ਮੇਰਠ ਦੀ ਇੱਕ ਕੈਰਮ ਬੋਰਡ ਫ਼ੈਕਟਰੀ ਵਿੱਚ ਪੰਜ ਕਾਰੀਗਰ ਹਫ਼ਤੇ ਵਿੱਚ ਪੰਜ ਦਿਨ ਬਿਨਾਂ ਰੁਕੇ ਕੰਮ ਕਰਦੇ ਹਨ ਤਦ ਕਿਤੇ ਜਾ ਕੇ 40 ਕੈਰਮ ਬੋਰਡਾਂ ਦੀ ਖੇਪ ਤਿਆਰ ਕੀਤੀ ਜਾਂਦੀ ਹੈ। ਇਸ ਵਰਕਸ਼ਾਪ ਦੇ ਸਾਰੇ ਕਾਰੀਗਰ ਕੈਰਮ ਬੋਰਡ ਦੇ ਚੌਰਸ ਫਰੇਮ ਵਿਚਾਲੇ ਸਟ੍ਰਾਈਕਰ ਤੇ ਕੌਇਨ (ਗੀਟੀਆਂ) ਦੀ ਸੁਚਾਰੂ ਗਤੀਵਿਧੀਆਂ ਨਾਲ਼ ਜੁੜੀਆਂ ਸਾਰੀਆਂ ਬਾਰੀਕੀਆਂ ਨੂੰ ਜਾਣਦੇ ਹਨ। ਇਸ ਖੇਡ ਵਿੱਚ ਵੱਧ ਤੋਂ ਵੱਧ ਚਾਰ ਖਿਡਾਰੀ ਹਿੱਸਾ ਲੈ ਸਕਦੇ ਹਨ, ਪਰ ਇਸ ਕਾਰਖ਼ਾਨੇ ਵਿੱਚ ਇੱਕ ਬੋਰਡ ਨੂੰ ਬਣਾਉਣ ਲਈ ਪੰਜ ਕਾਰੀਗਰ ਲੱਗੇ ਹੋਏ ਹਨ। ਇਹ ਉਨ੍ਹਾਂ ਦੀ ਮਿਹਨਤ ਸਦਕਾ ਹੀ ਹੈ ਜੋ ਕੈਰਮ ਦੀ ਖੇਡ ਸੰਭਵ ਹੋ ਪਾਉਂਦੀ ਹੈ, ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਇਸ ਖੇਡ ਨੂੰ ਖ਼ੁਦ ਕਦੇ ਨਹੀਂ ਖੇਡਿਆ।

"ਮੈਂ 1981 ਤੋਂ ਕੈਰਮ ਬੋਰਡ ਬਣਾ ਰਿਹਾ ਹਾਂ, ਪਰ ਨਾ ਕਦੇ ਬੋਰਡ ਖਰੀਦਿਆ ਤੇ ਨਾ ਹੀ ਕੈਰਮ ਖੇਡਿਆ। ਇਸ ਸਭ ਲਈ ਸਮਾਂ ਕਿੱਥੇ ਹੈ?" 62 ਸਾਲਾ ਮਦਨ ਪਾਲ ਪੁੱਛਦੇ ਹਨ। ਜਿੰਨੀ ਦੇਰ ਸਾਡੀ ਗੱਲਬਾਤ ਹੋ ਰਹੀ ਹੁੰਦੀ ਹੈ, ਓਨੀ ਦੇਰ ਵਿੱਚ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਕਾਫ਼ੀ ਮਿਹਨਤ ਕਰਕੇ ਬਬੂਲ ਦੀ ਲੱਕੜ ਦੇ 2,400 ਡੰਡਿਆਂ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ਼ ਰੱਖ ਲਿਆ ਹੋਇਆ ਸੀ। ਸਾਰੇ ਟੁਕੜੇ 32 ਜਾਂ 36 ਇੰਚ ਲੰਬੇ ਹਨ ਅਤੇ ਮਜ਼ਦੂਰਾਂ ਨੇ ਉਨ੍ਹਾਂ ਨੂੰ ਕਾਰਖ਼ਾਨੇ ਦੀ ਬਾਹਰੀ ਕੰਧ ਨਾਲ਼ ਲੱਗਦੀ ਗਲੀ ਵਿੱਚ ਟਿਕਾ ਲਿਆ ਹੈ।

"ਮੈਂ ਇੱਥੇ ਸਵੇਰੇ 8:45 ਵਜੇ ਪਹੁੰਚਦਾ ਹਾਂ। ਅਸੀਂ ਨੌਂ ਵਜੇ ਕੰਮ ਸ਼ੁਰੂ ਕਰ ਦਿੰਦੇ ਹਾਂ। ਜਦੋਂ ਤੱਕ ਮੈਂ ਘਰ ਪਹੁੰਚਦਾ ਹਾਂ, ਸ਼ਾਮ ਦੇ 7-7:30 ਵੱਜ ਚੁੱਕੇ ਹੁੰਦੇ ਹਨ," ਮਦਨ ਪਾਲ ਕਹਿੰਦੇ ਹਨ। ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੀ ਸੂਰਜਕੁੰਡ ਸਪੋਰਟਸ ਕਲੋਨੀ ਵਿੱਚ ਇੱਕ ਛੋਟਾ ਜਿਹਾ ਕੈਰਮ ਬੋਰਡ ਕਾਰਖ਼ਾਨਾ ਜਾਂ ਕਹਿ ਲਓ ਫ਼ੈਕਟਰੀ ਹੈ।

ਮਦਨ, ਮੇਰਠ ਜ਼ਿਲ੍ਹੇ ਦੇ ਪੂਠ ਪਿੰਡ ਵਿੱਚ ਪੈਂਦੇ ਆਪਣੇ ਘਰੋਂ ਸਵੇਰੇ ਸੱਤ ਵਜੇ ਸਾਈਕਲ 'ਤੇ ਸਵਾਰ ਹੋ ਨਿਕਲ਼ਦੇ ਹਨ ਤੇ 16 ਕਿਲੋਮੀਟਰ ਦਾ ਪੈਂਡਾ ਮਾਰਦੇ ਹੋਏ ਆਪਣੇ ਕੰਮ ਦੀ ਥਾਂ ਅਪੜਦੇ ਹਨ। ਹਫ਼ਤੇ ਦੇ ਛੇ ਦਿਨ ਉਨ੍ਹਾਂ ਦੀ ਇਹੀ ਰੁਟੀਨ ਰਹਿੰਦੀ ਹੈ।

ਛੋਟੇ ਹਾਥੀ (ਮਿਨੀ ਟੈਂਪੂ ਟਰੱਕ) 'ਤੇ ਸਵਾਰ ਦੋ ਟਰਾਂਸਪੋਰਟਰਾਂ ਨੇ ਮੇਰਠ ਸ਼ਹਿਰ ਦੇ ਤਾਰਾਪੁਰੀ ਅਤੇ ਇਸਲਾਮਾਬਾਦ ਇਲਾਕਿਆਂ ਵਿੱਚ ਸਥਿਤ ਆਰਾ ਮਿੱਲਾਂ ਤੋਂ ਲੱਕੜਾਂ ਦੇ ਇਨ੍ਹਾਂ ਟੁਕੜਿਆਂ ਨੂੰ ਲੱਦਿਆ ਤੇ ਇੱਥੇ ਡਿਲੀਵਰੀ ਦਿੱਤੀ ਹੈ।

"ਇਨ੍ਹਾਂ ਟੁਕੜਿਆਂ ਦੀ ਵਰਤੋਂ ਕੈਰਮ ਬੋਰਡ ਦੇ ਬਾਹਰੀ ਫਰੇਮ ਨੂੰ ਬਣਾਉਣ ਲਈ ਕੀਤੀ ਜਾਣੀ ਹੈ ਪਰ ਵਰਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਚਾਰ ਤੋਂ ਛੇ ਮਹੀਨਿਆਂ ਲਈ ਖੁੱਲ੍ਹੇ ਵਿੱਚ ਸੁਕਣੇ ਪਾਈ ਰੱਖਣਾ ਪੈਣਾ ਹੈ। ਹਵਾ ਅਤੇ ਧੁੱਪ ਉਨ੍ਹਾਂ ਵਿਚਲੀ ਨਮੀ ਨੂੰ ਸੁਕਾ ਦੇਵੇਗੀ, ਇੰਝ ਉੱਲੀ ਵਗੈਰਾ ਲੱਗਣ ਦੀ ਸੰਭਾਵਨਾ ਵੀ ਖ਼ਤਮ ਹੋ ਜਾਵੇਗੀ," ਮਦਨ ਦੱਸਦੇ ਹਨ।

PHOTO • Shruti Sharma
PHOTO • Shruti Sharma

ਖੱਬੇ: ਕਰਨ ਬੜੀ ਬਾਰੀਕੀ ਨਾਲ਼ ਹਰ ਡੰਡੇ ਦੀ ਜਾਂਚ ਕਰਦੇ ਹਨ ਅਤੇ ਨੁਕਸਾਨੇ ਡੰਡਿਆਂ ਨੂੰ ਵੱਖ ਕਰਦੇ ਜਾਂਦੇ ਹਨ ਅਤੇ ਉਨ੍ਹਾਂ ਦੀ ਵਾਪਸੀ ਪਾ ਦਿੰਦੇ ਹਨ। ਸੱਜੇ: ਮਦਨ (ਚਿੱਟੀ ਸ਼ਰਟ) ਅਤੇ ਕਰਨ (ਨੀਲੀ ਸ਼ਰਟ) 2,400 ਡੰਡਿਆਂ ਨੂੰ ਕਾਰਖ਼ਾਨੇ ਦੇ ਬਾਹਰ ਗਲ਼ੀ ਵਿੱਚ ਟਿਕਾ ਰਹੇ ਹਨ

32 ਸਾਲਾ ਕਰਨ (ਜੋ ਖੁਦ ਨੂੰ ਇਸੇ ਨਾਮ ਨਾਲ਼ ਬੁਲਾਇਆ ਜਾਣਾ ਪਸੰਦ ਕਰਦੇ ਹਨ) ਪਿਛਲੇ 10 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ। ਉਹ ਹਰੇਕ ਡੰਡੇ ਦੀ ਜਾਂਚ ਕਰਦੇ ਹਨ। ਫਿਰ ਨੁਕਸਾਨੇ ਗਏ ਡੰਡਿਆਂ ਨੂੰ ਅਲੱਗ ਕਰਕੇ ਵਪਾਰੀ ਨੂੰ ਵਾਪਸੀ ਪਾ ਦਿੱਤੀ ਜਾਂਦੀ ਹੈ। "ਸੁੱਕਣ ਤੋਂ ਬਾਅਦ, ਅਸੀਂ ਉਨ੍ਹਾਂ ਨੂੰ ਦੋਬਾਰਾ ਆਰਾ ਮਿੱਲ ਵਾਲ਼ਿਆਂ ਕੋਲ਼ ਭੇਜ ਦਿਆਂਗੇ। ਉਹ ਮੁੜ ਇਨ੍ਹਾਂ ਨੂੰ ਬਰਾਬਰ ਟੁਕੜਿਆਂ ਵਿੱਚ ਕੱਟ ਦਿੰਦੇ ਹਨ। ਇਹ ਛੋਟੇ ਟੁਕੜੇ ਡੰਡਿਆਂ ਦੇ ਵਿਚਾਲੇ ਲਾਉਣ ਦੇ ਕੰਮ ਆਉਂਦੇ ਹਨ ਤਾਂਕਿ ਇਨ੍ਹਾਂ ਦਾ ਲੈਵਲ ਠੀਕ ਰਹੇ ਤੇ ਮੁੜਨ ਤੋਂ ਬਚਾਈ ਰੱਖਿਆ ਜਾ ਸਕੇ," ਉਹ ਕਹਿੰਦੇ ਹਨ।

"ਅਗਲਾ ਕੰਮ ਪਲਾਈਬੋਰਡ ਦੀ ਸਤ੍ਹਾ ਨੂੰ ਤਿਆਰ ਕਰਨਾ ਹੈ ਜਿਸ 'ਤੇ ਇਹ ਖੇਡ ਖੇਡੀ ਜਾਂਦੀ ਹੈ। ਇਸ ਪਲਾਈਬੋਰਡ ਨੂੰ ਫਰੇਮ ਤੋਂ ਦੋ ਸੈਂਟੀਮੀਟਰ ਹੇਠਾਂ ਲਗਾਇਆ ਜਾਂਦਾ ਹੈ ਜਿਸ 'ਤੇ ਖਿਡਾਰੀ ਆਪਣੇ ਗੁੱਟ ਅਤੇ ਤਲ਼ੀਆਂ ਟਿਕਾਉਂਦੇ ਹਨ। ਇਹ ਫਰੇਮ ਉਨ੍ਹਾਂ ਸੀਮਾਵਾਂ ਵਰਗੇ ਹਨ ਜੋ ਕੌਇਨ ਨੂੰ ਇੱਕ ਪਾਸਿਓਂ ਦੂਜੇ ਪਾਸੇ ਫਿਸਲਣ ਦੌਰਾਨ ਕੈਰਮ ਤੋਂ ਬਾਹਰ ਡਿੱਗਣ ਤੋਂ ਰੋਕਦੀਆਂ ਹਨ," ਕਰਨ ਖੋਲ੍ਹ ਕੇ ਦੱਸਦੇ ਹਨ। ਉਹ ਅੱਗੇ ਕਹਿੰਦੇ ਹਨ,"ਬੋਰਡ ਬਣਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ, ਪਰ ਇਸ ਨੂੰ ਇੰਝ ਚੀਕਣਾ ਤੇ ਸਮਤਲ ਬਣਾਉਣਾ ਕਿ ਗੀਟੀਆਂ ਬੇਰੋਕ ਇੱਧਰ-ਓਧਰ ਫਿਸਲ ਸਕਣ, ਜ਼ਰੂਰ ਹੀ ਮੁਸ਼ਕਲ ਕੰਮ ਹੈ।''

ਇਸ ਫ਼ੈਕਟਰੀ ਦੇ ਮਾਲਕ 67 ਸਾਲਾ ਸੁਨੀਲ ਸ਼ਰਮਾ ਕਹਿੰਦੇ ਹਨ,"ਕੈਰਮ ਦੇ ਪਲੇਇੰਗ ਸਰਫੇਸ ਦਾ ਮਿਆਰੀ ਆਕਾਰ 29x29 ਇੰਚ ਹੁੰਦਾ ਹੈ ਅਤੇ ਫਰੇਮ ਸਣੇ ਬੋਰਡ ਲਗਭਗ 32x32 ਇੰਚ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਅਧਿਕਾਰਤ ਮੁਕਾਬਲਿਆਂ ਲਈ ਕੀਤੀ ਜਾਂਦੀ ਹੈ। ਪਰ ਅਸੀਂ ਆਰਡਰ ਦੇ ਹਿਸਾਬ ਨਾਲ਼ ਬੋਰਡ ਬਣਾਉਂਦੇ ਹਾਂ, ਜੋ 20x20 ਇੰਚ ਤੋਂ ਲੈ ਕੇ 48x48 ਇੰਚ ਤੱਕ ਹੋ ਸਕਦੇ ਹਨ, ਜੋ ਜ਼ਿਆਦਾਤਰ ਬੱਚਿਆਂ ਦੁਆਰਾ ਵਰਤੇ ਜਾਂਦੇ ਹਨ। ਕੈਰਮ ਬੋਰਡ ਬਣਾਉਣ ਲਈ ਚਾਰ ਮੁੱਖ ਚੀਜ਼ਾਂ ਦੀ ਲੋੜ ਹੁੰਦੀ ਹੈ।" ਉਹ ਗੱਲ ਜਾਰੀ ਰੱਖਦੇ ਹਨ,"ਬਬੂਲ ਰੁੱਖ ਦਾ ਫਰੇਮ; ਪਲੇਇੰਗ ਸਰਫੇਸ ਬਣਾਉਣ ਲਈ ਪਲਾਈਬੋਰਡ; ਸਾਗਵਾਨ ਜਾਂ ਯੂਕੈਲਿਪਟਸ  (ਸਫੇਦੇ) ਦੀ ਲੱਕੜ ਦਾ ਬਣਿਆ ਇੱਕ ਬੈਕ ਸਪੋਰਟ (ਚਾਕਰੀ) ਜੋ ਪਲਾਈਬੋਰਡ ਨੂੰ ਆਪਣੀ ਥਾਂ ਟਿਕਾਈ ਰੱਖਦਾ ਹੈ; ਅਤੇ ਦੱਸਦੇ ਹਨ। ਹਾਲਾਂਕਿ, ਉਨ੍ਹਾਂ ਦੇ ਕੁਝ ਸਪਲਾਇਰ ਦੂਜੇ ਰਾਜਾਂ ਤੋਂ ਵੀ ਆਪਣਾ ਮਾਲ ਮੰਗਵਾਉਂਦੇ ਹਨ।

"1987 ਵਿੱਚ, ਦੋ ਮਾਹਰ ਕੈਰਮ ਨਿਰਮਾਤਾਵਾਂ, ਗੰਗਾ ਵੀਰ ਅਤੇ ਸਰਦਾਰ ਜਿਤੇਂਦਰ ਸਿੰਘ ਨੇ ਮੈਨੂੰ ਇਸ ਕਲਾ ਦੀਆਂ ਬਾਰੀਕੀਆਂ ਸਿਖਾਈਆਂ। ਇਸ ਤੋਂ ਪਹਿਲਾਂ ਅਸੀਂ ਬੈਡਮਿੰਟਨ ਰੈਕੇਟ ਅਤੇ ਕ੍ਰਿਕਟ ਬੈਟ ਬਣਾਉਂਦੇ ਸੀ।

ਸ਼ਰਮਾ ਆਪਣੇ ਇੱਕ ਕਮਰੇ ਦੇ ਦਫ਼ਤਰੋਂ ਬਾਹਰ ਨਿਕਲ਼ ਕੇ ਵਰਕਸ਼ਾਪ ਦੇ ਮੁੱਖ ਦਰਵਾਜੇ ਤੱਕ ਜਾਂਦੇ ਹਨ ਜਿੱਥੇ ਕਾਰੀਗਰ ਡੰਡਿਆਂ ਦੀ ਢੇਰੀ ਨੂੰ ਕਰੀਨੇ ਨਾਲ਼ ਟਿਕਾ ਰਹੇ ਹਨ। ''ਅਸੀਂ ਕੈਰਮ ਬੋਰਡ ਨੂੰ 30-40 ਇਕਾਈਆਂ ਦੀ ਖੇਪ ਵਿੱਚ ਬਣਾਉਂਦੇ ਹਾਂ। ਇੱਕ ਖੇਪ ਤਿਆਰ ਕਰਨ ਲਈ 4-5 ਦਿਨ ਲੱਗਦੇ ਹਨ। ਫਿਲਹਾਲ ਸਾਨੂੰ ਦਿੱਲੀ ਦੇ ਇੱਕ ਵਪਾਰੀ ਵੱਲੋਂ 250 ਐਕਸਪੋਰਟ ਪੀਸ ਬਣਾਉਣ ਦਾ ਆਰਡਰ ਮਿਲ਼ਿਆ ਹੈ। ਹਾਲ਼ ਦੀ ਘੜੀ ਅਸੀਂ ਪੂਰੇ ਆਰਡਰ ਵਿੱਚੋਂ 160 ਬੋਰਡ ਬਣਾ ਕੇ ਪੈਕ ਕਰ ਦਿੱਤੇ ਹਨ,'' ਉਹ ਕਹਿੰਦੇ ਹਨ।

PHOTO • Shruti Sharma
PHOTO • Shruti Sharma

ਖੱਬੇ: ਕਾਰਖ਼ਾਨੇ ਦੇ ਮਾਲਿਕ, ਸੁਨੀਲ ਸ਼ਰਮਾ ਇੱਕ ਮੁਕੰਮਲ ਕੈਰਮ ਬੋਰਡ ਦੇ ਨਾਲ਼। ਸੱਜੇ: ਤਿਆਰ ਹੋਣ ਦੇ ਅੱਡੋ-ਅੱਡ ਪੜਾਅ ਦੌਰਾਨ ਕੈਰਮ ਬੋਰਡ

ਸਾਲ 2022 ਤੋਂ ਲੈ ਕੇ ਹੁਣ ਤੱਕ ਭਾਰਤ ਦੇ ਕੈਰਮ ਬੋਰਡ ਦੁਨੀਆ ਭਰ ਦੇ 75 ਦੇਸ਼ਾਂ-ਪ੍ਰਦੇਸ਼ਾਂ ਨੂੰ ਨਿਰਯਾਤ ਕੀਤੇ ਜਾ ਚੁੱਕੇ ਹਨ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਐਕਸਪੋਰਟ ਇੰਪੋਰਟ ਡਾਟਾ ਬੈਂਕ ਮੁਤਾਬਕ ਅਪ੍ਰੈਲ 2022 ਤੋਂ ਜਨਵਰੀ 2024 ਦੇ ਵਿਚਕਾਰ ਕੁੱਲ 39 ਕਰੋੜ ਰੁਪਏ ਦਾ ਨਿਰਯਾਤ ਹੋਇਆ। ਆਰਡਰਾਂ ਦੇ ਮਾਮਲੇ ਵਿੱਚ ਜ਼ਿਆਦਾ ਮੁਨਾਫਾ ਅਮਰੀਕਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਯੂਕੇ, ਕੈਨੇਡਾ, ਆਸਟਰੇਲੀਆ, ਯਮਨ, ਨੇਪਾਲ, ਬੈਲਜੀਅਮ, ਨੀਦਰਲੈਂਡ ਅਤੇ ਕਤਰ ਜਿਹੇ ਦੇਸ਼ਾਂ ਤੋਂ ਹੁੰਦਾ ਹੈ।

ਨਿਰਯਾਤ ਤੋਂ ਹੋਣ ਵਾਲ਼ੀ ਇਹ ਆਮਦਨੀ ਵਿਦੇਸ਼ਾਂ ਦੁਆਰਾ ਖਰੀਦੇ ਜਾਣ ਵਾਲ਼ੇ ਲਗਭਗ 10 ਲੱਖ ਬੋਰਡਾਂ ਤੋਂ ਆਉਂਦੀ ਹੈ। ਇਨ੍ਹਾਂ ਵਿੱਚ ਹਿੰਦ ਮਹਾਂਸਾਗਰ ਵਿੱਚ ਕੋਮੋਰੋਸ ਅਤੇ ਮਾਯੋਤੇ ਜਿਹੇ ਦੀਪ ਸਮੂਹ, ਪ੍ਰਸ਼ਾਂਤ ਮਹਾਂਸਾਗਰ ਵਿੱਚ ਫਿਜੀ ਆਇਲੈਂਡ (ਪ੍ਰਾਇਦੀਪ) ਅਤੇ ਕੈਰੇਬੀਅਨ ਸਾਗਰ ਵਿੱਚ ਜਮੈਕਾ ਅਤੇ ਸੇਂਟ ਵਿਨਸੈਂਟ ਵੀ ਸ਼ਾਮਲ ਹਨ।

ਸੰਯੁਕਤ ਅਰਬ ਅਮੀਰਾਤ ਕੈਰਮ ਬੋਰਡ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ, ਇਸ ਤੋਂ ਬਾਅਦ ਨੇਪਾਲ, ਮਲੇਸ਼ੀਆ, ਸਾਊਦੀ ਅਰਬ ਅਤੇ ਯਮਨ ਆਉਂਦੇ ਹਨ।

ਕੈਰਮ ਬੋਰਡ ਦੀ ਘਰੇਲੂ ਵਿਕਰੀ ਬਾਰੇ ਕੋਈ ਅੰਕੜੇ ਉਪਲਬਧ ਨਹੀਂ ਹਨ। ਜੇ ਇਹ ਲੇਖਾ-ਜੋਖਾ ਉਪਲਬਧ ਹੁੰਦਾ ਤਾਂ ਨਿਸ਼ਚਤ ਤੌਰ 'ਤੇ ਸ਼ਾਨਦਾਰ ਹੁੰਦਾ।

"ਕੋਵਿਡ -19 ਦੌਰਾਨ ਸਾਡੇ ਕੋਲ਼ ਦੇਸ਼ ਅੰਦਰ ਬਹੁਤ ਮੰਗ ਰਹੀ ਕਿਉਂਕਿ ਉਸ ਸਮੇਂ ਹਰ ਕੋਈ ਘਰ ਵਿੱਚ ਬੰਦ ਸੀ। ਲੋਕਾਂ ਨੂੰ ਆਪਣੀ ਬੋਰੀਅਤ ਤੋਂ ਛੁਟਕਾਰਾ ਪਾਉਣ ਲਈ ਕਿਸੇ ਨਾ ਕਿਸੇ ਚੀਜ਼ ਦੀ ਲੋੜ ਸੀ," ਸੁਨੀਲ ਸ਼ਰਮਾ ਕਹਿੰਦੇ ਹਨ,"ਬਾਕੀ ਮੈਂ ਦੇਖਿਆ ਹੈ ਰਮਜ਼ਾਨ ਦੇ ਮਹੀਨੇ ਤੋਂ ਠੀਕ ਪਹਿਲਾਂ ਖਾੜੀ ਦੇਸ਼ਾਂ ਵੱਲੋਂ ਮੰਗ ਕਾਫੀ ਵੱਧ ਜਾਂਦੀ ਹੈ।''

"ਮੈਂ ਆਪ ਵੀ ਬਹੁਤ ਕੈਰਮ ਖੇਡਿਆ ਹੈ। ਪਹਿਲਾਂ ਦੇ ਵੇਲ਼ਿਆਂ ਵਿੱਚ ਇਹ ਮਸ਼ਹੂਰ ਖੇਡ ਹੋਇਆ ਕਰਦੀ ਸੀ," ਸ਼ਰਮਾ ਕਹਿੰਦੇ ਹਨ। "ਪਰ...ਇਸ ਤੋਂ ਇਲਾਵਾ ਅਧਿਕਾਰਕ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਟੂਰਨਾਮੈਂਟ ਵੀ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਹੋਰ ਮੈਚਾਂ ਵਾਂਗ ਸਿੱਧਾ ਪ੍ਰਸਾਰਣ ਨਹੀਂ ਕੀਤਾ ਜਾਂਦਾ," ਉਹ ਕਹਿੰਦੇ ਹਨ।

PHOTO • Shruti Sharma

ਫ਼ੈਕਟਰੀ ਦੇ ਅੰਦਰ ਕੈਰਮ ਬੋਰਡ ਬਣਾਉਣ ਦਾ ਕੰਮ ਜਾਰੀ ਹੈ

'ਅਸੀਂ ਇੱਕੋ ਸਮੇਂ 30-40 ਦੀਆਂ ਖੇਪਾਂ ਵਿੱਚ ਕੈਰਮ ਬੋਰਡ ਬਣਾਉਂਦੇ ਹਾਂ। ਇਸ ਵਿੱਚ 4-5 ਦਿਨ ਲੱਗਦੇ ਹਨ। ਇਸ ਸਮੇਂ ਦਿੱਲੀ ਦੇ ਇੱਕ ਵਪਾਰੀ ਤੋਂ ਸਾਨੂੰ 240 ਐਕਸਪੋਰਟ ਪੀਸਾਂ ਦਾ ਆਰਡਰ ਮਿਲ਼ਿਆ ਹੈ। ਹਾਲ਼ ਦੀ ਘੜੀ ਅਸੀਂ 160 ਪੀਸ ਤਿਆਰ ਕਰਕੇ ਪੈਕ ਵੀ ਕਰ ਚੁੱਕੇ ਹਾਂ,' ਸੁਨੀਲ ਸ਼ਰਮਾ ਕਹਿੰਦੇ ਹਨ

ਭਾਰਤ ਵਿੱਚ ਕੈਰਮ ਨਾਲ਼ ਸਬੰਧਤ ਰਸਮੀ ਗਤੀਵਿਧੀਆਂ ਨੂੰ ਆਲ਼ ਇੰਡੀਆ ਕੈਰਮ ਫੈਡਰੇਸ਼ਨ (ਏ.ਆਈ.ਸੀ.ਐੱਫ.) ਦੁਆਰਾ ਆਪਣੇ ਸਬੰਧਤ ਰਾਜ ਅਤੇ ਜ਼ਿਲ੍ਹਾ ਐਸੋਸੀਏਸ਼ਨਾਂ ਰਾਹੀਂ ਨਿਯਮਤ ਕਰਨ ਦੇ ਨਾਲ਼ ਨਿਗਰਾਨੀ ਹੇਠ ਲਿਆਂਦਾ ਜਾਂਦਾ ਹੈ। 1956 ਵਿੱਚ ਸਥਾਪਿਤ ਅਤੇ ਚੇਨੱਈ ਅਧਾਰਤ, ਏਆਈਸੀਐੱਫ ਅੰਤਰਰਾਸ਼ਟਰੀ ਕੈਰਮ ਫੈਡਰੇਸ਼ਨ ਅਤੇ ਏਸ਼ੀਅਨ ਕੈਰਮ ਕਨਫੈਡਰੇਸ਼ਨ ਨਾਲ਼ ਜੁੜਿਆ ਹੋਇਆ ਹੈ। ਏ.ਆਈ.ਸੀ.ਐੱਫ. ਸਾਰੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਲਈ ਭਾਰਤੀ ਟੀਮ ਨੂੰ ਤਿਆਰ ਕਰਦਾ ਹੈ ਅਤੇ ਨਿਯੁਕਤ ਕਰਦਾ ਹੈ।

ਹਾਲਾਂਕਿ ਹੋਰ ਖੇਡਾਂ ਵਾਂਗ ਕੈਰਮ ਦੀ ਆਲਮੀ ਪੱਧਰ ਦੀ ਰੈਂਕਿੰਗ ਢੁਕਵੇਂ ਤਰੀਕੇ ਨਾਲ਼ ਯੋਜਨਾਬੱਧ ਤੇ ਸਪੱਸ਼ਟ ਨਹੀਂ ਹੈ। ਭਾਰਤ ਨਿਸ਼ਚਤ ਤੌਰ 'ਤੇ ਕੈਰਮ ਖੇਡਣ ਵਾਲ਼ੇ ਚੋਟੀ ਦੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਦੀ ਰਸ਼ਮੀ ਕੁਮਾਰੀ ਮਹਿਲਾ ਕੈਰਮ ਦੀ ਵਿਸ਼ਵ ਚੈਂਪੀਅਨ ਹੋਣ ਕਾਰਨ ਇੱਕ ਮੰਨਿਆ-ਪ੍ਰਮੰਨਿਆ ਨਾਮ ਹੈ। ਇਸ ਤੋਂ ਇਲਾਵਾ ਚੇਨੱਈ ਦੇ 68 ਸਾਲਾ ਏ. ਮਾਰਿਆ ਇਰੂਦਯਮ ਵੀ ਹਨ ਜੋ ਦੋ ਵਾਰੀਂ ਵਰਲਡ ਕੈਰਮ ਚੈਂਪੀਅਨ ਤੇ ਨੌਂ ਵਾਰੀਂ ਰਾਸ਼ਟਰੀ ਚੈਂਪੀਅਨ ਰਹਿ ਚੁੱਕੇ ਹਨ। ਇਰੂਦਯਮ ਭਾਰਤ ਦੇ ਇਕਲੌਤੇ ਖਿਡਾਰੀ ਰਹੇ ਹਨ ਜਿਨ੍ਹਾਂ ਨੂੰ ਕੈਰਮ ਲਈ ਅਰਜੁਨ ਪੁਰਸਕਾਰ ਮਿਲ਼ ਚੁੱਕਿਆ ਹੈ। ਇਹ ਇੱਕ ਚੌਥਾਈ ਸਦੀ ਤੋਂ ਵੀ ਉਪਰ- 1996 ਦੀ ਗੱਲ ਹੈ। ਅਰਜੁਨ ਪੁਰਸਕਾਰ ਜੋ ਕਿ ਭਾਰਤ ਦਾ ਦੂਜਾ ਸਰਵੋਤਮ ਖੇਡ ਪੁਰਸਕਾਰ ਹੈ ਤੇ ਹਰੇਕ ਸਾਲ ਦਿੱਤਾ ਜਾਂਦਾ ਹੈ।

*****

ਫ਼ੈਕਟਰੀ ਦੇ ਫਰਸ਼ 'ਤੇ ਪੈਰਾਂ ਭਾਰ ਬੈਠੇ ਕਰਨ ਦੇ ਐਨ ਨਾਲ਼ ਕਰਕੇ ਚਾਰ ਡੰਡੇ ਪਏ ਹਨ, ਜਿਨ੍ਹਾਂ ਨੂੰ ਉਹ ਵਾਰੋ-ਵਾਰੀ ਆਪਣੇ ਪੈਰ ਦੀ ਕੜਿੰਗੜੀ ਵਿੱਚ ਫਸਾਈ ਉਹਦੇ ਤਿਰਛੇ ਸਿਰਿਆਂ ਨੂੰ ਆਪਸ ਵਿੱਚ ਜੋੜਨ ਲਈ ਕਿੱਲ ਠੋਕ ਰਹੇ ਹਨ ਤਾਂ ਜੋ ਚੌਰਸ ਫਰੇਮ ਤਿਆਰ ਹੋ ਜਾਵੇ। ਚਾਰੇ ਕੋਣਿਆਂ ਨੂੰ ਜੋੜਨ ਲਈ ਉਹ ਅੱਠ ਘੁਮਾਓਦਾਰ ਮੇਖਾਂ (ਪੇਚ) ਠੋਕਦੇ ਹਨ ਜਿਹਨੂੰ ਸਥਾਨਕ ਭਾਸ਼ਾ ਵਿੱਚ ਕੰਘੀ ਕਿਹਾ ਜਾਂਦਾ ਹੈ। '' ਕੀਲ ਸੇ ਬਿਹਤਰ ਜੁਆਇਨ ਕਰਤੀ ਹੈ ਕੰਘੀ, '' ਕਰਨ ਕਹਿੰਦੇ ਹਨ।

ਇੱਕ ਵਾਰ ਫਰੇਮ ਤਿਆਰ ਹੋਣ ਤੋਂ ਬਾਅਦ, 50 ਸਾਲਾ ਅਮਰਜੀਤ ਸਿੰਘ ਰੇਤੀ ਨਾਲ਼ ਉਹਦੇ ਕਿਨਾਰਿਆਂ ਨੂੰ ਗੋਲ਼ਾਈ ਦਿੰਦੇ ਹਨ। "ਮੈਂ ਡੇਅਰੀ ਦੇ ਕਾਰੋਬਾਰ ਵਿੱਚ ਸੀ ਪਰ ਮੈਨੂੰ ਘਾਟਾ ਹੋ ਗਿਆ, ਇਸ ਲਈ ਮੈਂ ਤਿੰਨ ਸਾਲ ਪਹਿਲਾਂ ਇੱਥੇ ਕੈਰਮ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ," ਉਹ ਕਹਿੰਦੇ ਹਨ।

ਆਰਾ ਮਿੱਲ ਵਿੱਚ ਸਟੈਪ-ਕਟ ਤੋਂ ਬਾਅਦ ਫਰੇਮ ਦੀ ਸਤ੍ਹਾ ਅਜੇ ਵੀ ਥੋੜ੍ਹੀ ਊਬੜ-ਖਾਬੜ ਹੀ ਹੈ। ਅਮਰਜੀਤ ਲੋਹੇ ਦੀ ਪੱਤੀ ਨਾਲ਼ ਪੂਰੀ ਸਤ੍ਹਾ 'ਤੇ ਮਰੰਮਤ ਲਗਾਉਂਦੇ ਹਨ ਜੋ ਚਾਕ ਮਿੱਟੀ (ਚਾਕ ਪਾਊਡਰ) ਤੇ ਲੱਕੜ ਨੂੰ ਚਿਪਕਾਉਣ ਵਾਲ਼ਾ ਪਦਾਰਥ, ਜਿਹਨੂੰ ਮੋਵੀਕੋਲ ਕਹਿੰਦੇ ਹਨ, ਦੇ ਰਲ਼ੇਵੇਂ ਤੋਂ ਬਣਿਆ ਗੂੜ੍ਹਾ ਪੀਲ਼ਾ ਪੇਸਟਨੁਮਾ ਮਿਸ਼ਰਣ ਹੁੰਦਾ ਹੈ।

"ਇਹ ਲੱਕੜ ਦੀਆਂ ਊਬੜ-ਖਾਬੜ ਸਤ੍ਹਾ ਦੀਆਂ ਬਾਰੀਕ ਤੋਂ ਬਾਰੀਕ ਵਿੱਥਾਂ ਨੂੰ ਭਰ ਦਿੰਦੀ ਹੈ ਅਤੇ ਸਤ੍ਹਾ ਨੂੰ ਚੀਕਣਾ ਅਤੇ ਪੱਧਰਾ ਬਣਾਉਂਦੀ ਹੈ," ਉਹ ਦੱਸਦੇ ਹਨ, "ਇਸ ਪੇਸਟ ਨੂੰ ਬਾਰੂਦੇ ਕੀ ਮੁਰੰਮਤ ਕਿਹਾ ਜਾਂਦਾ ਹੈ। ਜਦੋਂ ਪੇਸਟ ਚੰਗੀ ਤਰ੍ਹਾਂ ਸੁੱਕ ਜਾਂਦੀ ਹੈ ਤਾਂ ਸਿਰਫ਼ ਉਸ ਸਟੈਪ 'ਤੇ ਜਿਸ 'ਤੇ ਪਲਾਈਬੋਰਡ ਪਲੇਇੰਗ ਸਰਫੇਸ ਬਣਾਇਆ ਜਾਂਦਾ ਹੈ, ਕਾਲੀ ਮੁਰੰਮਤ ਲਾਈ ਜਾਂਦੀ ਹੈ।

PHOTO • Shruti Sharma
PHOTO • Shruti Sharma

ਕਰਨ ਆਪਣੇ ਪੈਰਾਂ ਦੀ ਕੁੜਿੰਗੜੀ ਮਾਰ ਕੇ ਚਾਰ ਡੰਡਿਆਂ ਨੂੰ ਫੜ੍ਹ ਕੇ ਉਹਦੇ ਤਿਰਛੇ ਸਿਰਿਆਂ (ਖੱਬੇ) ਨੂੰ ਆਪਸ ਵਿੱਚ ਜੋੜਨ ਲਈ ਕਿੱਲ ਠੋਕਦੇ ਹਨ ਤਾਂ ਜੋ ਚੌਰਸ ਫਰੇਮ ਤਿਆਰ ਹੋ ਜਾਵੇ। ਫਿਰ ਉਹ ਚਾਰੇ ਕੋਣਿਆਂ (ਸੱਜੇ) ਨੂੰ ਜੋੜਨ ਲਈ ਉਹ ਅੱਠ ਘੁਮਾਓਦਾਰ ਮੇਖਾਂ (ਪੇਚ) ਠੋਕਦੇ ਹਨ

PHOTO • Shruti Sharma
PHOTO • Shruti Sharma

ਇੱਕ ਵਾਰ ਜਦੋਂ ਫਰੇਮ ਤਿਆਰ ਹੋ ਜਾਂਦਾ ਹੈ, ਅਮਰਜੀਤ ਸਿੰਘ ਰੇਤੀ ਦੀ ਮਦਦ ਨਾਲ਼ ਉਨ੍ਹਾਂ ਦੇ ਕਿਨਾਰਿਆਂ ਨੂੰ ਗੋਲ਼ ਕਰਦੇ ਹਨ ਅਤੇ ਫਿਰ ਫਰੇਮ ਦੀ ਸਤ੍ਹਾ 'ਤੇ ਗੂੜ੍ਹੇ ਪੀਲੇ ਰੰਗ ਦੀ ਮੁਰੰਮਤ ਮਾਰਦੇ ਹਨ, ਜੋ ਕਿ ਚਾਕ ਮਿੱਟੀ ਅਤੇ ਲੱਕੜ ਨੂੰ ਮਿਲਾ ਕੇ ਬਣਦੀ ਹੈ ਜਿਸ ਨੂੰ ਮੋਵੀਕੋਲ਼ ਕਿਹਾ ਜਾਂਦਾ ਹੈ, ਲੋਹੇ ਦੀ ਪੱਤੀ ਦੀ ਸਹਾਇਤਾ ਨਾਲ਼ ਫਰੇਮ ਦੀ ਪੂਰੀ ਸਤ੍ਹਾ 'ਤੇ ਲਗਾਉਂਦੇ ਹਨ

ਫਿਰ ਬੋਰਡ ਦੀਆਂ ਅੰਦਰੂਨੀ ਕੰਧਾਂ 'ਤੇ ਤੇਜ਼ੀ ਨਾਲ਼ ਸੁੱਕਣ ਵਾਲ਼ੀ, ਪਾਣੀ-ਪ੍ਰਤੀਰੋਧਕ, ਕਾਲ਼ੇ ਡੁਕੋ ਪੇਂਟ ਦੀ ਇੱਕ ਪਰਤ ਲਗਾਈ ਜਾਂਦੀ ਹੈ ਅਤੇ ਪਰਤ ਸੁੱਕਣ ਤੋਂ ਬਾਅਦ, ਇਸ ਨੂੰ ਰੇਗਮਾਰ [ਸੈਂਡਪੇਪਰ] ਦੀ ਸਹਾਇਤਾ ਨਾਲ਼ ਚੀਕਣਾ ਬਣਾਇਆ ਜਾਂਦਾ ਹੈ। "ਫਰੇਮ ਵਿੱਚ ਫਿੱਟ ਹੋਣ ਤੋਂ ਬਾਅਦ ਪਲਾਈਬੋਰਡ ਚੰਗੀ ਤਰ੍ਹਾਂ ਨਾਲ਼ ਘਿਰ ਚੁੱਕਿਆ ਹੁੰਦਾ ਹੈ। ਇਸ ਲਈ ਇਸ ਨੂੰ ਪਹਿਲਾਂ ਤਿਆਰ ਕਰ ਲਿਆ ਜਾਂਦਾ ਹੈ," ਅਮਰਜੀਤ ਕਹਿੰਦੇ ਹਨ।

"ਅਸੀਂ ਇੱਥੇ ਪੰਜ ਕਾਰੀਗਰ ਹਾਂ ਅਤੇ ਅਸੀਂ ਸਾਰੇ ਹੀ ਆਪੋ-ਆਪਣੇ ਕੰਮ ਦੇ ਮਾਹਰ ਹਾਂ," 55 ਸਾਲਾ ਧਰਮਪਾਲ ਕਹਿੰਦੇ ਹਨ। ਉਹ ਪਿਛਲੇ 35 ਸਾਲਾਂ ਤੋਂ ਇਸ ਫ਼ੈਕਟਰੀ ਵਿੱਚ ਕੰਮ ਕਰ ਰਹੇ ਹਨ।

"ਸਾਨੂੰ ਜਦੋਂ ਕੋਈ ਵੀ ਆਰਡਰ ਮਿਲ਼ਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਪਲਾਈਬੋਰਡ ਦੀ ਪਲੇਇੰਗ ਸਰਫੇਸ ਨੂੰ ਤਿਆਰ ਕਰਦੇ ਹਾਂ," ਮਦਨ ਤੇ ਕਰਨ ਨਾਲ਼ ਤਿਆਰ ਪਲੇਇੰਗ ਸਰਫੇਸ ਨੂੰ ਕੱਢਦਿਆਂ ਧਰਮਪਾਲ ਕਹਿੰਦੇ ਹਨ। ਇਨ੍ਹਾਂ ਤਿਆਰ ਪਲਾਈਬੋਰਡਾਂ ਨੂੰ ਹੁਣ ਫਰੇਮਾਂ ਵਿੱਚ ਫਿੱਟ ਕੀਤਾ ਜਾਣਾ ਹੈ। "ਅਸੀਂ ਸਤ੍ਹਾ ਦੀਆਂ ਵਿੱਥਾਂ ਤੇ ਤਰੇੜਾਂ ਨੂੰ ਬੰਦ ਕਰਨ ਲਈ ਉਸ 'ਤੇ ਸੀਲਰ ਲਗਾਵਾਂਗੇ ਜੋ ਇਸ ਨੂੰ ਪਾਣੀ-ਪ੍ਰਤੀਰੋਧੀ ਵੀ ਬਣਾਵੇਗਾ। ਫਿਰ ਸੈਂਡਪੇਪਰ ਦੀ ਮਦਦ ਨਾਲ਼ ਸਤ੍ਹਾ ਨੂੰ ਚੀਕਣਾ ਬਣਾਇਆ ਜਾਵੇਗਾ, "ਉਹ ਵਿਸਥਾਰ ਨਾਲ਼ ਦੱਸਦੇ ਹਨ।

"ਪਲਾਈਬੋਰਡ ਦੀ ਸਤ੍ਹਾ ਬਹੁਤ ਖੁਰਦਰੀ ਹੁੰਦੀ ਹੈ ਅਤੇ ਕੈਰਮ ਬੋਰਡ ਦੀ ਸਭ ਤੋਂ ਵੱਡੀ ਖੂਬੀ ਹੀ ਇਹ ਮੰਨੀ ਜਾਂਦੀ ਹੈ ਕਿ ਉਹਦਾ ਪਲੇਇੰਗ ਸਰਫੇਸ ਕਿੰਨਾ ਕੁ ਚੀਕਣਾ ਹੈ। ਕੈਰਮ ਦੇ ਕੌਇਨ ਨੂੰ ਉਹਦੀ ਸਤ੍ਹਾ 'ਤੇ ਇੱਧਰ-ਉੱਧਰ ਫਿਸਲਣ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ," ਸ਼ਰਮਾ ਆਪਣੀ ਛੋਟੀ ਉਂਗਲ ਨੂੰ ਮੱਥੇ 'ਤੇ ਇੰਝ ਘੁਮਾਉਂਦੇ ਹਨ ਜਿਵੇਂ ਕੌਇਨ ਦੇ ਤਿਲਕਣ ਦੀ ਨਕਲ਼ ਕਰਦੇ ਹੋਣ। "ਆਮ ਤੌਰ 'ਤੇ ਅਸੀਂ ਮੈਂਗੋ ਫੇਸ ਪਲਾਈਬੋਰਡ ਜਾਂ ਮੱਕੀ ਟ੍ਰੀ ਫੇਸ ਪਲਾਈਬੋਰਡ ਦਾ ਇਸਤੇਮਾਲ ਕਰਦੇ ਹਾਂ ਜਿਨ੍ਹਾਂ ਨੂੰ ਸਥਾਨਕ ਵਪਾਰੀ ਕੋਲ਼ਕਾਤਾ ਤੋਂ ਮੰਗਵਾਉਂਦੇ ਹਨ," ਉਹ ਅੱਗੇ ਕਹਿੰਦੇ ਹਨ।

"ਜਦੋਂ ਅਸੀਂ 1987 ਵਿੱਚ ਸ਼ੁਰੂਆਤ ਕੀਤੀ ਸੀ ਤਾਂ ਅਸੀਂ ਪਲੇਇੰਗ ਸਰਫੇਸ 'ਤੇ ਰੰਗਾਂ ਨਾਲ਼ ਨਿਸ਼ਾਨਦੇਹੀ ਕਰਦੇ ਸੀ। ਇਹ ਕੰਮ ਬਹੁਤ ਸਾਫ਼-ਸੁਥਰੇ ਢੰਗ ਨਾਲ਼ ਕਰਨਾ ਪੈਂਦਾ ਸੀ ਅਤੇ ਇਸ ਵਿੱਚ ਬਹੁਤ ਸਮਾਂ ਲੱਗਦਾ ਸੀ। ਉਸ ਸਮੇਂ, ਚਿੱਤਰਕਾਰ ਕਾਰੀਗਰਾਂ ਦੀ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਹੁੰਦਾ ਸੀ," ਸੁਨੀਲ ਯਾਦ ਕਰਦੇ ਹਨ। "ਪਰ ਹੁਣ ਅਸੀਂ ਇੱਕੋ ਵਾਰੀਂ ਇੱਕ ਤੋਂ ਬਾਅਦ ਦੂਜੇ ਪਲੇਇੰਗ ਸਰਫੇਸ ਨੂੰ  ਸਕ੍ਰੀਨ ਪ੍ਰਿੰਟ ਕਰ ਸਕਦੇ ਹਾਂ ਅਤੇ ਇਸ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ," ਉਹ ਫ਼ੈਕਟਰੀ ਦੀਆਂ ਉੱਚੀਆਂ ਕੰਧਾਂ 'ਤੇ ਲਮਕਦੀਆਂ ਚੌਕਸ ਸਕ੍ਰੀਨਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। ਇਸ ਦਾ ਮਤਲਬ ਇਹ ਵੀ ਹੈ ਕਿ ਖੇਡਾਂ ਦਾ ਸਾਮਾਨ ਬਣਾਉਣ ਵਾਲ਼ੇ ਬਾਕੀ ਉਦਯੋਗਾਂ ਵਾਂਗਰ ਇੱਥੋਂ ਵੀ ਚਿੱਤਰਕਾਰਾਂ ਦੀ ਵਿਦਾਈ ਹੋ ਚੁੱਕੀ ਹੈ।

ਸਕ੍ਰੀਨ ਪ੍ਰਿੰਟਿੰਗ ਇੱਕ ਸਟੈਂਸੀਲਿੰਗ ਤਕਨੀਕ ਹੈ ਜੋ ਲੋੜੀਂਦੇ ਪੇਟਾਂ ਨੂੰ ਅੰਦਰ ਜਾਣ ਦੇਣ ਲਈ ਬਾਕੀ ਪੇਟਾਂ ਨੂੰ ਨਿਸ਼ਚਿਤ ਥਾਵਾਂ ਥਾਣੀਂ ਲੰਘਣ ਤੋਂ ਰੋਕਦੀ ਹੈ। "ਹਰੇਕ ਸਤ੍ਹਾ ਲਈ ਅਸੀਂ ਦੋ ਵੱਖ-ਵੱਖ ਸਕ੍ਰੀਨਾਂ ਦੀ ਵਰਤੋਂ ਕਰਦੇ ਹਾਂ। ਪਹਿਲਾ ਲਾਲ ਨਿਸ਼ਾਨ ਲਈ ਅਤੇ ਦੂਜਾ ਕਾਲ਼ੇ ਨਿਸ਼ਾਨ ਲਈ ਵਰਤਿਆ ਜਾਂਦਾ ਹੈ," ਧਰਮਪਾਲ ਕਹਿੰਦੇ ਹਨ। 240 ਬੋਰਡਾਂ ਦੇ ਇਸ ਆਰਡਰ ਲਈ ਸਾਰੇ ਪਲਾਈਬੋਰਡਾਂ 'ਤੇ ਮਾਰਕਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ।

PHOTO • Shruti Sharma
PHOTO • Shruti Sharma

ਖੱਬੇ: ਧਰਮ, ਮਦਨ ਅਤੇ ਕਰਨ ਸਕ੍ਰੀਨ-ਪ੍ਰਿੰਟਿੰਗ ਤੋਂ ਬਾਅਦ ਤਿਆਰ ਪਲਾਈਬੋਰਡਾਂ ਨੂੰ ਬਾਹਰ ਕੱਢਦੇ ਹਨ ਜੋ ਹੁਣ ਫਰੇਮ ਵਿੱਚ ਫਿੱਟ ਕੀਤੇ ਜਾਣੇ ਹਨ। ਸੱਜੇ: ਵੱਖ-ਵੱਖ ਆਕਾਰ ਦੇ ਕੈਰਮ ਬੋਰਡਾਂ ਲਈ ਸਕ੍ਰੀਨ

PHOTO • Shruti Sharma
PHOTO • Shruti Sharma

ਖੱਬੇ: ਸਟੀਲ ਦੇ ਭਾਂਡੇ ਅਤੇ ਗਲਾਸ ਜਿਸ ਵਿੱਚ ਕਾਰੀਗਰ ਚਾਹ ਪੀਂਦੇ ਹਨ। ਸੱਜੇ: ਰਾਜਿੰਦਰ ਅਤੇ ਅਮਰਜੀਤ ਫ਼ੈਕਟਰੀ ਦੇ ਫਰਸ਼ ਦੇ ਕੁਝ ਹਿੱਸਿਆਂ ਦੀ ਸਫਾਈ ਕਰ ਰਹੇ ਹਨ। ਇੱਥੇ ਉਹ ਇੱਕ ਪਤਲਾ ਕੰਬਲ ਫੈਲਾਉਣਗੇ ਅਤੇ ਦੁਪਹਿਰ ਦੇ ਖਾਣੇ ਦੇ ਬਰੇਕ ਦੌਰਾਨ 12-15 ਮਿੰਟ ਲਈ ਆਰਾਮ ਕਰਨਗੇ

ਦੁਪਹਿਰ ਦੇ ਇੱਕ ਵੱਜੇ ਹਨ ਅਤੇ ਕਾਰੀਗਰਾਂ ਨੂੰ ਦੁਪਹਿਰ ਦੇ ਖਾਣੇ ਦੀ ਛੁੱਟੀ ਹੋ ਚੁੱਕੀ ਹੈ। "ਇਹ ਬ੍ਰੇਕ ਇੱਕ ਘੰਟੇ ਦਾ ਹੈ। ਪਰ ਉਹ 1.30 ਵਜੇ ਹੀ ਕੰਮ 'ਤੇ ਵਾਪਸ ਆ ਜਾਂਦੇ ਹਨ ਤਾਂ ਜੋ ਉਹ ਸ਼ਾਮੀਂ ਅੱਧਾ ਘੰਟਾ ਪਹਿਲਾਂ ਭਾਵ 5.30 ਵਜੇ ਛੁੱਟੀ ਲੈ ਸਕਣ," ਫ਼ੈਕਟਰੀ ਮਾਲਕ ਸੁਨੀਲ ਸ਼ਰਮਾ ਕਹਿੰਦੇ ਹਨ।

ਕਾਰੀਗਰ ਆਪਣਾ ਲੰਚ ਪੱਲੇ ਬੰਨ੍ਹ ਲਿਆਉਂਦੇ ਹਨ ਅਤੇ ਦੁਪਹਿਰ ਦੇ ਖਾਣੇ ਦੇ ਬਰੇਕ ਦੌਰਾਨ ਉਹ ਫ਼ੈਕਟਰੀ ਦੇ ਪਿਛਲੇ ਵਿਹੜੇ ਵਿੱਚ ਖਾ ਸੁੱਕਣੇ ਪਈਆਂ ਲੱਕੜਾਂ ਵਿਚਾਲੇ ਬਹਿ ਕੇ ਫਟਾ-ਫਟਾ ਖਾ ਲੈਂਦੇ ਹਨ, ਨੇੜਿਓਂ ਹੀ ਬਦਬੂਦਾਰ ਨਾਲ਼ਾ ਵਹਿੰਦਾ ਹੈ। 50 ਸਾਲਾ ਰਾਜਿੰਦਰ ਕੁਮਾਰ ਅਤੇ ਅਮਰਜੀਤ ਫ਼ੈਕਟਰੀ ਦੇ ਫਰਸ਼  ਦੀ ਕੁਝ ਕੁ ਜਗ੍ਹਾ ਸਾਫ਼ ਕਰਦੇ ਹਨ, ਉੱਥੇ ਇੱਕ ਪਤਲਾ ਕੰਬਲ ਪਾਉਂਦੇ ਹਨ ਅਤੇ 12-15 ਮਿੰਟ ਆਰਾਮ ਕਰਦੇ ਹਨ। ਪਰ ਨੀਂਦ ਆਉਣ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਨੂੰ ਕੰਮ 'ਤੇ ਵਾਪਸ ਜਾਣਾ ਪੈਂਦਾ ਹੈ।

" ਬੱਸ ਪੀਠ ਸੀਧੀ ਕਰਨੀ ਥੀ, '' ਅਮਰਜੀਤ ਕਹਿੰਦੇ ਹਨ। ਉਹ ਜਲਦੀ ਦੇਣੀ ਆਪਣੇ-ਆਪਣੇ ਗਲਾਸ ਵਿੱਚ ਨੇੜੇ ਦੇ ਸਟਾਲ ਤੋਂ ਸਟੀਲ ਦੀ ਕੇਤਲੀ ਵਿੱਚ ਲਿਆਂਦੀ ਦੁੱਧ ਵਾਲ਼ੀ ਚਾਹ ਪੀਂਦੇ ਅਤੇ ਫਿਰ ਕੰਮ 'ਤੇ ਵਾਪਸ ਆ ਜਾਂਦੇ ਹਨ।

ਪਲਾਈਬੋਰਡ ਤਿਆਰ ਕਰਨ ਤੋਂ ਬਾਅਦ, ਅਗਲਾ ਕਦਮ ਸਾਰੀਆਂ ਪਲੇਇੰਗ ਸਰਫੇਸ 'ਤੇ ਚਾਕਰੀ ਨੂੰ ਚਿਪਕਾਉਣਾ ਹੈ। "ਇੱਕ ਚਾਕਰੀ ਪਲਾਈਬੋਰਡ ਨੂੰ ਮਗਰਲੇ ਪਾਸਿਓਂ ਮਜ਼ਬੂਤ ਕਰਦੀ ਹੈ," ਰਾਜੇਂਦਰ ਕਹਿੰਦੇ ਹਨ, ਜੋ 20 ਸਾਲਾਂ ਤੋਂ ਇਹੀ ਕੰਮ ਕਰ ਰਹੇ ਹਨ। "ਇਹ ਸਾਗਵਾਨ ਅਤੇ ਯੂਕੈਲਿਪਟਸ ਦੀ ਲੱਕੜ ਦੀਆਂ ਪਤਲੀਆਂ ਪੱਟੀਆਂ ਨੂੰ ਕਿੱਲ ਤੇ ਪੇਸਟਿੰਗ ਦੀ ਮਦਦ ਨਾਲ਼ ਇੱਕ-ਦੂਜੇ ਨੂੰ ਲੰਬੀਆਂ-ਲੇਟਵੀਂਆਂ ਰੇਖਾਵਾਂ ਨੂੰ ਆਡਾ-ਤਿਰਛਾ ਜੋੜ ਕੇ ਬਣਾਇਆ ਜਾਂਦਾ ਹੈ।

" ਇਸ ਕਾਮ ਸੇ ਪਹਿਲੇ ਮੈਂ ਦੀਵਾਰ ਕੀ ਪੁਤਾਈ ਕਰਤਾ ਥਾ ," ਉਹ ਆਪਣੀ ਪਿਛਲੀ ਜ਼ਿੰਦਗੀ ਬਾਰੇ ਦੱਸਦੇ ਹਨ।

"ਅਸੀਂ ਇਨ੍ਹਾਂ ਚਾਕਰੀਆਂ ਨੂੰ ਕੇਸਰਗੰਜ ਦੇ ਮਹਿਤਾਬ ਸਿਨੇਮਾ ਖੇਤਰ ਦੇ ਮੁਸਲਿਮ ਕਾਰੀਗਰਾਂ ਤੋਂ ਖਰੀਦਦੇ ਹਾਂ। ਮੇਰਠ ਵਿੱਚ ਅਜਿਹੇ ਕਾਰਪੇਂਟਰ ਹਨ ਜੋ ਸਿਰਫ਼ ਚਾਕਰੀਆਂ ਬਣਾਉਣ ਵਿੱਚ ਮਾਹਰ ਹਨ," ਸੁਨੀਲ ਸ਼ਰਮਾ ਕਹਿੰਦੇ ਹਨ।

PHOTO • Shruti Sharma
PHOTO • Shruti Sharma

ਖੱਬੇ: ਰਾਜਿੰਦਰ ਅਤੇ ਮਦਨ ਮੋਟੇ ਪੇਂਟ ਬਰਸ਼ ਦੀ ਮਦਦ ਨਾਲ਼ 40 ਚਾਕਰੀਆਂ  'ਤੇ ਫੇਵੀਕੋਲ਼ ਲਗਾਉਂਦੇ ਹਨ। ਸੱਜੇ: ਚਾਕਰੀਆਂ 'ਤੇ ਪ੍ਰਿੰਟ ਹੋਏ ਪਲਾਈਬੋਰਡ ਨੂੰ ਚਿਪਕਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਕੱਠਾ ਕਰਨ ਦੀ ਜ਼ਿੰਮੇਦਾਰੀ ਕਰਨ ਦੀ ਹੈ

ਰਾਜਿੰਦਰ ਮਦਨ ਦੇ ਸਾਹਮਣੇ ਉਸੇ ਜਗ੍ਹਾ 'ਤੇ ਬੈਠੇ ਹਨ ਜਿੱਥੇ ਉਹ ਕੁਝ ਸਮਾਂ ਪਹਿਲਾਂ ਤੱਕ ਆਰਾਮ ਕਰ ਰਹੇ ਸਨ। ਉਨ੍ਹਾਂ ਦੇ ਵਿਚਕਾਰ 40 ਚਾਕਰੀਆਂ  ਦਾ ਢੇਰ ਪਿਆ ਹੈ ਜਿਸ 'ਤੇ ਉਹ ਵਾਰੋ-ਵਾਰੀ ਇੱਕ ਮੋਟੇ ਪੇਂਟ ਬਰਸ਼ ਦੀ ਸਹਾਇਤਾ ਨਾਲ਼ ਫੈਵੀਕੋਲ਼ ਲਗਾਉਂਦੇ ਹਨ। ਕਰਨ, ਜੋ ਕਿ ਸਭ ਤੋਂ ਛੋਟੀ ਉਮਰ ਦਾ ਕਾਰੀਗਰ ਹੈ, ਦਾ ਕੰਮ ਚਾਕਰੀ 'ਤੇ ਪਲਾਈਬੋਰਡ ਨੂੰ ਚਿਪਕਾਉਣ ਤੋਂ ਬਾਅਦ ਚਾਕਰੀਆਂ ਨੂੰ ਚੁੱਕ ਕੇ ਜਮਾ ਕਰਨਾ ਹੈ।

"ਆਮ ਤੌਰ 'ਤੇ ਪੂਰੀ ਦਿਹਾੜੀ ਦੇ ਅਖ਼ਰੀਲੇ ਕੁਝ ਘੰਟੇ ਅਸੀਂ ਚਾਕਰੀਆਂ ਚਿਪਕਾਉਣ ਦਾ ਕੰਮ ਕਰਦੇ ਹਾਂ। ਮੈਂ ਪਲਾਈਬੋਰਡ ਨੂੰ ਇੱਕ-ਦੂਜੇ 'ਤੇ ਰੱਖਦਾ ਜਾਂਦਾ ਹਾਂ, ਫਿਰ ਅਸੀਂ ਸਭ ਤੋਂ ਉੱਪਰ ਵਾਲ਼ੇ ਪਲਾਈਬੋਰਡ 'ਤੇ ਕੋਈ ਵਜ਼ਨਦਾਰ ਚੀਜ਼ ਰੱਖ ਦਿਆਂਗੇ ਅਤੇ ਪੂਰੀ ਰਾਤ ਇੰਝ ਹੀ ਪਿਆ ਰਹਿਣ ਦਿਆਂਗੇ ਤਾਂ ਜੋ ਉਹ ਠੀਕ ਤਰ੍ਹਾਂ ਚਿਪਕ ਜਾਣ," ਕਰਨ ਦੱਸਦੇ ਹਨ।

ਸ਼ਾਮ ਦੇ 5:15 ਵੱਜੇ ਹਨ। ਸਾਰੇ ਕਾਰੀਗਰ ਆਪਣਾ ਕੰਮ ਪੂਰਾ ਕਰਨ ਦੀ ਕਾਹਲੀ ਵਿੱਚ ਹਨ। ਕਰਨ ਕਹਿੰਦੇ ਹਨ, "ਕੱਲ੍ਹ ਸਵੇਰੇ ਅਸੀਂ ਪਲਾਈਬੋਰਡਾਂ ਨੂੰ ਫਰੇਮ ਵਿੱਚ ਫਿੱਟ ਕਰਾਂਗੇ। ਮੇਰੇ ਪਿਤਾ ਵੀ ਕਿਸੇ ਹੋਰ ਫ਼ੈਕਟਰੀ ਵਿੱਚ ਖੇਡਾਂ ਦਾ ਸਾਮਾਨ ਬਣਾਉਣ ਵਾਲ਼ੇ ਕਾਰੀਗਰ ਸਨ। ਉਹ ਕ੍ਰਿਕਟ ਦਾ ਬੱਲਾ ਅਤੇ ਸਟੰਪ ਬਣਾਇਆ ਕਰਦੇ।''

*****

ਅਗਲੇ ਦਿਨ ਠੀਕ ਸਵੇਰੇ 9 ਵਜੇ ਕੰਮ ਸ਼ੁਰੂ ਹੋ ਜਾਂਦਾ ਹੈ। ਚਾਹ ਪੀਣ ਤੋਂ ਬਾਅਦ, ਰਜਿੰਦਰ, ਮਦਨ, ਕਰਨ ਅਤੇ ਧਰਮ ਫ਼ੈਕਟਰੀ ਵਿੱਚ ਆਪਣੇ-ਆਪਣੇ ਟੇਬਲ ਕੋਲ਼ ਆਪਣੀ ਥਾਂ ਸੰਭਾਲ਼ ਲੈਂਦੇ ਹਨ ਤਾਂਕਿ ਆਪਣਾ ਤਿੰਨ ਪੱਧਰੀ ਕੰਮ ਕਰ ਸਕਣ। ਅਮਰਜੀਤ ਬਾਹਰ ਗਲ਼ੀ ਵਿੱਚ ਫਰੇਮ ਦੇ ਕਿਨਾਰਿਆਂ ਦੀ ਫਾਈਲਿੰਗ (ਗੋਲਾਈ ਕਰਨ) ਦਾ ਕੰਮ ਕਰ ਰਹੇ ਹਨ।

ਕਰਨ ਅਤੇ ਧਰਮ ਦੋਵੇਂ ਪਲਾਈਬੋਰਡ-ਚਾਕਰੀ ਲਗਾਉਣ, ਰੇਗਮਾਰ/ਰੇਤੀ ਨਾਲ਼ ਚੀਕਣਾ ਕਰਨ ਤੇ ਵਾਰੋ-ਵਾਰੀ ਫਰੇਮ ਨੂੰ ਪੇਂਟ ਕਰਨ ਦੇ ਕੰਮਾਂ ਵਿੱਚ ਰੁੱਝੇ ਹੋਏ ਹਨ। ਉਹ ਦੋਵੇਂ ਆਪੋ-ਆਪਣੇ ਪਾਸੇ ਆਉਂਦੇ ਬੋਰਡ 'ਤੇ ਨਿਰਧਾਰਤ ਥਾਵਾਂ 'ਤੇ ਚਾਕਰੀ 'ਤੇ ਕਿੱਲ ਠੋਕ ਰਹੇ ਹਨ।

ਆਮ ਤੌਰ 'ਤੇ, ਬੋਰਡ ਨੂੰ ਫਰੇਮ ਵਿੱਚ ਫਿੱਟ ਕਰਨ ਲਈ ਚਾਰ ਦਰਜਨ ਕਿੱਲਾਂ ਦੀ ਲੋੜ ਹੁੰਦੀ ਹੈ," ਧਰਮ ਕਹਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮਦਨ ਦੇ ਕੰਮ ਕਰਨ ਵਾਲ਼ੀ ਥਾਂ ਨੇੜਲੇ ਖੰਭੇ 'ਤੇ ਤਿਆਰ ਬੋਰਡ ਨੂੰ ਟਿਕਾ ਕੇ ਰੱਖਣ ਤੋਂ ਪਹਿਲਾਂ, ਦੋ ਕਾਰੀਗਰਾਂ ਨੂੰ 48 ਕਿੱਲ ਠੋਕਣ ਵਿੱਚ ਮਹਿਜ਼ 140 ਸੈਕਿੰਡ ਦਾ ਸਮਾਂ ਲੱਗਦਾ ਹੈ।

PHOTO • Shruti Sharma
PHOTO • Shruti Sharma

ਕਰਨ ਅਤੇ ਧਰਮ ਚਾਕਰੀ ਨੂੰ ਪਲਾਈਬੋਰਡ ਵਿੱਚ ਫਿੱਟ ਕਰਨ ਤੋਂ ਬਾਅਦ ਇਸਨੂੰ ਪੇਂਟ ਕੀਤੇ ਫਰੇਮ ਨਾਲ਼ ਜੋੜਦੇ ਹੋਏ

ਅੱਜ, ਮਦਨ ਦੀ ਜ਼ਿੰਮੇਵਾਰੀ ਕੈਰਮ ਬੋਰਡ ਦੇ ਚਾਰੇ ਕੋਨਿਆਂ ਵਿੱਚ ਕੌਇਨ ਪਾਕੇਟ ਬਣਾਉਣ ਦੀ ਹੈ। ਪਾਕੇਟ ਕਟਰ ਨੂੰ ਚਾਰ ਸੈਂਟੀਮੀਟਰ ਦੇ ਘੇਰੇ ਵਿੱਚ ਸੈੱਟ ਕੀਤਾ ਗਿਆ ਹੈ, ਜੋ ਉਸੇ ਤਕਨੀਕ 'ਤੇ ਅਧਾਰਤ ਹੈ ਜਿਵੇਂ ਸਕੂਲ ਦੇ ਜਿਓਮੈਟਰੀ ਬਾਕਸ ਵਿੱਚ ਕੰਪਾਸ ਦੀ ਹੁੰਦੀ ਹੈ।

"ਮੈਂ ਆਪਣੇ ਪਰਿਵਾਰ ਦਾ ਇਕਲੌਤਾ ਆਦਮੀ ਹਾਂ ਜੋ ਖੇਡਾਂ ਦੇ ਸਾਮਾਨ ਦਾ ਕਾਰੀਗਰ ਹੈ। ਮੇਰੇ ਤਿੰਨ ਪੁੱਤਰ ਹਨ। ਇੱਕ ਦੁਕਾਨਦਾਰੀ ਕਰਦਾ ਹੈ, ਇੱਕ ਦਰਜ਼ੀ ਹੈ ਅਤੇ ਇੱਕ ਡਰਾਈਵਰ ਹੈ," ਕਟਰ ਦੇ ਬਲੇਡ 'ਤੇ ਦਬਾ ਪਾਉਣ ਲਈ ਬੋਰਡ 'ਤੇ ਝੁਕਦਿਆਂ ਤੇ ਉਹਦਾ ਹੈਂਡਲ ਮਰੋੜਦਿਆਂ ਮਦਨ ਕਹਿੰਦੇ ਹਨ। ਚਾਰੋ ਪਾਕੇਟਾਂ ਨੂੰ ਕੱਟਣ ਵਿੱਚ ਉਨ੍ਹਾਂ ਨੂੰ ਸਿਰਫ਼ 55 ਸਕਿੰਟ ਲੱਗਦੇ ਹਨ। ਇਸ ਸਮੇਂ ਵਿੱਚ ਉਹ ਕੁਝ ਕੁ ਪਲ ਸ਼ਾਮਲ ਨਹੀਂ ਜੋ ਛੇ ਤੋਂ ਅੱਠ ਕਿਲੋਗ੍ਰਾਮ ਬੋਰਡਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਰੱਖਣ-ਰਖਾਉਣ ਵਿੱਚ ਖਰਚ ਹੋਏ।

ਪਾਕੇਟ ਕੱਟਣ ਤੋਂ ਬਾਅਦ, ਉਹ ਸਾਰੇ ਬੋਰਡ ਰਾਜਿੰਦਰ ਦੀ ਮੇਜ਼ ਦੇ ਨੇੜੇ ਰੱਖਦੇ ਜਾਂਦੇ ਹਨ, ਜੋ ਹਰ  ਫਰੇਮ 'ਤੇ ਲੋਹੇ ਦੀ ਪੱਤੀ ਦੀ ਸਹਾਇਤਾ ਨਾਲ਼ ਮੁਰੰਮਤ ਦੀ ਪਰਤ ਫੈਲਾਉਂਦੇ ਜਾਂਦੇ ਹਨ। ਮੇਰਾ ਧਿਆਨ ਪਲੇਇੰਗ ਸਰਫੇਸ ਵੱਲ ਖਿੱਚਦਿਆਂ ਉਹ ਕਹਿੰਦੇ ਹਨ,"ਦੇਖੋ, ਬੋਰਡ 'ਤੇ ਮੇਰੀਆਂ ਉਂਗਲਾਂ ਦਾ ਪਰਤੋਅ ਕਿਵੇਂ ਪੈ ਰਿਹਾ ਜਿਓਂ ਕੋਈ ਸ਼ੀਸ਼ਾ ਹੋਵੇ," ਉਹ ਕਹਿੰਦੇ ਹਨ।

''ਇਸ ਪੜਾਅ 'ਤੇ, ਬੋਰਡ ਇੱਕ ਹਿਸਾਬੇ ਤਿਆਰ ਦਿਖਾਈ ਦਿੰਦਾ ਹੈ, ਪਰ ਅਜੇ ਵੀ ਬਹੁਤ ਸਾਰਾ ਕੰਮ ਹੋਣਾ ਬਾਕੀ ਹੈ। ਇਹ ਅਜੇ ਵੀ ਖੇਡੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ," ਫ਼ੈਕਟਰੀ ਦੇ ਮਾਲਕ, ਸ਼ਰਮਾ ਕਹਿੰਦੇ ਹਨ। "ਅੱਜ ਸਾਡਾ ਕੰਮ ਚਾਲ਼ੀ ਫਰੇਮਾਂ 'ਤੇ ਮੁਰੰਮਤ ਦੀ ਪਰਤ ਚੜ੍ਹਾਉਣਾ ਹੈ। ਕੱਲ੍ਹ ਸਵੇਰੇ ਅਸੀਂ ਇਨ੍ਹਾਂ ਫਰੇਮਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ।''

PHOTO • Shruti Sharma
PHOTO • Shruti Sharma

ਮਦਨ ਕੈਰਮ ਬੋਰਡ ਦੇ ਚਾਰੇ ਕਿਨਾਰਿਆਂ 'ਤੇ ਕੌਇਨ ਪਾਕੇਟ ਕੱਟਣ ਦਾ ਕੰਮ ਕਰਕਦੇ ਹਨ। ਪਾਕੇਟ ਕਟਰ ਦਾ ਵਿਆਸ ਚਾਰ ਸੈਂਟੀਮੀਟਰ ਨਿਰਧਾਰਤ ਕੀਤਾ ਗਿਆ ਹੈ

PHOTO • Shruti Sharma
PHOTO • Shruti Sharma

ਖੱਬੇ: ਉਹਦੇ ਬਾਅਦ ਰਾਜਿੰਦਰ ਫਰੇਮ 'ਤੇ ਲੋਹੇ ਦੀ ਇੱਕ ਚੌਰਸ ਫਾਈਲ ਸਹਾਰੇ ਬਾਰੂਦੇ ਕਾ ਮੁਰੰਮਤ ਦੀ ਦੂਜੀ ਪਰਤ ਚੜ੍ਹਾਉਂਦੇ ਹਨ। 'ਦੇਖੋ, ਬੋਰਡ 'ਤੇ ਮੇਰੀਆਂ ਉਂਗਲਾਂ ਦਾ ਪਰਤੋਅ ਕਿਵੇਂ ਪੈ ਰਿਹਾ ਜਿਓਂ ਕੋਈ ਸ਼ੀਸ਼ਾ ਹੋਵੇ,' ਉਹ ਕਹਿੰਦੇ ਹਨ। ਸੱਜੇ: ਅਗਲੀ ਸਵੇਰ ਸਾਰੇ ਪੰਜੋ ਕਾਰੀਗਰ ਆਪਣਾ ਕੰਮ ਫ਼ੈਕਟਰੀ ਕੰਪਲੈਕਸ ਦੇ ਬਾਹਰ ਤਬਦੀਲ ਕਰ ਲੈਂਦੇ ਹਨ

ਅਗਲੀ ਸਵੇਰ, ਪੰਜ ਕਾਰੀਗਰਾਂ ਵਿੱਚੋਂ ਚਾਰ ਆਪੋ-ਆਪਣੇ ਮੇਜ਼ ਅਤੇ ਕੰਮ ਨਾਲ਼ ਲੈ ਕੇ ਗਲੀ ਵਿੱਚ ਚਲੇ ਜਾਂਦੇ ਹਨ। ਮਦਨ ਅੰਦਰ ਹੀ ਰਹਿੰਦੇ ਹਨ। "ਕਿਉਂਕਿ ਹਰ ਕਾਰੀਗਰ ਸਾਰੇ ਕੰਮਾਂ ਵਿੱਚ ਹਿੱਸਾ ਲੈਂਦਾ ਹੈ, ਇਸ ਲਈ ਇੱਥੇ ਪ੍ਰਤੀ ਪੀਸ ਮਿਹਨਤਾਨਾ ਦੇਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ," ਸ਼ਰਮਾ ਕਹਿੰਦੇ ਹਨ।

ਪਾਰੀ ਇਹ ਅੰਦਾਜ਼ਾ ਲਗਾਉਣ ਵਿੱਚ ਅਸਮਰੱਥ ਹੈ ਕਿ ਤਨਖਾਹ ਦਾ ਇਹ ਅੰਤਰ ਕਿੰਨਾ ਹੈ। ਸਪੋਰਟਸ  ਉਪਕਰਣ ਉਦਯੋਗ ਇਨ੍ਹਾਂ ਅੰਕੜਿਆਂ ਬਾਰੇ ਚੁੱਪ ਹੈ। ਪਰ ਇਓਂ ਜਾਪਦਾ ਹੈ ਕਿ ਇਹ ਕੁਸ਼ਲ ਕਾਰੀਗਰ ਜੋ ਅਜਿਹਾ ਹੁਨਰਮੰਦ ਕੰਮ ਕਰਦੇ ਹਨ ਅਤੇ ਜਿਨ੍ਹਾਂ ਦੀ ਛੋਟੀ ਜਿਹੀ ਗ਼ਲਤੀ ਨਾਲ਼ ਪੂਰਾ ਉਤਪਾਦ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ, ਉਨ੍ਹਾਂ ਨੂੰ ਮਹੀਨੇ ਦੇ 13,000 ਰੁਪਏ ਤੋਂ ਵੱਧ ਨਹੀਂ ਮਿਲ਼ਦਾ। ਇਸ ਉਦਯੋਗ ਵਿੱਚ ਕੰਮ ਕਰਨ ਵਾਲ਼ੇ ਜ਼ਿਆਦਾਤਰ ਕਾਰੀਗਰ ਉੱਤਰ ਪ੍ਰਦੇਸ਼ ਵਿੱਚ ਹੁਨਰਮੰਦ ਕਾਰੀਗਰਾਂ ਲਈ ਨਿਰਧਾਰਤ ਘੱਟੋ ਘੱਟ ਤਨਖਾਹ (12,661 ਰੁਪਏ ਪ੍ਰਤੀ ਮਹੀਨਾ) ਤੋਂ ਘੱਟ ਕਮਾਉਂਦੇ ਹਨ। ਇਸ ਤੋਂ ਇਲਾਵਾ, ਇਹ ਵੀ ਸੰਭਵ ਹੈ ਕਿ ਇਸ ਖੇਤਰ ਦੇ ਬਹੁਤ ਸਾਰੇ ਕਾਮਿਆਂ ਨੂੰ ਗੈਰ-ਹੁਨਰਮੰਦ ਕਾਮਿਆਂ ਨਾਲ਼ੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ।

ਧਰਮ ਅਤੇ ਕਰਨ ਗਲ਼ੀ ਦੇ ਬੰਦ ਸਿਰੇ 'ਤੇ ਮੌਜੂਦ ਹਨ। "ਅਸੀਂ ਫਰੇਮਾਂ 'ਤੇ ਤੀਜੇ ਗੇੜ ਦੀ ਬਾਰੂਦੇ ਕੀ ਮੁਰੰਮਤ ਚਾੜ੍ਹ ਰਹੇ ਹਾਂ ਅਤੇ ਫਿਰ ਅਸੀਂ ਇਸ ਨੂੰ ਸੈਂਡਪੇਪਰ ਨਾਲ਼ ਚੀਕਣਾ ਕਰਾਂਗੇ," ਧਰਮ ਕਹਿੰਦੇ ਹਨ ਤੇ ਨਾਲ਼ ਹੀ ਇਹ ਵੀ ਦੱਸਦੇ ਹਨ,''ਮੈਂ ਨਹੀਂ ਗਿਣਿਆ ਕਿ ਮੇਰੇ ਹੱਥਾਂ ਵਿੱਚੋਂ ਅੱਜ ਤੱਕ ਕਿੰਨੇ ਫਰੇਮ ਲੰਘ ਚੁੱਕੇ ਹੋਣੇ। ਪਰ ਖੇਡਣ ਦਾ ਕਦੇ ਸ਼ੌਕ ਹੀ ਨਹੀਂ ਹੋਇਆ। ਕਾਫੀ ਸਾਲ ਪਹਿਲਾਂ ਇੱਕ ਜਾਂ ਦੋ ਵਾਰੀਂ ਮੈਂ ਕੁਝ ਗੀਟੀਆਂ 'ਤੇ ਹੱਥ ਜ਼ਰੂਰ ਅਜ਼ਮਾਇਆ ਸੀ ਜਦੋਂ ਬਾਊਜੀ (ਸੁਨੀਲ ਸ਼ਰਮਾ) ਨੇ ਦੁਪਹਿਰ ਦੇ ਖਾਣੇ ਵੇਲ਼ੇ ਇੱਕ ਬੋਰਡ ਸਜਾਇਆ ਸੀ।''

ਰਾਜਿੰਦਰ, ਜੋ ਪਹਿਲੇ ਮੇਜ਼ 'ਤੇ ਬੈਠੇ ਹਨ, ਧਰਮ ਅਤੇ ਕਰਨ ਦੁਆਰਾ ਚੀਕਣੇ ਕੀਤੇ ਗਏ ਫਰੇਮਾਂ 'ਤੇ ਅਸਤਰ ਚੜ੍ਹਾ ਰਹੇ ਹਨ। "ਇਹ ਮੁਰੰਮਤ , ਕਾਲ਼ੇ ਰੰਗ ਅਤੇ ਸਰੇਸ (ਗੂੰਦਾਂ) ਦਾ ਮਿਸ਼ਰਣ ਹੈ। ਸਰੇਸ ਕਾਰਨ ਇਹ ਅਸਤਰ ਫਰੇਮ ਨਾਲ਼ ਚਿਪਕਿਆ ਰਹੇਗਾ," ਉਹ ਦੱਸਦੇ ਹਨ। ਸਰੇਸ ਇੱਕ ਕੁਦਰਤੀ ਗੂੰਦ ਹੈ ਜੋ ਚਮੜਾ ਉਦਯੋਗ ਅਤੇ ਕਸਾਈ-ਖਾਨਿਆਂ ਵਿੱਚ ਮਿਲ਼ਣ ਵਾਲ਼ੇ ਪਸ਼ੂਆਂ ਦੇ ਨਾ ਖਾਧੇ ਜਾਣ ਯੋਗ ਹਿੱਸਿਆਂ ਤੋਂ ਪ੍ਰਾਪਤ ਹੁੰਦਾ ਹੈ।

ਅਸਤਰ ਲਗਾਉਣ ਤੋਂ ਬਾਅਦ, ਅਮਰਜੀਤ ਰੇਗਮਾਰ ਨਾਲ਼ ਇੱਕ ਵਾਰ ਫਿਰ ਤੋਂ ਫਰੇਮਾਂ ਨੂੰ ਚੀਕਣਾ ਕਰਦੇ ਹਨ। "ਅਸੀਂ ਫਰੇਮ 'ਤੇ ਦੁਬਾਰਾ ਕਾਲ਼ਾ ਡੁਕੋ ਪੇਂਟ ਲਗਾਵਾਂਗੇ ਅਤੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇਗਾ ਤਾਂ ਇਸ ਨੂੰ ਸੁੰਦਰਸ ਨਾਲ਼ ਵਾਰਨਿਸ਼ ਕੀਤਾ ਜਾਵੇਗਾ।

PHOTO • Shruti Sharma
PHOTO • Shruti Sharma

ਖੱਬੇ: ਰਾਜਿੰਦਰ, ਜੋ ਪਹਿਲੇ ਮੇਜ਼ 'ਤੇ ਬੈਠੇ ਹਨ, ਧਰਮ ਅਤੇ ਕਰਨ ਦੁਆਰਾ ਚੀਕਣੇ ਕੀਤੇ ਗਏ ਫਰੇਮਾਂ 'ਤੇ ਅਸਤਰ ਚੜ੍ਹਾ ਰਹੇ ਹਨ। ਸੱਜੇ: ਉਸ ਤੋਂ ਬਾਅਦ, ਅਮਰਜੀਤ ਦੁਬਾਰਾ ਸੈਂਡਪੇਪਰ ਦੀ ਮਦਦ ਨਾਲ਼ ਇਨ੍ਹਾਂ ਫਰੇਮਾਂ ਨੂੰ ਚੀਕਣਾ ਕਰ ਰਹੇ ਹਨ ਅਤੇ ਉਨ੍ਹਾਂ 'ਤੇ ਡੂਕੋ ਪੇਂਟ ਦੀ ਇੱਕ  ਹੋਰ ਪਰਤ ਚੜ੍ਹਾ ਰਹੇ ਹਨ

PHOTO • Shruti Sharma
PHOTO • Shruti Sharma

ਖੱਬੇ: ਰੰਗੇ ਹੋਏ ਫਰੇਮਾਂ ਨੂੰ ਧੁੱਪ ਵਿੱਚ ਸੁਕਾਏ ਜਾਣ ਤੋਂ ਬਾਅਦ, ਮਦਨ ਪਲਾਈਬੋਰਡ ਦੇ ਚਾਕਰੀ ਵਾਲ਼ੇ ਪਾਸੇ ਕ੍ਰੋਸ਼ੀਏ ਦਾ ਬੁਣਿਆ ਕੌਇਨ-ਪਾਕੇਟ ਲਗਾਉਂਦੇ ਹਨ। ਉਹ ਚਾਰ ਗੋਲਡਨ ਬੁਲੇਟਿਨ ਬੋਰਡ ਪਿੰਨਾਂ ਵਿੱਚੋਂ ਸਿਰਫ਼ ਅੱਧੀਆਂ ਨੂੰ ਹੀ ਚਾਰੇ ਕਟ ਸਰਕਲ ਦੇ ਚੁਫੇਰੇ ਠੋਕਦੇ ਹਨ ਤੇ ਕ੍ਰੋਸ਼ੀਏ ਦੇ ਪਾਕੇਟ ਨੂੰ ਖਿੱਚਦੇ ਹੋਏ ਉਹ ਛੇਕਾਂ ਨੂੰ ਸੀਵਨ ਵਿਚਾਲੇ ਪਿੰਨਾਂ ਨਾਲ਼ ਫਿਕਸ ਕਰਦੇ ਹਨ ਤੇ ਫਿਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਠੋਕ ਦਿੰਦੇ ਹਨ। ਸੱਜੇ: ਧਰਮ ਬੋਰਡਾਂ ਨੂੰ ਆਖਰੀ ਵਾਰ ਚੈੱਕ ਕਰਨ ਤੋਂ ਬਾਅਦ ਇੱਕ ਛੋਟੇ ਸੂਤੀ ਕੱਪੜੇ ਨਾਲ਼ ਪੂੰਝਦੇ ਹਨ

ਜਦੋਂ ਸਾਰੇ ਕੈਰਮ ਬੋਰਡ ਧੁੱਪ ਵਿੱਚ ਸੁੱਕ ਰਹੇ ਹੁੰਦੇ ਹਨ, ਮਦਨ ਕਾਰਖਾਨੇ ਦੇ ਅੰਦਰ ਕ੍ਰੋਸ਼ੀਏ ਦੇ ਪਾਕੇਟ ਨੂੰ ਪਲਾਈਬੋਰਡ ਦੀ ਚਾਕਰੀ ਵੱਲ ਜੋੜੇ ਜਾਣ ਲਈ ਉਡੀਕ ਕਰ ਰਹਿੰਦੇ ਹਨ। ਉਹ ਚਾਰ ਗੋਲਡਨ ਬੁਲੇਟਿਨ ਬੋਰਡ ਪਿੰਨਾਂ ਵਿੱਚੋਂ ਸਿਰਫ਼ ਅੱਧੀਆਂ ਨੂੰ ਹੀ ਚਾਰੇ ਕਟ ਸਰਕਲ ਦੇ ਚੁਫੇਰੇ ਠੋਕਦੇ ਹਨ ਤੇ ਕ੍ਰੋਸ਼ੀਏ ਦੇ ਪਾਕੇਟ ਨੂੰ ਖਿੱਚਦੇ ਹੋਏ ਉਹ ਛੇਕਾਂ ਨੂੰ ਸੀਵਨ ਵਿਚਾਲੇ ਪਿੰਨਾਂ ਨਾਲ਼ ਫਿਕਸ ਕਰਦੇ ਹਨ ਤੇ ਫਿਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਠੋਕ ਦਿੰਦੇ ਹਨ।

''ਕ੍ਰੋਸ਼ੀਏ ਦੇ ਪਾਕੇਟ ਮਲਿਆਨਾ ਫਾਟਕ ਅਤੇ ਤੇਜਗੜ੍ਹੀ ਇਲਾਕਿਆਂ ਦੀਆਂ ਔਰਤਾਂ ਆਪਣੇ ਘਰਾਂ ਵਿੱਚ ਹੀ ਬਣਾਉਂਦੀਆਂ ਹਨ,'' ਸ਼ਰਮਾ ਦੱਸਦੇ ਹਨ। ''12 ਦਰਜਨ (144 ਪਾਕੇਟ) ਪਾਕੇਟਾਂ ਦੀ ਕੀਮਤ ਸੌ ਰੁਪਏ ਹੈ," ਉਹ ਦੱਸਦੇ ਹਨ। ਇਸਦਾ ਮਤਲਬ ਹੋਇਆ ਕਿ ਔਰਤਾਂ ਨੂੰ ਇੱਕ ਪਾਕੇਟ ਬਣਾਉਣ ਬਦਲੇ 69 ਪੈਸੇ ਮਿਲ਼ਦੇ ਹਨ।

ਇਹ ਕੈਰਮ ਬੋਰਡ ਹੁਣ ਪੂਰੀ ਤਰ੍ਹਾਂ ਤਿਆਰ ਹਨ, ਧਰਮ ਆਖਰੀ ਵਾਰ ਚੈੱਕ ਕਰਨ ਤੋਂ ਬਾਅਦ ਬੋਰਡਾਂ ਨੂੰ ਸੂਤੀ ਕੱਪੜੇ ਦੇ ਛੋਟੇ ਟੁਕੜੇ ਨਾਲ਼ ਪੂੰਝਦੇ ਹਨ। ਅਮਰਜੀਤ ਹਰ ਬੋਰਡ ਨੂੰ ਇੱਕ ਵੱਡੇ ਪਲਾਸਟਿਕ ਬੈਗ ਵਿੱਚ ਪੈਕ ਕਰਦੇ ਹਨ। "ਅਸੀਂ ਪਲਾਸਟਿਕ ਦੇ ਬੈਗ ਵਿੱਚ ਇੱਕ ਕੈਰਮ ਕੌਇਨ ਦਾ ਬਾਕਸ ਅਤੇ ਕੈਰਮ ਪਾਊਡਰ ਵੀ ਰੱਖ ਦਿੰਦੇ ਹਾਂ," ਸੁਨੀਲ ਸ਼ਰਮਾ ਕਹਿੰਦੇ ਹਨ। ਕੌਇਨ ਅਸੀਂ ਬੜੌਦਾ ਤੋਂ ਮੰਗਵਾਉਂਦੇ ਹਾਂ। ਪਾਊਡਰ ਸਥਾਨਕ ਤੌਰ 'ਤੇ ਉਪਲਬਧ ਹਨ।''

ਖੇਡੇ ਜਾਣ ਲਈ ਤਿਆਰ ਬੋਰਡ ਨੂੰ ਇਹਦੇ ਬਾਅਦ ਗੱਤੇ ਦੇ ਡੱਬੇ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਇੱਕ ਦੇ ਉੱਪਰ ਦੂਜੇ ਨੂੰ ਟਿਕਾ ਕੇ ਰੱਖ ਦਿੱਤਾ ਜਾਂਦਾ ਹੈ। ਕੱਲ੍ਹ ਸਵੇਰੇ ਜਦੋਂ ਕਾਰੀਗਰ ਕੰਮ 'ਤੇ ਵਾਪਸ ਆਉਣਗੇ  ਤਾਂ ਉਹ ਇਸ ਆਰਡਰ ਦੀ ਆਖਰੀ ਖੇਪ ਦੇ ਬਚੇ ਹੋਏ 40 ਬੋਰਡ ਬਣਾਉਣਾ ਸ਼ੁਰੂ ਕਰ ਦੇਣਗੇ। ਫਿਰ ਅਗਲੇ ਪੰਜ ਦਿਨਾਂ ਤੱਕ, ਉਹ ਇਸੇ ਰੁਟੀਨ ਨੂੰ ਦੁਹਰਾਉਣਗੇ। ਇਸ ਤੋਂ ਬਾਅਦ ਸਾਰੇ ਕੈਰਮ ਬੋਰਡ ਦਿੱਲੀ ਭੇਜੇ ਜਾਣਗੇ ਜਿੱਥੋਂ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਵੇਗਾ। ਇਹ ਕਾਰੀਗਰ ਤੇਜ਼ੀ ਨਾਲ਼ ਵਿਕਸਿਤ ਹੋਣ ਵਾਲ਼ੀ ਅਜਿਹੀ ਮਨੋਰੰਜਕ ਖੇਡ ਨੂੰ ਪ੍ਰੋਤਸਾਹਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ ਜਿਸਦਾ ਮਜ਼ਾ ਉਨ੍ਹਾਂ ਨੇ ਆਪ ਕਦੇ ਨਹੀਂ ਮਾਣਿਆ।

ਇਸ ਰਿਪੋਰਟ ਨੂੰ ਲਿਖਣ ਲਈ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਦੁਆਰਾ ਸਹਾਇਤਾ ਪ੍ਰਾਪਤ ਹੋਈ ਹੈ।

ਤਰਜਮਾ: ਕਮਲਜੀਤ ਕੌਰ

Shruti Sharma

Shruti Sharma is a MMF-PARI fellow (2022-23). She is working towards a PhD on the social history of sports goods manufacturing in India, at the Centre for Studies in Social Sciences, Calcutta.

Other stories by Shruti Sharma

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur