''ਵੀਰ ਨਰਾਇਣ ਸਿੰਘ?'' ਛੱਤੀਸਗੜ੍ਹ ਦੇ ਸੋਨਾਖਨ ਪਿੰਡ ਦੇ ਸਹਿਸਰਾਮ ਕੰਵਰ ਕਹਿੰਦੇ ਹਨ। ''ਉਹ ਇੱਕ ਲੁਟੇਰਾ ਸੀ, ਇੱਕ ਡਾਕੂ। ਕੁਝ ਲੋਕਾਂ ਨੇ ਉਹਨੂੰ ਮਹਾਨ ਵਿਅਕਤੀ ਬਣਾ ਦਿੱਤਾ ਪਰ ਅਸੀਂ ਨਹੀਂ ਮੰਨਦੇ।'' ਨੇੜੇ-ਤੇੜੇ ਬੈਠੇ ਹੋਏ ਦੋ-ਚਾਰ ਲੋਕ ਸਹਿਮਤੀ ਵਿੱਚ ਮਿਲ਼ਾਉਂਦਿਆਂ ਸਿਰ ਹਿਲਾਉਂਦੇ ਹਨ। ਕੁਝ ਬਾਕੀ ਵੀ ਓਵੇਂ ਹੀ ਸੋਚਦੇ।
ਇਹ ਦਿਲ-ਵਲੂੰਧਰੂ ਗੱਲ ਸੀ। ਅਸੀਂ ਸੋਨਾਖਨ ਦੀ ਖੋਜ ਵਿੱਚ ਕਾਫੀ ਦੂਰੋਂ ਚੱਲ ਕੇ ਆਏ ਸਾਂ। ਇਹ 1850 ਦੇ ਅੱਧ ਦਹਾਕੇ ਵਿੱਚ ਛੱਤੀਸਗੜ੍ਹ ਦੇ ਆਦਿਵਾਸੀ ਵਿਦਰੋਹ ਦਾ ਪ੍ਰਮੁਖ ਕੇਂਦਰ ਸੀ। ਉਹ ਵਿਦਰੋਹ ਜੋ 1857 ਦੇ ਮਹਾਨ ਵਿਦਰੋਹ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਸੀ ਅਤੇ ਜਿਹਨੇ ਇੱਕ ਅਸਲੀ ਲੋਕ-ਨਾਇਕ ਸਿਰਜ ਦਿੱਤਾ ਸੀ।
ਇਹ ਉਹ ਪਿੰਡ ਹੈ, ਜਿੱਥੇ ਵੀਰ ਨਰਾਇਣ ਸਿੰਘ ਨੇ ਅੰਗਰੇਜ਼ਾਂ ਖਿਲਾਫ਼ ਅਵਾਜ਼ ਬੁਲੰਦ ਕੀਤੀ ਸੀ।
1850 ਦੇ ਦਹਾਕੇ ਵਿੱਚ ਇੱਥੇ ਅਕਾਲ ਵਰਗੀ ਹਾਲਤ ਨੇ ਵਿਵਸਥਾ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ। ਹਾਲਾਤ ਜਿਓਂ ਹੀ ਖ਼ਰਾਬ ਹੋਏ, ਸੋਨਾਖਨ ਦੇ ਨਰਾਇਣ ਸਿੰਘ ਦਾ ਖੇਤਰੀ ਜਿਮੀਂਦਾਰਾਂ ਨਾਲ਼ ਝਗੜਾ ਸ਼ੁਰੂ ਹੋ ਗਿਆ। ''ਉਹਨੇ ਭੀਖ ਨਹੀਂ ਮੰਗੀ,'' ਆਦਿਵਾਸੀ ਵੱਡ-ਗਿਣਤੀ ਵਾਲ਼ੇ ਇਸ ਪਿੰਡ ਦੇ ਸਭ ਤੋਂ ਬਜ਼ੁਰਗ, ਚਰਨ ਸਿੰਘ ਕਹਿੰਦੇ ਹਨ। ਸ਼ਾਇਦ ਉਹ ਇਕੱਲੇ ਵਿਅਕਤੀ ਹਨ, ਜੋ ਨਰਾਇਣ ਸਿੰਘ ਬਾਰੇ ਸਭ ਤੋਂ ਸਕਾਰਾਤਮਕ ਸੋਚ ਰੱਖਦੇ ਹਨ।
''ਉਹਨੇ ਵਪਾਰੀਆਂ ਅਤੇ ਮਾਲਕਾਂ ਨੂੰ ਕਿਹਾ ਕਿ ਉਹ ਆਪਣੇ ਗੁਦਾਮਾਂ ਦੇ ਬੂਹੇ ਖੋਲ੍ਹ ਦੇਣ ਅਤੇ ਗ਼ਰੀਬਾਂ ਨੂੰ ਰੱਜ ਕੇ ਖਾਣ ਦੇਣ।'' ਪਹਿਲਾਂ ਦੇ ਕਈ ਅਕਾਲਾਂ ਵਾਂਗ ਇਸ ਵਾਰ ਵੀ ਇਹ ਗੁਦਾਮ ਅਨਾਜ ਨਾਲ਼ ਭਰੇ ਹੋਏ ਸਨ। ''ਅਤੇ ਉਹਨੇ ਕਿਹਾ ਕਿ ਜਿਓਂ ਹੀ ਪਹਿਲੀ ਫ਼ਸਲ ਤਿਆਰ ਹੋਵੇਗੀ, ਲੋਕ ਇਸ ਉਧਾਰੀ ਦੇ ਅਨਾਜ ਨੂੰ ਮੋੜ ਦੇਣਗੇ। ਪਰ ਜਦੋਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਤਾਂ ਉਹਨੇ ਆਪਣੀ ਅਗਵਾਈ ਵਿੱਚ ਗੁਦਾਮਾਂ 'ਤੇ ਕਬਜਾ ਕਰਕੇ ਅਨਾਜ ਗਰੀਬਾਂ ਵਿੱਚ ਵੰਡ ਦਿੱਤਾ।'' ਇਹਦੇ ਬਾਅਦ ਜੋ ਅੰਦੋਲਨ ਸ਼ੁਰੂ ਹੋਇਆ, ਉਹ ਪੂਰੇ ਇਲਾਕੇ ਵਿੱਚ ਫੈਲ ਗਿਆ, ਕਿਉਂਕਿ ਆਦਿਵਾਸੀਆਂ ਨੇ ਅੱਤਿਆਚਾਰੀਆਂ 'ਤੇ ਹੱਲ੍ਹਾ ਬੋਲ ਦਿੱਤਾ ਸੀ।








