ਉਨ੍ਹਾਂ ਨੇ ਝੰਡੇ ਨੂੰ ਹਾਲੇ ਤੀਕਰ ਤਹਿਸੀਲ ਦਫ਼ਤਰ ਹੀ ਰੱਖਿਆ ਹੋਇਆ ਹੈ। ਇੱਥੇ ਉਨ੍ਹਾਂ ਨੇ 18 ਅਗਸਤ ਨੂੰ ਇਹਨੂੰ ਲਹਿਰਾਇਆ ਸੀ। 1942 ਵਿੱਚ ਇਸੇ ਦਿਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਗਾਜੀਪੁਰ ਜਿਲ੍ਹੇ ਵਿੱਚ ਬ੍ਰਿਟਿਸ਼ ਸਰਕਾਰ ਦੀ ਗ਼ੁਲਾਮੀ ਵਿੱਚੋਂ ਖੁਦ ਦੇ ਅਜ਼ਾਦ ਹੋਣ ਦਾ ਐਲਾਨ ਕੀਤਾ ਸੀ। ਮੁਹੰਮਦਾਬਾਦ ਦੇ ਤਹਿਸੀਲਦਾਰ ਨੇ ਲੋਕਾਂ ਦੀ ਹਜ਼ੂਮ 'ਤੇ ਗੋਲ਼ੀ ਚਲਾ ਦਿੱਤੀ, ਜਿਹਦੇ ਕਾਰਨ ਸ਼ੇਰਪੁਰ ਪਿੰਡ ਦੇ ਅੱਠ ਲੋਕ ਮਾਰੇ ਗਏ। ਮਾਰੇ ਗਏ ਬਹੁਤੇਰੇ ਲੋਕ ਕਾਂਗਰਸੀ ਸਨ, ਜਿਨ੍ਹਾਂ ਦੀ ਅਗਵਾਈ ਉਦੋਂ ਸ਼ਿਵਪੂਜਨ ਰਾਇ ਕਰ ਰਹੇ ਸਨ। ਇਨ੍ਹਾਂ ਲੋਕਾਂ ਨੂੰ ਉਦੋਂ ਗੋਲ਼ੀ ਮਾਰੀ ਗਈ, ਜਦੋਂ ਉਹ ਮੁਹੰਮਦਾਬਾਦ ਵਿੱਚ ਤਹਿਸੀਲ ਭਵਨ ਦੇ ਉੱਪਰ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਜਿਲ੍ਹਾਂ ਤਾਂ ਪਹਿਲਾਂ ਤੋਂ ਹੀ ਬ੍ਰਿਟਿਸ਼ਾਂ ਖਿਲਾਫ਼ ਉਬਾਲ਼ੇ ਖਾ ਰਿਹਾ ਸੀ, ਇਸ ਘਟਨਾ ਨੇ ਅੱਗ ਵਿੱਚ ਤੇਲ ਵਾਂਗ ਕੰਮ ਕੀਤਾ। ਅੰਗਰੇਜ਼ਾਂ ਨੇ 10 ਅਗਸਤ ਨੂੰ ਇੱਥੇ 129 ਆਗੂਆਂ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ। 19 ਅਗਸਤ ਨੂੰ ਸਥਾਨਕ ਲੋਕਾਂ ਨੇ ਕਰੀਬ ਪੂਰੇ ਗਾਜੀਪੁਰ 'ਤੇ ਕਬਜਾ ਕਰ ਲਿਆ ਅਤੇ ਤਿੰਨ ਦਿਨਾਂ ਤੱਕ ਆਪਣੀ ਸਰਕਾਰ ਚਲਾਉਂਦੇ ਰਹ।
ਜਿਲ੍ਹਾ ਗਜ਼ਟ ਵਿੱਚ ਲਿਖਿਆ ਹੈ ਕਿ ਅੰਗਰੇਜਾਂ ਨੇ ਇਹਦੇ ਜਵਾਬ ਵਿੱਚ ''ਚੁਫੇਰੇ ਦਹਿਸ਼ਤ ਦਾ ਸ਼ਾਸਨ'' ਕਾਇਮ ਕੀਤਾ। ਛੇਤੀ ਹੀ ''ਇੱਕ ਤੋਂ ਬਾਅਦ ਦੂਜਾ ਪਿੰਡ ਲੁੱਟਿਆ ਗਿਆ ਅਤੇ ਅੱਗ ਹਵਾਲੇ ਕੀਤਾ ਗਿਆ।'' ਸੈਨਾ ਅਤੇ ਪੁਲਿਸ ਦੇ ਘੋੜਸਵਾਰਾਂ ਨੇ ਭਾਰਤ ਛੱਡੇ ਅੰਦੋਲਨ ਦੇ ਕਾਰਕੁੰਨਾਂ 'ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ। ਅਗਲੇ ਕੁਝ ਦਿਨਾਂ ਵਿੱਚ ਕਰੀਬ 150 ਲੋਕਾਂ ਨੂੰ ਗੋਲ਼ੀਆਂ ਨਾਲ਼ ਭੁੰਨ੍ਹ ਸੁੱਟਿਆ ਗਿਆ। ਰਿਕਾਰਡ ਦੱਸਦੇ ਹਨ ਕਿ ਅਧਿਕਾਰੀਆਂ ਅਤੇ ਪੁਲਿਸ ਨੇ ਇੱਥੋਂ ਦੇ ਨਾਗਰਿਕਾਂ ਪਾਸੋਂ 35 ਲੱਖ ਰੁਪਏ ਲੁੱਟ ਲਏ। ਕਰੀਬ 74 ਪਿੰਡਾਂ ਨੂੰ ਸਾੜ ਘੱਤਿਆ ਗਿਆ। ਗਾਜੀਪੁਰ ਦੇ ਲੋਕਾਂ ਨੂੰ ਸਮੂਹਿਕ ਰੂਪ ਨਾਲ਼ 4.5 ਲੱਖ ਰੁਪਏ ਦਾ ਜੁਰਮਨਾ ਭਰਨਾ ਪਿਆ, ਜੋ ਉਸ ਸਮੇਂ ਇੱਕ ਵੱਡੀ ਰਕਮ ਸੀ।
ਅਧਿਕਾਰੀਆਂ ਨੇ ਸਜ਼ਾ ਲਈ ਸ਼ੇਰਪੁਰ ਨੂੰ ਚੁਣਿਆ। ਇੱਥੋਂ ਦੇ ਸਭ ਤੋਂ ਬਜ਼ੁਰਗ ਦਲਿਤ, ਹਰੀ ਸ਼ਰਣ ਰਾਮ ਉਸ ਦਿਨ ਨੂੰ ਚੇਤੇ ਕਰਦੇ ਹਨ: ''ਮਨੁੱਖਾਂ ਨੂੰ ਤਾਂ ਛੱਡੋ, ਉਸ ਦਿਨ ਪਿੰਡ ਵਿੱਚ ਕੋਈ ਪੰਛੀ ਤੱਕ ਸਬੂਤਾ ਨਾ ਬਚਿਆ। ਜੋ ਲੋਕ ਭੱਜ ਸਕਦੇ ਸਨ, ਉਹ ਭੱਜ ਗਏ। ਲੁੱਟਖੋਹ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ।'' ਫਿਰ ਵੀ, ਪੂਰੇ ਗਾਜੀਪੁਰ ਨੂੰ ਸਬਕ ਤਾਂ ਸਿਖਾਇਆ ਹੀ ਜਾਣਾ ਸੀ। ਜਿਲ੍ਹੇ ਵਿੱਚ 1850 ਦੇ ਦਹਾਕੇ ਦੌਰਾਨ ਅੰਗਰੇਜ਼ਾਂ ਦੇ ਖਿਲਾਫ਼ ਹੋਣ ਵਾਲ਼ੇ ਵਿਦਰੋਹ ਦਾ ਰਿਕਾਰਡ ਮੌਜੂਦ ਸੀ, ਜਦੋਂ ਸਥਾਨਕ ਲੋਕਾਂ ਨੇ ਨੀਲ ਦੀ ਖੇਤੀ ਕਰਨ ਵਾਲ਼ਿਆਂ 'ਤੇ ਹਮਲਾ ਕਰ ਦਿੱਤਾ ਸੀ। ਕਿਉਂਕਿ ਪੁਰਾਣਾ ਹਿਸਾਬ ਵੀ ਚੁਕਾਉਣਾ ਸੀ, ਇਸਲਈ ਇਸ ਵਾਰ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗੋਲ਼ੀਆਂ ਅਤੇ ਡੰਡਿਆਂ ਨਾਲ਼ ਸਬਕ ਸਿਖਾਇਆ।






