ਸੁਪਾਰੀ ਪੁਤੇਲ ਨੂੰ ਚੰਗੀ ਤਰ੍ਹਾਂ ਯਾਦ ਹੀ ਨਹੀਂ ਕਿ ਉਨ੍ਹਾਂ ਨੇ ਇੱਕ ਦਹਾਕੇ ਵਿੱਚੋਂ ਕਿੰਨਾ ਸਮਾਂ ਹਸਤਪਾਲ ਅੰਦਰ ਗੁਜ਼ਾਰਿਆ ਹੈ।

ਲੰਬੇ ਸਮੇਂ ਤੋਂ, ਉਹ ਆਪਣੇ 17 ਸਾਲਾ ਬੇਟੇ ਦੇ ਇਲਾਜ ਵਾਸਤੇ ਓਡੀਸਾ ਅਤੇ ਛੱਤੀਸਗੜ੍ਹ ਦੇ ਹਸਪਤਾਲਾਂ ਵਿੱਚ ਮਾਰੀ-ਮਾਰੀ ਫਿਰਦੀ ਰਹੀ ਅਤੇ ਫਿਰ ਕੁਝ ਸਮੇਂ ਤੱਕ, ਆਪਣੇ ਪਤੀ ਸੁਰੇਸ਼ਵਰ ਵਾਸਤੇ, ਮੁੰਬਈ ਦੀ ਯਾਤਰਾ ਵੀ ਕੀਤੀ।

2019 ਵਿੱਚ ਚਾਰ ਮਹੀਨੇ ਦੇ ਅੰਦਰ ਹੀ ਦੋਵਾਂ ਦੀ ਮੌਤ ਹੋ ਗਈ, ਜਿਸ ਕਰਕੇ ਸੁਪਾਰੀ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਉਨ੍ਹਾਂ ਦੇ ਪਤੀ ਸ਼ੁਰੇਸ਼ਵਰ ਸਿਰਫ਼ 44 ਸਾਲ ਦੇ ਸਨ। ਸਤੰਬਰ 2019 ਵਿੱਚ, ਉਹ ਅਤੇ ਸੁਪਾਰੀ ਮੁੰਬਈ ਪਲਾਇਨ ਕਰ ਗਏ ਸਨ-ਜੋ ਓਡੀਸਾ ਦੇ ਬਲਾਂਗੀਰ ਜਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਘਰ ਤੋਂ ਕਰੀਬ 1,400 ਕਿਲੋਮੀਟਰ ਦੂਰ ਹੈ। ਮਜ਼ਦੂਰਾਂ ਦੇ ਇੱਕ ਸਥਾਨਕ ਏਜੰਟ ਨੇ  ਉਨ੍ਹਾਂ ਨੂੰ ਨਿਰਮਾਣ-ਥਾਂ ਦੀ ਨੌਕਰੀ ਲਈ ਭਰਤੀ ਕੀਤਾ ਸੀ। "ਅਸੀਂ ਆਪਣਾ ਕਰਜ਼ਾ ਲਾਹੁਣ ਅਤੇ ਆਪਣੇ ਘਰ (ਦੀ ਇਮਾਰਤ) ਨੂੰ ਪੂਰਿਆਂ ਕਰਨ ਲਈ ਕੁਝ ਪੈਸੇ ਕਮਾਉਣ ਗਏ ਸਾਂ," ਸੁਪਾਰੀ ਨੇ ਕਿਹਾ। ਦੋਵੇਂ ਰਲ਼ ਕੇ ਬਤੌਰ ਦਿਹਾੜੀ ਮਜ਼ਦੂਰ ਰੋਜ਼ ਦੇ 600  ਰੁਪਏ ਕਮਾਉਂਦੇ ਸਨ।

"ਇੱਕ ਸ਼ਾਮ, ਮੁੰਬਈ ਵਿੱਚ ਨਿਰਮਾਣ ਸਥਲ 'ਤੇ ਕੰਮ ਕਰਦੇ ਸਮੇਂ ਮੇਰੇ ਪਤੀ ਨੂੰ ਤੇਜ਼ ਬੁਖ਼ਾਰ ਹੋ ਗਿਆ," 43 ਸਾਲਾ ਸੁਪਾਰੀ, ਤੁਰੇਕੇਲਾ ਬਲਾਕ ਵਿੱਚ 933 ਲੋਕਾਂ ਦੀ ਅਬਾਦੀ ਵਾਲ਼ੇ ਪਿੰਡ, ਹਿਆਲ ਵਿੱਚ ਆਪਣੇ ਕੱਚੇ ਘਰ ਦੇ ਸਾਹਮਣੇ ਭੁੰਜੇ ਬੈਠੀ, ਯਾਦ ਕਰਦਿਆਂ ਕਹਿੰਦੀ ਹਨ। ਉਹ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਬੰਧ ਮਾਲੀ ਜਾਤੀ ਨਾਲ਼ ਹੈ ਜੋ ਓਬੀਸੀ (OBC.) ਸ਼੍ਰੇਣੀ ਅੰਦਰ ਆਉਂਦੀ ਹੈ।

ਸੁਪਾਰੀ ਅਤੇ ਨਿਰਮਾਣ ਸਥਲ ਦਾ ਸੁਪਰਵਾਈਜ਼ਰ ਸੁਰੇਸ਼ਵਰ ਨੂੰ ਉੱਤਰ-ਮੱਧ ਮੁੰਬਈ ਦੇ ਸਾਇਨ ਸਥਿਤ ਲੋਕਮਾਨਯ ਤਿਲਕ ਮਿਊਂਸੀਪੈਲਿਟੀ ਹਸਪਤਾਲ ਲਿਜਾਣ ਤੋਂ ਪਹਿਲਾਂ ਆਟੋ-ਰਿਕਸ਼ਾ ਅਤੇ ਐਂਬੂਲੈਂਸ ਵਿੱਚ ਪਾ ਕੇ ਸ਼ਹਿਰ ਦੇ ਦਾਇਰੇ (ਘੇਰੇ) ਵਿੱਚ ਆਉਂਦੇ ਤਿੰਨ ਹਸਪਤਾਲਾਂ ਵਿੱਚ ਲੈ ਫਿਰਦੇ ਰਹੇ।

"ਹਰੇਕ ਹਸਪਤਾਲ ਸਾਨੂੰ ਇੱਕ ਹਸਪਤਾਲ ਤੋਂ ਦੂਜੇ ਹਸਤਪਤਾਲ ਭਜਾਉਂਦਾ ਰਿਹਾ ਕਿਉਂਕਿ (ਉਸ ਸਮੇਂ) ਸਾਡੇ ਕੋਲ਼ ਸਾਡੇ ਅਧਾਰ ਕਾਰਡ ਅਤੇ ਹੋਰ ਕਾਗ਼ਜ਼ਾਤ ਨਹੀਂ ਸਨ," ਸੁਪਾਰੀ ਨੇ ਕਿਹਾ। "ਉਨ੍ਹਾਂ ਨੂੰ ਪੀਲੀਆ (ਦੇ ਲੱਛਣ) ਸਨ। ਉਨ੍ਹਾਂ ਦੇ ਲੱਕ ਤੋਂ ਹੇਠਲੇ ਹਿੱਸੇ ਨੂੰ ਲਕਵਾ ਮਾਰ ਗਿਆ ਸੀ, ਇਸਲਈ ਮੈਂ ਉਨ੍ਹਾਂ ਦੇ ਪੈਰਾਂ ਨੂੰ ਪਲੋਸਦੀ ਰਹਿੰਦੀ ਸਨ," ਉਹ ਦੱਸਦੀ ਹਨ, ਪਰ ਬੀਮਾਰੀ ਬਾਰੇ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਸੀ। ਅਗਲੇ ਦਿਨ, 6 ਨਵੰਬਰ, 2019 ਨੂੰ ਸੁਰੇਸ਼ਵਰ ਦੀ ਹਸਪਤਾਲ ਵਿੱਚ ਮੌਤ ਹੋ ਗਈ।

Supari Putel in front of her mud house and the family's incomplete house (right) under the Pradhan Mantri Awaas Yojana: 'This house cost me my husband'
PHOTO • Anil Sharma
Supari Putel in front of her mud house and the family's incomplete house (right) under the Pradhan Mantri Awaas Yojana: 'This house cost me my husband'
PHOTO • Anil Sharma

ਸੁਪਾਰੀ ਪੁਤੇਲ ਆਪਣੇ ਮਿੱਟੀ ਦੇ ਘਰ ਦੇ ਸਾਹਮਣੇ (ਸੱਜੇ) ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਪਰਿਵਾਰ ਦਾ ਅੱਧ-ਉਸਰਿਆ ਘਰ : ' ਇਸ ਘਰ ਨੇ ਮੇਰੇ ਪਤੀ ਦੀ ਜਾਨ ਲੈ ਲਈ '

"ਸੁਪਰਵਾਈਜ਼ਰ ਨੇ ਮੈਨੂੰ ਮੁੰਬਈ ਵਿੱਚ ਹੀ ਉਨ੍ਹਾਂ ਦਾ ਅੰਤਮ ਸੰਸਕਾਰ ਕਰਨ ਲਈ ਕਿਹਾ ਕਿਉਂਕਿ ਲਾਸ਼ ਨੂੰ ਓਡੀਸਾ ਲੈ ਜਾਣ ਵਿੱਚ ਕਾਫ਼ੀ ਪੈਸਾ ਖ਼ਰਚ ਹੁੰਦਾ। ਮੈਂ ਉਨ੍ਹਾਂ ਦੀ ਗੱਲ ਮੰਨ ਲਈ," ਸੁਪਾਰੀ ਕਹਿੰਦੀ ਹਨ। "ਅੰਤਮ ਸੰਸਕਾਰ ਦਾ ਭੁਗਤਾਨ ਸੁਪਰਵਾਈਜ਼ਰ ਨੇ ਕੀਤਾ ਅਤੇ ਮੇਰਾ ਬਕਾਇਆ ਪੈਸਾ ਮੋੜਨ ਤੋਂ ਬਾਅਦ ਮੈਨੂੰ ਵਾਪਸ ਭੇਜ ਦਿੱਤਾ। ਇੱਕ ਹੱਥ ਵਿੱਚ ਮੇਰੇ ਪਤੀ ਦੀਆਂ ਅਸਥੀਆਂ ਸਨ ਅਤੇ ਦੂਸਰੇ ਹੱਥ ਵਿੱਚ ਉਨ੍ਹਾਂ ਦਾ ਮੌਤ ਦਾ ਸਰਟੀਫਿਕੇਟ", ਉਹ ਕਹਿੰਦੀ ਹਨ। ਮਜ਼ਦੂਰੀ ਦੇ ਰੂਪ ਵਿੱਚ ਮਿਲ਼ੇ 6,000 ਰੁਪਇਆਂ ਵਿੱਚੋਂ ਉਨ੍ਹਾਂ ਨੇ ਕੁਝ ਪੈਸੇ 11 ਨਵੰਬਰ, 2019 ਨੂੰ ਆਪਣੀ ਭਰਾ ਦੇ ਨਾਲ਼ ਟ੍ਰੇਨ ਤੋਂ ਘਰ ਪਰਤਣ ਲਈ ਟਿਕਟ 'ਤੇ ਖ਼ਰਚ ਕਰ ਦਿੱਤੇ। ਉਨ੍ਹਾਂ ਦਾ ਭਰਾ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਬਲਾਂਗੀਰ ਦੇ ਕਰਲਾਬਹਲੀ ਪਿੰਡ ਤੋਂ ਮੁੰਬਈ ਆਇਆ ਸੀ।

ਮੁੰਬਈ ਜਾਣ ਤੋਂ ਪਹਿਲਾਂ, ਸੁਪਾਰੀ ਅਤੇ ਸੁਰੇਸ਼ਵਰ ਆਪਣੇ ਹੀ ਪਿੰਡ ਵਿੱਚ, ਬਲਾਂਗੀਰ ਦੇ ਕੰਤਾਬਾਂਜੀ ਸ਼ਹਿਰ ਜਾਂ ਛੱਤੀਸਗੜ੍ਹ ਦੇ ਰਾਇਪੁਰ ਸ਼ਹਿਰ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਵਿੱਚੋਂ ਹਰੇਕ 150 ਰੁਪਏ ਦਿਹਾੜੀ ਕਮਾਉਂਦਾ ਸੀ। (ਓਡੀਸਾ ਸਰਕਾਰ ਦੀ ਜੁਲਾਈ 2020 ਦੀ ਅਧਿਸੂਚਨਾ ਵਿੱਚ ਇਸ "ਅਕੁਸ਼ਲ" ਸ਼੍ਰੇਣੀ ਦੇ ਕਿਰਤੀ ਲਈ ਘੱਟੋ-ਘੱਟ ਮਜ਼ਦੂਰੀ 303.40 ਰੁਪਏ ਤੈਅ ਕੀਤੀ ਗਈ ਹੈ)। ਸੁਰੇਸ਼ਵਰ ਦੇ ਛੇ ਭਰਾਵਾਂ ਦੇ ਨਾਲ਼ ਉਨ੍ਹਾਂ ਦੀ ਸਾਂਝੀ ਭੂਮੀ ਸੀ (ਸੁਪਾਰੀ ਇਹ ਨਹੀਂ ਦੱਸ ਸਕੀ ਕਿ ਉਨ੍ਹਾਂ ਦੇ ਕੋਲ਼ ਕਿੰਨੀ ਜ਼ਮੀਨ ਸੀ), ਪਰ ਇਸ ਖਿੱਤੇ ਵਿੱਚ ਪਾਣੀ ਦੀ ਘਾਟ ਦੇ ਕਾਰਨ ਉਹ ਇਸ 'ਤੇ ਖੇਤੀ ਨਹੀਂ ਕਰਦੇ ਸਨ।

ਸੁਪਾਰੀ ਦੱਸਦੀ ਹਨ ਕਿ 2016 ਅਤੇ 2018 ਦਰਮਿਆਨ, ਉਹ ਦੋ ਵਾਰ ਇੱਟਾਂ ਦੇ ਭੱਠੇ 'ਤੇ ਕੰਮ ਕਰਨ 'ਮਦਰਾਸ' ਗਏ ਸਨ। "ਜਿਓਂ ਹੀ ਮੇਰੇ ਬੱਚੇ ਵੱਡੇ ਹੋਣ ਲੱਗੇ, ਬਿਦਿਆਧਰ ਬੀਮਾਰ ਪੈਣ ਲੱਗਿਆ ਸੀ ਇਸਲਈ ਸਾਨੂੰ ਪੈਸੇ ਦੀ ਲੋੜ ਸੀ। ਉਹ 10 ਸਾਲ ਤੱਕ ਬੀਮਾਰ ਰਿਹਾ।"

ਬਿਦਿਆਧਰ ਉਨ੍ਹਾਂ ਦਾ ਵਿਚਕਾਰਲਾ ਬੱਚਾ ਸੀ। ਸੁਪਾਰੀ ਦੀ ਇੱਕ ਵੱਡੀ ਧੀ, 22 ਸਾਲਾ ਜਾਨਨੀ ਅਤੇ ਇੱਕ ਛੋਟਾ ਬੇਟਾ, 15 ਸਾਲਾ ਧਨੁਧਰ ਹੈ। ਉਨ੍ਹਾਂ ਦੀ 71 ਸਾਲਾ ਸੱਸ ਸੁਫੁਲ ਵੀ ਪਰਿਵਾਰ ਦੇ ਨਾਲ਼ ਹੀ ਰਹਿੰਦੀ ਹਨ। ਉਹ ਆਪਣੇ ਪਤੀ ਲੁਕਾਨਾਥ ਪੁਤੇਲ ਦੇ ਨਾਲ਼ ਇੱਕ ਕਿਸਾਨ ਦੇ ਰੂਪ ਵਿੱਚ ਕੰਮ ਕਰਦੀ ਸਨ (ਉਨ੍ਹਾਂ ਦੀ ਮੌਤ ਹੋ ਚੁੱਕੀ ਹੈ) ਅਤੇ ਹੁਣ ਬੁਢਾਪਾ ਪੈਨਸ਼ਨ ਨਾਲ਼ ਹੀ ਕੰਮ ਚਲਾਉਂਦੀ ਹਨ। ਜਾਨਨੀ ਦਾ ਵਿਆਹ 18 ਸਾਲ ਦੀ ਉਮਰ ਵਿੱਚ, 2017 ਵਿੱਚ ਨੂਆਪਾੜਾ ਜਿਲ੍ਹੇ ਦੇ ਸਿਕੁਆਨ ਪਿੰਡ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ ਅਤੇ ਧਨੁਧਰ ਜੋ 10ਵੀਂ ਵਿੱਚ ਪੜ੍ਹਦਾ ਸੀ, ਆਪਣੇ ਭਰਾ ਦੇ ਮਰਨ ਤੋਂ ਬਾਅਦ ਆਪਣੀ ਭੈਣ ਦੇ ਘਰ ਚਲਾ ਗਿਆ ਕਿਉਂਕਿ ਉਹਦੇ ਮਾਤਾ-ਪਤਾ ਕੰਮ ਕਰਨ ਲਈ ਮੁੰਬਈ ਚਲੇ ਗਏ ਸਨ।

ਸੁਪਾਰੀ ਨੂੰ ਪਤਾ ਨਹੀਂ ਹੈ ਕਿ 17 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਬੇਟੇ ਨੂੰ ਕਿਸ ਤਰ੍ਹਾਂ ਦਾ ਕੈਂਸਰ ਹੋ ਗਿਆ ਸੀ। ਬਿਦਿਆਧਰ 10 ਸਾਲ ਤੋਂ ਉਸ ਬੀਮਾਰੀ ਨਾਲ਼ ਜੂਝ ਰਿਹਾ ਸੀ ਅਤੇ ਪਰਿਵਾਰ ਨੇ ਉਹਦੇ ਇਲਾਜ ਲਈ ਵਿਭਿੰਨ ਹਸਪਤਾਲਾਂ ਦੇ ਚੱਕਰ ਕੱਟੇ। "ਅਸੀਂ ਤਿੰਨ ਸਾਲ ਬੁਰਲਾ ਹਸਪਤਾਲ (ਸੰਬਲਪੁਰ ਜਿਲ੍ਹੇ ਵਿੱਚ) ਗਏ, ਤਿੰਨ ਸਾਲ ਬਲਾਂਗੀਰ ਦੇ ਇੱਕ ਹਸਪਤਾਲ ਗਏ ਅਤੇ ਰਾਮਕ੍ਰਿਸ਼ਨ ਹਸਤਪਾਲ ਗਏ," ਉਹ ਦੱਸਦੀ ਹਨ। ਅਖ਼ੀਰਲੇ ਵਾਲ਼ਾ ਰਾਇਪੁਰ ਦਾ ਇੱਕ ਨਿੱਜੀ ਹਸਤਪਾਲ ਹੈ, ਜੋ ਸੁਪਾਰੀ ਦੇ ਪਿੰਡ ਤੋਂ ਲਗਭਗ 190 ਕਿਲੋਮੀਟਰ ਦੂਰ ਹੈ। ਉੱਥੇ ਜਾਣ ਲਈ ਉਹ ਕੰਤਾਬਾਂਜੀ ਤੋਂ ਟ੍ਰੇਨ ਫੜ੍ਹਦੇ ਸਨ ਜੋ ਕਿ ਹਿਆਲ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਹੈ।

ਇਨ੍ਹਾਂ ਸਾਲਾਂ ਵਿੱਚ ਪਰਿਵਾਰ ਨੇ ਬਿਦਿਆਧਰ ਦੇ ਇਲਾਜ ਲਈ ਦੋਸਤਾਂ, ਰਿਸ਼ਤੇਦਾਰਾਂ ਅਤੇ ਸਥਾਨਕ ਸਾਹੂਕਾਰਾਂ ਪਾਸੋਂ ਪੈਸੇ ਉਧਾਰ ਲਏ। ਸੁਪਾਰੀ ਨੇ ਆਪਣੇ ਬੇਟੇ ਦੇ ਇਲਾਜ ਲਈ 50,000 ਰੁਪਏ ਇਕੱਠੇ ਕਰਨ ਲਈ, ਕੰਤਾਬਾਂਜੀ ਦੀ ਇੱਕ ਦੁਕਾਨ 'ਤੇ ਜਾਨਨੀ ਦੀਆਂ ਟੂੰਬਾਂ (ਗਹਿਣੇ) ਵੀ ਗਹਿਣੇ ਪਾ ਦਿੱਤੀਆਂ ਸਨ।

Suphul Putel (left), still grieving too, is somehow convinced that Supari, her daughter-in-law, is not being truthful about how Sureswara died: 'My son talked to me on the phone and he seemed to be well...'
PHOTO • Anil Sharma
Suphul Putel (left), still grieving too, is somehow convinced that Supari, her daughter-in-law, is not being truthful about how Sureswara died: 'My son talked to me on the phone and he seemed to be well...'
PHOTO • Anil Sharma

ਸੁਫੁਲ ਪੁਤੇਲ (ਖੱਬੇ) ਅਜੇ ਵੀ ਬਹੁਤ ਦੁਖੀ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਨੂੰਹ, ਸੁਪਾਰੀ ਨੇ ਇਸ ਬਾਰੇ ਸੱਚ ਨਹੀਂ ਦੱਸਿਆ ਕਿ ਸੁਰੇਸ਼ਵਰ ਦੀ ਮੌਤ ਕਿਵੇਂ ਹੋਈ ਸੀ : ' ਮੇਰੇ ਬੇਟੇ ਨੇ ਮੇਰੇ ਨਾਲ਼ ਫੋਨ ' ਤੇ ਗੱਲ ਕੀਤੀ ਸੀ ਅਤੇ ਉਹ ਠੀਕ ਲੱਗ ਰਿਹਾ ਸੀ... '

ਜਦੋਂ ਕਰਜ਼ਾ ਹੋਰ ਵੱਧ ਗਿਆ ਤਾਂ ਅਦਾ ਕਰਨ ਦੇ ਦਬਾਅ ਵਿੱਚ, ਪਤੀ-ਪਤਨੀ ਮਾਰਚ 2019 ਵਿੱਚ ਮੁੰਬਈ ਚਲੇ ਗਏ। ਪਰ ਉਸ ਸਾਲ ਜੂਨ ਵਿੱਚ, ਜਦੋਂ ਉਨ੍ਹਾਂ ਦੇ ਬੇਟੇ ਦੀ ਹਾਲਤ ਖ਼ਰਾਬ ਹੋਣ ਲੱਗੀ, ਤਾਂ ਸੁਪਾਰੀ ਤੁਰੰਤ ਹਿਆਲ ਮੁੜ ਆਈ, ਅਤੇ ਸੁਰੇਸ਼ਵਰ ਵੀ ਜੁਲਾਈ ਵਿੱਚ ਪਿੰਡ ਵਾਪਸ ਆ ਗਏ। "ਉਹ ਕਈ ਮਹੀਨਿਆਂ ਤੋਂ ਬੀਮਾਰ ਸੀ ਅਤੇ ਆਖ਼ਰਕਾਰ ਰਥ ਯਾਤਰਾ ਦੌਰਾਨ (ਜੁਲਾਈ ਵਿੱਚ) ਉਹਦੇ ਸਾਹ ਮੁੱਕ ਗਏ," ਸੁਪਾਰੀ ਯਾਦ ਕਰਦੀ ਹਨ।

ਬਿਦਿਆਧਰ ਦੀ ਮੌਤ ਤੋਂ ਫ਼ੌਰਨ ਬਾਅਦ, ਪਰਿਵਾਰ ਨੂੰ ਪ੍ਰਧਾਨਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਦੇ ਤਹਿਤ ਇੱਕ ਘਰ ਪ੍ਰਦਾਨ ਕੀਤਾ ਗਿਆ ਸੀ। ਉਨ੍ਹਾਂ ਨੂੰ ਨਵਾਂ ਘਰ ਬਣਾਉਣ ਲਈ ਕਿਸ਼ਤਾਂ ਵਿੱਚ 120,000 ਰੁਪਏ ਮਿਲ਼ਣ ਵਾਲ਼ੇ ਸਨ। ਪਰ ਸੁਪਾਰੀ ਅਤੇ ਸੁਰੇਸ਼ਵਰ ਨੂੰ ਆਪਣੇ ਬੇਟੇ ਦੇ ਇਲਾਜ ਵਾਸਤੇ ਲਏ ਗਏ ਉਧਾਰ ਦਾ ਭੁਗਤਾਨ ਕਰਨ ਲਈ ਪੈਸੇ ਦਾ ਇੱਕ ਹਿੱਸਾ ਉਧਾਰ ਮੋੜਨ ਲਈ ਮਜ਼ਬੂਰ ਹੋਣਾ ਪਿਆ, ਜਿਸ ਕਰਕੇ ਘਰ ਦੀ ਉਸਾਰੀ ਅਧੂਰੀ ਰਹਿ ਗਈ। "ਮੈਨੂੰ ਤਿੰਨ ਕਿਸ਼ਤਾਂ ਮਿਲ਼ੀਆਂ- ਪਹਿਲੀ 20,000 ਰੁਪਏ ਦੀ ਸੀ, ਦੂਸਰੀ 35,000 ਰੁਪਏ ਦੀ ਅਤੇ ਤੀਸਰੀ 45,000 ਰੁਪਏ ਦੀ ਸੀ। ਪਹਿਲੀ ਅਤੇ ਦੂਸਰੀ ਕਿਸ਼ਤ ਦੀ ਵਰਤੋਂ ਅਸੀਂ ਆਪਣੇ ਘਰ ਦੇ ਲਈ ਵੱਖ ਵੱਖ ਵਸਤਾਂ ਜਿਵੇਂ ਸੀਮੇਂਟ ਅਤੇ ਪੱਥਰ ਖਰੀਦਣ ਲਈ ਕੀਤੀ, ਪਰ ਆਖ਼ਰੀ ਕਿਸ਼ਤ ਅਸੀਂ ਆਪਣੇ ਬੇਟੇ ਦੇ ਇਲਾਜ 'ਤੇ ਖ਼ਰਚ ਕੀਤੀ," ਸੁਪਾਰੀ ਦੱਸਦੀ ਹੈ।

ਅਗਸਤ 2019 ਵਿੱਚ ਜਦੋਂ ਤੁਰੇਕੇਲ ਦੇ ਬਲਾਕ ਵਿਕਾਸ ਦਫ਼ਤਰ ਦੇ ਅਧਿਕਾਰੀ ਘਰ ਦਾ ਨਿਰੀਖਣ ਕਰਨ ਆਏ, ਤਾਂ ਉਨ੍ਹਾਂ ਨੇ ਘਰ ਨੂੰ ਅਧੂਰਾ ਦੇਖਿਆ ਅਤੇ ਪਤੀ-ਪਤਨੀ ਨੂੰ ਦਬਕੇ ਮਾਰੇ। "ਉਨ੍ਹਾਂ ਨੇ ਸਾਨੂੰ ਘਰ ਪੂਰਾ ਕਰਨ ਲਈ ਕਿਹਾ, ਨਹੀਂ ਤਾਂ ਉਹ ਸਾਡੇ ਖ਼ਿਲਾਫ਼ ਮਾਮਲਾ ਦਰਜ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਘਰ ਨੂੰ ਪੂਰਾ ਨਹੀਂ ਕਰਦੇ ਹਨ, ਤਾਂ ਸਾਨੂੰ ਆਖ਼ਰੀ ਕਿਸ਼ਤ ਦੇ ਪੈਸੇ ਨਹੀਂ ਮਿਲ਼ਣਗੇ," ਸੁਪਾਰੀ ਦੱਸਦੀ ਹੈ।

"ਮੇਰੇ ਬੇਟੇ ਦੀ ਮੌਤ ਨੂੰ ਕਰੀਬ ਇੱਕ ਮਹੀਨਾ ਹੋਇਆ ਸੀ, ਪਰ ਜਲਦੀ ਹੀ ਅਸੀਂ ਦੋਬਾਰਾ (ਸਤੰਬਰ 2019) ਮੁੰਬਈ ਪਲਾਇਨ ਕਰਨ ਲਈ ਮਜ਼ਬੂਰ ਹੋਏ ਤਾਂਕਿ ਘਰ ਦਾ ਨਿਰਮਾਣ ਪੂਰਾ ਕਰਨ ਲਈ ਅਸੀਂ ਕੁਝ ਪੈਸੇ ਕਮਾ ਸਕੀਏ," ਸੁਪਾਰੀ ਆਪਣੇ ਕੱਚੇ ਘਰ ਤੋਂ ਕਰੀਬ 20 ਮੀਟਰ ਦੂਰ ਅੱਧੇ-ਉਸਰੇ ਢਾਂਚੇ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ। ਇਸ ਵਿੱਚ ਛੱਤ, ਖਿੜਕੀਆਂ ਜਾਂ ਦਰਵਾਜ਼ੇ ਨਹੀਂ ਹਨ ਅਤੇ ਕੰਧਾਂ 'ਤੇ ਅਜੇ ਤੱਕ ਪਲਸਤਰ ਨਹੀਂ ਕੀਤਾ ਗਿਆ ਹੈ। "ਇਸ ਘਰ ਨੇ ਮੇਰੇ ਪਤੀ ਦੀ ਜਾਨ ਲੈ ਲਈ," ਉਹ ਕਹਿੰਦੀ ਹਨ।

ਸੁਪਾਰੀ ਦੀ ਸੱਸ ਸੁਫੁਲ ਅਜੇ ਵੀ ਬੜੀ ਦੁਖੀ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਨੂੰਹ ਨੇ ਇਸ ਬਾਰੇ ਸੱਚ ਨਹੀਂ ਦੱਸਿਆ ਕਿ ਸੁਰੇਸ਼ਵਰ ਦੀ ਮੌਤ ਕਿਵੇਂ ਹੋਈ ਸੀ। "ਮੇਰੇ ਬੇਟੇ ਨੇ ਮੇਰੇ ਨਾਲ਼ ਫ਼ੋਨ 'ਤੇ ਗੱਲ ਕੀਤੀ ਸੀ ਅਤੇ ਉਹ ਠੀਕ ਲੱਗ ਰਿਹਾ ਸੀ। ਮੈਂ ਯਕੀਨ ਨਹੀਂ ਕਰ ਸਕਦੀ ਕਿ ਉਹ ਕੁਝ ਦਿਨਾਂ ਬਾਅਦ ਮਰ ਗਿਆ," ਉਹ ਕਹਿੰਦੀ ਹਨ। ਸੁਫੁਲ ਨੂੰ ਲੱਗਦਾ ਹੈ ਕਿ ਨਿਰਮਾਣ ਸਥਲ 'ਤੇ ਕੰਮ ਕਰਦੇ ਸਮੇਂ ਉਨ੍ਹਾਂ ਦੇ ਬੇਟੇ ਦੀ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਅਤੇ ਸੁਪਾਰੀ ਅਸਲੀ ਕਾਰਨ ਨੂੰ ਛਿਪਾ ਰਹੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਇਹਦੇ ਲਈ ਉਸਨੂੰ ਦੋਸ਼ੀ ਠਹਿਰਾਇਆ ਜਾਵੇ। ਹਾਲਾਂਕਿ ਸੁਪਾਰੀ ਜ਼ੋਰ ਦੇ ਕੇ ਕਹਿੰਦੀ ਹਨ: "ਉਹ ਸਦਾ ਹੀ ਮੇਰੇ 'ਤੇ ਗ਼ੈਰ-ਜ਼ਰੂਰੀ ਦੋਸ਼ ਲਾਉਂਦੀ ਰਹਿੰਦੀ ਹਨ ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਸੀ।"

After losing his father and brother, Dhanudhar (left), her youngest son, says Supari, has lost interest in studying
PHOTO • Anil Sharma
After losing his father and brother, Dhanudhar (left), her youngest son, says Supari, has lost interest in studying

ਆਪਣੇ ਪਿਤਾ ਅਤੇ ਭਰਾ ਨੂੰ ਗੁਆਉਣ ਤੋਂ ਬਾਅਦ ਧਨੁਧਰ (ਖੱਬੇ), ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਦੀ ਪੜ੍ਹਾਈ ਵਿੱਚ ਰੁਚੀ ਖ਼ਤਮ ਹੋ ਗਈ ਹੈ, ਸੁਪਾਰੀ ਕਹਿੰਦੀ ਹਨ

ਪਰਿਵਾਰ ਨੂੰ ਦਸੰਬਰ 2019 ਵਿੱਚ ਰਾਸ਼ਟਰੀ ਪਰਿਵਾਰਕ ਲਾਭ ਯੋਜਨਾ ਦੇ ਤਹਿਤ 20,000 ਰੁਪਏ ਮਿਲ਼ੇ ਸਨ, ਇਸ ਯੋਜਨਾ ਤਹਿਤ ਜੀਵਕਾ-ਕਮਾਉਣ ਵਾਲ਼ੇ ਪ੍ਰਮੁਖ ਮੈਂਬਰ ਦੀ ਮੌਤ 'ਤੇ ਪਰਿਵਾਰ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। "ਮੈਂ ਇਸ ਪੈਸੇ ਦੀ ਵਰਤੋਂ ਆਪਣੇ ਪਤੀ ਦੇ ਸਸਕਾਰ ਲਈ ਰਿਸ਼ਤੇਦਾਰਾਂ ਤੋਂ ਲਏ ਗਏ ਕਰਜ਼ੇ ਦਾ ਭੁਗਤਾਨ ਕਰਨ ਵਿੱਚ ਕੀਤਾ," ਸੁਪਾਰੀ ਦੱਸਦੀ ਹਨ। ਉਨ੍ਹਾਂ ਨੂੰ ਦਸੰਬਰ 2019 ਤੋਂ ਵਿਧਵਾ ਪੈਨਸ਼ਨ ਦੇ ਰੂਪ ਵਿੱਚ ਹਰ ਮਹੀਨੇ 500 ਰੁਪਏ ਵੀ ਮਿਲ਼ ਰਹੇ ਹਨ।

ਨਿਰਮਾਣ-ਸਥਲਾਂ 'ਤੇ ਕੰਮ ਕਰਨ ਵਾਲ਼ੇ ਮਜ਼ਦੂਰ ਦੇ ਰੂਪ ਵਿੱਚ ਸੁਰੇਸ਼ਵਰ ਦਾ ਪਰਿਵਾਰ ਆਦਰਸ਼ ਰੂਪ ਨਾਲ਼, ਓਡੀਸਾ ਦੇ ਭਵਨ ਅਤੇ ਹੋਰ ਉਸਾਰੀ ਵਰਕਰ ਕਲਿਆਣ ਬੋਰਡ ਤੋਂ 200,000 ਰੁਪਏ ਦੇ 'ਅਚਨਚੇਤ ਮੌਤ' ਦੇ ਲਾਭ ਦਾ ਵੀ ਹੱਕਦਾਰ ਹੋਣਾ ਚਾਹੀਦਾ ਹੈ। ਪਰ ਇਹ ਪਰਿਵਾਰ ਇਸ ਰਾਸ਼ੀ ਦਾ ਦਾਅਵਾ ਕਰਨ ਲਈ ਹੱਕਦਾਰ ਨਹੀਂ ਹੈ ਕਿਉਂਕਿ ਸੁਰੇਸਵਰ ਨੇ ਜਿਲ੍ਹਾ ਕਿਰਤ ਦਫ਼ਤਰ ਵਿੱਚ ਪੰਜੀਕਰਣ ਨਹੀਂ ਕਰਵਾਇਆ ਸੀ। "ਜੇਕਰ ਸਾਨੂੰ ਥੋੜ੍ਹੇ ਵੀ ਪੈਸੇ ਮਿਲ਼ਦੇ ਹੋਣ ਤਾਂ ਇਹ ਇੱਕ ਬੜੀ ਵੱਡੀ ਮਦਦ ਹੋਵੇਗੀ," ਸੁਪਾਰੀ ਕਹਿੰਦੀ ਹਨ। ਉਨ੍ਹਾਂ ਦੇ ਘਰ ਦੀ ਉਸਾਰੀ ਅਜੇ ਅਧੂਰੀ ਹੈ ਅਤੇ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਲਈ ਲਏ ਗਏ ਕਰਜ਼ੇ ਦੇ ਘੱਟ ਤੋਂ ਘੱਟ 20,000 ਰੁਪਏ ਮੋੜਨੇ ਬਾਕੀ ਹਨ।

ਸੁਪਾਰੀ ਜਦੋਂ ਘਰ ਦੀ ਇਕਲੌਤੀ ਕਮਾਊ ਮੈਂਬਰ ਹਨ। ਇਹ ਹਿਆਲ ਪਿੰਡ ਅਤੇ ਉਹਦੇ ਆਸਪਾਸ ਮਜ਼ਦੂਰੀ ਕਰਕੇ 150 ਰੁਪਏ ਦਿਹਾੜੀ ਕਮਾਉਂਦੀ ਹਨ। "ਮੈਨੂੰ ਨਿਯਮਤ ਕੰਮ ਨਹੀਂ ਮਿਲ਼ਦਾ। ਅਸੀਂ ਕਦੇ ਕਦੇ ਭੁੱਖੇ ਰਹਿ ਜਾਂਦੇ ਹਾਂ," ਉਹ ਦੱਸਦੀ ਹਨ। ਧਨੁਧਰ ਆਪਣੀ ਭੈਣ ਦੇ ਪਿੰਡ ਤੋਂ ਹਿਆਲ ਪਰਤ ਆਇਆ ਹੈ। "ਮੇਰੇ ਬੇਟਾ ਪੜ੍ਹਾਈ ਨਹੀਂ ਕਰ ਰਿਹਾ ਹੈ। ਪੜ੍ਹਾਈ ਵਿੱਚ ਉਹਦੀ ਰੁਚੀ ਖ਼ਤਮ ਹੋ ਗਈ ਹੈ," ਸੁਪਾਰੀ ਕਹਿੰਦੀ ਹਨ। "ਉਹਨੇ ਸਕੂਲ ਜਾਣਾ ਛੱਡ ਦਿੱਤਾ ਹੈ ਅਤੇ ਇਸ ਸਾਲ ਬੋਰਡ ਦੀ ਪ੍ਰੀਖਿਆ (ਅਪ੍ਰੈਲ 2021 ਵਿੱਚ) ਨਹੀਂ ਦੇਵੇਗਾ।"

ਘਰ ਹਾਲੇ ਤੀਕਰ ਅਧੂਰਾ ਹੈ, ਅੱਧ-ਉਸਰੀਆਂ ਕੰਧਾਂ ਅਤੇ ਫਰਸ਼ 'ਤੇ ਘਾਹ ਅਤੇ ਪੌਦੇ ਉੱਗ ਰਹੇ ਹਨ। ਸੁਪਾਰੀ ਨੂੰ ਨਹੀਂ ਪਤਾ ਕਿ ਉਹ ਇਹਨੂੰ ਬਣਾਉਣ ਦੇ ਲਈ ਕਕਦੋਂ ਅਤੇ ਕਿਵੇਂ ਪੈਸਾ ਇਕੱਠਾ ਕਰ ਪਾਵੇਗੀ। "ਜੇਕਰ ਛੱਤ ਨਹੀਂ ਪਾਈ ਗਈ ਤਾਂ ਮੀਂਹ ਦੇ ਮੌਸਮ ਵਿੱਚ ਇਹ (ਹੋਰ ਵੀ ਵੱਧ) ਨੁਕਸਾਨਿਆ ਜਾਵੇਗਾ। ਪਿਛਲੇ ਸਾਲ ਦੇ ਮੀਂਹ ਨੇ ਇਹਦੀਆਂ ਕੰਧਾਂ ਨੂੰ ਪਹਿਲਾਂ ਤੋਂ ਹੀ ਖ਼ਰਾਬ ਕਰ ਛੱਡਿਆ ਸੀ। ਪਰ ਜੇਕ ਮੇਰੇ ਕੋਲ਼ ਪੈਸੇ ਨਹੀਂ ਹਨ, ਤਾਂ ਮੈਂ ਕੀ ਕਰ ਸਕਦੀ ਹਾਂ?"

ਨੋਟ: ਇੱਕ ਸਥਾਨਕ (ਲੋਕਲ) ਅਖ਼ਬਾਰ ਤੋਂ ਸੁਰੇਸ਼ਵਰ ਦੀ ਮੌਤ ਬਾਰੇ ਜਾਣਕਾਰੀ ਮਿਲ਼ਣ ਤੋਂ ਬਾਅਦ, ਇਸ ਪੱਤਰਕਾਰ ਅਤੇ ਇੱਕ ਮਿੱਤਰ ਨੇ ਹਿਆਲ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਨੇ ਕੰਤਾਬੰਜੀ ਦੇ ਵਕੀਲ ਅਤੇ ਸਮਾਜਿਕ ਕਾਰਕੁੰਨ, ਬੀਪੀ ਸ਼ਰਮਾ ਦੇ ਨਾਲ਼ ਪਰਿਵਾਰ ਦੀ ਹਾਲਤ ਬਾਰੇ ਚਰਚਾ ਕੀਤੀ, ਜਿਨ੍ਹਾਂ ਨੇ ਜਿਲ੍ਹਾ ਕਲੈਕਟਰ ਨੂੰ ਚਿੱਠੀ ਲਿਖ ਕੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਸੀ। ਜਵਾਬ ਵਿੱਚ, ਕਲੈਕਟਰ ਨੇ ਤੁਰੇਕੇਲਾ ਦੇ ਬਲਾਕ ਅਧਿਕਾਰੀ ਨੂੰ ਦੁਖੀ ਪਰਿਵਾਰ ਨੂੰ ਰਾਸ਼ਟਰੀ ਪਰਿਵਾਰਕ ਲਾਭ ਯੋਜਨਾ ਤਹਿਤ ਮਾਲੀ ਸਹਾਇਤਾ ਨੂੰ ਮਨਜ਼ੂਰੀ ਦੇਣ ਦਾ ਨਿਰਦੇਸ਼ ਦਿੱਤਾ। ਇਹਦੇ ਬਾਅਦ ਸੁਪਾਰੀ ਨੂੰ ਆਪਣੇ ਬੈਂਕ ਖਾਤੇ ਵਿੱਚ 20,000 ਰੁਪਏ ਪ੍ਰਾਪਤ ਹੋਏ ਅਤੇ ਉਨ੍ਹਾਂ ਨੂੰ ਵਿਧਵਾ ਪੈਨਸ਼ਨ ਕਾਰਡ ਜਾਰੀ ਕੀਤਾ ਗਿਆ।

ਤਰਜਮਾ : ਕਮਲਜੀਤ ਕੌਰ

Anil Sharma

Anil Sharma is a lawyer based in Kantabanji town, Odisha, and former Fellow, Prime Minister’s Rural Development Fellows Scheme, Ministry of Rural Development, Government of India.

Other stories by Anil Sharma
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur