ਪਿਛਲੇ ਇੱਕ ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ, ਨਿਸ਼ਾ ਯਾਦਵ ਆਪਣੇ ਪਰਿਵਾਰ ਦਾ ਰਾਸ਼ਨ ਲਿਆਉਣ ਲਈ ਵਾਧੂ ਦੂਰੀ ਤੈਅ ਕਰ ਰਹੀ ਹਨ। ਉਨ੍ਹਾਂ ਦੇ ਘਰ ਦੇ ਕੋਲ਼ ਸਥਿਤ ਕਰਿਆਨੇ ਦੀ ਦੁਕਾਨ ਤੋਂ ਉਨ੍ਹਾਂ ਨੂੰ ਹੋਰ ਰਾਸ਼ਨ ਨਹੀਂ ਮਿਲ਼ਦਾ। "ਜਦੋਂ ਤੋਂ ਪਾਪਾ ਹਸਪਤਾਲ ਵਿੱਚ ਭਰਤੀ ਹੋਏ ਹਨ, ਰਾਜਨਵਾਲ਼ਾ (ਕਿਰਾਏ ਦੀ ਦੁਕਾਨ ਦੇ ਮਾਲਕ) ਸਾਨੂੰ ਆਪਣੀ ਦੁਕਾਨ ਵਿੱਚ ਵੜ੍ਹਨ ਨਹੀਂ ਦਿੰਦਾ," ਉਹ ਕਹਿੰਦੀ ਹਨ।

"ਮੇਰੇ ਪਿਤਾ ਜੂਨ ਦੇ ਅੰਤ ਵਿੱਚ ਕੋਵਿਡ-19 ਪੌਜੀਟਿਵ ਪਾਏ ਗਏ ਸਨ, ਪਰ ਉਹ ਹੁਣ ਪੂਰੀ ਤਰ੍ਹਾਂ ਨਾਲ਼ ਠੀਕ ਹੋ ਚੁੱਕੇ ਹਨ," ਨਿਸ਼ਾ ਦੱਸਦੀ ਹਨ। "ਸਾਡੇ ਵਿੱਚੋਂ ਬਾਕੀ ਲੋਕ ਦੋ ਹਫ਼ਤਿਆਂ ਤੱਕ ਦੂਸਰਿਆਂ ਤੋਂ ਬਿਲਕੁਲ ਅਲੱਗ-ਥਲੱਗ ਰਹੇ। ਹਾਲਾਂਕਿ ਪਾਪਾ ਇੱਕ ਮਹੀਨਾ ਪਹਿਲਾਂ ਹੀ ਠੀਕ ਹੋ ਗਏ ਸਨ, ਪਰ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਜੇਕਰ ਅਸੀਂ ਉਨ੍ਹਾਂ ਦੀ ਦੁਕਾਨ ਵਿੱਚ ਆਏ, ਤਾਂ ਦੂਸਰਿਆਂ ਨੂੰ ਵਾਇਰਸ ਫੈਲਾ ਸਕਦੇ ਹਾਂ। ਇਸਲਈ ਹੁਣ ਸਾਡੇ ਵਿੱਚੋਂ ਕਿਸੇ ਇੱਕ ਨੂੰ ਮੀਂਹ ਅਤੇ ਹੜ੍ਹ ਦੇ ਇਸ ਮੌਸਮ ਵਿੱਚ, ਕਰੀਬ ਇੱਕ ਮੀਲ਼ ਦੂਰ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਤੋਂ ਰਾਸ਼ਨ ਲਿਆਉਣ ਲਈ, ਗੋਡਿਆਂ ਤੀਕਰ ਗੰਦੇ ਪਾਣੀ ਤੋਂ ਹੋ ਕੇ ਪੈਦਲ ਜਾਣਾ ਪੈਂਦਾ ਹੈ।"

ਛੇ ਸਾਲ ਪਹਿਲਾਂ ਜਮਾਤ 11 ਤੱਕ ਪੜ੍ਹਾਈ ਕਰਨ ਤੋਂ ਬਾਦ ਸਕੂਲ ਛੱਡ ਚੁੱਕੀ 24 ਸਾਲਾ ਨਿਸ਼ਾ, ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਦੇ ਹਾਟਾ ਬਲਾਕ ਦੇ ਸੋਹਸਾ ਮਠਿਆ ਪਿੰਡ ਵਿੱਚ ਰਹਿੰਦੀ ਹਨ। ਗੋਰਖਪੁਰ ਸ਼ਹਿਰ ਤੋਂ ਕਰੀਬ 60 ਕਿਲੋਮੀਟਰ ਦੂਰ ਸਥਿਤ ਉਨ੍ਹਾਂ ਦਾ ਪਿੰਡ, ਮਾਨਸੂਨ ਅਤੇ ਹੜ੍ਹ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ।

"ਸਾਡੇ ਭੂਆ-ਫੂਫਾ (ਭੂਆ-ਫੁੱਫੜ)ਸਾਡੇ ਲਈ ਰਾਸ਼ਨ ਖਰੀਦਦੇ ਹਨ, ਜਿਸ ਵਾਸਤੇ ਅਸੀਂ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਾਨ ਕਰਦੇ ਹਾਂ।" ਇਹ ਗੱਲਬਾਤ ਕਰਦਿਆਂ ਨਿਸ਼ਾ ਆਪਣੀ ਸਲਵਾਰ ਦਾ ਪੌਂਚ੍ਹਾ ਤਿੰਨ ਜਾਂ ਚਾਰ ਮੋੜ ਰਹੀ ਹੈ-ਉਹ ਹੜ੍ਹ ਦੇ ਪਾਣੀ ਵਿੱਚੋਂ ਦੀ ਲੰਘ ਕੇ ਆਪਣੇ ਘਰ ਮੁੜਨ ਵਾਲ਼ੀ ਹੈ। ਉਨ੍ਹਾਂ ਦੇ ਪਰਿਵਾਰ ਦੇ ਕੋਲ਼ ਸ਼ਾਮ ਦੀ ਚਾਹ ਵਾਸਤੇ ਖੰਡ ਵੀ ਨਹੀਂ ਬਚੀ।
PHOTO • Jigyasa Mishra

'ਪੜ੍ਹਾਈ ਦੀ ਹੁਣ ਸਾਡੇ ਲਈ ਪ੍ਰਾਥਮਿਕਤਾ ਨਹੀਂ ਰਹੀ,' ਅਨੁਰਾਗ ਯਾਦਵ ਕਹਿੰਦੇ ਹਨ


ਨਿਸ਼ਾ, ਬ੍ਰਿਜਕਿਸ਼ੋਰ ਦੀ ਸਭ ਤੋਂ ਵੱਡੀ ਔਲਾਦ ਹੈ, 47 ਸਾਲਾ ਬ੍ਰਿਜਕਿਸ਼ੋਰ ਜੋ ਆਪਣੇ ਪਰਿਵਾਰ ਦੇ ਇਕੱਲੇ ਕਮਾਊ ਮੈਂਬਰ ਹਨ, ਜੂਨ ਵਿੱਚ ਦਿੱਲੀ ਤੋਂ ਪਰਤੇ ਸਨ। ਰਾਜਧਾਨੀ ਵਿੱਚ, ਉਹ ਇੱਕ ਜੀਨਸ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਸਨ, ਜਿੱਥੇ ਉਨ੍ਹਾਂ ਨੂੰ ਹਰੇਕ ਮਹੀਨੇ ਕਰੀਬ 20,000 ਰੁਪਏ ਮਿਲ਼ਦੇ ਸਨ। ਛੇ ਸਾਲ ਪਹਿਲਾਂ ਸੱਪ ਦੇ ਡੰਗਣ ਕਰਕੇ ਨਿਸ਼ਾ ਦੀ ਮਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ, ਉਹ ਆਪਣੇ ਛੋਟੇ ਦੋ ਭਰਾਵਾਂ ਦੀ ਦੇਖਭਾਲ਼ ਕਰ ਰਹੀ ਹਨ। 14 ਸਾਲ ਦਾ ਪ੍ਰਿਯਾਸ਼ੁ 8ਵੀਂ ਜਮਾਤ ਵਿੱਚ ਹੈ ਅਤੇ 20 ਸਾਲਾ ਅਨੁਰਾਗ ਬੀ.ਏ. ਦੇ ਦੂਜੇ ਸਾਲ ਵਿੱਚ ਹੈ।

ਦੋਵੇਂ ਹੁਣ ਤਾਲਾਬੰਦੀ ਨਾਲ਼ ਜੂਝ ਰਹੇ ਹਨ। ਇੱਕ ਅਜਿਹੇ ਪਰਿਵਾਰ ਵਿੱਚ ਜਿੱਥੇ ਇਹ ਤੱਕ ਨਿਸ਼ਚਿਤ ਨਹੀਂ ਹੈ ਕਿ ਦਿਨ ਵਿੱਚ ਦੋ ਡੰਗ ਦੀ ਰੋਟੀ ਵੀ ਮਿਲੇਗੀ, ਉਨ੍ਹਾਂ ਲਈ ਸਮਾਰਟਫੋਨ ਰੱਖਣ ਅਤੇ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਦੇ ਪ੍ਰਵਾਸੀ ਮਜ਼ਦੂਰ ਪਿਤਾ ਦੇ ਕੋਲ਼ ਇੱਕ ਸਧਾਰਣ ਸੈਲਫੋਨ ਹੈ। ਦੋਵੇਂ ਹੀ ਲੜਕੇ ਆਉਣ ਵਾਲੇ ਸੈਸ਼ਨਾਂ ਦੀ ਆਪਣੀ ਫੀਸ ਦਾ ਭੁਗਤਾਨ ਨਹੀਂ ਕਰ ਸਕਣਗੇ।

"ਅਸੀਂ ਇਸ ਵਰ੍ਹੇ ਪੜ੍ਹਾਈ ਨਹੀਂ ਕਰਾਂਗੇ। ਇਹ ਹੁਣ ਸਾਡੇ ਲਈ ਪ੍ਰਾਥਮਿਕਤਾ ਨਹੀਂ ਰਹੀ। ਹੋ ਸਕਦਾ ਹੈ, ਅਗਲੇ ਸਾਲ, ਅਸੀਂ ਪੜ੍ਹਾਈ ਜਾਰੀ ਰੱਖ ਸਕੀਏ," ਅਨੁਰਾਗ ਕਹਿੰਦੇ ਹਨ।

"ਪਾਪਾ ਹਰ ਮਹੀਨੇ ਸਾਨੂੰ 12,000-13,000 ਰੁਪਏ ਭੇਜਦੇ ਸਨ," ਨਿਸ਼ਾ ਕਹਿੰਦੀ ਹਨ। "ਪਰ ਅਪ੍ਰੈਲ ਤੋਂ ਬਾਅਦ ਤੋਂ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਅਸੀਂ ਕਿਵੇਂ ਗੁਜਾਰਾ ਕਰ ਰਹੇ ਹਾਂ। ਕਦੇ-ਕਦੇ, ਅਸੀਂ ਦਿਨ ਵਿੱਚ ਸਿਰਫ਼ ਇੱਕ ਡੰਗ ਹੀ ਰੋਟੀ ਖਾ ਪਾਉਂਦੇ ਹਾਂ।"

"ਪਾਪਾ ਜੂਨ ਦੇ ਅੰਤ ਵਿੱਚ ਆਏ ਸਨ ਅਤੇ ਮੁੜ ਰਹੇ ਪ੍ਰਵਾਸੀਆਂ ਲਈ ਕੁਆਰੰਟੀਨ ਕੇਂਦਰ ਦੇ ਰੂਪ ਵਿੱਚ ਇਸਤੇਮਾਲ ਕੀਤੇ ਜਾ ਰਹੇ ਸਕੂਲ ਵਿੱਚ ਉਨ੍ਹਾਂ ਦੀ ਜਾਂਚ ਹੋਈ ਸੀ। ਇਹ ਇੱਕ ਤੇਜ਼ (ਰੈਪਿਡ ਐਂਟੀਜਨ) ਜਾਂਚ ਸੀ ਜਿਸ ਤੋਂ ਪਤਾ ਚੱਲਿਆ ਕਿ ਉਹ ਪੌਜੀਟਿਵ ਹਨ, ਇਸਲਈ ਉਨ੍ਹਾਂ ਨੂੰ ਉੱਥੇ ਹੀ ਬੰਦ ਕਰ ਦਿੱਤਾ ਗਿਆ। ਇੱਕ ਹਫ਼ਤੇ ਬਾਅਦ, ਵੱਧ ਵਿਸਤ੍ਰਿਤ (ਆਰਟੀ-ਪੀਸੀਆਰ-ਰਿਵਰਸ ਟ੍ਰਾਂਸਕ੍ਰਿਪਸ਼ਨ-ਪੌਲੀਮਰੇਜ਼ ਚੇਨ ਰਿਏਕਸ਼ਨ) ਜਾਂਚ ਵਿੱਚ ਉਹ ਨੈਗੇਟਿਵ ਆਏ। ਇਸਲਈ ਉਨ੍ਹਾਂ ਨੂੰ ਜਲਦੀ ਹੀ, 2 ਜੁਲਾਈ ਨੂੰ ਛੱਡ ਦਿੱਤਾ ਗਿਆ। ਉਹ ਠੀਕ ਹਨ, ਪਰ ਅਸੀਂ ਹਾਲੇ ਵੀ ਕਲੰਕ ਝੱਲ ਰਹੇ ਹਾਂ।"

"ਦਿੱਲੀ ਤੋਂ ਗੋਰਖਪੁਰ ਆਉਣ ਲਈ, ਮੈਨੂੰ ਟਰੱਕ ਡਰਾਈਵਰ ਨੂੰ 4,000 ਰੁਪਏ ਦੇਣੇ ਪਏ," ਬ੍ਰਿਜਕਿਸ਼ੋਰ ਕਹਿੰਦੇ ਹਨ। "ਫਿਰ, ਇੱਥੇ ਆਪਣੇ ਪਿੰਡ ਆਉਣ ਲਈ ਬੋਲੇਰੋ ਵਾਲੇ ਨੂੰ 1,000 ਰੁਪਏ ਦੇਣੇ ਪਏ। ਇਹ ਪੈਸੇ ਵੀ ਉਨ੍ਹਾਂ 10,000 ਰੁਪਿਆਂ ਵਿੱਚੋਂ ਹੀ ਖ਼ਰਚ ਕੀਤੇ ਜੋ ਮੈਂ ਦਿੱਲੀ ਵਿੱਚ ਦੋਸਤਾਂ ਤੋਂ ਉਧਾਰ ਚੁੱਕੇ ਸਨ। ਮੈਨੂੰ ਉਨ੍ਹਾਂ ਪੈਸਿਆਂ ਦੀ ਲੋੜ ਸੀ ਕਿਉਂਕਿ ਮੇਰੇ ਬੱਚੇ ਦਾਲ-ਰੋਟੀ ਜਾਂ ਲੂਣ-ਚੌਲ਼ ਖਾ ਕੇ ਗੁਜਾਰਾ ਕਰ ਰਹੇ ਸਨ। ਪਰ ਮੇਰੇ ਕੋਲ਼ ਆਪਣੇ ਬੱਚਿਆਂ ਲਈ ਜੋ 5000 ਰੁਪਏ ਬਚੇ ਸਨ ਅਤੇ ਉਹ ਵੀ ਇਸ ਕਰੋਨਾ ਬੀਮਾਰੀ ਦੀ ਬਲ਼ੀ ਚੜ੍ਹ ਗਏ। ਦਵਾਈਆਂ ਬਹੁਤ ਮਹਿੰਗੀਆਂ ਸਨ। ਛੁੱਟੀ ਮਿਲ਼ਣ 'ਤੇ ਮੈਨੂੰ ਘਰ ਪਰਤਣ ਲਈ 500 ਰੁਪਏ ਵਿੱਚ ਆਟੋਰਿਕਸ਼ਾ ਕਿਰਾਏ 'ਤੇ ਲੈਣਾ ਪਿਆ। ਅਤੇ ਹੁਣ ਮੇਰੇ ਕੋਲ਼ ਕੋਈ ਕੰਮ ਨਹੀਂ ਹੈ।"

"ਮੈਨੂੰ ਦੱਸੋ, ਮੈਂ ਦਿੱਲੀ ਕਦੋਂ ਵਾਪਸ ਜਾ ਸਕਦਾ ਹਾਂ?" ਉਹ ਪੁੱਛਦੇ ਹਨ। "ਇੱਥੇ, ਸਾਡੀ ਮਦਦ ਅਤੇ ਹਮਾਇਤ ਕਰਨ ਦੀ ਬਜਾਇ, ਗੁਆਂਢੀ ਅਤੇ ਦੁਕਾਨਦਾਰ ਸਾਡਾ ਬਾਈਕਾਟ ਕਰ ਰਹੇ ਹਨ। ਮੇਰੀ ਗ਼ਲਤੀ ਕੀ ਹੈ?"

"ਇਸ ਜਿਲ੍ਹੇ ਵਿੱਚ ਜਾਂ ਆਸਪਾਸ ਕੋਈ ਵੱਡੀ ਫੈਕਟਰੀ ਨਹੀਂ ਹੈ, ਨਹੀਂ ਤਾਂ ਅਸੀਂ ਆਪਣੇ ਪਰਿਵਾਰ ਕੋਲੋਂ ਇੰਨੀ ਦੂਰ ਜਾਂਦੇ ਹੀ ਕਿਉਂ ਅਤੇ ਇੰਨਾ ਦੁੱਖ ਨਾ ਝੱਲਦੇ," ਬ੍ਰਿਜਕਿਸ਼ੋਰ ਕਹਿੰਦੇ ਹਨ।

*****

ਸੂਰਜ ਕੁਮਾਰ ਪ੍ਰਜਾਪਤੀ ਪਿਛਲੇ ਕੁਝ ਦਿਨਾਂ ਤੋਂ ਸਧਾਰਣ ਤੋਂ ਕੁਝ ਘੱਟ ਪਾਣੀ ਪੀ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਕੋਵਿਡ-19 ਤੋਂ ਠੀਕ ਹੋ ਕੇ ਵੀ ਕਿਤੇ ਉਹ ਕੁਆਰੰਟੀਨ ਸੈਂਟਰ ਦੀ ਗੰਦਗੀ ਤੋਂ ਹੋਰ ਬੀਮਾਰੀ ਨਾ ਲਵਾ ਲੈਣ। "ਪਾਣੀ ਪੀਣ ਯੋਗ ਨਹੀਂ ਹੈ। ਸਿੰਕ ਅਤੇ ਟੂਟੀਆਂ 'ਤੇ ਲੋਕਾਂ ਨੇ ਪਾਣ-ਗੁਟਕੇ ਖਾ ਕੇ ਥੁੱਕਿਆ ਹੋਇਆ ਹੈ। ਜੇ ਤੁਸੀਂ ਇੰਨੀ ਗੰਦਗੀ ਦੇਖ ਲਈ ਤਾਂ ਤੁਸੀਂ ਪਾਣੀ ਪੀਣ ਦੀ ਬਜਾਇ ਪਿਆਸੇ ਰਹਿਣਾ ਪਸੰਦ ਕਰੋਗੇ," ਉਹ ਕਹਿੰਦੇ ਹਨ।

'ਇੱਥੇ' ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜਿਲ੍ਹੇ ਦੇ ਖ਼ਲੀਲਾਬਾਦ ਬਲਾਕ ਦਾ ਸੇਂਟ ਥਾਮਸ ਸਕੂਲ ਹੈ, ਜਿੱਥੇ ਸਰਕਾਰੀ ਇਲਾਜ ਕੈਂਪ ਵਿੱਚ ਕੋਵਿਡ-19 ਦੀ ਜਾਂਚ ਵਿੱਚ ਪੌਜੀਟਿਵ ਆਉਣ ਤੋਂ ਬਾਦ ਸੂਰਜ ਨੂੰ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਬੀ.ਏ. ਦੂਜੇ ਸਾਲ ਦੇ ਇਸ 20 ਸਾਲਾ ਵਿਦਿਆਰਥੀ ਨੇ ਬਹੁਤ ਜ਼ਿਆਦਾ ਖੰਘ ਆਉਣ 'ਤੇ ਜਾਂਚ ਕਰਾਈ ਸੀ।

"ਮੇਰੇ ਮਾਪੇ, ਦੋ ਭਰਾ ਅਤੇ ਇੱਕ ਭੈਣ, ਸਾਰੇ ਖ਼ਲੀਲਾਬਾਦ ਸ਼ਹਿਰ ਵਿੱਚ ਰਹਿੰਦੇ ਹਨ। (ਉਨ੍ਹਾਂ ਦੇ ਭੈਣ-ਭਰਾ, ਸਾਰ ਉਸ ਤੋਂ ਛੋਟੇ ਹਨ, ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ।) ਮੇਰੇ ਪਿਤਾ ਜੋ ਚੌਰਾਹੇ 'ਤੇ ਚਾਹ-ਪਕੌੜਾ ਵੇਚਦੇ ਹਨ- ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਕਮਾਈ ਬਹੁਤ ਘੱਟ ਗਈ ਹੈ," ਸੂਰਜ ਦੱਸਦੇ ਹਨ। "ਸੜਕਾਂ 'ਤੇ ਕੋਈ ਵੀ ਨਿਕਲ਼ਦਾ ਹੀ ਨਹੀਂ ਸੀ-ਤਾਂ ਖਰੀਦਦਾ ਕੌਣ? ਜੁਲਾਈ ਤੋਂ ਥੋੜ੍ਹੀ ਵਿਕਰੀ ਸ਼ੁਰੂ ਹੋਈ, ਪਰ ਇਹ ਬਹੁਤ ਹੀ ਸੀਮਤ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਉਂਝ ਵੀ ਸਾਰਾ ਕੁਝ ਬੰਦ (ਗੈਰ-ਜ਼ਰੂਰੀ ਕਾਰੋਬਾਰਾਂ ਲਈ, ਸਰਕਾਰੀ ਹੁਕਮਾਂ ਤਹਿਤ) ਰਹਿੰਦਾ ਹੈ। ਮੈਂ ਆਪਣੇ ਪਿਤਾ ਨੂੰ ਰੋਜਾਨਾ ਬੋਤਲਬੰਦ ਮਿਨਰਲ ਪਾਣੀ ਭੇਜਣ ਲਈ ਨਹੀਂ ਕਹਿ ਸਕਦਾ।"
Sooraj Prajapati (left), in happier times. Now, he says, 'Food is not a problem here [at the government medical centre], but cleanliness definitely is'
PHOTO • Courtesy: Sooraj Prajapati
Sooraj Prajapati (left), in happier times. Now, he says, 'Food is not a problem here [at the government medical centre], but cleanliness definitely is'
PHOTO • Sooraj Prajapati
Sooraj Prajapati (left), in happier times. Now, he says, 'Food is not a problem here [at the government medical centre], but cleanliness definitely is'
PHOTO • Sooraj Prajapati

ਸੂਰਜ ਪ੍ਰਜਾਪਤੀ (ਖੱਬੇ) ਖੁਸ਼ੀ ਦੇ ਸਮੇਂ। ਹੁਣ, ਉਹ ਕਹਿੰਦੇ ਹਨ,'ਇੱਥੇ (ਸਰਕਾਰੀ ਇਲਾਜ ਕੇਂਦਰ ਵਿੱਚ) ਭੋਜਨ ਦੀ ਕੋਈ ਸਮੱਸਿਆ ਨਹੀਂ ਹੈ, ਪਰ ਸਵੱਛਤਾ ਯਕੀਨਨ ਸਮੱਸਿਆ ਹੈ'


ਸੂਰਜ ਅਤੇ ਲਗਭਗ 80 ਹੋਰ ਲੋਕਾਂ ਨੂੰ, ਕੋਵਿਡ-19 ਲਈ 'ਤੇਜ਼' (ਰੈਪਿਡ ਐਂਟੀਜਨ) ਜਾਂਚਾਂ ਵਿੱਚ ਪੌਜੀਟਿਵ ਆਉਣ ਤੋਂ ਬਾਦ ਸਕੂਲ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਸੀ। ਉਹ ਕਰੀਬ 25 ਫੁੱਟ ਲੰਬੇ ਅਤੇ 11 ਫੁੱਟ ਚੌੜੇ ਕਮਰੇ ਵਿੱਚ ਸੱਤ ਹੋਰਨਾਂ ਲੋਕਾਂ ਦੇ ਨਾਲ਼ ਰਹਿ ਰਹੇ ਹਨ।

"ਸਾਨੂੰ ਸਵੇਰੇ 7 ਵਜੇ ਚਾਹ ਦੇ ਨਾਲ਼ ਬ੍ਰੈਡ ਪਕੌੜਾ ਮਿਲ਼ਦਾ ਹੈ ਅਤੇ ਫਿਰ ਦੁਪਹਿਰ ਨੂੰ 1 ਵਜੇ ਅਸੀਂ ਦਾਲ-ਰੋਟੀ ਜਾਂ ਚੌਲ਼ ਖਾਂਦੇ ਹਾਂ। ਹਾਲਾਂਕਿ, ਸਾਨੂੰ ਬਹੁਤ ਪਹਿਲਾਂ ਹੀ ਭੁੱਖ ਲੱਗ ਜਾਂਦੀ ਹੈ- ਅਸੀਂ ਨੌਜਵਾਨ ਜੋ ਹੋਏ, ਤੁਸੀਂ ਆਪ ਹੀ ਦੇਖੋ," ਕਹਿ ਕੇ ਉਹ ਹੱਸਦੇ ਹਨ। "ਸ਼ਾਮ ਨੂੰ ਸਾਨੂੰ ਦੋਬਾਰਾ ਚਾਹ ਅਤੇ 7 ਵਜੇ ਡਿਨਰ (ਦਾਲ-ਰੋਟੀ) ਮਿਲ਼ਦਾ ਹੈ। ਇੱਥੇ ਭੋਜਨ ਕੋਈ ਸਮੱਸਿਆ ਨਹੀਂ ਹੈ, ਪਰ ਸਵੱਛਤਾ ਯਕੀਨਨ ਸਮੱਸਿਆ ਹੈ।"

ਸਕੂਲ ਦੇ ਲਗਭਗ ਹਰੇਕ ਕਮਰੇ ਦੇ ਬਾਹਰ ਕੂੜੇ ਦੇ ਢੇਰ ਹਨ। ਇੱਥੇ ਲੋਕਾਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੇ ਡੱਬੇ, ਬਚਿਆ ਤੇ ਬੇਕਾਰ ਖਾਣਾ, ਡਿਸਪੋਜਲ ਕੱਪ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕਾੜ੍ਹਾ (ਜੜ੍ਹੀਆਂ-ਬੂਟੀਆਂ ਨਾਲ਼ ਉਬਲਿਆ ਪਾਣੀ) ਅਤੇ ਚਾਹ ਮਿਲ਼ਦੀ ਹੈ, ਸਾਰਾ ਕੁਝ ਗਲਿਆਰਿਆਂ ਵਿੱਚ ਖਿੰਡਿਆ ਪਿਆ ਹੈ। "ਮੈਂ ਪਿਛਲੇ ਅੱਠ ਦਿਨਾਂ ਤੋਂ ਕਿਸੇ ਨੂੰ ਇੱਥੇ ਇੱਕ ਵਾਰ ਵੀ ਝਾੜੂ ਲਗਾਉਂਦੇ ਨਹੀਂ ਦੇਖਿਆ ਹੈ। ਅਸੀਂ ਗੰਦੇ ਪਖਾਨੇ- ਜੋ ਪੂਰੇ ਕੁਆਰੰਟੀਨ ਸੈਂਟਰ ਵਿੱਚ ਸਿਰਫ਼ ਇੱਕੋ ਹੀ ਹੈ ਜਿਸਦੇ ਅੰਦਰ 5-6 ਮੂਤਰੀ ਹਨ-ਦੀ ਵਰਤੋਂ ਕਰਦੇ ਸਮੇਂ ਨੱਕ ਬੰਦ ਕਰ ਲੈਂਦੇ ਹਾਂ। ਔਰਤਾਂ ਦਾ ਪਖਾਨਾ-ਘਰ ਬੰਦ ਹੈ ਕਿਉਂਕਿ ਕੋਈ ਔਰਤ ਨਹੀਂ ਹੈ। ਕਦੇ-ਕਦੇ ਮੈਨੂੰ ਉਲਟੀ ਆਉਣ ਲੱਗਦੀ ਹੈ।"

"ਅਸੀਂ ਸੇਵਕਾਂ ਨਾਲ਼ ਬੇਕਾਰ ਹੀ ਸ਼ਿਕਾਇਤ ਕਰਦੇ ਹਾਂ, ਪਰ ਉਨ੍ਹਾਂ ਨੂੰ ਨਰਾਜ਼ ਕਰਨ ਤੋਂ ਡਰਦੇ ਹਨ। ਜੇਕਰ ਸਾਡੇ ਅਵਾਜ਼ ਚੁੱਕਣ ਨਾਲ ਉਨ੍ਹਾਂ ਨੇ ਖਾਣਾ ਦੇਣਾ ਹੀ ਬੰਦ ਕਰ ਦਿੱਤਾ, ਤਾਂ ਕੀ ਹੋਊਗਾ? ਮੈਨੂੰ ਜਾਪਦਾ ਹੈ ਕਿ ਜੇਲ੍ਹ ਵੀ ਅਜਿਹੀ ਹੀ ਹੁੰਦੀ ਹੋਵੇਗੀ। ਫ਼ਰਕ ਸਿਰਫ਼ ਇੰਨਾ ਹੈ ਕਿ ਅਸੀਂ ਕੋਈ ਅਪਰਾਧ ਨਹੀਂ ਕੀਤਾ," ਸੂਰਜ ਕਹਿੰਦੇ ਹਨ।

******

ਕਾਨ੍ਹਪੁਰ ਜਿਲ੍ਹੇ ਦੇ ਘਾਟਮਪੁਰ ਬਲਾਕ ਵਿੱਚ ਆਪਣੇ ਘਰ ਦੇ ਬਾਹਰ ਗੁੱਸੇ ਵਿੱਚ ਖੜ੍ਹੀ ਇਦਨ ਨੇ ਮੈਡੀਕਲ ਰਿਪੋਰਟ ਦਿਖਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਕੋਵਿਡ-19 ਜਾਂਚ ਨੈਗੇਟਿਵ ਆਈ ਸੀ।

ਉਹ ਇੱਥੇ ਪਡਰੀ ਲਾਲਪੁਰ ਬਸਤੀ ਵਿੱਚ ਆਪਣੇ 50 ਸਾਲਾ ਪਤੀ ਅਤੇ 30 ਸਾਲਾ ਬੇਟੇ ਨਾਲ਼, ਗੁਜਰਾਤ ਦੇ ਸੂਰਤ ਤੋਂ 27 ਅਪ੍ਰੈਲ ਨੂੰ ਪਰਤੀ ਸਨ। ਉਦੋਂ ਤੋਂ ਉਨ੍ਹਾਂ ਨੇ ਇੱਕ ਰੁਪਿਆ ਵੀ ਨਹੀਂ ਕਮਾਇਆ। "ਵਾਪਸੀ ਦੀ ਯਾਤਰਾ (ਕਰੀਬ 1,200 ਕਿ.ਮੀ,ਦੋ ਰਾਤਾਂ ਅਤੇ ਤਿੰਨ ਦਿਨਾਂ ਵਿੱਚ) ਬਹੁਤ ਹੀ ਖ਼ਰਾਬ ਸੀ, 45 ਲੋਕ ਇੱਕ ਖੁੱਲ੍ਹੇ ਟਰੱਕ ਵਿੱਚ ਤੂੜੇ ਹੋਏ ਸਨ, ਪਰ ਵਾਪਸ ਆਉਣਾ, ਸਾਡਾ ਸਭ ਤੋਂ ਮਾੜਾ ਫੈਸਲਾ ਸੀ," ਉਹ ਕਹਿੰਦੀ ਹਨ। "ਅਸੀਂ ਨੌ ਸਾਲ ਤੋਂ ਸੂਰਤ ਵਿੱਚ ਸਾਂ, ਉੱਥੇ ਧਾਗੇ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਾਂ।" ਉਨ੍ਹਾਂ ਨੇ ਯੂ.ਪੀ. ਇਸਲਈ ਛੱਡ ਦਿੱਤਾ ਸੀ ਕਿਉਂਕਿ ਇੱਥੇ ਖੇਤ ਮਜ਼ਦੂਰੀ ਨਾਲ਼ ਉਨ੍ਹਾਂ ਨੂੰ ਕਮਾਈ ਬਹੁਤ ਘੱਟ ਹੁੰਦੀ ਸੀ।

ਉਹ ਫਿੱਕੇ-ਨੀਲੇ ਰੰਗ ਦੇ ਘਰ ਦੇ ਬਾਹਰ ਖੜ੍ਹੀ ਹਨ, ਜਿਹਦੀਆਂ ਬਾਹਰਲੀਆਂ ਕੰਧਾਂ 'ਤੇ ਸ਼ਾਇਦ ਪਲੱਸਤਰ ਨਹੀਂ ਕੀਤਾ ਗਿਆ। ਇਦਨ ਦੀ ਉਤੇਜਿਤ ਅਵਾਜ਼ ਨੂੰ ਸੁਣ ਕੇ, ਕੁਝ ਬੱਚੇ ਸਾਡੇ ਚਾਰੇ ਪਾਸੇ ਇਕੱਠੇ ਹੋ ਗਏ ਹਨ।
An angry Iddan waves her medical reports outside her home
PHOTO • Jigyasa Mishra

ਗੁੱਸੇ ਵਿੱਚ ਇਦਨ ਆਪਣੇ ਘਰ ਦੇ ਬਾਹਰ ਆਪਣੀ ਮੈਡੀਕਲ ਰਿਪੋਰਟ ਦਿਖਾਉਂਦੀ ਹਨ


'ਅਸੀਂ ਮੁਸਲਮਾਨ ਹਾਂ,' ਉਹ (ਇਦਨ) ਕਹਿੰਦੀ ਹਨ। 'ਇਸਲਈ ਸਾਨੂੰ ਭਜਾ ਦਿੱਤਾ ਜਾਂਦਾ ਹੈ। ਦੂਸਰੇ ਲੋਕ ਜੋ ਸਾਡੇ ਧਰਮ ਦੇ ਨਹੀਂ ਹਨ, ਉਨ੍ਹਾਂ ਨੂੰ ਕੰਮ ਮਿਲ਼ ਰਿਹਾ ਹੈ। ਹਾਲ ਹੀ ਵਿੱਚ, ਮੇਰੇ ਬੇਟੇ ਨੂੰ ਨਾਈ ਦੀ ਦੁਕਾਨ 'ਤੇ ਵਾਲ਼ ਕੱਟਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਉਸ ਨੂੰ ਕਿਹਾ ਗਿਆ ਕਿ 'ਤੁਸੀਂ ਲੋਕ' ਕਰੋਨਾ ਵਾਇਰਸ ਫੈਲਾ ਰਹੇ ਹੋ'

"ਸੂਰਤ ਵਿੱਚ ਅਸੀਂ 4,000 ਰੁਪਏ ਵਿੱਚ ਕਮਰਾ ਕਿਰਾਏ 'ਤੇ ਲਿਆ ਸੀ," ਉਹ ਦੱਸਦੀ ਹਨ। ਕਾਰਖਾਨੇ ਵਿੱਚ, "ਸਾਡੇ ਵਿੱਚੋਂ ਹਰੇਕ 8,000 ਰੁਪਏ- ਰਲ਼ ਕੇ 24,000 ਰੁਪਏ ਕਮਾਉਂਦੇ ਸਾਂ। ਵਾਪਸ ਮੁੜਨ ਤੋਂ ਬਾਦ 2,400 ਰੁਪਏ ਵੀ ਨਹੀਂ ਕਮਾ ਪਾ ਰਹੇ ਹਾਂ।"

"ਇੱਥੇ, ਇਸ ਮੌਸਮ ਵਿੱਚ ਖੇਤੀ ਦੇ ਕੰਮ ਲਈ, ਸਾਨੂੰ ਚੰਗੇ ਦਿਨਾਂ ਵਿੱਚ 175-200 ਰੁਪਏ ਮਿਲ਼ਦੇ ਸਨ। ਪਰ ਉਹ ਕੰਮ 365 ਦਿਨ ਨਹੀਂ ਮਿਲ਼ਦਾ। ਇਸਲਈ ਅਸੀਂ ਕਈ ਸਾਲ ਪਹਿਲਾਂ ਸੂਰਤ ਚਲੇ ਗਏ ਸਾਂ- ਜਦੋਂ ਇੱਥੇ ਮਜ਼ਦੂਰੀ ਵੀ ਘੱਟ ਸੀ।"

ਆਪਣੀ 50 ਸਾਲ ਦੀ ਉਮਰ ਵਿੱਚ, ਇਹ ਦਲੇਰ ਔਰਤ ਕਹਿੰਦੀ ਹਨ ਕਿ ਉਨ੍ਹਾਂ ਦਾ ਕੋਈ ਆਖ਼ਰੀ ਨਾਮ ਨਹੀਂ ਹੈ। "ਮੈਂ ਆਪਣੇ ਸਾਰੇ ਦਸਤਾਵੇਜਾਂ 'ਤੇ ਇਦਨ ਹੀ ਲਿਖਦੀ ਹਾਂ।"

ਉਨ੍ਹਾਂ ਦੇ ਪਤੀ ਨੂੰ, ਜਿਨ੍ਹਾਂ ਦਾ ਨਾਮ ਉਹ ਲੈਣਾ ਨਹੀਂ ਚਾਹੁੰਦੀ, ਮਈ ਦੇ ਪਹਿਲੇ ਹਫ਼ਤੇ ਵਾਪਸ ਪਰਤ ਰਹੇ ਪ੍ਰਵਾਸੀਆਂ ਦੇ ਸਰਕਾਰੀ ਕੈਂਪ ਵਿੱਚ ਲਾਜ਼ਮੀ ਰੂਪ ਨਾਲ਼ ਜਾਂਚ ਕਰਨ ਤੋਂ ਬਾਅਦ ਕੋਵਿਡ-19 ਪੌਜੀਟਿਵ ਐਲਾਨ ਦਿੱਤਾ ਸੀ। "ਉਦੋਂ ਤੋਂ ਜੀਵਨ ਨਰਕ ਬਣ ਗਿਆ ਹੈ," ਇਹ ਕਹਿੰਦੀ ਹਨ।

"ਉਨ੍ਹਾਂ ਦਾ ਵਾਇਰਸ ਨਾਲ਼ ਸੰਕ੍ਰਮਿਤ ਹੋਣਾ ਤਣਾਓ-ਭਰਿਆ ਸੀ, ਪਰ ਅਸਲੀ ਸਮੱਸਿਆ ਉਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਸ਼ੁਰੂ ਹੋਈ। ਜਦੋਂ ਮੇਰੇ ਬੇਟੇ ਅਤੇ ਪਤੀ ਨੇ ਬਤੌਰ ਖੇਤ-ਮਜ਼ਦੂਰ ਕੰਮ ਮੰਗਿਆ, ਤਾਂ ਜ਼ਮੀਨ ਮਾਲਕਾਂ ਨੇ ਉਨ੍ਹਾਂ ਦਾ ਮਜਾਕ ਉਡਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਸਿਰ ਵਾਇਰਸ ਫੈਲਾਉਣ ਦਾ ਇਲਜਾਮ ਲਗਾਇਆ। ਇੱਕ ਮਾਲਕ ਨੇ ਮੈਨੂੰ ਚੇਤਾਵਨੀ ਦਿੱਤੀ ਕਿ ਮੈਂ ਉਹਦੇ ਖੇਤਾਂ ਵਿੱਚ ਪੈਰ ਵੀ ਨਾ ਰੱਖਾਂ ਅਤੇ ਫਿਰ ਹੋਰ ਜਿਮੀਂਦਾਰਾਂ ਨੂੰ ਕਿਹਾ ਕਿ ਉਹ ਸਾਨੂੰ ਕੋਈ ਕੰਮ ਨਾ ਦੇਣ।"

"ਅਸੀਂ ਮੁਸਲਮਾਨ ਹਾਂ," ਉਹ ਕਹਿੰਦੀ ਹਨ। "ਇਸਲਈ ਸਾਨੂੰ ਭਜਾ ਦਿੱਤਾ ਜਾਂਦਾ ਹੈ। ਦੂਸਰੇ ਲੋਕ ਜੋ ਸਾਡੇ ਧਰਮ ਦੇ ਨਹੀਂ ਹਨ, ਉਨ੍ਹਾਂ ਨੂੰ ਕੰਮ ਮਿਲ਼ ਰਿਹਾ ਹੈ। ਹਾਲ ਹੀ ਵਿੱਚ, ਮੇਰੇ ਬੇਟੇ ਨੂੰ ਨਾਈ ਦੀ ਦੁਕਾਨ ਵਿੱਚ ਵਾਲ਼ ਕੱਟਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਉਸ ਨੂੰ ਕਿਹਾ ਗਿਆ ਕਿ 'ਤੁਸੀਂ ਲੋਕ' ਹੀ ਕਰੋਨਾ ਵਾਇਰਸ ਫੈਲਾ ਰਹੇ ਹੋ।"

ਇਦਨ ਦੇ ਪਤੀ ਦੀ ਮਈ ਦੇ ਅਖੀਰ ਵਿੱਚ, ਇੱਕ ਸਰਕਾਰੀ ਕੈਂਪ ਵਿੱਚ ਦੋਬਾਰਾ ਵਾਇਰਸ ਜਾਂਚ ਕੀਤੀ ਗਈ ਸੀ ਅਤੇ ਇਸ ਵਾਰ ਉਹ ਨੈਗੇਟਿਵ ਪਾਏ ਗਏ ਸਨ। ਉਨ੍ਹਾਂ ਕੋਲ਼ ਇੱਕ ਦਸਤਾਵੇਜ ਹੈ-"ਦੇਖੋ, ਤੁਸੀਂ ਨਾਮ ਪੜ੍ਹੋ, ਮੈਂ ਅੰਗਰੇਜੀ ਨਹੀਂ ਪੜ੍ਹ ਸਕਦੀ। ਪਰ ਮੈਨੂੰ ਪਤਾ ਹੈ ਕਿ ਡਾਕਟਰ ਕਹਿ ਰਹੇ ਹਨ ਕਿ ਅਸੀਂ ਹੁਣ ਸਿਹਤਯਾਬ ਹਾਂ। ਫਿਰ ਇਹ ਭੇਦਭਾਵ ਕਿਉਂ?"

ਇਦਨ ਨੇ ਇਸ ਔਖੀ ਘੜੀ ਵਿੱਚ ਗੁਜਾਰੇ ਵਾਸਤੇ ਆਪਣੀ ਨਨਾਣ ਤੋਂ 20,000 ਰੁਪਏ ਦਾ ਕਰਜਾ ਲਿਆ ਹੈ। "ਉਨ੍ਹਾਂ ਦਾ ਇੱਕ ਬੇਹਤਰ ਪਰਿਵਾਰ ਵਿੱਚ ਵਿਆਹ ਹੋਇਆ ਹੈ। ਪਰ ਮੈਨੂੰ ਨਹੀਂ ਪਤਾ ਅਸੀਂ ਉਨ੍ਹਾਂ ਦਾ ਪੈਸਾ ਕਦੋਂ ਮੋੜ ਪਾਵਾਂਗੇ। ਸ਼ਾਇਦ ਉਦੋਂ, ਜਦੋਂ ਅਸੀਂ ਧਾਗਾ-ਮਿੱਲ ਵਿੱਚ ਦੋਬਾਰਾ ਕੰਮ ਕਰਨ ਗਏ..."

ਉਸ ਕਰਜੇ 'ਤੇ ਵਿਆਹ ਕਿੰਨਾ ਹੋਵੇਗਾ? "ਵਿਆਜ? ਮੈਂ ਨਹੀਂ ਜਾਣਦੀ। ਮੈਂ ਉਨ੍ਹਾਂ ਨੂੰ 25,000 ਰੁਪਏ ਵਾਪਸ ਦੇਣੇ ਹੋਣਗੇ।"

ਇਦਨ ਵਾਪਸ ਸੂਰਤ ਜਾਣ ਲਈ ਹੋਰ ਉਡੀਕ ਨਹੀਂ ਕਰ ਸਕਦੀ।

ਜਗਿਆਸਾ ਮਿਸ਼ਰਾ ਨੇ ਠਾਕੁਰ ਫੈਮਿਲੀ ਫਾਉਂਡੇਸ਼ਨ ਵੱਲੋਂ ਸੁਤੰਤਰ ਪੱਤਰਕਾਰੀ ਗਰਾਂਟ ਰਾਹੀਂ ਜਨਤਕ ਸਿਹਤ ਅਤੇ ਨਾਗਰਿਕ ਆਜ਼ਾਦੀ ਬਾਰੇ ਜਾਣਕਾਰੀ ਦਿੱਤੀ। ਠਾਕੁਰ ਫੈਮਿਲੀ ਫਾਉਂਡੇਸ਼ਨ ਨੇ ਇਸ ਰਿਪੋਰਟਿੰਗ ਸਮੱਗਰੀ 'ਤੇ ਕੋਈ ਨਿਯੰਤਰਣ ਨਹੀਂ ਕੀਤਾ।

ਤਰਜਮਾ: ਕਮਲਜੀਤ ਕੌਰ

Jigyasa Mishra

جِگیاسا مشرا اترپردیش کے چترکوٹ میں مقیم ایک آزاد صحافی ہیں۔ وہ بنیادی طور سے دیہی امور، فن و ثقافت پر مبنی رپورٹنگ کرتی ہیں۔

کے ذریعہ دیگر اسٹوریز Jigyasa Mishra
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur