"ਸਾਡੇ ਲਈ ਆਪਣੇ ਸਰੀਰ ਨੂੰ ਰੰਗਣਾ ਇੱਕ ਮੁਸ਼ਕਲ ਕੰਮ ਹੈ। ਇਸ ਦੇ ਲਈ, ਸਾਨੂੰ ਸਾਰੀ ਰਾਤ ਜਾਗਣਾ ਪੈਂਦਾ ਹੈ," ਆਯੁਸ਼ ਨਾਇੱਕ ਕਹਿੰਦੇ ਹਨ, ਜੋ ਪਹਿਲੀ ਵਾਰ ਆਪਣੇ ਸਰੀਰ 'ਤੇ ਤੇਲ ਪੇਂਟ ਲਗਾ ਰਹੇ ਹਨ। "ਪੇਂਟਿੰਗ ਤੋਂ ਬਾਅਦ, ਇੰਝ ਜਾਪਦਾ ਹੈ ਜਿਵੇਂ ਸਾਡੀ ਚਮੜੀ ਸੜ ਰਹੀ ਹੋਵੇ। ਇਸ ਲਈ ਸਾਨੂੰ ਜਿੰਨੀ ਜਲਦੀ ਹੋ ਸਕੇ ਪੇਂਟ ਸੁਕਾਉਣਾ ਪੈਂਦਾ ਹੈ," 17 ਸਾਲਾ ਆਯੁਸ਼ ਕਹਿੰਦੇ ਹਨ।
ਆਯੁਸ਼ ਤੱਟਵਰਤੀ ਕਰਨਾਟਕ ਦੇ ਬਹੁਤ ਸਾਰੇ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਵਿੱਚੋਂ ਇੱਕ ਹਨ ਜੋ ਪੀਲ਼ੀ ਵੇਸ਼ਾ (ਜਿਸ ਨੂੰ ਹੁਲੀ ਵੇਸ਼ਾ ਵੀ ਕਿਹਾ ਜਾਂਦਾ ਹੈ) ਦੀ ਤਿਆਰੀ ਲਈ ਆਪਣੇ ਸਰੀਰ 'ਤੇ ਚਮਕਦਾਰ ਰੰਗ ਦੀਆਂ ਪੱਟੀਆਂ ਪੇਂਟ ਕਰਦੇ ਹਨ। ਇਹ ਲੋਕ ਨਾਚ ਦੁਸਹਿਰੇ ਅਤੇ ਜਨਮਅਸ਼ਟਮੀ ਦੇ ਸਮੇਂ ਕੀਤਾ ਜਾਂਦਾ ਹੈ। ਪ੍ਰਦਰਸ਼ਨ ਦੌਰਾਨ, ਕਲਾਕਾਰ ਨਗਾੜਿਆਂ ਦੀ ਉੱਚੀ ਥਾਪ 'ਤੇ ਟਾਈਗਰ ਮੁਖੌਟੇ ਪਹਿਨ ਕੇ ਨੱਚਦੇ ਹਨ।
ਕਰਨਾਟਕ ਦੇ ਤੱਟਵਰਤੀ ਖੇਤਰ ਵਿੱਚ ਬੋਲੀ ਜਾਣ ਵਾਲ਼ੀ ਤੁਲੂ ਭਾਸ਼ਾ ਵਿੱਚ, ਪੀਲ਼ੀ ਦਾ ਮਤਲਬ ਹੈ ਸ਼ੇਰ, ਅਤੇ ਵੇਸ਼ਾ ਦਾ ਮਤਲਬ ਹੈ ਮੇਕਅਪ। "ਤੁਹਾਨੂੰ ਕਿਸੇ ਤੋਂ ਕੁਝ ਵੀ ਸਿੱਖਣ ਦੀ ਲੋੜ ਨਹੀਂ ਹੈ। ਇਹ ਸਾਡੀ ਆਤਮਾ ਵਿੱਚ ਹੈ," ਵਿਰੇਂਦਰ ਸ਼ੇਟੀਗਰ ਕਹਿੰਦੇ ਹਨ, ਜੋ ਪਿਛਲੇ 22 ਸਾਲਾਂ ਤੋਂ ਪੀਲ਼ੀ ਵੇਸ਼ਾ ਪੇਸ਼ ਕਰ ਰਹੇ ਹਨ। "ਨਗਾੜੇ ਦੀ ਆਵਾਜ਼ ਅਤੇ ਆਲ਼ੇ-ਦੁਆਲ਼ੇ ਦੀ ਊਰਜਾ ਰਲ਼ ਕੇ ਅਜਿਹਾ ਮਾਹੌਲ ਬਣਾਉਂਦੀ ਹੈ ਕਿ ਤੁਸੀਂ ਨੱਚਣ ਤੋਂ ਬਿਨਾਂ ਨਹੀਂ ਰਹਿ ਸਕਦੇ," ਉਹ ਅੱਗੇ ਕਹਿੰਦੇ ਹਨ। 30 ਸਾਲਾ ਵਰਿੰਦਰ ਐਮਾਜ਼ਾਨ ਵਿੱਚ ਡਿਸਟ੍ਰੀਬਿਊਟਰ ਹਨ ਅਤੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਡਾਂਸ ਕਰਨ ਲਈ ਉਤਸ਼ਾਹਿਤ ਕਰਦੇ ਹਨ।
ਨੱਚਣ ਵਾਲ਼ੇ ਆਪਣੇ ਸਾਰੇ ਸਰੀਰ 'ਤੇ ਐਕ੍ਰਿਲਿਕ ਪੇਂਟ ਦੀਆਂ ਪੀਲ਼ੇ ਅਤੇ ਭੂਰੇ ਰੰਗ ਦੀਆਂ ਪੱਟੀਆਂ ਬਣਾਉਂਦੇ ਹਨ ਤਾਂ ਜੋ ਉਹ ਸ਼ੇਰ, ਚੀਤੇ ਅਤੇ ਬਾਘ ਵਾਂਗਰ ਜਾਪਣ। ਇਸ ਤੋਂ ਪਹਿਲਾਂ, ਇਹ ਕਲਾਕਾਰ ਸ਼ੇਰਾਂ ਵਰਗੇ ਦਿੱਸਣ ਲਈ ਰੰਗਾਂ ਵਾਸਤੇ ਚਾਰਕੋਲ, ਗਿੱਲੀ ਮਿੱਟੀ, ਜੜ੍ਹਾਂ ਅਤੇ ਫੰਗਸ ਦੀ ਵਰਤੋਂ ਕਰਦੇ ਸਨ।
ਸਮੇਂ ਦੇ ਬੀਤਣ ਦੇ ਨਾਲ਼, ਰਵਾਇਤੀ ਨਾਚ ਦੇ ਇਸ਼ਾਰਿਆਂ ਦੀ ਥਾਂ ਬਹੁਤ ਸਾਰੀਆਂ ਚਾਲਾਂ/ਕਰਤੱਬਾਂ, ਜਿਵੇਂ ਕਿ ਪਿੱਛੇ ਅਤੇ ਸੱਜੇ-ਖੱਬੇ ਪਲਟੀ ਮਾਰਨਾ, ਮੱਥਾ ਮਾਰ ਕੇ ਇੱਕੋ ਝਟਕੇ ਵਿੱਚ ਨਾਰੀਅਲ ਤੋੜਨਾ, ਮੂੰਹ ਤੋਂ ਅੱਗ ਦੀਆਂ ਲਪਟਾਂ ਉਗਲਣਾ ਅਤੇ ਹੋਰ ਕਲਾਬਾਜ਼ੀਆਂ ਨੇ ਲੈ ਲਈ ਹੈ। ਪੂਰੇ ਡਾਂਸ-ਸੰਯੋਜਨ ਲਈ ਇੰਨੀ ਸਰੀਰਕ ਮਿਹਨਤ ਦੀ ਲੋੜ ਹੁੰਦੀ ਹੈ ਕਿ ਹੁਣ ਬਜ਼ੁਰਗ ਕਲਾਕਾਰਾਂ ਨੇ ਇਸ ਰਵਾਇਤੀ ਨਾਚ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ 'ਤੇ ਪਾ ਦਿੱਤੀ ਹੈ।

ਆਯੁਸ਼ ਤੱਟੀ ਕਰਨਾਟਕ ਦੇ ਬਹੁਤ ਸਾਰੇ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਵਿੱਚੋਂ ਇੱਕ ਹਨ ਜੋ ਪੀਲ਼ੀ ਵੇਸ਼ਾ ਦੀ ਤਿਆਰੀ ਲਈ ਆਪਣੇ ਸਰੀਰ ' ਤੇ ਚਮਕਦਾਰ ਰੰਗ ਦੀਆਂ ਪੱਟੀਆਂ ਪੇਂਟ ਕਰਦੇ ਹਨ। ਇਹ ਲੋਕ ਨਾਚ ਦੁਸਹਿਰੇ ਅਤੇ ਜਨਮਅਸ਼ਟਮੀ ਦੇ ਸਮੇਂ ਕੀਤਾ ਜਾਂਦਾ ਹੈ
ਇਸ ਰਵਾਇਤੀ ਨਾਚ ਦੀਆਂ ਤਿਆਰੀਆਂ ਸਮਾਗਮ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਹੁੰਦੀਆਂ ਹਨ। ਸਰੀਰ ਅਤੇ ਚਿਹਰੇ ਨੂੰ ਰੰਗਣ ਲਈ ਘੰਟਿਆਂ-ਬੱਧੀ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਇਹ ਰੰਗ ਲਗਭਗ ਦੋ ਦਿਨਾਂ ਤੱਕ ਇੱਕੋ ਜਿਹਾ ਰਹਿੰਦਾ ਹੈ ਜਦੋਂ ਤੱਕ ਜਸ਼ਨ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ। 12ਵੀਂ ਜਮਾਤ ਦੇ ਵਿਦਿਆਰਥੀ ਆਯੁਸ਼ ਕਹਿੰਦੇ ਹਨ, "ਸ਼ੁਰੂ ਵਿੱਚ ਇਹ ਇੱਕ ਮੁਸ਼ਕਲ ਕੰਮ ਲੱਗ ਸਕਦਾ ਹੈ, ਪਰ ਜਿਵੇਂ ਹੀ ਨਗਾੜਿਆਂ ਦੀ ਆਵਾਜ਼ ਕੰਨਾਂ ਵਿੱਚ ਗੂੰਜਦੀ ਹੈ, ਤੁਹਾਡੇ ਪੈਰ ਆਪਣੇ ਆਪ ਥਿੜਕਣ ਲੱਗਦੇ ਹਨ।''
ਤਾਸੇ ਦੀ ਥਾਪ 'ਤੇ ਪੀਲ਼ੀ ਵਰਗੇ ਰੰਗੇ ਕਲਾਕਾਰ ਆਪਣੀ ਸ਼ਰਧਾ ਦਿਖਾਉਣ ਦੇ ਨਾਲ਼-ਨਾਲ਼ ਲੋਕਾਂ ਦਾ ਮਨੋਰੰਜਨ ਕਰਨ ਲਈ ਵੀ ਨੱਚਦੇ ਹਨ। ਮੁੰਡੇ ਬਾਘ ਵਰਗਾ ਦਿਖਾਉਣ ਲਈ ਆਪਣੇ ਪੂਰੇ ਸਰੀਰ ਨੂੰ ਪੇਂਟ ਕਰਦੇ ਹਨ, ਜਦੋਂ ਕਿ ਕੁੜੀਆਂ ਸਿਰਫ਼ ਆਪਣੇ ਚਿਹਰੇ ਨੂੰ ਰੰਗਦੀਆਂ ਹਨ ਅਤੇ ਬਾਘ ਵਰਗੇ ਕੱਪੜੇ ਪਹਿਨਦੀਆਂ ਹਨ। ਪੀਲ਼ੀ ਵੇਸ਼ਾ ਵਿੱਚ ਕੁੜੀਆਂ ਦੀ ਭਾਗੀਦਾਰੀ ਹਾਲ ਹੀ ਦੇ ਸਾਲਾਂ ਵਿੱਚ ਸ਼ੁਰੂ ਹੋਈ ਹੈ।
ਪਹਿਲੇ ਸਮਿਆਂ ਵਿੱਚ, ਪ੍ਰਦਰਸ਼ਨ ਕਰਨ ਵਾਲ਼ੇ ਕਲਾਕਾਰਾਂ ਦੇ ਸਮੂਹਾਂ ਨੂੰ ਇਨਾਮ ਜਾਂ ਮਾਣਭੱਤੇ ਵਜੋਂ ਚਾਵਲ ਅਤੇ ਝੋਨਾ- ਜਾਂ ਤੱਟੀ ਕਰਨਾਟਕ ਵਿੱਚ ਆਮ ਤੌਰ 'ਤੇ ਉਗਾਈਆਂ ਜਾਣ ਵਾਲ਼ੀਆਂ ਫਸਲਾਂ- ਦਿੱਤੀਆਂ ਜਾਂਦੀਆਂ ਸਨ। ਅੱਜ ਅਨਾਜ ਦੀ ਥਾਂ ਪੈਸੇ ਨੇ ਲੈ ਲਈ ਹੈ। ਦੋ-ਰੋਜ਼ਾ ਸਮਾਗਮ ਲਈ 2,500 ਰੁਪਏ ਲਏ ਜਾਂਦੇ ਹਨ। ਸਟੰਟ ਕਰਨ ਵਾਲ਼ੇ ਕਲਾਕਾਰਾਂ ਨੂੰ ਤਿਉਹਾਰ ਦੇ ਦੋ ਦਿਨਾਂ ਲਈ 6,000 ਰੁਪਏ ਵਾਧੂ ਮਿਲ਼ਦੇ ਹਨ। ਆਯੁਸ਼ ਕਹਿੰਦੇ ਹਨ, "ਇੰਨੇ ਸਾਰੇ ਲੋਕਾਂ ਨੂੰ ਇਕੱਠੇ ਨੱਚਦਿਆਂ ਵੇਖ ਕੇ ਤੁਹਾਨੂੰ ਪੀਲ਼ੀ ਵੇਸ਼ਾ ਪੇਸ਼ਕਾਰੀ ਕਰਨ ਦੀ ਇੱਛਾ ਹੋਣ ਲੱਗਦੀ ਹੈ।''
ਜ਼ਿਆਦਾਤਰ ਸਮਾਗਮ ਹਾਊਸਿੰਗ ਕਲੋਨੀਆਂ ਦੀਆਂ ਕਮੇਟੀਆਂ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ। ਆਯੁਸ਼ ਅਤੇ ਉਨ੍ਹਾਂ ਦੇ ਸਾਥੀ ਯੰਗ ਟਾਈਗਰਜ਼ ਮੰਚੀ ਗਰੁੱਪ ਨਾਲ਼ ਸਬੰਧਤ ਹਨ, ਜੋ ਪੂਰਾ ਸਾਲ ਮਨੀਪਾਲ, ਉਡੁਪੀ ਵਿਖੇ ਪੀਲ਼ੀ ਵੇਸ਼ਾ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਦੋ ਲੱਖ ਰੁਪਏ ਤੋਂ ਵੱਧ ਦੀ ਲੋੜ ਪੈਂਦੀ ਹੈ। ਇਹ ਪੈਸਾ ਕਲਾਕਾਰਾਂ ਅਤੇ ਚਿੱਤਰਕਾਰਾਂ ਨੂੰ ਭੁਗਤਾਨ ਕਰਨ 'ਤੇ ਖਰਚ ਕੀਤਾ ਜਾਂਦਾ ਹੈ। ਯਾਤਰਾ, ਭੋਜਨ, ਪੇਂਟ ਅਤੇ ਕੱਪੜਿਆਂ 'ਤੇ ਖਰਚ ਵੀ ਇਸੇ ਫੰਡ ਤੋਂ ਕੀਤਾ ਜਾਂਦਾ ਹੈ।
ਹਾਲਾਂਕਿ ਲੋਕਾਂ ਦਾ ਮਨੋਰੰਜਨ ਕਰਨਾ ਕਲਾਕਾਰਾਂ ਦੀ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ, ਪਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਇਸ ਕ੍ਰਮ ਵਿੱਚ ਸਦੀਆਂ ਪੁਰਾਣੀਆਂ ਪਰੰਪਰਾਵਾਂ ਪ੍ਰਤੀ ਸਤਿਕਾਰ ਅਤੇ ਅਨੁਸ਼ਾਸਨ ਦੀ ਭਾਵਨਾ ਵੀ ਸੁਰੱਖਿਅਤ ਰਹੇ। ਜਦੋਂ ਸਭ ਕੁਝ ਖ਼ਤਮ ਹੋ ਜਾਂਦਾ ਹੈ, ਤਾਂ "ਸਾਡਾ ਸਰੀਰ ਪੂਰੀ ਤਰ੍ਹਾਂ ਥੱਕ ਚੁੱਕਿਆ ਹੁੰਦਾ ਹੈ, ਪਰ ਸਾਨੂੰ ਲੋਕਾਂ ਦਾ ਮਨੋਰੰਜਨ ਕਰਨ ਲਈ ਇਸ ਪਰੰਪਰਾ ਨੂੰ ਜਿਉਂਦਾ ਰੱਖਣਾ ਪੈਣਾ ਹੈ,'' ਆਯੂਸ਼ ਕਹਿੰਦੇ ਹਨ।

ਨਾਚ ਤੋਂ ਪਹਿਲਾਂ ਅਸ਼ਵਿਤ ਪੂਜਾਰੀ ਨੂੰ ਪੇਂਟ ਕਰਦਿਆਂ ਰਮਜ਼ਾਨ। ਰਮਜ਼ਾਨ ਪੇਸ਼ੇ ਤੋਂ ਕਲੇਅ ਮਾਡਲ ਕਲਾਕਾਰ ਹਨ , ਪਰ ਤਿਉਹਾਰਾਂ ਦੇ ਮੌਸਮ ਦੌਰਾਨ ਉਹ ਪੇਸ਼ਕਾਰੀਆਂ ਵਿੱਚ ਸਹਿਯੋਗ ਦੇਣਾ ਪਸੰਦ ਕਰਦੇ ਹਨ

ਜਿਸ ਵੇਲ਼ੇ ਜੈਕਰ ਪੁਜਾਰੀ ਕਲਾਕਾਰਾਂ ਦੇ ਸਰੀਰ ' ਤੇ ਬਾਘ ਜਿਹੀਆਂ ਧਾਰੀਆਂ ਵਾਹ ਰਹੇ ਹਨ ਉਸ ਵੇਲ਼ੇ (ਖੱਬਿਓਂ ਸੱਜੇ) ਨਿਖਿਲ , ਕ੍ਰਿਸ਼ਨਾ , ਭੁਵਨ ਅਮੀਨ ਅਤੇ ਸਾਗਰ ਪੁਜਾਰੀ ਆਪਣੀ ਵਾਰੀ (ਖੱਬੇ ਤੋਂ ਸੱਜੇ) ਦਾ ਇੰਤਜ਼ਾਰ ਕਰਦੇ ਹੋਏ

( ਖੱਬਿਓਂ ਸੱਜੇ) ਸ਼੍ਰੇਯਾਨ ਸ਼ੈੱਟੀ , ਅਸ਼ਲੇਸ਼ ਰਾਜ ਅਤੇ ਕਾਰਤਿਕ ਅਚਾਰੀਆ ਪੇਂਟ ਦੀ ਪਹਿਲੀ ਪਰਤ ਸੁੱਕਣ ਦਾ ਇੰਤਜ਼ਾਰ ਕਰ ਰਹੇ ਹਨ । ਸਰੀਰ ਅਤੇ ਚਿਹਰੇ ਨੂੰ ਰੰਗਣ ਲਈ ਘੰਟਿਆਂ ਦੀ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ

ਕਲਾਕਾਰ ਆਪਣੇ ਪੂਰੇ ਸਰੀਰ ਨੂੰ ਪੀਲੇ , ਚਿੱਟੇ ਅਤੇ ਭੂਰੇ ਰੰਗ ਦੇ ਐਕਰੀਲਿਕ ਪੇਂਟ ਨਾਲ਼ ਰੰਗਦੇ ਹਨ ਤਾਂ ਜੋ ਉਹ ਸ਼ੇਰ , ਚੀਤੇ ਅਤੇ ਬਾਘ ਵਰਗੇ ਦਿਖਾਈ ਦੇਣ। ਪੁਰਾਣੇ ਸਮਿਆਂ ਵਿੱਚ , ਰੰਗ ਚਾਰਕੋਲ , ਗਿੱਲੀ ਮਿੱਟੀ , ਜੜ੍ਹਾਂ ਅਤੇ ਫੰਗਸ ਤੋਂ ਤਿਆਰ ਕੀਤੇ ਜਾਂਦੇ ਸਨ

ਪੀਲ਼ੀ ਵੇਸ਼ਾ ਦੀ ਪੇਸ਼ਕਾਰੀ ਦੌਰਾਨ ਕਲਾਕਾਰ ਸ਼ੇਰ ਵਰਗੇ ਮੁਖੌਟੇ ਪਹਿਨ ਕੇ ਦਹਾੜੇ ਹੋਏ ਡਾਂਸ ਕਰਦੇ ਹਨ। ਮੁਖੌਟੇ ਵੀ ਹੱਥੀਂ ਰੰਗੇ ਹੋਏ ਹੁੰਦੇ ਹਨ

ਚੀਤੇ ਵਰਗੀ ਬਣਤਰ ਨੂੰ ਸਪਸ਼ਟਤਾ ਦੇਣ ਲਈ ਪੇਂਟ ਕੀਤੇ ਸਰੀਰਾਂ ' ਤੇ ਭੇਡਾਂ ਦੇ ਵਾਲ਼ ਚਿਪਕਾਏ ਗਏ ਹਨ

ਸੰਦੇਸ਼ ਸ਼ੈੱਟੀ ਡਾਂਸ ਤੋਂ ਪਹਿਲਾਂ ਆਸ਼ਵਿਤ ਪੁਜਾਰੀ ਦੇ ਸਰੀਰ ਨੂੰ ਪੇਂਟ ਕਰ ਰਹੇ ਹਨ। ਆਸ਼ਵਿਤ ਅਤੇ ਉਨ੍ਹਾਂ ਦੇ ਸਾਥੀ ਯੰਗ ਟਾਈਗਰਜ਼ ਮੰਚੀ ਦੇ ਮੈਂਬਰ ਹਨ , ਜੋ ਉਡੁਪੀ ਦੇ ਮਨੀਪਾਲ ਵਿਖੇ ਪੀਲ਼ੀ ਵੇਸ਼ਾ ਦੇ ਪ੍ਰੋਗਰਾਮਾਂ ਨੂੰ ਸਾਲ ਭਰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ

ਤੁਲੂ ਭਾਸ਼ਾ ਵਿੱਚ ਵੇਸ਼ਾ ਦਾ ਮਤਲਬ ਹੈ ਮੇਕਅੱਪ। ਇਹ ਇਸ ਲੋਕ ਕਲਾ ਦਾ ਅਨਿੱਖੜਵਾਂ ਅੰਗ ਹੈ। ਇਹ ਪੇਂਟ ਅਤੇ ਮੇਕਅਪ ਦੋ-ਰੋਜ਼ਾ ਸਮਾਰੋਹ ਦੇ ਖ਼ਤਮ ਹੋਣ ਤੀਕਰ ਸੁਰੱਖਿਅਤ ਰੱਖਿਆ ਜਾਂਦਾ ਹੈ

ਭੁਵਨ ਅਮੀਨ ਪੱਖੇ ਦੇ ਹੇਠਾਂ ਪੇਂਟ ਸੁਕਾਉਂਦੇ ਹੋਏ। "ਪੀਲ਼ੀ ਵੇਸ਼ਾ ਦਾ ਇਹ ਮੇਰਾ ਅੱਠਵਾਂ ਪ੍ਰਦਰਸ਼ਨ ਹੈ ," 11 ਸਾਲਾ ਭੁਵਨ ਕਹਿੰਦੇ ਹਨ , ਜੋ ਤਿੰਨ ਸਾਲ ਦੀ ਉਮਰ ਤੋਂ ਇਸ ਨਾਚ ਵਿੱਚ ਹਿੱਸਾ ਲੈ ਰਹੇ ਹਨ

ਇਸ ਮੁਸ਼ਕਲ ਤੇ ਲੰਬੀ ਪੇਸ਼ਕਾਰੀ ਵਿੱਚ ਸੰਤੁਲਨ ਬਣਾਉਣ ਅਤੇ ਆਸਰਾ ਦੇਣ ਲਈ ਕਲਾਕਾਰ ਕਮਰ ਦੁਆਲ਼ੇ ਇੱਕ ਲੰਬਾ ਕੱਪੜਾ ਬੰਨ੍ਹਦੇ ਹਨ , ਜਿਸ ਨੂੰ ਤੁਲੂ ਭਾਸ਼ਾ ਵਿੱਚ ਜੱਟੀ ਕਿਹਾ ਜਾਂਦਾ ਹੈ। ਜੱਟੀ ਸਟੰਟ ਦੌਰਾਨ ਪਹਿਰਾਵੇ ਨੂੰ ਵੀ ਆਪਣੀ ਜਗ੍ਹਾ ' ਤੇ ਕਾਇਮ ਰੱਖਦੀ ਹੈ

ਅਭਿਨਵ ਸ਼ੈੱਟੀ ਪਹਿਲੀ ਵਾਰ ਅਜਿਹਾ ਨਾਚ ਕਰਨ ਜਾ ਰਹੇ ਹਨ। ਨਾਚ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਆਪਣੇ 10 ਸਾਲਾ ਬੇਟੇ ਨੂੰ ਖਾਣਾ ਖੁਆ ਰਹੀ ਹੈ

ਨਾਚ ' ਤੇ ਜਾਣ ਤੋਂ ਠੀਕ ਪਹਿਲਾਂ ਅਭਿਨਵ ਆਪਣੀ ਭੈਣ ਨਾਲ਼ ਇੱਕ ਤਸਵੀਰ ਖਿੱਚਦੇ ਹਨ

( ਖੱਬਿਓਂ ਸੱਜੇ) ਸਾਗਰ ਪੁਜਾਰੀ , ਰਣਜੀਤ ਹਰੀਹਰਪੁਰਾ , ਵਿਸ਼ਾਲ ਅਤੇ ਨਵੀਨ ਨਿਤੂਰ ਡਾਂਸ ਲਈ ਤਿਆਰ ਹੋ ਰਹੇ ਹਨ

ਅਮੀਨ ਨੂੰ ਤੇਲ-ਰੰਗਾਂ ਨਾਲ਼ ਰੰਗਿਆ ਜਾ ਰਿਹਾ ਹੈ ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਪ੍ਰਦਰਸ਼ਨ ਹੈ। ਉਨ੍ਹਾਂ ਦੇ ਹੋਰ ਨਾਚੇ ਸਾਥੀ ਜਵਾਨ ਤਾਂ ਹਨ ਹੀ ਪਰ ਤਜ਼ਰਬੇਕਾਰ ਵੀ ਹਨ, ਉਹ ਨੱਚਣ ਤੋਂ ਪਹਿਲਾਂ ਅਮੀਨ ਨੂੰ ਜ਼ਰੂਰੀ ਸਲਾਹ ਦੇ ਰਹੇ ਹਨ

ਨੌਜਵਾਨ ਟਾਈਗਰਜ਼ ਮੰਚੀ ਟੀਮ ਫ਼ੋਟੋਆਂ ਖਿੱਚ ਰਹੀ ਹੈ। ਉਹ ਸਾਰੇ ਟਾਈਗਰ ਡਾਂਸ ਦੇ ਆਪਣੇ ਨਿਰਦੇਸ਼ਨ ਨੂੰ ਪ੍ਰਦਰਸ਼ਿਤ ਕਰਨ ਲਈ ਉਤਸੁਕ ਹਨ

ਕਾਲ਼ੇ ਚੀਤੇ ਦੇ ਰੂਪ ਵਿੱਚ ਚਿੱਤਰਿਤ , ਪ੍ਰਜਵਲ ਅਚਾਰੀਆ ਕਲਾਬਾਜ਼ੀ ਦਿਖਾਉਂਦੇ ਹਨ। ਇਸ ਨਾਚ ਦੇ ਰਵਾਇਤੀ ਰੂਪ ਹੁਣ ਸਮੇਂ ਦੇ ਨਾਲ਼-ਨਾਲ਼ ਕਲਾਬਾਜੀ ਵਿੱਚ ਵਿਕਸਤ ਹੋ ਗਏ ਹਨ

ਇਸ ਡਾਂਸ ਪਰਫਾਰਮੈਂਸ ' ਚ ਕਲਾਕਾਰ ਹੁਣ ਨਾਲ-ਨਾਲ ਅੱਗੇ-ਪਿੱਛੇ ਚੱਲਣ , ਸਿਰ ਦੇ ਸਿਰਫ ਇਕ ਝਟਕੇ ਨਾਲ ਨਾਰੀਅਲ ਤੋੜਨ ਅਤੇ ਅੱਗ ਦੀਆਂ ਲਪਟਾਂ ਨੂੰ ਫੂਕਣ ਵਰਗੀਆਂ ਚਾਲਾਂ ਦਾ ਪ੍ਰਦਰਸ਼ਨ ਕਰਦੇ ਹਨ

ਇਸ ਪ੍ਰਦਰਸ਼ਨ ਲਈ ਹੁਣ ਵਧੇਰੇ ਸਰੀਰਕ ਮਿਹਨਤ ਦੀ ਲੋੜ ਹੁੰਦੀ ਹੈ। ਇਸ ਲਈ ਹੁਣ ਬਾਲਗ ਕਲਾਕਾਰਾਂ ਨੇ ਇਸ ਪਰੰਪਰਾ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ ' ਤੇ ਪਾ ਦਿੱਤੀ ਹੈ

ਜਦੋਂ ਕਲਾਕਾਰ ਮਾਹੌਲ ਅਨੁਸਾਰ ਨੱਚਦੇ ਹਨ ਤਾਂ ਉਹ ਆਪਣੀ ਸ਼ਰਧਾ ਦਿਖਾਉਣ ਦੇ ਨਾਲ-ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦੇ ਹਨ

ਪੁਰਾਣੇ ਸਮਿਆਂ ਵਿੱਚ , ਨਾਚ ਪੇਸ਼ ਕਰਨ ਵਾਲੇ ਸਮੂਹ ਨੂੰ ਮਾਣ ਭੱਤੇ ਜਾਂ ਇਨਾਮ ਵਜੋਂ ਕਰਨਾਟਕ ਦੇ ਤੱਟਵਰਤੀ ਖੇਤਰਾਂ ਵਿੱਚ ਉਗਾਏ ਜਾਣ ਵਾਲੇ ਚਾਵਲ , ਝੋਨੇ ਜਾਂ ਹੋਰ ਉਪਜ ਦਿੱਤੀ ਜਾਂਦੀ ਸੀ। ਹੁਣ ਉਨ੍ਹਾਂ ਇਨਾਮਾਂ ਜਾਂ ਤੋਹਫ਼ਿਆਂ ਦੀ ਥਾਂ ਪੈਸੇ ਨੇ ਲੈ ਲਈ ਹੈ

ਹਰੇਕ ਕਲਾਕਾਰ ਨੂੰ ਦੋ ਦਿਨਾਂ ਦੇ ਸ਼ੋਅ ਲਈ 2,500 ਰੁਪਏ ਮਿਲ਼ਦੇ ਹਨ। ਇਹ ਕੰਮ ਕਰਨ ਵਾਲ਼ੇ ਡਾਂਸਰ ਨੂੰ 6,000 ਰੁਪਏ ਵਾਧੂ ਦਿੱਤੇ ਜਾਂਦੇ ਹਨ

ਸੰਦੇਸ਼ ਦੀ ਦਾਦੀ ਕਮਲਾ ਸ਼ੈੱਟੀ ਅਤੇ ਮਾਂ ਵਿਜੇ ਸ਼ੈੱਟੀ ਪੀਲ਼ੀ ਵੇਸ਼ਾ ਪੇਸ਼ ਕਰਦੇ ਹੋਏ ਉਨ੍ਹਾਂ ਦਾ ਹੌਸਲਾ ਵਧਾ ਰਹੀਆਂ ਹਨ। ਸੰਦੇਸ਼ ਇੱਕ ਫ਼ੋਟੋਗ੍ਰਾਫਰ ਅਤੇ ਚਿੱਤਰਕਾਰ ਹੈ। ' ਪਿਛਲੇ ਚਾਰ ਸਾਲਾਂ ਤੋਂ , ਮੈਂ ਪੀਲ਼ੀ ਵੇਸ਼ਾ ਪੇਸ਼ ਕਰਨਾ ਸ਼ੁਰੂ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਨਾ ਜਾਰੀ ਰੱਖਾਂਗਾ , ' 21 ਸਾਲਾ ਸੰਦੇਸ਼ ਕਹਿੰਦੇ ਹਨ

ਵੀਰੇਂਦਰ ਸ਼ੈੱਟੀ ਨੇ ਟਾਈਗਰ ਮੁਖੌਟਾ ਪਹਿਨਿਆ ਹੋਇਆ ਹੈ। ਇਸ ਮੁਖੌਟੇ ਨੂੰ ਪਹਿਨਣ ਵਾਲ਼ਾ ਕਲਾਕਾਰ ਆਮ ਤੌਰ ' ਤੇ ਸਮੂਹ ਦਾ ਮੁੱਖ ਸ਼ੇਰ ਹੁੰਦਾ ਹੈ

ਵੀਰੇਂਦਰ ਪਿਛਲੇ 22 ਸਾਲਾਂ ਤੋਂ ਪੀਲ਼ੀ ਵੇਸ਼ਾ ਪੇਸ਼ਕਾਰੀ ਕਰ ਰਹੇ ਹਨ। ' ਨਗਾੜੇ ਦੀ ਆਵਾਜ਼ ਅਤੇ ਆਲ਼ੇ-ਦੁਆਲ਼ੇ ਦਾ ਵਾਤਾਵਰਣ ਤੁਹਾਨੂੰ ਵੀ ਨੱਚਣ ਲਈ ਮਜ਼ਬੂਰ ਕਰ ਦਿੰਦਾ ਹੈ , ' ਉਹ ਕਹਿੰਦੇ ਹਨ

ਪਿੰਡ ਵਾਸੀ ਛੋਟੇ ਟਾਈਗਰ ਡਾਂਸਰਾਂ ਨੂੰ ਚੁੱਕੀ ਨਗਾੜੇ ਦੀ ਧੁਨ ' ਤੇ ਨੱਚ ਰਹੇ ਹਨ

ਵਰਿੰਦਰ ਨਾਚ ਦੇ ਪਹਿਲੇ ਸੈਸ਼ਨ ਤੋਂ ਬਾਅਦ ਪੁਸ਼ਾਕ ਬਦਲ ਰਹੇ ਹਨ। 30 ਸਾਲਾ ਵਰਿੰਦਰ ਐਮਾਜ਼ਾਨ ਵਿੱਚ ਡਿਸਟ੍ਰੀਬਿਊਟਰ ਵਜੋਂ ਕੰਮ ਕਰਦੇ ਹਨ ਅਤੇ ਆਪਣੇ ਪਿੰਡ ਦੇ ਲੋਕਾਂ ਨੂੰ ਨਾਚ ਦੀ ਕਲਾ ਸਿੱਖਣ ਲਈ ਉਤਸ਼ਾਹਤ ਵੀ ਕਰਦੇ ਹਨ

ਹਾਲਾਂਕਿ ਕਲਾਕਾਰਾਂ ਲਈ ਲੋਕਾਂ ਦਾ ਮਨੋਰੰਜਨ ਸਭ ਤੋਂ ਵੱਡੀ ਤਰਜੀਹ ਹੈ, ਪਰ ਉਹ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਇਸ ਪਰੰਪਰਾ ਦਾ ਅਨੁਸ਼ਾਸਨ ਅਤੇ ਸਤਿਕਾਰ ਵੀ ਸੁਰੱਖਿਅਤ ਰਹੇ
ਤਰਜਮਾ: ਕਮਲਜੀਤ ਕੌਰ