25 ਮਾਰਚ, 2020 ਨੂੰ ਐਲਾਨੇ ਗਏ ਭਾਰਤ ਦੇ ਪਹਿਲੇ ਲੌਕਡਾਊਨ ਨੇ ਲੱਖਾਂ ਆਮ ਭਾਰਤੀ ਨਾਗਰਿਕਾਂ ਦਾ ਜੀਵਨ ਤਬਾਹ ਕਰ ਦਿੱਤਾ।
"ਅਸੀਂ ਮੁੱਠੀਭਰ ਸ਼ੈਆਂ ਤੋਂ ਵੀ ਹੱਥ ਧੋ ਬੈਠੇ।" ਤਾਲਾਬੰਦੀ ਦੀ ਸ਼ੁਰੂਆਤ ਵਿੱਚ ਜੰਮੂ ਦੇ ਨਿਰਮਾਣ ਮਜ਼ਦੂਰ ਮੋਹਨ ਲਾਲ ਅਤੇ ਨਰਮਦਾਬਾਈ ਦੀ ਬੱਚਤ ਘੱਟ ਕੇ 2,000 ਰੁਪਏ ਰਹਿ ਗਈ ਸੀ। ਭੋਜਨ ਅਤੇ ਹੋਰ ਐਮਰਜੈਂਸੀ ਚੀਜ਼ਾਂ ਖਰੀਦਣ ਲਈ ਠੇਕੇਦਾਰ ਤੋਂ ਪੈਸੇ ਉਧਾਰ ਲੈਣੇ ਪੈਂਦੇ ਸਨ।
ਕੁੱਲ ਮਿਲਾ ਕੇ, ਅਪ੍ਰੈਲ ਅਤੇ ਮਈ 2020 ਵਿੱਚ ਭਾਰਤ ਦੀ ਬੇਰੁਜ਼ਗਾਰੀ ਦੀ ਦਰ ਵੱਧ ਕੇ 23 ਪ੍ਰਤੀਸ਼ਤ ਹੋ ਗਈ - ਫਰਵਰੀ 2020 ਦੀ ਦਰ (7.3 ਪ੍ਰਤੀਸ਼ਤ) ਨਾਲ਼ੋਂ ਵੀ ਤਿੰਨ ਗੁਣਾ ਵੱਧ, ਇਹ ਸਟੇਟ ਆਫ ਰੂਰਲ ਐਂਡ ਐਗਰੀਕਲਚਰਲ ਇੰਡੀਆ ਰਿਪੋਰਟ 2020 ਦਾ ਦਾਅਵਾ ਹੈ। ਮਹਾਂਮਾਰੀ ਦੇ ਸ਼ੁਰੂ ਹੋਣ (2018-19) ਤੋਂ ਪਹਿਲਾਂ, ਇਹ ਦਰ 8.8 ਪ੍ਰਤੀਸ਼ਤ ਦੇ ਆਸ-ਪਾਸ ਸੀ।








