਸ ਆਊਟਫਿਟ ਵਿੱਚ ਥੋੜ੍ਹੀ ਅਸੁਵਿਧਾ ਹੁੰਦੀ ਹੈ। ਪੂਰਾ ਦਿਨ ਪੀਪੀਈ ਕਿੱਟ ਪਾਈ ਰੱਖਣਾ ਬੇਹੱਦ ਮੁਸ਼ਕਲਾਂ ਭਰਿਆ ਹੁੰਦਾ ਹੈ। ਪਰ, ਘੱਟੋਘੱਟ ਇੱਥੋਂ ਦਾ ਮੌਸਮ ਕੁਝ ਠੰਡਾ ਰਹਿੰਦਾ ਹੈ, ਮੈਦਾਨੀ ਇਲਾਕਿਆਂ ਵਿਚਲੇ ਸਿਹਤ ਕਰਮੀਆਂ ਨੂੰ ਕਾਫ਼ੀ ਦਿੱਕਤਾਂ ਪੇਸ਼ ਆਉਂਦੀਆਂ ਹਨ ''


PHOTO • Ritayan Mukherjee

ਪੂਰਾ ਦਿਨ ਲੋਕਾਂ ਨੂੰ ਵੈਕਸੀਨ ਲਾਏ ਜਾਣ ਤੋਂ ਬਾਅਦ, ਖਾਲਸੀ ਪਿੰਡ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਖਾਲੀ ਪਿਆ ਆਰਜੀ ਵੈਕਸੀਨੇਸ਼ਨ ਰੂਮ


ਤਰਜਮਾ: ਕਮਲਜੀਤ ਕੌਰ

Ritayan Mukherjee

رِتائن مکھرجی کولکاتا میں مقیم ایک فوٹوگرافر اور پاری کے سینئر فیلو ہیں۔ وہ ایک لمبے پروجیکٹ پر کام کر رہے ہیں جو ہندوستان کے گلہ بانوں اور خانہ بدوش برادریوں کی زندگی کا احاطہ کرنے پر مبنی ہے۔

کے ذریعہ دیگر اسٹوریز Ritayan Mukherjee
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur