"ਉਹ ਮਾਂ ਆਪਣੇ ਚਾਰੋ ਬੱਚਿਆਂ ਦੇ ਨਾਲ਼ ਇੱਕ ਤੋਂ ਬਾਦ ਦੂਸਰੀ ਰਾਤ ਤੁਰਦੀ ਰਹੀ ਤੁਰਦੀ ਰਹੀ- ਮੇਰੇ ਲਈ ਤਾਂ ਉਹ ਮਾਂ ਦੁਰਗਾ ਹੈ।"

ਇੱਕ ਪ੍ਰਵਾਸੀ ਮਜ਼ਦੂਰ ਦੇ ਰੂਪ ਵਿੱਚ ਦੇਵੀ ਦੁਰਗਾ ਦੀ ਮੂਰਤੀ ਬਣਾਉਣ ਵਾਲ਼ੇ ਕਲਾਕਾਰ, ਰਿੰਟੂ ਦਾਸ ਨਾਲ਼ ਮਿਲ਼ੋ। ਇਹ ਦੱਖਣ-ਪੱਛਮ ਕੋਲਕਾਤਾ ਵਿੱਚ ਬੇਹਲਾ ਦੇ ਬਾਰਿਸ਼ਾ ਕਲੱਬ ਵਿੱਚ, ਦੁਰਗਾ ਪੂਜਾ ਦੇ ਪੰਡਾਲ ਵਿੱਚ ਇੱਕ ਅਸਧਾਰਣ ਮੂਰਤੀਕਲਾ ਹੈ। ਦੁਰਗਾ ਦੇ ਨਾਲ਼ ਪ੍ਰਵਾਸੀ ਮਜ਼ਦੂਰਾਂ ਦੇ ਰੂਪ ਵਿੱਚ ਹੋਰ ਦੇਵੀ-ਦੇਵਤਾ ਵੀ ਹਨ-ਸਰਸਵਤੀ, ਲਕਸ਼ਮੀ, ਗਣੇਸ਼ ਆਦਿ। ਇਹ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਪ੍ਰਵਾਸੀਆਂ ਦੇ ਸੰਘਰਸ਼ ਪ੍ਰਤੀ ਇੱਕ ਸ਼ਰਧਾਂਜਲੀ ਹੈ।

ਤਾਲਾਬੰਦੀ ਦੇ ਵਕਫੇ ਵਿੱਚ 46 ਸਾਲਾ ਰਿੰਟੂ ਦਾਸ ਨੂੰ ਜਾਪਦਾ ਸੀ ਕਿ ਉਹ "ਪਿਛਲੇ ਛੇ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਹੈ।" ਅਤੇ, ਉਹ ਕਹਿੰਦੇ ਹਨ,"ਟੈਲੀਵਿਜ਼ਨ ਸਕਰੀਨ ਨੂੰ ਖੋਲ੍ਹਦਿਆਂ ਹੀ ਮੈਂ ਉਸ 'ਤੇ ਮੌਤ ਦਾ ਨਾਚ ਦੇਖਿਆ, ਇੰਨੇ ਸਾਰੇ ਲੋਕ ਪ੍ਰਭਾਵਤ ਹੋਏ ਸਨ। ਕਈ ਤਾਂ, ਦਿਨ-ਰਾਤ ਪੈਦਲ ਤੁਰ ਰਹੇ ਸਨ। ਕਦੇ-ਕਦੇ ਤਾਂ ਉਨ੍ਹਾਂ ਨੂੰ ਖਾਣਾ-ਪੀਣਾ ਵੀ ਨਹੀਂ ਮਿਲ਼ ਰਿਹਾ ਸੀ। ਮਾਵਾਂ, ਕੁੜੀਆਂ, ਸਭ ਤੁਰ ਰਹੀਆਂ ਹਨ। ਉਦੋਂ ਹੀ ਮੈਂ ਸੋਚਿਆ ਕਿ ਜੇਕਰ ਇਸ ਸਾਲ ਪੂਜਾ ਕਰਦਾ ਹਾਂ ਤਾਂ ਮੈਂ ਲੋਕਾਂ ਵਾਸਤੇ ਪੂਜਾ ਕਰਾਂਗਾ। ਮੈਂ ਉਨ੍ਹਾਂ ਮਾਵਾਂ ਨੂੰ ਸਨਮਾਨਤ ਕਰਾਂਗਾ।" ਅਤੇ ਇਸਲਈ, ਮਾਂ ਦੁਰਗਾ ਪ੍ਰਵਾਸੀ ਮਜ਼ਦੂਰ ਮਾਂ ਦੇ ਰੂਪ ਵਿੱਚ ਹੈ।

"ਮੂਲ਼ ਵਿਚਾਰ ਕੁਝ ਹੋਰ ਸਨ," 41 ਸਾਲਾ, ਪੱਲਬ ਭੌਮਿਕਾ, ਜਿਨ੍ਹਾਂ ਨੇ ਰਿੰਟੂ ਦਾਸ ਦੀਆਂ ਯੋਜਨਾਵਾਂ 'ਤੇ ਮੂਰਤੀ ਘੜ੍ਹੀ, ਨੇ ਪੱਛਮ ਬੰਗਾਲ ਦੇ ਨਾਦਿਆ ਜਿਲ੍ਹੇ ਵਿੱਚ ਸਥਿਤ ਆਪਣੇ ਘਰੋਂ ਪਾਰੀ (PARI) ਨੂੰ ਦੱਸਿਆ। 2019 ਦੀ ਦੁਰਗਾ ਪੂਜਾ ਦਾ ਧੂਮ-ਧੜੱਕਾ ਖ਼ਤਮ ਹੋਣ ਤੋਂ ਪਹਿਲਾਂ ਹੀ "ਬਾਰਿਸ਼ਾ ਕਲੱਬ ਦੇ ਅਯੋਜਕਾਂ ਨੇ ਇਸ ਸਾਲ ਦੀ ਪੂਜਾ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਪਰ ਫਿਰ ਕੋਵਿਡ-19 ਮਹਾਂਮਾਰੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ 2020 ਅਲੱਗ ਹੋਵੇਗਾ-ਇਸਲਈ ਕਲੱਬ ਨੂੰ ਪੁਰਾਣੀਆਂ ਯੋਜਨਾਵਾਂ ਨੂੰ ਰੱਦ ਕਰਨਾ ਪਿਆ।" ਅਤੇ ਨਵੀਆਂ ਯੋਜਨਾਵਾਂ ਤਾਲਾਬੰਦੀ ਅਤੇ ਮਜ਼ਦੂਰੀ ਦੇ ਸੰਕਟ ਦੁਆਲ਼ੇ ਉਣੀਆਂ ਗਈਆਂ।

This worker in Behala said he identified with the Durga-as-migrant theme, finding it to be about people like himself
PHOTO • Ritayan Mukherjee

ਬੇਹਲਾ ਦੇ ਇਸ ਕਾਰਕੁੰਨ ਨੇ ਕਿਹਾ ਕਿ ਉਨ੍ਹਾਂ ਨੇ ਦੁਰਗਾ-ਜਿਓਂ-ਪ੍ਰਵਾਸੀ ਵਿਸ਼ੇ ਦੀ ਪਛਾਣ ਕੀਤੀ, ਉਹਨੂੰ ਜਾਪਿਆ ਕਿ ਇਹ ਉਹਦੇ ਵਰਗੇ ਲੋਕਾਂ ਬਾਰੇ ਹੈ

"ਮੈਂ ਮਾਂ ਦੁਰਗਾ ਦੀਆਂ ਮੂਰਤੀਆਂ ਉਨ੍ਹਾਂ ਦੇ ਬੱਚਿਆਂ ਅਤੇ ਮਹਿਸ਼ਾਸੁਰ ਦੇ ਨਾਲ਼ ਬਣਾਈਆਂ," ਭੌਮਿਕ ਕਹਿੰਦੇ ਹਨ,"ਜਦੋਂਕਿ ਬਾਕੀ ਕਾਰੀਗਰਾਂ ਨੇ ਬਾਰਿਸ਼ਾ ਕਲੱਬ ਦੀ ਪੂਜਾ ਦੇ ਕਲਾ ਨਿਰਦੇਸ਼ਕ, ਰਿੰਟੂ ਦਾਸ ਦੀ ਦੇਖਰੇਖ ਵਿੱਚ ਪੰਡਾਲ ਦੇ ਵੱਖ-ਵੱਖ ਪੱਖਾਂ 'ਤੇ ਕੰਮ ਕੀਤਾ।" ਪੂਰੇ ਦੇਸ਼ ਵਿੱਚ ਆਰਥਿਕ ਹਾਲਤ ਵਿਗੜਨ ਕਾਰਨ, ਸਾਰੀਆਂ ਪੂਜਾ ਕਮੇਟੀਆਂ ਪ੍ਰਭਾਵਤ ਹੋਈਆਂ। "ਬਾਰਿਸ਼ਾ ਕਲੱਬ ਨੂੰ ਵੀ ਆਪਣਾ ਬਜਟ ਅੱਧਾ ਕਰਨਾ ਪਿਆ। ਕਿਉਂਕਿ ਮੂਲ਼ ਵਿਸ਼ੇ 'ਤੇ ਕੰਮ ਕਰਨਾ ਸੰਭਵ ਨਹੀਂ ਸੀ, ਇਸਲਈ ਰਿੰਟੂ ਦਾ  ਦੇ ਦਿਮਾਗ਼ ਵਿੱਚ ਦੁਰਗਾ ਨੂੰ ਬਤੌਰ ਪ੍ਰਵਾਸੀ ਮਾਂ ਦਿਖਾਉਣ ਦਾ ਵਿਚਾਰ ਫੁੱਟਿਆ। ਅਸੀਂ ਇਸ ਗੱਲ 'ਤੇ ਚਰਚਾ ਕੀਤੀ ਅਤੇ ਮੈਂ ਮੂਰਤੀ ਨੂੰ ਅਕਾਰ ਦੇਣਾ ਸ਼ੁਰੂ ਕਰ ਦਿੱਤਾ। ਮੈਂ ਕਹਾਂਗਾ ਕਿ ਇਹ ਪੰਡਾਲ਼ ਇਕੱਠੇ ਰਲ਼ ਕੇ ਕੰਮ ਕਰਨ ਦਾ ਨਤੀਜਾ ਹੈ।"

ਭੌਮਿਕ ਕਹਿੰਦੇ ਹਨ ਕਿ ਹਾਲਾਤਾਂ ਨੇ "ਮੈਨੂੰ ਦੁਰਗਾ ਦਾ ਇੱਕ ਅਜਿਹਾ ਰੂਪ ਬਣਾਉਣ ਲਈ ਮਜ਼ਬੂਰ ਕੀਤਾ, ਜੋ ਆਪਣੇ ਭੁੱਖੇ ਬੱਚਿਆਂ ਦੇ ਨਾਲ਼ ਦੁੱਖਾਂ ਦਾ ਟਾਕਰਾ ਕਰ ਰਹੀ ਹੈ।" ਦਾਸ ਵਾਂਗ, ਇਨ੍ਹਾਂ ਨੇ ਵੀ ਪਿੰਡਾਂ ਦੇ ਆਪਣੇ ਘਰਾਂ ਵੱਲ ਲੰਬਾ ਪੈਂਡਾ ਪੈਦਲ ਤੈਅ ਕਰਦਿਆਂ "ਕੰਗਾਲ ਮਾਵਾਂ ਦੀਆਂ ਉਨ੍ਹਾਂ ਦੇ ਬੱਚਿਆਂ ਨਾਲ਼ ਵੱਖੋ-ਵੱਖ ਤਸਵੀਰਾਂ" ਦੇਖੀਆਂ ਸਨ। ਪੇਂਡੂ ਕਸਬਿਆਂ ਦੇ ਇੱਕ ਕਲਾਕਾਰ ਦੇ ਰੂਪ ਵਿੱਚ, ਉਹ ਵੀ ਉਨ੍ਹਾਂ ਮਾਵਾਂ ਦੇ ਸੰਘਰਸ਼ਾਂ ਨੂੰ ਭੁੱਲ ਨਹੀਂ ਸਕਦੇ, ਜਿਹਨੂੰ ਇਨ੍ਹਾਂ ਨੇ ਆਪਣੇ ਆਸਪਾਸ ਦੇਖਿਆ ਸੀ। "ਨਾਦਿਆ ਜਿਲ੍ਹੇ ਦੇ ਕ੍ਰਿਸ਼ਨਾਨਗਰ ਦੇ ਮੇਰੇ ਹੋਮ-ਟਾਊਨ ਵਿੱਚ ਇਹਨੂੰ ਪੂਰਾ ਕਰਨ ਵਿੱਚ ਕਰੀਬ ਤਿੰਨ ਮਹੀਨਿਆਂ ਦਾ ਸਮਾਂ ਲੱਗਿਆ। ਉੱਥੋਂ ਇਨ੍ਹਾਂ ਨੂੰ ਬਾਰਿਸ਼ਾ ਕਲੱਬ ਭੇਜਿਆ ਗਿਆ," ਭੌਮਿਕ ਕਹਿੰਦੇ ਹਨ, ਜੋ ਕੋਲਕਾਤਾ ਦੇ ਗਵਰਨਮੈਂਟ ਆਰਟਸ ਕਾਲਜ ਵਿੱਚ ਪੜ੍ਹਾਈ ਦੇ ਸਮੇਂ, ਮਕਬੂਲ ਕਲਾਕਾਰ ਵਿਕਾਸ਼ ਭੱਟਾਚਾਰਜੀ ਦੇ ਕੰਮ ਤੋਂ ਕਾਫੀ ਪ੍ਰਭਾਵਤ ਸਨ, ਜਿਨ੍ਹਾਂ ਦੀ ਪੇਂਟਿੰਗ ਦਾਰਪਾਮਾਈ ਤੋਂ ਪ੍ਰੇਰਿਤ ਹੋ ਕੇ ਇਨ੍ਹਾਂ ਨੇ ਦੁਰਗਾ ਦੀ ਮੂਰਤੀ ਘੜ੍ਹੀ।

ਪੰਡਾਲ ਦੀ ਥੀਮ ਨੇ ਜਨਤਾ ਪਾਸੋਂ ਵਿਆਪਕ ਤਾਰੀਫ਼ ਹਾਸਲ ਕੀਤੀ ਹੈ। "ਇਹ ਪੰਡਾਲ ਸਾਡੇ ਬਾਰੇ ਹੈ," ਇੱਕ ਕਾਰਕੁੰਨ ਨੇ, ਪਿਛਲੀ ਪਗਡੰਡੀ ਵਿੱਚ ਗਾਇਬ ਹੋਣ ਤੋਂ ਪਹਿਲਾਂ ਮੈਨੂੰ ਦੱਸਿਆ। ਇੱਕ ਪ੍ਰਵਾਸੀ ਦੇ ਰੂਪ ਵਿੱਚ ਦਿਖਾਉਂਦੇ ਮਾਂ ਦੁਰਗਾ ਦੇ ਇਸ ਅਵਤਾਰ ਦੇ ਚਿਤਰਣ ਦੀ ਨਿੰਦਾ ਕਰਦਿਆਂ, ਨੈੱਟ 'ਤੇ ਕਈ ਟ੍ਰੋਲ ਹੋਏ ਹਨ। ਪਰ, ਅਯੋਜਨ ਕਮੇਟੀ ਦੇ ਇੱਕ ਬੁਲਾਰੇ ਦਾ ਕਹਿਣਾ ਹੈ, "ਇਹ ਦੇਵੀ ਸਾਰਿਆਂ ਦੀ ਮਾਂ ਹੈ।"

ਅਤੇ, ਪੱਲਬ ਭੌਮਿਕ ਇਸ ਚਿਤਰਣ ਦੀ ਅਲੋਚਨਾ ਕਰਨ ਵਾਲ਼ਿਆਂ ਨੂੰ ਕਹਿੰਦੇ ਹਨ:"ਬੰਗਾਲ ਦੇ ਸ਼ਿਲਪਕਾਰਾਂ, ਬੁੱਤਘਾੜ੍ਹਿਆਂ ਅਤੇ ਕਲਾਕਾਰਾਂ ਨੇ ਦੁਰਗਾ ਦੀ ਕਲਪਨਾ ਸਦਾ ਉਨ੍ਹਾਂ ਔਰਤਾਂ ਦੇ ਰੂਪ ਵਿੱਚ ਕੀਤੀ ਹੈ ਜਿਨ੍ਹਾਂ ਨੂੰ ਉਹ ਆਪਣੇ ਆਸਪਾਸ ਦੇਖਦੇ ਹਨ।"

ਇਸ ਸਟੋਰੀ ਵਿੱਚ ਮਦਦ ਦੇਣ ਲਈ ਸਮਿਤਾ ਖਟੋਰ ਅਤੇ ਸਿੰਚਿਤਾ ਮਾਜੀ ਦਾ ਸ਼ੁਕਰੀਆ।

ਤਰਜਮਾ: ਕਮਲਜੀਤ ਕੌਰ

Ritayan Mukherjee

رِتائن مکھرجی کولکاتا میں مقیم ایک فوٹوگرافر اور پاری کے سینئر فیلو ہیں۔ وہ ایک لمبے پروجیکٹ پر کام کر رہے ہیں جو ہندوستان کے گلہ بانوں اور خانہ بدوش برادریوں کی زندگی کا احاطہ کرنے پر مبنی ہے۔

کے ذریعہ دیگر اسٹوریز Ritayan Mukherjee
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur