ਇੱਕ ਦਿਨ ਜਦੋਂ ਉਹ ਹੋਰਨਾਂ ਆਦਿਵਾਸੀ ਔਰਤਾਂ ਦੇ ਨਲ਼ ਖੇਤਾਂ ਵਿੱਚ ਕੰਮ ਕਰ ਰਹੀ ਸਨ, ਉਦੋਂ ਹੀ ਉਨ੍ਹਾਂ ਦੇ ਪਿੰਡ ਸਾਲੀਹਾ ਤੋਂ ਭੱਜਦਾ ਹੋਇਆ ਇੱਕ ਨੌਜਵਾਨ ਉਨ੍ਹਾਂ ਕੋਲ਼ ਆਇਆ, ਚੀਕਿਆ: "ਉਨ੍ਹਾਂ ਨੇ ਪਿੰਡ 'ਤੇ ਹੱਲ੍ਹਾ ਬੋਲ ਦਿੱਤਾ ਹੈ, ਉਨ੍ਹਾਂ ਨੇ ਤੇਰੇ ਪਿਤਾ 'ਤੇ ਹਮਲਾ ਕਰ ਦਿੱਤਾ ਹੈ। ਉਹ ਸਾਡੇ ਘਰਾਂ ਨੂੰ ਫੂਕ ਰਹੇ ਹਨ।"
''ਉਹ'' ਹਥਿਆਰਬੰਦ ਬ੍ਰਿਟਿਸ਼ ਪੁਲਿਸ ਸੀ, ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਦੀ ਗੱਲ ਮੰਨਣ ਤੋਂ ਇਨਕਾਰ ਕਰਨ ਵਾਲ਼ੇ ਇੱਕ ਪਿੰਡ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ। ਕਈ ਹੋਰ ਪਿੰਡਾਂ ਨੂੰ ਤਬਾਹ ਕਰ ਸੁੱਟਿਆ, ਫੂਕ ਦਿੱਤਾ ਗਿਆ ਅਤੇ ਲੋਕਾਂ ਦੇ ਅਨਾਜ ਲੁੱਟ ਲਏ ਗਏ। ਇਹ ਬ੍ਰਿਟਿਸ਼ਾਂ ਦੁਆਰਾ ਬਾਗੀਆਂ ਨੂੰ ਸਿਖਾਇਆ ਇੱਕ ਸਬਕ ਸੀ।
ਦੇਮਾਥੀ ਦੇਇ ਸਬਰ, ਸਬਰ ਕਬੀਲੇ ਦੀ ਇੱਕ ਆਦਿਵਾਸੀ ਮਹਿਲਾ ਹਨ, ਜਿਨ੍ਹਾਂ ਨੇ ਗੱਲ ਦਾ ਪਤਾ ਲੱਗਦਿਆਂ ਹੀ 40 ਹੋਰਨਾਂ ਔਰਤਾਂ ਨਾਲ਼ ਪਿੰਡ ਵੱਲ ਸ਼ੂਟ ਵੱਟੀ। ''ਖੂਨ ਨਾਲ਼ ਲਥਪਥ ਮੇਰੇ ਪਿਤਾ ਭੁੰਜੇ ਡਿੱਗੇ ਹੋਏ ਸਨ।'' ਬਜ਼ੁਰਗ ਮਹਿਲਾ ਅਜ਼ਾਦੀ ਘੁਲਾਟੀਏ ਨੇ ਦੱਸਿਆ,''ਉਨ੍ਹਾਂ ਦੀ ਲੱਤ ਵਿੱਚ ਗੋਲ਼ੀ ਲੱਗੀ ਸੀ।''
ਉਨ੍ਹਾਂ ਦੀ ਯਾਦਦਾਸ਼ਤ ਜੋ ਹੁਣ ਘੱਟ ਗਈ ਹੈ, ਪਰ ਉਨ੍ਹਾਂ ਦੇ ਮਨ ਵਿੱਚ ਇਹ ਯਾਦ ਅੱਜ ਵੀ ਤਾਜਾ ਹੈ। ''ਮੇਰਾ ਖੁਦ 'ਤੇ ਕਾਬੂ ਨਾ ਰਿਹਾ ਅਤੇ ਮੈਂ ਬੰਦੂਕਧਾਰੀ ਅਧਿਕਾਰੀ 'ਤੇ ਹਮਲਾ ਕਰ ਦਿੱਤਾ। ਉਨ੍ਹੀਂ ਦਿਨੀਂ, ਖੇਤ ਜਾਂ ਜੰਗਲ ਵਿੱਚ ਜਾਂਦੇ ਹੋਏ ਅਸੀਂ ਲਾਠੀ ਨਾਲ਼ ਰੱਖਦੇ ਸਾਂ। ਜੰਗਲੀ ਜਾਨਵਰਾਂ ਤੋਂ ਬਚਾਅ ਵਾਸਤੇ ਸਾਨੂੰ ਅਜਿਹਾ ਕੁਝ ਨਾਲ ਰੱਖਣਾ ਹੀ ਪੈਂਦਾ ਸੀ।''
ਉਨ੍ਹਾਂ ਨੇ ਜਿਓਂ ਹੀ ਇਸ ਅਧਿਕਾਰੀ 'ਤੇ ਹਮਲਾ ਕੀਤਾ, ਉਨ੍ਹਾਂ ਦੇ ਨਾਲ਼ 40 ਹੋਰ ਔਰਤਾਂ ਨੇ ਬਾਕੀ ਦੇ ਲੜਾਕੂ ਦਸਤੇ ਨੂੰ ਲਾਠੀਆਂ ਨਾਲ਼ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ। ''ਮੈਂ ਉਨ੍ਹਾਂ ਬਦਮਾਸ਼ਾਂ ਨੂੰ ਸੜਕੋਂ ਪਾਰ ਤੱਕ ਖਦੇੜ ਸੁੱਟਿਆ,'' ਉਹ ਗੁੱਸੇ ਨਾਲ਼ ਕਹਿੰਦੀ ਹਨ ਪਰ ਨਾਲ਼ ਹੱਸਦਿਆਂ ਕਹਿੰਦੀ ਹਨ,''ਉਹ ਇੰਨਾ ਹੈਰਾਨ ਸੀ ਕਿ ਕੁਝ ਵੀ ਨਹੀਂ ਕਰ ਸਕਿਆ। ਉਹ ਅੰਨ੍ਹੇਵਾਹ ਭੱਜਦਾ ਗਿਆ।'' ਉਨ੍ਹਾਂ ਨੇ ਉਹਨੂੰ ਭਜਾ ਭਜਾ ਕੇ ਮਾਰਿਆ। ਉਹਦੇ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਚੁੱਕਿਆ ਅਤੇ ਉਸ ਥਾਂ ਤੋਂ ਦੂਰ ਲੈ ਗਈ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਦੂਸਰੇ ਅੰਦੋਲਨ ਦੀ ਅਗਵਾਈ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਇਲਾਕੇ ਵਿੱਚ ਬ੍ਰਿਟਿਸ਼-ਰਾਜ ਵਿਰੋਧੀ ਅੰਦੋਲਨ ਨੂੰ ਜਥੇਬੰਦ ਕਰਨ ਵਿੱਚ ਕਾਰਤਿਕ ਸਬਰ ਦੀ ਮੁੱਖ ਭੂਮਿਕਾ ਸੀ।



